ਭਾਰਤ ਦੇ ਮੁਸਲਮਾਨਾਂ ਲਈ ਓਬਾਮਾ ਫ਼ਿਕਰਮੰਦ, ਮੋਦੀ ਨੇ ਪ੍ਰੈਸ ਕਾਨਫਰੰਸ 'ਚ ਕੀ ਜਵਾਬ ਦਿੱਤਾ

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿੱਚ ਆਪਣੀ ਪਹਿਲੀ ਸਟੇਟ ਵਿਜ਼ੀਟ ਦੌਰਾਨ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਹਿੱਸਾ ਲੈਂਦਿਆਂ ਭਾਰਤ ਦੇ ਮੁਸਲਮਾਨਾਂ ਨਾਲ ਜੁੜੇ ਸਵਾਲ ਉੱਤੇ ਜਵਾਬ ਦਿੱਤਾ।

ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਜੋਨ ਕਿਬਰੀ ਨੇ ਵੀ ਇਸ ਪ੍ਰੈੱਸ ਕਾਨਫਰੰਸ ਵਿੱਚ ਪੀਐੱਮ ਮੋਦੀ ਦੇ ਸ਼ਾਮਲ ਹੋਣ ਨੂੰ ਕਾਫ਼ੀ ਵੱਡੀ ਗੱਲ ਦੱਸਿਆ ਸੀ।

ਉਨ੍ਹਾਂ ਕੇ ਕਿਹਾ ਸੀ, ‘‘ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਪੀਐੱਮ ਮੋਦੀ ਆਪਣੇ ਦੌਰੇ ਦੇ ਆਖ਼ਰੀ ਪੜਾਅ ਦੌਰਾਨ ਇੱਕ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਅਸੀਂ ਮੰਨਦੇ ਹਾਂ ਕਿ ਇਹ ਕਾਫ਼ੀ ਅਹਿਮ ਹੈ ਕਿਉਂਕਿ ਅਸੀਂ ਇਸ ਗੱਲ ਉੱਤੇ ਖ਼ੁਸ਼ ਹਾਂ ਕਿ ਉਹ ਵੀ ਇਸ ਨੂੰ ਅਹਿਮ ਮੰਨਦੇ ਹਨ।’’

ਪ੍ਰੈੱਸ ਕਾਨਫਰੰਸ ’ਚ ਮੋਦੀ ਨੂੰ ਕੀ ਪੁੱਛਿਆ ਗਿਆ?

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਇਸ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕਾ ਦੇ ਨਾਮੀਂ ਅਖ਼ਬਾਰ ਵਾਲ ਸਟਰੀਟ ਜਨਰਲ ਦੀ ਪੱਤਰਕਾਰ ਸਬਰੀਨਾ ਸਿੱਦੀਕੀ ਨੇ ਪੀਐੱਮ ਮੋਦੀ ਨੂੰ ਸਵਾਲ ਪੁੱਛਿਆ।

ਸਿੱਦੀਕੀ ਨੇ ਪੁੱਛਿਆ, ‘‘ਤੁਸੀਂ ਅਤੇ ਤੁਹਾਡੀ ਸਰਕਾਰ ਤੁਹਾਡੇ ਦੇਸ਼ ਦੇ ਮੁਸਲਮਾਨਾਂ ਸਣੇ ਦੂਜੇ ਭਾਇਚਾਰਿਆਂ ਦੇ ਹੱਕਾਂ ਨੂੰ ਬਿਹਤਰ ਬਣਾਉਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਪੱਕਾ ਕਰਨ ਲਈ ਕਿਹੜੇ ਕਦਮ ਚੁੱਕਣ ਲਈ ਤਿਆਰ ਹਨ।’’

ਇਸ ਉੱਤੇ ਪੀਐੱਮ ਮੋਦੀ ਨੇ ਕਿਹਾ, ‘‘ਮੈਨੂੰ ਹੈਰਾਨੀ ਹੋ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਲੋਕ ਕਹਿੰਦੇ ਹਨ...ਲੋਕ ਕਹਿੰਦੇ ਹਨ ਨਹੀਂ, ਭਾਰਤ ਇੱਕ ਲੋਕਤੰਤਰ ਹੈ ਅਤੇ ਜਿਵੇਂ ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵਾਂ ਦੇ ਡੀਐੱਨਏ ਵਿੱਚ ਲੋਕਤੰਤਰ ਹੈ।’’

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 1

ਮੋਦੀ ਨੇ ਅੱਗੇ ਕਿਹਾ, ‘‘ਲੋਕਤੰਤਰ ਸਾਡੀ ਸਪਿਰੀਟ ਹੈ, ਲੋਕਤੰਤਰ ਸਾਡੀਆਂ ਰਗਾਂ ਵਿੱਚ ਹੈ। ਲੋਕਤੰਤਰ ਨੂੰ ਅਸੀਂ ਜਿਉਂਦੇ ਹਾਂ ਅਤੇ ਸਾਡੇ ਵਢੇਰਿਆਂ ਨੇ ਉਸ ਨੂੰ ਸ਼ਬਦਾਂ ਵਿੱਚ ਢਾਲਿਆ ਹੈ, ਸੰਵਿਧਾਨ ਦੇ ਰੂਪ ਵਿੱਚ। ਸਾਡੀ ਸਰਕਾਰ ਲੋਕਤੰਤਰ ਦੇ ਬੁਨਿਆਦੀ ਕਦਰਾਂ ਕੀਮਤਾਂ ਨੂੰ ਆਧਾਰ ਬਣਾ ਕੇ ਬਣੇ ਹੋਏ ਸੰਵਿਧਾਨ ਦੇ ਆਧਾਰ ਉੱਤੇ ਚੱਲਦੀ ਹੈ। ਸਾਡਾ ਸੰਵਿਧਾਨ ਅਤੇ ਸਾਡੀ ਸਰਕਾਰ...ਅਤੇ ਅਸੀਂ ਸਿੱਧ ਕੀਤਾ ਹੈ ਕਿ ਲੋਕਤੰਤਰ ਕੈਨ ਡਿਲੀਵਰ।’’

‘‘ਅਤੇ ਜਦੋਂ ਮੈਂ ਡਿਲੀਵਰ ਸ਼ਬਦ ਦੀ ਵਰਤੋਂ ਕਰਦਾ ਹਾਂ ਤਾਂ ਜਾਤ, ਪੰਥ, ਧਰਮ ਜਾਂ ਲਿੰਗਕ ਪੱਧਰ ਉੱਤੇ ਕਿਸੇ ਵੀ ਭੇਦਭਾਵ ਦੀ ਉੱਥੇ ਥਾਂ ਨਹੀਂ ਹੁੰਦੀ ਹੈ ਅਤੇ ਜਦੋਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਜੇ ਮਨੁੱਖੀ ਕਦਰਾਂ ਕੀਮਤਾਂ ਨਹੀਂ ਹਨ, ਮਨੁੱਖਤਾ ਨਹੀਂ ਹੈ, ਮਨੁੱਖੀ ਅਧਿਕਾਰ ਨਹੀਂ ਹਨ, ਫ਼ਿਰ ਤਾਂ ਉਹ ਡੈਮੋਕ੍ਰੇਸੀ ਹੈ ਹੀ ਨਹੀਂ।’’

‘‘ਇਸ ਲਈ ਜਦੋਂ ਤੁਸੀਂ ਡੈਮੋਕ੍ਰੇਸੀ ਕਹਿੰਦੇ ਹੋ, ਜਦੋਂ ਉਸ ਨੂੰ ਸਵੀਕਾਰ ਕਰਦੇ ਹੋ ਅਤੇ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਲੈ ਕੇ ਜਿਉਂਦੇ ਹਾਂ ਤਾਂ ਭੇਦਭਾਵ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਇਸ ਲਈ ਭਾਰਤ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਤੇ ਸਭ ਦਾ ਪ੍ਰਆਸ ਦੇ ਬੁਨਿਆਦੀ ਸਿਧਾਂਤਾਂ ਨੂੰ ਲੈ ਕੇ ਅਸੀਂ ਚੱਲਦੇ ਹਾਂ।’’

‘‘ਭਾਰਤ ਵਿੱਚ ਸਰਕਾਰ ਵੱਲੋਂ ਮਿਲਣ ਵਾਲੇ ਲਾਭ ਸਾਰਿਆਂ ਨੂੰ ਉਪਲਬਧ ਹਨ, ਜੋ ਵੀ ਉਨ੍ਹਾਂ ਦੇ ਹੱਕਦਾਰ ਹਨ, ਉਹ ਉਨ੍ਹਾਂ ਸਾਰਿਆਂ ਨੂੰ ਮਿਲਦੇ ਹਨ। ਇਸ ਲਈ ਭਾਰਤ ਦੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਵਿੱਚ ਕੋਈ ਭੇਦਭਾਵ ਨਹੀਂ ਹੈ। ਨਾ ਧਰਮ ਦੇ ਆਧਾਰ ਉੱਤੇ, ਨਾ ਜਾਤ ਦੇ ਆਧਾਰ ਉੱਤੇ, ਨਾ ਉਮਰ ਦੇ ਆਧਾਰ ਉੱਤੇ ਅਤੇ ਨਾ ਖ਼ੇਤਰ ਦੇ ਆਧਾਰ ਉੱਤੇ।’’

ਲਾਈਨ

ਇਹ ਵੀ ਪੜ੍ਹੋ:

ਲਾਈਨ

ਮੋਦੀ ਦੇ ਦੌਰੇ ਉੱਤੇ ਓਬਾਮਾ ਕੀ ਬੋਲੇ

ਮੋਦੀ, ਓਬਾਮਾ

ਤਸਵੀਰ ਸਰੋਤ, DENNIS BRACK-POOL/GETTY IMAGES

ਤਸਵੀਰ ਕੈਪਸ਼ਨ, ਨਰਿੰਦਰ ਮੋਦੀ ਅਤੇ ਬਰਾਕ ਓਬਾਮਾ ਦੀ ਫ਼ਾਈਲ ਫੋਟੋ

ਪੀਐੱਮ ਮੋਦੀ ਨੇ ਅਮਰੀਕਾ ਵਿੱਚ ਆਪਣੀ ਇਸ ਪਹਿਲੀ ਸਟੇਟ ਵਿਜ਼ੀਟ ਦੌਰਾਨ ਅਮਰੀਕੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਵੀ ਸੰਬੋਧਿਤ ਕੀਤਾ ਅਤੇ ਇਸ ਦੇ ਨਾਲ ਹੀ ਉਹ ਦੋ ਵਾਰ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ।

ਇਸ ਦੌਰੇ ਉੱਤੇ ਅਮਰੀਕੀ ਸਰਕਾਰ ਨੇ ਇੱਕ ਸਟੇਟ ਡਿਨਰ ਦਾ ਵੀ ਪ੍ਰਬੰਧ ਕੀਤਾ ਸੀ, ਜਿਸ ਵਿੱਚ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਤੋਂ ਲੈ ਕੇ ਅਮਰੀਕੀ ਉਦਯੋਗ ਅਤੇ ਸਿਆਸੀ ਜਗਤ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਸਨ।

ਪਰ ਪੀਐੱਮ ਮੋਦੀ ਜਿਸ ਦੌਰਾਨ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਸਨ, ਠੀਕ ਉਸੇ ਸਮੇਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਮ ਓਬਾਮਾ ਨੇ ਭਾਰਤ ਦੇ ਮੁਸਲਮਾਨਾਂ (ਘੱਟ ਗਿਣਤੀ) ਉੱਤੇ ਇੱਕ ਅਹਿਮ ਬਿਆਨ ਦਿੱਤਾ।

ਇਹ ਬਿਆਨ ਉਨ੍ਹਾਂ ਨੇ ਅਮਰੀਕੀ ਨਿਊਜ਼ ਚੈਨਲ ਸੀਐੱਨਐੱਨ ਨੂੰ ਦਿੱਤੇ ਇੰਟਰਵਿਊ ਦੌਰਾਨ ਦਿੱਤਾ।

ਇਸ ਇੰਟਰਵਿਊ ਦੌਰਾਨ ਅਮਰੀਕਾ ਦੀ ਨਾਮੀਂ ਪੱਤਰਕਾਰ ਕ੍ਰਿਸਟਿਆਨਾ ਅਮਾਨਪੋਰ ਨੇ ਓਬਾਮਾ ਨੂੰ ਪੁੱਛਿਆ ਕਿ – ‘‘ਰਾਸ਼ਟਰਪਤੀ ਬਾਇਡਨ ਨੇ ਡਿਫ਼ੈਂਸਿਵ ਡੈਮੋਕ੍ਰੇਸੀ ਨੂੰ ਆਪਣੇ ਪ੍ਰਸ਼ਾਸਨ ਦਾ ਕੇਂਦਰ ਬਣਾਇਆ ਹੋਇਆ ਹੈ ਅਤੇ ਇਹ ਉਹ ਸਮਾਂ ਹੈ ਜਦੋਂ ਦੁਨੀਆਂ ਵਿੱਚ ਲੋਕਤੰਤਰ ਖ਼ਤਰੇ ਵਿੱਚ ਹੈ, ਇਸ ਨੂੰ ਤਾਨਾਸ਼ਾਹਾਂ ਅਤੇ ਤਾਨਾਸ਼ਾਹੀ ਤੋਂ ਚੁਣੌਤੀ ਮਿਲ ਰਹੀ ਹੈ, ਛੋਟੋ ਲੋਕੰਤਤਰਾਂ ਤੋਂ ਵੀ ਇਸ ਨੂੰ ਚੁਣੌਤੀ ਮਿਲ ਰਹੀ ਹੈ। ਬਾਇਡਨ ਚੀਨੀ ਰਾਸ਼ਟਰਪਤੀ ਨੂੰ ਤਾਨਾਸ਼ਾਹ ਕਹਿੰਦੇ ਹਨ।’’

ਇਸ ਤੋਂ ਬਾਅਦ ਪੀਐੱਮ ਮੋਦੀ ਅਤੇ ਉਨ੍ਹਾਂ ਦੇ ਸਟੇਟ ਵਿਜ਼ੀਟ ਉੱਤੇ ਸਵਾਲ ਕਰਦੇ ਹੋਏ ਉਨ੍ਹਾਂ ਨੇ ਪੁੱਛਿਆ ਕਿ - ‘‘ਬਾਇਡਨ ਇਸ ਵੇਲੇ ਅਮਰੀਕਾ ਵਿੱਚ ਮੋਦੀ ਦਾ ਸੁਆਗਤ ਕਰ ਰਹੇ ਹਨ, ਜਿਨ੍ਹਾਂ ਨੂੰ ਆਟੋਕ੍ਰੇਟਿਕ ਜਾਂ ਫ਼ਿਰ ਘੱਟ ਡੈਮੇਕ੍ਰੇਟਕ ਮੰਨਿਆ ਜਾਂਦਾ ਹੈ। ਕਿਸੇ ਰਾਸ਼ਟਰਪਤੀ ਨੂੰ ਅਜਿਹੇ ਆਗੂਆਂ ਦੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ?’’

ਇਸ ਸਵਾਲ ਉੱਤੇ ਬਰਾਕ ਓਬਾਮਾ ਨੇ ਦੱਸਿਆ ਕਿ ਜੇ ਉਹ ਪੀਐੱਮ ਮੋਦੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਕੀ ਕਹਿੰਦੇ।

ਉਨ੍ਹਾਂ ਨੇ ਕਿਹਾ, ‘‘ਹਿੰਦੂ ਬਹੁ ਗਿਣਤੀ ਭਾਰਤ ਵਿੱਚ ਮੁਸਲਮਾਨ ਘੱਟ ਗਿਣਤੀ ਦੀ ਸੁਰੱਖਿਆ ਕਾਬਿਲ-ਏ-ਜ਼ਿਕਰ ਹੈ। ਜੇ ਮੇਰੀ ਮੋਦੀ ਨਾਲ ਗੱਲਬਾਤ ਹੁੰਦੀ ਤਾਂ ਮੇਰਾ ਤਰਕ ਹੁੰਦਾ ਕਿ ਜੇ ਤੁਸੀਂ (ਨਸਲੀ) ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਆ ਨਹੀਂ ਕਰਦੇ ਤਾਂ ਮੁਮਕਿਨ ਹੈ ਕਿ ਭਵਿੱਖ ਵਿੱਚ ਭਾਰਤ ਦੀ ਵੰਢ ਵਧੇ। ਇਹ ਭਾਰਤ ਦੇ ਹਿੱਤਾਂ ਦੇ ਉਲਟ ਹੋਵੇਗਾ।’’

ਇਸ ਤੋਂ ਪਹਿਲਾਂ ਸਾਲ 2015 ਵਿੱਚ ਓਬਾਮਾ ਨੇ ਕਿਹਾ ਸੀ ਕਿ ਭਾਰਤ ਉਦੋਂ ਤੱਕ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਰਹੇਗਾ ਜਦੋਂ ਤੱਕ ਇੱਕ ਦੇਸ਼ ਦੇ ਰੂਪ ਵਿੱਚ ਇੱਕਜੁੱਟ ਰਹੇ ਅਤੇ ਧਾਰਮਿਕਤਾ ਜਾਂ ਕਿਸੇ ਹੋਰ ਆਧਾਰ ਉੱਤੇ ਵੱਖਰਾ ਨਾ ਹੋਵੇ।

ਬਰਨੀ ਸੈਂਡਰਸ ਨੇ ਵੀ ਆਲੋਚਨਾ ਕੀਤੀ

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਲ ਰਹੇ ਅਮਰੀਕੀ ਡੈਮੋਕ੍ਰੇਟ ਆਗੂ ਬਰਨੀ ਸੈਂਡਰਸ ਨੇ ਵੀ ਟਵੀਟ ਕਰਕੇ ਲਿਖਿਆ ਸੀ ਕਿ ਪੀਐੱਮ ਮੋਦੀ ਦੇ ਨਾਲ ਮੀਟਿੰਗ ਦੌਰਾਨ ਰਾਸ਼ਟਰਪਤੀ ਬਾਇਡਨ ਨੂੰ ਧਾਰਮਿਕ ਘੱਟ ਗਿਣਤੀਆਂ ਬਾਰੇ ਗੱਲ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਲਿਖਿਆ, ‘‘ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਪ੍ਰੈੱਸ ਅਤੇ ਸਿਵਲ ਸੁਸਾਇਟੀ ਉੱਤੇ ਸਖ਼ਤ ਹਮਲਾ ਕੀਤਾ ਹੈ, ਸਿਆਸੀ ਵਿਰੋਧੀਆਂ ਨੂੰ ਜੇਲ੍ਹ ਵਿੱਚ ਡੱਕਿਆ ਹੈ ਅਤੇ ਹਮਲਾਵਰ ਹਿੰਦੂ ਰਾਸ਼ਟਰਵਾਦ ਨੂੰ ਹੁੰਗਾਰਾ ਦਿੱਤਾ ਹੈ, ਜਿਸ ਕਾਰਨ ਭਾਰਤ ਦੇ ਧਾਰਮਿਕ ਘੱਟ ਗਿਣਤੀਆਂ ਲਈ ਕਾਫ਼ੀ ਘੱਟ ਥਾਂ ਬਚੀ ਹੈ। ਰਾਸ਼ਟਰਪਤੀ ਬਾਇਡਨ ਨੂੰ ਪੀਐੱਮ ਮੋਦੀ ਦੇ ਨਾਲ ਮੀਟਿੰਗ ਵਿੱਚ ਇਹ ਤੱਥ ਰੱਖਣੇ ਚਾਹੀਦੇ ਹਨ।’’

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

End of X post, 2

ਓਬਾਮਾ ਅਤੇ ਬਰਨੀ ਸੈਂਡਰਸ ਦੇ ਨਾਲ-ਨਾਲ ਡੈਮੋਕ੍ਰੇਟਿਕ ਪਾਰਟੀ ਦੇ 75 ਆਗੂਆਂ ਨੇ ਪੀਐੱਮ ਮੋਦੀ ਦੇ ਕਾਰਜਕਾਰ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਉਲੰਘਨ ਨੂੰ ਵਿਸਥਾਰ ਵਿੱਚ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਇੱਕ ਪੱਤਰ ਲਿਖਿਆ ਸੀ।

ਨਿਕੀ ਹੇਲੀ ਨੇ ਕੀਤਾ ਮੋਦੀ ਦਾ ਸਮਰਥਨ

ਨਿਕੀ ਹੇਲੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਰੇਸ ਵਿੱਚ ਚੱਲ ਰਹੀ ਰਿਪਬਲਿਕਨ ਪਾਰਟੀ ਨਾਲ ਜੁੜੀ ਆਗੂ ਨਿਕੀ ਹੇਲੀ

ਜਿੱਥੇ ਇੱਕ ਪਾਸੇ ਅਮਰੀਕੀ ਸੰਸਦ ਵਿੱਚ ਕੁਝ ਸੰਸਦ ਮੈਂਬਰਾਂ ਨੇ ਪੀਐੱਮ ਦੇ ਇਸ ਦੌਰੇ ਉੱਤੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।

ਤਾਂ ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਰੇਸ ਵਿੱਚ ਚੱਲ ਰਹੀ ਰਿਪਬਲਿਕਨ ਪਾਰਟੀ ਨਾਲ ਜੁੜੀ ਆਗੂ ਨਿਕੀ ਹੇਲੀ ਨੇ ਭਾਰਤ ਤੇ ਅਮਰੀਕਾ ਦੀ ਦੋਸਤਚੀ ਨੂੰ ਕਾਫ਼ੀ ਨਿੱਜੀ ਦੱਸਿਆ ਹੈ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘‘ਅਮਰੀਕਾ ਤੇ ਭਾਰਤ ਦੀ ਦੋਸਤੀ ਨਿੱਜੀ ਪੱਧਰ ਦੀ ਹੈ। ਭਾਰਤ ਇੱਕ ਅਜਿਹਾ ਸਹਿਯੋਗੀ ਮੁਲਕ ਹੈ ਜੋ ਸਾਡੇ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਸਾਂਝਾ ਕਰਦਾ ਹੈ। ਸਾਡੇ ਵਿਚਾਲੇ ਕਾਫ਼ੀ ਕੁਝ ਮਿਲਦਾ-ਜੁਲਦਾ ਹੈ, ਜਿਸ ਵਿੱਚ ਵਪਾਰ ਤੋਂ ਲੈ ਕੇ ਸੱਭਿਆਚਾਰਕ ਰਿਸ਼ਤੇ ਅਤੇ ਸੁਰੱਖਿਆ ਨਾਲ ਜੁੜੇ ਸਾਂਝੇ ਹਿੱਤ ਵਗੈਰਾ ਸ਼ਾਮਲ ਹਨ। ਇਹ ਕਾਫ਼ੀ ਅਹਿਮ ਹੈ ਕਿ ਅਸੀਂ ਇਸ ਦੋਸਤੀ ਨੂੰ ਲਗਾਤਾਰ ਅੱਗੇ ਵਧਾਉਂਦੇ ਰਹੇ ਹਾਂ। ਮੈਂ ਪੀਐੱਮ ਮੋਦੀ ਦੀ ਸਫ਼ਲ ਵਾਸ਼ਿੰਗਟਨ ਯਾਤਰਾ ਦੀ ਕਾਮਨਾ ਕਰਦੀ ਹਾਂ।’’

ਬਾਇਡਨ ਤੇ ਮੋਦੀ ਦੀ ਸਾਂਝੀ ਪ੍ਰੈੱਸ ਕਾਨਫਰੰਸ

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮੁੱਖ ਗੱਲਾਂ

  • ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਮਾਮਲੇ ਵਿੱਚ ਇਹ ਦਿਨ ਬਹੁਤ ਖ਼ਾਸ ਹੈ। ਵਪਾਰ ਤੇ ਨਿਵੇਸ਼ ਨੂੰ ਲੈ ਕੇ ਭਾਰਤ-ਅਮਰੀਕਾ ਵਿਚਾਲੇ ਸਾਂਝ ਦੋ ਮੁਲਕਾਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੀ ਆਰਥਿਕਤਾ ਲਈ ਅਹਿਮ ਹੈ।
  • ਅਸੀਂ ਵਪਾਰ ਨਾਲ ਜੁੜੇ ਪੁਰਾਣੇ ਮਸਲਿਆਂ ਨੂੰ ਹੱਲ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਨਵੀਂ ਸ਼ੁਰੂਆਤ ਹੋਵੇਗੀ।
  • ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਪੁਲਾੜ, ਟੈਲੀਕੋਮ ਅਤੇ ਹੋਰ ਖ਼ੇਤਰਾਂ ਵਿੱਚ ਸਾਡੇ ਸਹਿਯੋਗ ਦੇ ਵਾਧੇ ਨਾਲ ਅਸੀਂ ਇੱਕ ਮਜ਼ਬੂਤ ਤੇ ਭਵਿੱਖ ਦੀ ਭਾਈਵਾਲੀ ਕਾਇਮ ਕਰ ਰਹੇ ਹਾਂ।
  • ਅਸੀਂ ਦੋਵੇਂ ਇਸ ਗੱਲ ਨਾਲ ਸਹਿਮਤ ਹਾਂ ਕਿ ਇੱਕ ਰਣਨੀਤਕ ਤਕਨੀਕੀ ਭਾਈਵਾਲੀ ਨੂੰ ਸਾਰਥਕ ਬਣਾਉਣ ਲਈ, ਇਹ ਬਹੁਤ ਜ਼ਰੂਰੀ ਹੈ ਕਿ ਸਰਕਾਰਾਂ, ਕਾਰੋਬਾਰ ਅਤੇ ਵਿੱਦਿਅਕ ਅਦਾਰੇ ਇਕੱਠੇ ਹੋਣ।
  • ਪੁਲਾੜ, ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਸਾਡਾ ਲੰਬੇ ਸਮੇਂ ਤੋਂ ਸਹਿਯੋਗ ਰਿਹਾ ਹੈ।
  • ਸਾਡੇ ਰਿਸ਼ਤਿਆਂ ਦਾ ਸਭ ਤੋਂ ਅਹਿਮ ਥੰਮ੍ਹ ਸਾਡੇ ਲੋਕਾਂ ਨਾਲ ਰਿਸ਼ਤੇ ਹਨ। ਅੱਜ ਭਾਰਤੀ ਮੂਲ ਦੇ 40 ਲੱਖ ਤੋਂ ਵੱਧ ਲੋਕ ਅਮਰੀਕਾ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
  • ਅੱਜ ਅਸੀਂ ਕਈ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਚਰਚਾ ਕੀਤੀ। ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਸਾਡੀ ਸਾਂਝੀ ਤਰਜੀਹ ਹੈ। ਅਸੀਂ ਸਹਿਮਤ ਹਾਂ ਕਿ ਇਸ ਖੇਤਰ ਦਾ ਵਿਕਾਸ ਅਤੇ ਸਫਲਤਾ ਪੂਰੀ ਦੁਨੀਆ ਲਈ ਅਹਿਮ ਹੈ।
  • ਕੋਵਿਡ ਮਹਾਂਮਾਰੀ ਅਤੇ ਯੂਕਰੇਨ ਦੇ ਟਕਰਾਅ ਨੇ ਵਿਸ਼ੇਸ਼ ਤੌਰ 'ਤੇ ਆਲਮੀ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਸਾਡਾ ਮੰਨਣਾ ਹੈ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਦੇਸ਼ਾਂ ਦਾ ਇਕਜੁੱਟ ਹੋਣਾ ਬੇਹੱਦ ਜ਼ਰੂਰੀ ਹੈ।
ਮੋਦੀ ਤੇ ਬਾਇਡਨ

ਤਸਵੀਰ ਸਰੋਤ, EPA/EFE

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀਆਂ ਮੁੱਖ ਗੱਲਾਂ

  • ਇਹ ਭਾਰਤ ਤੇ ਅਮਰੀਕਾ ਵਿਚਕਾਰ ਦੋਸਤੀ ਅਤੇ ਭਾਈਵਾਲੀ ਲਈ ਪੂਰੇ ਅਮਰੀਕਾ ਵਿੱਚ ਮੌਜੂਦ ਮਜ਼ਬੂਤ, ਸਥਾਈ ਅਤੇ ਪੂਰੀ ਤਰ੍ਹਾਂ ਦੋ-ਪੱਖੀ ਸਮਰਥਨ ਦਾ ਪ੍ਰਮਾਣ ਹੈ।
  • ਇੱਕ ਭਾਈਵਾਲੀ ਜੋ ਇਤਿਹਾਸ ਵਿੱਚ ਕਿਸੇ ਵੀ ਸਮੇਂ ਨਾਲੋਂ ਮਜ਼ਬੂਤ, ਨਜ਼ਦੀਕੀ ਅਤੇ ਵਧੇਰੇ ਗਤੀਸ਼ੀਲ ਹੈ।
  • ਇਕੱਠੇ ਮਿਲ ਕੇ ਅਸੀਂ ਉਸ ਸਾਂਝੇ ਭਵਿੱਖ ਨੂੰ ਖੋਲ੍ਹ ਰਹੇ ਹਾਂ ਜਿਸ ਨੂੰ ਮੈਂ ਬੇਅੰਤ ਸੰਭਾਵਨਾਵਾਂ ਵਾਲਾ ਮੰਨਦਾ ਹਾਂ।
  • ਇਸ ਫੇਰੀ ਦੇ ਨਾਲ ਅਸੀਂ ਇੱਕ ਵਾਰ ਫਿਰ ਦਿਖਾ ਰਹੇ ਹਾਂ ਕਿ ਕਿਵੇਂ ਭਾਰਤ ਅਤੇ ਅਮਰੀਕਾ ਲਗਭਗ ਹਰ ਮਨੁੱਖੀ ਕੋਸ਼ਿਸ਼ਾਂ ਵਿੱਚ ਸਹਿਯੋਗ ਕਰ ਰਹੇ ਹਨ।
  • ਕੈਂਸਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੇ ਨਿਦਾਨ ਅਤੇ ਇਲਾਜ ਲਈ ਨਵੇਂ ਤਰੀਕੇ ਤਿਆਰ ਕਰਨ ਤੋਂ ਲੈ ਕੇ, 2024 ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਇੱਕ ਭਾਰਤੀ ਪੁਲਾੜ ਯਾਤਰੀ ਨੂੰ ਭੇਜਣ ਸਮੇਤ ਮਨੁੱਖੀ ਪੁਲਾੜ ਉਡਾਣ ਵਿੱਚ ਸਹਿਯੋਗ ਕਰਨ ਲਈ, ਗਲੋਬਲ ਕਲੀਨ ਐਨਰਜੀ ਬਦਲਾਅ ਨੂੰ ਤੇਜ਼ ਕਰਨ, ਵਾਤਾਵਰਨ ਨਾਲ ਨਜਿੱਠਣ ਲਈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਨਾਜ਼ੁਕ ਅਤੇ ਉੱਭਰ ਰਹੀਆਂ ਤਕਨੀਕਾਂ 'ਤੇ ਸਾਡੀ ਸਾਂਝੀ ਮੁਹਾਰਤ ਨੂੰ ਵਰਤਣ ਲਈ ਇਹ ਯਕੀਨੀ ਬਣਾਉਣ ਲਈ ਕਿ ਉਹ ਗਲਤ ਜਾਣਕਾਰੀ ਅਤੇ ਜ਼ੁਲਮ ਦੇ ਸਾਧਨਾਂ ਵਜੋਂ ਵਰਤੇ ਨਾ ਜਾਣ।
  • ਵਧੇਰੇ ਸਾਂਝੇ ਅਭਿਆਸਾਂ, ਸਾਡੇ ਰੱਖਿਆ ਉਦਯੋਗਾਂ ਵਿਚਕਾਰ ਵਧੇਰੇ ਸਹਿਯੋਗ ਅਤੇ ਵਧੇਰੇ ਸਲਾਹ-ਮਸ਼ਵਰੇ ਤੇ ਤਾਲਮੇਲ ਨਾਲ ਸਾਡੀ ਮੁੱਖ ਰੱਖਿਆ ਭਾਈਵਾਲੀ ਨੂੰ ਵਧਾ ਰਹੇ ਹਾਂ।
  • ਸਾਡਾ ਆਰਥਿਕ ਰਿਸ਼ਤਾ ਵੀ ਵੱਧ ਰਿਹਾ ਹੈ। ਦੋਵਾਂ ਮੁਲਕਾਂ ਵਿਚਕਾਰ ਲੰਘੇ ਦੋ ਦਹਾਕਿਆਂ ਵਿੱਚ ਵਪਾਰ ਲਗਭਗ ਦੁੱਗਣਾ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)