ਕਾਰਗਿਲ ਵਿਸ਼ੇਸ਼: ਮਨੋਜ ਪਾਂਡੇ ਨੂੰ 'ਪਰਮਵੀਰ' ਬਣਾਉਣ ਵਾਲੀ ਲੜਾਈ ਦਾ ਅੱਖੀਂ ਡਿੱਠਾ ਹਾਲ

ਤਸਵੀਰ ਸਰੋਤ, Facebook
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਗੋਰਖਾ ਰੈਜੀਮੈਂਟਲ ਸੈਂਟਰ ਦੇ ਸਿਖਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਆਹਮਣੇ-ਸਾਹਮਣੇ ਦੀ ਹੱਥੋਂ-ਹੱਥ ਲੜਾਈ ਵਿੱਚ ਖੁਖਰੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਉਨ੍ਹਾਂ ਨੂੰ ਇਸ ਨਾਲ ਕਿਸੇ ਵਿਅਕਤੀ ਦੀ ਗਰਦਨ ਵੱਢਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
1997 ਵਿੱਚ, ਜਦੋਂ ਲੈਫਟੀਨੈਂਟ ਮਨੋਜ ਕੁਮਾਰ ਪਾਂਡੇ 1/11 ਗੋਰਖਾ ਰਾਈਫਲਜ਼ ਵਿੱਚ ਸ਼ਾਮਲ ਹੋਏ, ਤਾਂ ਦੁਸਹਿਰਾ ਪੂਜਾ ਦੌਰਾਨ ਉਨ੍ਹਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਲਈ ਬਲੀ ਦੇ ਬੱਕਰੇ ਦਾ ਸਿਰ ਵੱਢਣ ਲਈ ਕਿਹਾ ਗਿਆ।
ਪਰਮਵੀਰ ਚੱਕਰ ਜੇਤੂਆਂ 'ਤੇ ਮਸ਼ਹੂਰ ਕਿਤਾਬ 'ਦਿ ਬ੍ਰੇਵ' ਲਿਖਣ ਵਾਲੇ ਰਚਨਾ ਬਿਸ਼ਟ ਰਾਵਤ ਦਾ ਕਹਿਣਾ ਹੈ, ''ਮਨੋਜ ਇੱਕ ਪਲ਼ ਲਈ ਥੋੜ੍ਹਾ ਘਬਰਾਏ, ਪਰ ਫਿਰ ਉਨ੍ਹਾਂ ਨੇ ਕੁਹਾੜੀ ਦੇ ਜ਼ੋਰਦਾਰ ਹਮਲੇ ਨਾਲ ਬੱਕਰੇ ਦੀ ਗਰਦਨ ਵੱਖ ਕਰ ਦਿੱਤੀ। ਉਨ੍ਹਾਂ ਦੇ ਚਿਹਰੇ 'ਤੇ ਬੱਕਰੇ ਦੇ ਖੂਨ ਦੇ ਛਿੱਟੇ ਪੈ ਗਏ।''
''ਬਾਅਦ ਵਿਚ, ਆਪਣੇ ਕਮਰੇ ਦੀ ਇਕਾਂਤ ਵਿੱਚ ਉਨ੍ਹਾਂ ਨੇ ਘੱਟੋ-ਘੱਟ ਦਰਜਨ ਵਾਰ ਆਪਣਾ ਮੂੰਹ ਧੋਇਆ। ਸ਼ਾਇਦ ਉਹ ਪਹਿਲੀ ਵਾਰ ਜਾਣ-ਬੁੱਝ ਕੇ ਕੀਤੇ ਗਏ ਕਤਲ ਦੇ ਆਪਣੇ ਅਪਰਾਧ ਬੋਧ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮਨੋਜ ਕੁਮਾਰ ਪਾਂਡੇ ਸਾਰੀ ਉਮਰ ਸ਼ਾਕਾਹਾਰੀ ਰਹੇ ਅਤੇ ਉਨ੍ਹਾਂ ਨੇ ਕਦੇ ਸ਼ਰਾਬ- ਮਾਸ ਨੂੰ ਵੀ ਹੱਥ ਨਹੀਂ ਲਗਾਇਆ।"
ਹਮਲਾ ਕਰਨ ਵਿੱਚ ਮਾਹਰ

ਤਸਵੀਰ ਸਰੋਤ, Facebook
ਡੇਢ ਸਾਲ ਦੇ ਅੰਦਰ ਹੀ ਮਨੋਜ ਦੀ ਜਾਨ ਲੈਣ ਦੀ ਝਿਜਕ ਲਗਭਗ ਦੂਰ ਹੋ ਗਈ ਸੀ। ਹੁਣ ਉਹ ਹਮਲੇ ਦੀ ਯੋਜਨਾ ਬਣਾਉਣ, ਹਮਲਾ ਕਰਨ ਅਤੇ ਦੁਸ਼ਮਣ ਨੂੰ ਅਚਾਨਕ ਹਮਲਾ ਕਰਕੇ ਮਾਰਨ ਦੀ ਕਲਾ ਵਿਚ ਮਾਹਰ ਹੋ ਗਏ ਸਨ।
ਉਨ੍ਹਾਂ ਨੇ ਕੜਾਕੇ ਦੀ ਠੰਢ ਵਿੱਚ ਵੀ ਸਾਢੇ ਚਾਰ ਕਿਲੋ ਦੇ ‘ਬੈਕ ਪੈਕ’ ਨਾਲ ਬਰਫ਼ ਨਾਲ ਢਕੇ ਪਹਾੜਾਂ ’ਤੇ ਚੜ੍ਹਨ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਉਸ 'ਬੈਕ ਪੈਕ' ਵਿੱਚ ਉਨ੍ਹਾਂ ਦਾ ਸਲੀਪਿੰਗ ਬੈਗ, ਇੱਕ ਵਾਧੂ ਊਨੀ ਜ਼ੁਰਾਬਾਂ, ਸ਼ੇਵਿੰਗ ਕਿੱਟ ਅਤੇ ਘਰੋਂ ਆਈਆਂ ਚਿੱਠੀਆਂ ਰੱਖੀਆਂ ਰਹਿੰਦੀਆਂ ਸਨ।
ਜਦੋਂ ਭੁਖ ਲੱਗਦੀ ਤਾਂ ਉਹ ਸਖ਼ਤ ਹੋ ਚੁੱਕੀਆਂ ਬਾਸੀ ਪੂਰੀਆਂ 'ਤੇ ਹੱਥ ਸਾਫ਼ ਕਰ ਲੈਂਦੇ। ਠੰਢ ਤੋਂ ਬਚਣ ਲਈ ਉਹ ਊਨੀ ਜੁਰਾਬਾਂ ਨੂੰ ਦਸਤਾਨੇ ਵਜੋਂ ਇਸਤੇਮਾਲ ਕਰਦੇ ਸਨ।
ਸਿਆਚਿਨ ਤੋਂ ਪਰਤਦੇ ਸਮੇਂ ਆਇਆ ਕਾਰਗਿਲ ਲਈ ਸੱਦਾ

ਤਸਵੀਰ ਸਰੋਤ, Facebook
11 ਗੋਰਖਾ ਰਾਈਫਲਜ਼ ਦੀ ਪਹਿਲੀ ਬਟਾਲੀਅਨ ਨੇ ਸਿਆਚਿਨ ਵਿੱਚ ਆਪਣਾ ਤਿੰਨ ਮਹੀਨੇ ਦਾ ਕਾਰਜਕਾਲ ਪੂਰਾ ਕਰ ਲਿਆ ਸੀ ਅਤੇ ਸਾਰੇ ਅਧਿਕਾਰੀ ਅਤੇ ਸੈਨਿਕ ਪੂਣੇ ਵਿੱਚ 'ਪੀਸ ਪੋਸਟਿੰਗ' ਦੀ ਉਡੀਕ ਕਰ ਰਹੇ ਸਨ।
ਬਟਾਲੀਅਨ ਦੀ ਇੱਕ ‘ਐਡਵਾਂਸ ਪਾਰਟੀ’ ਪਹਿਲਾਂ ਹੀ ਪੂਣੇ ਪਹੁੰਚ ਚੁੱਕੀ ਸੀ। ਸਾਰੇ ਫੌਜੀਆਂ ਨੇ ਆਪਣੇ ਸਰਦੀਆਂ ਦੇ ਕੱਪੜੇ ਅਤੇ ਹਥਿਆਰ ਵਾਪਸ ਕਰ ਦਿੱਤੇ ਸਨ ਅਤੇ ਜ਼ਿਆਦਾਤਰ ਸੈਨਿਕਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਸੀ। ਦੁਨੀਆਂ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਵਿੱਚ ਲੜਨ ਦੇ ਆਪਣੇ ਨੁਕਸਾਨ ਹਨ।
ਵਿਰੋਧੀ ਫ਼ੌਜ ਨਾਲੋਂ ਜ਼ਿਆਦਾ ਉੱਥੋਂ ਦਾ ਮੌਸਮ ਜ਼ਾਲਮ ਹੈ। ਜ਼ਾਹਿਰ ਹੈ ਕਿ ਸਾਰੇ ਸਿਪਾਹੀ ਬਹੁਤ ਥੱਕੇ ਹੋਏ ਸਨ। ਤਕਰੀਬਨ ਹਰ ਸਿਪਾਹੀ ਦਾ ਭਾਰ 5 ਕਿਲੋ ਘਟ ਗਿਆ ਸੀ। ਉਸੇ ਵੇਲੇ ਅਚਾਨਕ ਹੁਕਮ ਆਇਆ ਕਿ ਬਟਾਲੀਅਨ ਦੇ ਬਾਕੀ ਫੌਜੀ ਪੂਣੇ ਨਾ ਜਾ ਕੇ ਕਾਰਗਿਲ ਦੀ ਬਟਾਲਿਕ ਵੱਲ ਵਧਣ, ਜਿੱਥੇ ਪਾਕਿਸਤਾਨ ਵੱਲੋਂ ਭਾਰੀ ਘੁਸਪੈਠ ਦੀਆਂ ਖ਼ਬਰਾਂ ਆ ਰਹੀਆਂ ਸਨ।
ਦੋ ਮਹੀਨਿਆਂ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਮਨੋਜ ਨੇ ਹਮੇਸ਼ਾ ਅੱਗੇ ਵਧ ਕੇ ਆਪਣੇ ਫੌਜੀਆਂ ਦੀ ਅਗਵਾਈ ਕੀਤੀ ਅਤੇ ਕੁਕਾਰਥਾਂਗ, ਜੁਬਰਟੋਪ ਵਰਗੀਆਂ ਕਈ ਚੋਟੀਆਂ 'ਤੇ ਮੁੜ ਕਬਜ਼ਾ ਕੀਤਾ।
ਫਿਰ ਉਨ੍ਹਾਂ ਨੂੰ ਖਾਲੋਬਾਰ ਚੋਟੀ 'ਤੇ ਕਬਜ਼ਾ ਕਰਨ ਦਾ ਟੀਚਾ ਦਿੱਤਾ ਗਿਆ। ਇਸ ਪੂਰੇ ਮਿਸ਼ਨ ਦੀ ਅਗਵਾਈ ਕਰਨਲ ਲਲਿਤ ਰਾਏ ਨੂੰ ਸੌਂਪੀ ਗਈ।
ਖਾਲੋਬਾਰ ਸਭ ਤੋਂ ਔਖਾ ਟੀਚਾ ਸੀ

ਤਸਵੀਰ ਸਰੋਤ, Facebook
ਉਸ ਮਿਸ਼ਨ ਨੂੰ ਯਾਦ ਕਰਦੇ ਹੋਏ ਕਰਨਲ ਲਲਿਤ ਰਾਏ ਕਹਿੰਦੇ ਹਨ, "ਉਸ ਸਮੇਂ ਅਸੀਂ ਚਾਰੇ ਪਾਸਿਓਂ ਘਿਰੇ ਹੋਏ ਸੀ। ਪਾਕਿਸਤਾਨੀ ਸਾਡੇ ਉੱਤੇ ਬੁਰੀ ਤਰ੍ਹਾਂ ਛਾਏ ਹੋਏ ਸਨ। ਉਹ ਉਚਾਈਆਂ 'ਤੇ ਸਨ। ਅਸੀਂ ਹੇਠਾਂ ਵੱਲ ਸੀ। ਉਸ ਸਮੇਂ ਸਾਨੂੰ ਸਖ਼ਤ ਲੋੜ ਸੀ ਇੱਕ ਜਿੱਤ ਦੀ, ਜਿਸ ਨਾਲ ਸਾਡੇ ਫੌਜੀਆਂ ਦਾ ਮਨੋਬਲ ਵਧੇ।''
ਕਰਨਲ ਰਾਏ ਕਹਿੰਦੇ ਹਨ, "ਖਾਲੋਬਾਰ ਟੌਪ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਇਲਾਕਾ ਸੀ। ਇਹ ਸਾਡੇ ਵਿਰੋਧੀਆਂ ਲਈ ਇੱਕ ਤਰ੍ਹਾਂ ਦਾ 'ਕਮਿਊਨੀਕੇਸ਼ਨ ਹੱਬ' ਵੀ ਸੀ।''
''ਸਾਡਾ ਮੰਨਣਾ ਸੀ ਕਿ ਜੇਕਰ ਅਸੀਂ ਉੱਥੇ ਕਬਜ਼ਾ ਕਰ ਲਿਆ ਤਾਂ ਪਾਕਿਸਤਾਨੀਆਂ ਦੇ ਹੋਰ ਟਿਕਾਣਿਆਂ 'ਤੇ ਮੁਸੀਬਤ ਆ ਜਾਵੇਗੀ ਅਤੇ ਉਨ੍ਹਾਂ ਨੂੰ ਰਸਦ ਪਹੁੰਚਾਉਣ ਅਤੇ ਵਾਪਸ ਭੱਜਣ ਦੇ ਰਾਹ ਵਿੱਚ ਰੁਕਾਵਟ ਪਵੇਗੀ। ਕਹਿਣ ਦਾ ਮਤਲਬ ਇਹ ਹੈ ਕਿ ਇਸ ਨਾਲ ਪੂਰੀ ਲੜਾਈ ਦਾ ਰੁਖ ਬਦਲ ਸਕਦਾ ਸੀ।''
2900 ਫੁੱਟ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਆਉਂਦੀਆਂ ਮਸ਼ੀਨ ਗਨ ਦੀਆਂ ਗੋਲੀਆਂ

ਤਸਵੀਰ ਸਰੋਤ, Facebook
ਇਸ ਹਮਲੇ ਲਈ ਗੋਰਖਾ ਰਾਈਫਲਜ਼ ਦੀਆਂ ਦੋ ਕੰਪਨੀਆਂ ਚੁਣੀਆਂ ਗਈਆਂ ਸਨ। ਕਰਨਲ ਲਲਿਤ ਰਾਏ ਵੀ ਉਨ੍ਹਾਂ ਦੇ ਨਾਲ ਚੱਲ ਰਹੇ ਸਨ। ਅਜੇ ਉਹ ਥੋੜ੍ਹੀ ਦੂਰ ਹੀ ਚੜ੍ਹੇ ਹੋਣਗੇ ਕਿ ਪਾਕਿਸਤਾਨੀਆਂ ਨੇ ਉਨ੍ਹਾਂ 'ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਸਾਰੇ ਸਿਪਾਹੀ ਤਿਤਰ-ਬਿਤਰ ਹੋ ਗਏ।
ਕਰਨਲ ਰਾਏ ਯਾਦ ਕਰਦੇ ਹਨ, "ਲਗਭਗ 60-70 ਮਸ਼ੀਨ ਗੰਨਾਂ ਸਾਡੇ 'ਤੇ ਵਰ੍ਹ ਰਹੀਆਂ ਸਨ। ਤੋਪਖਾਨੇ ਦੇ ਗੋਲੇ ਵੀ ਸਾਡੇ 'ਤੇ ਵਰ੍ਹ ਰਹੇ ਸਨ। ਉਹ ਰਾਕੇਟ ਲਾਂਚਰਾਂ ਅਤੇ ਗ੍ਰਨੇਡ ਲਾਂਚਰਾਂ ਦੀ ਵੀ ਵਰਤੋਂ ਕਰ ਰਹੇ ਸਨ।"
ਉਹ ਦੱਸਦੇ ਹਨ, "ਮਸ਼ੀਨ ਗਨ ਦੀਆਂ ਗੋਲੀਆਂ ਦੀ ਰਫ਼ਤਾਰ 2900 ਫੁੱਟ ਪ੍ਰਤੀ ਸਕਿੰਟ ਹੁੰਦੀ ਹੈ। ਜੇਕਰ ਇਹ ਤੁਹਾਡੀ ਬਾਂਹ ਵਿੱਚੋਂ ਲੰਘਦੀ ਹੈ, ਤਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਤੁਹਾਨੂੰ ਜ਼ੋਰ ਨਾਲ ਧੱਕਾ ਦਿੱਤਾ ਹੈ, ਕਿਉਂਕਿ ਇਸ ਦੇ ਨਾਲ 'ਏਅਰ ਪਾਕੇਟ' ਵੀ ਆਉਂਦਾ ਹੈ।"

ਤਸਵੀਰ ਸਰੋਤ, Facebook
ਕਰਨਲ ਰਾਏ ਕਹਿੰਦੇ ਹਨ, "ਜਦੋਂ ਅਸੀਂ ਖਾਲੋਬਾਰ ਟੌਪ ਤੋਂ ਲਗਭਗ 600 ਗਜ਼ ਹੇਠਾਂ ਸੀ ਤਾਂ ਦੋ ਖੇਤਰਾਂ ਤੋਂ ਬਹੁਤ ਘਾਤਕ ਅਤੇ ਨੁਕਸਾਨਦੇਹ ਫਾਇਰ ਸਾਡੇ 'ਤੇ ਹੋ ਰਿਹਾ ਸੀ। ਕਮਾਂਡਿੰਗ ਅਫਸਰ ਵਜੋਂ, ਮੈਂ ਬਹੁਤ ਦੁਬਿਧਾ ਵਿੱਚ ਸੀ।''
''ਜੇ ਅਸੀਂ ਅੱਗੇ ਵਧੀਏ ਤਾਂ ਹੋ ਸਕਦਾ ਹੈ ਕਿ ਅਸੀਂ ਸਾਰੇ ਖ਼ਤਮ ਹੋ ਜਾਈਏ। ਫਿਰ ਇਤਿਹਾਸ ਇਹੀ ਕਹੇਗਾ ਕਿ ਕਮਾਂਡਿੰਗ ਅਫਸਰ ਨੇ ਸਾਰਿਆਂ ਨੂੰ ਮਰਵਾ ਦਿੱਤਾ। ਜੇਕਰ ਉਹ ਚਾਰਜ ਨਹੀਂ ਕਰਦੇ, ਤਾਂ ਲੋਕ ਕਹਿਣਗੇ ਕਿ ਉਨ੍ਹਾਂ ਆਪਣਾ ਟੀਚਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ।"
"ਮੈਂ ਸੋਚਿਆ ਕਿ ਮੈਨੂੰ ਦੋ ਟੁਕੜੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਸਵੇਰ ਤੋਂ ਪਹਿਲਾਂ ਉੱਥੇ ਪਹੁੰਚ ਜਾਣ, ਨਹੀਂ ਤਾਂ ਸਾਡੇ ਸਾਰਿਆਂ ਲਈ ਦਿਨ ਦੀ ਰੌਸ਼ਨੀ ਵਿੱਚ ਬਚਣਾ ਬਹੁਤ ਮੁਸ਼ਕਲ ਹੋਵੇਗਾ। ਇਨ੍ਹਾਂ ਹਾਲਾਤਾਂ ਵਿੱਚ ਮੇਰੇ ਸਭ ਤੋਂ ਨਜ਼ਦੀਕੀ ਅਫਸਰ ਕੈਪਟਨ ਮਨੋਜ ਪਾਂਡੇ ਸਨ।"
"ਮੈਂ ਮਨੋਜ ਨੂੰ ਕਿਹਾ ਕਿ ਤੁਸੀਂ ਆਪਣੀ ਪਲਟਨ ਲੈ ਕੇ ਜਾਓ। ਮੈਂ ਉੱਪਰ ਚਾਰ ਬੰਕਰ ਦੇਖ ਸਕਦਾ ਹਾਂ। ਤੁਸੀਂ ਉਨ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਖਤਮ ਕਰ ਦਿਓ।"
ਕਰਨਲ ਰਾਓ ਕਹਿੰਦੇ ਹਨ, "ਇਹ ਜਵਾਨ ਅਫਸਰ ਇੱਕ ਸਕਿੰਟ ਲਈ ਵੀ ਨਹੀਂ ਝਿਜਕਿਆ ਅਤੇ ਰਾਤ ਦੀ ਕੜਾਕੇ ਦੀ ਠੰਡ ਅਤੇ ਭਿਆਨਕ 'ਬੰਬਾਡਮੇਂਟ' ਵਿਚਕਾਰ ਹੀ ਉੱਪਰ ਚੜ੍ਹ ਗਿਆ।"

ਪਾਣੀ ਦਾ ਇੱਕ ਘੁੱਟ ਬਚਾ ਕੇ ਰੱਖਿਆ

ਤਸਵੀਰ ਸਰੋਤ, Facebook
ਰਚਨਾ ਬਿਸ਼ਟ ਰਾਵਤ ਦੱਸਦੇ ਹਨ, "ਮਨੋਜ ਨੇ ਆਪਣੀ ਰਾਈਫਲ ਦੇ 'ਬ੍ਰੀਚਬਲਾਕ' ਨੂੰ ਆਪਣੀ ਊਨੀ ਜੁਰਾਬ ਨਾਲ ਢੱਕ ਰੱਖਿਆ ਸੀ ਤਾਂ ਜੋ ਉਹ ਗਰਮ ਰਹੇ ਅਤੇ ਅੱਤ ਦੀ ਠੰਡ ਵਿੱਚ ਜਾਮ ਨਾ ਹੋ ਜਾਵੇ। ਹਾਲਾਂਕਿ ਉਸ ਸਮੇਂ ਤਾਪਮਾਨ ਜ਼ੀਰੋ ਤੋਂ ਹੇਠਾਂ ਜਾ ਰਿਹਾ ਸੀ, ਪਰ ਫਿਰ ਵੀ ਸਿੱਧੀ ਚੜ੍ਹਾਈ ਚੜ੍ਹਨ ਕਾਰਨ ਭਾਰਤੀ ਸੈਨਿਕ ਪਸੀਨੇ ਨਾਲ ਭਿੱਜੇ ਹੋਏ ਸਨ।"
ਬਿਸ਼ਟ ਕਹਿੰਦੇ ਹਨ, "ਹਰੇਕ ਸਿਪਾਹੀ ਕੋਲ 1-ਲੀਟਰ ਦੀ ਪਾਣੀ ਦੀ ਬੋਤਲ ਸੀ। ਪਰ ਅੱਧਾ ਰਸਤਾ ਪਾਰ ਕਰਦੇ ਹੀ ਉਨ੍ਹਾਂ ਦਾ ਸਾਰਾ ਪਾਣੀ ਖਤਮ ਹੋ ਚੁੱਕਿਆ ਸੀ। ਹਾਲਾਂਕਿ ਚਾਰੇ ਪਾਸੇ ਬਰਫ਼ ਸੀ ਪਰ ਬਾਰੂਦ ਕਾਰਨ ਇਹ ਇੰਨਾ ਪ੍ਰਦੂਸ਼ਣ ਹੋ ਗਿਆ ਸੀ ਕਿ ਇਸ ਨੂੰ ਖਾਧਾ ਨਹੀਂ ਜਾ ਸਕਦਾ ਸੀ।"
"ਮਨੋਜ ਨੇ ਆਪਣੇ ਸੁੱਕੇ ਬੁੱਲ੍ਹਾਂ 'ਤੇ ਜੀਭ ਫੇਰੀ। ਪਰ ਉਨ੍ਹਾਂ ਨੇ ਆਪਣੀ ਪਾਣੀ ਦੀ ਬੋਤਲ ਨੂੰ ਹੱਥ ਨਹੀਂ ਲਗਾਇਆ। ਉਸ ਵਿੱਚ ਸਿਰਫ਼ ਇੱਕ ਘੁੱਟ ਪਾਣੀ ਬਚਿਆ ਸੀ। ਮਨੋਵਿਗਿਆਨਕ ਕਾਰਨਾਂ ਕਰਕੇ, ਉਹ ਮਿਸ਼ਨ ਦੇ ਅੰਤ ਤੱਕ ਉਸ ਇੱਕ ਬੂੰਦ ਨੂੰ ਬਚਾ ਕੇ ਰੱਖਣਾ ਚਾਹੁੰਦੇ ਸਨ।"
ਇੱਕਲਿਆਂ ਹੀ ਤਿੰਨ ਬੰਕਰ ਢਾਹ ਦਿੱਤੇ

ਤਸਵੀਰ ਸਰੋਤ, Facebook
ਕਰਨਲ ਰਾਏ ਅੱਗੇ ਦੱਸਦੇ ਹਨ, "ਅਸੀਂ ਸੋਚਿਆ ਕਿ ਚਾਰ ਬੰਕਰ ਹਨ, ਪਰ ਮਨੋਜ ਨੇ ਜਾ ਕੇ ਦੱਸਿਆ ਕਿ ਇੱਥੇ ਛੇ ਬੰਕਰ ਹਨ। ਹਰ ਬੰਕਰ ਤੋਂ ਦੋ ਮਸ਼ੀਨਗਨਾਂ ਸਾਡੇ ਉੱਤੇ ਗੋਲੀਆਂ ਬਰਸਾ ਰਹੀਆਂ ਸਨ।''
''ਜਿਹੜੇ ਦੋ ਬੰਕਰ ਥੌੜ੍ਹੀ ਦੂਰੀ 'ਤੇ ਸਨ, ਮਨੋਜ ਨੇ ਹੌਲਦਾਰ ਦੀਵਾਨ ਨੂੰ ਉਨ੍ਹਾਂ ਨੂੰ ਉਡਾਉਣ ਲਈ ਭੇਜਿਆ। ਦੀਵਾਨ ਨੇ ਵੀ ਉਨ੍ਹਾਂ ਬੰਕਰਾਂ ਨੂੰ ਫਰੰਟਲ ਚਾਰਜ ਕਰ ਤਬਾਹ ਕਰ ਦਿੱਤਾ ਪਰ ਉਨ੍ਹਾਂ ਨੂੰ ਗੋਲੀ ਵੱਜੀ ਅਤੇ ਉਹ ਵੀਰ ਗਤੀ ਨੂੰ ਪ੍ਰਾਪਤ ਹੋ ਗਏ।''
''ਮਨੋਜ ਅਤੇ ਉਨ੍ਹਾਂ ਦੇ ਸਾਥੀ ਬਾਕੀ ਬੰਕਰਾਂ ਨੂੰ ਤਬਾਹ ਕਰਨ ਲਈ ਜ਼ਮੀਨ 'ਤੇ ਰੇਂਗਦੇ ਹੋਏ ਬਿਲਕੁਲ ਉਨ੍ਹਾਂ ਦੇ ਲਾਗੇ ਪਹੁੰਚ ਗਏ। ਬੰਕਰ ਨੂੰ ਉਡਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਸ ਦੇ ਲੂਪ ਹੋਲ ਵਿੱਚ ਗ੍ਰਨੇਡ ਪਾ ਕੇ ਉਸ ਵਿੱਚ ਬੈਠੇ ਲੋਕਾਂ ਨੂੰ ਮਾਰ ਦਿੱਤਾ ਜਾਵੇ।''
''ਮਨੋਜ ਨੇ ਇੱਕ-ਇੱਕ ਕਰਕੇ ਤਿੰਨ ਬੰਕਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਉਹ ਚੌਥੇ ਬੰਕਰ ਵਿੱਚ ਗ੍ਰਨੇਡ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਨ੍ਹਾਂ ਦੇ ਖੱਬੇ ਪਾਸੇ ਕੁਝ ਗੋਲੀਆਂ ਲੱਗੀਆਂ ਅਤੇ ਉਹ ਲਹੂ-ਲੁਹਾਨ ਹੋ ਗਏ।
ਹੈਲਮੇਟ ਨੂੰ ਪਾਰ ਕਰਦੀਆਂ ਹੋਈਆਂ ਮੱਥੇ ਦੇ ਵਿੱਚ-ਵਿਚਾਲੇ ਚਾਰ ਗੋਲੀਆਂ

ਤਸਵੀਰ ਸਰੋਤ, Facebook
"ਮੁੰਡਿਆਂ ਨੇ ਕਿਹਾ ਕਿ ਸਰ, ਹੁਣ ਸਿਰਫ ਇੱਕ ਬੰਕਰ ਹੀ ਬਚਿਆ ਹੈ। ਤੁਸੀਂ ਇੱਥੇ ਬੈਠ ਕੇ ਦੇਖੋ। ਅਸੀਂ ਇਸ ਨੂੰ ਖਤਮ ਕਰਕੇ ਵਾਪਸ ਆਉਂਦੇ ਹਾਂ। ਹੁਣ ਵੇਖੋ ਇਸ ਬਹਾਦਰ ਅਫਸਰ ਦੀ ਹਿੰਮਤ ਅਤੇ ਫਰਜ਼ ਦੀ ਭਾਵਨਾ!"
"ਉਨ੍ਹਾਂ ਕਿਹਾ, ਦੇਖੋ, ਕਮਾਂਡਿੰਗ ਅਫਸਰ ਨੇ ਮੈਨੂੰ ਇਹ ਕੰਮ ਸੌਂਪਿਆ ਹੈ। ਹਮਲੇ ਦੀ ਅਗਵਾਈ ਕਰਨਾ ਅਤੇ ਕਮਾਂਡਿੰਗ ਅਫਸਰ ਨੂੰ ਆਪਣਾ 'ਵਿਕਟਰੀ ਸਾਈਨ' ਭੇਜਣਾ ਮੇਰਾ ਫਰਜ਼ ਹੈ।"
"ਉਹ ਰੇਂਗਦੇ-ਰੇਂਗਦੇ ਚੌਥੇ ਬੰਕਰ ਦੇ ਬਿਲਕੁਲ ਨੇੜੇ ਪਹੁੰਚੇ। ਉਦੋਂ ਤੱਕ ਉਨ੍ਹਾਂ ਦਾ ਕਾਫੀ ਖੂਨ ਵਗ ਚੁੱਕਿਆ ਸੀ। ਉਨ੍ਹਾਂ ਨੇ ਖੜ੍ਹਾ ਹੋ ਕੇ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਪਾਕਿਸਤਾਨੀਆਂ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਮਸ਼ੀਨ ਗਨ ਸਵਿੰਗ ਕਰਕੇ ਉਨ੍ਹਾਂ 'ਤੇ ਚਾਰ ਰਾਉਂਡ ਫਾਇਰ ਕੀਤੇ।"
"ਇਹ ਗੋਲੀਆਂ ਉਨ੍ਹਾਂ ਦੇ ਹੈਲਮੇਟ ਵਿੱਚੋਂ ਲੰਘਦੀਆਂ ਹੋਈਆਂ ਉਨ੍ਹਾਂ ਦੇ ਮੱਥੇ ਨੂੰ ਚੀਰ ਕੇ ਨਿਕਲ ਗਈਆਂ। ਪਾਕਿਸਤਾਨੀ ਏਡੀ ਮਸ਼ੀਨ ਗਨ 14.7 ਐਮਐਮ ਦੀ ਵਰਤੋਂ ਕਰ ਰਹੇ ਸਨ। ਇਸ ਨੇ ਮਨੋਜ ਦਾ ਪੂਰਾ ਸਿਰ ਹੀ ਉਡਾ ਦਿੱਤਾ ਅਤੇ ਉਹ ਜ਼ਮੀਨ 'ਤੇ ਡਿੱਗ ਪਏ।"
"ਹੁਣ ਦੇਖੋ ਉਸ ਮੁੰਡੇ ਦਾ ਜੋਸ਼। ਮਰਦੇ ਸਮੇਂ ਉਨ੍ਹਾਂ ਨੇ ਕਿਹਾ ''ਨਾ ਛੋਡੂੰ'', ਜਿਸਦਾ ਮਤਲਬ ਸੀ ਕਿ ਉਨ੍ਹਾਂ ਨੂੰ ਛੱਡਣਾ ਨਾ। ਉਸ ਸਮੇਂ ਉਨ੍ਹਾਂ ਦੀ ਉਮਰ 24 ਸਾਲ 7 ਦਿਨ ਸੀ।"
"ਉਨ੍ਹਾਂ ਦਾ ਗ੍ਰੇਨੇਡ ਪਾਕਿਸਤਾਨੀ ਬੰਕਰ ਵਿੱਚ ਫਟਿਆ। ਕੁਝ ਲੋਕ ਮਾਰੇ ਗਏ। ਕੁਝ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਸਾਡੇ ਜਵਾਨਾਂ ਨੇ ਆਪਣੀ ਖੁਰਕੀ ਕੱਢੀ ਤੇ ਉਨ੍ਹਾਂ ਦਾ ਕੰਮ ਤਮਾਮ ਕਰ ਦਿੱਤਾ ਅਤੇ ਚਾਰੇ ਬੰਕਰਾਂ ਨੂੰ ਖਾਮੋਸ਼ ਕਰ ਦਿੱਤਾ।''
ਸਿਰਫ਼ 8 ਭਾਰਤੀ ਜਵਾਨ ਜ਼ਿੰਦਾ ਬਚੇ

ਤਸਵੀਰ ਸਰੋਤ, Facebook
ਇਸ ਵਿਲੱਖਣ ਬਹਾਦਰੀ ਲਈ, ਕੈਪਟਨ ਮਨੋਜ ਕੁਮਾਰ ਪਾਂਡੇ ਨੂੰ ਮਰਨ ਉਪਰੰਤ ਭਾਰਤ ਦੇ ਸਰਵਉੱਚ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੁਹਿੰਮ ਵਿੱਚ ਕਰਨਲ ਲਲਿਤ ਰਾਏ ਦੀ ਲੱਤ ਵਿੱਚ ਵੀ ਗੋਲੀ ਲੱਗੀ ਸੀ ਅਤੇ ਉਨ੍ਹਾਂ ਨੂੰ ਵੀ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਫੌਜ ਨੂੰ ਇਸ ਜਿੱਤ ਦੀ ਵੱਡੀ ਕੀਮਤ ਚੁਕਾਉਣੀ ਪਈ।
ਰਾਏ ਦਾ ਕਹਿਣਾ ਹੈ ਕਿ ਉਹ ਆਪਣੇ ਨਾਲ ਦੋ ਕੰਪਨੀਆਂ ਲੈ ਕੇ ਉੱਪਰ ਗਏ ਸਨ। ਜਦੋਂ ਉਨ੍ਹਾਂ ਨੇ ਖਾਲੂਬਾਰ 'ਤੇ ਭਾਰਤੀ ਝੰਡਾ ਲਹਿਰਾਇਆ ਤਾਂ ਉਸ ਸਮੇਂ ਉਨ੍ਹਾਂ ਕੋਲ ਸਿਰਫ 8 ਸਿਪਾਹੀ ਬਚੇ ਸਨ। ਬਾਕੀ ਜਾਂ ਤਾਂ ਮਾਰੇ ਗਏ ਜਾਂ ਜ਼ਖਮੀ ਹੋ ਗਏ ਸਨ।

ਤਸਵੀਰ ਸਰੋਤ, Facebook
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਨਿਕਾਂ ਨੂੰ ਉਸ ਚੋਟੀ 'ਤੇ ਤਿੰਨ ਦਿਨ ਬਿਨਾਂ ਭੋਜਨ ਅਤੇ ਪਾਣੀ ਦੇ ਗੁਜ਼ਾਰਨੇ ਪਏ ਸਨ। ਜਦੋਂ ਇਹ ਲੋਕ ਉਸੇ ਰਸਤੇ ਤੋਂ ਹੇਠਾਂ ਉਤਰੇ ਤਾਂ ਚਾਰੇ ਪਾਸੇ ਫ਼ੌਜੀਆਂ ਦੀਆਂ ਲਾਸ਼ਾਂ ਪਈਆਂ ਸਨ। ਕਈ ਲਾਸ਼ਾਂ ਬਰਫ਼ ਵਿੱਚ ਜੰਮ ਗਈਆਂ ਸਨ। ਉਹ ਉਸੇ ਥਾਂ 'ਤੇ ਸਨ ਜਿੱਥੇ ਅਸੀਂ ਉਨ੍ਹਾਂ ਨੂੰ ਚੱਟਾਨ ਦੇ ਓਹਲੇ ਛੱਡ ਦਿੱਤਾ ਸੀ।
ਉਨ੍ਹਾਂ ਦੀਆਂ ਰਾਈਫਲਾਂ ਅਜੇ ਵੀ ਪਾਕਿਸਤਾਨੀ ਬੰਕਰਾਂ ਵੱਲ ਇਸ਼ਾਰਾ ਕਰ ਰਹੀਆਂ ਸਨ, ਤੇ ਉਨ੍ਹਾਂ ਦੀਆਂ ਉਂਗਲਾਂ ਟਰਿੱਗਰ ਦਬਾਏ ਹੋਏ ਸਨ। ਜਦੋਂ ਮੈਗਜ਼ੀਨ ਚੈਕ ਕੀਤੇ ਗਏ ਤਾਂ ਉਨ੍ਹਾਂ ਦੀਆਂ ਰਾਈਫਲਜ਼ ਵਿੱਚ ਇੱਕ ਵੀ ਗੋਲੀ ਨਹੀਂ ਬਚੀ ਸੀ। ਉਹ ਜੰਮ ਕੇ ਜਿਵੇਂ 'ਆਈਸ ਬਲਾਕ' ਬਣ ਗਏ ਸਨ।
ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਫੌਜੀ ਆਖਰੀ ਸਾਹ ਅਤੇ ਆਖਰੀ ਗੋਲੀ ਤੱਕ ਲੜਦੇ ਰਹੇ।
ਕਰਨਲ ਲਲਿਤ ਰਾਏ ਦੱਸਦੇ ਹਨ, "ਉਂਝ ਤਾਂ ਕੈਪਟਨ ਮਨੋਜ ਕੁਮਾਰ ਪਾਂਡੇ ਦਾ ਕੱਦ ਸਿਰਫ਼ 5 ਫੁੱਟ 6 ਇੰਚ ਸੀ। ਪਰ ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸਨ। ਉਹ ਬਹੁਤ ਹੀ ਜੋਸ਼ੀਲਾ ਨੌਜਵਾਨ ਅਫ਼ਸਰ ਸੀ। ਅਸੀਂ ਉਨ੍ਹਾਂ ਨੂੰ ਜੋ ਵੀ ਕੰਮ ਦਿੰਦੇ, ਉਸ ਨੂੰ ਪੂਰਾ ਕਰਨ ਲਈ ਉਹ ਆਪਣੀ ਜਾਨ ਲਗਾ ਦਿੰਦੇ ਸਨ।''
''ਭਾਵੇਂ ਉਹ ਕੱਦ ਵਿਚ ਛੋਟੇ ਸਨ, ਪਰ ਦਲੇਰੀ, ਜ਼ਿੰਦਾਦਿਲੀ, ਇਮਾਨਦਾਰੀ ਅਤੇ ਕਰਤੱਵ ਪੱਖੋਂ ਉਹ ਸ਼ਾਇਦ ਸਾਡੀ ਫੌਜ ਵਿੱਚ ਸਭ ਤੋਂ ਉੱਚੇ ਕੱਦ ਵਾਲੇ ਵਿਅਕਤੀ ਸਨ। ਮੈਂ ਇਸ ਬਹਾਦਰ ਸ਼ਖਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਨਾ ਚਾਹੁੰਦਾ ਹਾਂ।''
ਬੰਸਰੀ ਵਜਾਉਣ ਦੇ ਸ਼ੌਕੀਨ

ਤਸਵੀਰ ਸਰੋਤ, MANOJ KUMAR PANDEY FAMILY
ਕੈਪਟਨ ਮਨੋਜ ਕੁਮਾਰ ਪਾਂਡੇ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਕ ਸੀ। ਉਨ੍ਹਾਂ ਨੇ ਲਖਨਊ ਦੇ ਸੈਨਿਕ ਸਕੂਲ ਵਿੱਚ ਪੜ੍ਹ ਕੇ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਸੀ।
ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਉਹ ਬਹੁਤ ਛੋਟਾ ਸਨ, ਇੱਕ ਵਾਰ ਮਾਂ ਉਨ੍ਹਾਂ ਨੂੰ ਆਪਣੇ ਨਾਲ ਮੇਲੇ ਵਿੱਚ ਲੈ ਗਈ।

ਫੌਜੀ ਇਤਿਹਾਸਕਾਰ ਰਚਨਾ ਬਿਸ਼ਟ ਰਾਵਤ ਦੱਸਦੇ ਹਨ, "ਉਸ ਮੇਲੇ ਵਿੱਚ ਹਰ ਤਰ੍ਹਾਂ ਦੀਆਂ ਚੀਜ਼ਾਂ ਵਿਕ ਰਹੀਆਂ ਸਨ। ਪਰ ਜਿਸ ਚੀਜ਼ ਨੇ ਮਨੋਜ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਿਆ, ਉਹ ਸੀ ਲੱਕੜ ਦੀ ਬੰਸਰੀ''
''ਉਨ੍ਹਾਂ ਨੇ ਆਪਣੀ ਮਾਂ ਨੂੰ ਇਸ ਨੂੰ ਖਰੀਦਣ ਲਈ ਜ਼ਿੱਦ ਕੀਤੀ। ਉਨ੍ਹਾਂ ਦੀ ਮਾਂ ਦੀ ਕੋਸ਼ਿਸ਼ ਸੀ ਕਿ ਉਹ ਕੋਈ ਹੋਰ ਖਿਡੌਣਾ ਖਰੀਦ ਲੈਣ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕੁਝ ਦਿਨਾਂ ਬਾਅਦ ਉਹ ਇਸ ਨੂੰ ਸੁੱਟ ਦੇਣਗੇ।''

ਤਸਵੀਰ ਸਰੋਤ, MANOJ KUMAR PANDEY FAMILY
''ਜਦੋਂ ਮਨੋਜ ਨਾ ਮੰਨੇ ਤਾਂ ਉਨ੍ਹਾਂ ਨੇ 2 ਰੁਪਏ ਦੇ ਕੇ ਉਹ ਬੰਸਰੀ ਲਈ ਖਰੀਦੀ। ਉਹ ਬੰਸਰੀ ਅਗਲੇ 22 ਸਾਲਾਂ ਤੱਕ ਮਨੋਜ ਕੁਮਾਰ ਪਾਂਡੇ ਕੋਲ ਰਹੀ। ਉਹ ਹਰ ਰੋਜ਼ ਇਸ ਨੂੰ ਭਰ ਕੱਢਦੇ, ਥੋੜ੍ਹੀ ਦੇਰ ਵਜਾ ਕੇ ਆਪਣੇ ਕੱਪੜਿਆਂ ਦੇ ਕੋਲ ਰੱਖ ਦਿੰਦੇ।"
ਬਿਸ਼ਟ ਕਹਿੰਦੇ ਹਨ, "ਜਦੋਂ ਉਹ ਸੈਨਿਕ ਸਕੂਲ ਗਏ ਅਤੇ ਬਾਅਦ ਵਿੱਚ ਖੜਕਵਾਸਲਾ ਅਤੇ ਦੇਹਰਾਦੂਨ ਗਏ, ਉਦੋਂ ਵੀ ਬੰਸਰੀ ਉਨ੍ਹਾਂ ਦੇ ਨਾਲ ਸੀ।''
''ਮਨੋਜ ਦੇ ਮਾਂ ਦਸਦੇ ਹਨ ਕਿ ਜਦੋਂ ਉਹ ਕਾਰਗਿਲ ਦੀ ਜੰਗ 'ਚ ਜਾਣ ਤੋਂ ਪਹਿਲਾਂ ਹੌਲੀ ਦੀ ਛੁੱਟੀ 'ਚ ਘਰ ਆਏ ਤਾਂ ਆਪਣੀ ਬੰਸਰੀ ਆਪਣੀ ਮਾਂ ਕੋਲ ਰਖਵਾ ਗਏ ਸਨ।''
ਵਜ਼ੀਫੇ ਦੇ ਪੈਸੇ ਨਾਲ ਪਿਤਾ ਨੂੰ ਨਵਾਂ ਸਾਈਕਲ ਭੇਟ ਕੀਤਾ

ਤਸਵੀਰ ਸਰੋਤ, Facebook
ਮਨੋਜ ਪਾਂਡੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਹੁਤ ਸਾਦਾ ਜੀਵਨ ਬਤੀਤ ਕਰਦੇ ਰਹੇ। ਵਧੇਰੇ ਅਮੀਰ ਪਰਿਵਾਰ ਤੋਂ ਨਾ ਹੋਣ ਕਾਰਨ ਉਨ੍ਹਾਂ ਨੂੰ ਪੈਦਲ ਹੀ ਆਪਣੇ ਸਕੂਲ ਜਾਣਾ ਪੈਂਦਾ ਸੀ।
ਉਨ੍ਹਾਂ ਦੀ ਮਾਂ ਦਿਲ ਨੂੰ ਛੂਹ ਲੈਣ ਵਾਲਾ ਇੱਕ ਕਿੱਸਾ ਦੱਸਦੇ ਹਨ। ਮਨੋਜ ਨੇ ਅਖਿਲ ਭਾਰਤੀ ਸਕਾਲਰਸ਼ਿਪ ਟੈਸਟ ਪਾਸ ਕੀਤਾ ਅਤੇ ਸੈਨਿਕ ਸਕੂਲ ਲਈ ਕੁਆਲੀਫਾਈ ਕੀਤਾ। ਦਾਖਲਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਹੋਸਟਲ ਵਿੱਚ ਰਹਿਣਾ ਪਿਆ।
ਇੱਕ ਵਾਰ ਜਦੋਂ ਉਨ੍ਹਾਂ ਨੂੰ ਕੁਝ ਪੈਸਿਆਂ ਦੀ ਲੋੜ ਪਈ ਤਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਵਜ਼ੀਫੇ ਵਿੱਚ ਮਿਲੇ ਪੈਸੇ ਵਰਤ ਲੈਣ।
ਮਨੋਜ ਦਾ ਜਵਾਬ ਸੀ ਕਿ ਮੈਂ ਇਸ ਪੈਸੇ ਨਾਲ ਪਾਪਾ ਲਈ ਨਵਾਂ ਸਾਈਕਲ ਖਰੀਦਣਾ ਚਾਹੁੰਦਾ ਹਾਂ, ਕਿਉਂਕਿ ਉਨ੍ਹਾਂ ਦਾ ਸਾਈਕਲ ਹੁਣ ਪੁਰਾਣਾ ਹੋ ਗਿਆ ਹੈ ਅਤੇ ਇੱਕ ਦਿਨ ਮਨੋਜ ਨੇ ਵਾਕਈ ਆਪਣੇ ਵਜ਼ੀਫ਼ੇ ਦੇ ਪੈਸਿਆਂ ਨਾਲ ਆਪਣੇ ਪਿਤਾ ਲਈ ਇੱਕ ਨਵਾਂ ਸਾਈਕਲ ਖਰੀਦਿਆ।
ਐਨਡੀਏ ਦਾ ਇੰਟਰਵਿਊ

ਤਸਵੀਰ ਸਰੋਤ, PIB
ਮਨੋਜ ਪਾਂਡੇ ਨੂੰ ਉੱਤਰ ਪ੍ਰਦੇਸ਼ ਵਿੱਚ ਐਨਸੀਸੀ ਦਾ ਸਰਵੋਤਮ ਕੈਡੇਟ ਐਲਾਨਿਆ ਗਿਆ ਸੀ। ਐਨਡੀਏ ਦੇ ਇੰਟਰਵਿਊ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ "ਤੁਸੀਂ ਫੌਜ ਵਿੱਚ ਕਿਉਂ ਸ਼ਾਮਲ ਹੋਣਾ ਚਾਹੁੰਦੇ ਹੋ?"
ਮਨੋਜ ਦਾ ਜਵਾਬ ਸੀ, "ਪਰਮਵੀਰ ਚੱਕਰ ਜਿੱਤਣ ਲਈ।"
ਇੰਟਰਵਿਊ ਲੈਣ ਵਾਲੇ ਫੌਜੀ ਅਫਸਰ ਇੱਕ ਦੂਜੇ ਵੱਲ ਦੇਖ ਕੇ ਮੁਸਕੁਰਾਏ ਸਨ। ਕਈ ਵਾਰ ਇਸ ਤਰ੍ਹਾਂ ਕਹੀਆਂ ਹੋਈਆਂ ਗੱਲਾਂ ਸੱਚ ਹੋ ਜਾਂਦੀਆਂ ਹਨ।
ਨਾ ਸਿਰਫ਼ ਮਨੋਜ ਕੁਮਾਰ ਪਾਂਡੇ ਐਨਡੀਏ ਵਿੱਚ ਚੁਣੇ ਗਏ ਸਨ, ਸਗੋਂ ਉਨ੍ਹਾਂ ਨੇ ਦੇਸ਼ ਦਾ ਸਰਵਉੱਚ ਬਹਾਦਰੀ ਪੁਰਸਕਾਰ, ਪਰਮਵੀਰ ਚੱਕਰ ਵੀ ਜਿੱਤਿਆ।
ਪਰ ਉਹ ਖੁਦ ਉਸ ਤਮਗੇ ਨੂੰ ਲੈਣ ਲਈ ਮੌਜੂਦ ਨਹੀਂ ਸਨ। ਉਨ੍ਹਾਂ ਦੇ ਪਿਤਾ ਗੋਪੀ ਚੰਦ ਪਾਂਡੇ ਨੇ 26 ਜਨਵਰੀ 2000 ਨੂੰ ਹਜ਼ਾਰਾਂ ਲੋਕਾਂ ਦੇ ਸਾਹਮਣੇ ਤਤਕਾਲੀ ਰਾਸ਼ਟਰਪਤੀ ਕੇਆਰ ਨਰਾਇਣਨ ਤੋਂ ਇਹ ਤਮਗਾ ਪ੍ਰਾਪਤ ਕੀਤਾ।













