ਨਾਜ਼ੀ ਡੈੱਥ ਕੈਂਪ 'ਚੋਂ ਜ਼ਿੰਦਾ ਬਚੇ ਲੋਕ 80 ਸਾਲਾਂ ਬਾਅਦ ਉਸੇ ਥਾਂ ਪਹੁੰਚੇ, 'ਆਉਸ਼ਵਿਤਸ ਲੋਕਾਂ ਨੂੰ ਮਾਰਨ ਦੀ ਪ੍ਰਯੋਗਸ਼ਾਲਾ ਸੀ'

ਤਸਵੀਰ ਸਰੋਤ, Claims Conference
- ਲੇਖਕ, ਪਾਲ ਕਿਰਬੀ
- ਰੋਲ, ਆਉਸ਼ਵਿਤਸ ਤੋਂ
ਆਉਸ਼ਵਿਤਸ-ਬਿਰਕੇਨੌ ਸਥਿਤ ਨਾਜ਼ੀ ਮੌਤ ਕੈਂਪ ਆਖਿਰਕਾਰ 27 ਜਨਵਰੀ 1945 ਨੂੰ ਮੁਕਤ ਹੋ ਗਿਆ ਸੀ। ਇਸ ਮੌਤ ਕੈਂਪ ਵਿੱਚੋਂ ਲਗਭਗ 50 ਜਿਉਂਦੇ ਬਚੇ ਹੋਏ ਲੋਕ ਸੋਮਵਾਰ ਨੂੰ ਉਸ ਦਿਨ ਨੂੰ ਯਾਦ ਕਰਨ ਲਈ ਇਸ ਸਥਾਨ 'ਤੇ ਵਾਪਸ ਆਉਣਗੇ।
ਉਨ੍ਹਾਂ ਨਾਲ ਕਿੰਗ ਚਾਰਲਸ ਅਤੇ ਹੋਰ ਯੂਰਪੀ ਸ਼ਾਹੀ ਪਰਿਵਾਰ, ਫਰਾਂਸ ਦੇ ਇਮੈਨੁਅਲ ਮੈਕਰੋਂ ਅਤੇ ਜਰਮਨ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਸਮੇਤ ਕਈ ਰਾਸ਼ਟਰ ਮੁਖੀ ਵੀ ਸ਼ਾਮਲ ਹੋਣਗੇ।
ਪਰ ਇਸ ਕੈਂਪ ਵਿੱਚ ਉਕਤ ਵਿਸ਼ੇਸ਼ ਸ਼ਖਸੀਅਤਾਂ ਦੀ ਮੌਜੂਦਗੀ ਖਾਸ ਨਹੀਂ ਹੋਵੇਗੀ, ਬਲਕਿ ਇਸ ਕੈਂਪ ਵਿੱਚੋਂ ਆਪਣੀ ਜਾਨ ਬਚਾਉਣ ਵਾਲੇ ਲੋਕ ਖਾਸ ਹੋਣਗੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 80 ਅਤੇ 90 ਸਾਲ ਤੋਂ ਵੱਧ ਹੈ।
ਇਨ੍ਹਾਂ ਨੂੰ ਕੈਂਪ ਵਿੱਚ ਹੋਣ ਵਾਲੇ ਯਾਦਗਾਰੀ ਸਮਾਗਮਾਂ ਦੌਰਾਨ ਵਿਸ਼ੇਸ਼ ਤਵੱਜੋ ਨਾਲ ਸੁਣਿਆ ਜਾਵੇਗਾ, ਜਿੱਥੇ ਦਸ ਲੱਖ ਦਸ ਹਜ਼ਾਰ (1.1 ਮਿਲੀਅਨ) ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯਹੂਦੀ ਸਨ।
ਮੌਤ ਤੋਂ ਬਚੇ ਇਨ੍ਹਾਂ ਲੋਕਾਂ ਦਾ ਸੰਦੇਸ਼ ਦੁਨੀਆ ਨੂੰ ਦੱਸਣਾ ਹੈ ਕਿ ਇੱਥੇ ਕੀ ਹੋਇਆ ਸੀ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਅਜਿਹਾ ਦੁਬਾਰਾ ਕਦੇ ਨਾ ਹੋਵੇ।
ਜੋਨਾ ਲੈਕਸ ਜਿਨ੍ਹਾਂ ਦੀ ਉਮਰ ਹੁਣ 94 ਸਾਲਾਂ ਦੀ ਹੈ ਅਤੇ ਉਹ 1944 ਵਿੱਚ ਆਪਣੀਆਂ ਜੁੜਵਾਂ ਅਤੇ ਵੱਡੀਆਂ ਭੈਣਾਂ ਨਾਲ ਇੱਥੇ ਆਈ ਸੀ। ਉਨ੍ਹਾਂ ਦਾ ਕਹਿਣਾ ਹੈ, ''ਇਸ ਧਰਤੀ 'ਤੇ ਹਰ ਜੀਵ ਨੂੰ ਜਿਉਣ ਦਾ ਹੱਕ ਹੈ। ਆਉਸ਼ਵਿਤਸ ਲੋਕਾਂ ਨੂੰ ਮਾਰਨ ਦੀ ਪ੍ਰਯੋਗਸ਼ਾਲਾ ਸੀ। ਇਹ ਉਸ ਦਾ ਕੰਮ ਸੀ ਅਤੇ ਇਸ ਨੇ ਖੁਦ ਨੂੰ ਸਾਬਤ ਕਰ ਦਿੱਤਾ ਕਿ ਆਉਸ਼ਵਿਤਸ ਤੋਂ ਬਹੁਤ ਘੱਟ ਲੋਕ ਬਚ ਸਕਣ।''
ਹਾਲਾਂਕਿ ਇੱਥੇ ਮੌਦੂਦਾ ਦਿਨਾਂ ਵਿੱਚ ਦਿਨ ਦਾ ਤਾਪਮਾਨ ਜ਼ੀਰੋ ਤੋਂ ਕਾਫ਼ੀ ਉੱਪਰ ਚਲਾ ਗਿਆ ਹੈ ਅਤੇ ਜ਼ਿਆਦਾਤਰ ਬਰਫ਼ ਪਿਘਲ ਗਈ ਹੈ, ਫਿਰ ਵੀ ਸੋਮਵਾਰ ਦੇ ਯਾਦਗਾਰੀ ਸਮਾਗਮਾਂ ਲਈ ਹਿੱਸਾ ਲੈਣ ਵਾਲੇ 50 ਲੋਕਾਂ ਵਿੱਚੋਂ ਕਈ ਹੁਣ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਹ ਜ਼ਿਆਦਾ ਦੇਰ ਤੱਕ ਖੁੱਲ੍ਹੇ ਵਿੱਚ ਨਹੀਂ ਰਹਿ ਸਕਦੇ।

ਸਮਾਗਮ ਵਿੱਚ ਕੀ-ਕੀ ਹੋਵੇਗਾ
ਇਸ ਲਈ, 'ਡੈੱਥ ਗੇਟ' ਦੇ ਉੱਤੇ ਇੱਕ ਵਿਸ਼ਾਲ, ਗਰਮ ਤੰਬੂ ਲਗਾਇਆ ਗਿਆ ਹੈ, ਜਿਸ ਨੂੰ ਬਿਰਕੇਨੌ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।
ਪ੍ਰੋਗਰਾਮ ਦੇ ਦਿਨ ਦੀ ਸ਼ੁਰੂਆਤ ਜਿਉਂਦੇ ਬਚੇ ਹੋਏ ਲੋਕਾਂ ਅਤੇ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਦੁਆਰਾ ਪਹਿਲੇ ਆਉਸ਼ਵਿਤਸ ਕੈਂਪ ਵਿੱਚ 'ਡੈੱਥ ਵਾਲ' 'ਤੇ ਫੁੱਲਮਾਲਾ ਚੜ੍ਹਾਉਣ ਨਾਲ ਹੋਵੇਗੀ, ਜਿੱਥੇ ਹਜ਼ਾਰਾਂ ਪੋਲਿਸ਼ ਕੈਦੀਆਂ, ਯਹੂਦੀਆਂ ਅਤੇ ਸੋਵੀਅਤ ਜੰਗੀ ਕੈਦੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਾਲ ਹੀ ਵਿੱਚ ਇੱਥੇ ਫੁੱਲਮਾਲਾ ਭੇਟ ਕੀਤੀ ਸੀ ਅਤੇ ਉਹ ਵੀਕਐਂਡ 'ਤੇ ਵੀ ਉੱਥੇ ਹੀ ਮੌਜੂਦ ਸਨ।
ਇਸ ਤੋਂ ਬਾਅਦ ਦਾ ਸਮਾਗਮ ਬਿਰਕੇਨੌ ਦੇ ਮੌਤ ਕੈਂਪ ਵਿੱਚ ਹੋਵੇਗਾ, ਜਿਸਨੂੰ ਆਉਸ਼ਵਿਤਸ II ਵਜੋਂ ਜਾਣਿਆ ਜਾਂਦਾ ਹੈ।
ਸੋਵੀਅਤ ਫੌਜਾਂ ਦੁਆਰਾ ਮੌਤ ਕੈਂਪ ਦੀ ਮੁਕਤੀ ਨੂੰ ਮਨਾਉਣ ਵਾਲੀ ਹਰ ਸਾਲ ਵੱਡੀ ਵਰ੍ਹੇਗੰਢ ਵੱਖਰੇ ਤੌਰ 'ਤੇ ਮਨਾਈ ਜਾਂਦੀ ਹੈ। ਤੀਹ ਸਾਲ ਪਹਿਲਾਂ, ਇਸ ਬਾਰੇ ਅੰਤਰਰਾਸ਼ਟਰੀ ਦਿਲਚਸਪੀ ਬਹੁਤ ਘੱਟ ਸੀ, ਇਸ ਲਈ ਪ੍ਰਸਿੱਧ ਲੇਖਕ ਐਲੀ ਵਿਜ਼ੇਲ ਆਪਣੇ ਮੌਤ ਤੋਂ ਬਚੇ ਹੋਏ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਇੱਕ ਵੱਡੇ ਸਮੂਹ ਨੂੰ ਨਾਜ਼ੀਆਂ ਦੁਆਰਾ ਭੱਜਣ ਤੋਂ ਪਹਿਲਾਂ ਉਡਾਏ ਗਏ ਸ਼ਮਸ਼ਾਨਘਾਟ ਵਿੱਚ ਲੈ ਕੇ ਗਏ ਸਨ।

ਜਰਮਨ ਇਤਿਹਾਸਕਾਰ ਸੁਜ਼ੈਨ ਵਿਲੇਮਜ਼ ਉਨ੍ਹਾਂ ਜੀਵਤ ਲੋਕਾਂ ਬਾਰੇ ਬਹੁਤ ਹੀ ਪਿਆਰ ਨਾਲ ਗੱਲ ਕਰਦੇ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਉਹ ਦਹਾਕਿਆਂ ਤੋਂ ਮਿਲਦੀ ਆ ਰਹੀ ਹੈ।
ਉਨ੍ਹਾਂ ਨੇ ਕਿਹਾ, ''ਕਈ ਲੋਕ ਮੇਰੇ ਲਈ ਮੇਰੇ ਪਿਆਰੇ ਦਾਦਾ ਜੀ ਵਰਗੇ ਹੀ ਸਨ। ਬੇਸ਼ੱਕ ਅਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਖੋ ਦਿੱਤਾ ਹੈ ਅਤੇ ਇਹ ਮੇਰਾ ਫਰਜ਼ ਹੈ ਕਿ ਮੈਂ ਅੱਗੇ ਵਧਾਂ ਅਤੇ ਉਨ੍ਹਾਂ ਦੀ ਗਵਾਹ ਬਣਾਂ।''
ਡੈਥ ਗੇਟ ਦੇ ਕੋਲ ਅੰਤਰਰਾਸ਼ਟਰੀ ਨੇਤਾਵਾਂ ਵੱਲੋਂ ਕੋਈ ਵੀ ਰਾਜਨੀਤਿਕ ਭਾਸ਼ਣ ਨਹੀਂ ਦਿੱਤਾ ਜਾਵੇਗਾ। ਲਗਭਗ ਤਿੰਨ ਸਾਲ ਪਹਿਲਾਂ ਯੂਕਰੇਨ ਵਿਰੁੱਧ ਸ਼ੁਰੂ ਕੀਤੇ ਗਏ ਵੱਡੇ ਪੱਧਰ ਦੇ ਯੁੱਧ ਕਾਰਨ ਉੱਥੇ ਰੂਸ ਦੇ ਕਿਸੇ ਵੀ ਨੁਮਾਇੰਦੇ ਦੀ ਮੌਜੂਦਗੀ ਨਹੀਂ ਹੋਵੇਗੀ, ਹਾਲਾਂਕਿ ਕੈਂਪ ਨੂੰ ਪਹਿਲੇ ਯੂਕਰੇਨੀ ਮੋਰਚੇ ਦੀ ਰੂਸੀ-ਦਬਦਬੇ ਵਾਲੀ 60ਵੀਂ ਸੈਨਾ ਦੁਆਰਾ ਆਜ਼ਾਦ ਕਰਵਾਇਆ ਗਿਆ ਸੀ।
ਵਲਾਦੀਮੀਰ ਪੁਤਿਨ 60ਵੀਂ ਵਰ੍ਹੇਗੰਢ ਵਿੱਚ ਸ਼ਾਮਲ ਹੋਏ ਸਨ, ਪਰ ਹੁਣ ਉਨ੍ਹਾਂ ਨੂੰ ਇੱਥੇ ਨਹੀਂ ਬੁਲਾਇਆ ਗਿਆ ਹੈ।
ਯੂਰਪ ਦੀ ਯਹੂਦੀ ਆਬਾਦੀ ਨੂੰ ਤਬਾਹੀ ਕੈਂਪਾਂ ਵਿੱਚ ਖਤਮ ਕਰਨ ਦਾ ਨਾਜ਼ੀਆਂ ਦਾ ਫੈਸਲਾ 1942 ਦੀ ਸ਼ੁਰੂਆਤ ਵਿੱਚ ਲਾਗੂ ਹੋਇਆ ਸੀ। ਕਬਜ਼ੇ ਵਾਲੇ ਪੋਲੈਂਡ ਵਿੱਚ ਛੇ ਤਬਾਹੀ ਕੈਂਪ ਬਣਾਏ ਗਏ ਸਨ: ਚੇਲਮਨੋ, ਬੇਲਜ਼ੇਕ, ਸੋਬੀਬੋਰ, ਟ੍ਰੇਬਲਿੰਕਾ, ਮਾਜਦਾਨੇਕ ਅਤੇ ਆਉਸ਼ਵਿਟਜ਼-ਬਿਰਕੇਨੌ।
ਟ੍ਰੇਬਲਿੰਕਾ ਆਉਸ਼ਵਿਤਸ ਨਾਲੋਂ ਬਹੁਤ ਛੋਟਾ ਸੀ ਅਤੇ ਫਿਰ ਵੀ ਉੱਥੇ ਬਹੁਤ ਘੱਟ ਸਮੇਂ ਵਿੱਚ ਅੱਠ-ਸਾਢੇ ਅੱਠ ਲੱਖ ਯਹੂਦੀਆਂ ਦਾ ਕਤਲ ਕਰ ਦਿੱਤਾ ਗਿਆ ਸੀ।
ਗੈਸ ਚੈਂਬਰ ਅਤੇ ਸ਼ਮਸ਼ਾਨਘਾਟ

ਤਸਵੀਰ ਸਰੋਤ, US States Holocaust Memorial Museum
ਖ਼ਤਰਨਾਕ ਐੱਸਐੱਸ ਦੇ ਸੁਪਰੀਮ ਚੀਫ਼ ਹੇਨਰਿਕ ਹਿਮਲਰ ਅਤੇ ਕੈਂਪ ਕਮਾਂਡੈਂਟ ਰੁਡੋਲਫ ਹੋਸ ਨੇ ਉਦਯੋਗਿਕ ਖੇਤਰਾਂ ਵਿੱਚ ਕੰਮ ਕਰਦੇ ਲੋਕਾਂ ਦੇ ਕਤਲ ਲਈ ਬਿਰਕੇਨੌ ਵਿੱਚ ਇੱਕ ਦੂਜੇ ਕੈਂਪ ਦੇ ਨਿਰਮਾਣ ਲਈ ਆਉਸ਼ਵਿਤਸ ਕੰਪਲੈਕਸ ਦੇ ਵਿਸਥਾਰ ਦੀ ਨਿਗਰਾਨੀ ਕੀਤੀ ਸੀ।
ਸਾਲ 1942 ਦੇ ਅੰਤ ਤੱਕ ਚਾਰ ਅਲੱਗ-ਅਲੱਗ ਗੈਸ ਚੈਂਬਰ ਅਤੇ ਸ਼ਮਸ਼ਾਨਘਾਟ ਸਨ।
ਬਿਰਕੇਨੌ ਵਿੱਚ ਯਹੂਦੀਆਂ ਨੂੰ ਪਹਿਲਾਂ ਸਮੂਹਿਕ ਤੌਰ 'ਤੇ ਮਾਰਚ 1942 ਵਿੱਚ ਸਲੋਵਾਕੀਆ ਅਤੇ ਫਰਾਂਸ ਤੋਂ ਲਿਆਂਦਾ ਗਿਆ ਅਤੇ ਫਿਰ ਜੁਲਾਈ ਵਿੱਚ ਨੀਦਰਲੈਂਡਜ਼ ਅਤੇ ਬੈਲਜੀਅਮ ਤੋਂ ਵੀ ਲੋਕ ਆਉਸ਼ਵਿਤਸ ਵਿੱਚ ਬਦਨਾਮ ਚਿੰਨ੍ਹ 'ਅਰਬੀਟ ਮਾਚਟ ਫ੍ਰੀ' (ਉਦਯੋਗ ਤੁਹਾਨੂੰ ਆਜ਼ਾਦ ਕਰਦਾ ਹੈ) ਹੇਠ ਚੱਲਦੇ ਹੋਏ ਨਵੇਂ ਕੈਂਪ ਵਿੱਚ ਆਪਣੀ ਮੌਤ ਤੱਕ ਪਹੁੰਚੇ।
ਫਿਰ ਜਲਦੀ ਹੀ ਰੇਲਗੱਡੀਆਂ ਬਿਰਕੇਨੌ ਵਿਖੇ ਵਿਸ਼ੇਸ਼ ਤੌਰ 'ਤੇ ਬਣਾਏ ਗਏ ਰੈਂਪ 'ਤੇ ਪਹੁੰਚਣ ਲੱਗੀਆਂ, ਜੋ ਦੋ ਗੈਸ ਚੈਂਬਰਾਂ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਸਨ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰੋਜ਼ਾਨਾ 12,000 ਯਹੂਦੀਆਂ ਨੂੰ ਗੈਸ ਨਾਲ ਮਾਰਿਆ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਜਲਾ ਦਿੱਤਾ ਜਾਂਦਾ ਸੀ।
ਜੋਨਾ ਲੈਕਸ ਨੇ ਪਹਿਲਾਂ ਹੀ ਚੈਲਮੋ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਸੀ ਅਤੇ 1944 ਵਿੱਚ ਆਪਣੀਆਂ ਜੁੜਵਾਂ ਭੈਣ ਮਿਰੀਅਮ ਅਤੇ ਵੱਡੀ ਭੈਣ ਚਾਨਾ ਨਾਲ ਉੱਤਰ ਵਿੱਚ ਸਥਿਤ ਲੋਡਜ਼ ਯਹੂਦੀ ਬਸਤੀ ਤੋਂ ਇੱਥੇ ਪਹੁੰਚੀ ਸੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਮੈਨੂੰ ਖੱਬੇ ਪਾਸੇ ਜਾਣ ਦਾ ਹੁਕਮ ਦਿੱਤਾ ਗਿਆ ਸੀ, ਜਿਸਦਾ ਮਤਲਬ ਸੀ ਸ਼ਮਸ਼ਾਨਘਾਟ, ਜਦੋਂ ਕਿ ਮੇਰੀ ਜੁੜਵਾਂ ਭੈਣ ਨੂੰ ਸੱਜੇ ਪਾਸੇ ਭੇਜ ਦਿੱਤਾ ਗਿਆ ਸੀ।
''ਇਹ ਸਿਰਫ਼ ਇਸ ਲਈ ਕੀਤਾ ਗਿਆ ਸੀ ਕਿਉਂਕਿ ਉਹ ਆਦਮੀ ਇਹ ਕੰਮ ਕਰਕੇ ਇੰਨਾ ਅੱਕ ਚੁੱਕਿਆ ਸੀ ਕਿ ਉਹ ਲੋਕਾਂ ਵੱਲ ਵੇਖੇ ਬਿਨਾਂ ਹੀ 'ਖੱਬੇ, ਸੱਜੇ, ਖੱਬੇ, ਸੱਜੇ' ਕਹਿੰਦਾ ਰਹਿੰਦਾ ਸੀ। ਮੈਨੂੰ ਨਹੀਂ ਪਤਾ ਸੀ ਕਿ ਖੱਬੇ ਪਾਸੇ ਜਾਣ ਦਾ ਮਤਲਬ ਮੌਤ ਹੈ, ਪਰ ਮੈਨੂੰ ਪਤਾ ਸੀ ਕਿ ਇਹ ਚੰਗਾ ਨਹੀਂ ਹੈ।''
ਅੱਸੀ ਤੋਂ ਨੱਬੇ ਫੀਸਦੀ ਨਵੇਂ ਆਉਣ ਵਾਲੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਦੋਂ ਕਿ ਬਾਕੀਆਂ ਨੂੰ ਗੁਲਾਮੀ ਲਈ ਚੁਣਿਆ ਗਿਆ।
ਉਨ੍ਹਾਂ ਨੇ ਦੱਸਿਆ, ''ਮੈਂ ਪਹਿਲਾਂ ਹੀ ਗੇਟ ਦੇ ਬਹੁਤ ਨੇੜੇ ਸੀ; ਮੈਂ ਚਿਮਨੀਆਂ ਤੋਂ ਨਿਕਲਦੀਆਂ ਚੰਗਿਆੜੀਆਂ ਅਤੇ ਅੱਗ ਨੂੰ ਦੇਖ ਸਕਦੀ ਸੀ ਅਤੇ ਮੈਂ ਸੜੇ ਹੋਏ ਮਾਸ ਦੀ ਗੰਧ ਵੀ ਮਹਿਸੂਸ ਕਰ ਸਕਦੀ ਸੀ।''
ਜੋਨਾ ਲੈਕਸ ਨੂੰ ਸਿਰਫ਼ ਇਸ ਲਈ ਬਚਾਇਆ ਗਿਆ ਕਿਉਂਕਿ ਉਨ੍ਹਾਂ ਦੀ ਭੈਣ ਨੇ ਚੀਕ ਕੇ ਕਿਹਾ ਕਿ ਉਸ ਨੂੰ ਉਸ ਦੀ ਜੁੜਵਾਂ ਭੈਣ ਤੋਂ ਵੱਖ ਨਾ ਕੀਤਾ ਜਾਵੇ। ਇਹ ਗੱਲ ਕੈਂਪ ਵਿੱਚ ਮੌਜੂਦ ਕੁਖਿਆਤ ਨਾਜ਼ੀ ਯਾਨੀ 'ਮੌਤ ਦੇ ਦੂਤ' ਜੋਸੇਫ ਮੈਂਗੇਲ ਤੱਕ ਪਹੁੰਚ ਗਈ, ਜੋ ਬਿਰਕੇਨੌ ਦੇ ਕੁਝ ਹਿੱਸਿਆਂ ਦੀ ਵਰਤੋਂ ਅਕਸਰ ਜੁੜਵਾਂ ਬੱਚਿਆਂ 'ਤੇ ਘਾਤਕ ਡਾਕਟਰੀ ਪ੍ਰਯੋਗਾਂ ਲਈ ਕਰਦਾ ਸੀ।

ਤਸਵੀਰ ਸਰੋਤ, Jona Laks
10 ਲੱਖ ਯੂਰਪੀਅਨ ਯਹੂਦੀਆਂ ਦਾ ਕਤਲ
ਔਰਤਾਂ ਅਤੇ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਤੁਰੰਤ ਗੈਸ ਚੈਂਬਰਾਂ ਵਿੱਚ ਭੇਜ ਦਿੱਤਾ ਗਿਆ। ਮੇਰੇ ਦਾਦਾ ਜੀ, ਪਹਿਲੇ ਡੱਚ ਟਰਾਂਸਪੋਰਟ 'ਤੇ 18 ਅਗਸਤ 1942 ਤੱਕ ਇੱਕ ਮਹੀਨਾ ਅਤੇ ਇੱਕ ਦਿਨ ਤੱਕ ਗੁਲਾਮ ਮਜ਼ਦੂਰ ਬਣੇ ਰਹੇ।
ਜੋਨਾ ਲੈਕਸ ਦੇ ਦਾਦਾ ਜੀ ਦੀ ਭੈਣ ਗੀਰਟਜੇ ਵੈਨ ਹੈਸਲਟ, ਉਨ੍ਹਾਂ ਦੇ ਸਕੂਲ ਦੇ ਮੁੱਖ ਅਧਿਆਪਕ ਪਤੀ ਸਾਈਮਨ ਅਤੇ ਉਨ੍ਹਾਂ ਦੀਆਂ ਦੋ ਧੀਆਂ 14 ਸਾਲ ਦੀ ਹਰਮੀ ਅਤੇ ਨੌਂ ਸਾਲ ਦੀ ਸੋਫੀਆ ਦਾ 12 ਫਰਵਰੀ 1943 ਨੂੰ ਪਹੁੰਚਣ 'ਤੇ ਹੀ ਕਤਲ ਕਰ ਦਿੱਤਾ ਗਿਆ ਸੀ।
1941 ਤੋਂ 1945 ਤੱਕ ਇੱਥੇ ਲਗਭਗ ਦਸ ਲੱਖ ਯੂਰਪੀਅਨ ਯਹੂਦੀਆਂ ਦਾ ਕਤਲ ਕੀਤਾ ਗਿਆ ਸੀ। ਪਰ ਮ੍ਰਿਤਕਾਂ ਵਿੱਚ ਲਗਭਗ 70,000 ਪੋਲਿਸ਼ ਕੈਦੀ, 21,000 ਰੋਮਾ ਅਤੇ 15,000 ਸੋਵੀਅਤ ਜੰਗੀ ਕੈਦੀ ਅਤੇ ਅਨੇਕ ਸਮਲਿੰਗੀ ਪੁਰਸ਼ ਵੀ ਸ਼ਾਮਲ ਸਨ ਜਿਨ੍ਹਾਂ ਦੀ ਗਿਣਤੀ ਵੀ ਪਤਾ ਨਹੀਂ ਹੈ।

ਪਿਛਲੇ ਸਾਲ ਆਉਸ਼ਵਿਤਸ ਵਿੱਚ ਦਸ ਲੱਖ 83 ਹਜ਼ਾਰ (1.83 ਮਿਲੀਅਨ) ਸੈਲਾਨੀ ਆਏ ਸਨ। ਹਾਲਾਂਕਿ, ਇਹ ਯਾਦਗਾਰ ਸਮਾਰੋਹ ਕਰਨ ਲਈ ਬੰਦ ਹੈ, ਫਿਰ ਵੀ ਹਫ਼ਤੇ ਦੇ ਅੰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਉਸ਼ਵਿਤਸ 1 ਦੇ ਕਈ ਪੁਰਾਣੇ ਬਲਾਕਾਂ ਵਿੱਚ ਫੈਲੇ ਅਜਾਇਬ ਘਰ ਵਿੱਚ ਘੁੰਮਣ ਲਈ ਆਉਂਦੇ ਹਨ ਅਤੇ ਉਸ ਤੋਂ ਬਾਅਦ ਬਿਰਕੇਨੌ ਦੇ ਵੱਡੇ ਖੇਤਰ ਵਿੱਚ ਫੈਲੇ ਹੋਏ ਉਜਾੜ ਵਿੱਚ ਵੀ ਜਾਂਦੇ ਹਨ।
ਇਹ ਜਗ੍ਹਾ ਕਾਫ਼ੀ ਡਰਾਉਣੀ ਹੈ। ਕਈ ਬਲਾਕਾਂ ਦੇ ਅਵਸ਼ੇਸ਼ਾਂ ਨੂੰ ਕਵਰ ਕਰ ਲਿਆ ਗਿਆ ਹੈ, ਦੂਰ ਤੋਂ ਦੇਖਣ 'ਤੇ ਸਿਰਫ਼ ਇੱਟਾਂ ਦੀਆਂ ਨੀਂਹਾਂ ਹੀ ਬਚੀਆਂ ਹੋਈਆਂ ਹਨ। ਪਰ ਦੋ ਗੈਸ ਚੈਂਬਰ ਅਤੇ ਸ਼ਮਸ਼ਾਨਘਾਟ ਦੇ ਖੰਡਰ ਅਜੇ ਵੀ ਬਚੇ ਹਨ, ਜਿਨ੍ਹਾਂ ਨੂੰ ਨਾਜ਼ੀਆਂ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵਿੱਚ ਉਡਾ ਦਿੱਤਾ ਸੀ।
ਲੰਕਾਸ਼ਾਇਰ ਤੋਂ ਆਪਣੀਆਂ ਸਹੇਲੀਆਂ ਦੇ ਇੱਕ ਗਰੁੱਪ ਨਾਲ ਆਈ 18 ਸਾਲ ਦੀ ਇੱਕ ਲੜਕੀ ਨੇ ਕਿਹਾ, ''ਇੱਥੇ ਆ ਕੇ ਤੁਹਾਨੂੰ ਬੇਚੈਨੀ ਮਹਿਸੂਸ ਹੁੰਦੀ ਹੈ। ਜਦੋਂ ਤੱਕ ਤੁਸੀਂ ਇਸ ਨੂੰ ਨਹੀਂ ਦੇਖਦੇ, ਤੁਹਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ ਕਿ ਇਹ ਕਿੰਨਾ ਦੁਖੀ ਕਰਨ ਵਾਲਾ ਹੈ।''
ਦੂਜੀ ਲੜਕੀ ਨੇ ਕਿਹਾ, ''ਜ਼ਾਹਿਰ ਹੈ ਕਿ ਤੁਸੀਂ ਇਸ ਬਾਰੇ ਜਾਣਦੇ ਹੋ, ਪਰ ਜਦੋਂ ਤੁਸੀਂ ਇਸ ਨੂੰ ਅਸਲ ਜ਼ਿੰਦਗੀ ਵਿੱਚ ਦੇਖਦੇ ਹੋ ਤਾਂ ਇਹ ਪਾਗਲਪਨ ਨਾਲ ਭਰਿਆ ਹੋਇਆ ਲੱਗਦਾ ਹੈ। ਇਹ ਸੋਚਣਾ ਪਾਗਲਪਨ ਹੈ ਕਿ ਕੁਝ ਲੋਕ ਇਹ ਨਹੀਂ ਸੋਚਦੇ ਕਿ ਦੂਜਿਆਂ ਦੀ ਵੀ ਹੋਂਦ ਹੈ।''

ਲੋਕਾਂ ਉੱਤੇ ਕੀ ਪ੍ਰਭਾਵ ਪਿਆ
ਕਈ ਯੂਰਪੀਅਨ ਦੇਸ਼ਾਂ ਵਿੱਚ ਸੱਜੇ-ਪੱਖੀ ਪਾਰਟੀਆਂ ਨੇ ਵੱਡੀ ਤਰੱਕੀ ਹਾਸਲ ਕੀਤੀ ਹੈ, ਖਾਸ ਤੌਰ 'ਤੇ ਜਰਮਨੀ ਵਿੱਚ, ਜਿੱਥੇ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੋਏ ਓਪੀਨੀਅਨ ਪੋਲ ਵਿੱਚ ਅਲਟਰਨੇਟਿਵ ਫਰ ਡੋਇਚਲੈਂਡ (ਏਐੱਫਡੀ) ਦੂਜੇ ਸਥਾਨ 'ਤੇ ਰਹੀ ਹੈ।
ਇਤਿਹਾਸਕਾਰ ਸੁਜ਼ੈਨ ਵਿਲੇਮਜ਼ ਜੋ ਸਾਲਾਂ ਤੋਂ ਆਉਸ਼ਵਿਤਸ ਵਿੱਚ ਲੋਕਾਂ ਦੇ ਗਰੁੱਪ ਲੈ ਕੇ ਜਾਂਦੀ ਰਹੀ ਹੈ, ਪਿਛਲੇ ਹਫ਼ਤੇ ਬਰਲਿਨ ਤੋਂ ਪੁਲਿਸ ਦੇ ਇੱਕ ਗਰੁੱਪ ਨੂੰ ਆਉਸ਼ਵਿਤਸ ਲੈ ਕੇ ਗਈ ਤਾਂ ਕਿ ਉਨ੍ਹਾਂ ਨੂੰ ਨਾਜ਼ੀਵਾਦ ਦੇ ਉਭਾਰ ਬਾਰੇ ਦੱਸਿਆ ਜਾ ਸਕੇ ਅਤੇ ਇਹ ਵੀ ਦੱਸਿਆ ਜਾ ਸਕੇ ਕਿ ਕਿਸ ਪ੍ਰਕਾਰ ਕਿਸੇ ਵੀ ਫੌਜ ਦੇ ਅਧਿਕਾਰੀਆਂ ਦਾ ਤਾਨਾਸ਼ਾਹੀ ਵਿੱਚ ਬਦਲਣ ਦਾ ਖਤਰਾ ਰਹਿੰਦਾ ਹੈ।
ਉਨ੍ਹਾਂ ਨੇ ਕਿਹਾ, ''ਮੈਂ ਇਹ ਕੰਮ ਇਨ੍ਹਾਂ ਲੋਕਾਂ ਨੂੰ ਇਹ ਸਪੱਸ਼ਟ ਰੂਪ ਨਾਲ ਸਮਝਾਉਣ ਲਈ ਕਰ ਰਹੀ ਹਾਂ ਕਿ ਪੁਲਿਸ ਕਾਰਵਾਈ ਦੀਆਂ ਸੀਮਾਵਾਂ ਕੀ ਹੋਣੀਆਂ ਚਾਹੀਦੀਆਂ ਹਨ, ਅਤੇ ਉਨ੍ਹਾਂ ਨੂੰ ਜੋ ਵੀ ਕਰਨ ਲਈ ਕਿਹਾ ਜਾਵੇ, ਉਸ ਦਾ ਪਾਲਣ ਕਰਨਾ ਜਾਂ ਨਾ ਕਰਨਾ, ਇਹ ਉਨ੍ਹਾਂ ਦਾ ਆਪਣਾ ਫੈਸਲਾ ਹੁੰਦਾ ਹੈ।''
''ਉਨ੍ਹਾਂ ਨੂੰ ਕਿਸੇ ਵੀ ਅਜਿਹੀ ਗੱਲ ਨੂੰ ਅਸਵੀਕਾਰ ਕਰਨ ਦਾ ਅਧਿਕਾਰ ਹੈ, ਬਲਕਿ ਉਨ੍ਹਾਂ ਦਾ ਫਰਜ਼ ਹੈ ਜੋ ਉਨ੍ਹਾਂ ਦੀ ਸਮਝ ਨਾਲ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੋਵੇ।''

ਆਉਸ਼ਵਿਤਸ ਵਿਖੇ ਯਾਦਗਾਰੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਯੂਕੇ ਵਿੱਚ ਹੋਲੋਕਾਸਟ ਸਿੱਖਿਆ ਨੂੰ 'ਅਸਲ ਰਾਸ਼ਟਰੀ ਯਤਨ' ਬਣਾਉਣ ਦਾ ਸੰਕਲਪ ਲਿਆ ਤਾਂ ਕਿ ਸੱਚਾਈ ਨੂੰ ਨਕਾਰਨ ਵਾਲੇ ਕਿਸੇ ਵੀ ਵਿਅਕਤੀ ਦੇ ਵਿਰੁੱਧ ਇਸ ਦਾ ਬਚਾਅ ਕੀਤਾ ਜਾ ਸਕੇ।
''ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੇ ਸਕੂਲਾਂ ਵਿੱਚ ਇਸ ਦੀ ਸਿੱਖਿਆ ਦਿੱਤੀ ਜਾਵੇ ਅਤੇ ਹਰ ਨੌਜਵਾਨ ਨੂੰ ਇਸ ਨਸਲਕੁਸ਼ੀ ਵਿੱਚ ਜਿਉਂਦੇ ਬਚੇ ਲੋਕਾਂ ਦੀ ਰਿਕਾਰਡ ਕੀਤੀ ਗਵਾਹੀ ਸੁਣਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਪੀੜਤ ਲੋਕਾਂ ਤੋਂ ਸਿੱਖ ਕੇ ਅਸੀਂ ਦੂਜਿਆਂ ਪ੍ਰਤੀ ਹਮਦਰਦੀ ਅਤੇ ਆਪਣੀ ਸਾਂਝੀ ਮਨੁੱਖਤਾ ਪ੍ਰਤੀ ਸਤਿਕਾਰ ਵਿਕਸਤ ਕਰ ਸਕੀਏ।
''ਇਹ ਹੀ ਮਨੁੱਖਾਂ ਦਰਮਿਆਨ ਪਾਏ ਜਾਣ ਵਾਲੇ ਅੰਤਰ ਪ੍ਰਤੀ ਨਫ਼ਰਤ ਨੂੰ ਹਰਾਉਣ ਦਾ ਅੰਤਮ ਤਰੀਕਾ ਹੈ।''

''ਮੈਂ ਇਸ ਅਪਮਾਨ ਤੋਂ ਥੱਕ ਚੁੱਕੀ ਹਾਂ''
ਜਿਹੜੇ ਲੋਕ ਇਸ ਯਾਦਗਾਰੀ ਸਮਾਰੋਹ ਲਈ ਪੋਲੈਂਡ ਵਿੱਚ ਨਹੀਂ ਹਨ, ਉਨ੍ਹਾਂ ਵਿੱਚ ਇਟਲੀ ਦੀ ਸਭ ਤੋਂ ਪ੍ਰਸਿੱਧ ਜੀਵਤ ਆਉਸ਼ਵਿਤਸ 94 ਸਾਲਾ ਲਿਲੀਆਨਾ ਸੇਗਰੇ ਵੀ ਸ਼ਾਮਲ ਹੈ, ਜੋ ਇਸ ਦੀ ਬਜਾਏ ਰੋਮ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਲਵੇਗੀ।
ਉਮਰ ਭਰ ਲਈ ਸੈਨੇਟਰ ਰਹੀ ਸੇਗਰੇ ਨੂੰ ਯਹੂਦੀ ਵਿਰੋਧੀ ਦੁਰਵਿਵਹਾਰ ਕਾਰਨ ਪੁਲਿਸ ਸੁਰੱਖਿਆ ਮਿਲੀ ਹੋਈ ਹੈ। ਇਸ ਮਹੀਨੇ ਉਨ੍ਹਾਂ ਦੇ ਜੀਵਨ 'ਤੇ ਇੱਕ ਦਸਤਾਵੇਜ਼ੀ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਸੋਸ਼ਲ ਮੀਡੀਆ 'ਤੇ ਇੱਕ ਨਵੇਂ ਪੱਧਰ 'ਤੇ ਪਹੁੰਚ ਗਈ ਹੈ।
ਉਨ੍ਹਾਂ ਦੇ ਪਿਤਾ ਅਤੇ ਦਾਦਾ-ਦਾਦੀ ਦਾ ਬਿਰਕੇਨੌ ਵਿਖੇ ਕਤਲ ਕਰ ਦਿੱਤਾ ਗਿਆ ਸੀ, ਪਰ ਜੋਨਾ ਲੈਕਸ ਵਾਂਗ ਉਹ ਵੀ ਆਪਣੀ ਅੱਲ੍ਹੜ ਉਮਰ ਵਿੱਚ ਹੀ ਰਾਵੇਨਸਬਰੁਕ ਨਜ਼ਰਬੰਦੀ ਕੈਂਪ ਦੇ ਨੇੜੇ ਮਾਲਚੋ ਤੱਕ ਨਾਜ਼ੀਆਂ ਦੇ ਮੌਤ ਮਾਰਚ ਤੋਂ ਬਚ ਗਈ ਸੀ।
ਮਿਲਾਨ ਦੇ ਹੋਲੋਕਾਸਟ ਯਾਦਗਾਰ ਦੇ ਮੁਖੀ, ਰੌਬਰਟੋ ਜਰਾਚ ਕਹਿੰਦੇ ਹਨ, ''ਉਹ [ਸੇਗਰੇ] ਅਕਸਰ ਮੈਨੂੰ ਕਹਿੰਦੀ ਹੈ, ''ਮੈਂ ਇਸ ਅਪਮਾਨ ਤੋਂ ਥੱਕ ਚੁੱਕੀ ਹਾਂ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












