ਸਿੱਧੂ ਮੂਸੇਵਾਲਾ ਬਾਰੇ ਕਿਤਾਬ ਦੇ ਲੇਖਕ ਉੱਤੇ ਮਾਪਿਆਂ ਨੇ ਕੀ ਲਾਏ ਇਲਜ਼ਾਮ, ਕੌਣ ਹੈ ਮਨਜਿੰਦਰ ਮਾਖ਼ਾ ਜਿਸ ਖ਼ਿਲਾਫ਼ ਹੋਈ ਐੱਫ਼ਆਈਆਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ʼਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਸਿੰਘ ਮਾਖਾ ʼਤੇ ਐੱਫਆਈਆਰ ਦਰਜ ਹੋ ਗਈ ਹੈ।

ਇਹ ਐੱਫਆਈਆਰ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਰਵਾਈ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਗ਼ਲਤ ਤੱਥ ਛਾਪੇ ਹਨ।

29 ਮਈ, 2022 ਦੀ ਸ਼ਾਮ ਪੌਪ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਭਾਵੇਂਕਿ, ਮਨਜਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਨੇ ਜੋ ਤਸਵੀਰਾਂ ਵਰਤੀਆਂ ਹਨ ਜਾਂ ਤਾਂ ਸੋਸ਼ਲ ਮੀਡੀਆ ਉੱਤੇ ਦੇਖੀਆਂ ਜਾ ਸਕਦੀਆਂ ਜਾਂ ਫਿਰ ਉਸ ਨੇ ਖਿੱਚੀਆਂ ਹਨ, ਪਰ ਪੁਲਿਸ ਵਲੋਂ ਦਰਜ ਐੱਫ਼ਆਈਆਰ ਵਿੱਚ ਉਨ੍ਹਾਂ ਉੱਤੇ ਫੋਟੋਆਂ ਚੋਰੀ ਕਰਨ ਅਤੇ ਗਲਤ ਤੱਥ ਪੇਸ਼ ਕਰਨ ਦੇ ਇਲਜ਼ਾਮ ਹਨ।

ਮਨਜਿੰਦਰ ਸਿੰਘ ਮਾਖ਼ਾ ਨੂੰ ਸਿੱਧੂ ਮੂਸੇਵਾਲਾ ਦੇ ਬਚਪਨ ਦਾ ਦੋਸਤ ਦੱਸਿਆ ਗਿਆ ਹੈ ਅਤੇ ਉਨ੍ਹਾਂ ਨੇ ਮੂਸੇਵਾਲਾ ਦੀ ਜ਼ਿੰਦਗੀ ਬਾਰੇ ਕਿਤਾਬ "ਰੀਅਲ ਰੀਜ਼ਨ ਵਾਏ ਲੈਜਿੰਡ ਡਾਈਡ" ਲਿਖੀ ਹੈ।

ਐੱਫਆਈਆਰ ਵਿੱਚ ਦਰਜ ਬਿਆਨ ਮੁਤਾਬਕ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਨੇ ਮੂਸੇਵਾਲਾ ਸਬੰਧੀ ਰਿਕਾਰਡ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ।

ਐੱਫਆਈਆਰ ਵਿੱਚ ਕੀ ਇਲਜ਼ਾਮ ਹਨ

ਬਲਕੌਰ ਸਿੰਘ ਸਿੱਧੂ ਦੇ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ, "ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਸਿੰਘ ਮਾਖਾ ਵਾਸੀ ਪਿੰਡ ਮਾਖਾ ਜ਼ਿਲ੍ਹਾ ਮਾਨਸਾ, ਸਾਡੇ ਗੁਆਢੀ ਪਿੰਡ ਦਾ ਹੋਣ ਕਰਕੇ ਸਾਡੇ ਘਰ ਆਉਂਦਾ ਜਾਂਦਾ ਸੀ ਕਿਉਕਿ ਮੇਰੇ ਬੇਟੇ ਸ਼ੁਭਦੀਪ ਸਿੰਘ ਨੂੰ ਬਹੁਤ ਸਾਰੇ ਲੋਕ ਮਿਲਣ ਲਈ ਆਉਦੇ ਰਹਿੰਦੇ ਸਨ।"

"ਉਨ੍ਹਾਂ ਵਿਚੋਂ ਮੁਲਜ਼ਮ ਵੀ ਇਕ ਸੀ। ਮਨਜਿੰਦਰ ਸਿੰਘ ਸਾਡੇ ਘਰ ਆ ਕੇ ਅਕਸਰ ਮੇਰੇ ਅਤੇ ਮੇਰੀ ਪਤਨੀ ਤੋਂ ਮੇਰੇ ਬੇਟੇ ਦੇ ਬਚਪਨ ਬਾਰੇ ਪੁੱਛਦਾ ਸੀ ਅਤੇ ਕਈ ਵਾਰ ਉਸ ਨੇ ਮੇਰੀ ਪਤਨੀ ਤੋਂ ਅਤੇ ਮੇਰੇ ਤੋਂ ਮੇਰੇ ਬੇਟੇ ਸ਼ੁਭਦੀਪ ਦੀਆਂ ਬਚਪਨ ਦੀਆਂ ਫੋਟੋਆਂ ਦੀ ਵੀ ਮੰਗ ਕੀਤੀ।"

"ਅਸੀਂ ਮਨਜਿੰਦਰ ਸਿੰਘ ʼਤੇ ਮੇਰੇ ਬੇਟੇ ਸ਼ੁਭਦੀਪ ਦਾ ਸ਼ੁਭਚਿੰਤਕ ਹੋਣ ਕਰਕੇ ਭਰੋਸਾ ਕਰਦੇ ਸੀ ਅਤੇ ਉਹ ਮੇਰੀ ਪਤਨੀ ਕੋਲ ਬੈਠ ਕੇ ਐਲਬਮ ਨੂੰ ਕਾਫ਼ੀ ਦੇਰ ਤੱਕ ਦੇਖਦਾ ਰਿਹਾ ਅਤੇ ਮੈਨੂੰ ਭਰੋਸੇ ਵਿਚ ਲੈ ਕੇ ਕੁਝ ਫੋਟੋਆਂ ਇਹ ਕਹਿ ਕੇ ਆਪਣੇ ਮੋਬਾਇਲ ਵਿੱਚ ਤਸਵੀਰਾਂ ਖਿੱਚ ਲਈਆਂ ਅਤੇ ਕਿ ਮੈਂ ਸ਼ੁਭਦੀਪ ਦੀ ਯਾਦ ਦੇ ਤੌਰ ʼਤੇ ਇਹ ਫੋਟੋਆਂ ਆਪਣੇ ਕੋਲ ਰੱਖ ਰਿਹਾ ਹੈ। ਮੈਂ ਭਰੋਸਾ ਦਿਵਾਉਣ ʼਤੇ ਉਸ ਨੂੰ ਫੋਟੋਆਂ ਖਿੱਚਣ ਦੀ ਇਜ਼ਾਜਤ ਦੇ ਦਿੱਤੀ।"

ਇਸ ਇਲਾਵਾ ਉਨ੍ਹਾਂ ਐੱਫਆਈਆਰ ਵਿੱਚ ਇਹ ਵੀ ਕਿਹਾ, "ਕੁਝ ਦਿਨ ਬਾਅਦ ਮਿਤੀ 04 ਜੁਲਾਈ 2024 ਨੂੰ ਮੈਨੂੰ ਪਤਾ ਲੱਗਾ ਕਿ ਐਲਬਮ ਜੋ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਨੂੰ ਦੇਖਣ ਵਾਸਤੇ ਦਿੱਤੀ ਸੀ, ਉਸ ਵਿਚੋਂ ਮੇਰੇ ਬੇਟੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਫੋਟੋਆਂ ਅਤੇ ਉਸ ਦੇ ਕਾਲਜ ਦੇ ਵੇਲੇ ਦੀਆਂ ਜ਼ਿਆਦਾਤਰ ਫੋਟੋਆਂ ਗਾਇਬ ਸਨ।"

"ਸਾਡੇ ਦੁਆਰਾ ਕਾਫੀ ਲੱਭਣ ਉੱਤੇ ਵੀ ਉਕਤ ਫੋਟੋਆਂ ਸਾਨੂੰ ਨਹੀਂ ਮਿਲੀਆਂ। ਕੁਝ ਸਮੇਂ ਬਾਅਦ ਇੱਕ ਜਾਣਕਾਰ ਕੋਲੋਂ ਪਤਾ ਲੱਗਾ ਮਾਖ਼ਾ ਨੇ ਜੋ ਕਿਤਾਬ ਲਿਖੀ ਹੈ, ਉਸ ਵਿੱਚ ਮੂਸੇਵਾਲਾ ਬਾਰੇ ਬਹੁਤ ਝੂਠੀਆਂ ਗੱਲਾਂ ਲਿਖੀਆਂ ਹਨ।"

ਬਲਕੌਰ ਸਿੰਘ ਨੇ ਆਪਣੇ ਬਿਆਨ ਵਿੱਚ ਅੱਗੇ ਦੱਸਿਆ "ਮੈਂ ਆਪਣੇ ਤੌਰ ਉੱਤੇ ਮਾਮਲੇ ਦੀ ਪੜਤਾਲ ਲਈ ਉਕਤ ਕਿਤਾਬ ਬਾਰੇ ਪਤਾ ਕੀਤਾ ਤੇ ਉਕਤ ਕਿਤਾਬ ਖਰੀਦੀ ਤਾਂ ਮੈਨੂੰ ਪਤਾ ਲੱਗਾ ਕਿ ਉਕਤ ਕਿਤਾਬ ਵਿੱਚ ਮੇਰੇ ਪਰਿਵਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।"

"ਜਿਵੇਂ ਕਿ ਉਕਤ ਕਿਤਾਬ ਦੇ ਪੰਨਾ 67 'ਤੇ ਲਿਖਿਆ ਗਿਆ ਹੈ ਕਿ ਉਸ ਦੇ ਲਿੰਕ ਭਾਰਤ ਦੇ ʻਵੱਡੇ ਪੋਲੀਟੀਕਲ ਲੀਡਰਾਂ- ਅਤੇ ਵੱਡੇ ਗੈਂਗਸਟਰਾਂ ਨਾਲ ਦੱਸੇ ਜਾਂਦੇ ਹਨ ਜਦਕਿ ਉਕਤ ਛਾਪੀʼ ਗਈ ਗੱਲ ਬਾਰੇ ਨਾ ਤਾਂ ਕੋਈ ਅਧਾਰ ਦੱਸਿਆ ਗਿਆ ਹੈ ਅਤੇ ਨਾ ਹੀ ਉਕਤ ਗੱਲ ਦੇ ਸਬੰਧੀ ਕੋਈ ਸਬੂਤ ਬਾਰੇ ਲਿਖਿਆ ਗਿਆ ਹੈ।"

"ਕਿਤਾਬ ਦੇ ਪੰਨਾ ਨੰਬਰ 68 'ਤੇ ਪੰਜਾਬ ਪੁਲਿਸ ਬਾਰੇ ਲਿਖਿਆ ਹੈ ਕਿ ਡੀਜੀਪੀ ਪੰਜਾਬ ਨੇ ਆਪਣੇ ਦੁਆਰਾ ਮੇਰੇ ਬੇਟੇ ਸ਼ੁਭਦੀਪ ਸਿੰਘ ਦੀ ਮੌਤ ਸਬੰਧੀ ਦਿੱਤਾ ਗਿਆ ਬਿਆਨ ਮੇਰੇ ਅਤੇ ਮੇਰੇ ਪਰਿਵਾਰ ਦੇ ਦਬਾਅ ਕਰਕੇ ਵਾਪਸ ਲੈ ਲਿਆ ਸੀ। ਛਾਪੀਆਂ ਹੋਈਆਂ ਗੱਲਾਂ ਨਾਲ ਮੇਰੇ ਪਰਿਵਾਰ ਦਾ, ਮੇਰਾ ਅਤੇ ਪੰਜਾਬ ਪੁਲਿਸ ਦਾ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਸਾਡਾ ਕਾਫੀ ਮਾਲੀ ਨੁਕਸਾਨ ਹੋ ਰਿਹਾ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕਿਤਾਬ ਲਿਖਣ ਵਾਲੇ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ, "ਤੁਸੀਂ ਉਸ ਨੂੰ ਆਪਣਾ ਪੰਥਕ ਲੀਡਰ ਨਾ ਬਣਾਓ ਉਸ ਦੀ ਸੋਚ ਵਿਚ ਸਥਿਰਤਾ ਨਹੀਂ ਹੈ ਅਤੇ ਉਹ ਇੱਕ ਟਾਇਮ ਤਾਂ ਉਹ ਸੰਤਾਂ ਨੂੰ ਮੰਨਦਾ ਹੈ ਅਤੇ ਦੂਸਰੇ ਹੀ ਟਾਇਮ ਪਾਸ਼ ਨੂੰ ਵੀ ਮੰਨਣ (ਕਮਨਿਊਨਿਜ਼ਮ) ਲੱਗ ਜਾਂਦਾ ਹੈ।"

ਬਲਕੌਰ ਸਿੰਘ ਸਿੱਧੂ ਆਖਦੇ ਹਨ, "ਮੇਰਾ ਬੇਟਾ ਸ਼ੁਭਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਣ ਵਾਲਾ ਅਤੇ ਪ੍ਰਮਾਤਮਾਂ ਨੂੰ ਮੰਨਣ ਵਾਲਾ ਸੀ। ਇਸ ਬਿਆਨ ਨਾਲ ਮੇਰੇ, ਮੇਰੇ ਪਰਿਵਾਰ ਅਤੇ ਸ਼ੁਭਦੀਪ ਦੇ ਕਰੋੜਾਂ ਸ਼ੁਭਚਿੰਤਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।"

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮਨਜਿੰਦਰ ਸਿੰਘ ਉਰਫ਼ ਮਨਜਿੰਦਰ ਮਾਖਾ ਨੇ ਆਪਣੀ ਕਿਤਾਬ ਵਿੱਚ ਆਲ ਰਾਇਟਸ ਰਿਜ਼ਰਵਡ ਲਿਖਿਆ ਹੈ ਜਦਕਿ ਸ਼ੁਭਦੀਪ ਸਿੰਘ ਅਤੇ ਪਰਿਵਾਰ ਨੇ ਕਦੇ ਵੀ ਇਸ ਨੂੰ ਕਦੇ ਵੀ ਕੋਈ ਰਾਇਟ ਨਹੀ ਦਿੱਤਾ।

ਬਲਕੌਰ ਸਿੰਘ ਦਾ ਇਲਜ਼ਾਮ ਹੈ ਕਿ ਅਜਿਹਾ ਕਰ ਕੇ ਮਾਖ਼ਾ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਕੀਤਾ ਹੈ। ਇਸ ਲਈ ਉਸ ʼਤੇ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮਨਜਿੰਦਰ ਸਿੰਘ ਮਾਖ਼ਾ ਕੌਣ ਹੈ

ਐੱਫਆਈਆਰ ਦੀ ਕਾਪੀ ਵਿੱਚ ਦਰਜ ਜਾਣਕਾਰੀ ਮੁਤਾਬਕ ਮਨਜਿੰਦਰ ਸਿੰਘ ਉਰਫ ਮਨਜਿੰਦਰ ਮਾਖ਼ਾ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਹੈ ਕਿ ਉਹ ਪਿੰਡ ਮਾਖ਼ਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ।

ਮਨਜਿੰਦਰ ਸਿੰਘ ਖੇਤੀਬਾੜੀ ਕਰਦਾ ਹੈ ਅਤੇ ਉਹ ਆਪਣੇ-ਆਪ ਨੂੰ ਪੰਜਾਬੀ ਦਾ ਲੇਖਕ ਵੀ ਦੱਸਦਾ ਹੈ।

ਪੁਲਿਸ ਮੁਤਾਬਕ ਆਪਣੇ ਖ਼ਿਲਾਫ਼ ਹੋਈ ਸ਼ਿਕਾਇਤ ʼਤੇ ਬੋਲਦਿਆਂ ਉਸ ਵੀ ਆਪਣਾ ਬਿਆਨ ਦਰਜ ਕਰਵਾਇਆ ਹੈ।

ਸਿੱਧੂ ਪਰਿਵਾਰ ਦੇ ਇਲ਼ਜ਼ਾਮਾਂ ਬਾਰੇ ਆਪਣੇ ਬਿਆਨ ਵਿੱਚ ਮਾਖ਼ਾ ਨੇ ਕਿਹਾ, "ਮੈਂ ਪੰਜਾਬੀ ਦਾ ਪ੍ਰਸਿੱਧ ਲਿਖਾਰੀ ਹਾਂ। ਇਸ ਤੋਂ ਪਹਿਲਾਂ ਮੈਂ ਨਾਵਲ ʻਬਲੱਡ ਲਾਈਨʼ, ਕਵਿਤਾ ਦੀ ਕਿਤਾਬ ʻਤਾਜ਼ੀ ਝਰੀਟʼ ਅਤੇ ਹੁਣ ਮੈਂ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਾਲ ਸਬੰਧਤ ਕਿਤਾਬ ਲਿਖੀ ਹੈ।"

ਕਿਤਾਬ ਬਾਰੇ ਉਨ੍ਹਾਂ ਨੇ ਦੱਸਿਆ, "ਮੈਂ ਇਹ ਕਿਤਾਬ ਤਾਂ ਲਿਖੀ ਹੈ ਕਿਉਕਿ ਸਿੱਧੂ ਮੂਸੇਵਾਲਾ ਮੇਰਾ ਬਹੁਤ ਕਰੀਬੀ ਮਿੱਤਰ ਰਿਹਾ ਹੈ। ਨਾਲ ਰਹਿਣ ਕਰਕੇ ਉਸ ਨਾਲ ਸਬੰਧਤ ਬਹੁਤ ਸਾਰੀਆਂ ਜਾਣਕਾਰੀਆਂ ਮੇਰੇ ਕੋਲ ਸਨ ਜਾਂ ਮੂਸੇਵਾਲਾ ਨੇ ਖ਼ੁਦ ਮੇਰੇ ਨਾਲ ਸਾਂਝੀਆ ਕੀਤੀਆਂ ਸਨ।"

"ਹੁਣ ਤੱਕ ਪਰਿਵਾਰ ਨਾਲ ਵੀ ਮੇਰੇ ਕਰੀਬੀ ਸਬੰਧ ਰਹੇ ਹਨ। ਮੂਸੇਵਾਲਾ ਦੇ ਇਨਸਾਫ਼ ਸਬੰਧੀ ਜੋ-ਜੋ ਵੀ ਪ੍ਰੋਗਰਾਮ ਉਲੀਕੇ ਗਏ ਉਨ੍ਹਾਂ ਵਿੱਚ ਮੈਂ ਪਰਿਵਾਰ ਦੇ ਨਾਲ ਵਿਚਰਦਾ ਰਿਹਾ ਹਾਂ। ਕਿਤਾਬ ਵਿੱਚ ਮੈਂ ਉਸ ਦੇ ਚੰਗੇ ਪੱਖਾ ਨੂੰ ਸਾਹਮਣੇ ਰੱਖਿਆ ਹੈ, ਉਸ ਦੇ ਜੀਵਨ ਸੰਘਰਸ਼ ਬਾਰੇ ਲਿਖਿਆ ਹੈ।"

ਮਾਖ਼ਾ ਕਹਿੰਦੇ ਹਨ, "ਮੈਂ ਅਜਿਹਾ ਕੁਝ ਨਹੀਂ ਲਿਖਿਆ ਜਿਸ ਨਾਲ ਮੂਸੇਵਾਲਾ ਦੇ ਕਿਰਦਾਰ ਨੂੰ ਠੇਸ ਪਹੁੰਚੇ। ਇਸ ਕਿਤਾਬ ਵਿੱਚ ਜਿੰਨੀਆ ਵੀ ਜਾਣਕਾਰੀਆਂ ਮੈਂ ਸਾਂਝੀਆਂ ਕੀਤੀਆਂ ਹਨ, ਉਹ ਸੋਸ਼ਲ ਮੀਡੀਆ ਉੱਤੇ ਆਮ ਦੇਖਣ ਨੂੰ ਮਿਲਦੀਆਂ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਨਾਲ ਰਹਿੰਦਿਆਂ ਹੋਣ ਕਰਕੇ ਮੈਂ ਅੱਖੀਂ ਦੇਖੀਆਂ ਹਨ। ਇੱਕ ਪਬਲਿਕ ਫਿੱਗਰ ਹੋਣ ਕਰਕੇ ਆਮ ਲੋਕਾਂ ਦੀ ਦਿਲਚਸਪੀ ਉਸ ਨੂੰ ਜ਼ਿਆਦਾ ਜਾਣਨ ਵਿੱਚ ਹੈ। ਉਨ੍ਹਾਂ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਿਤਾਬ ਲਿਖੀ ਹੈ।"

ਤਸਵੀਰਾਂ ਬਾਰੇ ਸੁਪੱਸ਼ਟੀਕਰਨ ਦਿੰਦਿਆਂ ਮਨਜਿੰਦਰ ਸਿੰਘ ਨੇ ਕਿਹਾ, "ਜੋ ਵੀ ਫੋਟੋਆਂ ਮੈਂ ਇਸ ਕਿਤਾਬ ਵਿੱਚ ਵਰਤੀਆਂ ਹਨ, ਲਗਭਗ ਉਹ ਸਾਰੀਆ ਇੰਟਰਨੈੱਟ ʼਤੇ ਮੌਜੂਦ ਹਨ। ਇਸ ਤੋਂ ਇਲਾਵਾ ਕੁੱਝ ਫੋਟੋਆਂ ਮੇਰੇ ਦੁਆਰਾ ਖਿੱਚੀਆਂ ਗਈਆਂ ਵਰਤੀਆਂ ਹਨ।"

"ਇਸ ਤੋਂ ਇਲਾਵਾ ਲੇਖਕ ਹੋਣ ਕਰ ਕੇ ਮੈਨੂੰ ਲਿਟਲੇਚਰ ਲਿਖਣ ਸਬੰਧੀ ਅਜ਼ਾਦੀ ਹੈ। ਮੇਰੀ ਕਿਤਾਬ ਤੋਂ ਪਹਿਲਾ ਵੀ ਮੂਸੇਵਾਲਾ ਉੱਤੇ 8/10 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਆਖ਼ਰ ਵਿੱਚ ਮੈਂ ਇਸ ਦਰਖ਼ਾਸਤ ਸਬੰਧੀ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਤਾਬ ਮੂਸੇਵਾਲਾ ਦੇ ਚੰਗੇ ਕਿਰਦਾਰ ਨੂੰ ਪੇਸ਼ ਕਰਦੀ ਹੈ।"

ਪੁਲਿਸ ਨੇ ਦੱਸੀਆਂ ਵੱਖ-ਵੱਖ ਧਾਰਾਵਾਂ

ਪੁਲਿਸ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਕਰਨ ਤੋਂ ਬਾਅਦ ਉਹ ਇਸ ਸਿੱਟੇ ʼਤੇ ਪਹੁੰਚੇ ਹਨ ਕਿ ਮਨਜਿੰਦਰ ਮਾਖ਼ਾ ਵੱਲੋ ਜਨਵਰੀ 2023 ਵਿੱਚ ਦਰਖ਼ਾਸਤੀ ( ਬਲਕੌਰ ਸਿੰਘ) ਅਤੇ ਉਸ ਦੀ ਪਤਨੀ ਨੂੰ ਭਰੋਸੇ ਵਿੱਚ ਲੈ ਕੇ 2 ਫੋਟੋਆਂ ਹਾਸਲ ਕੀਤੀਆਂ ਹਨ ਅਤੇ 4 ਫੋਟੋਆਂ ਚੋਰੀ ਕੀਤੀਆਂ ਹਨ।

ਇਸ ਤੋਂ ਇਲਾਵਾ ਉਸ ਨੇ ਪਰਿਵਾਰ ਦੀ ਮਨਜ਼ੂਰੀ ਤੋਂ ਬਿਨ੍ਹਾਂ ਕਿਤਾਬ ਛਾਪੀ ਹੈ ਅਤੇ ਦਰਖ਼ਾਸਤੀ ਦੇ ਮੁੰਡੇ (ਮੂਸੇਵਾਲਾ) ਬਾਰੇ ਗ਼ਲਤ ਲਿਖ ਤੇ ਉਸ ਦੀਆਂ ਅਤੇ ਉਸ ਦੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

  • ਪੁਲਿਸ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਵੱਲੋਂ ਬਲਕੌਰ ਸਿੰਘ ਘਰੋਂ ਕੁਝ ਫੋਟੋਆਂ ਚੋਰੀ ਕਰਨ ʼਤੇ ਜੁਰਮ 451 ਅਤੇ 380 ਆਈਪੀਸੀ ਦੇ ਤਹਿਜ ਜੁਰਮ ਬਣਦਾ ਹੈ।
  • ਇਸ ਤੋਂ ਇਲਾਵਾ ਚਰਨ ਕੌਰ ਤੋਂ ਉਨ੍ਹਾਂ ਦੇ ਮੁੰਡੇ ਸ਼ੁਭਦੀਪ ਸਿੰਘ ਦੀ ਫੋਟੋ/ਫੋਟੋਆਂ ਵੱਡੀਆਂ ਕਰਾਉਣ ਲਈ ਲੈ ਕੇ ਅਤੇ ਮੰਗਣ ਅਤੇ ਵਾਪਸ ਨਾ ਕਰਨ ʼਤੇ ਅਤੇ ਬਾਅਦ ਵਿੱਚ ਕਿਤਾਬ ਵਿੱਚ ਉਸ ਦੀ ਵਰਤੋਂ ਕਰਨਾ ਜੁਰਮ 406 ਆਈਪੀਸੀ ਦਾ ਬਣਦਾ ਹੈ।
  • ਕਿਤਾਬ ਦੀ ਛਿਪਾਈ ਸਤੰਬਰ 2024 ਦੀ ਹੈ। ਇਸ ਲਈ ਮਾਖਾ ਨੇ ਆਪਣੀ ਕਿਤਾਬ ਦੇ ਪੰਨਾ ਨੰਬਰ 67 ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਬੰਧ ਗੈਗਸਟਰ ਨਾਲ ਦੱਸਣ ਤੇ ਜੁਰਮ 356(3) ਬੀਐੱਨਐੱਸ 2023 ਦਾ ਬਣਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)