ਕੈਨੇਡਾ-ਭਾਰਤ ਵਿਵਾਦ ਮਗਰੋਂ ਹੁਣ ਯੂਕੇ 'ਚ ਕੀ ਰੌਲ਼ਾ ਪੈਣ ਲੱਗਿਆ ਤੇ ਕਿਹੜਾ ਮਸਲਾ ਖੜ੍ਹਾ ਹੋ ਰਿਹਾ

ਸਿੱਖ

ਤਸਵੀਰ ਸਰੋਤ, Matthew Chattle/Future Publishing via Getty Images

ਤਸਵੀਰ ਕੈਪਸ਼ਨ, ਲੰਡਨ ਵਿਖੇ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਸਿੱਖਾਂ ਦਾ ਮਾਰਚ
    • ਲੇਖਕ, ਅਲੀਮ ਮਕਬੂਲ
    • ਰੋਲ, ਧਰਮ ਸੰਪਾਦਕ, ਬੀਬੀਸੀ ਨਿਊਜ਼

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਬਿਆਨ ਤੋਂ ਬਾਅਦ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਇੱਕ ਕੈਨੇਡੀਅਨ ਸਿੱਖ ਦੇ ਕਤਲ ਵਿੱਚ ਭਾਰਤ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ ਬਰਕਰਾਰ ਹੈ।

ਪਰ ਹੁਣ ਦੁਨੀਆਂ ਭਰ ਵਿੱਚ ਹੋਰ ਸਿੱਖ ਕਾਰਕੁਨਾਂ ਦੀਆਂ ਮੌਤਾਂ ਨੂੰ ਲੈ ਵੀ ਅਫਵਾਹਾਂ ਫੈਲ ਰਹੀਆਂ ਹਨ ਅਤੇ ਇਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਬ੍ਰਿਟੇਨ ਦਾ ਨਾਮ ਸਾਹਮਣੇ ਆ ਰਿਹਾ ਹੈ।

35 ਸਾਲਾ ਅਵਤਾਰ ਸਿੰਘ ਖੰਡਾ ਵੀ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਲੋਕਾਂ 'ਚ ਸ਼ਾਮਲ ਸਨ।

ਇਸੇ ਸਾਲ ਜੂਨ ਮਹੀਨੇ ਵਿੱਚ ਬਰਮਿੰਘਮ ਵਿੱਚ ਅਚਾਨਕ ਬਿਮਾਰ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਸੀ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ।

ਹਾਲਾਂਕਿ, ਵੈਸਟ ਮਿਡਲੈਂਡਜ਼ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਹੈ ਅਤੇ ਕੋਈ ਵੀ ਸ਼ੱਕੀ ਹਾਲਾਤ ਸਾਹਮਣੇ ਨਹੀਂ ਆਏ। ਇਸ ਲਈ ਦੁਬਾਰਾ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ।

ਪਰ ਬ੍ਰਿਟਿਸ਼ ਸਿੱਖ ਲੰਬੇ ਸਮੇਂ ਤੋਂ ਗੈਰ-ਜ਼ਰੂਰੀ ਦਬਾਅ ਮਹਿਸੂਸ ਕਰਨ ਦੀ ਗੱਲ ਕਰਦੇ ਰਹੇ ਹਨ, ਕਿਉਂਕਿ ਭਾਰਤ ਸਰਕਾਰ ਨੇ ਖੁੱਲ੍ਹੇਆਮ ਮੰਗ ਕੀਤੀ ਹੈ ਕਿ ਯੂਕੇ ਦੇ ਅਧਿਕਾਰੀ, ਭਾਈਚਾਰੇ ਅੰਦਰ "ਕੱਟੜਵਾਦ" ਨੂੰ ਠੱਲ੍ਹ ਪਾਉਣ ਲਈ ਹੋਰ ਕੁਝ ਕਰਨ।

ਸਿਮਰਨਜੀਤ ਸਿੰਘ - ਅਵਤਾਰ ਸਿੰਘ ਖੰਡਾ

ਤਸਵੀਰ ਸਰੋਤ, SS MANN/X

ਤਸਵੀਰ ਕੈਪਸ਼ਨ, ਸਿਮਰਨਜੀਤ ਸਿੰਘ ਮਾਨ ਦੇ ਨਾਲ ਅਵਤਾਰ ਸਿੰਘ ਖੰਡਾ

ਜੱਗੀ ਜੌਹਲ ਅਤੇ ਹੋਰ ਮਾਮਲੇ

ਗੁਰਪ੍ਰੀਤ ਜੌਹਲ ਡੰਬਰਟਨ ਤੋਂ ਲੇਬਰ ਕੌਂਸਲਰ ਅਤੇ ਵਕੀਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨਾਲ ਜੋ ਕੁਝ ਹੋਇਆ, ਉਸ ਕਾਰਨ ਉਨ੍ਹਾਂ ਨੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ।

ਦਰਅਸਲ ਛੇ ਸਾਲ ਪਹਿਲਾਂ, ਗੁਰਪ੍ਰੀਤ ਦੇ ਭਰਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਵਿਆਹ ਕਰਵਾਉਣ ਲਈ ਭਾਰਤ ਆਏ ਸਨ।

ਜੱਗੀ ਜੌਹਲ ਇੱਕ ਜਾਣਿਆ-ਪਛਾਣਿਆ ਚਿਹਰਾ ਹਨ, ਜੋ ਖਾਲਿਸਤਾਨ ਸਮਰਥਕ ਹਨ ਅਤੇ ਸਿੱਖ ਅਧਿਕਾਰ ਕਾਰਕੁਨ ਵੀ ਹਨ।

ਜੌਹਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਰਾਮਾ ਮੰਡੀ ਕਸਬੇ ਵਿੱਚ ਜੱਗੀ ਨੂੰ ਇੱਕ ਬਿਨਾਂ ਨੰਬਰ ਵਾਲੀ ਕਾਰ ਵਿੱਚ ਜ਼ਬਰੀ ਬਿਠਾ ਲਿਆ ਗਿਆ। ਉਸ ਤੋਂ ਬਾਅਦ ਉਹ ਕੱਟੜਪੰਥੀ ਗਤੀਵਿਧੀਆਂ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਹਨ।

ਜਗਤਾਰ ਉਰਫ਼ ਜੱਗੀ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਇਕਬਾਲੀਆ ਬਿਆਨਾਂ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ 'ਤੇ ਇਲਜ਼ਾਮ ਲੱਗਣ 'ਚ ਕਈ ਸਾਲ ਲੱਗ ਗਏ ਅਤੇ ਉਨ੍ਹਾਂ 'ਤੇ ਕਦੇ ਮੁਕੱਦਮਾ ਵੀ ਨਹੀਂ ਚਲਾਇਆ ਗਿਆ।

ਗੁਰਪ੍ਰੀਤ ਸਿੰਘ ਜੌਹਲ

ਬ੍ਰਿਟੇਨ ਦੀ ਸਰਕਾਰ 'ਤੇ ਸਵਾਲ

ਬ੍ਰਿਟੇਨ ਵਿੱਚ ਜੱਗੀ ਦੇ ਭਰਾ ਗੁਰਪ੍ਰੀਤ ਜੌਹਲ ਕਹਿੰਦੇ ਹਨ, “ਜਸਟਿਨ ਟਰੂਡੋ ਨੇ ਸਹੀ ਕੀਤਾ। ਕੈਨੇਡੀਅਨ ਪ੍ਰਧਾਨ ਮੰਤਰੀ ਆਪਣੇ ਨਾਗਰਿਕਾਂ ਲਈ ਖੜ੍ਹੇ ਹੋਏ ਹਨ, ਜਦਕਿ ਯੂਕੇ ਸਰਕਾਰ ਅਜਿਹਾ ਕਰਨ ਵਿੱਚ ਅਸਫ਼ਲ ਰਹੀ ਹੈ।"

ਮਨੁੱਖੀ ਅਧਿਕਾਰ ਸਮੂਹ ਰਿਪ੍ਰੀਵ ਦਾ ਕਹਿਣਾ ਹੈ ਕਿ ਉਸ ਕੋਲ ਇਸ ਗੱਲ ਦੇ ਠੋਸ ਸਬੂਤ ਹਨ ਕਿ ਜੌਹਲ ਦੀ ਭਾਰਤ ਵਿੱਚ ਗ੍ਰਿਫਤਾਰੀ, ਬ੍ਰਿਟਿਸ਼ ਸੁਰੱਖਿਆ ਏਜੰਸੀਆਂ ਤੋਂ ਮਿਲੀ ਸੂਚਨਾ ਤੋਂ ਬਾਅਦ ਹੋਈ ਸੀ।

ਬਰਤਾਨਵੀ ਸਿੱਖ ਜਥੇਬੰਦੀਆਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਇਸ ਤੱਥ ਦੇ ਬਾਵਜੂਦ ਕਿ ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਸਮੂਹ ਨੇ ਜਗਤਾਰ ਜੌਹਲ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀ ਨਜ਼ਰਬੰਦੀ ਮਨਮਾਏ ਅਤੇ ਵਿਤਕਰੇ ਦੇ ਅਧਾਰ 'ਤੇ ਕੀਤੀ ਗਈ ਸੀ, ਯੂਕੇ ਸਰਕਾਰ ਅਜਿਹਾ ਕਰਨ ਵਿੱਚ ਅਸਫ਼ਲ ਰਹੀ ਹੈ।

ਗੁਰਪ੍ਰੀਤ ਜੌਹਲ ਕਹਿੰਦੇ ਹਨ, "ਅਜਿਹਾ ਜਾਪਦਾ ਹੈ ਕਿ ਯੂਕੇ ਸਰਕਾਰ ਨੂੰ ਆਪਣੇ ਨਾਗਰਿਕਾਂ ਨਾਲੋਂ ਭਾਰਤ ਨਾਲ ਵਪਾਰਕ ਸੌਦੇ ਦੀ ਜ਼ਿਆਦਾ ਪ੍ਰਵਾਹ ਹੈ।''

ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਜੱਗੀ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਸਰਕਾਰ ਅੱਗੇ ਚੁੱਕਣ ਨਾਲ ਇਹ ਮਾਮਲਾ ਸੁਲਝਣ ਦੀ ਬਜਾਏ ਹੋਰ ਪੇਚੀਦਾ ਹੋ ਸਕਦਾ ਹੈ।

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕੇ ਕਿਹਾ ਹੈ ਕਿ ਉਹ ''ਜੌਹਲ ਦੇ ਕੇਸ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਲਈ ਵਚਨਬੱਧ ਹਨ''।

ਜਗਤਾਰ ਸਿੰਘ ਜੌਹਲ

ਤਸਵੀਰ ਸਰੋਤ, FREE JAGGI CAMPAIGN

ਤਸਵੀਰ ਕੈਪਸ਼ਨ, ਜਗਤਾਰ ਸਿੰਘ ਜੌਹਲ

ਭਾਰਤ ਦਾ ਪੱਖ

ਭਾਰਤ ਅਤੇ ਯੂਕੇ ਦਰਮਿਆਨ ਮਜ਼ਬੂਤ ਸਬੰਧ ਹਨ, ਪਰ ਬ੍ਰਿਟੇਨ ਵਿੱਚ ਸਿੱਖ ਸਰਗਰਮੀ ਦਾ ਮੁੱਦਾ ਭਾਰਤੀ ਅਧਿਕਾਰੀਆਂ ਵੱਲੋਂ ਅਕਸਰ ਉਠਾਇਆ ਜਾਂਦਾ ਹੈ।

ਇਸ ਸਾਲ ਮਾਰਚ ਵਿੱਚ, ਜਦੋਂ ਸਿੱਖ ਅਧਿਕਾਰਾਂ ਅਤੇ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਇੱਕ ਪ੍ਰਦਰਸ਼ਨ ਦੌਰਾਨ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ 'ਚ ਭੰਨਤੋੜ ਕੀਤੀ ਤਾਂ ਮੋਦੀ ਸਰਕਾਰ ਨੇ ਇਸ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ ਸੀ।

ਭਾਰਤ ਸਰਕਾਰ ਨੇ ਵਾਰ-ਵਾਰ ਬ੍ਰਿਟੇਨ ਅੱਗੇ ਮੁੱਦਾ ਚੁੱਕਿਆ ਹੈ ਕਿ ਉਹ "ਕੱਟੜਵਾਦ" ਨਾਲ ਨਜਿੱਠਣ ਲਈ ਕਦਮ ਚੁੱਕਣ।

ਰਿਸ਼ੀ ਸੁਨਕ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਲਾਈਨ

ਖਾਲਿਸਤਾਨ ਦੀ ਮੰਗ

ਭਾਰਤ 'ਚ 1980 ਦੇ ਦਹਾਕੇ ਵਿੱਚ ਖਾਲਿਸਤਾਨ ਦੀ ਮੰਗ ਜ਼ੋਰਾਂ 'ਤੇ ਸੀ ਪਰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਇਸ ਵਿਚਾਰ ਦਾ ਸਖ਼ਤ ਵਿਰੋਧ ਕੀਤਾ ਸੀ। ਇਸ ਮਗਰੋਂ ਖਾਲਿਸਤਾਨ ਦੀ ਮੰਗ ਵਧਰੇ ਜ਼ੋਰਦਾਰ ਢੰਗ ਨਾਲ ਨਹੀਂ ਹੋਈ।

ਪਰ ਹਾਲ ਹੀ ਦੇ ਸਾਲਾਂ ਵਿੱਚ, ਖਾਸ ਤੌਰ 'ਤੇ ਸਿੱਖ ਡਾਇਸਪੋਰਾ ਵਿੱਚ ਇਸ ਦਾ ਪੁਨਰ-ਉਭਾਰ ਦੇਖਿਆ ਗਿਆ ਹੈ।

ਖ਼ਾਸ ਕਰਕੇ, ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਸਮਰਥਨ ਨੇ ਸ਼ਾਂਤਮਈ ਸਰਗਰਮੀ ਦਾ ਰੂਪ ਧਾਰ ਲਿਆ ਹੈ।

ਹਾਲਾਂਕਿ ਦਿੱਲੀ ਅਤੇ ਲੰਡਨ ਵਿਚਕਾਰ ਕਦੇ-ਕਦਾਈਂ ਇਸ ਗੱਲ ਨੂੰ ਲੈ ਕੇ ਤਣਾਅ ਹੋ ਸਕਦਾ ਹੈ ਕਿ "ਕੱਟੜਵਾਦ" ਕੀ ਹੈ ਅਤੇ ਸਿਆਸੀ ਪ੍ਰਗਟਾਵੇ ਦੀ ਆਜ਼ਾਦੀ ਕੀ ਹੈ।

ਪਰ ਅਜਿਹੇ ਵੀ ਕਈ ਮੌਕੇ ਆਏ ਹਨ ਜਦੋਂ ਹਿੰਸਾ ਦੀ ਵਰਤੋਂ ਕੀਤੀ ਗਈ ਹੈ।

ਸਾਲ 2014 ਵਿੱਚ, ਲੰਡਨ ਦੇ ਦੌਰੇ ਦੌਰਾਨ ਸੇਵਾਮੁਕਤ ਭਾਰਤੀ ਜਨਰਲ ਕੁਲਦੀਪ ਸਿੰਘ ਬਰਾੜ 'ਤੇ ਹਮਲਾ ਕੀਤਾ ਗਿਆ ਸੀ ਅਤੇ ਚਾਕੂ ਨਾਲ ਉਨ੍ਹਾਂ ਦਾ ਮੂੰਹ ਅਤੇ ਗਲਾ ਵੱਢ ਦਿੱਤਾ ਗਿਆ ਸੀ।

1984 ਵਿਚ ਜਦੋਂ ਸਿੱਖ ਰਾਜ ਲਈ ਬੇਚੈਨੀ ਵਧੀ ਹੋਈ ਸੀ ਅਤੇ ਤਣਾਅ ਦਾ ਮਾਹੌਲ ਸੀ, ਲੈਫਟੀਨੈਂਟ ਜਨਰਲ ਬਰਾੜ ਨੇ ਹੀ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੀ ਅਗਵਾਈ ਕੀਤੀ ਸੀ।

ਖਾਲਿਸਤਾਨ ਦੀ ਮੰਗ

ਤਸਵੀਰ ਸਰੋਤ, Getty Images

ਹਰਿਮੰਦਰ ਸਾਹਿਬ, ਸਿੱਖ ਧਰਮ ਦਾ ਸਭ ਤੋਂ ਪਵਿੱਤਰ ਅਸਥਾਨ ਹੈ, ਪਰ ਉਸ ਸਮੇਂ ਇਸ ਥਾਂ 'ਤੇ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਉਨ੍ਹਾਂ ਨੇ ਸਮਰਥਕਾਂ ਨੇ ਡੇਰਾ ਲਾਇਆ ਹੋਇਆ ਸੀ।

ਹਰਿਮੰਦਰ ਸਾਹਿਬ ਦੀ ਕਾਰਵਾਈ ਵਿੱਚ ਸੈਂਕੜੇ ਸਿੱਖ ਮਾਰੇ ਗਏ ਸਨ, ਜਿਨ੍ਹਾਂ ਵਿੱਚ ਵੱਖਵਾਦੀ ਵਿਚਾਰਧਾਰਾ ਲੋਕ ਵੀ ਸਨ।

ਪਰ ਉਸ ਦਿਨ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਅਰਜਨਦੇਵ ਜੀ ਨਾਲ ਸਬੰਧਤ ਦਿਹਾੜਾ ਸੀ ਅਤੇ ਕੰਪਲੈਕਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਵੀ ਮੌਜੂਦ ਸਨ।

ਇਹ ਇੱਕ ਮਹੱਤਵਪੂਰਨ ਪਲ ਸੀ। ਚਾਰ ਮਹੀਨਿਆਂ ਬਾਅਦ ਇਸ ਦਾ ਬਦਲਾ ਲੈਣ ਲਈ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਹੀ ਸਿੱਖ ਅੰਗ ਰੱਖਿਅਕਾਂ ਨੇ ਹੱਤਿਆ ਕਰ ਦਿੱਤੀ ਸੀ।

ਇਸ ਹੱਤਿਆ ਮਗਰੋਂ ਦੇਸ਼ 'ਚ ਵਿਆਪਕ ਪੱਧਰ 'ਤੇ ਸਿੱਖ ਵਿਰੋਧੀ ਦੰਗੇ ਹੋਏ ਸਨ, ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।

ਕੁਝ ਹੱਦ ਤੱਕ ਇਨ੍ਹਾਂ ਘਟਨਾਵਾਂ ਦਾ ਸਿੱਖ ਚੇਤਨਾ 'ਤੇ ਅਜੇ ਵੀ ਡੂੰਘਾ ਪ੍ਰਭਾਵ ਪੈਂਦਾ ਹੈ।

2014 ਵਿਚ ਲੰਡਨ 'ਚ ਚਾਕੂ ਵਾਲੇ ਹਮਲੇ ਵਿੱਚ ਲੈਫਟੀਨੈਂਟ ਜਨਰਲ ਬਰਾੜ ਦੀ ਜਾਨ ਬਚ ਗਈ ਸੀ ਅਤੇ ਉਨ੍ਹਾਂ ਦੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਨ੍ਹਾਂ ਹਮਲਾਵਰਾਂ ਵਿੱਚ ਇੱਕ ਬ੍ਰਿਟਿਸ਼ ਸਿੱਖ ਵੀ ਸ਼ਾਮਲ ਸੀ, ਜਿਸ ਨੇ ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਦੀ ਕਾਰਵਾਈ ਵਿਚ ਆਪਣੇ ਪਿਤਾ ਅਤੇ ਭਰਾ ਨੂੰ ਗੁਆ ਦਿੱਤਾ ਸੀ।

ਸਿੱਖ

ਤਸਵੀਰ ਸਰੋਤ, Getty Images

ਭਾਰਤ-ਕੈਨੇਡਾ ਮਸਲਾ: ਹੁਣ ਤੱਕ ਕੀ ਕੁਝ ਹੋਇਆ

  • ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਏਜੰਸੀਆਂ ਦੇ ਹਵਾਲੇ ਨਾਲ ਨਿੱਝਰ ਕਤਲ ਕੇਸ ਅਤੇ ਭਾਰਤ ਸਰਕਾਰ ਵਿਚਾਲੇ ਪ੍ਰਤੱਖ਼ ਲਿੰਕ ਹੋਣ ਦੀ ਗੱਲ ਕਹੀ ਸੀ।
  • ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਭਾਰਤ ਦੇ ਸੀਨੀਅਰ ਡਿਪਲੋਮੇਟ ਪਵਨ ਕੁਮਾਰ ਰਾਏ ਨੂੰ ਮੁਲਕ ਵਿੱਚੋਂ ਕੱਢ ਦਿੱਤਾ।
  • ਭਾਰਤ ਨੇ ਵੀ ਮੰਗਲਵਾਰ ਕੈਨੇਡਾ ਦੇ ਸੀਨੀਅਰ ਡਿਪਲੋਮੇਟ ਨੂੰ ਪੰਜ ਦਿਨਾਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਹੈ।
  • ਭਾਰਤ ਸਰਕਾਰ ਨੇ ਇਸ ਬਿਆਨ ਨੂੰ ਬੇ-ਬੁਨਿਆਦ ਅਤੇ ਸਿਆਸੀ ਤੌਰ ਉੱਤੇ ਪ੍ਰੇਰਿਤ ਕਰਾਰ ਦਿੱਤਾ ਸੀ।
  • 21 ਸਤੰਬਰ ਨੂੰ ਨਿਊਯਾਰਕ ਵਿੱਚ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੇ ਇਲਜ਼ਾਮ ਦੁਹਰਾਏ, “ਇਸ ਗੱਲ ਉੱਤੇ ਭਰੋਸਾ ਕਰਨ ਲਈ ਪੁਖ਼ਤਾ ਕਾਰਨ ਹਨ ਕਿ ਭਾਰਤੀ ਏਜੰਟ ਇੱਕ ਕੈਨੇਡੀਅਨ ਨਾਗਰਿਕ ਦੇ ਕੈਨੇਡੀਅਨ ਧਰਤੀ ਉੱਤੇ ਹੋਏ ਕਤਲ ਵਿੱਚ ਸ਼ਾਮਿਲ ਹਨ।”
  • ਇਸ ਵਿਵਾਦ ਦੇ ਚਲਦਿਆਂ ਦੋਵੇਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਇੱਕ-ਦੂਜੇ ਦੇ ਦੇਸ਼ 'ਚ ਰਹਿਣ ਜਾਂ ਯਾਤਰਾ ਦੌਰਾਨ ਵਧੇਰੇ ਸਾਵਧਾਨ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ।
  • ਇਸੇ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਟਰੂ਼ਡੋ ਵਲੋਂ ਲਾਏ ਇਲਜ਼ਾਮਾਂ ਦੀ ਵਿਸਥਾਰਤ ਜਾਂਚ ਦਾ ਸਮਰਥਕ ਹੈ ਅਤੇ ਭਾਰਤ ਨੂੰ ਇਸ ਮਸਲੇ ਉੱਤੇ ਸਹਿਯੋਗ ਕਰਨਾ ਚਾਹੀਦਾ ਹੈ।
  • ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਮਹਿਲਾ ਬੁਲਾਰੇ ਮੁਮਤਾਜ਼ ਜ਼ਾਹਰਾ ਬਲੋਚ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਇਹ ਇੱਕ ਲਾਪਰਵਾਹ ਅਤੇ ਗ਼ੈਰ-ਜ਼ਿੰਮੇਦਾਰ ਹਰਕਤ ਹੈ ਜੋ ਇੱਕ ਭਰੋਸੇਯੋਗ ਅੰਤਰ-ਰਾਸ਼ਟਰੀ ਸਹਿਯੋਗੀ ਦੇ ਰੂਪ 'ਚ ਭਾਰਤ ਦੀ ਭਰੋਸੇਯੋਗਤਾ 'ਤੇ ਸਵਾਲ ਹੈ।’’

ਹੋਰ ਘਟਨਾਵਾਂ

ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਪਰ, ਸਕਾਟਿਸ਼ ਸਿੱਖ ਜਗਤਾਰ ਜੌਹਲ ਦੇ ਮਾਮਲੇ ਦੇ ਨਾਲ-ਨਾਲ, ਬਹੁਤ ਸਾਰੇ ਬ੍ਰਿਟਿਸ਼ ਸਿੱਖ ਮੰਨਦੇ ਹਨ ਕਿ ਦਿੱਲੀ ਦੀਆਂ ਮੰਗਾਂ ਕਾਰਨ ਉਨ੍ਹਾਂ ਦੇ ਭਾਈਚਾਰੇ 'ਤੇ ਦਬਾਅ ਵਧਿਆ ਹੈ ਅਤੇ ਇਸ ਦੇ ਸਬੂਤ ਵਜੋਂ ਉਹ ਹਾਲ ਹੀ ਦੇ ਸਾਲਾਂ ਦੀਆਂ ਹੋਰ ਘਟਨਾਵਾਂ ਦਾ ਵੀ ਹਵਾਲਾ ਦਿੰਦੇ ਹਨ।

ਸਾਲ 2018 ਵਿੱਚ, ਲੰਡਨ ਅਤੇ ਮਿਡਲੈਂਡਜ਼ ਵਿੱਚ ਪੰਜ ਸਿੱਖ ਕਾਰਕੁਨਾਂ ਦੇ ਘਰਾਂ 'ਤੇ ਛਾਪੇ ਮਾਰੇ ਗਏ ਸਨ।

ਹਾਲਾਂਕਿ ਕਿ ਇਨ੍ਹਾਂ ਮਾਮਲਿਆਂ ਵਿੱਚ ਕਦੇ ਵੀ ਕੋਈ ਇਲਜ਼ਾਮ ਨਹੀਂ ਲਾਏ ਗਏ ਸਨ, ਪਰ ਸਿੱਖ ਸਮੂਹਾਂ ਨੇ ਕਿਹਾ ਹੈ ਕਿ ਇਨ੍ਹਾਂ ਛਾਪਿਆਂ ਦੇ ਵੇਰਵੇ ਭਾਰਤੀ ਮੀਡੀਆ ਵਿੱਚ ਛਪੇ ਹਨ, ਜਦਕਿ ਬ੍ਰਿਟਿਸ਼ ਪੁਲਿਸ ਨੇ ਇਹ ਜਨਤਕ ਨਹੀਂ ਕੀਤੇ ਸਨ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਇਸ ਕਾਰਵਾਈ ਵਿੱਚ ਦਿੱਲੀ ਦਾ ਹੱਥ ਸੀ।

ਇਸੇ ਸਾਲ ਹੀ, ਰਾਜਨੀਤਿਕ ਸਪੈਕਟ੍ਰਮ ਵਿੱਚ ਬ੍ਰਿਟਿਸ਼ ਸਿੱਖਾਂ ਨੇ ਯੂਕੇ ਸਰਕਾਰ ਦੇ ਫੇਥ ਐਂਗੇਜਮੈਂਟ ਐਡਵਾਈਜ਼ਰ, ਕੋਲਿਨ ਬਲੂਮ ਦੁਆਰਾ ਬ੍ਰਿਟੇਨ ਦੇ ਫੇਥ ਲੈਂਡਸਕੇਪ ਵਿੱਚ ਇੱਕ ਤਾਜ਼ਾ ਸਮੀਖਿਆ ਦੇ ਨਤੀਜਿਆਂ ਬਾਰੇ ਆਪਣੀ ਦੁਚਿੱਤੀ ਅਤੇ ਚਿੰਤਾ ਸਾਂਝੀ ਕੀਤੀ।

ਸਾਲਾਂ ਦੀ ਖੋਜ ਤੋਂ ਬਾਅਦ, ਬਲੂਮ ਨੇ ਆਪਣੀ ਅੰਤਿਮ ਰਿਪੋਰਟ ਵਿੱਚ ਮੁਸਲਮਾਨ, ਸੱਜੇ ਅਤੇ ਹਿੰਦੂ ਕੱਟੜਪੰਥੀਆਂ ਦੇ ਮੁਕਾਬਲੇ ਸਿੱਖ "ਕੱਟੜਪੰਥੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ" ਬਾਰੇ ਵਧੇਰੇ ਗੱਲ ਕੀਤੀ ਗਈ।

ਇਸ ਮਗਰੋਂ, ਬਹੁਤ ਸਾਰੇ ਸਿੱਖ ਆਗੂਆਂ ਨੇ ਜਨਤਕ ਤੌਰ 'ਤੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰਿਪੋਰਟ ਦੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਲਈ ਇੱਕ ਸੰਦੇਸ਼ ਸਨ, ਜੋ ਕਿ ਲੰਬੇ ਸਮੇਂ ਤੋਂ ਇਸ ਬਾਰੇ ਆਵਾਜ਼ ਚੁੱਕੇ ਰਹੇ ਹਨ ਕਿ ਵੱਡੀ ਸਿੱਖ ਆਬਾਦੀ ਵਾਲੇ ਦੇਸ਼ਾਂ ਦੀਆਂ ਸਰਕਾਰਾਂ - ਖਾਸ ਕਰਕੇ ਕੈਨੇਡਾ, ਆਸਟ੍ਰੇਲੀਆ ਅਤੇ ਬ੍ਰਿਟੇਨ ਵਿੱਚ ਸਿੱਖ ਸਰਗਰਮੀ ਦਾ ਮੁਕਾਬਲਾ ਕਰਨ ਲਈ ਹੋਰ ਕਦਮ ਚੁੱਕੇ ਜਾਣ।

ਪਿਛਲੇ ਮਹੀਨੇ, ਯੂਕੇ ਦੇ ਗ੍ਰਹਿ ਦਫ਼ਤਰ ਨੇ "ਖਾਲਿਸਤਾਨ ਪੱਖੀ ਕੱਟੜਵਾਦ" ਦੇ ਮੁੱਦੇ ਨਾਲ ਨਜਿੱਠਣ ਲਈ 95,000 ਪਾਊਂਡ ਹੋਰ ਦੇਣ ਦਾ ਐਲਾਨ ਕੀਤਾ ਸੀ।

ਲਾਈਨ
ਲਾਈਨ
ਰਿਸ਼ੀ ਸੁਨਕ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਬਰਤਾਨਵੀ ਸਿੱਖਾਂ ਵਿੱਚ ਤਣਾਅ ਅਤੇ ਵੰਡ ਦਾ ਕਾਰਨ

ਭਾਰਤ ਵਿੱਚ ਭਾਵੇਂ ਹਾਲ ਹੀ ਦੇ ਦਹਾਕਿਆਂ ਵਿੱਚ ਖਾਲਿਸਤਾਨ ਨੂੰ ਲੈ ਕੇ ਮਸਲਾ ਠੰਡਾ ਪਿਆ ਹੋਵੇ , ਪਰ ਇਹ ਮੁੱਦਾ ਬਰਤਾਨਵੀ ਸਿੱਖਾਂ ਵਿੱਚ ਤਣਾਅ ਅਤੇ ਵੰਡ ਦਾ ਕਾਰਨ ਬਣ ਰਿਹਾ ਹੈ।

ਭਾਈਚਾਰੇ ਦੇ ਅਜਿਹੇ ਪ੍ਰਮੁੱਖ ਲੋਕ ਜੋ ਖਾਲਿਸਤਾਨ ਦਾ ਸਮਰਥਨ ਨਹੀਂ ਕਰਦੇ, ਕਈ ਵਾਰ ਉਨ੍ਹਾਂ ਨੂੰ ਔਨਲਾਈਨ ਧਮਕੀਆਂ ਵੀ ਮਿਲਦੀਆਂ ਹਨ।

ਪਰ ਇਸ ਵੀ ਪ੍ਰਭਾਵ ਇੰਝ ਮਿਲਦਾ ਹੈ ਕਿ ਆਮ ਤੌਰ ਉੱਤੇ ''ਧਰੁਵੀਕਰਨ ਵਾਲਾ'' ਭਾਈਚਾਰੇ ਦਾ ਹਿੱਸਾ ਗਮੁਰਾਹਕੁਨ ਜਾਣਕਾਰੀਆਂ ਖ਼ਿਲਾਫ਼ ਇਕਜੁਟ ਹੋ ਜਾਂਦਾ ਹੈ।

ਬਰਮਿੰਘਮ ਯੂਨੀਵਰਸਿਟੀ ਦੇ ਸਿੱਖ ਸਟੱਡੀਜ਼ ਦੇ ਪ੍ਰੋਫੈਸਰ ਜਗਬੀਰ ਝੂਟੀ ਜੌਹਲ ਓਬੀਈ ਕਹਿੰਦੇ ਹਨ, "ਸਿੱਖ ਭਾਈਚਾਰਾ ਬ੍ਰਿਟਿਸ਼ ਸਮਾਜ ਵਿੱਚ ਏਕੀਕ੍ਰਿਤ ਹੋ ਗਿਆ ਹੈ ਅਤੇ ਆਪਣੀ ਵਿੱਦਿਅਕ ਪ੍ਰਾਪਤੀ ਅਤੇ ਸੇਵਾ (ਨਿਰ-ਸਵਾਰਥ ਸੇਵਾ) ਲਈ ਜਾਣਿਆ ਜਾਂਦਾ ਹੈ।"

ਹਾਲਾਂਕਿ ਉਹ ਇਸ ਬਾਰੇ ਗੱਲ ਨਹੀਂ ਕਰਦੇ, ਪਰ ਪ੍ਰੋਫੈਸਰ ਜੌਹਲ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਨ, ਜੋ ਪਹਿਲਾਂ ਖਾਲਿਸਤਾਨ ਪੱਖੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਚੁੱਕੇ ਹਨ।

ਪਰ ਇਸ ਦੇ ਨਾਲ ਹੀ ਉਹ ਉਸ ਦਬਾਅ ਨੂੰ ਲੈ ਕੇ ਵੀ ਬਹੁਤ ਪਰੇਸ਼ਾਨ ਹਨ, ਜਿਸ ਨੂੰ ਉਹ ਮਹਿਸੂਸ ਕਰਦੇ ਹਨ ਕਿ ਪੂਰੇ ਭਾਈਚਾਰੇ 'ਤੇ ਪਾਇਆ ਜਾ ਰਿਹਾ ਹੈ।

ਉਹ ਕਹਿੰਦੇ ਹਨ, ''ਭਾਰਤ ਅਤੇ ਬ੍ਰਿਟੇਨ ਸਰਕਾਰ ਦੇ 'ਕੱਟੜਵਾਦ' 'ਤੇ ਧਿਆਨ ਦੇਣ ਨਾਲ ਹਾਲ ਹੀ ਵਿੱਚ ਜੋ ਛਾਣ-ਬੀਣ ਜਾਰੀ ਹੈ, ਉਸ ਦੇ ਨਤੀਜੇ ਵਜੋਂ ਭਾਈਚਾਰੇ ਦਾ ਗਲਤ ਢੰਗ ਨਾਲ ਇੱਕ ਨਕਾਰਾਤਮਕ ਪ੍ਰਭਾਵ ਪੈਦਾ ਹੋ ਰਿਹਾ ਹੈ।''

''ਜਿਸ ਕਾਰਨ ਬਹੁਤ ਸਾਰੇ ਸਿੱਖ ਦੋਵਾਂ ਸਰਕਾਰਾਂ ਦੇ ਇਰਾਦਿਆਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ।''

ਪ੍ਰੋਫ਼ੈਸਰ ਜੌਹਲ ਚੇਤਾਵਨੀ ਦਿੰਦੇ ਹਨ ਕਿ ਇੱਥੇ ਸਿੱਖ ਕੱਟੜਪੰਥ ਨਾਲ ਨਜਿੱਠਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੋ ਸਾਰਾ ਧਿਆਨ ਦਿੱਤਾ ਗਿਆ ਅਤੇ ਗੱਲਬਾਤ ਹੋਈ, ਉਸ ਨਾਲ ਸੰਭਾਵੀ ਤੌਰ 'ਤੇ ਕੋਈ ਮਦਦ ਨਹੀਂ ਹੋਈ।

ਉਹ ਕਹਿੰਦੇ ਹਨ ਕਿ ਯੂਕੇ ਦੀਆਂ ਚਾਲਾਂ ਅਤੇ ਕੈਨੇਡਾ ਤੋਂ ਆਈਆਂ ਖ਼ਬਰਾਂ ਨੌਜਵਾਨ ਸਿੱਖਾਂ ਲਈ ਚਿੰਤਾਵਾਂ ਪੈਦਾ ਕਰਨਗੀਆਂ।

ਉਨ੍ਹਾਂ ਨੂੰ ਸ਼ਾਇਦ ਪਹਿਲਾਂ ਕੋਈ ਦਿਲਚਸਪੀ ਨਹੀਂ ਸੀ ਪਰ ਹੁਣ ਉਹ ਖਾਲਿਸਤਾਨ ਦੇ ਵਿਚਾਰ, ਸਿੱਖਾਂ ਵਿਰੁੱਧ ਕਥਿਤ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਪਾਬੰਦੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)