ਸੋਸ਼ਲ ਮੀਡੀਆ ਦੇ 'ਨੀਮ ਹਕੀਮ ਦੇ ਨੁਸਖ਼ੇ' ਕਿਵੇਂ ਸਿਹਤ ਲਈ ਵੱਡਾ ਖ਼ਤਰਾ ਬਣ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਜੈਕੀ ਵੇਕਫੀਲਡ
- ਰੋਲ, ਬੀਬੀਸੀ ਨਿਊਜ਼
ਸੋਫ਼ੀ ਪਿਛਲੇ 12 ਸਾਲਾਂ ਤੋਂ ਪੀਸੀਓਐੱਸ ਤੋਂ ਪੀੜਤ ਸਨ। ਇਸ ਕਾਰਨ ਉਹ ਮਾਹਵਾਰੀ ਦੌਰਾਨ ਅਸਹਿ ਦਰਦ ਝੱਲ ਰਹੇ ਸਨ। ਉਹ ਲਗਤਾਰ ਵੱਧ ਰਹੇ ਭਾਰ, ਤਣਾਅ ਅਤੇ ਥਕਾਨ ਤੋਂ ਵੀ ਗ੍ਰਸਤ ਸਨ।
ਪੀਸੀਓਐੱਸ ਤੋਂ ਭਾਵ ਪੋਲੀਸਿਸਟਿਕ ਓਵਰੀ ਸਿੰਡਰਾਮ ਹੋਣ ਦੀ ਪੁਸ਼ਟੀ ਹੋਣਾ ਹੈ। ਪੀਸੀਓਐੱਸ ਇੱਕ ਹਾਰਮੋਨ ਸੰਬੰਧਿਤ ਸਥਿਤੀ ਹੈ ਜੋ 10 ਮਗਰ ਇੱਕ ਔਰਤ ਨੂੰ ਪ੍ਰਭਾਵਿਤ ਕਰਦੀ ਹੈ। ਲੇਕਿਨ ਸੋਫ਼ੀ ਨੂੰ ਡਾਕਟਰੀ ਮਦਦ ਹਾਸਲ ਕਰਨ ਲਈ ਉਮੀਦ ਨਾਲੋਂ ਜ਼ਿਆਦਾ ਸੰਘਰਸ਼ ਕਰਨਾ ਪਿਆ।
ਆਪਣੀ ਤਲਾਸ਼ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਆਪਣਾ ਇਲਾਜ ਖੁਦ ਹੀ ਕਰਨ ਦਾ ਫੈਸਲਾ ਲਿਆ। ਆਪਣੀ ਭਾਲ ਦੌਰਾਨ ਉਨ੍ਹਾਂ ਨੂੰ ਇੰਸਟਾਗ੍ਰਾਮ ਉੱਤੇ ਕੁਰਟਨੀ ਸਿਮਾਂਗ ਬਾਰੇ ਪਤਾ ਲੱਗਿਆ।

ਕੁਰਟਨੀ ਨੇ ਦਾਅਵਾ ਕੀਤਾ ਕਿ ਉਹ ਪੀਸੀਓਐੱਸ ਦੀ ਜੜ੍ਹ ਦਾ ਇਲਾਜ ਕਰਦੇ ਹਨ। ਹਾਲਾਂਕਿ ਸਾਇੰਸਦਾਨਾਂ ਨੇ ਅਜੇ ਤੱਕ ਇਸ ਬੀਮਾਰੀ ਦੀ ਜੜ੍ਹ ਦੀ ਪਛਾਣ ਨਹੀਂ ਕੀਤੀ ਹੈ।
ਉਹ ਆਪਣੇ ਗਾਹਕਾਂ ਨੂੰ ਲੈਬ ਟੈਸਟ, ਇੱਕ "ਹੈਲਥ ਪ੍ਰੋਟੋਕਾਲ" ਵੇਚਦੇ ਹਨ। ਆਪਣੇ ਪ੍ਰੋਗਰਾਮ ਵਿੱਚ ਉਹ ਗਾਹਕਾਂ ਨੂੰ ਖੁਰਾਕ ਅਤੇ ਪੂਰਕ ਪੋਸ਼ਕਾਂ (ਸਪਲੀਮੈਂਟਾਂ) ਦੀ ਯੋਜਨਾ ਤੋਂ ਇਲਾਵਾ 3600 ਡਾਲਰ ਵਿੱਚ ਮਾਰਗ-ਦਰਸ਼ਨ ਵੀ ਦਿੰਦੇ ਹਨ।
ਸੋਫ਼ੀ ਨੇ ਕੋਰਸ ਲੈ ਲਿਆ ਅਤੇ ਸੁਝਾਏ ਗਏ ਪੂਰਕ ਪੋਸ਼ਕ ਖ਼ਰੀਦ ਕੇ ਕਮਿਸ਼ਨ ਵਜੋਂ ਕੁਰਟਨੀ ਨੂੰ ਸੈਂਕੜੇ ਡਾਲਰ ਦਾ ਭੁਗਤਾਨ ਕੀਤਾ।
ਡਾ਼ ਜੇਨ ਗੁਨਟਰ, ਇੱਕ ਇਸਤਰੀ ਰੋਗ ਵਿਗਿਆਨੀ ਅਤੇ ਸਿੱਖਿਅਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਰਟਨੀ ਜੋ ਟੈਸਟ ਵੇਚ ਰਹੇ ਸਨ, ਉਸ ਲਈ ਸਿਖਲਾਈ ਪ੍ਰਾਪਤ ਨਹੀਂ ਸਨ। ਇਨ੍ਹਾਂ ਟੈਸਟਾਂ ਦੀ ਇਲਾਜ ਵਿੱਚ ਵੀ ਸੀਮਤ ਉਪਯੋਗਤਾ ਹੀ ਹੈ।
ਜਦੋਂ ਲਗਭਗ ਇੱਕ ਸਾਲ ਬਾਅਦ ਵੀ ਸੋਫ਼ੀ ਦੇ ਲੱਛਣਾਂ ਵਿੱਚ ਕੋਈ ਮੋੜ ਨਾ ਪਿਆ ਤਾਂ ਉਨ੍ਹਾਂ ਨੇ ਕੁਰਟਨੀ ਤੋਂ ਇਲਾਜ ਲੈਣਾ ਬੰਦ ਕਰ ਦਿੱਤਾ।
"ਮੈਂ ਆਪਣੇ ਸਰੀਰ ਅਤੇ ਖੁਰਾਕ ਨਾਲ ਇੱਕ ਬਦੱਤਰ ਹੋ ਚੁੱਕੇ ਰਿਸ਼ਤੇ ਦੇ ਨਾਲ ਉਹ ਪ੍ਰੋਗਰਾਮ ਛੱਡਿਆ। ਮੈਨੂੰ ਲੱਗ ਰਿਹਾ ਸੀ ਕਿ ਮੇਰੇ ਵਿੱਚ ਮੇਰੀ ਪੀਸੀਓਸੀ ਨੂੰ ਸੁਧਾਰਨ ਦੀ ਸਮਰੱਥਾ ਨਹੀਂ ਹੈ।"
ਕੁਰਟਨੀ ਨੇ ਟਿੱਪਣੀ ਲਈ ਕੀਤੀਆਂ ਬੇਨਤੀਆਂ ਦਾ ਕੋਈ ਜਵਾਬ ਨਹੀਂ ਦਿੱਤਾ।
ਡਾਕਰਟਰੀ ਤੌਰ ਉੱਤੇ ਗੈਰ- ਸਿੱਖਿਅਤ ਇਨਫਲੂਐਂਸਰ - ਜਿਨ੍ਹਾਂ ਵਿੱਚੋਂ ਕਈਆਂ ਦੇ ਲੱਖਾਂ ਵਿੱਚ ਫੌਲੋਅਰ ਹਨ। ਪੀਸੀਓਐੱਸ ਦੇ ਸੁਖਾਲੇ ਹੱਲ ਦੀ ਅਣਹੋਂਦ ਦਾ ਲਾਹਾ ਚੁੱਕ ਰਹੇ ਹਨ ਅਤੇ ਮਾਹਿਰਾਂ ਦੇ ਭੇਸ ਵਿੱਚ ਨਕਲੀ ਇਲਾਜ ਵੇਚ ਰਹੇ ਹਨ।
ਕਈ ਆਪਣੇ ਆਪ ਨੂੰ ਪੋਸ਼ਣ-ਮਾਹਰ ਜਾਂ ਹਾਰਮੋਨ ਕੋਚ ਵਜੋਂ ਪੇਸ਼ ਕਰਦੇ ਹਨ ਪਰ ਪ੍ਰਮਾਣ ਪੱਤਰ ਇੰਟਰਨੈੱਟ ਉੱਤੇ ਕੁਝ ਹੀ ਹਫ਼ਤਿਆਂ ਵਿੱਚ ਹਾਸਲ ਕੀਤੇ ਜਾ ਸਕਦੇ ਹਨ।
ਬੀਬੀਸੀ ਨੇ ਸਤੰਬਰ ਮਹੀਨੇ ਦੌਰਾਨ ਪੀਸੀਓਐੱਸ ਹੈਸ਼ਟੈਗ ਵਾਲੀਆਂ ਇੰਸਟਾਗ੍ਰਾਮ ਅਤੇ ਟਿਕਟਾਕ ਉੱਤੇ, ਸਭ ਤੋਂ ਵੱਧ ਦੇਖੀਆਂ ਗਈਆਂ 25 ਵੀਡੀਓਜ਼ ਦਾ ਵਿਸ਼ਲੇਸ਼ਣ ਕੀਤਾ।
ਇਹ ਵੀਡੀਓ ਚਾਰ ਭਾਸ਼ਾਵਾਂ ਅੰਗਰੇਜ਼ੀ, ਸਵਾਹੀਲੀ, ਹਿੰਦੀ ਅਤੇ ਪੁਰਤਗਾਲੀ ਵਿੱਚ ਸਨ। ਅੰਗਰੇਜ਼ੀ ਵਿੱਚ ਬਣੀਆਂ ਵੀਡੀਓ ਭਾਰਤ, ਨਾਈਜੀਰੀਆ, ਕੀਨੀਆ ਅਤੇ ਬ੍ਰਾਜ਼ੀਲ ਵਿੱਚ ਵੀ ਕਾਫ਼ੀ ਦੇਖੀਆਂ ਜਾਂਦੀਆਂ ਹਨ।
ਪੈਮਾਨਾ ਕੀ ਹੈ

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਭਰ ਵਿੱਚ ਪੀਸੀਓਐੱਸ ਨਾਲ ਪੀੜਤ ਔਰਤਾਂ ਵਿੱਚੋਂ 70% ਦੀ ਕਦੇ ਜਾਂਚ ਹੀ ਨਹੀਂ ਹੁੰਦੀ। ਜੇ ਹੋ ਵੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਲਾਜ ਲਈ ਸੰਘਰਸ਼ ਕਰਨਾ ਪੈਂਦਾ ਹੈ।
ਡਾ਼ ਗੁਨਟਰ ਮੁਤਾਬਕ, "ਇਲਾਜ ਵਿੱਚ ਮੌਜੂਦ ਖੱਪੇ ਦਾ ਇਹ ਸ਼ਿਕਾਰੀ ਲਾਭ ਚੁੱਕਦੇ ਹਨ।"
ਸੋਸ਼ਲ ਮੀਡੀਆ ਦੇ ਇਨ੍ਹਾਂ ਨੀਮ-ਹਕੀਮਾਂ ਦੇ ਮੁੱਖ ਦਾਅਵੇ ਹਨ—
- ਪੀਸੀਓਐੱਸ ਦਾ ਇਲਾਜ ਪੂਰਕ ਪੋਸ਼ਕ ਤੱਤਾਂ ਨਾਲ ਸੰਭਵ ਹੈ।
- ਪੀਸੀਓਐੱਸ ਦਾ ਇਲਾਜ ਖਾਣ-ਪਾਣ ਜ਼ਰੀਏ ਜਿਵੇਂ ਘੱਟ ਕਾਰਬੋਹਾਈਡਰੇਟ ਵਾਲੀ ਅਤੇ ਉੱਚ ਵਸਾ ਵਾਲੀ ਖੁਰਾਕ ਨਾਲ ਹੋ ਸਕਦਾ ਹੈ।
- ਮੁੱਖ ਧਾਰਾ ਦੀਆਂ ਦਵਾਈਆਂ ਇਸ ਦੇ ਲੱਛਣਾਂ ਨੂੰ ਤਾਂ ਦਬਾਅ ਸਕਦੀਆਂ ਹਨ ਪਰ ਉਸਦੀ "ਜੜ੍ਹ" ਨੂੰ ਨਹੀਂ ਫੜਦੀਆਂ।
ਹਾਲਾਂਕਿ ਕੈਲੋਰੀਆਂ ਦੀ ਮਾਤਰਾ ਨੂੰ ਬਹੁਤ ਜ਼ਿਆਦਾ ਸੀਮਤ ਕਰਨ ਦਾ ਕੋਈ ਹਾਂ ਮੁਖੀ ਅਸਰ ਹੁੰਦਾ ਹੈ, ਇਸ ਦਾ ਕੋਈ ਸਬੂਤ ਨਹੀਂ ਹੈ, ਅਤੇ ਮਾਹਿਰਾਂ ਮੁਤਾਬਕ ਕੇਟੋ ਡਾਈਟ ਤਾਂ ਸਗੋਂ ਇਸਦੇ ਲੱਛਣਾਂ ਨੂੰ ਹੋਰ ਵਿਗਾੜ ਸਕਦੀ ਹੈ।
ਗਰਭ ਰੋਕੂ ਗੋਲ਼ੀਆਂ ਪੀਸੀਓਐੱਸ ਦਾ ਕਾਰਨ ਨਹੀਂ ਬਣਦੀਆਂ ਸਗੋਂ ਕਈ ਔਰਤਾਂ ਦੀ ਮਦਦਗਾਰ ਹੁੰਦੀਆਂ ਹਨ। ਹਾਲਾਂਕਿ ਇਹ ਸਾਰਿਆਂ ਲਈ ਇੱਕ ਸਮਾਨ ਕੰਮ ਨਹੀਂ ਕਰਦੀਆਂ। ਪੀਸੀਓਐੱਸ ਦਾ ਕੋਈ ਗਿਆਤ ਕਾਰਨ ਨਹੀਂ ਹੈ।
ਟਿਕਟਾਕ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਅਜਿਹੀ ਗੁਮਰਾਹਕੁੰਨ ਜਾਂ ਝੂਠੀ ਸਮਗਰੀ ਦੀ ਆਗਿਆ ਨਹੀਂ ਦਿੰਦੀ ਜੋ ਕਿ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੋਵੇ।
ਫੇਸਬੁਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਦੇ ਬੁਲਾਰੇ ਨੇ ਕਿਹਾ ਕਿ ਔਰਤਾਂ ਦੀ ਸਿਹਤ ਨਾਲ ਜੁੜੀ ਸਮੱਗਰੀ ਉਨ੍ਹਾਂ ਦੇ ਪਲੇਟਫਾਰਮ ਉੱਤੇ ਬਿਨਾਂ ਕਿਸੇ ਪਾਬੰਦੀ ਦੇ ਚੱਲਣ ਦਿੱਤੀ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਉਹ ਤੀਜੀਆਂ ਧਿਰਾਂ ਨਾਲ ਮਿਲ ਕੇ ਸਿਹਤ ਨਾਲ ਜੁੜੀ ਗ਼ਲਤ ਜਾਣਕਾਰੀ ਦਾ ਭਾਂਡਾ ਭੰਨਣ ਲਈ ਕੰਮ ਕਰਦੀ ਹੈ।
ਪੀਸੀਓਐੱਸ ਕੀ ਹੈ?

ਤਸਵੀਰ ਸਰੋਤ, Getty Images
- ਪੀਸੀਓਐੱਸ ਹਾਰਮੋਨਸ ਨਾਲ ਜੁੜੀ ਇੱਕ ਗੰਭੀਰ ਸਥਿਤੀ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਭਰ ਵਿੱਚ 8-13% ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ।
- ਬ੍ਰਿਟੇਨ ਦੀ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਮੁਤਾਬਕ ਇਸ ਦੇ ਲੱਛਣਾਂ ਵਿੱਚ ਅਨਿਯਮਿਤ ਮਾਹਵਾਰੀ, ਵਾਲਾਂ ਦਾ ਬੇਰੋਕ ਵਾਧਾ ਅਤੇ ਭਾਰ ਦਾ ਵਧਣਾ ਸ਼ਾਮਿਲ ਹੈ।
- ਐੱਨਐੱਚਐੱਸ ਮੁਤਾਬਕ ਪੀਸੀਓਐੱਸ ਔਰਤਾਂ ਵਿੱਚ ਬਾਂਝਪਨ ਦਾ ਇੱਕ ਆਮ ਕਾਰਨ ਹੈ। ਲੇਕਿਨ ਜ਼ਿਆਦਾਤਰ ਔਰਤਾਂ ਇਲਾਜ ਤੋਂ ਬਾਅਦ ਗਰਭਵਤੀ ਹੋ ਸਕਦੀਆਂ ਹਨ।
ਇਹ ਵਿਸ਼ਵੀ ਸਮੱਸਿਆ ਹੈ
ਬੀਬੀਸੀ ਨੇ ਕੀਨੀਆ, ਨਾਈਜੀਰੀਆ, ਬ੍ਰਾਜ਼ੀਲ ਅਤੇ ਯੂਕੇ, ਅਮਰੀਕਾ, ਆਸਟ੍ਰੇਲੀਆ ਵਿੱਚ 14 ਔਰਤਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਇਨਫਲੂਐਂਸਰਾਂ ਦੇ ਸੁਝਾਏ ਉਤਪਾਦ ਵਰਤੇ ਸਨ।
ਇਨ੍ਹਾਂ ਵਿੱਚੋਂ ਇੱਕ ਭਾਰਤ ਦੇ ਬੈਂਗਲੌਰ ਸ਼ਹਿਰ ਦੀ ਵਸਨੀਕ ਵੈਸ਼ਨਵੀ ਸਨ। ਉਨ੍ਹਾਂ ਦਾ ਭਰੋਸਾ ਭਾਰਤੀ ਇਨਫਲੂਐਂਸਰ ਆਨਿਆ ਸ਼ਰਮਾ ਉੱਤੇ ਟਿਕਿਆ ਸੀ, ਜੋ ਕਿ ਕੁਦਰਤੀ ਇਲਾਜ ਵਿਧੀਆਂ, ਖੁਰਾਕ-ਯੋਜਨਾਵਾਂ (ਡਾਈਟ ਪਲਾਨ) ਅਤੇ ਸਰੀਰ ਵਿੱਚੋਂ ਦੂਸ਼ਿਤ ਪਦਾਰਥਾਂ ਦੀ ਸਫ਼ਾਈ (ਡੀਟੌਕਸ) ਨੂੰ ਉਤਸ਼ਾਹਿਤ ਕਰਦੇ ਹਨ। ਕਈ ਹੋਰ ਇਨਫਲੂਐਂਸਰਾਂ ਵਾਂਗ ਹੀ ਆਨਿਆ ਵੀ ਭਾਰ ਘਟਾਉਣ ਉੱਤੇ ਜ਼ੋਰ ਦਿੰਦੇ ਹਨ।
ਆਨਿਆ ਦੀ ਖੁਰਾਕ ਯੋਜਨਾ ਮੁਤਾਬਕ ਵੈਸ਼ਨਵੀ ਨੂੰ ਦਿਨ ਵਿੱਚ 1000 ਤੋਂ 1200 ਕੈਲੋਰੀਆਂ ਖਾਣ ਲਈ ਕਿਹਾ ਗਿਆ।
ਸੰਤੁਲਿਤ ਖੁਰਾਕ ਪੀਸੀਓਐੱਸ ਦੇ ਲੱਛਣਾਂ ਵਿੱਚ ਮਦਦਗਾਰ ਹੋ ਸਕਦੀ ਹੈ ਲੇਕਿਨ ਇੰਨੀ ਜ਼ਿਆਦਾ ਸਖ਼ਤੀ ਖਾਣ-ਪਾਣ ਨਾਲ ਜੁੜੀਆਂ ਹੋਰ ਦਿੱਕਤਾਂ ਨੂੰ ਜਨਮ ਦੇ ਸਕਦੀ ਹੈ। ਐੱਨਐੱਚਐੱਸ ਮੁਤਾਬਕ ਔਸਤ ਔਰਤਾਂ ਨੂੰ ਪ੍ਰਤੀ ਦਿਨ 2000 ਕੈਲੋਰੀਆਂ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, Getty Images
ਇੰਨੀ ਸੀਮਤ ਖੁਰਾਕ ਕਾਰਨ ਵੈਸ਼ਨਵੀ ਦੀ ਮਾਹਵਾਰੀ ਛੇ ਮਹੀਨੇ ਰੁਕੀ ਰਹੀ ਪਰ ਉਨ੍ਹਾਂ ਦਾ ਵਾਅਦੇ ਮੁਤਾਬਕ ਭਾਰ ਨਹੀਂ ਘਟਿਆ। ਇਸ ਕਾਰਨ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ।
ਵੈਸ਼ਨਵੀ ਨੇ ਕਿਹਾ, "ਉਨ੍ਹਾਂ ਦੀਆਂ ਪੀਸੀਓਐੱਸ ਵਾਲੀਆਂ ਹੋਰ ਗਾਹਕਾਂ ਦਾ ਭਾਰ ਮੇਰੇ ਨਾਲੋਂ ਬਹੁਤ ਜ਼ਿਆਦਾ ਭਾਰ ਘਟਿਆ। ਤੁਹਾਨੂੰ ਲਗਦਾ ਹੈ ਕਿ ਜਦੋਂ ਹੋਰ ਲੋਕਾਂ ਲਈ ਇਹ ਕੰਮ ਕਰ ਰਿਹਾ ਹੈ ਤਾਂ ਤੁਹਾਡੇ ਲਈ ਵੀ ਕਰੇਗਾ ਪਰ ਅਜਿਹਾ ਨਹੀਂ ਹੁੰਦਾ।"
ਆਨਿਆ ਸ਼ਰਮਾ ਨੇ ਕਿਹਾ ਕੀ ਪੀਸੀਓਐੱਸ ਦੇ ਲੱਛਣਾਂ ਨੂੰ ਮੋੜਾ ਦਿੱਤਾ ਜਾ ਸਕਦਾ ਹੈ ਪਰ ਉਹ ਇਸਦਾ ਇਲਾਜ ਹੋਣ ਬਾਰੇ ਕੋਈ ਦਾਅਵਾ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਇੱਕ ਸਿਹਤਮੰਦ ਤਰਜ਼ੇ-ਜ਼ਿੰਦਗੀ ਲਈ ਉਤਸ਼ਾਹਿਤ ਕਰਦੇ ਹਨ।
ਮਨੀਸ਼ਾ ਵੀ ਬੈਂਗਲੋਰ ਤੋਂ ਹਨ ਅਤੇ ਅਜਿਹੇ ਹੀ ਜਾਲ ਵਿੱਚ ਫਸੇ ਰਹਿ ਚੁੱਕੇ ਹਨ।
ਸੋਫ਼ੀ ਵਾਂਗ ਹੀ ਉਨ੍ਹਾਂ ਨੇ ਵੀ ਡਾਕਟਰਾਂ ਕੋਲ ਇਲਾਜ ਲਈ ਧੱਕੇ ਖਾਣ ਤੋਂ ਬਾਅਦ ਇਨਫਲੂਐਂਸਰਾਂ ਦੀ ਸ਼ਰਣ ਤੱਕੀ। ਉਹ ਆਪਣੇ ਸਰੀਰ ਦੇ ਵਾਲਾਂ, ਭਾਰ ਵਧਣ, ਮਾਹਵਾਰੀ ਦੌਰਾਨ ਅਸਹਿ ਦਰਦ ਅਤੇ ਸੰਭਾਵਿਤ ਤੌਰ ਉੱਤੇ ਬਾਂਝਪਨ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਸੀ।
"ਜਿਹੜੀਆਂ ਔਰਤਾਂ ਨੂੰ ਮੈਂ ਜਾਣਦੀ ਹਾਂ ਉਨ੍ਹਾਂ ਦੇ ਵਿਆਹ ਟੁੱਟ ਗਏ ਸਨ, ਕਿਉਂਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਪਤਾ ਲੱਗ ਗਿਆ ਸੀ ਕਿ ਪੀਸੀਓਐੱਸ ਕਾਰਨ ਉਹ ਗਰਭਵਤੀ ਨਹੀਂ ਹੋ ਸਕਣਗੀਆਂ। ਮੈਨੂੰ ਇਲਾਜ ਦੀ ਬਹੁਤ ਬੁਰੀ ਤਰ੍ਹਾਂ ਲੋੜ ਸੀ।"
ਉਨ੍ਹਾਂ ਨੇ ਕਈ ਕੁਝ ਅਜ਼ਮਾ ਕੇ ਦੇਖਿਆ ਜਿਵੇਂ- ਬਹੁਤ ਜ਼ਿਆਦਾ ਵਰਤ ਰੱਖਣਾ, ਕੇਟੋ ਡਾਈਟ, ਜੋ ਕਿ ਸ਼ਾਕਾਹਾਰੀ ਹੋਣ ਕਾਰਨ ਉਨ੍ਹਾਂ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀ। ਉਨ੍ਹਾਂ ਨੇ ਉਹ ਸਪਲੀਮੈਂਟ ਵੀ ਖ਼ਰੀਦੇ ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ "ਚਮਤਕਾਰੀ" ਰੂਪ ਵਿੱਚ ਕਾਰਗਰ ਹਨ।

ਇਨ੍ਹਾਂ ਵਿੱਚੋਂ ਇੱਕ ਅਸ਼ਵਗੰਧਾ ਸੀ ਜੋ ਕਿ ਇੱਕ ਆਯੁਰਵੇਦ ਵਿੱਚ ਇੱਕ ਰਵਾਇਤੀ ਪੂਰਕ ਔਸ਼ਧੀ ਹੈ। ਇਨਫਲੂਐਂਸਰਾਂ ਨੇ ਉਨ੍ਹਾਂ ਨੂੰ ਪੱਛਮੀ ਦਵਾਈਆਂ ਤੋਂ ਵਰਜਿਆ ਅਤੇ ਕਿਹਾ ਕਿ ਇਹ ਪੀਸੀਓਐੱਸ ਦੇ ਲੱਛਣਾਂ ਨੂੰ ਹੋਰ ਵਿਗਾੜਦੀਆਂ ਹਨ।
ਲੇਕਿਨ ਇਨ੍ਹਾਂ "ਇਲਾਜਾਂ" ਅਤੇ ਖੁਰਾਕਾਂ ਨੇ ਉਨ੍ਹਾਂ ਦੇ ਲੱਛਣਾਂ ਨੂੰ ਬਦ ਤੋਂ ਬਦਤਰ ਕਰ ਦਿੱਤਾ।
"ਇੱਕ ਮੌਕੇ ਮੈਂ ਖ਼ੁਦਕੁਸ਼ੀ ਕਰਨ ਬਾਰੇ ਸੋਚਣ ਲੱਗੀ। ਅਜਿਹਾ ਕਿਵੇਂ ਹੋ ਸਕਦਾ ਹੈ ਕਿ ਇਹ ਸਾਰੀਆਂ ਵਿਧੀਆਂ ਹੋਰ ਲੋਕਾਂ ਲਈ ਤਾਂ ਕੰਮ ਕਰਦੀਆਂ ਹਨ ਪਰ ਮੇਰੇ ਲਈ ਨਹੀਂ? ਇਹ ਬੇਉਮੀਦੀ ਸੀ।"
ਮਨੀਸ਼ਾ ਵਾਪਸ ਡਾਕਟਰ ਕੋਲ ਗਏ। ਉਨ੍ਹਾਂ ਨੂੰ 29 ਸਾਲ ਵਿੱਚ ਟਾਈਪ-ਟੂ ਡਾਇਬਿਟੀਜ਼ ਦੀ ਪੁਸ਼ਟੀ ਹੋਈ ਸੀ। ਪੀਸੀਓਐੱਸ ਵਾਲੀਆਂ ਜ਼ਿਆਦਾਤਰ ਔਰਤਾਂ ਇਨਸੂਲਿਨ ਰਜ਼ਿਸਟੈਂਟ ਹੁੰਦੀਆਂ ਹਨ, ਭਾਵ ਉਨ੍ਹਾਂ ਨੂੰ ਸ਼ੱਕਰ ਪਚਾਉਣ ਵਿੱਚ ਮੁਸ਼ਕਿਲ ਆਉਂਦੀ ਹੈ, ਉਨ੍ਹਾਂ ਨੂੰ ਹੋਰ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਤੋਂ ਬਚਿਆ ਜਾ ਸਕਦਾ ਸੀ ਜੇ ਉਹ ਮੈਟਫੋਰਮਿਨ ਦਵਾਈ ਲੈਂਦੇ ਜਿਸਦੀ ਵਰਤੋਂ ਪਹਿਲਾਂ ਸੀਪੀਓਐੱਸ ਅਤੇ ਡਾਇਬਿਟੀਜ਼ ਦੋਵਾਂ ਦੇ ਨਿਦਾਨ ਲਈ ਕੀਤੀ ਜਾਂਦੀ ਸੀ।
ਮਨੀਸ਼ਾ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਉਨ੍ਹਾਂ ਨੇ ਪੀਸੀਓਐੱਸ ਲਈ ਇਲਾਜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ (ਜਿੱਥੇ ਉਹ ਗਏ ਸਨ) ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਉਹ ਗਰਭ ਧਾਰਨ ਕਰਨਾ ਚਾਹੁਣ ਤਾਂ ਵਾਪਸ ਦਿਖਾਉਣ।
ਉਨ੍ਹਾਂ ਦਾ ਕਹਿਣਾ ਹੈ ਕਿ ਗਲਤ ਜਾਣਕਾਰੀ ਅਕਸਰ ਮਰੀਜ਼ਾਂ ਦੇ ਇਲਾਜ ਵਿੱਚ ਦੇਰੀ ਦਾ ਕਾਰਨ ਬਣਦੀ ਹੈ। ਜਿਸ ਕਾਰਨ ਅੱਗੇ ਜਾ ਕੇ ਟਾਈਪ-ਟੂ ਡਾਇਬਿਟੀਜ਼ ਵਰਗੀਆਂ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ।

ਤਸਵੀਰ ਸਰੋਤ, Getty Images
ਨਾਈਜੀਰੀਆ ਵਿੱਚ ਮੈਡਲਿਨ, ਜੋ ਕਿ ਇੱਕ ਮੈਡੀਕਲ ਵਿਦਿਆਰਥਣ ਹਨ। ਉਹ ਪੀਸੀਓਐੱਸ ਨਾਲ ਜੁੜੀ ਝਿਜਕ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਦੇਖਣ ਤੋਂ ਬਾਅਦ ਕਿ ਪੂਰਕ ਪੋਸ਼ਕ ਅਤੇ ਖੁਰਾਕ ਇਸ ਵਿੱਚ ਭੋਰਾ ਵੀ ਮਦਦਗਾਰ ਨਹੀਂ ਹਨ, ਹੁਣ ਉਹ ਮਰੀਜ਼ਾਂ ਨੂੰ ਪੀਸੀਓਐੱਸ ਦੇ ਇਲਾਜ ਲਈ ਸਬੂਤ ਅਧਾਰਿਤ ਡਾਕਟਰੀ ਇਲਾਜ ਵੱਲ ਜਾਣ ਲਈ ਪ੍ਰੇਰਿਤ ਕਰਦੇ ਹਨ।
"ਜਦੋਂ ਤੁਹਾਨੂੰ ਪੀਸੀਓਐੱਸ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਨਾਲ ਬਹੁਤ ਜ਼ਿਆਦਾ ਸਟਿਗਮਾ ਵੀ ਹੁੰਦਾ ਹੈ। ਲੋਕ ਸੋਚਦੇ ਹਨ ਕਿ ਤੁਸੀਂ ਸੁਸਤ ਹੋ, ਤੁਸੀਂ ਆਪਣਾ ਧਿਆਨ ਨਹੀਂ ਰੱਖਦੇ, ਕਿ ਅਸੀਂ ਗਰਭਵਤੀ ਨਹੀਂ ਹੋ ਸਕਦੀਆਂ। ਇਸ ਲਈ ਕੋਈ ਵੀ ਤੁਹਾਡੇ ਨਾਲ ਡੇਟ ਉੱਤੇ ਨਹੀਂ ਜਾਣਾ ਚਾਹੁੰਦਾ, ਕੋਈ ਤੁਹਾਡੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ।"
ਲੇਕਿਨ ਹੁਣ ਉਹ ਪੀਸੀਓਐੱਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਅਪਣਾ ਰਹੇ ਹਨ। "ਮੇਰੇ ਲਈ ਆਪਣੇ ਪੀਸੀਓਐੱਸ ਨੂੰ ਅਪਨਾਉਣਾ ਇੱਕ ਮੁਸ਼ਕਿਲ ਸਫ਼ਰ ਰਿਹਾ ਹੈ, ਮੇਰੇ ਵਾਲ, ਮੇਰਾ ਭਾਰ। ਇਨ੍ਹਾਂ ਚੀਜ਼ਾਂ ਨੇ ਮੈਨੂੰ ਵੱਖਰਾ ਬਣਾ ਦਿੱਤਾ ਸੀ।"
ਸਾਸ਼ਾ ਓਟੀ ਯੂਕੇ ਦੀ ਇੱਕ ਸਵੈ-ਸੇਵੀ ਸੰਗਠਨ ਪੀਸੀਓਐੱਸ ਚੈਲੰਜ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਤੋਂ ਬਾਅਦ ਆਮ ਤੌਰ ਉੱਤੇ ਗਰਭਵਤੀ ਹੋ ਜਾਂਦੀਆਂ ਹਨ।
ਉਹ ਅੱਗੇ ਦੱਸਦੇ ਹਨ, "ਪੀਸੀਓਐੱਸ ਵਾਲੀਆਂ ਔਰਤਾਂ ਦੇ ਵੀ ਉਨੇ ਹੀ ਬੱਚੇ ਹੁੰਦੇ ਹਨ ਜਿੰਨੇ ਦੂਜੀਆਂ ਦੇ। ਤੁਹਾਨੂੰ ਇਸ ਵਿੱਚ ਬਸ ਕੁਝ ਮਦਦ ਦੀ ਲੋੜ ਪੈ ਸਕਦੀ ਹੈ।"
ਡਾ਼ ਗੁਨਟਰ ਦਾ ਕਹਿਣਾ ਹੈ ਕਿ ਜੋ ਔਰਤਾਂ ਨੂੰ ਆਮ ਡਾਕਟਰ ਤੋਂ ਮਦਦ ਨਹੀਂ ਮਿਲ ਰਹੀ ਉਨ੍ਹਾਂ ਨੂੰ ਕਿਸੇ ਮਾਹਰ ਤੋਂ ਸਲਾਹ ਲੈਣੀ ਚਾਹੀਦੀ ਹੈ।
"ਕੁਝ ਔਰਤਾਂ ਨੂੰ ਕਿਸੇ ਭਰੋਸੇਮੰਦ ਐਂਡੋਕਰਾਈਨੌਲੋਜਿਸਟ ਜਾਂ ਕਿਸੇ ਭਰੋਸੇਮੰਦ ਓਬਸਟੈਟਰਿਕਸ ਅਤੇ ਅਗਲੇ ਪੜਾਅ ਦੇ ਬੰਦੋਬਸਤ ਲਈ ਕਿਸੇ ਇਸਤਰੀ ਰੋਗ ਮਾਹਰ ਦੀ ਲੋੜ ਹੁੰਦੀ ਹੈ।"
ਡਾਕਟਰੀ ਮਦਦ ਮਿਲਣ ਤੋਂ ਬਾਅਦ ਮਨੀਸ਼ਾ ਮੈਟਫੋਰਮਿਨ ਲੈ ਰਹੇ ਹਨ ਜਿਸ ਨੇ ਕੁਝ ਲੱਛਣਾਂ ਵਿੱਚ ਸੁਧਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਟਾਈਪ-ਟੂ ਡਾਇਬਿਟੀਜ਼ ਵਿੱਚ ਵੀ ਸੁਧਾਰ ਦੀ ਉਮੀਦ ਹੈ।
ਵੈਸ਼ਨਵੀ ਆਪਣੀ ਕਸਰਤ ਵਿੱਚ ਵੀ ਸੁਧਾਰ ਕਰ ਰਹੇ ਹਨ। ਸੋਫ਼ੀ ਇੱਕ ਸਿਖਲਾਈ ਪ੍ਰਾਪਤ ਖੁਰਾਕ ਮਾਹਰ ਦੀ ਸਲਾਹ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਦੋਵੇਂ ਜਣੀਆਂ ਇਲਾਜ ਅਜ਼ਮਾ ਕੇ ਦੇਖ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਠੀਕ ਹੋ ਜਾਣਗੀਆਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












