ਅਵਤਾਰ ਸਿੰਘ ਖੰਡਾ ਦੀ ਮੌਤ ਬਾਰੇ ਕੀ ਕਹਿੰਦੀ ਹੈ ਬ੍ਰਿਟੇਨ ਪੁਲਿਸ ਦੀ ਜਾਂਚ ਤੇ ਮਾਪਿਆਂ ਦਾ ਕੀ ਹੈ ਪ੍ਰਤੀਕਰਮ

ਅਵਤਾਰ ਸਿੰਘ ਖੰਡਾ ਤੇ ਸਿਮਰਨਜੀਤ ਸਿੰਘ ਮਾਨ

ਤਸਵੀਰ ਸਰੋਤ, SS MANN TWITTER

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਬ੍ਰਿਟੇਨ ਦੇ ਸਿੱਖ ਕਾਰਕੁਨ ਅਤੇ ਖਾਲਿਸਤਾਨ ਸਮਰਥਕ ਅਵਤਾਰ ਸਿੰਘ ਖੰਡਾ ਦਾ ਬੀਤੇ ਸ਼ਨੀਵਾਰ ਨੂੰ ਵੈਸਟ ਮਿਡਲੈਂਡਜ਼ ਦੇ ਸਮੇਥਵਿਕ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ।

ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਖੰਡਾ ਦੀ ਬ੍ਰਿਟੇਨ ਵਿੱਚ ਮੌਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਾਏ ਸਨ।

ਉਹ ਖ਼ਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਨ। ਅਵਤਾਰ ਖੰਡਾ ਦੀ ਮੌਤ ਨੂੰ ਲੈ ਕੇ ਕਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਸਨ।

ਪਰ ਇੰਗਲੈਂਡ ਦੀ ਪੁਲਿਸ ਨੇ ਬੀਬੀਸੀ ਨਾਲ ਗੱਲਬਾਤ ਵਿਚ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਬਾਰੇ ਹੁਣ ਤੱਕ ਹੋਈ ਜਾਂਚ ਵਿੱਚ ਕੁਝ ਵੀ ਸ਼ੱਕੀ ਤੱਥ ਸਾਹਮਣੇ ਨਹੀਂ ਆਇਆ ਹੈ।

ਭਾਵੇਂ ਕਿ ਖੰਡਾ ਦੀ ਮਾਂ ਚਰਨਜੀਤ ਕੌਰ ਪੁਲਿਸ ਦੀ ਦਲੀਲ ਨਾਲ ਸਹਿਮਤ ਨਹੀਂ ਹਨ ਅਤੇ ਉਲਟਾ ਸਵਾਲ ਖੜ੍ਹੇ ਕਰਦੇ ਹਨ।

ਬੀਬੀਸੀ ਨੇ ਇੰਗਲੈਂਡ ਦੀ ਵੈਸਟ ਮਿਡਲੈਂਡਜ਼ ਪੁਲਿਸ ਤੱਕ ਪਹੁੰਚ ਕੀਤੀ ਸੀ ਤਾਂ ਜੋ ਉਨ੍ਹਾਂ ਦੀ ਮੌਤ ਬਾਰੇ ਜੋ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ, ਉਸ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਅਵਤਾਰ ਸਿੰਘ ਖੰਡਾ ਦੀ ਮੌਤ 15 ਜੂਨ, 2023 ਨੂੰ ਯੂਕੇ ਦੇ ਬਰਮਿੰਘਮ ਸਿਟੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਸੀ, ਉਦੋਂ ਮੌਤ ਦਾ ਕਾਰਨ ਜ਼ਹਿਰੀਲੀ ਚੀਜ਼ ਖਾਣਾ ਦੱਸਿਆ ਗਿਆ ਸੀ।

ਹਾਲਾਂਕਿ, ਕੁਝ ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਜ਼ਹਿਰ ਦਿੱਤਾ ਗਿਆ ਸੀ।

ਉਨ੍ਹਾਂ ਦਾ ਦਾਅਵਾ ਸੀ ਕਿ ਖੰਡਾ ਦੀ ਮੌਤ ਕੁਦਰਤੀ ਨਹੀਂ ਬਲਕਿ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਕਤਲ ਹੈ।

ਅਵਤਾਰ ਸਿੰਘ ਖੰਡਾ

ਤਸਵੀਰ ਸਰੋਤ, RAVI SINGH INSTA

ਬੀਬੀਸੀ

ਅਵਤਾਰ ਸਿੰਘ ਖੰਡਾ ਬਾਰੇ ਖਾਸ ਗੱਲਾਂ:

  • ਖਾਲਿਸਤਾਨ ਹਮਾਇਤੀ ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ ਇੰਗਲੈਂਡ ’ਚ ਮੌਤ ਹੋ ਗਈ ਸੀ
  • ਉਨ੍ਹਾਂ ਨੂੰ ਪੇਟ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ
  • ਖੰਡਾ ਇੰਗਲੈਂਡ ਵਿੱਚ ਸਿਆਸੀ ਸ਼ਰਨ 'ਤੇ ਰਹਿ ਰਹੇ ਸਨ
  • ਉਨ੍ਹਾਂ ’ਤੇ ਲੰਡਨ ’ਚ ਭਾਰਤੀ ਦੂਤਾਵਾਸ 'ਤੇ ਹਮਲੇ 'ਚ ਸ਼ਾਮਲ ਹੋਣ ਦੇ ਇਲਜ਼ਾਮ ਸਨ
ਬੀਬੀਸੀ

ਕੋਈ ਵੀ ਸ਼ੱਕੀ ਹਾਲਾਤ ਨਹੀਂ

ਵੈਸਟ ਮਿਡਲੈਂਡਜ਼ ਪੁਲਿਸ ਦੇ ਨਿਊਜ਼ ਮੈਨੇਜਰ ਡੇਬ ਐਡਮੌਂਡਜ਼ ਨੇ ਬੀਬੀਸੀ ਨੂੰ ਦੱਸਿਆ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਬਾਰੇ ਵਿਭਾਗ ਵੱਲੋਂ ਵਿਸਥਾਰਤ ਜਾਚ ਕੀਤੀ ਗਈ ਹੈ।

ਐਡਮੌਂਡਜ਼ ਨੇ ਦੱਸਿਆ, ''ਮੌਤ ਦੇ ਆਲੇ ਦੁਆਲੇ ਦੀਆਂ ਅਟਕਲਾਂ ਤੋਂ ਬਾਅਦ, ਵੈਸਟ ਮਿਡਲੈਂਡਜ਼ ਪੁਲਿਸ ਦੁਆਰਾ ਇੱਕ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ, ਜਿਸ ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਕੋਈ ਵੀ ਸ਼ੱਕੀ ਹਾਲਾਤ ਨਹੀਂ ਸਨ।''

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਬਾਰੇ ਰਿਪੋਰਟ ਨੂੰ ਬਰਮਿੰਘਮ ਅਤੇ ਸੋਲੀਹਲ ਦੇ ਕੋਰੋਨਰ ਨੂੰ ਰੈਫਰ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਇਸ ਬਾਰੇ ਜਾਣੂ ਹੈ।

ਪੁਲਿਸ ਨੇ ਦਾਅਵਾ ਕੀਤਾ ਕਿ ਕੋਰੋਨਰ ਨੂੰ ਰੈਫਰਲ ਆਮ ਪ੍ਰਕਿਰਿਆ ਹੈ।

ਉੱਧਰ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਉਹ ਇਸ ਨਾਲ ਸੰਤੁਸ਼ਤ ਨਹੀਂ ਹਨ।

ਉਹ ਆਖਦੇ ਹਨ, “ਦੋ ਦਿਨਾਂ ਦੇ ਵਿਚ ਉਨ੍ਹਾਂ ਦੇ ਪੁੱਤਰ ਦੀ ਮੌਤ ਇਕਦਮ ਕਿਵੇਂ ਹੋ ਸਕਦੀ ਹੈ। 13 ਜੂਨ ਨੂੰ ਮੇਰੀ ਗੱਲ ਉਨ੍ਹਾਂ ਨਾਲ ਹੋਈ ਸੀ।”

ਅਵਤਾਰ ਸਿੰਘ ਖੰਡਾ

ਕੋਰੋਨਰ ਨੂੰ ਕੇਸ ਰੈਫਰ ਹੋਣ ਬਾਰੇ

ਬੀਬੀਸੀ ਨੇ ਇਸ ਮਾਮਲੇ ਦੇ ਹੋਰ ਵੇਰਵੇ ਜਾਨਣ ਲਈ ਕੋਰੋਨਰ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ।

ਜਿਸ ਉੱਤੇ ਬਰਮਿੰਘਮ ਸਿਟੀ ਕੌਂਸਲ ਦੀ ਪ੍ਰੈਸ ਅਧਿਕਾਰੀ ਐਮਾ ਬਰੈਡੀ ਨੇ ਬੀਬੀਸੀ ਨੂੰ ਦੱਸਿਆ, “ਨਿਆਂਇਕ ਸੁਤੰਤਰਤਾ ਅਤੇ ਕਾਨੂੰਨ ਦੇ ਰਾਜ ਦੇ ਸਿਧਾਂਤਾਂ ਕਾਰਨ ਜੱਜ ਆਪਣੇ ਫ਼ੈਸਲੇ 'ਤੇ ਟਿੱਪਣੀ ਕਰਨ ਤੋਂ ਅਸਮਰੱਥ ਹਨ।"

"ਇਸ ਲਈ ਬਰਮਿੰਘਮ ਅਤੇ ਸੋਲੀਹਲ ਲਈ ਸੀਨੀਅਰ ਕੋਰੋਨਰ ਇੱਕ ਵਿਅਕਤੀਗਤ ਕੇਸ 'ਤੇ ਟਿੱਪਣੀ ਨਹੀਂ ਕਰ ਸਕਦਾ ਹੈ।”

ਐਮਾ ਬਰੈਡੀ ਨੇ ਦੱਸਿਆ ਕਿ ਇੰਗਲੈਂਡ ਅਤੇ ਵੇਲਜ਼ ਵਿੱਚ ਸਾਰੇ ਕੋਰੋਨਰ ਸੁਤੰਤਰ ਜੱਜ ਹਨ।

ਕੋਰੋਨਰ ਦੇ ਨਿਆਂਇਕ ਫ਼ੈਸਲੇ, ਨਿਆਂਇਕ ਜਾਂਚ, ਉੱਚ ਅਦਾਲਤਾਂ ਦੀ ਪੜਚੋਲ ਅਤੇ ਨਿਗਰਾਨੀ ਦੇ ਅਧੀਨ ਹੁੰਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਕੋਰੋਨਰ ਸੇਵਾ ਹਮੇਸ਼ਾ ਇੱਕ ਵਿਅਕਤੀਗਤ ਕੇਸ ਵਿੱਚ ਲਏ ਗਏ ਨਿਆਂਇਕ ਫ਼ੈਸਲਿਆਂ ਦੇ ਨਤੀਜਿਆਂ ਅਤੇ ਕਾਰਨਾਂ ਦੀ ਵਿਆਖਿਆ ਬਾਰੇ ਸੰਬੰਧਤ ਪਰਿਵਾਰ ਨਾਲ ਸਿੱਧਾ ਸੰਚਾਰ ਕਰਦੀ ਹੈ।

ਉਨ੍ਹਾਂ ਅੱਗੇ ਦਸਿਆ, "ਕੋਰੋਨਰ ਸੁਤੰਤਰ ਜੱਜ ਹੁੰਦੇ ਹਨ, ਜਿਨ੍ਹਾਂ ਕੋਲ ਕੁਝ ਮੌਤਾਂ ਦੀ ਜਾਂਚ ਕਰਨ ਦਾ ਵਿਸ਼ੇਸ਼ ਅਧਿਕਾਰ ਖੇਤਰ ਹੁੰਦਾ ਹੈ। ਉਹ ਇੰਗਲੈਂਡ ਅਤੇ ਵੇਲਜ਼ ਵਿੱਚ ਨਿਆਂਇਕ ਪ੍ਰਣਾਲੀ ਦਾ ਹਿੱਸਾ ਹਨ। ਜਿਸ ਵਿੱਚ ਕਾਉਂਟੀ ਕੋਰਟ, ਕਰਾਊਨ ਕੋਰਟ, ਹਾਈ ਕੋਰਟ, ਕੋਰਟ ਆਫ਼ ਅਪੀਲ ਸ਼ਾਮਲ ਹਨ।"

ਜਦੋਂ ਕੋਰੋਨਰ ਨੂੰ ਮੌਤ ਦੀ ਰਿਪੋਰਟ ਦਿੱਤੀ ਜਾਂਦੀ ਹੈ, ਤਾਂ ਕੋਰੋਨਰ ਇਹ ਮੁਲਾਂਕਣ ਕਰਦਾ ਹੈ ਕਿ ਕੀ ਮੌਤ ਦੀ ਜਾਂਚ ਕਰਨ ਲਈ ਕੋਈ ਲੋੜ ਹੈ ਜਾਂ ਨਹੀਂ।

ਸਿਮਰਨਜੀਤ ਸਿੰਘ ਮਾਨ, ਖੰਡਾ ਦੇ ਪਰਿਵਾਰ ਨਾਲ

ਤਸਵੀਰ ਸਰੋਤ, Simranjit Singh Mann/Twitter

ਤਸਵੀਰ ਕੈਪਸ਼ਨ, ਖੰਡੇ ਦੀ ਮੌਤ ਦੀ ਖ਼ਬਰ ਆਉਣ ਮਗਰੋਂ ਸਿਮਰਨਜੀਤ ਸਿੰਘ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਸਨ

ਉਨ੍ਹਾਂ ਅੱਗੇ ਦਸਿਆ ਕਿ ਇੰਗਲੈਂਡ ਅਤੇ ਵੇਲਜ਼ ਵਿੱਚ ਹਰ ਸਾਲ ਜ਼ਿਆਦਾਤਰ ਮੌਤਾਂ (60% ਤੋਂ ਵੱਧ) ਦੀ ਜਾਂਚ ਕੋਰੋਨਰਾਂ ਦੁਆਰਾ ਨਹੀਂ ਕੀਤੀ ਜਾਂਦੀ।

ਇਸ ਵਿੱਚ ਬਹੁਤ ਸਾਰੀਆਂ ਉਹ ਮੌਤਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਦੀ ਸ਼ੁਰੂਆਤ ਵਿੱਚ ਕੋਰੋਨਰ ਨੂੰ ਰਿਪੋਰਟ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਸਿਰਫ਼ ਦਿੱਤੀ ਗਈ ਜਾਣਕਾਰੀ ਦੇ ਅਧਾਰ ਤੇ ਇੱਕ ਨਿਆਂਇਕ ਫ਼ੈਸਲਾ ਲੈ ਸਕਣ ਕਿ ਸਬੰਧਤ ਮੌਤ ਦੀ ਜਾਂਚ ਕਰਨ ਲਈ ਉਨ੍ਹਾਂ ਦੀ ਕੋਈ ਡਿਊਟੀ ਬਣਦੀ ਹੈ ਜਾਂ ਨਹੀਂ।

ਸ਼ੱਕ ਤੋਂ ਬਚਣ ਲਈ, ਹਰੇਕ ਕੇਸ ਵਿੱਚ ਪੋਸਟਮਾਰਟਮ ਜਾਂਚ ਕਰਵਾਉਣ ਦੀ ਕੋਈ ਕਾਨੂੰਨੀ ਜ਼ਿੰਮੇਵਾਰੀ ਨਹੀਂ ਹੈ।

ਜੇਕਰ ਕਿਸੇ ਮੌਤ ਦੀ ਜਾਂਚ ਕਰਨ ਦੀ ਲੋੜ ਨਹੀਂ ਸਮਝੀ ਜਾਂਦੀ ਤਾਂ ਮੌਤ ਦੇ ਕਾਰਨਾਂ ਦੀ ਇੱਕ ਡਾਕਟਰੀ ਵਿਆਖਿਆ ਇੱਕ ਮੈਡੀਕਲ ਪ੍ਰੈਕਟੀਸ਼ਨਰ ਦੁਆਰਾ ਪ੍ਰਦਾਨ ਕੀਤੀ ਜਾਵੇਗੀ ਅਤੇ ਮੌਤ ਨੂੰ ਸੰਬੰਧਤ ਪਰਿਵਾਰ ਦੁਆਰਾ ਸਥਾਨਕ ਰਜਿਸਟ੍ਰੇਸ਼ਨ ਸੇਵਾ ਨਾਲ ਦਰਜ ਕੀਤਾ ਜਾਵੇਗਾ।

ਇੰਗਲੈਂਡ ਅਤੇ ਵੇਲਜ਼ ਦੀਆਂ ਸਾਰੀਆਂ ਅਦਾਲਤਾਂ ਦੇ ਸਾਰੇ ਨਿਆਂਇਕ ਫ਼ੈਸਲਿਆਂ ਵਾਂਗ, ਕੋਰੋਨਰਾਂ ਦੇ ਫ਼ੈਸਲੇ ਕਾਨੂੰਨੀ ਚੁਣੌਤੀ ਦੇ ਅਧੀਨ ਹੁੰਦੇ ਹਨ ਅਤੇ ਇੱਕ ਉੱਚਿਤ ਉੱਚ ਅਦਾਲਤ ਵਿੱਚ ਅਪੀਲ ਕੀਤੀ ਜਾਂਦੀ ਹੈ।

ਅਵਤਾਰ ਸਿੰਘ ਖੰਡਾ ਅਦਾਕਾਰ ਤੇ ਕਾਰਕੁਨ ਰਹੇ ਦੀਪ ਸਿੱਧੂ ਨਾਲ

ਤਸਵੀਰ ਸਰੋਤ, SURINDER MANN

ਤਸਵੀਰ ਕੈਪਸ਼ਨ, ਅਵਤਾਰ ਸਿੰਘ ਖੰਡਾ ਅਦਾਕਾਰ ਤੇ ਕਾਰਕੁਨ ਰਹੇ ਦੀਪ ਸਿੱਧੂ ਨਾਲ

ਕੌਣ ਸੀ ਅਵਤਾਰ ਸਿੰਘ ਖੰਡਾ

ਅਵਤਾਰ ਸਿੰਘ ਖੰਡਾ ਦੇ ਪਰਿਵਾਰ ਮੁਤਾਬਕ ਅਵਤਾਰ ਸਿੰਘ ਖੰਡਾ 2011 ਵਿੱਚ ਸਟੱਡੀ ਵੀਜ਼ੇ 'ਤੇ ਇੰਗਲੈਂਡ ਗਏ ਸਨ।

ਉਨ੍ਹਾਂ ਦੀ ਮਾਂ ਚਰਨਜੀਤ ਕੌਰ ਮੋਗਾ ਦੇ ਵਿੱਚ ਅਧਿਆਪਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਖੰਡਾ ਨੇ ਮੋਗਾ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਉਦਯੋਗਿਕ ਸਿਖਲਾਈ ਦਾ ਡਿਪਲੋਮਾ ਪੂਰਾ ਕੀਤਾ ਸੀ।

ਖੰਡਾ ਪਿਛਲੇ ਦਿਨੀ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਉੱਤੇ 19 ਮਾਰਚ ਨੂੰ ਭਾਰਤੀ ਹਾਈ ਕਮਿਸ਼ਨ ਅੱਗੇ ਕੀਤੇ ਗਏ ਇੱਕ ਮੁਜ਼ਾਹਰੇ ਦੌਰਾਨ ਇਮਾਰਤ ਉੱਤੇ ਚੜ੍ਹ ਕੇ ਭਾਰਤੀ ਤਿਰੰਗੇ ਝੰਡੇ ਦਾ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਸਨ

ਇਸ ਤੋਂ ਇੱਕ ਦਿਨ ਪਹਿਲਾਂ 18 ਮਾਰਚ ਨੂੰ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਇਸ ਤੋਂ ਬਾਅਦ 19 ਮਾਰਚ ਨੂੰ ਕੁਝ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਵੱਲੋਂ ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕੀਤਾ ਗਿਆ।

ਖੰਡਾ ਉੱਤੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਸਨ।

ਅਪ੍ਰੈਲ ਵਿੱਚ ਜਦੋਂ ਅਮ੍ਰਿਤਪਾਲ ਸਿੰਘ ਫਰਾਰ ਸਨ, ਪੁਲਿਸ ਨੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਅਤੇ ਭੈਣ ਤੋਂ ਵੀ ਪੁੱਛਗਿੱਛ ਕੀਤੀ ਸੀ।

ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਸੀ ਅਵਤਾਰ ਸਿੰਘ ਖੰਡਾ, ਅਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਸਨ, ਜਿਸ ਕਾਰਨ ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦਾ ਪਤਾ ਲਗਾਉਣ ਲਈ ਅਵਤਾਰ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ।

ਖੰਡਾ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਵੀ ਜੁੜੇ ਹੋਏ ਸਨ।

ਉਨ੍ਹਾਂ ਦੀ ਮੌਤ ਹੋਣ 'ਤੇ ਸਿਮਰਨਜੀਤ ਸਿੰਘ ਮਾਨ ਨੇ ਟਵੀਟ ਕਰਕੇ ਲਿਖਿਆ ਸੀ, “ਇਹ ਖ਼ਬਰ ਸੁਣ ਕੇ ਬੜਾ ਦੁੱਖ ਹੋਇਆ ਕਿ ਸਰਦਾਰ ਅਵਤਾਰ ਸਿੰਘ ਖੰਡਾ ਇਸ ਦੁਨੀਆਂ ਤੇ ਨਹੀ ਰਹੇ।”

ਅਵਤਾਰ ਸਿੰਘ ਖੰਡਾ ਦਾ ਇਸ ਤਰ੍ਹਾਂ ਸੰਸਾਰ ਤੋਂ ਚਲੇ ਜਾਣਾ ਪਾਰਟੀ ਅਤੇ ਸਮੁਚੇ ਖਾਲਸਾ ਪੰਥ ਲਈ ਇੱਕ ਵੱਡਾ ਘਾਟਾ ਹੈ, ਸਿੱਖ ਸੰਘਰਸ਼ ਵਿੱਚ ਉਹਨਾਂ ਨੇ ਆਪਣਾ ਅਹਿਮ ਯੋਗਦਾਨ ਦਿੱਤਾ, ਉਹ 2011 ਤੋਂ ਇੰਗਲੈਂਡ ਵਿੱਚ ਰਹਿ ਰਹੇ ਸਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)