ਜ਼ੀਨਤ ਅਮਾਨ ਨੇ ਲਿਵ-ਇਨ ਰਿਲੇਸ਼ਨਸ਼ਿਪ ’ਤੇ ਅਜਿਹੀ ਕੀ ਸਲਾਹ ਦਿੱਤੀ ਜੋ ਮੁਮਤਾਜ਼ ਤੇ ਸਾਇਰਾ ਬਾਨੋ ਨੇ ਉਨ੍ਹਾਂ ਨੂੰ ਘੇਰ ਲਿਆ

ਤਸਵੀਰ ਸਰੋਤ, GETTY IMAGES/ MUMTAZTHEACTRESS
ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨੇ ਹਾਲ ਹੀ ’ਚ ਲਿਵ-ਇਨ ਰਿਲੇਸ਼ਨਸ਼ਿਪ ’ਤੇ ਆਪਣੀ ਰਾਇ ਪ੍ਰਗਟ ਕੀਤੀ ਸੀ।
ਇਸ ਤੋਂ ਬਾਅਦ ਉਹ ਦੋ ਹੋਰ ਸਮਕਾਲੀ ਅਤੇ ਮਸ਼ਹੂਰ ਅਦਾਕਾਰਾਂ- ਮੁਮਤਾਜ਼ ਅਤੇ ਸਾਇਰਾ ਬਾਨੋ ਦੀ ਆਲੋਚਨਾ ਦੇ ਘੇਰੇ ’ਚ ਆ ਗਏ ਹਨ।
ਜ਼ੀਨਤ ਅਮਾਨ ਨੇ ਤਕਰੀਬਨ ਇੱਕ ਹਫ਼ਤਾ ਪਹਿਲਾਂ ਲਿਵ-ਇਨ ਰਿਲੇਸ਼ਨਸ਼ਿਪ ਦੀ ਵਕਾਲਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਕੋਈ ਰਿਲੇਸ਼ਨਸ਼ਿਪ ਵਿੱਚ ਹੈ ਤਾਂ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਕੁਝ ਸਮਾਂ ਇੱਕਠੇ ਰਹਿਣਾ ਚਾਹੀਦਾ ਹੈ। ਇਸ ਨਾਲ ਆਪਣੇ ਪਾਰਟਨਰ ਦੀਆਂ ਕਮੀਆਂ ਦਾ ਪਤਾ ਲਗਦਾ ਹੈ।
ਹਾਲਾਂਕਿ ਉਨ੍ਹਾਂ ਦੀ ਇਸ ਰਾਇ ਨਾਲ ਮੁਮਤਾਜ਼ ਬਿਲਕੁਲ ਵੀ ਸਹਿਮਤ ਨਹੀਂ ਹਨ।
ਉਨ੍ਹਾਂ ਨੇ ਕਿਹਾ ਹੈ ਕਿ “ਜ਼ੀਨਤ ਅਮਾਨ ਨੂੰ ਰਿਸ਼ਤਿਆਂ ’ਤੇ ਸਲਾਹ ਦੇਣ ਦੇ ਮਾਮਲੇ ਵਿੱਚ ਆਖਰੀ ਇਨਸਾਨ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਆਪਣਾ ਵਿਆਹ ਕਿਸੇ ਨਰਕ ਦੇ ਵਰਗਾ ਹੀ ਰਿਹਾ ਹੈ।”
ਉੱਥੇ ਹੀ ਸਾਇਰਾ ਬਾਨੋ ਨੇ ਕਿਹਾ ਹੈ ਕਿ ਲਿਵ-ਇਨ ਰਿਲੇਸ਼ਨਸ਼ਿਪ ਪ੍ਰਤੀ ਉਨ੍ਹਾਂ ਦੇ ਵਿਚਾਰ ‘ਕਲਪਨਾ ਤੋਂ ਪਰੇ ਅਤੇ ਅਸਵੀਕਾਰਯਗ’ ਹਨ।
ਜ਼ੀਨਤ ਅਮਾਨ ਨੇ ਕੀ ਕਿਹਾ ਸੀ ?
ਇੱਕ ਇੰਸਟਾਗ੍ਰਾਮ ਪੋਸਟ ਵਿੱਚ ਜ਼ੀਨਤ ਅਮਾਨ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੀਆਂ ਪਿਛਲੀਆਂ ਪੋਸਟਾਂ ਵਿੱਚ ਲੋਕਾਂ ਨੇ ਉਨ੍ਹਾਂ ਤੋਂ ਰਿਲੇਸ਼ਨਸ਼ਿਪ ਸਬੰਧੀ ਸਲਾਹ ਮੰਗੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਵਿਚਾਰ ਸਾਂਝਾ ਕਰ ਰਹੇ ਹਨ, ਜੋ ਕਿ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ ਹੈ।
ਉਨ੍ਹਾਂ ਨੇ ਲਿਖਿਆ, “ਜੇਕਰ ਤੁਸੀਂ ਕਿਸੇ ਰਿਲੇਸ਼ਨਸ਼ਿਪ ਵਿੱਚ ਹੋ ਤਾਂ ਮੇਰੀ ਸਲਾਹ ਹੈ ਕਿ ਵਿਆਹ ਤੋਂ ਪਹਿਲਾਂ ਇੱਕ ਦੂਜੇ ਦੇ ਨਾਲ ਰਹੋ। ਇਹ ਸਲਾਹ ਹਮੇਸ਼ਾ ਮੈਂ ਆਪਣੇ ਬੇਟਿਆਂ ਨੂੰ ਵੀ ਦਿੱਤੀ ਸੀ ਅਤੇ ਉਹ ਦੋਵੇਂ ਜਾਂ ਤਾਂ ਲਿਵ-ਇਨ ਵਿੱਚ ਰਹੇ ਜਾਂ ਫਿਰ ਰਹਿ ਰਹੇ ਹਨ।”

ਤਸਵੀਰ ਸਰੋਤ, INSTAGRAM/ZEENAT AMAN
ਜ਼ੀਨਤ ਅਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਤਰਕਸੰਗਤ ਲੱਗਦਾ ਹੈ ਕਿ ਦੋ ਲੋਕ ਆਪਣੇ ਪਰਿਵਾਰਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਖੁਦ ਆਪਣੇ ਰਿਸ਼ਤੇ ਦੀ ਜਾਂਚ ਕਰਨ ਲੈਣ।
ਉਹ ਇਸ ਦੇ ਪਿੱਛੇ ਤਰਕ ਦਿੰਦੇ ਹੋਏ ਕਹਿੰਦੇ ਹਨ ਕਿ ਇੱਕ ਵਿਅਕਤੀ ਇੱਕ ਦਿਨ ’ਚ ਕੁਝ ਘੰਟਿਆਂ ਲਈ ਬਹੁਤ ਵਧੀਆ ਢੰਗ ਨਾਲ ਰਹਿ ਸਕਦਾ ਹੈ, ਪਰ ਕੀ ਦੋ ਜਣੇ ਇੱਕ ਹੀ ਗੁਸਲਖਾਨੇ ਦੀ ਵਰਤੋਂ ਕਰ ਸਕਦੇ ਹਨ? ਕੀ ਇੱਕ-ਦੂਜੇ ਦੇ ਮਾੜੇ ਮਿਜ਼ਾਜ ਨੂੰ ਬਰਦਾਸ਼ਤ ਕਰ ਸਕਦੇ ਹਨ ? ਇੱਕੋ ਜਿਹਾ ਭੋਜਨ ਖਾਣ ਲਈ ਸਹਿਮਤ ਹੋ ਸਕਦੇ ਹਨ?
ਜ਼ੀਨਤ ਅਮਾਨ ਆਪਣੀ ਪੋਸਟ ਦੇ ਅਖੀਰ ਵਿੱਚ ਲਿਖਦੇ ਹਨ, “ਮੈਂ ਜਾਣਦੀ ਹਾਂ ਕਿ ਭਾਰਤੀ ਸਮਾਜ ਲਿਵ –ਇਨ ਨੂੰ ਲੈ ਕੇ ਥੋੜ੍ਹਾ ਉਖੜਿਆ ਰਹਿੰਦਾ ਹੈ, ਪਰ ਫਿਰ ਉਹੀ ਗੱਲ ਹੈ ਕਿ ਸਮਾਜ ਤਾਂ ਕਈ ਗੱਲਾਂ ਨੂੰ ਲੈ ਕੇ ਨਾਰਾਜ਼ ਰਹਿੰਦਾ ਹੈ। ਲੋਕ ਕੀ ਕਹਿਣਗੇ?”
ਮੁਮਤਾਜ਼ ਅਤੇ ਸਾਇਰਾ ਬਾਨੋ ਨੇ ਕੀ ਕਿਹਾ ?

ਤਸਵੀਰ ਸਰੋਤ, MUMTAZTHEACTRESS
ਜ਼ੀਨਤ ਅਮਾਨ ਦੇ ਨਾਲ 1971 ਵਿੱਚ ਆਈ ਦੇਵ ਆਨੰਦ ਦੀ ਫਿਲਮ ‘ਹਰੇ ਰਾਮਾ, ਹਰੇ ਕ੍ਰਿਸ਼ਨਾ' ਵਿੱਚ ਕੰਮ ਕਰ ਚੁੱਕੀ ਅਦਾਕਾਰਾ ਮੁਮਤਾਜ਼ ਨੇ ਕਿਹਾ ਹੈ ਕਿ ਜ਼ੀਨਤ ਅਮਾਨ ਨੂੰ ਸੋਚ ਸਮਝ ਕੇ ਹੀ ਸਲਾਹ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਐਂਟਰਟੇਨਮੈਂਟ ਸਾਈਟ ‘ਜ਼ੂਮ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਜ਼ੀਨਤ ਨੂੰ ਸਲਾਹ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਹ ਅਚਾਨਕ ਹੀ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਆ ਗਏ ਹਨ ਅਤੇ ਮੈਂ ਉਨ੍ਹਾਂ ਦੇ ਇੱਕ ‘ਕੂਲ ਆਂਟੀ’ ਦਿਖਣ ਦੇ ਉਨ੍ਹਾਂ ਦੇ ਇਸ ਉਤਸ਼ਾਹ ਨੂੰ ਸਮਝ ਸਕਦੀ ਹਾਂ।''
''ਪਰ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦੇ ਉਲਟ ਕੋਈ ਸਲਾਹ ਦੇਣਾ ਆਪਣੀ ਫੌਲੋਇੰਗ ਵਧਾਉਣ ਦਾ ਤਰੀਕਾ ਨਹੀਂ ਹੋ ਸਕਦਾ ਹੈ। ਉਹ ਮਜ਼ਹਰ ਖਾਨ ਨੂੰ ਵਿਆਹ ਤੋਂ ਕਈ ਪਹਿਲਾਂ ਤੋਂ ਹੀ ਜਾਣਦੇ ਸਨ। ਉਨ੍ਹਾਂ ਦਾ ਵਿਆਹ ਕਿਸੇ ਨਰਕ ਨਾਲੋਂ ਘੱਟ ਨਹੀਂ ਸੀ। ਉਨ੍ਹਾਂ ਨੂੰ ਰਿਸ਼ਤਿਆਂ ਬਾਰੇ ਸਲਾਹ ਦੇਣ ਵਾਲਾ ਆਖਰੀ ਇਨਸਾਨ ਹੋਣਾ ਚਾਹੀਦਾ ਹੈ।”
ਜ਼ੀਨਤ ਅਮਾਨ ਨੇ 1985 ਵਿੱਚ ਮਜ਼ਹਰ ਖਾਨ ਨਾਲ ਵਿਆਹ ਕੀਤਾ ਸੀ। ਮਜ਼ਹਰ ਖਾਨ ਦੀ ਸਾਲ 1998 ਵਿੱਚ ਮੌਤ ਹੋ ਗਈ ਸੀ।
ਹਿੰਦੁਸਤਾਨ ਟਾਈਮਜ਼ ਨੇ ਮੁਮਤਾਜ਼ ਦੀ ਇਸ ਟਿੱਪਣੀ ਨੂੰ ਲੈ ਕੇ ਜ਼ੀਨਤ ਅਮਾਨ ਤੋਂ ਸਵਾਲ ਕੀਤਾ।
ਇਸ ’ਤੇ ਜ਼ੀਨਤ ਨੇ ਕਿਹਾ, “ਹਰ ਕੋਈ ਆਪਣੀ ਰਾਇ ਬਣਾਉਣ ਲਈ ਆਜ਼ਾਦ ਹੈ। ਮੈਂ ਉਹ ਇਨਸਾਨ ਕਦੇ ਵੀ ਨਹੀਂ ਰਹੀ ਜੋ ਕਿ ਕਿਸੇ ਦੂਜੇ ਦੇ ਨਿੱਜੀ ਜੀਵਨ ਉੱਤੇ ਟਿੱਪਣੀ ਕਰੇ ਜਾਂ ਫਿਰ ਆਪਣੇ ਸਹਿਯੋਗੀਆਂ ਦੀ ਬੇਇਜ਼ਤੀ ਕਰੇ ਅਤੇ ਮੈਂ ਹੁਣ ਵੀ ਅਜਿਹਾ ਕੁਝ ਨਹੀਂ ਕਰਾਂਗੀ।”
ਦੋਵਾਂ ਅਦਾਕਾਰਾਂ ਦਰਮਿਆਨ ਵਿਚਾਰਾਂ ਦੇ ਮਤਭੇਦ ਵਿਚਾਲੇ ਸਾਇਰਾ ਬਾਨੋ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਇਹ ਸਭ ਜ਼ਿਆਦਾ ਨਹੀਂ ਪੜ੍ਹਦੀ ਅਤੇ ਮੈਂ ਸੱਚੀਂ ਨਹੀਂ ਵੇਖਿਆ ਕਿ ਉਹ (ਮੁਮਤਾਜ਼ ਅਤੇ ਜ਼ੀਨਤ) ਕੀ ਕਹਿ ਰਹੇ ਹਨ। ਪਰ ਅਸੀਂ ਲੋਕ ਪੁਰਾਣੀ ਸੋਚ ਦੇ ਮਾਲਕ ਹਾਂ। ਸਾਡਾ ਟ੍ਰੈਂਡ 40-50 ਸਾਲ ਪਹਿਲਾਂ ਦਾ ਹੈ।”
ਲਿਵ-ਇਨ ਰਿਲੇਸ਼ਨਸ਼ਿਪ ’ਤੇ ਆਪਣੇ ਵਿਚਾਰਾਂ ਬਾਰੇ ਗੱਲ ਕਰਦਿਆਂ ਸਾਇਰਾ ਬਾਨੋ ਨੇ ਕਿਹਾ, “ਇਸ ਗੱਲ ਨਾਲ ਮੈਂ ਕਦੇ ਵੀ ਸਹਿਮਤ ਨਹੀਂ ਹੋ ਸਕਦੀ ਹਾਂ। ਇਹ ਕੁਝ ਅਜਿਹਾ ਹੈ ਜੋ ਮੇਰੇ ਲਈ ਕਲਪਨਾ ਤੋਂ ਪਰੇ ਅਤੇ ਨਾ-ਸਵੀਕਾਰਨਯੋਗ ਹੈ।”
ਸੋਸ਼ਲ ਮੀਡੀਆ ’ਤੇ ਲੋਕ ਕੀ ਕਹਿ ਰਹੇ ਹਨ ?

ਤਸਵੀਰ ਸਰੋਤ, Getty Images
ਜ਼ੀਨਤ ਅਮਾਨ ਵੱਲੋਂ ਲਿਵ-ਇਨ ਰਿਲੇਸ਼ਨਸ਼ਿਪ ’ਤੇ ਦਿੱਤੀ ਗਈ ਰਾਏ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ।
ਜਿਵੇਂ ਕਿ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਜ਼ੀਨਤ ਦੀ ਪੋਸਟ ਦੇ ਕਮੈਂਟ ਵਿੱਚ ਲਿਖਿਆ ਹੈ, “ਦੂਜੇ ਪਾਸੇ ਮੈਂ ਇੱਕ ਅਜਿਹੇ ਜੋੜੇ ਨੂੰ ਜਾਣਦੀ ਹਾਂ, ਜੋ ਇਕੱਠੇ ਤਾਂ ਰਹੇ, ਪਰ ਜਿਵੇਂ ਹੀ ਉਨ੍ਹਾਂ ਨੇ ਵਿਆਹ ਰਚਾਇਆ, ਦਿੱਕਤਾਂ ਸ਼ੁਰੂ ਹੋ ਗਈਆਂ ਅਤੇ ਵਿੱਚ ਉਨ੍ਹਾਂ ਨੇ ਤਲਾਕ ਲੈ ਲਿਆ। ਇਸ ’ਤੇ ਕੀ ਕਹਿ ਸਕਦੇ ਹਾਂ?”
ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਜੇਕਰ ਇਹ (ਜ਼ੀਨਤ ਦੀ ਸਲਾਹ) ਸੱਚ ਹੁੰਦੀ ਤਾਂ ਫਿਰ ਪੱਛਮੀ ਦੇਸਾਂ ਵਿੱਚ ਰਹਿਣ ਵਾਲੇ ਜੋੜਿਆਂ ਦਾ ਕਦੇ ਤਲਾਕ ਨਾ ਹੁੰਦਾ। ਉਹ ਤਾਂ ਵਿਆਹ ਤੋਂ ਪਹਿਲਾਂ ਹੀ ਇੱਕਠੇ ਰਹਿੰਦੇ ਹਨ। ਵਿਆਹ ਕਿਸੇ ਜੈਕਪੌਟ ਤੋਂ ਘੱਟ ਨਹੀਂ ਹੁੰਦਾ। ਸਭ ਕੁਝ ਕਿਸਮਤ ਅਤੇ ਅਸੀਸਾਂ ਉੱਤੇ ਨਿਰਭਰ ਕਰਦਾ ਹੈ।
ਇੱਕ ਯੂਜ਼ਰ ਨੇ ਕਮੈਂਟ ਵਿੱਚ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਦਾ 8 ਸਾਲ ਦਾ ਰਿਸ਼ਤਾ ਉਸ ਸਮੇਂ ਖ਼ਤਮ ਹੋਇਆ, ਜਦੋਂ ਉਨ੍ਹਾਂ ਨੇ ਆਪਣੇ ਪਾਰਟਨਰ ਦੇ ਨਾਲ 1 ਸਾਲ ਤੱਕ ਰਹਿਣ ਦੀ ਕੋਸ਼ਿਸ਼ ਕੀਤੀ।
ਇੱਕ ਔਰਤ ਨੇ ਜ਼ੀਨਤ ਅਮਾਨ ਦੀ ਪੋਸਟ ਹੇਠ ਲਿਖਿਆ ਹੈ, “ਮੈਂ ਵੀ ਕੁਝ ਅਜਿਹਾ ਹੀ ਸੋਚਦੀ ਹਾਂ। ਮੇਰੀ ਉਮਰ 63 ਸਾਲ ਦੀ ਹੈ । ਮੈਂ ਅਤੇ ਮੇਰੀ ਭੈਣ ਜਿਸ ਦੀ ਉਮਰ 50 ਸਾਲ ਦੀ ਹੈ, ਅਸੀਂ ਦੋਵੇਂ ਹੀ ਆਪਣੀਆਂ ਧੀਆਂ ਨੂੰ ਇਹੀ ਸਲਾਹ ਦਿੰਦੇ ਹਾਂ।”












