You’re viewing a text-only version of this website that uses less data. View the main version of the website including all images and videos.
'ਮੁਸਲਮਾਨਾਂ ਨੂੰ ਧਰਤੀ ਤੋਂ ਖ਼ਤਮ ਕਰਨ ਦੀਆਂ' ਧਮਕੀਆਂ ਦੇਣ ਵਾਲੇ ਯਤੀ ਨੂੰ ਹੱਥ ਕਿਉਂ ਨਹੀਂ ਪਾ ਰਹੇ ਯੋਗੀ
- ਲੇਖਕ, ਵਿਨੀਤ ਖਰੇ
- ਰੋਲ, ਬੀਬੀਸੀ ਪੱਤਰਕਾਰ, ਡਾਸਨਾ, ਗਾਜ਼ੀਆਬਾਦ
"ਇਸਲਾਮ ਨੂੰ ਧਰਤੀ ਤੋਂ ਮਿਟਾ ਦੇਣਾ ਚਾਹੀਦੈ .. ਸਾਰੇ ਮੁਸਲਮਾਨਾਂ ਨੂੰ ਖ਼ਤਮ ਕਰ ਦੇਣਾ ਚਾਹੀਦੈ।"
"ਅੱਜ ਅਸੀਂ ਜਿਨ੍ਹਾਂ ਨੂੰ ਮੁਸਲਮਾਨ ਬੁਲਾਉਂਦੇ ਹਾਂ, ਉਨ੍ਹਾਂ ਨੂੰ ਪਹਿਲਾਂ ਰਾਖਸ਼ਸ ਬੁਲਾਇਆ ਜਾਂਦਾ ਸੀ।"
"Islam is an organised gang of criminals. ਅਤੇ ਜਿਸਦਾ ਆਧਾਰ ਔਰਤਾਂ ਦਾ ਵਪਾਰ ਹੈ। ਜਿਸਦਾ ਆਧਾਰ ਔਰਤਾਂ ਨੂੰ ਬਰਬਾਦ ਕਰਨਾ ਹੈ। ਕਾਫ਼ਿਰਾਂ ਦੀਆਂ ਔਰਤਾਂ ਨੂੰ ਖੋਹਣਾ ਇਹ ਸਭ ਵੱਡਾ ਆਧਾਰ ਹੈ।"
ਇਹ ਭੜਕਾਊ ਬਿਆਨ ਯਤੀ ਨਰਸਿੰਹਾਨੰਦ ਸਰਸਵਤੀ ਦੇ ਹਨ। ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਕਸਬੇ ਵਿੱਚ ਦੇਵੀ ਮੰਦਰ ਦੇ 'ਪੀਠਾਧੀਸ਼' ਯਤੀ ਨਰਸਿੰਹਾਨੰਦ ਸਰਸਵਤੀ ਹੁਣ ਜੂਨਾ ਅਖਾੜਾ ਦੇ ਮਹਾਂਮੰਡਲੇਸ਼ਵਰ ਵੀ ਹਨ।
ਇਹ ਉਹੀ ਦੇਵੀ ਮੰਦਰ ਹੈ, ਜਿਸਦੇ ਗੇਟ ਦੇ ਬਾਹਰ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੈ -ਇੱਥੇ ਮੁਸਲਮਾਨਾਂ ਦਾ ਦਾਖ਼ਲ ਹੋਣਾ ਮਨ੍ਹਾਂ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਉੱਤਰ ਪ੍ਰਦੇਸ਼ ਵਿੱਚ ਜਿੱਥੇ ਟਵੀਟ ਕਰਨ 'ਤੇ, ਰਿਪੋਰਟਿੰਗ ਕਰਨ 'ਤੇ ਜਾਂ ਫਿਰ ਸੀਏਏ ਦੇ ਖ਼ਿਲਾਫ਼ ਪੋਸਟਰ ਲਗਾਉਣ 'ਤੇ ਵੀ ਗ੍ਰਿਫ਼ਤਾਰੀ ਹੁੰਦੀ ਹੈ।
ਸਵਾਲ ਉੱਠ ਰਹੇ ਹਨ ਕਿ ਮੁਸਲਮਾਨਾਂ ਦੇ ਖ਼ਿਲਾਫ਼ ਲਗਾਤਾਰ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਵਾਲੇ ਯਤੀ ਨਰਸਿੰਹਾਨੰਦ ਸਰਸਵਤੀ ਹਾਲੇ ਵੀ ਜੇਲ੍ਹ ਵਿੱਚ ਕਿਉਂ ਨਹੀਂ ਹਨ?
ਇਹ ਵੀ ਪੜ੍ਹੋ:
ਹਿੰਦੂਤਵਵਾਦੀ ਨੇਤਾਵਾਂ ਦੀ ਲੰਬੀ ਹੁੰਦੀ ਕਤਾਰ ਵਿੱਚ ਯਤੀ ਨਰਸਿੰਹਾਨੰਦ ਸਰਸਵਤੀ ਸਭ ਤੋਂ ਚਰਚਿਤ ਪੋਸਟਰ ਬੁਆਏ ਹਨ।
ਮੁਸਲਮਾਨਾਂ ਦੇ ਖ਼ਿਲਾਫ਼ ਉਨ੍ਹਾਂ ਦੇ ਭੜਕਾਊ ਬਿਆਨ ਪਿਛਲੇ ਕਈ ਸਾਲਾਂ ਤੋਂ ਲੋਕਾਂ ਤੱਕ ਪਹੁੰਚ ਰਹੇ ਹਨ।
ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਬਣੇ ਨਰਸਿੰਹਾਨੰਦ 'ਤੇ ਇਲਜ਼ਾਮ ਇਹ ਵੀ ਹੈ ਕਿ ਉਹ ਡਾਸਨਾ ਦੇਵੀ ਮੰਦਰ ਅਤੇ ਉਸਦੀ ਜ਼ਮੀਨ ਨੂੰ ਆਪਣੇ ਨਿੱਜੀ ਜਾਇਦਾਦ ਵਾਂਗ ਵਰਤ ਰਹੇ ਹਨ।
ਮੁਸਲਿਮ ਬਹੁਗਿਣਤੀ ਡਾਸਨਾ ਵਿੱਚ ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਯਤੀ ਨਰਸਿੰਹਾਨੰਦ ਦੇ ਭਾਸ਼ਣਾਂ 'ਤੇ ਉੱਥੇ ਕੋਈ ਧਿਆਨ ਨਹੀਂ ਦਿੰਦਾ।
ਹਾਲਾਂਕਿ ਗਾਜ਼ੀਆਬਾਦ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਇਨ੍ਹਾਂ ਭਾਸ਼ਣਾਂ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਧਰੁਵੀਕਰਨ ਵਧਿਆ ਹੈ।
ਫਿਲਹਾਲ ਉੱਤਰ ਪ੍ਰਦੇਸ਼ ਦੀਆਂ ਮਹੱਤਵਪੂਰਨ ਚੋਣਾਂ ਨਜ਼ਦੀਕ ਹਨ। ਕਈ ਹਲਕਿਆਂ ਵਿੱਚ ਫਿਰਕੂ ਧਰੁਵੀਕਰਨ ਸਾਫ਼ ਦੇਖਿਆ ਜਾ ਰਿਹਾ ਹੈ।
ਗਾਜ਼ੀਆਬਾਦ ਦੇ ਇਸ ਕਸਬੇ ਵਿੱਚ ਜੋ ਹੋ ਰਿਹਾ ਹੈ, ਉਸਦਾ ਅਸਰ ਜ਼ਿਲ੍ਹੇ ਦੀਆਂ ਸਰਹੱਦਾਂ ਤੋਂ ਦੂਰ ਪੂਰੇ ਉੱਤਰ ਪ੍ਰਦੇਸ਼ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ।
ਉੱਤਰ ਪ੍ਰਦੇਸ਼ ਦੌਰੇ 'ਤੇ ਮੈਨੂੰ ਕਈ ਮੁਸਲਮਾਨਾਂ ਨੇ ਨਰਸਿੰਹਾਨੰਦ ਸਰਸਵਤੀ ਦੀ 'ਜ਼ਹਿਰੀਲੀ ਭਾਸ਼ਾ' 'ਤੇ ਚਿੰਤਾ ਜਤਾਈ। ਪਰ ਯੋਗੀ ਰਾਜ ਵਿੱਚ ਉਹ ਰੋਕੇ ਨਹੀਂ ਰੁਕ ਰਹੇ। ਆਖਿਰ ਕਿਉਂ?
ਹਾਲ ਹੀ ਵਿੱਚ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਯਤੀ ਨਰਸਿੰਹਾਨੰਦ ਨੇ ਕਿਹਾ,"... ਮੁਸਲਮਾਨਾਂ ਨੂੰ ਮਾਰਨ ਦੇ ਲਈ ਤਲਵਾਰ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਤਲਵਾਰ ਨਾਲ ਤੁਹਾਡੇ ਤੋਂ ਉਹ ਮਰਨਗੇ ਵੀ ਨਹੀਂ। ਤੁਹਾਨੂੰ ਤਕਨੀਕ ਵਿੱਚ ਉਨ੍ਹਾਂ ਤੋਂ ਅੱਗੇ ਜਾਣਾ ਪਵੇਗਾ।"
ਇਸ ਧਰਮ ਸੰਸਦ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਗੱਲ ਕਰਨ ਦਾ ਇਲਜ਼ਾਮ ਹੈ।
ਸੋਸ਼ਲ ਮੀਡੀਆ 'ਤੇ ਮਚੇ ਕੋਹਰਾਮ ਤੋਂ ਬਾਅਦ ਉੱਤਰਾਖੰਡ ਪੁਲਿਸ ਨੇ ਧਰਮ ਸੰਸਦ ਵਿੱਚ ਦਿੱਤੀ ਗਈ ਹੇਟ ਸਪੀਚ ਦੇ ਮਾਮਲੇ ਵਿੱਚ ਐੱਫ਼ਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਹੋ ਗਈ ਹੈ।
ਐੱਫ਼ਆਈਆਰ ਵਿੱਚ ਯਤੀ ਨਰਸਿੰਹਾਨੰਦ ਦਾ ਨਾਮ ਬਾਅਦ ਵਿੱਚ ਜੋੜਿਆ ਗਿਆ ਹੈ। ਹਾਲਾਂਕਿ ਪੁਲੀਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਪਹਿਲਾਂ ਉਸ ਦਾ ਨਾਮ ਇਸ ਐੱਫ਼ਆਈਆਰ ਵਿੱਚ ਕਿਉਂ ਨਹੀਂ ਜੋੜਿਆ ਗਿਆ ਸੀ।
ਕਿਹੜੇ-ਕਿਹੜੇ ਮਾਮਲੇ ਹਨ ਯਤੀ ਨਰਸਿੰਹਾਨੰਦ ਦੇ ਖ਼ਿਲਾਫ਼
ਯਤੀ ਨਰਸਿੰਹਾਨੰਦ 'ਤੇ ਐੱਫ਼ਆਈਆਰ ਮੁਕੱਦਮਿਆਂ ਦੀ ਤਾਂ ਪਹਿਲਾਂ ਹੀ ਕਮੀ ਨਹੀਂ ਸੀ।
ਉਨ੍ਹਾਂ ਦੀ ਵਕੀਲ ਅਤੇ ਡਾਸਨਾ ਦੇਵੀ ਮੰਦਰ ਦੀ ਮਹੰਤ ਮਾਂ ਚੇਤਨਾਨੰਦ ਸਰਸਵਤੀ ਦੇ ਮੁਤਾਬਕ ਯਤੀ 'ਤੇ ਕਰੀਬ ਦੋ ਦਰਜਨ ਮਾਮਲੇ ਅਲੱਗ-ਅਲੱਗ ਪੜਾਵਾਂ ਵਿੱਚ ਹਨ।
ਉਨ੍ਹਾਂ ਮੁਤਾਬਕ ਕੁਝ ਵਿੱਚ ਚਾਰਜਸ਼ੀਟ ਦਾਖ਼ਲ ਹੈ, ਕੁਝ ਮਾਮਲਿਆਂ ਵਿੱਚ ਹਾਈ ਕੋਰਟ ਨੇ ਸਟੇਅ ਲਗਾਇਆ ਹੋਇਆ ਹੈ ਅਤੇ ਕੁਝ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਹੈ।
ਉੱਤਰਾਖੰਡ ਵਿੱਚ ਯਤੀ ਨਰਸਿੰਹਾਨੰਦ 'ਤੇ ਦੋ ਧਾਰਾਵਾਂ 153-ਏ ਅਤੇ 295-ਏ ਦੇ ਅਧੀਨ ਮਾਮਲਾ ਚੱਲੇਗਾ।
153-ਏ ਯਾਨੀ ਭਾਈਚਾਰਿਆਂ ਦੇ ਵਿੱਚ ਧਰਮ, ਭਾਸ਼ਾ ਆਦਿ ਦੇ ਆਧਾਰ 'ਤੇ ਦੁਸ਼ਮਣੀ ਫ਼ੈਲਾਉਣਾ ਅਤੇ ਧਾਰਾ 295-ਏ ਯਾਨੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਅਜਿਹੀ ਕੋਸ਼ਿਸ਼ ਕਰਨਾ।
ਗਾਜ਼ੀਆਬਾਦ ਪੁਲੀਸ ਨੇ 10 ਮਾਮਲਿਆਂ ਦੀ ਜਾਣਕਾਰੀ ਮੁਹੱਈਆ ਕਰਵਾਈ ਹੈ।
ਪੁਲਿਸ ਮੁਤਾਬਿਕ ਯਤੀ ਨਰਸਿੰਹਾਨੰਦ ਦੇ ਖ਼ਿਲਾਫ਼ ਆਈਟੀ ਐਕਟ ਤੋਂ ਇਲਾਵਾ ਆਈਪੀਸੀ ਦੀਆਂ ਧਾਰਾਵਾਂ ਜਿਵੇਂ 306, 307, 395 ਆਦਿ ਵਿੱਚ ਮੁਕੱਦਮੇ ਦਰਜ ਹਨ।
ਧਾਰਾ 306 ਯਾਨੀ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ, ਧਾਰਾ 307 ਯਾਨੀ ਹੱਤਿਆ ਦਾ ਯਤਨ। 395 ਯਾਨੀ ਡਕੈਤੀ।
ਅਸੀਂ ਗਾਜ਼ੀਆਬਾਦ ਪੁਲੀਸ ਤੋਂ ਮਿਲੀ ਜਾਣਕਾਰੀ ਨੂੰ ਸੀਨੀਅਰ ਵਕੀਲ ਰਾਜੇਸ਼ ਤਿਆਗੀ ਦੇ ਨਾਲ ਸਾਂਝਾ ਕੀਤਾ ਅਤੇ ਯਤੀ ਨਰਸਿੰਹਾਨੰਦ ਸਰਸਵਤੀ ਦੇ ਭਾਸ਼ਣਾਂ ਅਤੇ ਹੋਰ ਮਾਮਲਿਆਂ ਵਿੱਚ ਪੁਲੀਸ ਵੱਲੋਂ ਲਗਾਈਆਂ ਗਈਆਂ ਧਰਾਵਾਂ 'ਤੇ ਰਾਇ ਪੁੱਛੀ।
ਰਾਜੇਸ਼ ਤਿਆਗੀ ਉਨ੍ਹਾਂ 76 ਵਕੀਲਾਂ ਵਿੱਚੋਂ ਹਨ, ਜਿਨ੍ਹਾਂ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਅਦਾਲਤ ਦਾ ਧਿਆਨ ਹਰਿਦੁਆਰ ਵਿੱਚ ਨਫ਼ਰਤੀ ਭਾਸ਼ਮ ਮਾਮਲੇ ਵੱਲ ਖਿੱਚਿਆ ਹੈ।
ਮੇਰਠ ਵਿੱਚ ਰਹਿਣ ਵਾਲੇ ਰਾਜੇਸ਼ ਤਿਆਗੀ ਨੇ ਦੱਸਿਆ ਕਿ ਉਹ ਲਗਾਤਾਰ ਉਨ੍ਹਾਂ ਦੇ ਵੀਡੀਓ ਦੇਖ ਰਹੇ ਸੀ ਅਤੇ ਜਿਸ ਤਰ੍ਹਾਂ ਦੀ ਭਾਸ਼ਾ ਨਰਸਿੰਹਾਨੰਦ ਵਰਤ ਰਹੇ ਹਨ, "ਪੁਲਿਸ ਤਾਂ ਉਨ੍ਹਾਂ ਨੂੰ ਇੱਕ ਤਰ੍ਹਾਂ ਦੀ ਛੋਟ ਦੇ ਰਹੀ ਹੈ।"
ਉਹ ਕਹਿੰਦੇ ਹਨ, "ਉਨ੍ਹਾਂ 'ਤੇ ਡਕੈਤੀ, ਕਤਲ ਦੀ ਕੋਸ਼ਿਸ਼ ਜਿਹੀਆਂ ਧਾਰਾਵਾਂ ਲਾਈਆਂ ਗਈਆਂ ਹਨ। ਮੈਨੂੰ ਸਮਝ ਨਹੀਂ ਆਉਂਦਾ ਇਨ੍ਹਾਂ ਸਾਰੇ ਮਾਮਲਿਆਂ ਵਿੱਚ, ਜਿਨ੍ਹਾਂ ਵਿੱਚ ਉਨ੍ਹਾਂ ਨੇ ਅਪਰਾਧਾਂ ਨੂੰ ਦੁਹਰਾਇਆ ਹੈ, ਉਨ੍ਹਾਂ ਦੇ ਅੰਦਰ ਇਨ੍ਹਾਂ ਨੂੰ ਜ਼ਮਾਨਤ ਕਿਵੇਂ ਮਿਲ ਰਹੀ ਹੈ। ਇਨ੍ਹਾਂ ਦੀ ਤਾਂ ਜ਼ਮਾਨਤ ਰੱਦ ਹੋ ਜਾਣੀ ਚਾਹੀਦੀ ਸੀ।"
"ਇਨ੍ਹਾਂ ਨੂੰ ਸਿੱਧੇ ਤੌਰ 'ਤੇ ਸੱਤਾ ਵੱਲੋਂ ਬਚਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪੁਲੀਸ ਕੁਝ ਨਹੀਂ ਕਹਿ ਰਹੀ ਹੈ, ਪ੍ਰਸ਼ਾਸਨ ਕੁਝ ਨਹੀਂ ਕਹਿ ਰਿਹਾ ਹੈ। ਬਸ ਮੁਕੱਦਮਾ ਦਰਜ ਕੀਤਾ ਅਤੇ ਛੱਡ ਦਿੱਤਾ। ਤਾਂ ਕਰਕੇ ਇਹ ਲੋਕ ਬੇਫਿਕਰ ਹਨ।
ਰਾਜੇਸ਼ ਤਿਆਗੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਜ਼ਹਿਰ ਬੀਜਿਆ ਜਾ ਰਿਹਾ ਹੈ, ਉਸ ਨਾਲ ਖ਼ਤਰਾ ਇੱਕ ਵਿਆਪਕ ਕਤਲੇਆਮ ਹੋ ਸਕਦਾ ਹੈ।
ਉਹ ਕਹਿੰਦੇ ਹਨ,"ਇਹ ਮਾਮਲਾ ਸਿੱਧਾ-ਸਿੱਧਾ (UAPA) ਯੂਏਪੀਏ ਦਾ ਬਣਦਾ ਹੈ ਪਰ ਪੁਲਿਸ ਯੂਏਪੀਏ ਨਹੀਂ ਲਗਾ ਰਹੀ ਹੈ।
ਹਰਿਦੁਵਾਰ ਮਾਮਲੇ ਵਿੱਚ ਯੂਏਪੀਏ ਨਹੀਂ ਲਗਾਇਆ ਗਿਆ ਹੈ, ਜੋ ਸਿੱਧੇ-ਸਿੱਧੇ ਯੂਏਪੀਏ ਦਾ ਮਾਮਲਾ ਹੈ। ਤੁਹਾਡੇ ਕੋਲ ਦਸਤਾਵੇਜ਼ ਹਨ, ਡਿਜੀਟਲ ਵੀਡੀਓ ਸਬੂਤ ਹਨ।"
ਗਾਜ਼ੀਆਬਾਦ ਦੇ ਐੱਸਐੱਸਪੀ ਪਵਨ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਯਤੀ ਨਰਸਿੰਹਾਨੰਦ ਸਰਸਵਤੀ ਦੇ ਖ਼ਿਲਾਫ਼ ਕਾਰਵਾਈ ਵਿੱਚ ਕਿਸੇ ਵੀ ਸਿਆਸੀ ਕਿਸਮ ਦੇ ਦਬਾਅ ਤੋਂ ਇਨਕਾਰ ਕੀਤਾ।
ਉੱਤਰਾਖੰਡ ਵਿੱਚ ਗੜਵਾਲ ਦੇ ਡੀਆਈਜੀ ਕਰਣ ਸਿੰਘ ਨਾਗਨਿਆਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਪੁਲੀਸ ਉੱਤੇ ਕੋਈ ਸਿਆਸੀ ਦਬਾਅ ਨਹੀਂ ਹੈ ਅਤੇ ਉਹ ਯਤੀ ਨਰਸਿੰਹਾਨੰਦ'ਤੇ 'ਸਾਫ਼ਟ' ਨਹੀਂ ਹਨ।
ਕਰਣ ਸਿੰਘ ਨਾਗਨਿਆਲ ਨੇ ਇਹ ਨਹੀਂ ਦੱਸਿਆ ਕਿ ਮਾਮਲੇ ਵਿੱਚ ਬਣਾਈ ਗਈ ਐੱਸਆਈਟੀ ਦੀ ਰਿਪੋਰਟ ਕਦੋਂ ਤੱਕ ਆਵੇਗੀ, ਪਰ ਕਿਹਾ ਕਿ "ਜਿੰਨੀ ਜਲਦੀ ਹੋ ਸਕੇਗਾ ਸਬੂਤ ਇਕੱਠੇ ਕਰਕੇ ਆਖ਼ਰੀ ਚਾਰਜਸ਼ੀਟ ਭੇਜਣਗੇ।"
ਦੇਵੀ ਮੰਦਰ ਦੇ ਵਿਹੜੇ ਵਿੱਚ ਸਥਿਤ ਇੱਕ ਹਾਲ ਵਿੱਚ ਬੀਬੀਸੀ ਨਾਲ ਗੱਲਬਾਤ ਵਿੱਚ ਯਤੀ ਨਰਸਿੰਹਾਨੰਦ ਸਰਸਵਤੀ ਦੇ ਨਜ਼ਦੀਕੀ ਅਤੇ 'ਛੋਟਾ ਨਰਸਿੰਹਾਨੰਦ' ਵਜੋਂ ਜਾਣੇ ਜਾਂਦੇ ਅਨਿਲ ਯਾਦਵ ਨੇ ਮੁਸਕਰਾਉਂਦੇ ਹੋਏ ਕਿਹਾ, "ਮੁਕੱਦਮਿਆਂ ਦੀ ਲਾਈਨ ਲੱਗੀ ਹੋਈ ਹੈ। ਕੋਈ ਦਿੱਕਤ ਨਹੀਂ ਹੈ। ਇਹ ਤਾਂ ਗਹਿਣੇ ਹਨ ਸਾਡੇ।"
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਾਰਵਾਈ ਨਹੀਂ ਹੋਣ ਦੇ ਪਿੱਛੇ ਸਿਰਫ਼ ਇਹੀ ਕਾਰਨ ਹੈ ਕਿ ਗੁਰੂ ਜੀ ਨੇ ਕੋਈ ਗੁਨਾਹ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਹੈ।
ਗਾਜ਼ੀਆਬਾਦ ਪੁਲੀਸ ਦੇ ਅਨੁਸਾਰ ਯਤੀ ਨਰਸਿੰਹਾਨੰਦ ਸਰਸਵਤੀ 'ਤੇ ਦਰਜ 13 ਮੁਕੱਦਮਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਵਿੱਚ ਚਾਰਜਸ਼ੀਟ ਲੱਗੀ ਹੋਈ ਹੈ।
ਪੁਲੀਸ ਦੇ ਮੁਤਾਬਿਕ ਯਤੀ 'ਤੇ ਗੁੰਡਾ ਐਕਟ ਲਗਾਉਣ ਦਾ ਮਾਮਲਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵਿੱਚ ਲਮਕਿਆ ਪਿਆ ਹੈ।
ਗਾਜ਼ੀਆਬਾਦ ਦੇ ਡੀਐੱਮ ਰਾਕੇਸ਼ ਕੁਮਾਰ ਸਿੰਘ ਨਾਲ ਫ਼ੋਨ 'ਤੇ ਸੰਪਰਕ ਨਹੀਂ ਹੋ ਸਕਿਆ ਅਤੇ ਭੇਜੇ ਗਏ ਸੁਨੇਹਿਆਂ ਦਾ ਜਵਾਬ ਨਹੀਂ ਮਿਲਿਆ।
ਯਤੀ 'ਤੇ ਕਈ ਮੁਕੱਦਮੇ ਚੱਲ ਰਹੇ ਹਨ, ਨਾਲ ਹੀ ਦਿੱਲੀ ਪ੍ਰੈੱਸ ਕਲੱਬ ਅਤੇ ਦਿੱਲੀ ਦੰਗਿਆਂ ਦੇ ਦੌਰਾਨ ਨਫ਼ਰਤ ਨਾਲ ਭਰੇ ਭੜਕਾਊ ਭਾਸ਼ਣਾਂ ਅਤੇ ਸੰਪਰਦਾਇਕ ਮਾਹੌਲ ਦੇ ਵਿਗਾੜਨ ਦੇ ਖ਼ਤਰਿਆਂ ਦੇ ਬਾਵਜੂਦ, ਉਨ੍ਹਾਂ ਦੇ ਮੁਸਲਮਾਨ ਵਿਰੋਧੀ ਬਿਆਨ ਲਗਾਤਾਰ ਲੋਕਾਂ ਤੱਕ ਪਹੁੰਚ ਪਾ ਰਹੇ ਹਨ।
ਸਿਆਸੀ ਸ਼ਹਿ?
ਗਾਜ਼ੀਆਬਾਦ ਦੇ ਇੱਕ ਪੁਲੀਸ ਅਧਿਕਾਰੀ ਨੇ ਗੱਲਬਾਤ ਵਿੱਚ ਯਤੀ ਨਰਸਿੰਹਾਨੰਦ ਦੇ ਖ਼ਿਲਾਫ਼ ਕਿਸੇ ਸਖ਼ਤ ਕਾਰਵਾਈ ਦੇ ਨਾ ਹੋਣ ਦੇ ਪਿੱਛੇ ਯੋਗੀ ਸਰਕਾਰ ਦੀ ਕਥਿਤ ਸ਼ਹਿ ਨੂੰ ਜ਼ਿੰਮੇਵਾਰ ਠਹਿਰਾਇਆ।
ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ 'ਤੇ ਉਨ੍ਹਾਂ ਨੇ ਕਿਹਾ, "ਉੱਪਰ ਤੋਂ ਸਾਫ਼ ਇਸ਼ਾਰੇ ਹਨ ਕਿ ਉਨ੍ਹਾਂ ਦੇ ਖ਼ਿਲਾਫ਼ ਕੁਝ ਨਹੀਂ ਕਰਨਾ ਹੈ।" ਉਨ੍ਹਾਂ ਨੇ ਕਿਹਾ ਕਿ ਯਤੀ ਦੇ ਖ਼ਿਲਾਫ਼ ਮਾਮਲਿਆਂ ਦੇ ਅੱਗੇ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਉਨ੍ਹਾਂ ਨੂੰ ਖੁਦ "ਇਸ ਦੇ ਬਾਰੇ ਵਿੱਚ ਬੁਰਾ ਲਗਦਾ ਹੈ।"
ਇਸ ਅਧਿਕਾਰੀ ਦੇ ਮੁਤਾਬਿਕ, ਜੋ ਮਾਮਲੇ ਅਦਾਲਤ ਵਿੱਚ ਹਨ, ਉੱਥੇ ਯਤੀ ਨਰਸਿੰਹਾਨੰਦ ਦੇ ਵਕੀਲਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਲ ਵਿੱਚੋਂ ਇੱਕ ਜਾਂ ਦੋ ਤੋਂ ਜ਼ਿਆਦਾ ਪੇਸ਼ੀ ਨਾ ਹੋ ਸਕੇ। ਉਹ ਲੰਬੀਆਂ ਤਰੀਕਾਂ ਲੈ ਲੈਂਦੇ ਹਨ, ਜਿਸ ਨਾਲ ਕਾਨੂੰਨੀ ਪ੍ਰਕਿਰਿਆ ਅੱਗੇ ਨਹੀਂ ਵਧਦੀ।
ਯਤੀ ਨਰਸਿੰਹਾਨੰਦ ਦੇ ਖ਼ਿਲਾਫ਼ ਗੁੰਡਾ ਐਕਟ ਲਗਾਏ ਜਾਣ 'ਤੇ ਕਥਿਤ ਨਰਮੀ ਨੂੰ ਲੈ ਕੇ ਗਾਜ਼ੀਆਬਾਦ ਦੇ ਇੱਕ ਹੋਰ ਪੁਲੀਸ ਅਫ਼ਸਰ ਨੇ ਕਿਹਾ ਕਿ ਉਹ ਸਿਸਟਮ ਦਾ ਛੋਟਾ ਜਿਹਾ ਹਿੱਸਾ ਹਨ। ਜੇਕਰ ਸਿਸਟਮ ਨੇ ਕਿਸੇ ਨੂੰ ਬਚਾਉਣਾ ਹੁੰਦਾ ਹੈ ਤਾਂ ਉਸ ਦੇ ਤਰੀਕੇ ਵੀ ਨਿਕਲ ਆਉਂਦੇ ਹਨ।
ਯਤੀ ਨਰਸਿੰਹਾਨੰਦ ਸਰਸਵਤੀ ਦੀ ਵਕੀਲ ਅਤੇ ਡਾਸਨਾ ਦੇਵੀ ਮੰਦਰ ਦੀ ਮਹੰਤ ਮਾਂ ਚੇਤਨਾਨੰਦ ਸਰਸਵਤੀ ਸਿਆਸੀ ਸ਼ਹਿ ਜਾਂ ਅਦਾਲਤੀ ਮਾਮਲਿਆਂ ਨੂੰ ਲੰਬਾ ਖਿੱਚਣ ਦੇ ਇਲਜ਼ਾਮਾਂ 'ਤੇ ਪੁੱਛਦੇ ਹਨ, "ਕੋਰਟ ਵਿੱਚ ਸਿਆਸੀ ਸ਼ਹਿ ਕਿਵੇਂ ਚੱਲੇਗੀ।, ਤੁਸੀਂ ਦੱਸੋ?"
ਉਨ੍ਹਾਂ ਨੇ ਹੇਟ ਸਪੀਚ ਦੇ ਮੁਕੱਦਮਿਆਂ ਨੂੰ ਸਿਆਸੀ ਦੱਸਿਆ ਅਤੇ ਕਿਹਾ, "ਕਿੰਨੀ ਵਾਰ ਅਸੀਂ ਐਪਲੀਕੇਸ਼ਨ ਮੂਵ ਕਰ ਸਕਦੇ ਹਾਂ ਕਿ ਸਿਹਤ ਖ਼ਰਾਬ ਹੈ? (ਵਾਰ-ਵਾਰ ਅਜਿਹਾ ਕਰਨ 'ਤੇ) ਅਦਾਲਤ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦੇਵੇਗੀ।"
ਅਨਿਲ ਯਾਦਵ ਜੋ ਆਪਣੇ ਆਪ ਨੂੰ ਯਤੀ ਨਰਸਿੰਹਾਨੰਦ ਦੀ ਵਿਚਾਰਧਾਰਾ ਦਾ ਵਾਰਿਸ ਦੱਸਦੇ ਹਨ, ਉਹ ਕਹਿੰਦੇ ਹੋਏ ਨਹੀਂ ਝਿਜਕਦੇ, "ਗੁਰੂ ਜੀ ਅਤੇ ਯੋਗੀ ਜੀ ਦੇ ਚੰਗੇ ਰਿਸ਼ਤੇ ਹਨ।"
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬੀਜੇਪੀ ਵਿੱਚ ਕਈ ਨੇਤਾ ਹਨ, ਜੋ 'ਗੁਰੂ ਜੀ' ਨੂੰ ਪੂਜਦੇ ਹਨ ਪਰ ਕਈ ਵਾਰ ਸਿਆਸੀ ਗੁਣਾ-ਭਾਗ ਦੇ ਚੱਕਰ ਵਿੱਚ ਸਾਹਮਣੇ ਨਹੀਂ ਆਉਂਦੇ ਹਨ।
ਅਨਿਲ ਯਾਦਵ ਨੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇੱਥੇ ਆਉਣਾ ਜਾਣਾ ਸੀ, ਫਿਰ ਇੱਕ ਟਵੀਟ ਤੋਂ ਬਾਅਦ ਦੂਰੀ ਬਣਾ ਲਈ, ਅਤੇ "ਹੋ ਸਕਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਮਜਬੂਰੀ ਹੋਵੇ।"
ਬੀਜੇਪੀ ਨੇਤਾ ਕਪਿਲ ਮਿਸ਼ਰਾ ਨੂੰ ਯਤੀ ਨਰਸਿੰਹਾਨੰਦ ਦੇ ਬਿਆਨਾਂ ਤੋਂ ਕਦੇ ਦਿੱਕਤ ਨਹੀਂ ਹੋਈ ਅਤੇ ਉਨ੍ਹਾਂ ਨੇ ਅਪ੍ਰੈਲ 2021 ਵਿੱਚ ਉਨ੍ਹਾਂ (ਯਤੀ) ਲਈ ਫੰਡ ਵੀ ਇਕੱਠਾ ਕੀਤਾ ਸੀ।
ਇਸ ਦੇ ਜਵਾਬ ਵਿੱਚ ਬੀਬੀਸੀ ਨਾਲ ਗੱਲਬਾਤ ਵਿੱਚ ਕਪਿਲ ਮਿਸ਼ਰਾ ਕਹਿੰਦੇ ਹਨ, "ਯਤੀ ਜੀ ਉੱਤੇ ਜਦੋਂ ਹਮਲੇ ਦੀ ਗੱਲ ਹੋਈ, ਉਨ੍ਹਾਂ ਦੇ ਖ਼ਿਲਾਫ਼ ਫ਼ਤਵੇ ਜਾਰੀ ਹੋਏ, ਉਦੋਂ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਨਾਲ ਖੁੱਲ੍ਹੇ ਵਿੱਚ ਧਮਕੀ ਦੇ ਕੇ ਕਿਸੇ ਆਦਮੀ ਨੂੰ ਮਾਰਨ ਦੀ ਗੱਲ ਕੀਤੀ ਜਾਏ ਅਤੇ ਕਮਲੇਸ਼ ਤਿਵਾੜੀ ਵਰਗਾ ਉਨ੍ਹਾਂ ਦਾ ਹਾਲ ਹੋਵੇ, ਤਾਂ ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ।
ਉਸਦੇ ਲਈ ਅਸੀਂ ਇੱਕ ਫੰਡ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਲਈ 50 ਲੱਖ ਰੁਪਏ ਇਕੱਠੇ ਕਰਕੇ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਦੇ ਕੁਝ ਬਿਆਨ ਆਏ, ਜੋ ਮੈਨੂੰ ਠੀਕ ਨਹੀਂ ਲੱਗੇ, ਖਾਸ ਕਰਕੇ ਔਰਤਾਂ ਬਾਰੇ।
ਉਦੋਂ ਮੈਂ ਇਹ ਬੋਲਿਆ ਕਿ ਇਸ ਤਰ੍ਹਾਂ ਦੇ ਬਿਆਨ ਮੰਦਰ ਵਿੱਚ ਬੈਠੇ ਹੋਏ ਵਿਅਕਤੀ ਦੇ ਦੁਆਰਾ ਠੀਕ ਨਹੀਂ ਲਗਦੇ ਹਨ। ਅਤੇ ਫਿਰ ਮੈਂ ਉਨ੍ਹਾਂ ਵੱਲ ਜਾਣਾ, ਮਿਲਣਾ ਬੰਦ ਕੀਤਾ।
ਕਪਿਲ ਮਿਸ਼ਰਾ ਨੇ ਕਿਹਾ ਕਿ ਜਿੱਥੋਂ ਤੱਕ ਪਾਰਟੀ ਦੀ ਗੱਲ ਹੈ, "ਪਾਰਟੀ ਵਿੱਚ ਇਨ੍ਹਾਂ ਚੀਜ਼ਾਂ 'ਤੇ ਕੋਈ ਚਰਚਾ ਹੀ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ:
ਪਾਰਟੀ ਦੇ ਕੋਲ ਹੋਰ ਬਹੁਤ ਸਾਰੇ ਮੁੱਦੇ ਹਨ ਗੱਲ ਕਰਨ ਦੇ ਲਈ। ਮੈਨੂੰ ਨਹੀਂ ਲਗਦਾ ਕਿ ਭਾਜਪਾ ਵਿੱਚ ਕਿਸੇ ਪੱਧਰ 'ਤੇ ਅਜਿਹੇ ਕਿਸੇ ਮੁੱਦੇ 'ਤੇ ਕੋਈ ਚਰਚਾ ਜਾਂ ਸੰਵਾਦ ਹੁੰਦਾ ਹੈ।"
ਉੱਤਰ ਪ੍ਰਦੇਸ਼ ਭਾਜਪਾ ਦੇ ਸਪੀਕਰ ਰਾਕੇਸ਼ ਤ੍ਰਿਪਾਠੀ ਨੇ ਯਤੀ ਨਰਸਿੰਹਾਨੰਦ ਦੇ ਕਿਸੇ ਵੀ ਮਾਮਲੇ ਵਿੱਚ ਸਰਕਾਰੀ ਦਖ਼ਲ ਅੰਦਾਜ਼ੀ ਤੋਂ ਇਨਕਾਰ ਕੀਤਾ।
ਉਨ੍ਹਾਂ ਨੇ ਕਿਹਾ, "ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਜੀ ਦੀ ਸਰਕਾਰ ਆਉਣ ਤੋਂ ਬਾਅਦ ਪੁਲੀਸ ਨੂੰ ਪੂਰੀ ਤਰ੍ਹਾਂ ਨਾਲ ਫਰੀ ਹੈਂਡ ਦਿੱਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇ, ਚਾਹੇ ਉਸ ਨੇ ਹਰੇ ਕੱਪੜੇ ਪਾਏ ਹੋਣ ਜਾਂ ਭਗਵੇਂ ਕੱਪੜੇ, ਉਨ੍ਹਾਂ ਦੀ ਜਾਤੀ ਕੋਈ ਵੀ ਹੋਵੇ, ਉਸ ਦਾ ਧਰਮ ਕੋਈ ਵੀ ਹੋਵੇ, ਉਸਦੇ ਖ਼ਿਲਾਫ਼ ਕਾਰਵਾਈ ਹੋਵੇ।"
ਰਾਕੇਸ਼ ਤ੍ਰਿਪਾਠੀ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਫੁੱਟਪਾਊ ਗੱਲ ਦੀ ਨਿੰਦਾ ਕਰਦੀ ਹੈ, ਜਿਸ ਨਾਲ ਫ਼ਿਰਕੂ ਮਾਹੌਲ ਖਰਾਬ ਹੋਵੇ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਹੋਏ ਵੰਡਪਾਊ ਭਾਸ਼ਾ ਜਿਵੇਂ 'ਅੱਬਾਜਾਨ', 'ਅਲੀ' ਤੇ 'ਬਜਰੰਗਬਲੀ' ਦੀ ਵਰਤੋਂ ਕਰਦੇ ਰਹੇ ਹਨ।
ਉਹ ਪਹਿਲਾਂ ਹਿੰਦੂ ਅਤੇ ਮੁਸਲਮਾਨ ਨੂੰ ਅਲੱਗ ਸੱਭਿਆਚਾਰ ਦੱਸ ਚੁੱਕੇ ਹਨ, ਜੋ ਨਾਲ ਨਹੀਂ ਰਹਿ ਸਕਦੇ।
ਉੱਧਰ ਖ਼ੁਦ ਨੂੰ ਸੰਵਿਧਾਨ ਨੂੰ ਮੰਨਣ ਵਾਲਾ ਦੱਸਣ ਵਾਲੇ 'ਛੋਟਾ ਯਤੀ' ਅਨਿਲ ਯਾਦਵ ਕਹਿੰਦੇ ਹਨ ਕਿ ਯਤੀ ਸਮਰਥਕ ਯੋਗੀ ਆਦਿੱਤਿਆਨਾਥ ਦੇ ਪੱਖ ਵਿੱਚ ਪ੍ਰਚਾਰ ਕਰਨਗੇ।
ਉਹ ਕਹਿੰਦੇ ਹਨ,"ਬੀਜੇਪੀ ਵਿੱਚ ਇੱਕ ਨੇਤਾ ਹੈ, ਉਸ ਦਾ ਨਾਮ ਹੈ ਯੋਗੀ ਅਦਿੱਤਿਆਨਾਥ।"
ਉਨ੍ਹਾਂ ਨੇ ਨਰੇਂਦਰ ਮੋਦੀ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਮਾਣਯੋਗ ਮੋਦੀ ਜੀ ਨੇ ਮੁਸਲਮਾਨਾਂ ਦੇ ਲਈ ਬਹੁਤ ਸਾਰੇ ਅਜਿਹੇ ਰਸਤੇ ਖੋਲ੍ਹ ਦਿੱਤੇ ਹਨ। ਆਪਣੇ 10 ਸਾਲ ਦੇ ਸਮੇਂ ਵਿੱਚ ਉਨ੍ਹਾਂ ਨੂੰ ਬਹੁਤ ਤਾਕਤਵਰ ਵੀ ਕਰ ਦਿੱਤਾ ਹੈ।"
ਯਤੀ ਨਰਸਿੰਹਾਨੰਦਾ ਅਤੇ ਉਨ੍ਹਾਂ ਦੇ ਨਾਲ ਕੰਮ ਕਰ ਰਹੀ ਟੀਮ ਨੇ ਹਮਲਾਵਰ ਹਿੰਦੂਤਵ ਏਜੰਡੇ ਨੂੰ ਅਪਣਾਇਆ ਹੈ ਅਤੇ ਉਹ 'ਹਿੰਦੂ ਦੀ ਨਸਲ ਅਤੇ ਫ਼ਸਲ' ਬਚਾਉਣ ਦਾ ਪ੍ਰਚਾਰ ਕਰਦੇ ਹਨ।
ਡਾਸਨਾ ਮੰਦਰ ਦੇ ਵਿਹੜੇ ਵਿੱਚ ਚਾਰੇ ਪਾਸੇ ਪੋਸਟਰ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਹਿੰਦੂਆਂ ਨੂੰ ਘੱਟੋ-ਘੱਟ ਪੰਜ ਬੱਚੇ ਪੈਦਾ ਕਰਨ ਦੀ ਅਪੀਲ ਹੈ, ਤਾਂ ਕਿ ਹਿੰਦੂ ਧਰਮ ਬਚਿਆ ਰਹੇ।
ਇਹ ਵੀ ਪੜ੍ਹੋ:
ਫੈਲਦੀ ਫਿਰਕਾਪ੍ਰਸਤੀ ਅਤੇ ਸਰਕਾਰੀ ਖ਼ਰਚੇ 'ਤੇ ਮੰਦਰ ਦੀ ਸੁਰੱਖਿਆ
ਡਾਸਨਾ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਹਨ। ਜਿੱਥੇ ਜ਼ਿਆਦਾਤਰ ਲੋਕ ਛੋਟੇ-ਮੋਟੇ ਕੰਮ, ਖੇਤੀ ਜਾਂ ਮਜ਼ਦੂਰੀ ਨਾਲ ਜੁੜੇ ਹੋਏ ਹਨ।
ਸਥਾਨਕ ਲੋਕਾਂ ਨਾਲ ਗੱਲ ਕਰੀਏ, ਤਾਂ ਹਿੰਦੂ-ਮੁਸਲਮਾਨਾਂ ਦੇ ਵਿੱਚ ਵੱਧਦੇ ਗ਼ੈਰ-ਭਰੋਸੇ, ਸ਼ੱਕ, ਦੂਰੀ ਦਾ ਅਹਿਸਾਸ ਹੁੰਦਾ ਹੈ।
ਹਾਲਾਂਕਿ ਇਹ ਭਾਵਨਾਵਾਂ ਕਦੋਂ ਤੋਂ ਮਨ ਵਿੱਚ ਘਰ ਬਣਾ ਰਹੀਆਂ ਹਨ ਜਾਂ ਕਿੰਨਾ ਵੱਡਾ ਰੂਪ ਲੈ ਚੁੱਕੀਆਂ ਹਨ, ਇਹ ਜਾਣਨਾ ਆਸਾਨ ਨਹੀਂ।
ਮੰਦਰ ਦੇ ਠੀਕ ਸਾਹਮਣੇ ਕਾਂਗਰਸ ਦੇ ਸਤੀਸ਼ ਸ਼ਰਮਾ ਦਾ ਘਰ ਹੈ। ਉਨ੍ਹਾਂ ਦਾ ਜਨਮ ਡਾਸਨਾ ਵਿੱਚ ਹੀ ਹੋਇਆ ਅਤੇ ਦੂਸਰੇ ਲੋਕਾਂ ਦੀ ਤਰ੍ਹਾਂ ਬਚਪਨ ਤੋਂ ਹੀ ਉਹ ਮੰਦਰ ਵਿੱਚ ਖੇਡਣ, ਸਾਫ਼-ਸਫ਼ਾਈ ਕਰਨ ਜਾਂ ਵਰਜ਼ਿਸ਼ ਕਰਨ ਜਾਇਆ ਕਰਦੇ ਸੀ।
ਸਵੇਰ ਦੀ ਠੰਢ ਵਿੱਚ ਖਿੜੀ ਧੁੱਪ ਦੇ ਵਿੱਚ ਆਪਣੇ ਘਰ ਦੇ ਬਾਹਰ ਬੈਠੇ ਸਤੀਸ਼ ਸ਼ਰਮਾ ਨੇ ਕਿਹਾ, "ਮੈਂ ਪਾਰਟੀ ਵਿੱਚ ਬਾਅਦ ਵਿੱਚ ਹਾਂ, ਕੱਟੜ ਹਿੰਦੂ ਪਹਿਲਾਂ ਹਾਂ, ਪਰ ਹਿੰਦੂਤਵਵਾਦੀ ਨਹੀਂ ਹਾਂ।"
ਕਾਂਗਰਸੀ ਆਗੂ ਸਤੀਸ਼ ਸ਼ਰਮਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਟਿਕਟ ਮਿਲਣ ਦੀ ਉਮੀਦ ਹੈ।
ਉਹ ਡਾਸਨਾ ਨੂੰ ਗੰਗਾ-ਯਮੁਨਾ ਤਹਿਜ਼ੀਬ ਦਾ ਕਸਬਾ ਦੱਸਦੇ ਹਨ, ਜਿੱਥੇ ਹਿੰਦੂ ਅਤੇ ਮੁਸਲਮਾਨ ਇੱਕ ਦੂਸਰੇ ਦੇ ਦੁੱਖ-ਸੁੱਖ ਵਿੱਚ ਸ਼ਾਮਿਲ ਹੁੰਦੇ ਸੀ, ਨਾਲ ਮੰਦਰ ਜਾਂਦੇ ਸੀ ਅਤੇ ਚਾਹੇ 1947 ਹੋਵੇ ਜਾਂ 1992, ਕਦੇ ਵੀ ਇੱਥੇ ਫ਼ਿਰਕੂ ਦੰਗੇ ਨਹੀਂ ਹੋਏ।
ਉਹ ਕਹਿੰਦੇ ਹਨ ਕਿ ਪਹਿਲਾਂ ਰਾਜਸਥਾਨ ਜਾਂ ਦੂਜੀਆਂ ਥਾਂਵਾਂ ਤੋਂ ਮੁਸਲਮਾਨ ਡਾਸਨਾ ਮੰਦਰ ਵਿੱਚ ਪ੍ਰਸ਼ਾਦ ਚੜ੍ਹਾਉਣ ਆਉਂਦੇ ਸੀ।
ਸਤੀਸ਼ ਸ਼ਰਮਾ ਦੇ ਨਜ਼ਦੀਕੀ, ਡਾਸਨਾ ਨਿਵਾਸੀ ਅਤੇ ਸਮਾਜਵਾਦੀ ਪਾਰਟੀ ਨਾਲ ਜੁੜੇ ਰਹੇ ਸਾਜਿਦ ਹੁਸੈਨ ਯਾਦ ਕਰਦੇ ਹਨ ਕਿ ਕਿਵੇਂ ਮੰਦਰ ਵਿੱਚ ਹੋਣ ਵਾਲੇ ਦੁਸਹਿਰੇ ਦੀ ਪੂਜਾ ਵਿੱਚ ਉਹ ਪੈਸੇ ਦਿਆ ਕਰਦੇ ਸੀ ਅਤੇ ਛੱਠ ਪੂਜਾ ਵਿੱਚ ਉਹ ਸ਼ਾਮਿਲ ਹੁੰਦੇ ਸੀ।
ਪਰ ਅੱਜ ਮੰਦਰ ਵਿੱਚ ਮੁਸਲਮਾਨਾਂ ਦਾ ਜਾਣਾ ਮਨ੍ਹਾਂ ਹੈ। ਮੰਦਰ ਵਿੱਚ ਜਾਣ ਦੇ ਲਈ ਪਛਾਣ ਪੱਤਰ ਦਿਖਾਉਣਾ ਪੈਂਦਾ ਹੈ ਅਤੇ ਜਾਣਕਾਰੀ ਨੂੰ ਬਕਾਇਦਾ ਗੇਟ ਦੇ ਕੋਲ ਤੈਨਾਤ ਇੱਕ ਪੁਲਿਸ ਕਰਮੀ ਰਜਿਸਟਰ ਵਿੱਚ ਲਿਖ ਲੈਂਦਾ ਹੈ।
ਪੁਲੀਸ ਦੇ ਮੁਤਾਬਕ ਯਤੀ ਨਰਸਿੰਹਾਨੰਦ ਨੂੰ ਜਾਨ ਦਾ ਖਤਰਾ ਹੈ, ਜਿਸ ਦੇ ਮੱਦੇਨਜ਼ਰ ਹਰ ਸਮੇਂ ਮੰਦਰ ਵਿੱਚ 22-28 ਪੁਲੀਸ ਕਰਮੀ ਤੈਨਾਤ ਰਹਿੰਦੇ ਹਨ, ਜਿਨ੍ਹਾਂ 'ਤੇ ਮਹੀਨੇ ਦਾ 25-30 ਲੱਖ ਰੁਪਏ ਦਾ ਸਰਕਾਰੀ ਖਰਚ ਆ ਰਿਹਾ ਹੈ।
ਸਤੀਸ਼ ਸ਼ਰਮਾ ਕਹਿੰਦੇ ਹਨ, "ਹੁਣ ਜੋ ਨਫ਼ਰਤੀ ਮਾਹੌਲ ਬਣ ਰਿਹਾ ਹੈ, ਉਸ ਨਾਲ ਆਪਸੀ ਪ੍ਰੇਮ, ਦੋਸਤੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਹੁਣ ਇੱਥੇ ਮੁਸਲਮਾਨ ਆਉਣ ਤੋਂ ਡਰਦੇ ਹਨ, ਪ੍ਰਹੇਜ਼ ਕਰਦੇ ਹਨ।
ਥੋੜ੍ਹਾ ਅੱਗੇ ਜਾਣ 'ਤੇ ਏਕਲਾ ਅਤੇ ਰਘੂਨਾਥਪੁਰ ਪਿੰਡ ਪੈਂਦਾ ਹੈ, ਜਿੱਥੇ ਹਿੰਦੂਆਂ ਨੇ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਮੰਦਰ ਵਿੱਚ ਯਤੀ ਨਰਸਿੰਹਾਨੰਦ ਦੇ ਆਉਣ ਤੋਂ ਪਹਿਲਾਂ, ਮੰਦਰ ਦੇ ਅੰਦਰ ਅਤੇ ਬਾਹਰ ਮੁਸਲਮਾਨ ਨੌਜਵਾਨ ਹਿੰਦੂ ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਸੀ ਅਤੇ ਮੰਦਰ ਵਿੱਚ ਚੋਰੀਆਂ ਕਰਦੇ ਸੀ, ਪਰ ਹੁਣ ਸਭ ਠੀਕ ਹੈ।
ਅਜਿਹੀ ਜਾਣਕਾਰੀ ਉਨ੍ਹਾਂ ਨੂੰ ਕਿਸ ਸਰੋਤ ਤੋਂ ਮਿਲੀ ਹੈ, ਇਹ ਸਾਫ਼ ਨਹੀਂ, ਪਰ ਰਘੂਨਾਥਪੁਰ ਪਿੰਡ ਵਿੱਚ ਇੱਕ ਔਰਤ ਮਤਨਵਤੀ ਨੇ ਕਿਹਾ, "ਹਿੰਦੂ ਲੜਕੇ ਥੋੜ੍ਹੇ ਹੀ ਜਾਣਗੇ, ਅਜਿਹਾ ਕਰਨਗੇ, ਮੁਸਲਮਾਨ ਹੀ ਕਰਨਗੇ। ਇਲਾਕਾ ਹੀ ਮੁਸਲਮਾਨਾਂ ਦਾ ਹੈ।"
ਕੀ ਉਹ ਸੁਣੀ-ਸੁਣਾਈ ਗੱਲ ਦੁਹਰਾ ਰਹੇ ਹਨ ਜਾਂ ਫਿਰ ਉਹ ਕਿਸੇ ਔਰਤ ਨੂੰ ਮਿਲਵਾ ਸਕਦੇ ਹਨ, ਜਿਸ ਦੇ ਨਾਲ ਅਜਿਹਾ ਹੋਇਆ ਹੋਵੇ, ਇਸ 'ਤੇ ਜਾਂ ਤਾਂ ਕੋਈ ਜਵਾਬ ਨਹੀਂ ਮਿਲਿਆ ਜਾਂ ਫਿਰ ਜਵਾਬ ਇਹ ਕਿ ਕਿਹੜਾ ਪਰਿਵਾਰ ਆਪਣੀ ਬਹੂ-ਬੇਟੀ ਦੇ ਬਾਰੇ ਵਿੱਚ ਅਜਿਹੀ ਗੱਲ ਸਭ ਦੇ ਸਾਹਮਣੇ ਰੱਖਣੀ ਚਾਹੇਗਾ।
ਇੱਕ ਹਿੰਦੂ ਵਿਅਕਤੀ ਨੇ ਦਾਅਵਾ ਕੀਤਾ ਕਿ ਪਹਿਲਾਂ ਮੰਦਰ ਦੇ ਅੰਦਰ ਮੁਸਲਮਾਨ ਨੌਜਵਾਨਾਂ ਦੇ ਛੇੜਛਾੜ ਕਰਨ 'ਤੇ ਜਾਂ ਜਦੋਂ ਝਗੜਾ ਜਾਂ ਮਾਰ-ਕੁੱਟ ਹੁੰਦੀ ਸੀ, ਉਦੋਂ ਉਹ ਵੀ ਉਸਦਾ ਹਿੱਸਾ ਰਹੇ ਸੀ।
ਏਕਲਾ ਪਿੰਡ ਦੇ ਵਿਕਾਸ ਗੁੱਜਰ ਕਹਿੰਦੇ ਹਨ,"ਅਸੀਂ ਆਪਣੀਆਂ ਮਸਜਿਦਾਂ ਵਿੱਚ ਨਹੀਂ ਜਾਂਦੇ। ਇਹ ਘੁੰਮਣ ਵੀ ਨਹੀਂ ਦੇਣਗੇ। ਇਹ ਦੱਸੋ, ਕਿ ਉੱਥੇ ਬੈਠ ਕੇ ਹਨੂੰਮਾਨ ਚਾਲੀਸਾ ਪੜ੍ਹ ਲਵੋਗੇ ਤੁਸੀਂ? ਜਿਵੇਂ (ਗੁਰੂਗ੍ਰਾਮ ਵਿੱਚ) ਗੁਰਦੁਆਰੇ ਵਿੱਚ ਬੁਲਾ ਕੇ, ਜਾਂ ਮੰਦਰ ਵਿੱਚ ਬੁਲਾ ਕੇ ਨਮਾਜ਼ ਪੜ੍ਹਵਾ ਰਹੇ ਹਨ, ਜਾਂ ਦੁਰਗਾ ਪੰਡਾਲ ਵਿੱਚ ਨਮਾਜ਼ ਪੜ੍ਹਾ ਰਹੇ ਹਨ, ਇਹ ਪੜ੍ਹਨ ਦੇਣਗੇ ਹਨੂੰਮਾਨ ਚਾਲੀਸਾ ਉੱਥੇ?''
ਸੜਕ ਦੇ ਕਿਨਾਰੇ ਦੁਕਾਨ ਚਲਾਉਣ ਵਾਲੇ ਨਰੇਂਦਰ ਸ਼ਰਮਾ ਨੂੰ ਲਗਦਾ ਹੈ ਕਿ ਯਤੀ ਨਰਸਿੰਹਾਨੰਦ ਦੇ ਮੰਦਰ ਵਿੱਚ ਆਉਣ ਨਾਲ "ਹਿੰਦੂ ਜਾਗਰੂਕ ਹੋਏ ਹਨ, ਇੱਕ ਹੋਏ ਹਨ।"
ਥੋੜਾ ਅੱਗੇ ਚੱਲਣ 'ਤੇ ਕੁਝ ਹਿੰਦੂ ਔਰਤਾਂ ਦਾ ਉਲਟ ਦਾਆਵਾ ਸੀ ਕਿ ਮੰਦਰ ਦੇ ਅੰਦਰ ਹੁਣ ਛੇੜਛਾੜ ਦੀਆਂ ਘਟਨਾਵਾਂ ਹੁੰਦੀਆਂ ਹਨ, ਨਾ ਕਿ ਪਹਿਲਾਂ।
ਨੇੜੇ ਦੇ ਬਾਜ਼ੀਗਰ ਮੁਹੱਲੇ ਵਿੱਚ ਇੱਕ ਮੁਸਲਿਮ ਵਿਅਕਤੀ ਨਾਲ ਜਦੋਂ ਯਤੀ ਨਰਸਿੰਹਾਨੰਦ ਦੇ ਵੀਡੀਓ ਦੇ ਬਾਰੇ ਵਿੱਚ ਪੁੱਛਿਆ ਤਾਂ ਉਨ੍ਹਾਂ ਨੇ ਯਤੀ ਨੂੰ "ਪਾਗਲ" ਕਰਾਰ ਦਿੱਤਾ।
ਉਹ ਕਹਿੰਦੇ ਹਨ, "ਜਦੋਂ ਪੁੱਠੀਆਂ-ਸਿੱਧੀਆਂ ਗੱਲਾਂ ਕਰੇਗਾ, ਤਾਂ ਪਾਗਲ ਹੀ ਕਰਾਰ ਦੇਣਗੇ ਉਸਨੂੰ। ਉਹ ਇੱਥੋਂ ਦੇ ਮਾਹੌਲ ਨੂੰ ਵਿਗਾੜਨ ਦੀ ਕਿੰਨੀ ਕੋਸ਼ਿਸ਼ ਕਰਦੇ ਹਨ, ਪਰ ਇੱਥੇ ਸਭ ਚੰਗੀ ਤਰ੍ਹਾਂ ਨਾਲ ਰਹਿੰਦੇ ਹਨ।"
ਇਹ ਉਹੀ ਮੁਹੱਲਾ ਹੈ, ਜਿੱਥੇ ਕਿਰਾਏ ਦੇ ਇੱਕ ਮਕਾਨ ਵਿੱਚ ਰਹਿਣ ਵਾਲੇ ਇੱਕ ਮੁਸਲਮਾਨ ਲੜਕੇ ਨੂੰ ਪਿਛਲੇ ਸਾਲ ਮਾਰਚ ਵਿੱਚ ਦੇਵੀ ਮੰਦਰ ਵਿੱਚ ਪਾਣੀ ਪੀਣ ਦੇ ਲਈ ਵੜਨ 'ਤੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ।
ਇਹ ਵੀ ਪੜ੍ਹੋ:
ਬੱਚੇ ਦਾ ਪਰਿਵਾਰ ਕਿਰਾਏ ਦਾ ਮਕਾਨ ਛੱਡ ਕੇ ਕਿਤੇ ਹੋਰ ਚਲਿਆ ਗਿਆ ਹੈ।
ਪ੍ਰਾਚੀਨ ਦੇਵੀ ਮੰਦਰ ਦੇ ਨੇੜੇ-ਤੇੜੇ ਵੀ ਵੱਡੀ ਸੰਖਿਆ ਵਿੱਚ ਮੁਸਲਮਾਨ ਆਬਾਦ ਹਨ ਅਤੇ ਨੇੜੇ-ਤੇੜੇ ਦੇ ਕਈ ਹਿੰਦੂਆਂ ਨੇ ਗੱਲਬਾਤ ਵਿੱਚ ਆਪਣੀ ਘੱਟ ਆਬਾਦੀ ਦਾ ਜ਼ਿਕਰ ਕੀਤਾ।
ਉਨ੍ਹਾਂ ਦੀਆਂ ਗੱਲਾਂ ਅਤੇ ਵਿਵਹਾਰ ਤੋਂ ਅਜਿਹਾ ਲੱਗਿਆ ਕਿ ਘੱਟ ਆਬਾਦੀ ਦੇ ਚਲਦੇ ਉਹ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ।
ਸਾਲ 2011 ਦੇ ਅੰਕੜਿਆਂ ਦੇ ਮੁਤਾਬਕ ਗਾਜ਼ੀਆਬਾਦ ਜ਼ਿਲ੍ਹੇ ਵਿੱਚ 82.5 ਫ਼ੀਸਦੀ ਹਿੰਦੂ ਸੀ ਅਤੇ 14.18 ਫ਼ੀਸਦੀ ਮੁਸਲਮਾਨ।
ਮੰਦਰ ਦਾ ਇਤਿਹਾਸ, ਯਤੀ ਨਰਸਿੰਹਾਨੰਦ ਦਾ ਦਾਖਲਾ
ਸਰਕਾਰੀ ਕਾਗਜ਼ਾਂ ਵਿੱਚ ਜ਼ਮੀਨ ਮੰਦਰ ਦੇ ਨਾਮ 'ਤੇ ਹੈ। ਮੰਦਰ ਨਾਲ ਜੁੜੇ ਕਈ ਮਿਥਕ ਅਤੇ ਕਹਾਣੀਆਂ ਜੁੜੀਆਂ ਹੋਈਆਂ ਹਨ।
ਕਾਂਗਰਸ ਦੇ ਸਤੀਸ਼ ਸ਼ਰਮਾ ਦੇ ਮੁਤਾਬਕ ਹਜ਼ਾਰ ਸਾਲ ਤੋਂ ਜ਼ਿਆਦਾ ਪੁਰਾਣੇ ਇਸ ਮੰਦਰ ਵਿੱਚ ਲੋਕ ਪਹਿਲਾਂ ਅੱਗੇ ਗੰਗਾ ਨਹਾਉਣ ਜਾਂਦੇ ਸਮੇਂ ਰਾਤ ਬਿਤਾਉਣ ਦੇ ਲਈ ਰੁਕ ਜਾਇਆ ਕਰਦੇ ਸੀ।
ਮੰਦਰ ਦੇ ਕੋਲ ਸਥਿਤ ਤਲਾਬ ਦੇ ਬਾਰੇ ਵਿੱਚ ਮਾਨਤਾ ਹੈ ਕਿ ਉਸ ਵਿੱਚ ਨਹਾਉਣ ਨਾਲ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਨ।
ਮੰਦਰ ਦੇ ਅਨਿਲ ਯਾਦਵ ਦੇ ਮੁਤਾਬਿਕ ਤਲਾਬ ਦੇ ਕੋਲ ਸ਼ਿਵਾਲੇ ਵਿੱਚ ਪਰਸ਼ੂਰਾਮ ਨੇ ਖੁਦ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ।
ਮੰਦਰ ਦੇ ਬਾਰੇ ਵਿੱਚ ਲਿਖਿਆ ਗਿਆ ਹੈ ਕਿ ਇੱਥੇ ਲੰਕਾਪਤੀ ਰਾਵਣ ਦੇ ਪਿਤਾ ਨੇ ਕਈ ਸਾਲਾਂ ਤੱਕ ਤਪੱਸਿਆ ਕੀਤੀ ਸੀ ਅਤੇ ਖੁਦ ਰਾਵਣ ਨੇ ਵੀ ਇੱਥੇ ਪੂਜਾ ਕੀਤੀ।
ਨਾਲ ਹੀ ਇਹ ਵੀ ਕਿ ਮਹਾਂਭਾਰਤ ਯੁੱਧ ਤੋਂ ਪਹਿਲਾਂ ਕੁੰਤੀ ਅਤੇ ਪੰਜ ਪਾਂਡਵਾਂ ਨੇ ਲਾਖ ਦੇ ਗ੍ਰਹਿ ਤੋਂ ਸਕੁਸ਼ਲ ਬਚ ਨਿਕਲਣ ਤੋਂ ਬਾਅਦ ਇੱਥੇ ਵੀ ਗੁਪਤ ਰੂਪ ਵਿੱਚ ਕੁਝ ਸਮਾਂ ਬਿਤਾਇਆ ਸੀ। ਇਹ ਮੰਦਰ ਪ੍ਰਾਚੀਨ ਹੈ ਅਤੇ ਡਾਸਨਾ ਵਿੱਚ ਇਸਦੀ ਵੱਡੀ ਮਾਨਤਾ ਹੈ।
ਯਤੀ ਨਰਸਿੰਹਾਨੰਦ ਸਰਸਵਤੀ ਦੇ ਦੇਵੀ ਮੰਦਰ ਆਉਣ ਤੋਂ ਪਹਿਲਾਂ ਕਈ ਸਾਲਾਂ ਤੱਕ ਮੌਨੀ ਬਾਬਾ ਨਾਮ ਦੇ ਇੱਕ ਪੁਜਾਰੀ ਨੇ ਮੰਦਰ ਦਾ ਕਾਰਜ ਸੰਭਾਲਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸਥਾਨਕ ਲੋਕ ਦੱਸਦੇ ਹਨ ਕਿ ਸਾਲ 2005 ਵਿੱਚ ਚੋਰਾਂ ਨੇ ਮੌਨੀ ਬਾਬਾ ਨੂੰ ਕੁੱਟਿਆ ਅਤੇ ਉਹ ਕੁਝ ਸਮੇਂ ਬਾਅਦ ਮੰਦਰ ਛੱਡ ਕੇ ਚਲੇ ਗਏ।
ਉਸ ਤੋਂ ਬਾਅਦ ਖੁਦ ਨੂੰ ਮੌਨੀ ਬਾਬਾ ਦਾ ਚੇਲਾ ਦੱਸਣ ਵਾਲੇ ਗਣੇਸ਼ ਸ਼ਰਮਾ ਉਰਫ਼ ਗਣੇਸ਼ ਗਿਰੀ ਨੇ ਮੰਦਰ ਦਾ ਕੰਮ ਸੰਭਾਲਿਆ, ਪਰ ਉਹ ਵੀ ਦੇਵੀ ਮੰਦਰ ਛੱਡ ਕੇ ਕਿਤੇ ਚਲੇ ਗਏ।
ਅਨਿਲ ਯਾਦਵ ਦੇ ਮੁਤਾਬਿਕ ਯਤੀ ਨਰਸਿੰਹਾਨੰਦ ਸਰਸਵਤੀ ਸਾਲ 2007 ਵਿੱਚ ਮਹੰਤ ਦੇ ਤੌਰ 'ਤੇ ਦੇਵੀ ਮੰਦਿਰ ਵਿੱਚ ਅਜਿਹੇ ਸਮੇਂ ਆਏ, ਜਦੋਂ ਦੇਵੀ ਮੰਦਰ ਦੇ ਪ੍ਰਮੁੱਖ ਦਾ ਅਹੁਦਾ ਖਾਲੀ ਪਿਆ ਸੀ।
ਸੰਨਿਆਸ ਲੈਣ ਤੋਂ ਪਹਿਲਾਂ ਯਤੀ ਨਰਸਿੰਹਾਨੰਦ ਦਾ ਨਾਮ ਦੀਪਕ ਤਿਆਗੀ ਸੀ। ਅਨਿਲ ਯਾਦਵ ਦੇ ਅਨੁਸਾਰ ਦੀਪਕ ਤਿਆਗੀ ਮਾਸਕੋ ਵਿੱਚ ਪੜ੍ਹਦੇ ਸੀ ਅਤੇ ਉਨ੍ਹਾਂ ਦੀ ਆਖਰੀ ਨੌਕਰੀ ਲੰਡਨ ਵਿੱਚ ਸੀ।
ਬਾਅਦ ਵਿੱਚ ਉਹ ਸਿਆਸਤ ਵਿੱਚ ਆ ਗਏ ਅਤੇ 1998 ਵਿੱਚ ਸਮਾਜਵਾਦੀ ਪਾਰਟੀ ਦੇ ਮਹਾਂਨਗਰ ਪ੍ਰਧਾਨ ਬਣ ਗਏ, ਪਰ ਜਦੋਂ ਤੋਂ 'ਲਵ ਜਿਹਾਦ' ਦੀ ਕਥਿਤ ਸ਼ਿਕਾਰ ਇੱਕ ਲੜਕੀ ਦੀ ਮਦਦ ਨਹੀਂ ਕਰ ਪਾਏ, ਤਾਂ ਉਨ੍ਹਾਂ ਨੂੰ ਖਤਾ ਮਹਿਸੂਸ ਹੋਈ।
ਅਨਿਲ ਯਾਦਵ ਦੇ ਮੁਤਾਬਿਕ ਧਰਮ ਪਰਿਵਰਤਨ ਵਜ੍ਹਾ ਦੱਸ ਕੇ ਦੀਪਕ ਤਿਆਗੀ ਮਸਜਿਦਾਂ ਅਤੇ ਮਦਰੱਸਿਆਂ ਵਿੱਚ ਗਏ, ਜਿਸ ਨਾਲ ਉਨ੍ਹਾਂ ਦਾ ਦਿਮਾਗ ਪੂਰਨ ਰੂਪ ਨਾਲ ਬਦਲ ਗਿਆ।
ਸਾਲ 1999-2000 ਵਿੱਚ ਦੀਪਕ ਤਿਆਗੀ ਨੇ ਸੰਨਿਆਸ ਲੈ ਲਿਆ।
ਜੋ ਭਾਜਪਾ ਸੰਸਦ ਮੈਂਬਰ ਬੀਐੱਲ ਸ਼ਰਮਾ ਪ੍ਰੇਮ ਦੇ ਸੰਪਰਕ ਵਿੱਚ ਆਏ ਅਤੇ 'ਪੂਰਣ ਰੂਪ ਨਾਲ ਹਿੰਦੂਵਾਦੀ ਹੋ ਗਏ।' ਮੰਦਿਰ ਵਿੱਚ ਬੀਐੱਲ ਸ਼ਰਮਾ ਦੀ ਮੂਰਤੀ ਹੈ, ਜਿਸ ਨੂੰ ਯਤੀ ਨਰਸਿੰਹਾਨੰਦ ਆਪਣਾ ਗੁਰੂ ਮੰਨਦੇ ਹਨ।
ਮੰਦਰ ਦੀ ਜ਼ਮੀਨ ਅਤੇ ਟਰੱਸਟ
ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ।
ਗਾਜ਼ੀਆਬਾਦ ਦੇ ਰਹਿਣ ਵਾਲੇ ਜਿੰਦਲ ਪਰਿਵਾਰ ਦੇ ਗੌਰਵ ਜਿੰਦਲ ਦੇ ਮੁਤਾਬਕ ਜਿਸ ਜ਼ਮੀਨ 'ਤੇ ਦੇਵੀ ਮੰਦਰ ਬਣਿਆ ਹੋਇਆ ਹੈ, ਉਹ ਦਰਅਸਲ ਉਨ੍ਹਾਂ ਦੇ ਪਰਿਵਾਰ ਦੀ ਸੀ।
ਕਰੀਬ 500-1000 ਸਾਲ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਨੇ ਇਹ ਮੰਦਰ ਬਣਵਾਇਆ ਸੀ, ਜਿਸ ਦੀ ਦੇਖ-ਭਾਲ ਮਹਾਰਾਣੀ ਦੇਵੀ ਮੰਦਰ ਟਰੱਸਟ ਅਧੀਨ ਹੁੰਦੀ ਸੀ।
ਪੇਸ਼ੇ ਵਜੋਂ ਵਕੀਲ ਗੌਰਵ ਜਿੰਦਲ ਦੇ ਮੁਤਾਬਿਕ ਪਹਿਲਾਂ ਇਸ ਜ਼ਮੀਨ 'ਤੇ ਖੇਤੀ ਹੁੰਦੀ ਸੀ ਅਤੇ ਜ਼ਮੀਨ ਦੇ ਨਜ਼ਦੀਕ ਤਲਾਬ ਤੋਂ ਪਾਣੀ ਲਿਆ ਜਾਂਦਾ ਸੀ।
ਗੌਰਵ ਦੇ ਮੁਤਾਬਿਕ ਇੱਕ ਦਿਨ ਤਲਾਬ ਨਾਲ ਕਸੌਟੀ ਪੱਥਰ ਦੀ ਮਾਤਾ ਦੀ ਮੂਰਤੀ ਨਿਕਲੀ, ਜਿਸਦੇ ਲਈ ਮੰਦਰ ਬਣਾ ਦਿੱਤਾ ਗਿਆ।
ਉਨ੍ਹਾਂ ਦੇ ਮੁਤਾਬਕ ਮੰਦਰ ਦੇ ਇਤਿਹਾਸ ਨੂੰ ਪਾਂਡਵਾਂ, ਪਰਸ਼ੂਰਾਮ ਅਤੇ ਰਾਵਣ ਨਾਲ ਜੋੜਨਾ ਸਿਰਫ਼ ਅਫ਼ਵਾਹ ਹੈ। ਗੌਰਵ ਮੁਤਾਬਿਕ ਯਤੀ ਨਰਸਿੰਹਾਨੰਦ ਸਰਸਵਤੀ ਦਾ ਸੰਬੰਧ ਪਹਿਲਾਂ ਹਿੰਦੂ ਮਹਾਂਸਭਾ ਨਾਲ ਸੀ ਅਤੇ ਡਾਸਨਾ ਦਾ ਇੱਕ ਵਿਅਕਤੀ ਉਨ੍ਹਾਂ ਨੂੰ ਦੇਵੀ ਮੰਦਰ ਲੈ ਕੇ ਆਇਆ।
ਗੌਰਵ ਦੱਸਦੇ ਹਨ ਕਿ ਸੰਨਿਆਸ ਲੈਣ ਤੋਂ ਬਾਅਦ ਯਤੀ ਮੰਦਿਰ ਆ ਗਿਆ। ਗੌਰਵ ਜਿੰਦਲ ਦੇ ਮੁਤਾਬਿਕ ਯਤੀ ਦੇ ਕੱਟੜ ਹਿੰਦੂ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸਵਰਗੀ ਪਿਤਾ ਕ੍ਰਿਸ਼ਣ ਮੁਰਾਰੀ ਜਿੰਦਲ ਦਾ ਯਤੀ ਦੇ ਪ੍ਰਤੀ ਝੁਕਾਅ ਹੋਇਆ ਅਤੇ ਅਜਿਹੇ ਵਿੱਚ ਯਤੀ ਮੰਦਰ ਵਿੱਚ ਰਹਿਣ ਲੱਗਿਆ ਅਤੇ ਫਿਰ ਉਸਨੂੰ ਛੱਡ ਕੇ ਨਹੀਂ ਗਿਆ।
ਗੌਰਵ ਕਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਮੰਦਰ ਵਿੱਚ ਰੱਖੇ ਇੱਕ ਸਿਆਸੀ ਪ੍ਰੋਗਰਾਮ ਕੀਤੇ ਜਾਣ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਮਾਮਲਾ ਕਹੀ-ਸੁਣੀ ਤੱਕ ਪਹੁੰਚ ਗਿਆ।
ਗੌਰਵ ਦੇ ਮੁਤਾਬਕ ਉਸ ਤੋਂ ਬਾਅਦ ਮੰਦਰ "ਪਰਿਵਾਰ ਦੇ ਹੱਥੋਂ ਨਿਕਲ ਗਿਆ" ਹਾਲਾਂਕਿ ਉਨ੍ਹਾਂ ਦਾ ਪਰਿਵਾਰ "ਡਰ ਦੇ ਮਾਹੌਲ ਵਿੱਚ" ਮੰਦਰ ਦੇ ਦਰਸ਼ਨ ਕਰਨ ਅੱਜ ਵੀ ਜਾਂਦਾ ਹੈ।
ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਮੰਦਰ ਦੇ ਪ੍ਰਬੰਧ ਦਾ ਅਧਿਕਾਰ ਮਿਲੇ।
ਮੰਦਰ 'ਤੇ ਤੀਜਾ ਪੱਖ ਹੈ ਆਨੰਦ ਗੁਪਤਾ, ਜਿਨ੍ਹਾਂ ਦਾ ਦਾਅਵਾ ਹੈ ਕਿ ਜ਼ਮੀਨ ਦਾ ਇੱਕ ਹਿੱਸਾ ਉਨ੍ਹਾਂ ਦੇ ਪੁਰਖਿਆਂ ਨੇ ਦਾਨ ਵਿੱਚ ਦਿੱਤਾ ਸੀ ਅਤੇ ਉਸ ਜ਼ਮੀਨ 'ਤੇ ਯਤੀ ਗੈਰ-ਕਾਨੂੰਨੀ ਰੂਪ ਨਾਲ ਰਹਿ ਰਿਹਾ ਹੈ।
ਆਨੰਦ ਗੁਪਤਾ ਦਾ ਘਰ ਮੰਦਰ ਦੇ ਠੀਕ ਸਾਹਮਣੇ ਹੈ। ਉਨ੍ਹਾਂ ਨੇ ਮੰਦਰ ਨਾਲ ਜੁੜੇ ਪੁਰਾਣੇ ਬਹੁਤ ਸਾਰੇ ਦਸਤਾਵੇਜ ਦਿਖਾਏ।
ਆਨੰਦ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2010 ਵਿੱਚ ਅਦਾਲਤ ਵਿੱਚ ਕੇਸ ਵੀ ਦਾਖਲ ਕੀਤਾ ਅਤੇ ਮਾਮਲੇ ਦੀ ਸੁਣਵਾਈ ਹੇਠਲੀ ਅਦਾਲਤ ਵਿੱਚ ਚੱਲ ਰਹੀ ਹੈ।
ਮੰਦਰ ਦੇ ਅਨਿਲ ਯਾਦਵ ਦੇ ਮੁਤਾਬਿਕ ਅਦਾਲਤ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਹੈ ਅਤੇ ਜ਼ਮੀਨ ਦੇ ਮਾਲਕਾਨਾ ਹੱਕ 'ਤੇ ਕੋਈ ਵਿਵਾਦ ਨਹੀਂ ਹੈ ਕਿਉਂਕਿ "ਹੁਣ ਤਾਂ ਮੰਦਰ ਦੀ ਜ਼ਮੀਨ ਹੈ।"
ਉਹ ਕਹਿੰਦੇ ਹਨ,"ਮੈਂ ਅੱਜ ਇਹ ਦਾਅਵਾ ਕਰਨ ਲੱਗਿਆ ਹਾਂ ਕਿ ਮੇਰੇ ਬਾਬਾ ਅਤੇ ਮੇਰੇ ਪੜਦਾਦਾ ਕਿਸੇ ਟਰੱਸਟ, ਮੰਦਰ, ਧਰਮਸ਼ਾਲਾ ਵਿੱਚ ਜ਼ਮੀਨ ਦੇ ਕੇ ਚਲੇ ਗਏ ਅਤੇ ਅੱਜ ਮੈਨੂੰ ਵਾਪਸ ਚਾਹੀਦੀ ਹੈ, ਤਾਂ ਇਹ ਤਾਂ ਬਿਲਕੁਲ ਨਿਰਾਰਥਕ ਗੱਲ ਹੈ।"
ਟਰੱਸਟ ਦੀ ਗੱਲ ਕਰੀਏ, ਤਾਂ ਦੇਵੀ ਮੰਦਰ ਨੂੰ ਅਲੱਗ-ਅਲੱਗ ਟਰੱਸਟ ਵਿੱਚ ਵੰਡ ਦਿੱਤਾ ਗਿਆ ਅਤੇ ਸਾਰੇ ਟਰੱਸਟਾਂ ਦੇ ਪ੍ਰਮੁੱਖ ਯਤੀ ਨਰਸਿੰਹਾਨੰਦ ਸਰਸਵਤੀ ਹਨ।
ਅਨਿਲ ਯਾਦਵ ਦੇ ਮੁਤਾਬਿਕ ਸਾਲ 2021 ਵਿੱਚ ਬਣੇ ਹੋਏ ਤਿੰਨ ਟਰੱਸਟ ਹਨ - ਯਤੀ ਨਰਸਿੰਹਾਨੰਦ ਸਰਸਵਤੀ ਫਾਊਂਡੇਸ਼ਨ, ਸ਼੍ਰੀ ਕ੍ਰਿਸ਼ਣ ਯੋਗਧਾਮ ਅਤੇ ਹਰਹਰ ਮਹਾਂਦੇਵ ਭਗਤ ਮੰਡਲ, ਜਦਕਿ ਚੌਥੇ ਟ੍ਰਸਟ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਯਤੀ ਨਰਸਿੰਹਾਨੰਦ ਸਰਸਵਤੀ ਫਾਊਂਡੇਸ਼ਨ ਟਰੱਸਟ ਦੇ ਕੰਮਾਂ ਵਿੱਚੋਂ ਇੱਕ ਹੈ ਕਿਸੇ ਨਵੇਂ ਕੰਮ ਨੂੰ ਸ਼ੁਰੂ ਕਰਵਾਉਣਾ। ਦੂਸਰੇ ਟਰੱਸਟ ਦਾ ਕੰਮ ਹੈ ਬੱਚਿਆਂ ਨੂੰ ਖੇਡਾਂ ਨਾਲ ਜਾਣੂ ਕਰਵਾਉਣਾ, ਉਨ੍ਹਾਂ ਨੂੰ ਸੈਨਾ ਦੇ ਲਈ ਤਿਆਰ ਕਰਨਾ।
ਤੀਜੇ ਟਰੱਸਟ ਦੀ ਜ਼ਿੰਮੇਵਾਰੀ ਹੈ ਮੰਦਰ ਵਿੱਚ ਮਾਂ ਦੀ ਸੇਵਾ ਕਰਨਾ, ਜਦੋਂਕਿ ਚੌਥੇ ਟਰੱਸਟ ਦੀਆਂ ਜ਼ਿੰਮੇਵਾਰੀਆਂ ਵਿੱਚ ਸਕੂਲ ਅਤੇ ਗਊਸ਼ਾਲਾ ਰਹੇਗੀ।
ਯਾਦਵ ਦੇ ਮੁਤਾਬਕ ਮੰਦਰ ਵਿੱਚ 25-30 ਲੋਕਾਂ ਦਾ ਸਟਾਫ਼ ਹੈ ਅਤੇ ਮੰਦਰ 'ਤੇ ਮਹੀਨੇ ਦਾ ਢਾਈ ਤੋਂ ਤਿੰਨ ਲੱਖ ਰੁਪਏ ਦਾ ਖਰਚ ਆਉਂਦਾ ਹੈ।
ਅਨਿਲ ਯਾਦਵ ਦੱਸਦੇ ਹਨ ਕਿ ਮੰਦਰ ਦੀ ਆਪਣੀ ਆਮਦਨ ਘੱਟ ਹੈ, ਇਸ ਲਈ ਸਟਾਫ਼ ਦੀ ਤਨਖਾਹ ਦੀ ਜ਼ਿੰਮੇਵਾਰੀ ਬਾਹਰੀ ਲੋਕਾਂ ਨੇ ਲੈ ਰੱਖੀ ਹੈ।
ਯਤੀ ਦੀ ਸੋਸ਼ਲ ਮੀਡੀਆ 'ਤੇ ਪਹੁੰਚ
ਕੀ ਯੋਗੀ ਰਾਜ ਵਿੱਚ ਯਤੀ ਨਰਸਿੰਹਾਨੰਦ ਨੂੰ ਸ਼ਹਿ ਮਿਲੀ ਹੋਈ ਹੈ?
ਇਸ ਸਵਾਲ ਦੇ ਪੁੱਛਦੇ ਹੀ ਅਨਿਲ ਯਾਦਵ ਕਹਿੰਦੇ ਹਨ,"ਹਰਿਦੁਆਰ ਵਿੱਚ ਯੋਗੀ ਜੀ ਨਹੀਂ ਹਨ। ਦਿੱਲੀ ਵਿੱਚ ਯੋਗੀ ਜੀ ਨਹੀਂ ਹਨ।
ਅਤੇ ਪੰਜ ਸਾਲ ਪਹਿਲਾਂ, 2017 ਤੋਂ ਪਹਿਲਾਂ, ਯੋਗੀ ਜੀ ਨਹੀਂ ਸੀ। ਅਤੇ ਸ਼ਾਇਦ ਚੀਜ਼ਾਂ ਹੋਣ ਤੋਂ ਵੱਡੀਆਂ ਸੀ। ਪਹੁੰਚ ਘੱਟ ਸੀ। ਹੋ ਸਕਦਾ ਹੈ ਕਿ ਹੁਣ ਤੋਂ ਵੱਡੇ-ਵੱਡੇ ਬਿਆਨ 2017 ਤੋਂ ਪਹਿਲਾਂ ਦਿੱਤੇ ਗਏ ਹੋਣ, ਪਰ ਉਸ ਸਮੇਂ ਸਾਡੀ ਪਹੁੰਚ ਘੱਟ ਸੀ।"
ਯਤੀ ਦੇ ਨਜ਼ਦੀਕੀ ਅਨਿਲ ਯਾਦਵ ਕਿਸੇ ਸੁਲਝੇ ਹੋਏ ਸੋਸ਼ਲ ਮੀਡੀਆ ਪ੍ਰੋਫੈਸ਼ਨਲ ਦੀ ਸਮਝ ਦੇ ਨਾਲ ਗੱਲ ਕਰਦੇ ਹਨ।
ਅਨਿਲ ਯਾਦਵ ਦੇ ਮੁਤਾਬਿਕ ਜਦੋਂ ਕਿਸੇ ਵੀ ਸੋਸ਼ਲ ਮੀਡੀਆ 'ਤੇ ਮੰਦਰ ਯਤੀ ਨਰਸਿੰਹਾਨੰਦ ਦੇ ਨਾਮ ਨਾਲ ਹੈਂਡਲ ਸ਼ੁਰੂ ਹੁੰਦਾ ਹੈ, ਤਾਂ ਉਸ 'ਤੇ ਉਸ ਪਲੇਟਫਾਰਮ ਦੇ ਸਮੁਦਾਇਕ ਨਿਯਮਾਂ ਦੀ ਉਲੰਘਣਾ ਦੀ ਰਿਪੋਰਟਿੰਗ ਦੇ ਕਾਰਨ ਬੰਦ ਕਰਨਾ ਪੈਂਦਾ ਹੈ।
ਇਸ ਤੋਂ ਬਚਣ ਦੇ ਲਈ ਉਹ ਵੱਡੇ ਸਬਸਕ੍ਰਾਈਬਰਸ ਵਾਲੇ ਯੂਟਿਊਬਰਾਂ ਦੀ ਮਦਦ ਲੈਂਦੇ ਹਨ। ਜਦੋਂ ਮੈਸੇਜ ਅਲੱਗ-ਅਲੱਗ ਹੈਂਡਲ ਤੋਂ ਯੂਟਿਊਬ ਹੋ ਕੇ ਜਾਂਦਾ ਹੈ, ਤਾਂ ਉਸ 'ਤੇ ਕਿਸੇ ਵੀ ਤਰ੍ਹਾਂ ਦੀ ਰਿਪੋਰਟਿੰਗ ਦਾ ਖਤਰਾ ਘੱਟ ਹੁੰਦਾ ਹੈ।
ਉਹ ਕਹਿੰਦੇ ਹਨ,"ਕਿਸੇ ਨੈਰੇਟਿਵ ਨੂੰ ਇੱਕ ਹੀ ਪਲੇਟਫਾਰਮ 'ਤੇ ਵਾਰ-ਵਾਰ ਚਲਾਉਣਾ ਹੈ, ਤਾਂ ਉਸ ਨਾਲ ਰਿਪੋਟਿੰਗ ਹੋ ਜਾਂਦੀ ਹੈ। ਜੇਕਰ ਉਸ ਨੂੰ ਬਦਲ-ਬਦਲ ਕੇ ਚਲਾਵੋਂਗੇ, ਤਾਂ ਉਸਦੀ ਰਿਪੋਰਟਿੰਗ ਨਹੀਂ ਹੁੰਦੀ ਹੈ।"
ਕਿਸੇ ਕਲਿੱਪ ਨੂੰ ਫੈਲਾਉਣ ਦੇ ਲਈ ਇੱਕ ਵ੍ਹੱਟਸਐਪ ਗਰੁੱਪ ਵਿੱਚ ਪਾ ਦਿੱਤਾ ਜਾਂਦਾ ਹੈ, ਜਿਸ ਨੂੰ ਯਤੀ ਸਮਰਥਕ ਆਪਣੇ ਸੋਸ਼ਲ ਮੀਡੀਆ ਹੈਂਡਲ ਨਾਲ ਅੱਗੇ ਫੈਲਾਉਂਦੇ ਹਨ।
ਅਨਿਲ ਯਾਦਵ ਕਹਿੰਦੇ ਹਨ,"ਵਟਸਐਪ ਨੂੰ ਕੋਈ ਬਲੌਕ ਕਰ ਨਹੀਂ ਸਕਦਾ।"
ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਇਲਾਵਾ ਅਨਿਲ ਯਾਦਵ ਸੂਰਿਆ ਬੁਲੇਟਨ ਨਾਮ ਦੀ ਹਿੰਦੀ ਪੱਤ੍ਰਿਕਾ ਅਤੇ ਨਿਊਜ਼ ਪੋਰਟਲ ਦੇ ਸੰਪਾਦਕ ਵੀ ਹਨ।
ਉਹ ਕਹਿੰਦੇ ਹਨ ਕਿ ਇੱਥੇ ਕੰਮ ਕਰ ਰਹੇ ਸਟਾਫ਼ ਨੂੰ ਤਨਖ਼ਾਹ ਮਿਲਦੀ ਹੈ। ਇਸ ਪਲੇਟਫਾਰਮ 'ਤੇ 'ਗ੍ਰੀਨ ਕੰਟੈਂਟ' ਯਾਨੀ ਵਿਵਾਦਾਂ ਤੋਂ ਪਰ੍ਹੇ ਕੰਟੈਂਟ ਆਉਂਦਾ ਹੈ, ਪਰ ਉਹ ਕਹਿੰਦੇ ਹਨ ਕਿ ਕਿਸ ਕੰਟੈਂਟ ਵਿੱਚ ਵੀ ਉਹ ਆਪਣਾ ਵਿਚਾਰਕ ਸੰਦੇਸ਼ ਭੇਜ ਹੀ ਦਿੰਦੇ ਹਨ, ਜੋ ਹੈ ਹਿੰਦੂਆਂ ਦੀ 'ਨਸਲ ਅਤੇ ਫ਼ਸਲ' ਨੂੰ ਮੁਸਲਮਾਨਾਂ ਤੋਂ ਖ਼ਤਰਾ।
ਅਕਤੂਬਰ 2021 ਦੇ 50 ਰੁਪਏ ਦੇ ਅੰਕ ਦੇ ਪੰਨੇ ਪਲਟੇ, ਤਾਂ 'ਕਸ਼ਮੀਰ', 'ਆਰਿਅਨ ਖ਼ਾਨ','ਜਿਹਾਦੀਆਂ' ਜਿਹੇ ਸ਼ਬਦਾਂ ਨਾਲ ਭਰੇ ਸਿਰਲੇਖਾਂ ਹੇਠਾਂ ਲੇਖ ਨਜ਼ਰ ਆਏ।
ਸੋਸ਼ਲ ਮੀਡੀਆ ਉਨ੍ਹਾਂ ਦੇ ਲਈ ਇੱਕ ਤਾਕਤਵਰ ਜ਼ਰੀਆ ਹੈ। ਆਪਣੀ ਗੱਲ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਾਉਣ ਦਾ, ਜੋ ਉਨ੍ਹਾਂ ਦੇ ਅਨੁਸਾਰ ਹਿੰਦੂਆਂ ਨੂੰ ਇੱਕਜੁੱਟ ਕਰਨ ਦਾ ਕੰਮ ਵੀ ਕਰ ਰਿਹਾ ਹੈ।
ਧਰਮ ਸੰਸਦ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਪਹਿਲਾਂ ਸਾਲ ਵਿੱਚ ਇੱਕ ਧਰਮ ਸੰਸਦ ਹੋਇਆ ਕਰਦੀ ਸੀ, ਪਰ ਉੱਤਰ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ਕਈ ਸਾਰੇ ਕਰਨ ਦੀ ਯੋਜਨਾ ਹੈ।
ਹਰਿਦੁਆਰ ਵਿੱਚ ਧਰਮ ਸੰਸਦ ਤੋਂ ਬਾਅਦ ਨਵੇਂ ਸਾਲ ਦੀ ਪਹਿਲੀ ਧਰਮ ਸੰਸਦ ਦਾ ਪ੍ਰੋਗਰਾਮ ਡਾਸਨਾ ਵਿੱਚ ਇੱਕ ਜਾਂ ਦੋ ਜਨਵਰੀ ਨੂੰ ਹੋਣਾ ਸੀ, ਪਰ ਹਰਿਦੁਆਰ ਅਤੇ ਰਾਏਪੁਰ ਵਿੱਚ ਹੋਈਆਂ ਧਰਮ ਸੰਸਦਾਂ ਦੇ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਡਾਸਨਾ ਧਰਮ ਸੰਸਦ ਦੇ ਪ੍ਰੋਗਰਾਮ ਨੂੰ ਅੱਗੇ ਪਾਉਣਾ ਪਿਆ ਹੈ।
ਯਤੀ ਨਰਸਿੰਹਾਨੰਦ ਸਰਸਵਤੀ ਨੇ ਹਰਿਦੁਆਰ ਵਿੱਚ ਕਿਹਾ ਹੈ ਕਿ ਉੱਤਰਾਖੰਡ ਸਰਕਾਰ ਮੁਸਲਮਾਨਾਂ ਦੇ ਦਬਾਅ ਵਿੱਚ ਹੈ ਅਤੇ ਧਰਮ ਸੰਸਦ ਹਰ ਕੀਮਤ 'ਤੇ ਹੋਵੇਗੀ।
ਗਾਜ਼ੀਆਬਾਦ ਦੇ ਐੱਸਐੱਸਪੀ ਪਵਨ ਕੁਮਾਰ ਨੇ ਗੱਲਬਾਤ ਵਿੱਚ ਕਿਹਾ ਕਿ ਪੁਲੀਸ ਇਸ ਗੱਲ 'ਤੇ ਨਜ਼ਰ ਰਹੇਗੀ ਕਿ ਧਰਮ ਸੰਸਦ ਵਿੱਚ ਕਿਨ੍ਹਾਂ ਵਿਸ਼ਿਆਂ 'ਤੇ ਚਰਚਾ ਹੋਣ ਵਾਲੀ ਹੈ।
ਉਹ ਕਹਿੰਦੇ ਹਨ, "ਜੇਕਰ ਕੋਈ ਵਿਵਾਦਤ ਟੌਪਿਕ ਹੈ, ਜਿਸ ਨਾਲ ਕੋਈ ਵਿਰੋਧ ਦੀ ਭਾਵਨਾ ਫ਼ੈਲ ਸਕਦੀ ਹੈ ਜਾਂ ਸੰਗੀਨ ਅਪਰਾਧ ਕਰਨ ਨੂੰ ਉਤਸ਼ਾਹ ਮਿਲ ਸਕਦਾ ਹੈ, ਤਾਂ ਇਸ ਵਿੱਚ ਨਿਸ਼ਚਿਤ ਰੂਪ ਵਿੱਚ ਕਾਰਵਾਈ ਕੀਤੀ ਜਾਵੇਗੀ।"
ਪਰ ਇਹ ਕਿਵੇਂ ਤੈਅ ਹੋਵੇਗਾ ਕਿ ਧਰਮ ਸੰਸਦ ਦੇ ਅੰਦਰ ਕੀ ਬੋਲਿਆ ਜਾਵੇਗਾ?
ਹਰਿਦੁਆਰ ਅਤੇ ਰਾਏਪੁਰ ਦੇ ਉਦਾਹਰਣ ਸਭ ਦੇ ਸਾਹਮਣੇ ਹਨ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਖੁੱਲ੍ਹੇ ਤੌਰ 'ਤੇ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਗੱਲ ਹੋਈ ਹੈ।
ਪਵਨ ਕੁਮਾਰ ਕਹਿੰਦੇ ਹਨ, "ਪਹਿਲਾਂ ਦੇ ਉਦਾਹਰਣ ਦੇ ਆਧਾਰ 'ਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਅੱਗੇ ਵੀ ਗਲਤ ਹੀ ਬੋਲਿਆ ਜਾਵੇਗਾ।"
ਉੱਤਰ ਪ੍ਰਦੇਸ਼ ਵਿੱਚ ਫ਼ੈਲਦੇ ਨਫ਼ਰਤ ਦੇ ਇਸ ਜ਼ਹਿਰ ਨੂੰ ਕੌਣ ਰੋਕੇਗਾ? ਇਹ ਸਵਾਲ ਬਣਿਆ ਹੋਇਆ ਹੈ ਕਿ ਕੀ ਯੂਪੀ 'ਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਫੈਲਾਉਂਦੇ ਇਨ੍ਹਾਂ ਲੋਕਾਂ 'ਤੇ ਲੋੜੀਂਦੀ ਕਾਰਵਾਈ ਕਰੇਗੀ?
ਇਹ ਵੀ ਪੜ੍ਹੋ:
ਇਹ ਵੀ ਦੇਖੋ: