ਐਂਟੀਬਾਇਓਟਿਕਸ ਨੂੰ ਵੀ ਬੇਅਸਰ ਕਰਨ ਵਾਲੇ ਰੋਗਾਂ ਦੇ ਇਲਾਜ ਲਈ ਭਾਰਤ ਕੋਲ ਕਿਹੜੀਆਂ ਦਵਾਈਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਐਂਟੀਬਾਓਟਿਕਸ ਨੂੰ ਮੈਡੀਕਲ ਰੱਖਿਅਕ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਇੱਕ ਚਲਾਕ ਵਿਰੋਧੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹ ਬੈਕਟੀਰੀਆ ਜੋ ਅਕਸਰ ਬਦਲਦੇ ਰਹਿੰਦੇ ਹਨ ਅਤੇ ਅਨੁਕੂਲ ਹੁੰਦੇ ਹਨ , ਉਹ ਉਨ੍ਹਾਂ ਦਵਾਈਆਂ ਨੂੰ ਮਾਤ ਦੇ ਦਿੰਦੇ ਹਨ ਜੋ ਉਨ੍ਹਾਂ ਨੂੰ ਮਾਰਨ ਅਤੇ ਉਨ੍ਹਾਂ ਦੁਆਰਾ ਫੈਲਾਈ ਗਈ ਲਾਗ ਨੂੰ ਠੀਕ ਕਰਨ ਬਣਾਈਆਂ ਜਾਂਦੀਆਂ ਹਨ।
ਮੈਡੀਕਲ ਜਨਰਲ ਦਿ ਲੇਸੈਂਟ ਮੁਤਾਬਕ, ਸਾਲ 2021 ਵਿੱਚ ਇਹ ਐਂਟੀਬਾਓਟਿਕਸ ਨੂੰ ਹਰਾਉਣ ਵਾਲੇ ʻਸੁਪਰਬੱਗਸʼ ਸਿੱਧੇ ਤੌਰ 'ਤੇ ਦੁਨੀਆਂ ਭਰ ਵਿੱਚ 11 ਲੱਖ 40 ਹਜ਼ਾਰ ਮੌਤਾਂ ਦਾ ਕਾਰਨ ਬਣੇ।
ਕਈ ਲਾਗਾਂ ਖ਼ਿਲਾਫ਼ ਬਚਾਅ ਦੀ ਪਹਿਲੀ ਕਤਾਰ ਵਿੱਚ ਰੱਖੇ ਜਾਂਦੇ ਐਂਟੀਬਾਓਟਿਕਸ ਜ਼ਿਆਦਾਤਰ ਕੇਸਾਂ ਵਿੱਚ ਕੰਮ ਨਹੀਂ ਕਰਦੇ।
ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜੋ ʻਐਂਟੀਮਾਈਕ੍ਰੋਬੀਅਲ ਰਜ਼ਿਸਟੈਂਸʼ (ਐਂਟੀਬਾਓਟਿਕ ਦਵਾਈਆਂ ਕੁਝ ਬੈਕਟੀਰੀਆ ਉੱਤੇ ਕੰਮ ਨਹੀਂ ਕਰਦੀਆਂ) ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਸਿਰਫ਼ 2019 ਵਿੱਚ ਹੀ ਐਂਟੀਬਾਓਟਿਕਸ-ਰਜ਼ਿਸਟੈਂਸ ਲਾਗ਼ ਕਾਰਨ ਕਰੀਬ ਤਿੰਨ ਲੱਖ ਮੌਤਾਂ ਹੋਈਆਂ।
ਇਕੱਲੇ ਇਹ ਲਾਗ਼ ਹਰ ਸਾਲ 60 ਹਜ਼ਾਰ ਨਵ ਜੰਮੇ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਹਨ।

ਸਥਾਨਕ ਪੱਧਰ ʼਤੇ ਵਿਕਸਿਤ ਕੀਤੀਆਂ ਗਈਆਂ ਦਵਾਈਆਂ ਵਿੱਚ ਐਂਟੀਬਾਓਟਿਕਸ-ਰਜ਼ਿਸਟੈਂਸ ਜਰਾਸੀਮ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਜ਼ਰ ਆਉਂਦੀ ਹੈ, ਇਸ ਲਈ ਕੁਝ ਆਸ ਬਰਕਰਾਰ ਹੈ।
ਉਹ ਆਖਰੀ ਹੱਇੱਕ ਪਾਸਾ ਪਲਟ ਦੇਣ ਵਾਲਾ ਹੱਲ ਵੀ ਪੇਸ਼ ਕਰਦੇ ਹਨ।
ਚੇਨੱਈ ਦੀ ਓਰਕਿਡ ਫਾਰਮਾ ਵੱਲੋਂ ਤਿਆਰ ਐਨਮੈਟਾਜ਼ੋਬੈਕਟਮ ਭਾਰਤ ਦਾ ਪਹਿਲਾ ਐਂਟੀਮਾਈਕ੍ਰੋਬੀਅਲ ਹੈ, ਜਿਸ ਨੂੰ ਅਮਰੀਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਨੇ ਮਾਨਤਾ ਦਿੱਤੀ ਹੈ।
ਇਹ ਟੀਕਾ ਕਈ ਲਾਗ਼ਾਂ ਜਿਵੇਂ ਯੂਰੀਨਰੀ ਟ੍ਰੈਕਟ ਇਨਫੈਕਸ਼ (ਯੂਟੀਆਈਜ਼), ਨਿਮੂਨੀਆ ਅਤੇ ਖੂਨ ਦਾ ਪ੍ਰਵਾਹ ਵਰਗੀਆਂ ਗੰਭੀਰ ਲਾਗ਼ਾਂ ਦਾ ਇਲਾਜ ਕਰਦੀ ਹੈ, ਜੋ ਬੈਕਟੀਰੀਆ ਦੀ ਬਜਾਇ ਬੈਕਟੀਰੀਆ ਦੇ ਰੱਖਿਆ ਤੰਤਰ ਨੂੰ ਨਿਸ਼ਾਨਾ ਬਣਾਉਂਦੀ ਹੈ।
ਬੈਕਟੀਰੀਆ ਅਕਸਰ ਬੀਟਾ -ਲੈਕਟਾਮੇਜ਼ ਵਰਗੇ ਐਨਜ਼ਾਈਮ ਪੈਦਾ ਕਰਦਾ ਹੈ, ਜੋ ਐਂਟੀਬਾਓਟਿਕਸ ਨੂੰ ਨਸ਼ਟ ਕਰ ਦਿੰਦੇ ਹਨ। ਐਨਮੈਟਾਜ਼ੋਬੈਕਟਮ ਉਨ੍ਹਾਂ ਐਨਜ਼ਾਈਮਜ਼ ਨਾਲ ਕੱਸ ਕੇ ਜੁੜ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੇਅਸਰ ਕਰ ਦਿੰਦਾ ਹੈ ਅਤੇ ਐਂਟੀਬਾਓਟਿਕਸ ਨੂੰ ਬੈਕਟੀਰੀਆ ਨੂੰ ਪ੍ਰਭਾਵੀ ਢੰਗ ਨਾਲ ਮਾਰਨ ਵਿੱਚ ਮਦਦ ਕਰਦਾ ਹੈ।
ਇਹ ਕਾਰਬਾਪੇਨਮ ਸਣੇ ਹੋਰਨਾਂ ਐਂਟੀਬਾਓਟਿਕਸ ਦਵਾਈਆਂ ਨੂੰ ਵੀ ਅਸਰਦਾਰ ਬਣਾਈ ਰੱਖਦਾ ਹੈ, ਜੋ ਭਰੋਸੇਯੋਗ ʻਰੱਖਿਆ ਦੀ ਆਖ਼ਰੀ ਕਤਾਰʼ ਵਾਲੀਆਂ ਦਵਾਈਆਂ ਹਨ।
ਇਸ ਦੇ 19 ਦੇਸ਼ਾਂ ਵਿੱਚ ਟ੍ਰਾਇਲ ਹੋਏ ਹਨ ਅਤੇ ਇੱਕ ਹਜ਼ਾਰ ਤੋਂ ਵੱਧ ਮਰੀਜ਼ਾਂ ʼਤੇ ਪ੍ਰਭਾਵ ਦੇਖੇ ਗਏ, ਇਸ ਦਵਾਈ ਨੂੰ ਗਲੋਬਲ ਰੈਗੁਲੈਟਰੀਆਂ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।
ਦਵਾਈ ਦੇ ਪ੍ਰਮੁੱਖ ਸਹਿ-ਕਾਢੀ ਡਾ. ਮਨੀਸ਼ ਪੌਲ ਨੇ ਬੀਬੀਸੀ ਨੂੰ ਦੱਸਿਆ, "ਇਸ ਦਵਾਈ ਨੇ ਸਾਲਾਂ ਤੋਂ ਵਿਕਸਿਤ ਹੋਏ ਬੈਕਟੀਰੀਆ ਖ਼ਿਲਾਫ਼ ਅਹਿਮ ਪ੍ਰਭਾਵ ਦਿਖਾਇਆ ਹੈ । ਇਸ ਨੂੰ ਹਸਪਤਾਲਾਂ ਵਿੱਚ ਗੰਭੀਰ ਤੌਰ ʼਤੇ ਬਿਮਾਰ ਰੋਗੀਆਂ ਨੂੰ ਇੰਟਰਾਵੇਨਸ (ਆਈਵੀ) ਰਾਹੀਂ ਦਿੱਤਾ ਜਾਂਦਾ ਹੈ ਅਤੇ ਕਾਊਂਟਰ ʼਤੇ ਉਪਲਬਧ ਨਹੀਂ ਹੈ।"

ਤਸਵੀਰ ਸਰੋਤ, Getty Images
97 ਫੀਸਦ ਸਫ਼ਲਤਾ ਦਰ
ਮੁੰਬਈ ਸਥਿਤ ਵਾਕਹਾਰਟ ਜ਼ੈਨਿਚ ਨਾਮ ਦੀ ਨਵੀਂ ਐਂਟੀਬਾਓਟਿਕ ਨੂੰ ਗੰਭੀਰ ਲਾਗ਼ਾਂ ਦੇ ਇਲਾਜ ਲਈ ਪਰਖ ਰਿਹਾ ਹੈ।
25 ਸਾਲਾਂ ਵਿੱਚ ਵਿਕਸਿਤ ਕੀਤੀ ਗਈ ਇਹ ਦਵਾਈ ਵਰਤਮਾਨ ਵਿੱਚ ਗੇੜ-3 ਪਰੀਖਣਾਂ ਵਿੱਚ ਹੈ ਅਤੇ ਇਸ ਦੇ ਅਗਲੇ ਸਾਲ ਲਾਂਚ ਹੋਣ ਦੀ ਆਸ ਹੈ।
ਵਾਕਹਾਰਟ ਦੇ ਫਾਊਂਡਰ ਚੇਅਰਮੈਨ ਡਾ. ਹਬੀਬ ਖੋਰਾਕੀਵਾਲਾ ਨੇ ਜ਼ੈਨਿਚ ਨੂੰ "ਇੱਕ ਬੇਹੱਦ ਸ਼ਾਨਦਾਰ, ਆਪਣੇ-ਆਪ ਵਿੱਚ ਇੱਕ ਨਵਾਂ ਐਂਟੀਬਾਓਟਿਕਸ ਦੱਸਿਆ ਹੈ, ਜਿਸ ਨੂੰ ਸਾਰੇ ਪ੍ਰਮੁੱਖ ਸੁਪਰਬੱਗਸ ਨਾਲ ਲੜਨ ਲਈ ਵਿਕਸਿਤ ਕੀਤਾ ਗਿਆ ਹੈ।"
ਡਾ. ਖੋਰਾਕੀਵਾਲਾ ਕਹਿੰਦੇ ਹਨ, "ਇਸ ਨੂੰ ਭਾਰਤ ਵਿੱਚ 30 ਗੰਭੀਰ ਤੌਰ ʼਤੇ ਰੋਗੀਆਂ ਨੂੰ ਹਮਦਰਦੀ ਦੇ ਆਧਾਰ ਦੇ ਦਿੱਤਾ ਗਿਆ ਸੀ, ਜਿਨ੍ਹਾਂ ʼਤੇ ਕਿਸੇ ਹੋਰ ਐਂਟੀਬਾਓਟਿਕਸ ਦਾ ਕੋਈ ਅਸਰ ਨਹੀਂ ਹੋਇਆ ਸੀ। ਮਹੱਤਵਪੂਰਨ ਤੌਰ ʼਤੇ ਸਾਰੇ ਬੱਚ ਗਏ।"
ਤੀਜੇ ਗੇੜ ਦੇ ਟ੍ਰਾਇਲ ਵਿੱਚ ਵਾਕਹਾਰਟ ਦਾ ਨੈਫਿਥਰੋਮਾਈਸਿਨ ਵੀ ਸ਼ਾਮਲ ਹੈ, ਜਿਸਨੂੰ MIQNAF ਵਜੋਂ ਟ੍ਰੇਡਮਾਰਕ ਕੀਤਾ ਗਿਆ ਹੈ, ਇਹ ਕਮਿਊਨਿਟੀ-ਐਕਵਾਇਰਡ ਬੈਕਟੀਰੀਆ ਵਾਲੇ ਨਿਮੂਨੀਆ ਲਈ ਤਿੰਨ ਦਿਨਾਂ ਦਾ ਮੌਖਿਕ ਇਲਾਜ ਹੈ।
ਇਸ ਦੀ ਸਫਲਤਾ ਦਰ 97 ਫੀਸਦ ਹੈ। ਇਸ ਬਿਮਾਰੀ ਦੇ ਲਈ ਮੌਜੂਦਾ ਇਲਾਜਾਂ ਵਿੱਚ 60 ਫੀਸਦ ਤੱਕ ਪ੍ਰਤੀਰੋਧ ਹੈ।

ਤਸਵੀਰ ਸਰੋਤ, Getty Images
ਇਸਦੇ ਪਰੀਖਣ ਅਗਲੇ ਸਾਲ ਖ਼ਤਮ ਹੋਣ ਵਾਲੇ ਹਨ ਅਤੇ ਇੱਕ ਵਾਰ ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਕੰਪਨੀ ਦਾ ਕਹਿਣਾ ਹੈ ਕਿ ਇਸਨੂੰ ਅਗਲੇ ਸਾਲ ਦੇ ਅੰਤ ਤੱਕ ਵਪਾਰਕ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਬੈਂਗਲੁਰੂ ਦੀ 30-ਮੈਂਬਰੀ ਬਾਇਓਫਾਰਮਾ ਫਰਮ ਬਗਵਰਕਸ ਰਿਸਰਚ ਨੇ ਗੰਭੀਰ ਦਵਾਈ-ਰੋਧਕ ਲਾਗਾਂ ਦੇ ਇਲਾਜ ਲਈ ਐਂਟੀਬਾਇਓਟਿਕ ਦਵਾਈਆਂ ਦੀ ਇੱਕ ਨਵੀਂ ਸ਼੍ਰੇਣੀ ਵਿਕਸਿਤ ਕਰਨ ਲਈ ਜਿਨੇਵਾ ਦੀ ਇੱਕ ਗ਼ੈਰ-ਮੁਨਾਫ਼ਾ ਗਲੋਬਲ ਐਂਟੀਬਾਇਓਟਿਕ ਰਿਸਰਚ ਐਂਡ ਡੇਵਲੈਪਮੈਂਟ ਜਾਂ ਜੀਏਆਰਡੀਪੀ ਨਾਲ ਭਾਈਵਾਲੀ ਕੀਤੀ ਹੈ।
ਇਹ ਦਵਾਈ ਇਸ ਸਮੇਂ ਸ਼ੁਰੂਆਤੀ ਪਹਿਲੇ ਗੇੜ ਦੇ ਪਰੀਖਣਾਂ ਵਿੱਚ ਹੈ ਅਤੇ ਮਾਰਕੀਟ ਤੱਕ ਪਹੁੰਚਣ ਲਈ ਪੰਜ ਤੋਂ ਅੱਠ ਸਾਲ ਲੱਗਣਗੇ।
ਬਗਵਰਕਸ ਦੇ ਸੀਈਓ ਆਨੰਦ ਆਨੰਦਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਐਂਟੀਬਾਇਓਟਿਕਸ ਘੱਟ ਅਸਰਦਾਰ ਹੋ ਰਹੇ ਹਨ ਪਰ ਵੱਡੀ ਕਮਾਈ ਕੈਂਸਰ, ਸ਼ੂਗਰ ਅਤੇ ਹੋਰ ਬਿਮਾਰੀਆਂ ਲਈ ਦਵਾਈਆਂ ਵਿੱਚ ਹੈ, ਐਂਟੀਬਾਇਓਟਿਕਸ ਵਿੱਚ ਨਹੀਂ।"
"ਇੱਥੇ ਬਹੁਤ ਨਵੇਂ ਵਿਚਾਰਾਂ ਦੀ ਘਾਟ ਹੈ ਕਿਉਂਕਿ ਵੱਡੀਆਂ ਫਾਰਮਾ ਕੰਪਨੀਆਂ ਐਂਟੀਬਾਇਓਟਿਕ 'ਤੇ ਧਿਆਨ ਨਹੀਂ ਦੇ ਰਹੀਆਂ ਹਨ ਪਰ ਸਾਡੇ ਫੰਡਾਂ ਦਾ 10 ਫੀਸਦ ਤੋਂ ਘੱਟ ਹਿੱਸਾ ਭਾਰਤ ਤੋਂ ਆਉਂਦਾ ਹੈ।"
ਪਰ ਇਸ ਨੂੰ ਬਦਲਣ ਦੀ ਲੋੜ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ 2023 ਡਰੱਗ ਪ੍ਰਤੀਰੋਧ ਨਿਗਰਾਨੀ ਰਿਪੋਰਟ ਨੇ ਐਂਟੀਬਾਇਓਟਿਕ ਪ੍ਰਤੀਰੋਧ ਵਿੱਚ ਚਿੰਤਾਜਨਕ ਰੁਝਾਨਾਂ ਨੂੰ ਉਜਾਗਰ ਕੀਤਾ।
ਇਸ ਨੇ ਪੂਰੇ ਭਾਰਤ ਦੇ 21 ਸਪੈਸ਼ਲ ਕੇਅਰ ਹਸਪਤਾਲਾਂ ਤੋਂ ਲਗਭਗ ਇੱਕ ਲੱਖ ਬੈਕਟੀਰੀਆ ਕਲਚਰ ਦਾ ਵਿਸ਼ਲੇਸ਼ਣ ਕੀਤਾ ਹੈ।

ਤਸਵੀਰ ਸਰੋਤ, Getty Images
'ਪਿਛਲੀਆਂ ਗ਼ਲਤੀਆਂ ਤੋਂ ਸਿੱਖਣ ਦੀ ਲੋੜ'
ਈ.ਕੋਲੀ, ਜੋ ਆਮ ਤੌਰ 'ਤੇ ਦੂਸ਼ਿਤ ਭੋਜਨ ਦੇ ਸੇਵਨ ਤੋਂ ਬਾਅਦ ਮਨੁੱਖਾਂ ਅਤੇ ਜਾਨਵਰਾਂ ਦੀਆਂ ਅੰਤੜੀਆਂ ਵਿੱਚ ਪਾਇਆ ਜਾਂਦਾ ਹੈ।
ਇਸ ਤੋਂ ਬਾਅਦ ਕਲੈਬਸਿਏਲਾ ਨਿਊਮੋਨੀਆ ਆਇਆ, ਜੋ ਨਿਮੂਨੀਆ ਦਾ ਕਾਰਨ ਬਣ ਸਕਦਾ ਹੈ ਅਤੇ ਖੂਨ ਨੂੰ ਵੀ ਸੰਕਰਮਿਤ ਕਰ ਸਕਦਾ ਹੈ।
ਇਸ ਦੇ ਨਾਲ ਹੀ ਚਮੜੀ ਅਤੇ ਦਿਮਾਗ਼ ਦੀ ਪਰਤ ਵਿੱਚ ਕੱਟ ਲਗਾ ਕੇ ਮੈਨਿਨਜਾਈਟਿਸ ਦਾ ਕਾਰਨ ਬਣ ਸਕਦਾ ਹੈ।
ਇਸ ਤੋਂ ਬਾਅਦ ਐਸੀਨੇਟੋਬੈਕਟਰ ਬਾਉਮਾਨੀ ਨਾਮ ਦੀ ਇੱਕ ਬਹੁ-ਦਵਾਈ-ਰੋਧਕ ਜਰਾਸੀਮ ਪੈਦਾ ਹੋਇਆ, ਜੋ ਕਿ ਕ੍ਰਿਟੀਕਲ ਕੇਅਰ ਯੂਨਿਟਾਂ ਵਿੱਚ ਲਾਈਫ ਸਪੋਰਟ ਸਿਸਟਮ 'ਤੇ ਮਰੀਜ਼ਾਂ ਦੇ ਫੇਫੜਿਆਂ 'ਤੇ ਹਮਲਾ ਕਰਦਾ ਹੈ।
ਸਰਵੇਖਣ ਵਿੱਚ ਦੇਖਿਆ ਗਿਆ ਕਿ ਈ.ਕੋਲੀ ਦੇ ਖ਼ਿਲਾਫ਼ ਐਂਟੀਬਾਇਓਟਿਕ ਦੀ ਪ੍ਰਭਾਵਸ਼ੀਲਤਾ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਜਦਕਿ ਕਲੇਬਸੀਏਲਾ ਨਿਊਮੋਨੀਆ ਨੇ ਡਰੱਗ ਪ੍ਰਤੀਰੋਧ ਵਿੱਚ ਚਿੰਤਾਜਨਕ ਵਾਧਾ ਦਿਖਾਇਆ ਹੈ।
ਡਾਕਟਰਾਂ ਨੇ ਦੇਖਿਆ ਹੈ ਕਿ ਇਨ੍ਹਾਂ ਜਰਾਸੀਮਾਂ ਕਾਰਨ ਹੋਣ ਵਾਲੀਆਂ ਲਾਗਾਂ ਦੇ ਇਲਾਜ ਵਿੱਚ ਕੁਝ ਮੁੱਖ ਐਂਟੀਬਾਓਟਿਕਸ 15 ਫੀਸਦ ਤੋਂ ਘੱਟ ਪ੍ਰਭਾਵਸ਼ਾਲੀ ਸਨ। ਸਭ ਤੋਂ ਵੱਧ ਚਿੰਤਾ ਦੀ ਗੱਲ ਕਾਰਬਾਪੇਨੇਮਜ਼ ਪ੍ਰਤੀ ਵੱਧਦਾ ਵਿਰੋਧ ਸੀ, ਇੱਕ ਮਹੱਤਵਪੂਰਨ ਆਖ਼ਰੀ ਸਹਾਰਾ ਐਂਟੀਬਾਇਓਟਿਕ ਹੈ।
ਜੀਆਰਡੀਪੀ ਦੀ ਕਾਰਜਕਾਰੀ ਨਿਰਦੇਸ਼ਕ ਡਾ. ਮਨਿਕਾ ਬਾਲਸੇਗਰਮ ਨੇ ਬੀਬੀਸੀ ਨੂੰ ਦੱਸਿਆ, "ਇਹ ਬੈਕਟੀਰੀਆ ਨਾਲ ਖੇਡਣ ਵਾਂਗ ਹੈ। ਉਹ ਬਹੁਤ ਤੇਜ਼ ਰਫ਼ਤਾਰ ਨਾਲ ਵਿਕਸਤ ਹੁੰਦੇ ਹਨ ਅਤੇ ਅਸੀਂ ਹਮੇਸ਼ਾ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਦੇ ਰਹਿੰਦੇ ਹਾਂ ਤੁਸੀਂ ਇੱਕ ਨੂੰ ਹਟਾਉਂਦੇ ਹੋ ਤਾਂ ਦੂਜਾ ਉੱਭਰਦਾ ਹੈ। ਸਾਨੂੰ ਹੋਰ ਨਵੀਆਂ ਖੋਜਾਂ ਅਤੇ ਪਿਛਲੀਆਂ ਗਲਤੀਆਂ ਸਿੱਖਣ ਦੀ ਲੋੜ ਹੈ।"

ਤਸਵੀਰ ਸਰੋਤ, AFP
ਹੈਰਾਨੀ ਦੀ ਗੱਲ ਨਹੀਂ ਹੈ, ਜੀਆਰਡੀਪੀ ਭਾਰਤ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਇਹ ਹੈਦਰਾਬਾਦ-ਅਧਾਰਤ ਓਰੀਜੇਨ ਫਾਰਮਾਸਿਊਟੀਕਲ ਸਰਵਿਸਿਜ਼ ਦੇ ਨਾਲ ਮਿਲ ਕੇ ਜ਼ੋਲੀਫਲੋਡਾਸੀਨ ਦਾ ਉਤਪਾਦਨ ਕਰ ਰਿਹਾ ਹੈ, ਜੋ ਗੋਨੋਰੀਆ ਲਈ ਇੱਕ ਨਵੀਂ ਓਰਲ ਐਂਟੀਬਾਇਓਟਿਕ ਹੈ।
ਕਿਉਂਕਿ ਜਿਨਸੀ ਤੌਰ 'ਤੇ ਫੈਲਣ ਵਾਲੀ ਇਹ ਬਿਮਾਰੀ ਐਂਟੀਬਾਇਓਟਿਕਸ ਨੂੰ ਬੇਅਸਰ ਕਰਨ ਵੱਲ ਤੇਜ਼ੀ ਨਾਲ ਵੱਧ ਰਹੀ ਹੈ ।
ਜੀਆਰਡੀਪੀ ਨੇ ਜਾਪਨ ਦੀ ਫਾਰਮਾ ਕੰਪਨੀ ਸ਼ਿਓਨੋਗੀ ਨਾਲ ਮਿਲ ਕੇ 135 ਦੇਸ਼ਾਂ ਵਿੱਚ ਸੇਫਿਡਰੋਕੋਲ ਵੰਡਣ ਲਈ ਭਾਈਵਾਲੀ ਕੀਤੀ ਹੈ।
ਭਾਰਤ ਵਿੱਚ ਉਤਪਦਾਨ ਦੀ ਯੋਜਨਾ ਦੇ ਨਾਲ ਯੂਟੀਆਈ ਅਤੇ ਹਸਪਤਾਲ ਵਿੱਚ ਹੋਣ ਵਾਲੇ ਨਿਮੂਨੀਆ ਵਰਗੇ ਲਾਗ਼ਾਂ ਲਈ ਇੱਕ ਸਫ਼ਲ ਐੱਡੀਏ-ਮਨਜ਼ੂਰਸ਼ੁਧਾ ਐਂਟੀਬਾਓਟਿਕ ਹੈ।
ਪਰ ਇਹ ਕਹਾਣੀ ਦਾ ਸਿਰਫ ਹਿੱਸਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਦਵਾਈਆਂ ਦੀ ਤਜਵੀਜ਼ ਦੇ ਨੁਸਖ਼ੇ ਲਿਖਣ ਦੇ ਤਰੀਕਿਆਂ ਵਿੱਚ ਤਤਕਾਲ ਸੁਧਾਰ ਦੀ ਲੋੜ ਹੈ।
ਬ੍ਰਾਡ-ਸਪੈਕਟ੍ਰਮ ਐਂਟੀਬਾਇਓਟਿਕਸ ਦੀ ਵਿਆਪਕ ਵਰਤੋਂ, ਬੈਕਟੀਰੀਆ ਦੀਆਂ ਕਈ ਕਿਸਮਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਪਰ ਚੰਗੇ ਬੈਕਟੀਰੀਆ ਨੂੰ ਵੀ ਮਾਰ ਸਕਦੀ ਹੈ, ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ ਅਤੇ ਐਂਟੀਬਾਇਓਟਿਕ ਪ੍ਰਤੀਰੋਧ ਨੂੰ ਵਧਾ ਸਕਦੀ ਹੈ। ਡਰੱਗ-ਰੋਧਕ ਬੈਕਟੀਰੀਆ ਮਿਊਟੈਂਟਸ ਦੇ ਉਭਾਰ ਨੂੰ ਉਤਸ਼ਾਹਿਤ ਦਵਾਈ ਪ੍ਰਤੀਰੋਧਕ ਨੂੰ ਵਧਾਵਾ ਦਿੰਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਬਜਾਏ ਨੈਰੋ-ਸਪੈਕਟ੍ਰਮ ਐਂਟੀਬਾਇਓਟਿਕਸ ਦਵਾਈਆਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਪਰ ਹਸਪਤਾਲਾਂ ਵਿੱਚ ਅਕਸਰ ਐਂਟੀਬਾਇਓਟਿਕਸ ਮਾਈਕਰੋਬਾਇਓਲੋਜੀ-ਅਧਾਰਤ ਐਂਟੀਬਾਇਓਟਿਕ ਦਿਸ਼ਾ-ਨਿਰਦੇਸ਼ ਦੀ ਘਾਟ ਹੁੰਦੀ ਹੈ।
ਇਸ ਕਾਰਨ ਡਾਕਟਰਾਂ ਨੂੰ ਵਿਆਪਕ ਤੌਰ ʼਤੇ ਦਵਾਈਆਂ ਲਿਖਣੀਆਂ ਪੈਂਦੀਆਂ ਹਨ।

ਤਸਵੀਰ ਸਰੋਤ, Getty Images
ਆਈਸੀਐੱਮਆਰ ਦੇ ਵਿਗਿਆਨੀ ਡਾ. ਕਾਮਿਨੀ ਵਾਲੀਆ ਨੇ ਚੇਤਾਨਵੀ ਦਿੰਦੇ ਹੋਏ ਕਿਹਾ, "ਮੈਂ ਯਕੀਨਨ ਤੌਰ ʼਤੇ ਉਤਸ਼ਾਹਿਤ ਹਾਂ ਕਿ ਸਾਡੇ ਕੋਲ ਇਹ ਨਵੀਆਂ ਦਵਾਈਆਂ ਹੋਣਗੀਆਂ।"
"ਪਰ ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਇੱਕ ਤੰਤਰ ਬਣਾਈਏ ਤਾਂ ਜੋ ਇਨ੍ਹਾਂ ਦੀ ਦੁਰਵਰਤੋਂ ਨਾ ਹੋਵੇ, ਜਿਵੇਂ ਕਿ ਅਸੀਂ ਪਹਿਲਾਂ ਕੀਤਾ ਹੈ। ਗ਼ਲਤ ਅਤੇ ਗੈਰ-ਜ਼ਿੰਮੇਵਾਰਾਨਾ ਵਰਤੋਂ ਇਹਨਾਂ ਨਵੀਆਂ ਦਵਾਈਆਂ ਦੀ ਲੰਮੀ ਉਮਰ ਨੂੰ ਖ਼ਤਰੇ ਵਿੱਚ ਪਾ ਦੇਵੇਗੀ।"
ਬੈਕਟੀਰੀਆ ਦਾ ਤੇਜ਼ੀ ਨਾਲ ਪਰਿਵਰਤਨ, ਜੋ ਘੰਟਿਆਂ ਵਿੱਚ ਵਿਕਸਤ ਹੋ ਸਕਦਾ ਹੈ, ਇਸ ਲਈ ਇਸ ਪ੍ਰਤੀ ਤੁਰੰਤ ਸੰਪੂਰਨ ਪਹੁੰਚ ਦੀ ਲੋੜ।
ਇਸ ਵਿੱਚ ਬਿਹਤਰ ਪਾਣੀ, ਸਵੱਛਤਾ ਅਤੇ ਸਫਾਈ ਦੁਆਰਾ ਲਾਗਾਂ ਨੂੰ ਘਟਾਉਣਾ, ਵੈਕਸੀਨ ਲੈਣ ਵਿੱਚ ਸੁਧਾਰ ਕਰਨਾ, ਹਸਪਤਾਲ ਦੀਆਂ ਲਾਗ਼ ਕੰਟਰੋਲ ਨੀਤੀਆਂ ਨੂੰ ਮਜ਼ਬੂਤ ਕਰਨਾ, ਡਾਕਟਰਾਂ ਨੂੰ ਸਿੱਖਿਆ ਦੇਣਾ ਅਤੇ ਮਰੀਜ਼ਾਂ ਦੁਆਰਾ ਖ਼ੁਦ ਦੇ ਇਲਾਜ ਨੂੰ ਰੋਕਣਾ ਸ਼ਾਮਲ ਹੈ।
ਡਾ. ਵਾਲੀਆ ਕਹਿੰਦੇ ਹਨ, “ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ ਦਾ ਮੁਕਾਬਲਾ ਕਰਨਾ ਇੱਕ ਗੁੰਝਲਦਾਰ, ਬਹੁ-ਆਯਾਮੀ ਚੁਣੌਤੀ ਹੈ ਜੋ ਸਿਹਤ ਸੰਭਾਲ ਅਤੇ ਪ੍ਰਣਾਲੀਗਤ ਜਵਾਬਦੇਹੀ ਨਾਲ ਜੁੜੀ ਹੋਈ ਹੈ।"
ਸੁਨੇਹਾ ਸਪੱਸ਼ਟ ਹੈ, ਜੇਕਰ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਭਵਿੱਖ ਨੂੰ ਜੋਖ਼ਮ ਵਿੱਚ ਪਾਉਂਦੇ ਹਾਂ ਜਿੱਥੇ ਮੁਕਾਬਲਤਨ ਮਾਮੂਲੀ ਲਾਗਾਂ ਦਾ ਵੀ ਹੁਣ ਇਲਾਜ ਵੀ ਨਹੀਂ ਰਹਿ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












