ਪਾਕਿਸਤਾਨ ਬੰਬ ਧਮਾਕਾ: ‘ਲਾਸ਼ਾਂ ਵਿਛੀਆਂ ਹੋਈਆਂ ਸਨ, ਲੋਕ ਜ਼ਖ਼ਮੀ ਸਨ ਤੇ ਚੀਕਾਂ ਮਾਰ ਰਹੇ ਸਨ’

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲੋਚਿਸਤਾਨ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 50 ਲੋਕਾਂ ਦੀ ਜਾਨ ਚਲੀ ਗਈ ਹੈ
    • ਲੇਖਕ, ਕੈਲੀ ਨਗ ਅਤੇ ਉਸਮਾਨ ਜ਼ਾਹਿਦ
    • ਰੋਲ, ਸਿੰਗਾਪੁਰ ਤੇ ਇਸਲਾਬਾਦ ਤੋਂ

ਪਾਕਿਸਤਾਨ ਵਿੱਚ ਇੱਕ ਮਸਜਿਦ ਵਿੱਚ ਹੋਏ ਬੰਬ ਧਮਾਕੇ ਨਾਲ 52 ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹਨ।

ਇਸ ਹਾਦਸੇ ਬਾਰੇ ਇਹ ਜਾਣਕਾਰੀ ਪੁਲਿਸ ਨੇ ਬੀਬੀਸੀ ਨੂੰ ਦਿੱਤੀ ਹੈ। ਪੁਲਿਸ ਮੁਤਾਬਕ ਇਹ ਧਮਾਕਾ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਦੀ ਅਲ-ਫਰਾਹ ਰੋਡ ਉੱਤੇ ਸਥਿਤ ਮਦੀਨਾ ਮਸਜਿਦ ਨੇੜੇ ਹੋਇਆ।

ਇਹ ਧਮਾਕਾ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਬਲੋਚਿਸਤਾਨ ਵਿੱਚ ਸ਼ੁੱਕਰਵਾਰ ਨੂੰ ਉਦੋਂ ਹੋਇਆ ਜਦੋਂ ਲੋਕ ਪੈਗ਼ੰਬਰ ਮੁਹੰਮਦ ਦਾ ਜਨਮ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਸਨ।

‘‘ਲਾਸ਼ਾਂ ਵਿਛੀਆਂ ਹੋਈਆਂ ਸਨ, ਲੋਕ ਜ਼ਖ਼ਮੀ ਸਨ ਤੇ ਚੀਕਾਂ ਮਾਰ ਰਹੇ ਸਨ’’

ਜਿਸ ਵੇਲੇ ਧਮਾਕਾ ਹੋਇਆ ਉਦੋਂ ਸਰਫ਼ਰਾਜ਼ ਅਹਿਮਦ ਸੁਰੱਖਿਆ ਡਿਊਟੀ ਉੱਤੇ ਤਾਇਨਾਤ ਸਨ।

ਸਰਫ਼ਰਾਜ਼ ਨੇ ਦੱਸਿਆ ਕਿ ਜਿਸ ਵੇਲੇ ਕੁਝ ਖ਼ਾਸ ਮਹਿਮਾਨ ਅਤੇ ਖੋਜਾਰਥੀ ਨਮਾਜ਼ ਵਿੱਚ ਹਿੱਸਾ ਲੈਣ ਪਹੁੰਚੇ ਤਾਂ ਧਮਾਕਾ ਹੋ ਗਿਆ।

ਸਰਫ਼ਰਾਜ਼ ਮੁਤਾਬਕ ਧਮਾਕੇ ਵਿੱਚ ਉਨ੍ਹਾਂ ਦੇ ਵੀ ਦੋ ਭਰਾ ਜ਼ਖ਼ਮੀ ਹੋ ਗਏ ਅਤੇ ਇਲਾਕੇ ਦੇ ਕਈ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ।

ਘਟਨਾ ਦੇ ਚਸ਼ਮਦੀਦ ਅਤਾਉਲ੍ਹਾ ਨੇ ਪੱਤਰਕਾਰ ਮੁਹੰਮਦ ਜ਼ੂਬੈਰ ਨੂੰ ਦੱਸਿਆ ਕਿ ਇਹ ਧਮਾਕਾ ਸਵੇਰੇ 10:50 ’ਤੇ ਮਦੀਨਾ ਮਸਜਿਦ ਨੇੜੇ ਹੋਇਆ। ਧਮਾਕੇ ਤੋਂ ਪਹਿਲਾਂ ਲੋਕ ਉੱਥੇ ਇਕੱਠੇ ਹੋ ਰਹੇ ਸਨ।

ਅਤਾਉੱਲ੍ਹਾ ਮੁਤਾਬਕ ਧਮਾਕੇ ਵਾਲੀ ਥਾਂ ਤੋਂ ਉਨ੍ਹਾਂ ਦਾ ਘਰ 2-3 ਮਿੰਟ ਦੀ ਦੂਰੀ ਉੱਤੇ ਹੈ। ਜਦੋਂ ਉਹ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਤਾਂ ਲਾਸ਼ਾਂ ਵਿਛੀਆਂ ਹੋਈਆਂ ਸਨ, ਲੋਕ ਜ਼ਖਮੀ ਸਨ ਅਤੇ ਚੀਕਾਂ ਮਾਰ ਰਹੇ ਸਨ।

ਕੁਝ ਸਮੇਂ ਬਾਅਦ ਐਂਬੁਲੈਂਸਾਂ ਆਈਆਂ ਪਰ ਉਸ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ।

ਪਾਕਿਸਤਾਨ

ਤਸਵੀਰ ਸਰੋਤ, ISMAIL SASOLI

ਤਸਵੀਰ ਕੈਪਸ਼ਨ, ਪੁਲਿਸ ਨੂੰ ਖਦਸ਼ਾ ਹੈ ਕਿ ਇਹ ਧਮਾਕਾ ਇੱਕ ਸੁਸਾਈਡ ਅਟੈਕ ਹੋ ਸਕਦਾ ਹੈ

ਬਲੋਚਿਸਤਾਨ ਪੁਲਿਸ ਦੇ ਚੀਫ਼ ਆਈਜੀ ਅਬਦੁਲ ਖਾਲਿਕ ਸ਼ੇਖ ਨੇ ਕਿਹਾ ਕਿ ਇਹ ਇੱਕ ਆਤਮਘਾਤੀ ਬੰਬ ਧਮਾਕਾ ਸੀ ਜਿਸ ਨੇ ਮਸਤੁੰਗ ਸ਼ਹਿਰ ਵਿੱਚ ਇੱਕ ਧਾਰਮਿਕ ਇਕੱਠ ਨੂੰ ਨਿਸ਼ਾਨਾ ਬਣਾਇਆ।

ਆਈਜੀ ਮੁਤਾਬਕ ਸੁਸਾਈਡ ਬੌਂਬਰ ਨੂੰ ਰੋਕਦਿਆਂ ਇੱਕ ਡੀਐੱਸਪੀ ਨੇ ਆਪਣੀ ਜਾਨ ਗੁਆ ਲਈ। ਉਨ੍ਹਾਂ ਮੁਤਾਬਕ ਤਿੰਨ ਹੋਰ ਪੁਲਿਸ ਅਫ਼ਸਰ ਵੀ ਇਸ ਧਮਾਕੇ ਵਿੱਚ ਜ਼ਖ਼ਮੀ ਹੋਏ ਹਨ।

ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਹਲਾਕ ਹੋਏ ਲੋਕਾਂ ਨੂੰ ਦੋ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।

ਮਸਤੁੰਗ ਸ਼ਹਿਰ ਦੇ ਦੋ ਪੁਲਿਸ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਬਾਰੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ।

ਪਾਕਿਸਤਾਨ

ਤਸਵੀਰ ਸਰੋਤ, ISMAIL SASOLI

ਪਾਕਿਸਤਾਨ ਦੇ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਇਸ ਨੂੰ ‘ਬੇਹੱਦ ਘਿਨਾਉਣੀ ਹਰਕਤ’ ਕਿਹਾ।

ਸੋਸ਼ਲ ਮੀਡੀਆ ਉੱਤੇ ਆਈਆਂ ਵੀਡੀਓਜ਼ ਵਿੱਚ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੂੰ ਬੰਬ ਧਮਾਕੇ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਬਚਾਉਂਦੇ ਹੋਏ ਵੇਖਿਆ ਜਾ ਸਕਦਾ ਹੈ।

ਹਾਲੇ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।

ਖ਼ੈਬਰ ਪਖ਼ਤੁਨਖ਼ਵਾ ਦੀ ਮਸਜਿਦ ’ਚ ਵੀ ਧਮਾਕਾ

ਪਾਕਿਸਤਾਨ

ਤਸਵੀਰ ਸਰੋਤ, ISMAIL SASOLI

ਪਾਕਿਸਤਾਨ ਦੇ ਹੀ ਸੂਬੇ ਖ਼ੈਬਰ ਪਖ਼ਤੁਨਖ਼ਵਾ ਦੇ ਜ਼ਿਲ੍ਹੇ ਹੰਗੂ ਦੇ ਦੋਆਬਾ ਪੁਲਿਸ ਸਟੇਸ਼ਨ ਦੀ ਇੱਕ ਮਸਜਿਦ ਵਿੱਚ ਵੀ ਧਮਾਕਾ ਹੋਇਆ ਹੈ।

ਹਾਲ ਦੀ ਘੜੀ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 12 ਜ਼ਖ਼ਮੀ ਹੋਏ ਹਨ।

ਦੋਆਬਾ ਪੁਲਿਸ ਸਟੇਸ਼ਨ ਦੇ ਐੱਸਐੱਚਓ ਸ਼ਬਰਾਜ਼ ਖ਼ਾਨ ਮੁਤਾਬਕ ਸ਼ੁੱਕਰਵਾਰ ਦੁਪਹਿਰ ਦੀ ਨਮਾਜ਼ ਦੇ ਅਖ਼ੀਰ ਵਿੱਚ ਮਸਜਿਦ ਅੰਦਰ 30 ਤੋਂ 40 ਲੋਕ ਸਨ।

ਹੰਗੂ ਦੇ ਡੀਸੀ ਫ਼ਜ਼ਲ ਅਕਬਰ ਖ਼ਾਨ ਮੁਤਾਬਕ ਦੋ ਸੁਸਾਈਡ ਬੌਂਬਰਾਂ ਨੇ ਦੋਆਬਾ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਪਹਿਲਾ ਧਮਾਕਾ ਥਾਣੇ ਦੇ ਬਾਹਰ ਹੋਇਆ।

ਪੁਲਿਸ ਮੁਤਾਬਕ ਧਮਾਕੇ ਤੋਂ ਬਾਅਦ ਮਸਜਿਦ ਦੀ ਛੱਤ ਢਹਿ ਗਈ ਹੈ।

ਇਹ ਸਮਜਿਦ ਪੁਲਿਸ ਸਟੇਸ਼ਨ ਕੰਪਲੈਕਸ ਦੇ ਅੰਦਰ ਹੀ ਸਥਿਤ ਹੈ, ਇਸ ਮਸਜਿਦ ਦੀ ਸਮਰੱਥਾ 40 ਤੋਂ 50 ਲੋਕਾਂ ਦੀ ਹੈ।

ਫ਼ਿਲਹਾਲ ਇਸ ਥਾਂ ਉੱਤੇ ਰੈਸਕਿਊ ਆਪਰੇਸ਼ਨ ਪੂਰੇ ਹੋ ਗਏ ਹਨ।

ਖ਼ੈਬਰ ਪਖ਼ਤੁਨਖ਼ਵਾ ਦੇ ਮੰਤਰੀ ਫ਼ਿਰੋਜ਼ ਜਮਾਲ ਸ਼ਾਹ ਮੁਤਾਬਕ ਬਹੁਤੇ ਨਮਾਜ਼ੀ ਪੁਲਿਸ ਦੇ ਤੁੰਰਤ ਐਕਸ਼ਨ ਕਾਰਨ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਦੋ ਸੁਸਾਈਡ ਬੌਂਬਰ ਕਾਰ ਰਾਹੀਂ ਪੁਲਿਸ ਥਾਣੇ ਵਿੱਚ ਦਾਖਲ ਹੋਣ ਦੇ ਮਕਸਦ ਨਾਲ ਆਏ ਸਨ ਅਤੇ ਇਹਨਾਂ ਵਿੱਚੋਂ ਇੱਕ ਨੂੰ ਮਸਜਿਦ ਦੇ ਬਾਹਰ ਹੀ ਪੁਲਿਸ ਵੱਲੋਂ ਮਾਰ ਦਿੱਤ ਗਿਆ।

ਸ਼ਾਹ ਮੁਤਾਬਕ ਦੋ ਪੁਲਿਸ ਅਫ਼ਸਰ ਜ਼ਖ਼ਮੀ ਹੋਏ ਹਨ ਪਰ ਧਮਾਕੇ ਦੀ ਆਵਾਜ਼ ਸੁਣਦੇ ਹੀ ਬਹੁਤੇ ਨਮਾਜ਼ੀਂ ਮਸਜਿਦ ਛੱਡ ਕੇ ਦੌੜ ਗਏ ਸਨ।

ਉਨ੍ਹਾਂ ਮੁਤਾਬਕ ਦੂਜਾ ਬੌਂਬਰ ਮਸਜਿਦ ਅੰਦਰ ਦਾਖਲ ਹੋਣ ਵਿੱਚ ਕਾਮਯਾਬ ਰਿਹਾ ਅਤੇ ਧਮਾਕਾ ਕਰ ਦਿੱਤਾ।

ਪਾਕਿਸਤਾਨ

ਤਸਵੀਰ ਸਰੋਤ, EPA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)