ਮੁਨੱਵਰ ਫ਼ਾਰੂਕੀ ਦੇ ਪੁੱਤ ਨੂੰ ਕਿਹੜੀ ਬਿਮਾਰੀ ਸੀ ਜਿਸ ਦੇ ਇਲਾਜ ਲਈ ਵਰਤੇ ਜਾਂਦੇ ਟੀਕੇ ਦੀ ਕੀਮਤ 25 ਹਜ਼ਾਰ ਰੁਪਏ ਹੈ

ਮੁਨੱਵਰ ਫ਼ਾਰੂਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਨੱਵਰ ਫ਼ਾਰੂਕੀ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਤਿੰਨ ਟੀਕੇ ਲਗਾਉਣੇ ਪਏ, ਜੋ ਕਾਫ਼ੀ ਮਹਿੰਗੇ ਸਨ।
    • ਲੇਖਕ, ਸੁਮੰਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਟੈਂਡਅੱਪ ਕਮੇਡੀਅਨ ਮੁਨੱਵਰ ਫ਼ਾਰੂਕੀ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਕਾਵਾਸਾਕੀ ਨਾਂ ਦੀ ਬੀਮਾਰੀ ਸੀ।

ਮੁਨੱਵਰ ਫ਼ਾਰੂਕੀ ਨੇ ਯੂਟਿਊਬ 'ਤੇ ਇੱਕ ਪਾਡਕਾਸਟ 'ਸੋਸ਼ਲ ਮੀਡੀਆ ਸਟਾਰ ਵਿਦ ਜੈਨਿਸ' 'ਚ ਇਹ ਜਾਣਕਾਰੀ ਸਾਂਝੀ ਕੀਤੀ।

ਇੰਟਰਵਿਊ ਦੌਰਾਨ ਫ਼ਾਰੂਕੀ ਨੇ ਦੱਸਿਆ ਕਿ ਜਦੋਂ ਡਾਕਟਰ ਨੇ ਉਨ੍ਹਾਂ ਨੂੰ ਇਸ ਬੀਮਾਰੀ ਬਾਰੇ ਦੱਸਿਆ ਤਾਂ ਉਸ ਸਮੇਂ ਉਨ੍ਹਾਂ ਦੀ ਜੇਬ ਵਿੱਚ ਸਿਰਫ਼ ਸੱਤ ਜਾਂ ਅੱਠ ਸੌ ਰੁਪਏ ਸਨ, ਜਦੋਂ ਕਿ ਇਲਾਜ ਵਿੱਚ ਵਰਤੇ ਜਾਣ ਵਾਲੇ ਇੱਕ ਟੀਕੇ ਦੀ ਕੀਮਤ 25 ਹਜ਼ਾਰ ਰੁਪਏ ਸੀ।

ਕਾਵਾਸਾਕੀ ਬੀਮਾਰੀ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਮੁਨੱਵਰ ਫ਼ਾਰੂਕੀ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਇਸ ਬੀਮਾਰੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਨਾਲ ਹੀ ਇਸ ਬੀਮਾਰੀ ਨਾਲ ਜੁੜੇ ਕੁਝ ਸਵਾਲ ਵੀ ਹਨ। ਆਓ ਇਸ ਬੀਮਾਰੀ, ਇਸ ਦੇ ਸ਼ੁਰੂਆਤੀ ਲੱਛਣਾਂ ਅਤੇ ਇਲਾਜ ਬਾਰੇ ਜਾਣਦੇ ਹਾਂ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਾਵਾਸਾਕੀ ਬੀਮਾਰੀ ਕੀ ਹੈ?

ਦਿੱਲੀ ਸਥਿਤ ਅਟਲ ਬਿਹਾਰੀ ਬਾਜਪਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਆਰਐੱਮਐੱਲ ਹਸਪਤਾਲ ਦੇ ਬਾਲ ਰੋਗ ਵਿਭਾਗ ਦੇ ਮੁਖੀ ਡਾਕਟਰ ਦਿਨੇਸ਼ ਕੁਮਾਰ ਨੇ ਕਾਵਾਸਾਕੀ ਬੀਮਾਰੀ ਬਾਰੇ ਬੀਬੀਸੀ ਨਾਲ ਗੱਲ ਕੀਤੀ।

ਉਹ ਦੱਸਦੇ ਹਨ, "ਕਾਵਾਸਾਕੀ ਬੀਮਾਰੀ ਇੱਕ ਫੇਬ੍ਰਾਇਲ ਯਾਨੀ ਬੁਖ਼ਾਰ ਵਾਲੀ ਬੀਮਾਰੀ ਹੈ, ਜੋ ਮੁੱਖ ਤੌਰ 'ਤੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ।"

ਉਹ ਕਹਿੰਦੇ ਹਨ, ''ਆਮ ਤੌਰ 'ਤੇ ਇਸ ਬੀਮਾਰੀ ਦਾ ਸ਼ਿਕਾਰ ਇੱਕ ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਇੱਕ ਤੋਂ ਦੋ ਸਾਲ ਦੀ ਉਮਰ ਦੇ ਬੱਚੇ ਹੁੰਦੇ ਹਨ।"

"ਪਰ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਉੱਤੇ ਇਸ ਬੀਮਾਰੀ ਦੇ ਸ਼ਿਕਾਰ ਹੋਣ ਦਾ ਖ਼ਤਰਾ ਰਹਿੰਦਾ ਹੈ।"

ਕਾਵਾਸਾਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਵਾਸਾਕੀ ਬਿਮਾਰੀ ਦਾ ਕਾਰਨ ਜੈਨੇਟਿਕ ਹੋ ਸਕਦਾ ਹੈ।

ਡਾਕਟਰ ਦਿਨੇਸ਼ ਮੁਤਾਬਕ, "ਹਾਲੇ ਤੱਕ ਇਸ ਬੀਮਾਰੀ ਦਾ ਕੋਈ ਕਾਰਨ ਪਤਾ ਨਹੀਂ ਹੈ। ਇਸ ਦੇ ਪਹਿਲੇ ਮਾਮਲੇ ਜਪਾਨ, ਚੀਨ ਅਤੇ ਕੋਰੀਆ ਵਿੱਚ ਦੇਖਣ ਨੂੰ ਮਿਲੇ ਸਨ ਅਤੇ ਹੌਲੀ-ਹੌਲੀ ਇਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਸਾਹਮਣੇ ਆਉਣ ਲੱਗੇ।"

ਭਾਰਤ ਵਿੱਚ ਇਸ ਬੀਮਾਰੀ ਦੇ ਕਿੰਨੇ ਮਾਮਲੇ ਸਾਹਮਣੇ ਆਏ ਹਨ ਇਸ ਬਾਰੇ ਕੋਈ ਅੰਕੜਾ ਮੌਜੂਦ ਨਹੀਂ ਹੈ।

ਯੂਐੱਸ ਨੈਸ਼ਨਲ ਸੈਂਟਰ ਫ਼ਾਰ ਬਾਇਓਟੈਕਨਾਲੋਜੀ ਇਨਫ਼ਰਮੇਸ਼ਨ ਮੁਤਾਬਕ, ਕਾਵਾਸਾਕੀ ਬੀਮਾਰੀ ਮੁੱਖ ਤੌਰ 'ਤੇ ਮੱਧਮ ਅਤੇ ਛੋਟੀਆਂ ਆਰਟਰੀਜ਼ (ਧਮਨੀਆਂ) ਨੂੰ ਪ੍ਰਭਾਵਿਤ ਕਰਦੀ ਹੈ।

ਇਸ ਦਾ ਕੋਰੋਨਰੀ ਆਰਟਰੀਜ਼ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਉਹ ਧਮਨੀਆਂ ਹਨ ਜੋ ਦਿਲ ਤੱਕ ਖੂਨ ਪਹੁੰਚਾਉਂਦੀਆਂ ਹਨ।

ਕਾਵਾਸਾਕੀ ਰੋਗ (ਕੇਡੀ) ਨੂੰ ਮਿਊਕੋਕਿਊਟੇਨਿਅਸ ਲਿੰਫ਼ ਨੋਡ ਸਿੰਡਰੋਮ ਵੀ ਕਿਹਾ ਜਾਂਦਾ ਹੈ।

ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਖੋਜਾਂ ਅਤੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਜੈਨੇਟਿਕ ਲੱਛਣ, ਬੀਮਾਰੀ ਦੇ ਜੋਖ਼ਮ ਨੂੰ ਵਧਾ ਸਕਦੇ ਹਨ।

ਇਹ ਬੀਮਾਰੀ ਆਮ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਪਾਈ ਜਾਂਦੀ ਹੈ, ਪਰ ਅਸਲ ਵਿੱਚ ਤਾਂ ਇਹ ਬੀਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ।

ਇੱਥੋਂ ਤੱਕ ਕਿ ਨੌਜਵਾਨਾਂ ਵਿੱਚ ਵੀ ਬੀਮਾਰੀ ਦੌਰਾਨ ਬੱਚਿਆਂ ਵਿੱਚ ਬੁਖ਼ਾਰ ਵਰਗੇ ਲੱਛਣ ਦੇਖਣ ਨੂੰ ਮਿਲਣ।

ਕਾਵਾਸਾਕੀ ਬੀਮਾਰੀ ਨਾਲ ਸਬੰਧਤ ਪਹਿਲੀ ਰਿਪੋਰਟ 1967 ਵਿੱਚ ਜਪਾਨੀ ਬਾਲ ਰੋਗ ਵਿਗਿਆਨੀ ਟੋਮੀਸਾਕੂ ਕਾਵਾਸਾਕੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।

ਕਾਵਾਸਾਕੀ ਬੀਮਾਰੀ ਦੇ ਲੱਛਣ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਵਾਸਾਕੀ ਰੋਗ ਵਿੱਚ ਬੱਚਿਆਂ ਨੂੰ ਆਮ ਤੌਰ 'ਤੇ ਬੁਖ਼ਾਰ ਹੁੰਦਾ ਹੈ।

ਡਾਕਟਰ ਦਿਨੇਸ਼ ਕੁਮਾਰ ਕਹਿੰਦੇ ਹਨ, "ਕਾਵਾਸਾਕੀ ਦੀ ਬੀਮਾਰੀ ਵਿੱਚ ਆਮ ਤੌਰ 'ਤੇ ਬੱਚਿਆਂ ਨੂੰ ਬੁਖ਼ਾਰ ਹੁੰਦਾ ਹੈ ਜੋ ਚਾਰ ਤੋਂ ਪੰਜ ਦਿਨ ਤੱਕ ਰਹਿੰਦਾ ਹੈ।"

"ਇਸ ਦੌਰਾਨ, ਮੂੰਹ ਵਿੱਚ ਛਾਲੇ, ਬਲਗ਼ਮ ਪੈਦਾ ਹੋਣਾ, ਬੁੱਲ੍ਹਾਂ ਦਾ ਫ਼ਟਣਾ, ਬੁੱਲ੍ਹਾਂ 'ਤੇ ਛਾਲੇ ਹੋਣਾ, ਹੱਥਾਂ-ਪੈਰਾਂ ਦੀ ਸੋਜ, ਚਮੜੀ ਦਾ ਨਿਕਲਣ ਲੱਗ ਜਾਣਾ, ਗਲੇ ਵਿੱਚ ਗੰਢਾਂ ਪੈਦਾ ਹੋਣਾ, ਅੱਖਾਂ ਦੀ ਝਿੱਲੀ ਦਾ ਲਾਲ ਹੋਣਾ ਕਾਵਾਸਾਕੀ ਬੀਮਾਰੀ ਦੇ ਲੱਛਣ ਹਨ।"

ਡਾਕਟਰ ਦਿਨੇਸ਼ ਦਾ ਕਹਿਣਾ ਹੈ ਕਿ ਜੇਕਰ ਸਾਰੇ ਲੱਛਣ ਨਾ ਵੀ ਹੋਣ ਅਤੇ ਕੁਝ ਲੱਛਣ ਹੋਣ ਤਾਂ ਵੀ 'ਟਿਪੀਕਲ ਕਾਵਾਸਾਕੀ' ਬੀਮਾਰੀ ਕਿਹਾ ਜਾਂਦਾ ਹੈ।

ਡਾਕਟਰ ਦਿਨੇਸ਼ ਕਹਿੰਦੇ ਹਨ, "ਬਹੁਤ ਸਾਰੇ ਬੱਚੇ ਸਧਾਰਨ ਆਈਵੀਆਈਜੀ ਨਾਲ ਠੀਕ ਨਹੀਂ ਹੁੰਦੇ। ਅਜਿਹੀ ਸਥਿਤੀ ਵਿੱਚ ਇਸ ਨੂੰ ਪ੍ਰਤੀਰੋਧੀ ਕਾਵਾਸਾਕੀ ਕਿਹਾ ਜਾਂਦਾ ਹੈ। ਇਸ ਵਿੱਚ ਦੁਵਾਰਾ ਆਈਵੀਆਈਜੀ ਦਿੱਤਾ ਜਾਂਦਾ ਹੈ।"

ਉਨ੍ਹਾਂ ਮੁਤਾਬਕ ਆਈਵੀਆਈਜੀ ਮਨੁੱਖੀ ਸੀਰਮ ਤੋਂ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣ ਲਈ, ਲੋਕਾਂ ਦੇ ਖੂਨ ਦਾ ਇੱਕ ਹਿੱਸਾ ਵੱਖ ਕੀਤਾ ਜਾਂਦਾ ਹੈ, ਜੋ ਕਈ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ।

ਡਾਕਟਰ ਦਿਨੇਸ਼ ਕਹਿੰਦੇ ਹਨ, "ਆਈਵੀਆਈਜੀ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ 20 ਫ਼ੀਸਦੀ ਮਰੀਜ਼ਾਂ ਦੀਆਂ ਕੋਰੋਨਰੀ ਧਮਨੀਆਂ ਵਿੱਚ ਸੋਜ ਹੁੰਦੀ ਹੈ। ਇਸ ਕਾਰਨ ਖ਼ੂਨ ਜੰਮ ਸਕਦਾ ਹੈ ਅਤੇ ਮਰੀਜ਼ ਦੀ ਮੌਤ ਹੋ ਸਕਦੀ ਹੈ।"

"ਇਨ੍ਹਾਂ ਮਰੀਜ਼ਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਜਾਂ ਦਿਲ ਦੀ ਬੀਮਾਰੀ ਤੋਂ ਪੀੜਤ ਹੋ ਸਕਦੇ ਹਨ ਜਾਂ ਤੁਰਨ-ਫ਼ਿਰਨ ਵਿੱਚ ਦਿੱਕਤਾਂ ਸ਼ੁਰੂ ਹੋ ਸਕਦੀਆਂ ਹਨ।"

ਡਾਕਟਰ ਦਿਨੇਸ਼ ਦੱਸਦੇ ਹਨ, "ਇਨ੍ਹਾਂ 20 ਫ਼ੀਸਦੀ ਮਰੀਜ਼ਾਂ ਨੂੰ ਬਚਾਉਣ ਲਈ, ਕਾਵਾਸਾਕੀ ਬੀਮਾਰੀ ਤੋਂ ਪੀੜਤ ਸਾਰੇ ਬੱਚਿਆਂ ਨੂੰ ਆਈਵੀਆਈਜੀ ਦਿੱਤਾ ਜਾਂਦਾ ਹੈ, ਕਿਉਂਕਿ ਸਾਡੇ ਕੋਲ ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ਰਾਹੀਂ ਅਸੀਂ ਇਹ ਪਤਾ ਲਗਾ ਸਕੀਏ ਕਿ ਉਹ 20 ਫ਼ੀਸਦੀ ਮਰੀਜ਼ ਕਿਹੜੇ ਹਨ।

ਇਲਾਜ ਕੀ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਵਾਸਾਕੀ ਰੋਗ ਦੇ ਇਲਾਜ ਦੌਰਾਨ ਆਵੀਆਈਜੀ ਟੀਕਾ ਲਾਇਆ ਜਾਂਦਾ ਹੈ (ਸੰਕੇਤਕ ਤਸਵੀਰ)

ਡਾਕਟਰ ਦਿਨੇਸ਼ ਦੱਸਦੇ ਹਨ, "ਇਹ ਬੀਮਾਰੀ ਕਾਫ਼ੀ ਖ਼ਤਰਨਾਕ ਹੈ। ਆਮ ਤੌਰ 'ਤੇ ਡਾਕਟਰ ਇਸ ਨੂੰ ਆਮ ਬੁਖ਼ਾਰ ਸਮਝਦੇ ਹਨ।"

"ਜ਼ਿਆਦਾ ਮੁਸ਼ਕਿਲ ਉਸ ਸਮੇਂ ਹੈ ਜਦੋਂ ਬੁਖ਼ਾਰ ਨਾਲ ਕਿਸੇ ਹੋਰ ਬੀਮਾਰੀ ਜਿਵੇਂ ਮਲੇਰੀਆ, ਡੇਂਗੂ, ਟਾਈਫਾਈਡ ਦੀ ਸੰਭਾਵਨਾ ਵੀ ਨਜ਼ਰ ਆਉਂਦੀ ਹੋਵੇ ਤਾਂ ਕਾਵਾਸਾਕੀ ਦੇ ਲੱਛਣ ਅਗਲੇ ਚਾਰ ਤੋਂ ਪੰਜ ਦਿਨਾਂ ਵਿੱਚ ਦਿਖਾਈ ਦੇਣ ਲੱਗ ਪੈਂਦੇ ਹਨ।"

ਡਾਕਟਰ ਦਿਨੇਸ਼ ਕਹਿੰਦੇ ਹਨ, "ਇਸਦਾ ਇਲਾਜ ਸਧਾਰਨ ਹੈ ਪਰ ਮਹਿੰਗਾ ਹੈ। ਇਸ ਵਿੱਚ ਬੱਚੇ ਨੂੰ ਆਈਵੀਆਈਜੀ ਦੇ ਇੰਜੈਕਸ਼ਨ ਦਿੱਤੇ ਜਾਂਦੇ ਹਨ, ਇਹ ਕਾਫੀ ਮਹਿੰਗਾ ਹੁੰਦਾ ਹੈ। ਆਈਵੀਆਈਜੀ ਦੇ ਇੱਕ ਗ੍ਰਾਮ ਦੀ ਕੀਮਤ ਦਸ ਤੋਂ ਪੰਦਰਾਂ ਹਜ਼ਾਰ ਰੁਪਏ ਹੈ।"

"ਇਸ ਨੂੰ ਸਰੀਰ ਦੇ ਭਾਰ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਛੋਟੇ ਬੱਚਿਆਂ ਦਾ ਵਜ਼ਨ ਘੱਟ ਹੁੰਦਾ ਹੈ, ਇਸ ਲਈ ਲਾਗਤ ਵੀ ਘੱਟ ਹੁੰਦੀ ਹੈ, ਜਦੋਂ ਕਿ ਵੱਡੇ ਬੱਚਿਆਂ ਲਈ ਇਹ ਦਵਾਈ ਜ਼ਿਆਦਾ ਮਹਿੰਗੀ ਪੈਂਦੀ ਹੈ।"

ਮੁਨੱਵਰ ਫ਼ਾਰੂਕੀ

ਅਮਰੀਕਾ ਦੇ ਨੈਸ਼ਨਲ ਸੈਂਟਰ ਫ਼ਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਮੁਤਾਬਕ ਕਾਵਾਸਾਕੀ ਦੇ ਇਲਾਜ ਦੌਰਾਨ ਕੋਰੋਨਰੀ ਆਰਟਰੀਜ਼ ਦੀ ਸੋਜ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਸ ਬੀਮਾਰੀ ਦੇ ਦੋ ਤੋਂ ਚਾਰ ਹਫ਼ਤਿਆਂ ਬਾਅਦ ਕੋਰੋਨਰੀ ਆਰਟਰੀ ਐਨਿਉਰਿਜ਼ਮ (ਸੀਏਏ) ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਵਿੱਚ ਕੋਰੋਨਰੀ ਧਮਨੀਆਂ ਦਾ ਆਕਾਰ ਆਮ ਨਾਲੋਂ ਡੇਢ ਗੁਣਾ ਵੱਧ ਜਾਂਦਾ ਹੈ।

ਕਾਵਾਸਾਕੀ ਦੇ ਇਲਾਜ ਦੌਰਾਨ, ਮਰੀਜ਼ਾਂ ਨੂੰ ਹਰ ਦਸ ਤੋਂ ਬਾਰਾਂ ਘੰਟਿਆਂ ਬਾਅਦ ਆਈਵੀਆਈਜੀ ਅਤੇ ਐਸਪਰੀਨ ਦੀ ਹਾਈ ਡੋਜ਼ (ਏਐੱਸਏ) ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ-

ਮੁਨੱਵਰ ਫ਼ਾਰੂਕੀ ਨੇ ਕੀ ਦੱਸਿਆ?

ਇੰਟਰਵਿਊ ਦੌਰਾਨ ਮੁਨੱਵਰ ਫ਼ਾਰੂਕੀ ਨੇ ਕਿਹਾ, "ਮੇਰਾ ਬੇਟਾ ਜਦੋਂ ਡੇਢ ਸਾਲ ਦਾ ਸੀ, ਉਹ ਤਿੰਨ-ਚਾਰ ਦਿਨ ਲਈ ਬੀਮਾਰ ਹੋਇਆ ਸੀ। ਉਸ ਸਮੇਂ ਮੈਂ ਵਿਰਾਰ (ਮੁੰਬਈ) ਵਿੱਚ ਰਹਿੰਦਾ ਸੀ।"

"ਉਹ ਤਿੰਨ-ਚਾਰ ਦਿਨ ਬਿਮਾਰ ਰਿਹਾ, ਡਾਕਟਰ ਨੇ ਉਸ ਨੂੰ ਦਵਾਈ ਦਿੱਤੀ, ਪਰ ਉਹ ਠੀਕ ਨਹੀਂ ਹੋਇਆ।"

"ਪੰਜਵੇਂ ਦਿਨ ਅਸੀਂ ਉਸ ਨੂੰ ਲੈ ਕੇ ਹਸਪਤਾਲ ਗਏ, ਜਦੋਂ ਉਸ ਦੇ ਸਾਰੇ ਟੈਸਟ ਕੀਤੇ ਗਏ ਤਾਂ ਪਤਾ ਲੱਗਾ ਕਿ ਉਸ ਨੂੰ ਕਾਵਾਸਾਕੀ ਦੀ ਬੀਮਾਰੀ ਸੀ। ਇਸ ਬੀਮਾਰੀ ਕਾਰਨ ਦਿਲ ਦੇ ਨੇੜੇ ਸੋਜ ਆ ਜਾਂਦੀ ਹੈ।"

ਮੁਨੱਵਰ ਨੇ ਕਿਹਾ, ''ਇਸ ਤੋਂ ਬਾਅਦ ਮੈਂ ਗੂਗਲ ਕੀਤਾ ਅਤੇ ਬੀਮਾਰੀ ਬਾਰੇ ਪਤਾ ਲੱਗਾ। ਇਹ ਬੀਮਾਰੀ ਬਹੁਤ ਘੱਟ ਬੱਚਿਆਂ ਨੂੰ ਹੁੰਦੀ ਹੈ, ਅੰਕੜਿਆਂ ਮੁਤਾਬਕ ਦਸ ਲੱਖ ਵਿੱਚੋਂ ਇੱਕ ਬੱਚੇ ਨੂੰ ਹੁੰਦੀ ਹੈ।"

"ਡਾਕਟਰ ਨੇ ਕਿਹਾ ਕਿ ਇਸਦਾ ਇੱਕ ਇਲਾਜ ਹੈ, ਜਿਸ ਵਿੱਚ ਦਵਾਈ ਦਾ ਟੀਕਾ ਲਗਾਇਆ ਜਾਂਦਾ ਹੈ। ਇਸ ਵਿੱਚ ਤਿੰਨ ਟੀਕੇ ਲਗਾਏ ਜਾਂਦੇ ਹਨ ਅਤੇ ਉਹ ਕਿਸੇ ਮਸ਼ੀਨ ਰਾਹੀਂ ਦਿੱਤੇ ਜਾਂਦੇ ਹਨ। ਉਹ ਮਸ਼ੀਨ ਵੀ ਉਨ੍ਹਾਂ ਕੋਲ ਨਹੀਂ ਸੀ।"

ਮੁਨੱਵਰ ਫ਼ਾਰੂਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਨੱਵਰ ਫ਼ਾਰੂਕੀ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਦੇ ਬੇਟੇ ਨੂੰ ਕਾਵਾਸਾਕੀ ਦੀ ਬੀਮਾਰੀ ਸੀ ਤਾਂ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਸਨ

ਮੁਨੱਵਰ ਫ਼ਾਰੂਕੀ ਨੇ ਕਿਹਾ, "ਇੱਕ ਟੀਕੇ ਦੀ ਕੀਮਤ 25 ਹਜ਼ਾਰ ਰੁਪਏ ਸੀ। ਉਸ ਸਮੇਂ ਮੇਰੀ ਜੇਬ ਵਿੱਚ ਸੱਤ ਸੌ ਜਾਂ ਅੱਠ ਸੌ ਰੁਪਏ ਸਨ ਅਤੇ ਬੈਂਕ ਖ਼ਾਤੇ ਖ਼ਾਲੀ ਸਨ। ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਕਿਹਾ ਠੀਕ ਹੈ, ਮੈਂ ਲੈ ਕੇ ਆਉਂਦਾ ਹਾਂ।"

"ਮੈਂ ਮੁਸਕਰਾਉਂਦਿਆਂ ਬਹੁਤ ਹੀ ਸਹਿਜ ਪ੍ਰਤੀਕਿਰਿਆ ਦਿੱਤੀ। ਮੈਂ ਡਾਕਟਰ ਦੇ ਸਾਹਮਣੇ ਵੀ ਸ਼ਰਮਿੰਦਾ ਮਹਿਸੂਸ ਨਹੀਂ ਕਰਨਾ ਚਾਹੁੰਦਾ ਸੀ।

"ਮੈਂ ਉਨ੍ਹਾਂ ਦੇ ਸਾਹਮਣੇ ਇਸ ਤਰ੍ਹਾਂ ਵਿਵਹਾਰ ਕੀਤਾ ਕਿ ਠੀਕ ਹੈ, ਮੈਂ ਹੁਣੇ ਦੇ ਦੇਵਾਂਗਾ 75 ਹਜ਼ਾਰ ਰੁਪਏ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਬਹੁਤ ਹੀ ਸਹਿਜ ਹੋ ਕੇ ਪੌੜੀਆਂ ਤੋਂ ਹੇਠਾਂ ਉੱਤਰਿਆ ਅਤੇ ਅੱਧੇ ਘੰਟੇ ਲਈ ਹਸਪਤਾਲ ਦੇ ਬਾਹਰ ਇੱਕ ਜਗ੍ਹਾ 'ਤੇ ਸਥਿਰ ਖੜ੍ਹਾ ਰਿਹਾ। ਇਸ ਦੌਰਾਨ ਮੈਂ ਕੁਝ ਵੀ ਨਹੀਂ ਸੋਚ ਰਿਹਾ ਸੀ। ਇੱਕਦਮ ਬਲੈਂਕ ਸੀ।"

"ਜੇ ਮੈਂ ਆਪਣੀ ਜ਼ਿੰਦਗੀ ਵਿੱਚ ਕਿਤੇ ਵੀ ਡਰਿਆ ਹਾਂ, ਤਾਂ ਉਸ ਸਮੇਂ ਡਰਿਆ ਸੀ ਕਿ ਇਹ ਤਾਂ ਸੰਭਵ ਨਹੀਂ ਹੈ, ਮੈਂ ਇੰਨਾ ਪੈਸਾ ਕਿੱਥੋਂ ਲਿਆਵਾਂਗਾ।"

"ਉਸ ਸਮੇਂ ਮੈਨੂੰ ਲੱਗਾ ਕਿ ਇਹ ਪਲ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਪਲ ਹੈ।"

ਮੁਨੱਵਰ ਫ਼ਾਰੂਕੀ ਕਹਿੰਦੇ ਹਨ, "ਮੈਂ ਜਿੱਥੇ ਪਹਿਲਾਂ ਕੰਮ ਕਰਦਾ ਸੀ, ਉਨ੍ਹਾਂ ਨਾਲ ਗੱਲ ਕੀਤੀ ਸਭ ਕੁਝ ਦੱਸਿਆ, ਉਨ੍ਹਾਂ ਨੇ ਕਿਹਾ ਠੀਕ ਹੈ ਆ ਜਾ।"

ਫਿਰ ਮੈਂ ਵਿਰਾਰ ਤੋਂ ਮੁੰਬਈ ਸੈਂਟਰਲ ਰੇਲਗੱਡੀ ਰਾਹੀਂ ਗਿਆ ਅਤੇ ਤਿੰਨ ਘੰਟਿਆਂ ਦੇ ਅੰਦਰ-ਅੰਦਰ ਮੈਂ ਜਿਸ ਤਰ੍ਹਾਂ ਹਸਪਤਾਲ ਤੋਂ ਮੁਸਕਰਾਉਂਦੇ ਹੋਏ ਨਿਕਲਿਆ ਸੀ, ਉਸੇ ਤਰ੍ਹਾਂ ਪੈਸੇ ਅਤੇ ਟੀਕੇ ਲੈ ਕੇ ਵਾਪਸ ਆ ਗਿਆ।"

"ਪਰ ਮੈਨੂੰ ਯਾਦ ਹੈ ਕਿ ਮੈਂ ਕਿਸ ਹਾਲ ਵਿੱਚ ਗਿਆ ਸੀ ਅਤੇ ਜਦੋਂ ਮੈਂ ਪੈਸੇ ਲੈ ਕੇ ਆਇਆ ਤਾਂ ਵੀ ਮੈਂ ਕਿੰਨੀ ਸ਼ਰਮਿੰਦਗੀ ਵਿੱਚ ਆਇਆ ਸੀ।"

"ਸਾਰਾ ਸਮਾਂ ਮੈਂ ਇਹੀ ਸੋਚਦਾ ਰਿਹਾ ਸੀ ਕਿ ਮੈਂ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)