'ਸਾਰੇ ਆਪਣੇ ਸ਼ਨਾਖ਼ਤੀ ਕਾਰਡ ਕੱਢਣ ਤੇ ਜੋ ਪੰਜਾਬੀ ਹਨ ਬਾਹਰ ਆ ਜਾਣ', ਪਾਕਿਸਤਾਨ 'ਚ ਬੱਸ ਹਮਲੇ ਵਿੱਚ 9 ਪੰਜਾਬੀਆਂ ਦੀ ਮੌਤ

 ਬਲੋਚਿਸਤਾਨ

ਤਸਵੀਰ ਸਰੋਤ, Radio Pakistan

ਤਸਵੀਰ ਕੈਪਸ਼ਨ, ਦੋ ਵੱਖਰੀਆਂ-ਵੱਖਰੀਆਂ ਘਟਨਾਵਾਂ ਵਿੱਚ ਕੁੱਲ 11 ਜਣਿਆਂ ਦੀ ਮੌਤ ਹੋਈ ਹੈ ਅਤੇ ਪੰਜ ਜਣੇ ਜ਼ਖ਼ਮੀ ਹੋਏ ਹਨ
    • ਲੇਖਕ, ਮੁਹੰਮਦ ਜ਼ੁਬੈਰ ਖ਼ਾਨ ਤੇ ਮੁਹੰਮਦ ਕਾਜ਼ਿਮ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਬੰਦੂਕਧਾਰੀ ਹਮਲਾਵਰਾਂ ਵੱਲੋਂ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਲਾਹ ਕੇ ਉਨ੍ਹਾਂ ਉੱਤੇ ਗੋਲੀਆਂ ਚਲਾਏ ਜਾਣ ਦੀ ਘਟਨਾ ਵਾਪਰੀ ਹੈ।

ਇਹ ਘਟਨਾ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰੀ।

ਮੰਡੀ ਬਹਾਉਦੀਨ ਇਲਾਕੇ ਦੇ ਚੱਕ ਫਤਿਹ ਸ਼ਾਹ ਦੇ ਸੱਤ ਮੁੰਡੇ ਰਮਜ਼ਾਨ ਦੀ 27 ਤਰੀਕ ਨੂੰ ਈਰਾਨ ਜਾਣ ਲਈ ਆਪਣੇ ਘਰੋਂ ਨਿਕਲੇ ਸਨ ਅਤੇ ਹੁਣ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਜ਼ਿੰਦਾ ਬਚਿਆ।

ਸ਼ੁੱਕਰਵਾਰ ਨੂੰ ਬਲੋਚਿਸਤਾਨ ਦੇ ਨੁਸ਼ਕੀ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਬੱਸ ਵਿੱਚੋਂ ਸਵਾਰੀਆਂ ਨੂੰ ਲਾਹ ਕੇ ਮਾਰੇ ਜਾਣ ਦੀ ਘਟਨਾ ਵਾਪਰੀ ਜਿਸ ਵਿੱਚ ਪਾਕਿਸਤਾਨੀ ਪੰਜਾਬ ਦੇ 9 ਜਣਿਆਂ ਦੀ ਮੌਤ ਹੋ ਗਈ।

ਜ਼ਾਹਿਦ ਇਮਰਾਨ ਇਸ ਹਮਲੇ ਵਿੱਚ ਬਚਣ ਵਾਲੇ ਚਸ਼ਮਦੀਦ ਗਵਾਹ ਹਨ।

ਉਹ ਦੱਸਦੇ ਹਨ, 'ਮੈਂ ਬੱਸ 'ਚ ਸੌਂ ਰਿਹਾ ਸੀ ਕਿ ਅਚਾਨਕ ਆਵਾਜ਼ ਆਈ, ਸਾਰੇ ਆਪਣੇ ਸ਼ਨਾਖ਼ਤੀ ਕਾਰਡ ਕੱਢਣ ਅਤੇ ਜੋ ਪੰਜਾਬੀ ਹਨ ਬਾਹਰ ਆ ਜਾਣ।'

ਹਮਲਾਵਰਾਂ ਨੇ ਇੱਕ ਬੱਸ ਨੂੰ ਰੋਕਣ ਤੋਂ ਬਾਅਦ ਪਾਕਿਸਤਾਨ ਵਿਚਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ 9 ਜਣਿਆਂ ਨੂੰ ਬੱਸ ਵਿੱਚੋਂ ਲਾਹਿਆ ਅਤੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ।

ਇਸ ਜਾਣਕਾਰੀ ਦੀ ਪੁਸ਼ਟੀ ਨੁਸ਼ਕੀ ਜ਼ਿਲ੍ਹੇ ਦੇ ਸੁਪਰੀਟੈਂਡੇਂਟ ਆਫ ਪੁਲਿਸ ਅੱਲਾਹ ਬਖ਼ਸ਼ ਬਲੋਚ ਨੇ ਬੀਬੀਸੀ ਉਰਦੂ ਨੂੰ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਦੋ ਵੱਖੋ-ਵੱਖਰੀਆਂ ਘਟਨਾਵਾਂ ਵਿੱਚ ਕੁੱਲ 11 ਜਣਿਆਂ ਦੀ ਮੌਤ ਹੋਈ ਹੈ ਅਤੇ ਪੰਜ ਜਣੇ ਜ਼ਖ਼ਮੀ ਹੋਏ ਹਨ।

ਬਲੋਚਿਸਤਾਨ
ਤਸਵੀਰ ਕੈਪਸ਼ਨ, ਨੁਸ਼ਕੀ ਜ਼ਿਲ੍ਹੇ ਦੇ ਸੁਪਰੀਟੈਂਡੇਂਟ ਆਫ ਪੁਲਿਸ ਅੱਲਾਹ ਬਖ਼ਸ਼ ਬਲੋਚ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀ ਹਮਲਾਵਰਾਂ ਨੇ ਕੁਏਟਾ ਤੋਂ ਟਾਫਟਨ ਜਾ ਰਹੀ ਇੱਕ ਬੱਸ ਨੂੰ ਰੋਕਿਆ

ਨੁਸ਼ਕੀ ਜ਼ਿਲ੍ਹੇ ਦੇ ਸੁਪਰੀਟੈਂਡੇਂਟ ਆਫ ਪੁਲਿਸ ਅੱਲਾਹ ਬਖ਼ਸ਼ ਬਲੋਚ ਨੇ ਬੀਬੀਸੀ ਨੂੰ ਫੋਨ ਉੱਤੇ ਦੱਸਿਆ ਕਿ ਇਹ ਘਟਨਾ ਸੁਲਤਾਨ ਚਲਦਾਈ ਇਲਾਕੇ ਵਿੱਚ ਵਾਪਰੀ।

ਉਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀ ਹਮਲਾਵਰਾਂ ਨੇ ਕੁਏਟਾ ਤੋਂ ਟਾਫਟਨ ਜਾ ਰਹੀ ਇੱਕ ਬੱਸ ਨੂੰ ਰੋਕਿਆ।

ਉਨ੍ਹਾਂ ਅੱਗੇ ਦੱਸਿਆ, “ਪੰਜਾਬ ਨਾਲ ਸਬੰਧਤ ਲੋਕਾਂ ਨੂੰ ਬੱਸ ਤੋਂ ਲਾਹਿਆ ਗਿਆ ਅਤੇ ਉਨ੍ਹਾਂ ਨੂੰ ਥੋੜ੍ਹੀ ਦੂਰੀ ਉੱਤੇ ਲਿਜਾ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।”

ਉਨ੍ਹਾਂ ਦੱਸਿਆ ਕਿ ਮਰਨ ਵਾਲੇ ਲੋਕ ਮੰਡੀ ਬਹਾਉੱਦੀਨ ਅਤੇ ਗੁੱਜਰਾਵਾਲਾਂ ਸਣੇ ਪੰਜਾਬ ਦੋ ਹੋਰ ਇਲਾਕਿਆਂ ਦੇ ਰਹਿਣ ਵਾਲੇ ਸਨ।

'ਦੂਜੀ ਬੱਸ ਖੱਡ ਵਿੱਚ ਡਿੱਗ ਗਈ'

ਪੁਲਿਸ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਹੀ ਹਮਲਾਵਰਾਂ ਨੇ ਇੱਕ ਹੋਰ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਦੋਂ ਇਹ ਬੱਸ ਨਹੀਂ ਰੁਕੀ ਤਾਂ ਉਨ੍ਹਾਂ ਨੇ ਇਸ ਬੱਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਬੱਸ ਇੱਕ ਖੱਡ ਵਿੱਚ ਡਿੱਗ ਗਈ।

ਪੁਲਿਸ ਅਫ਼ਸਰ ਨੇ ਦੱਸਿਆ ਮਾਰੇ ਗਏ ਦੋ ਜਣਿਆਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ।

ਇਨ੍ਹਾਂ ਦੋਵਾਂ ਦੀ ਪਛਾਣ ਦਾਵੂਦ ਮੇਂਗਲ ਅਤੇ ਸੱਦਾਮ ਵਜੋਂ ਹੋਈ ਹੈ। ਇਹ ਲੋਕ ਨੁਸ਼ਕੀ ਜ਼ਿਲ੍ਹੇ ਦੇ ਕਿਸ਼ਾਂਗੀ ਇਲਾਕੇ ਦੇ ਰਹਿਣ ਵਾਲੇ ਸਨ।

ਬਲੋਚਿਸਤਾਨ
ਤਸਵੀਰ ਕੈਪਸ਼ਨ, ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫ਼ਰਾਜ਼ ਬੁਗਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ

ਕਿਵੇਂ ਵਾਪਰੀ ਘਟਨਾ?

ਹਮਲੇ 'ਚ ਬਚੇ ਜ਼ਾਹਿਦ ਇਮਰਾਨ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ 'ਅਸੀਂ ਰਮਜ਼ਾਨ ਦੀ 27 ਤਰੀਕ ਨੂੰ ਮੰਡੀ ਬਹਾਉੱਦੀਨ ਤੋਂ ਰਵਾਨਾ ਹੋਏ, ਕਈ ਥਾਵਾਂ 'ਤੇ ਰੁਕਣ ਤੋਂ ਬਾਅਦ ਸਾਨੂੰ ਕਿਹਾ ਗਿਆ ਕਿ ਹੁਣ ਸਾਨੂੰ ਤਫ਼ਤਾਨ ਲਿਜਾਇਆ ਜਾਵੇਗਾ।'

ਉਨ੍ਹਾਂ ਅੱਗੇ ਦੱਸਿਆ ਕਿ ਮੰਡੀ ਬਹਾਉਦੀਨ ਤੋਂ ਬਲੋਚਿਸਤਾਨ ਤੱਕ ਦਾ ਸਫ਼ਰ ਲੰਬਾ ਸੀ ਅਤੇ ਯਾਤਰੀ ਥਕਾਵਟ ਕਾਰਨ ਬੱਸ ਵਿੱਚ ਹੀ ਸੌਂ ਰਹੇ ਸਨ।

ਉਸ ਦਾ ਕਹਿਣਾ ਹੈ ਕਿ ਬੱਸ 'ਚ ਸਵਾਰ ਹਥਿਆਰਬੰਦ ਲੋਕਾਂ ਨੇ ਉੱਚੀ-ਉੱਚੀ ਕਿਹਾ, 'ਜੋ ਪੰਜਾਬੀ ਹਨ, ਉਹ ਬਾਹਰ ਆ ਜਾਣ, ਇਕ-ਦੋ ਮੁੰਡੇ ਉੱਠੇ ਪਰ ਬਾਕੀ ਉੱਥੇ ਬੈਠੇ ਰਹੇ, ਇਸ 'ਤੇ ਹਥਿਆਰਬੰਦ ਵਿਅਕਤੀਆਂ ਨੇ ਸਾਰਿਆਂ ਦੇ ਪਛਾਣ ਪੱਤਰ ਚੈੱਕ ਕਰਨੇ ਸ਼ੁਰੂ ਕਰ ਦਿੱਤੇ।'

 ਬਲੋਚਿਸਤਾਨ
ਤਸਵੀਰ ਕੈਪਸ਼ਨ, ਪੰਜਾਬ ਦੇ ਰਹਿਣ ਵਾਲੇ ਇਨ੍ਹਾਂ ਨੌਜਵਾਨਾਂ ਦੀ ਉਮਰ 25 ਸਾਲ ਦੇ ਕਰੀਬ ਸੀ

ਜ਼ਾਹਿਦ ਇਮਰਾਨ ਦਾ ਕਹਿਣਾ ਹੈ ਕਿ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਵੀ ਬੱਸ ਤੋਂ ਉਤਾਰ ਲਿਆ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ।

ਉਸ ਦਾ ਕਹਿਣਾ ਹੈ ਕਿ ਬੱਸ ਤੋਂ ਉਤਰ ਕੇ ਉਸ ਨੇ ਦੇਖਿਆ ਕਿ ਹਥਿਆਰਬੰਦ ਵਿਅਕਤੀ ਕਿਸੇ ਨਾਲ ਗੱਲ ਕਰ ਰਹੇ ਸਨ ਅਤੇ ਉਸੇ ਸਮੇਂ ਉਹ ਮੌਕਾ ਸੰਭਾਲ ਕੇ ਉਥੋਂ ਭੱਜ ਗਏ।

ਉਹ ਦੱਸਦੇ ਹਨ "ਫਿਰ ਮੈਂ ਬੈਠ ਗਿਆ ਅਤੇ ਸੋਚਿਆ ਕਿ ਅੱਗੇ ਕਿੱਥੇ ਜਾਣਾ ਹੈ ਅਤੇ ਕੀ ਕਰਨਾ ਹੈ। ਮੈਂ ਕੁਝ ਦੇਰ ਉੱਥੇ ਬੈਠਾ ਰਿਹਾ ਅਤੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਫਿਰ ਮੈਂ ਉਥੋਂ ਚਲਾ ਗਿਆ।"

ਇਸ ਬੱਸ ਦੇ ਇਕ ਹੋਰ ਯਾਤਰੀ ਨਵਾਜ਼ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਪੰਜਾਬ ਸੂਬੇ ਦੇ ਹੋਰ ਲੋਕ ਵੀ ਸਨ ਪਰ ਹਥਿਆਰਬੰਦ ਲੋਕਾਂ ਨੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ।

ਕਵੇਟਾ ਦੇ ਯਾਤਰੀ ਦੱਸਦੇ ਹਨਕਹਿਣਾ ਹੈ ਕਿ 'ਸ਼ਾਇਦ ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੇ ਨਾਲ ਔਰਤਾਂ ਅਤੇ ਬੱਚੇ ਸਨ। ਪਰ ਜਿਹੜੇ ਇਕੱਲੇ ਸਨ, ਜਿਨ੍ਹਾਂ ਦੇ ਨਾਲ ਔਰਤਾਂ ਅਤੇ ਬੱਚੇ ਨਹੀਂ ਸਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਗਿਆ।

ਉਸ ਅਨੁਸਾਰ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਡਰਾਈਵਰ ਬੱਸ ਨੂੰ ਤੇਜ਼ੀ ਨਾਲ ਭਜਾ ਕੇ ਥਾਣੇ ਲੈ ਗਿਆ।

ਚੱਕ ਫਤਿਹ ਸ਼ਾਹ ਵਿੱਚ ਸੋਗ

ਹਾਦਸੇ ਵਿੱਚ ਮਾਰੇ ਗਏ ਛੇ ਲੋਕ ਮੰਡੀ ਬਹਾਉਦੀਨ ਇਲਾਕੇ ਦੇ ਚੱਕ ਫਤਿਹ ਸ਼ਾਹ ਦੇ ਵਸਨੀਕ ਹਨ।

ਸਥਾਨਕ ਸਿਆਸੀ ਅਤੇ ਸਮਾਜਿਕ ਕਾਰਕੁਨ ਨਵੀਦ ਖਾਨ ਦਾ ਕਹਿਣਾ ਹੈ ਕਿ ਮਾਰੇ ਗਏ ਸਾਰੇ ਗਰੀਬ ਅਤੇ ਮਿਹਨਤੀ ਨੌਜਵਾਨ ਸਨ, ਜਿਨ੍ਹਾਂ ਨੇ ਵੀਰਵਾਰ ਸ਼ਾਮ ਨੂੰ ਆਪਣੇ ਪਰਿਵਾਰਾਂ ਨਾਲ ਆਖਰੀ ਵਾਰ ਫੋਨ 'ਤੇ ਗੱਲ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੜਕਿਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਕੁਝ ਸਮੇਂ ਬਾਅਦ ਕਿਸੇ ਵੀ ਸਮੇਂ ਇਰਾਨ ਚਲੇ ਜਾਣਗੇ ਅਤੇ ਉੱਥੇ ਪਹੁੰਚ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ।

"ਜਦੋਂ ਇਹ ਹਾਦਸਾ ਵਾਪਰਿਆ ਤਾਂ ਇਨ੍ਹਾਂ ਲੜਕਿਆਂ ਦੇ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਨ੍ਹਾਂ ਦੇ ਬੱਚੇ ਇਸ ਦੁਨੀਆ 'ਚ ਨਹੀਂ ਰਹੇ ਪਰ ਹਾਦਸੇ 'ਚ ਬਚੇ ਜ਼ਾਹਿਦ ਇਮਰਾਨ ਨੇ ਦੱਸਿਆ ਕਿ ਸਾਰੇ ਲੜਕੇ ਮਾਰੇ ਗਏ ਸਨ।"

ਨਵੀਦ ਖਾਨ ਦਾ ਦਾਅਵਾ ਹੈ ਕਿ ਮਾਰੇ ਗਏ ਸਾਰੇ ਮੁੰਡੇ ਚੰਗੇ ਪੜ੍ਹੇ-ਲਿਖੇ ਨਹੀਂ ਸਨ ਅਤੇ 'ਚੰਗੇ ਭਵਿੱਖ ਲਈ ਅਤੇ ਆਪਣੇ ਪਰਿਵਾਰਾਂ ਲਈ ਰੋਜ਼ੀ-ਰੋਟੀ ਕਮਾਉਣ' ਲਈ ਈਰਾਨ ਜਾ ਰਹੇ ਸਨ।

ਬਲੋਚਿਸਤਾਨ ਦੇ ਮੁੱਖ ਮੰਤਰੀ ਨੇ ਕੀ ਕਿਹਾ

ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫ਼ਰਾਜ਼ ਬੁਗਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸਰਫ਼ਰਾਜ਼ ਬੁਗਤੀ ਨੇ ਕਿਹਾ ਕਿ ਬੱਸ ਵਿੱਚ ਸਵਾਰ ਲੋਕਾਂ ਦਾ ਮਾਰੇ ਜਾਣਾ ਇੱਕ ਅਣਮਨੁੱਖੀ ਘਟਨਾ ਹੈ ਅਤੇ ਨਾ ਬਖ਼ਸ਼ਣਯੋਗ ਜੁਰਮ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਨੁਸ਼ਕੀ ਵਿੱਚ 11 ਲੋਕਾਂ ਦਾ ਕਤਲ ਇੱਕ ਦੁਖਦਾਈ ਘਟਨਾ ਹੈ ਜਿਸ ਲਈ ਉਹ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹਨ।

ਮੋਹਸਿਨ ਨਕਵੀ

ਤਸਵੀਰ ਸਰੋਤ, X/Mohsin Naqvi

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ

ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਕੌਮੀ ਰਾਜਮਾਰਗ 'ਤੇ ਵਾਪਰੀ ਇਸ ਦਰਦਨਾਕ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।

ਬਿਆਨ ਵਿੱਚ ਕਿਹਾ ਗਿਆ ਹੈ, ''ਮੈਂ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹਾਂ।"

ਬਲੋਚਿਸਤਾਨ
ਤਸਵੀਰ ਕੈਪਸ਼ਨ, ਨੁਸ਼ਕੀ ਇਲਾਕਾ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਤੋਂ 50 ਕਿਲੋਮੀਟਰ ਪੂਰਬ ਵੱਲ ਪੈਂਦਾ ਹੈ।

ਨੁਸ਼ਕੀ ਇਲਾਕਾ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਤੋਂ 50 ਕਿਲੋਮੀਟਰ ਪੂਰਬ ਵੱਲ ਪੈਂਦਾ ਹੈ।

ਇਹ ਜ਼ਿਲ੍ਹਾ ਦੱਖਣ ਵਿੱਚ ਅਫ਼ਗਾਨਿਸਤਾਨ ਨਾਲ ਲੱਗਦਾ ਹੈ।

ਨੁਸ਼ਕੀ ਜ਼ਿਲ੍ਹੇ ਵਿੱਚ ਵੱਖ-ਵੱਖ ਬਲੋਚ ਕਬੀਲੇ ਰਹਿੰਦੇ ਹਨ ਜਦਕਿ ਪਸ਼ਤੂਨ ਬਾਰਿਚ ਕਬੀਲੇ ਦੇ ਲੋਕ ਵੀ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਹਨ।

ਬਲੋਚਿਸਤਾਨ ਵਿੱਚ ਹਾਲਾਤ ਵਿਗੜਨ ਤੋਂ ਬਾਅਦ ਇੱਥੇ ਕਈ ਵੱਡੀਆਂ ਘਟਨਾਵਾਂ ਵਾਪਰੀਆਂ ਹਨ।

ਫਰਵਰੀ 2022 ਵਿੱਚ ਨੁਸ਼ਕੀ ਵਿਚਲੇ ਫਰੰਟੀਅਰ ਕੋਰਪਸ ਹੈੱਡਕੁਆਰਟਰ ਉੱਤੇ ਵੱਡੇ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਨਾਲ ਸਬੰਧ ਰੱਖਦੇ ਮਾਜੀਦ ਬ੍ਰਿਗੇਡ ਨੇ ਲਈ ਸੀ।

ਬਲੋਚ ਲਿਬਰੇਸ਼ਨ ਆਰਮੀ ਵੱਲੋਂ ਅਜਿਹੀਆਂ ਕਈ ਘਟਨਾਵਾਂ ਦੀ ਪਹਿਲਾਂ ਜ਼ਿੰਮੇਵਾਰੀ ਲਈ ਗਈ ਸੀ।

ਪੰਜਾਬ ਨਾਲ ਸਬੰਧ ਰੱਖਦੇ 9 ਜਣਿਆਂ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਕੋਕੋਟਾ ਲਿਆਂਦੀਆਂ ਗਈਆਂ। ਕੁਏਟਾ ਵਿੱਚ ਪੋਸਟਮਾਰਟਮ ਤੋਂ ਬਾਅਦ ਇਨ੍ਹਾਂ ਲੋਕਾਂ ਦੀਆਂ ਦੇਹਾਂ ਉਨ੍ਹਾਂ ਦੇ ਘਰ ਭੇਜਿਆਂ ਜਾਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)