ਯਤੀ ਨਰਸਿੰਘਾਨੰਦ ਬੋਲੇ, 'ਜੇਕਰ ਮੁਸਲਮਾਨ ਪ੍ਰਧਾਨ ਮੰਤਰੀ ਬਣਿਆ ਤਾਂ 50 ਫ਼ੀਸਦ ਹਿੰਦੂਆਂ ਦਾ ਹੋਵੇਗਾ ਧਰਮ ਪਰਿਵਰਤਨ'- ਪ੍ਰੈੱਸ ਰਿਵੀਊ

ਗਾਜ਼ੀਆਬਾਦ ਦੇ ਡਾਸਨਾ ਦੇਵੀ ਮੰਦਰ ਦੇ ਮੁੱਖ ਪੁਜਾਰੀ ਅਤੇ ਆਪਣੇ ਵਿਵਾਦਤ ਬਿਆਨਾਂ ਕਰਕੇ ਚਰਚਾ ਵਿੱਚ ਰਹਿਣ ਵਾਲੇ ਯਤੀ ਨਰਸਿੰਘਾਨੰਦ ਨੇ ਐਤਵਾਰ ਨੂੰ ਇੱਕ ਹੋਰ ਵਿਵਾਦਤ ਬਿਆਨ ਦਿੱਤਾ ਹੈ।

ਅੰਗਰੇਜ਼ੀ ਅਖਬਾਰ 'ਹਿੰਦੁਸਤਾਨ ਟਾਈਮਜ਼' ਦੀ ਖ਼ਬਰ ਮੁਤਾਬਕ ਯਤੀ ਨੇ ਆਖਿਆ ਕਿ ਜੇਕਰ ਕੋਈ ਮੁਸਲਮਾਨ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਵੀਹ ਸਾਲਾਂ ਵਿੱਚ ਦੇਸ ਦੇ 50 ਫ਼ੀਸਦ ਹਿੰਦੂਆਂ ਦਾ ਧਰਮ ਪਰਿਵਰਤਨ ਹੋ ਜਾਵੇਗਾ।

ਖਬਰ ਮੁਤਾਬਕ ਦਿੱਲੀ ਦੇ ਬੁਰਾੜੀ ਵਿਖੇ ਹੋਈ ਇੱਕ ਹਿੰਦੂ ਮਹਾਂ ਪੰਚਾਇਤ ਵਿੱਚ ਉਨ੍ਹਾਂ ਨੇ ਆਖਿਆ ਕਿ ਜੇਕਰ 2029, 2034 ਜਾਂ ਫ਼ਿਰ 2039 ਵਿੱਚ ਕੋਈ ਮੁਸਲਮਾਨ ਪ੍ਰਧਾਨ ਮੰਤਰੀ ਬਣਿਆ ਤਾਂ 40 ਫ਼ੀਸਦ ਹਿੰਦੂਆਂ ਦਾ ਕਤਲ ਕਰ ਦਿੱਤਾ ਜਾਵੇਗਾ ਤੇ 10 ਫ਼ੀਸਦ ਕਿਸੇ ਸ਼ਰਨਾਰਥੀ ਕੈਂਪ ਜਾਂ ਹੋਰ ਦੇਸ਼ਾਂ ਵਿੱਚ ਰਹਿਣਗੇ।

"ਹਿੰਦੂਆਂ ਦਾ ਇਹ ਭਵਿੱਖ ਹੋਵੇਗਾ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਨਾ ਹੋਵੇ ਤਾਂ ਹਥਿਆਰ ਚੁੱਕ ਲਵੋ।" ਦਿੱਲੀ ਪ੍ਰਸ਼ਾਸਨ ਨੇ ਮਹਾਂਪੰਚਾਇਤ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਸੁਤੰਤਰ ਤੌਰ 'ਤੇ ਅਖ਼ਬਾਰ ਵੱਲੋਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਇਸ ਸਮਾਗਮ ਦੇ ਸਬੰਧ ਵਿੱਚ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਮੰਚਾਂ ਰਾਹੀਂ ਅਫ਼ਵਾਹਾਂ ਫੈਲਾਉਣ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ।

ਇਹ ਵੀ ਪੜ੍ਹੋ:

ਇਸ ਮਹਾਂਪੰਚਾਇਤ ਵਿੱਚ ਪਹੁੰਚੇ ਕੁਝ ਪੱਤਰਕਾਰਾਂ ਨੇ ਕਥਿਤ ਧੱਕਾਮੁੱਕੀ ਤੇ ਹਿਰਾਸਤ ਵਿੱਚ ਲੈਣ ਦੀ ਗੱਲ ਵੀ ਕੀਤੀ ਹੈ ਪਰ ਦਿੱਲੀ ਪੁਲਿਸ ਨੇ ਇਸ ਨੂੰ ਨਕਾਰਿਆ ਹੈ।

ਨਰਸਿੰਘਾਨੰਦ ਇਸ ਤੋਂ ਪਹਿਲਾਂ ਵੀ ਅਤੇ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ ਵਿੱਚ ਰਹੇ ਹਨ ਅਤੇ ਉਨ੍ਹਾਂ ਨੂੰ ਉਤਰਾਖੰਡ ਵਿੱਚ ਵਿਵਾਦਤ ਬਿਆਨ ਤੋਂ ਬਾਅਦ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਕਸ਼ਮੀਰੀ ਪੰਡਿਤਾਂ ਦੀ ਘਰ ਵਾਪਸੀ ਦਾ ਸਮਾਂ ਹੁਣ ਦੂਰ ਨਹੀਂ -ਮੋਹਨ ਭਾਗਵਤ

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਸ਼ਮੀਰੀ ਪੰਡਿਤਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਹੁਣ ਘਰ ਵਾਪਸੀ ਦਾ ਸਮਾਂ ਆ ਗਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਇੱਕ ਵਰਚੁਅਲ ਕਾਨਫ਼ਰੰਸ ਰਾਹੀਂ ਕਸ਼ਮੀਰੀ ਪੰਡਿਤਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਖਿਆ,"ਜਿੱਥੇ ਪਹਿਲਾਂ ਸਾਡਾ ਘਰ ਬਾਰ ਸੀ ਹੁਣ ਦੁਬਾਰਾ ਉੱਥੇ ਸਾਡਾ ਘਰ ਬਾਰ ਹੋਵੇਗਾ। ਹੁਣ ਇਸ ਸੰਕਲਪ ਦੀ ਪੂਰਤੀ ਲਈ ਜ਼ਿਆਦਾ ਦਿਨ ਨਹੀਂ ਹਨ।"

ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਇਸ ਲਈ ਜਲਦਬਾਜ਼ੀ ਕਰਨ ਦੀ ਵੀ ਜ਼ਰੂਰਤ ਨਹੀਂ ਹੈ।

ਹਿੰਦੀ ਫਿਲਮ 'ਦਿ ਕਸ਼ਮੀਰ ਫਾਈਲਜ਼' ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਆਖਿਆ ਕਿ ਕੁਝ ਲੋਕ ਇਸ ਦਾ ਸਮਰਥਨ ਕਰਦੇ ਹਨ ਜਦੋਂਕਿ ਕਈ ਇਸ ਨੂੰ ਅੱਧਾ ਸੱਚ ਅੱਧਾ ਝੂਠ ਆਖਦੇ ਹਨ।

ਇਹ ਬਿਆਨ ਉਨ੍ਹਾਂ ਨੇ ਉਸ ਸਮੇਂ ਦਿੱਤਾ ਜਦੋਂ ਕੁਝ ਕਸ਼ਮੀਰੀ ਪੰਡਿਤਾਂ ਨੇ ਅਗਲੇ ਸਾਲ ਕਸ਼ਮੀਰੀ ਪੰਡਿਤਾਂ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਕਸ਼ਮੀਰ ਵਿੱਚ ਕਰਨ ਦਾ ਪ੍ਰਣ ਲਿਆ ਗਿਆ ਹੈ।

ਮੋਹਨ ਭਾਗਵਤ ਨੇ ਆਖਿਆ ਕਿ ਧਾਰਾ 370 ਵਰਗੀਆਂ ਅੜਚਨਾਂ ਹਟਣ ਕਾਰਨ ਹੁਣ ਘਰ ਵਾਪਸੀ ਵਿੱਚ ਸੌਖ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਈ ਵਾਰ ਭਿਆਨਕ ਸਮਾਂ ਆਉਂਦਾ ਹੈ ਪਰ ਸਾਡੀ ਇਹੀ ਕਾਮਨਾ ਹੈ ਕਿ ਅਜਿਹਾ ਮੁੜ ਨਾ ਹੋਵੇ।

ਅਮਰੀਕਾ ਵਿੱਚ ਗੋਲੀਬਾਰੀ- 6 ਦੀ ਮੌਤ, 12 ਜ਼ਖ਼ਮੀ

ਅਮਰੀਕਾ ਦੇ ਸੈਕਰਾਮੈਂਟੋ ਵਿੱਚ ਐਤਵਾਰ ਨੂੰ ਗੋਲੀਬਾਰੀ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਜਦੋਂਕਿ 12 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਕੈਲੀਫੋਰਨੀਆ ਸਟੇਟ ਕੈਪੀਟਲ ਪੁਲਿਸ ਮੁਤਾਬਕ ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਗੋਲੀਬਾਰੀ ਇੱਕ ਨਾਈਟ ਕਲੱਬ ਦੇ ਕੋਲ ਹੋਈ ਹੈ ਅਤੇ ਕਈ ਮਹੱਤਵਪੂਰਨ ਇਮਾਰਤਾਂ ਵੀ ਇਸ ਦੇ ਨਜ਼ਦੀਕ ਹਨ।

ਅਮਰੀਕਾ ਵਿੱਚ ਗੋਲੀਬਾਰੀ ਨਾਲ ਹੋਣ ਵਾਲੀਆਂ ਮੌਤਾਂ ਉੱਪਰ ਵਿਵਾਦ ਪਹਿਲਾਂ ਹੀ ਭਖਿਆ ਹੋਇਆ ਹੈ ਅਤੇ ਇਸ ਘਟਨਾ ਤੋਂ ਬਾਅਦ ਫਿਰ ਚਰਚਾ ਦੀ ਉਮੀਦ ਹੈ।

ਹਰ ਸਾਲ ਅਮਰੀਕਾ ਵਿੱਚ ਸ਼ੂਟਿੰਗ ਵਰਗੀਆਂ ਘਟਨਾਵਾਂ ਵਿੱਚ ਤਕਰੀਬਨ 400,00 ਲੋਕਾਂ ਦੀ ਜਾਨ ਜਾਂਦੀ ਹੈ ਜਿਨ੍ਹਾਂ ਵਿੱਚ ਖ਼ੁਦਕੁਸ਼ੀਆਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)