You’re viewing a text-only version of this website that uses less data. View the main version of the website including all images and videos.
ਯਤੀ ਨਰਸਿੰਘਾਨੰਦ ਦੇ ਵਿਵਾਦਿਤ ਬਿਆਨ 'ਤੇ ਕੇਸ ਦਰਜ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਲੋਕ ਸੜਕਾਂ 'ਤੇ ਉਤਰੇ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਡਾਸਨਾ ਸ਼ਿਵਸ਼ਕਤੀ ਧਾਮ ਦੇ ਮਹੰਤ ਅਤੇ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਯਤੀ ਨਰਸਿੰਘਨੰਦ ਵੱਲੋਂ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਕੀਤੇ ਜਾਣ ਤੋਂ ਬਾਅਦ ਯੂਪੀ ਅਤੇ ਮਹਾਰਾਸ਼ਟਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਯਤੀ ਨਰਸਿੰਘਾਨੰਦ ਪੈਗੰਬਰ ਮੁਹੰਮਦ ਖ਼ਿਲਾਫ਼ 'ਇਤਰਾਜ਼ਯੋਗ' ਬਿਆਨ ਦਿੰਦੇ ਨਜ਼ਰ ਆ ਰਹੇ ਹਨ।
ਯਤੀ ਨਰਸਿੰਘਾਨੰਦ ਦੇ ਬਿਆਨ ਦਾ ਵਿਰੋਧ ਕਰਨ ਲਈ ਯੂਪੀ ਦੇ ਗਾਜ਼ੀਆਬਾਦ ਅਤੇ ਬੁਲੰਦਸ਼ਹਿਰ 'ਚ ਲੋਕ ਸੜਕਾਂ 'ਤੇ ਉਤਰ ਆਏ।
ਪੁਲਿਸ ਨੇ ਕਿਹਾ ਹੈ ਕਿ ਬੁਲੰਦਸ਼ਹਿਰ ਦੇ ਸਿਕੰਦਰਾਬਾਦ 'ਚ ਲੋਕਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ।
ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ 'ਚ ਵੀ ਯਤੀ ਨਰਸਿੰਘਾਨੰਦ ਦੇ ਬਿਆਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ।
ਯਤੀ ਨਰਸਿੰਘਾਨੰਦ ਖ਼ਿਲਾਫ਼ ਐੱਫ਼ਆਈਆਰ 'ਚ ਕੀ ਹੈ?
ਯੂਪੀ ਦੀ ਗਾਜ਼ੀਆਬਾਦ ਪੁਲਿਸ ਨੇ ਇਸ ਮਾਮਲੇ ਵਿੱਚ ਯਤੀ ਨਰਸਿੰਘਾਨੰਦ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ।
ਐੱਫ਼ਆਈਆਰ ਵਿੱਚ ਨਰਸਿੰਘਾਨੰਦ ਉੱਤੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਵਾਲਾ ਬਿਆਨ ਦੇਣ ਦਾ ਇਲਜ਼ਾਮ ਲਗਾਇਆ ਗਿਆ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਨਫਰਤ ਭਰੇ ਭਾਸ਼ਣ ਦਾ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਨਾਲ ਅਮਨ, ਕਾਨੂੰਨ ਅਤੇ ਫਿਰਕੂ ਸਦਭਾਵਨਾ ਵਿਗੜ ਸਕਦੀ ਹੈ।
ਇਸ ਵੀਡੀਓ ਕਾਰਨ ਯੂਪੀ ਦੇ ਗਾਜ਼ੀਆਬਾਦ ਅਤੇ ਸਿਕੰਦਰਾਬਾਦ ਵਿੱਚ ਤਣਾਅ ਦੀ ਸਥਿਤੀ ਦੇਖੀ ਗਈ ਹੈ।
ਜਮੀਅਤ-ਉਲੇਮਾ-ਹਿੰਦ ਨੇ ਯਤੀ ਨਰਸਿੰਘਾਨੰਦ ਦੇ ਇਸ ਬਿਆਨ ਵਿਰੁੱਧ ਗਾਜ਼ੀਆਬਾਦ ਦੇ ਪੁਲਿਸ ਕਮਿਸ਼ਨਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਖ਼ਿਲਾਫ਼ ਦਿੱਲੀ ਦੇ ਆਈਪੀਐੱਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।
3 ਅਕਤੂਬਰ ਨੂੰ ਜਮੀਅਤ-ਉਲੇਮਾ-ਹਿੰਦ ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਯਤੀ ਨਰਸਿੰਘਾਨੰਦ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ।
ਯਤੀ ਨਰਸਿੰਘਾਨੰਦ ਪਹਿਲਾਂ ਵੀ ਮੁਸਲਮਾਨਾਂ ਖ਼ਿਲਾਫ਼ ਭੜਕਾਊ ਬਿਆਨ ਦਿੰਦੇ ਰਹੇ ਹਨ।
ਅਜਿਹੇ ਬਿਆਨਾਂ ਕਾਰਨ ਉਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ।
2022 ਵਿੱਚ, ਉਨ੍ਹਾਂ ਨੇ ਹਰਿਦੁਆਰ ਵਿੱਚ ਇੱਕ ਪ੍ਰੋਗਰਾਮ ਵਿੱਚ ਮੁਸਲਮਾਨਾਂ ਵਿਰੁੱਧ ਹਿੰਸਾ ਦੀ ਖੁੱਲ੍ਹ ਕੇ ਧਮਕੀ ਦਿੱਤੀ ਸੀ।
ਯਤੀ ਨਰਸਿੰਘਾਨੰਦ ਦੇ ਬਿਆਨ ਖ਼ਿਲਾਫ਼ ਯੂਪੀ 'ਚ ਪ੍ਰਦਰਸ਼ਨ, ਪਥਰਾਅ
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਮੁਹੰਮਦ ਜਾਵੇਦ ਚੌਧਰੀ ਨੇ ਦੱਸਿਆ ਕਿ 29 ਸਤੰਬਰ ਨੂੰ ਡਾਸਨਾ ਦੇਵੀ ਮੰਦਰ ਦੇ ਮਹੰਤ ਯਤੀ ਨਰਸਿੰਘਾਨੰਦ ਵੱਲੋਂ ਦਿੱਤੇ ਗਏ ਭੜਕਾਊ ਬਿਆਨ ਤੋਂ ਬਾਅਦ ਬੁਲੰਦਸ਼ਹਿਰ ਦੇ ਸਿਕੰਦਰਾਬਾਦ ਵਿੱਚ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਹੋਏ ਸਨ।
ਪ੍ਰਦਰਸ਼ਨ ਦੌਰਾਨ ਪੱਥਰਬਾਜ਼ੀ ਵੀ ਹੋਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਗਾਜ਼ੀਆਬਾਦ ਦੇ ਮਸੂਰੀ ਥਾਣੇ 'ਚ ਨਰਸਿੰਘਾਨੰਦ ਦਾ ਪੁਤਲਾ ਸਾੜਨ ਦੇ ਮਾਮਲੇ 'ਚ 200 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਯੂਪੀ 'ਚ ਪ੍ਰਦਰਸ਼ਨਾਂ ਦੇ ਸਬੰਧ 'ਚ ਪੁਲਿਸ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਡਾਸਨਾ ਮੰਦਰ ਦੇ ਬਾਹਰ ਰੌਲਾ ਪਾਇਆ ਸੀ ਜਿਨ੍ਹਾਂ ਨੂੰ ਉੱਥੋਂ ਦੂਰ ਕਰ ਦਿੱਤਾ ਗਿਆ।
ਮਹਾਰਾਸ਼ਟਰ ਵਿੱਚ ਕੀ ਹੋਇਆ?
ਯਤੀ ਨਰਸਿੰਘਾਨੰਦ ਦੇ ਬਿਆਨ ਖ਼ਿਲਾਫ਼ ਮਹਾਰਾਸ਼ਟਰ ਦੇ ਅਮਰਾਵਤੀ 'ਚ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਬੀਬੀਸੀ ਮਰਾਠੀ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਰਾਤ ਅਮਰਾਵਤੀ ਦੇ ਨਾਗਪੁਰੀ ਗੇਟ ਪੁਲਿਸ ਸਟੇਸ਼ਨ 'ਚ ਵੱਡੀ ਗਿਣਤੀ 'ਚ ਲੋਕ ਯਤੀ ਨਰਸਿੰਘਾਨੰਦ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਪੁਲਿਸ ਸਟੇਸ਼ਨ 'ਤੇ ਪਥਰਾਅ ਕੀਤਾ।
ਅਮਰਾਵਤੀ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਰਾਤ ਨੂੰ ਸੈਂਕੜੇ ਲੋਕਾਂ ਦੀ ਭੀੜ ਨੇ ਥਾਣੇ 'ਤੇ ਹਮਲਾ ਕਰ ਦਿੱਤਾ।
ਘਟਨਾ 'ਚ ਥਾਣੇ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਵੈਨਾਂ ਅਤੇ ਕੁਝ ਦੋ-ਪਹੀਆ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਪੁਲਿਸ ਨੇ ਦੱਸਿਆ ਕਿ ਪਥਰਾਅ 'ਚ ਕੁਝ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਜ਼ਖਮੀ ਹੋਏ ਹਨ।
ਨਾਗਪੁਰੀ ਗੇਟ ਥਾਣੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਰਾਤ 12 ਵਜੇ ਤੋਂ ਬਾਅਦ ਹੀ ਸਥਿਤੀ ’ਤੇ ਕਾਬੂ ਪਾਇਆ ਗਿਆ।
ਨਾਗਪੁਰੀ ਗੇਟ ਥਾਣੇ ਵਿੱਚ ਪਥਰਾਅ ਕਰਨ ਵਾਲੀ ਭੀੜ ਵਿੱਚ ਸ਼ਾਮਲ ਕੁੱਲ 1200 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਪਥਰਾਅ, ਥਾਣੇ 'ਚ ਭੰਨਤੋੜ ਅਤੇ ਪੁਲਿਸ ਵੈਨ ਦੀ ਭੰਨਤੋੜ ਕਰਨ ਦੇ ਮਾਮਲੇ ਦਰਜ ਕੀਤੇ ਹਨ।
ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ 'ਚੋਂ 26 ਲੋਕਾਂ ਦੀ ਪਛਾਣ ਕਰ ਲਈ ਗਈ ਹੈ।
ਪੁਲਿਸ ਨੇ ਲੋਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਲਈ ਕਿਹਾ ਹੈ।
ਯਤੀ ਨਰਸਿੰਘਾਨੰਦ ਨੂੰ ਦੁਬਾਰਾ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ-ਓਵੈਸੀ
ਇਸ ਦਰਮਿਆਨ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਯਾਨੀ ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਸ਼ਨੀਵਾਰ ਨੂੰ ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਸੀਵੀ ਆਨੰਦ ਨੂੰ ਇੱਕ ਮੰਗ ਪੱਤਰ ਸੌਂਪ ਕੇ ਪੈਗੰਬਰ ਮੁਹੰਮਦ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਯਤੀ ਨਰਸਿੰਘਾਨੰਦ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੇ ਨਾਲ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਆਏ ਓਵੈਸੀ ਨੇ ਪੱਤਰਕਾਰਾਂ ਨੂੰ ਕਿਹਾ, ''ਯਤੀ ਨਰਸਿੰਘਾਨੰਦ ਨੂੰ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਇਲਜ਼ਾਮ 'ਚ ਜੇਲ੍ਹ ਭੇਜਿਆ ਗਿਆ ਸੀ।”
ਉਨ੍ਹਾਂ ਦਾਅਵਾ ਕੀਤਾ ਕਿ, “ਜਿਨ੍ਹਾਂ ਸ਼ਰਤਾਂ 'ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਸੀ, ਉਨ੍ਹਾਂ ਇੱਚ ਇਹ ਵੀ ਸ਼ਾਮਲ ਸੀ ਕਿ ਉਹ ਦੁਬਾਰਾ ਨਫ਼ਰਤ ਭਰਿਆ ਭਾਸ਼ਣ ਨਹੀਂ ਦੇਣਗੇ। ਹੁਣ ਉਨ੍ਹਾਂ ਨੇ ਇੱਕ ਵਾਰ ਫਿਰ ਨਫ਼ਰਤ ਭਰਿਆ ਬਿਆਨ ਦਿੱਤਾ ਹੈ। ਇਸ ਲਈ ਉਸ ਦੀ ਜ਼ਮਾਨਤ ਰੱਦ ਕੀਤੀ ਜਾਵੇ।”
ਉਨ੍ਹਾਂ ਮੰਗ ਕੀਤੀ ਕਿ,“ਯਤੀ ਨਰਸਿੰਘਾਨੰਦ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ।”
ਕੌਣ ਹਨ ਯਤੀ ਨਰਸਿੰਘਾਨੰਦ?
ਯਤੀ ਨਰਸਿੰਘਾਨੰਦ ਸਰਸਵਤੀ ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਕਸਬੇ ਦੇ ਦੇਵੀ ਮੰਦਰ ਦੇ 'ਪੀਠਾਧੀਸ਼' ਯਾਨੀ ਮੁਖੀ ਹਨ ਅਤੇ ਹੁਣ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਵੀ ਹਨ।
ਇਹ ਉਹੀ ਦੇਵੀ ਮੰਦਿਰ ਹੈ, ਜਿਸ ਦੇ ਗੇਟ ਦੇ ਬਾਹਰ ਵੱਡੇ ਅੱਖਰਾਂ ਵਿੱਚ ਲਿਖਿਆ ਹੈ- ਇੱਥੇ ਮੁਸਲਮਾਨਾਂ ਦੇ ਦਾਖਲੇ ਦੀ ਮਨਾਹੀ ਹੈ।
2022 ਵਿੱਚ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਦੌਰਾਨ ਉਨ੍ਹਾਂ ਨੇ ਮੁਸਲਮਾਨਾਂ ਵਿਰੁੱਧ ਭੜਕਾਊ ਭਾਸ਼ਣ ਦਿੱਤੇ ਸਨ।
ਉਨ੍ਹਾਂ ਨੇ ਕਿਹਾ ਸੀ, "...ਮੁਸਲਮਾਨਾਂ ਨੂੰ ਮਾਰਨ ਲਈ ਤਲਵਾਰ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਤਲਵਾਰ ਨਾਲ ਤੁਹਾਡੇ ਤੋਂ ਨਹੀਂ ਮਰਨਗੇ ਵੀ ਨਹੀਂ। ਤੁਹਾਨੂੰ ਤਕਨੀਕ ਵਿੱਚ ਉਨ੍ਹਾਂ ਤੋਂ ਅੱਗੇ ਜਾਣਾ ਪਵੇਗਾ।"
ਯਤੀ ਨਰਸਿੰਘਾਨੰਦ ਇਸ ਤੋਂ ਪਹਿਲਾਂ ਵੀ ਆਪਣੇ ਬਿਆਨਾਂ ਅਤੇ ਕੰਮਾਂ ਕਾਰਨ ਵਿਵਾਦਾਂ 'ਚ ਰਹੇ ਹਨ।
ਉਨ੍ਹਾਂ 'ਤੇ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਅਤੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵੀ ਇਲਜ਼ਾਮ ਹਨ।
ਅਪ੍ਰੈਲ 2021 ਵਿੱਚ, ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਨੇ ਯਤੀ ਨਰਸਿੰਘਾਨੰਦ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਦਾ ਇਲਜ਼ਾਮ ਸੀ ਕਿ ਮਹੰਤ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ ਅਤੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।
ਸ਼ਿਕਾਇਤ ਦੇ ਇੱਕ ਦਿਨ ਬਾਅਦ, ਅਮਾਨਤੁੱਲ੍ਹਾ ਖ਼ਾਨ ਖ਼ਿਲਾਫ਼ ਦਿੱਲੀ ਪੁਲਿਸ ਵਿੱਚ ਯਤੀ ਨਰਸਿੰਘਾਨੰਦ ਨੂੰ ਕਥਿਤ ਤੌਰ 'ਤੇ ਧਮਕੀ ਦੇਣ ਦੇ ਇਲਜ਼ਾਮਾਂ ਤਹਿਤ ਸ਼ਿਕਾਇਤ ਦਰਜ ਹੋਈ ਸੀ।
ਹਾਲਾਂਕਿ, ਪੁਲਿਸ ਨੇ ਖ਼ੁਦ ਨੋਟਿਸ ਲਿਆ ਅਤੇ ਯਤੀ ਨਰਸਿੰਘਾਨੰਦ ਦੇ ਵਿਰੁੱਧ ਵੀ ਐੱਫ਼ਆਈਆਰ ਦਰਜ ਕੀਤੀ ਸੀ।
ਮਾਰਚ 2022 ਨੂੰ ਡਾਸਨਾ ਵਿੱਚ ਦੇਵੀ ਮੰਦਰ ਦੀ ਟੂਟੀ ਤੋਂ ਪਾਣੀ ਪੀਣ ਗਏ ਇੱਕ ਮੁਸਲਮਾਨ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਇਸ ਦਾ ਵੀਡੀਓ ਵਾਇਰਲ ਹੋ ਗਿਆ ਸੀ।
ਬਾਅਦ 'ਚ ਯਤੀ ਨਰਸਿੰਘਾਨੰਦ ਨੇ ਬੱਚੇ 'ਤੇ ਹੋਏ ਹਮਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਬੱਚਾ ਮੰਦਰ ਦਾ ਅਪਮਾਨ ਕਰ ਰਿਹਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ