ਅਤੁਲ ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆਂ ਗ੍ਰਿਫ਼ਤਾਰ: 'ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੇਰੀਆਂ ਅਸਥੀਆਂ ਗਟਰ 'ਚ ਸੁੱਟ ਦਿਓ'

ਤਸਵੀਰ ਸਰੋਤ, DCP, WHITEFIELD
- ਲੇਖਕ, ਬਾਲਾ ਸਤੀਸ਼
- ਰੋਲ, ਬੀਬੀਸੀ ਸਹਿਯੋਗੀ
ਬੈਂਗਲੁਰੂ ਪੁਲਿਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇੰਜੀਨੀਅਰ ਅਤੁਲ ਸੁਭਾਸ਼ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਿਕਿਤਾ ਸਿੰਘਾਨੀਆ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਤੇ ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੈਂਗਲੁਰੂ ਦੇ ਵ੍ਹਾਈਟਫੀਲਡ ਡਿਵੀਜ਼ਨ ਦੇ ਡੀਸੀਪੀ ਸ਼ਿਵਕੁਮਾਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਨਿਕਿਤਾ ਸਿੰਘਾਨੀਆ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਮਾਂ ਅਤੇ ਭਰਾ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚੋਂ ਫੜਿਆ ਗਿਆ ਹੈ। ਉਨ੍ਹਾਂ ਨੂੰ ਬੈਂਗਲੁਰੂ ਲਿਆਂਦਾ ਗਿਆ।"
"ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।"
ਆਪਣੀ ਮੌਤ ਤੋਂ ਪਹਿਲਾਂ ਅਤੁਲ ਸੁਭਾਸ਼ ਨੇ 24 ਪੰਨਿਆਂ ਦਾ ਨੋਟ ਛੱਡਿਆ ਸੀ ਅਤੇ ਇੱਕ ਘੰਟਾ 21 ਮਿੰਟ ਦਾ ਵੀਡੀਓ ਬਣਾਇਆ ਸੀ।
ਇਸ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਤੰਗ-ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ।

ਤਸਵੀਰ ਸਰੋਤ, AtulSubhas/X
ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ
"ਮੇਰੀਆਂ ਅਸਥੀਆਂ ਨੂੰ ਉਦੋਂ ਤੱਕ ਨਾ ਵਹਾਇਆ ਜਾਵੇ ਜਦੋਂ ਤੱਕ ਮੇਰੇ ਨਾਲ ਧੱਕਾ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ। ਜੇ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੇਰੀਆਂ ਅਸਥੀਆਂ ਅਦਾਲਤ ਦੇ ਬਾਹਰ ਗਟਰ ਵਿੱਚ ਵਹਾਅ ਦਿੱਤੀਆਂ ਜਾਣ।"
ਇਹ ਸ਼ਬਦ ਬੈਂਗਲੁਰੂ ਦੇ ਇੱਕ ਆਈਟੀ ਮੁਲਾਜ਼ਮ ਅਤੁਲ ਸੁਭਾਸ਼ ਨੇ ਮੌਤ ਤੋਂ ਪਹਿਲਾਂ ਲਿਖੇ ਆਪਣੇ ਆਖਰੀ ਪੱਤਰ ਵਿੱਚ ਕਹੇ।
ਅਤੁਲ ਦੀ ਇਹ ਚਿੱਠੀ ਦੇਸ਼ ਭਰ ਵਿੱਚ ਸੁਰਖੀਆਂ 'ਚ ਬਣੀ ਹੋਈ ਹੈ। ਇਸ ਚਿੱਠੀ ਵਿੱਚ ਅਤੁਲ ਨੇ ਆਪਣੀ ਪਤਨੀ, ਉਸ ਦੇ ਪਰਿਵਾਰ ਅਤੇ ਇੱਕ ਜੱਜ ਉੱਪਰ ਕਥਿਤ ਤੌਰ ’ਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ।
ਅਤੁਲ ਸੁਭਾਸ਼ ਨੇ 24 ਪੇਜਾਂ ਦੇ ਲੰਬੇ ਨੋਟ ਅਤੇ ਆਪਣੇ ਐਕਸ ਅਕਾਊਂਟ 'ਤੇ ਇੱਕ ਘੰਟਾ 20 ਮਿੰਟ ਲੰਬੀ ਵੀਡੀਓ ਅਪਲੋਡ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।
ਉਨ੍ਹਾਂ ਨੇ ‘ਦਿਸ ਏਟੀਐੱਮ ਇਜ਼ ਪਰਮਾਨੈਂਟਲੀ ਕਲੋਜ਼ਡ. ਏ ਲੀਗਲ ਜੈਨੋਸਾਈਡ ਇਜ਼ ਹੈਪਨਿੰਗ ਇਨ ਇੰਡੀਆ’ ਸਿਰਲੇਖ ਹੇਠ ਚਿੱਠੀ ਐਕਸ ਉੱਤੇ ਪੋਸਟ ਕੀਤੀ। ਜਿਸ ਦਾ ਪੰਜਾਬੀ ਤਰਜ਼ਮਾ ਹੈ ‘ਇਹ ਏਟੀਐੱਮ ਹੁਣ ਸਦਾ ਲਈ ਬੰਦ ਹੈ। ਭਾਰਤ ਵਿੱਚ ਇੱਕ ਕਾਨੂੰਨੀ ਨਸਲਕੁਸ਼ੀ ਹੋ ਰਹੀ ਹੈ।’

ਕਰਨਾਟਕਾ ਪੁਲਿਸ ਦੇ ਇੱਕ ਪੁਲਿਸ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ 'ਤੇ ਦੱਸਿਆ ਕਿ ਉਨ੍ਹਾਂ ਨੂੰ ਅਤੁਲ ਦੇ ਭਰਾ ਦੀ ਸ਼ਿਕਾਇਤ ਮਿਲੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਕਿਹਾ,"ਘਟਨਾ ਸਥਾਨ 'ਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਖੁਦਕੁਸ਼ੀ ਸੀ, ਹਾਲਾਂਕਿ ਅਸੀਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਹੀ ਵੇਰਵੇ ਅਤੇ ਕਾਰਨ ਦੱਸ ਸਕਦੇ ਹਾਂ। ਸਾਡੀਆਂ ਟੀਮਾਂ ਇਸ 'ਤੇ ਕੰਮ ਕਰ ਰਹੀਆਂ ਹਨ।''
ਅਤੁਲ ਨੇ ਇੱਕ ਅਲਮਾਰੀ ਉੱਤੇ ਇੱਕ ਪੋਸਟਰ ਚਿਪਕਾਇਆ ਹੋਇਆ ਸੀ, ਜਿਸ ਉੱਤੇ ਅੰਗਰੇਜ਼ੀ ਵਿੱਚ "ਜਸਟਿਸ ਇਜ਼ ਡਿਊ" ਲਿਖਿਆ ਹੋਇਆ ਸੀ।
ਉਨ੍ਹਾਂ ਨੇ ਆਪਣੇ ਘਰ ਵਿੱਚ ਇਸ ਤੋਂ ਇਲਾਵਾ ਕੁਝ ਕੰਮਾਂ ਦੀ ਇੱਕ ਚੈਕਲਿਸਟ ਵੀ ਚਿਪਕਾਈ ਹੋਈ ਸੀ, ਜਿਸ ਨੂੰ ਆਪਣੀ ਮੌਤ ਤੋਂ ਪਹਿਲਾਂ ਪੂਰਾ ਕਰਨਾ ਚਾਹੁੰਦੇ ਸੀ। ਪਰ ਉਨ੍ਹਾਂ ਨੇ ਇਹ ਸਭ ਛੱਡ ਦਿੱਤਾ ਅਤੇ ਖ਼ੁਦਕੁਸ਼ੀ ਕਰ ਲਈ।

ਤਸਵੀਰ ਸਰੋਤ, Getty Images
ਬੈਂਗਲੁਰੂ ਦੇ ਮਰਥਾਹੱਲੀ ਪੁਲਿਸ ਸਟੇਸ਼ਨ 'ਚ ਦਰਜ ਕੀਤੀ ਗਈ ਐੱਫਆਈਆਰ ਵਿੱਚ ਅਤੁਲ ਦੀ ਪਤਨੀ ਨਿਕਿਤਾ ਸਿੰਘਾਨੀਆ, ਸੱਸ, ਨਿਕਿਤਾ ਦੇ ਭਰਾ ਅਤੇ ਅੰਕਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਅਤੁਲ ਦੇ ਭਰਾ ਬਿਕਾਸ ਕੁਮਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਮ੍ਰਿਤਕ ਅਤੁਲ ਦੇ ਮਾਤਾ-ਪਿਤਾ ਬਿਹਾਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਭਰਾ ਦਿੱਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਪਤਨੀ ਜੌਨਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ, ਜਿੱਥੇ ਇਹ ਕੇਸ ਦਰਜ ਕੀਤਾ ਗਿਆ ਹੈ।
ਅਤੁਲ ਨੇ ਆਪਣੇ ਨੋਟ ਵਿੱਚ ਜੌਨਪੁਰ, ਉੱਤਰ ਪ੍ਰਦੇਸ਼ ਦੀ ਪ੍ਰਿੰਸੀਪਲ ਫੈਮਿਲੀ ਕੋਰਟ ਦੇ ਇੱਕ ਜੱਜ ਦੇ ਨਾਮ ਦਾ ਵੀ ਜ਼ਿਕਰ ਕੀਤਾ ਹੈ ਪਰ ਬਿਕਾਸ ਦੀ ਸ਼ਿਕਾਇਤ ਜਾਂ ਐੱਫਆਈਆਰ ਵਿੱਚ ਉਨ੍ਹਾਂ ਨਾਮ ਸ਼ਾਮਲ ਨਹੀਂ ਹੈ।
ਬਿਕਾਸ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਸ ਨੂੰ 9 ਦਸੰਬਰ ਦੀ ਸਵੇਰ ਨੂੰ ਅਤੁਲ ਦੀ ਮੌਤ ਦੀ ਜਾਣਕਾਰੀ ਮਿਲੀ ਸੀ। ਫਿਲਹਾਲ ਬੈਂਗਲੁਰੂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚਿੱਠੀ ਵਿੱਚ ਕੀ ਲਿਖਿਆ ਹੈ?

ਤਸਵੀਰ ਸਰੋਤ, Getty Images
ਅਤੁਲ ਦੇ 24 ਪੰਨਿਆਂ ਦੇ ਪੱਤਰ ਵਿੱਚ ਮੈਸੇਜ, ਕੇਸਾਂ ਦੇ ਵੇਰਵੇ, ਵੱਟਸਐਪ ਚੈਟ ਦੇ ਸਕਰੀਨਸ਼ਾਟ ਅਤੇ ਕੁਝ ਫੋਟੋਆਂ ਹਨ। ਹਰ ਪੰਨੇ 'ਤੇ ਅੰਗਰੇਜ਼ੀ ਵਿੱਚ ਇੱਕ ਵੱਡਾ ਸਿਰਲੇਖ ਲਿਖਿਆ ਹੈ, "ਜਸਟਿਸ ਇਜ਼ ਡਿਊ।"
ਆਪਣੇ ਪੱਤਰ ਵਿੱਚ ਉਨ੍ਹਾਂ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ ਹੈ ਜਿਵੇਂ ਕਿ ਉਨ੍ਹਾਂ ਤੋਂ ਅਦਾਲਤ ਵਿੱਚ ਰਿਸ਼ਵਤ ਮੰਗੀ ਗਈ ਪਰ ਉਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਹ ਵੀ ਲਿਖਿਆ," ਉਹ ਮੇਰੇ ਤੋਂ ਪੈਸੇ ਵਸੂਲਣ ਲਈ ਮੇਰੇ ਬੱਚੇ ਨੂੰ ਹਥਿਆਰ ਵਜੋਂ (ਦੇਖ-ਭਾਲ ਲਈ ਲਏ ਜਾਣ ਵਾਲੇ ਪੈਸੇ) ਵਰਤ ਰਹੇ ਹਨ।"
ਉਨ੍ਹਾਂ ਨੇ ਛੇ ਕੇਸਾਂ ਅਤੇ ਪਤਨੀ ਨੀਕੀਤਾ ਵੱਲੋਂ ਅਤੁਲ ਵਿਰੁੱਧ ਦਾਇਰ ਤਿੰਨ ਪਟੀਸ਼ਨਾਂ ਅਤੇ ਗੱਲਬਾਤ ਦੇ ਵੇਰਵਿਆਂ ਦਾ ਵੀ ਜ਼ਿਕਰ ਕੀਤਾ ਹੈ, ਜਿੱਥੇ ਪਤਨੀ ਨੇ ਉਸ ਨੂੰ ਕਥਿਤ ਤੌਰ 'ਤੇ ਖੁਦਕੁਸ਼ੀ ਲਈ ਉਕਸਾਇਆ ਸੀ। ਇਨ੍ਹਾਂ ਵਿਚੋਂ ਇੱਕ ਘਟਨਾ ਜੱਜ ਦੇ ਸਾਹਮਣੇ ਦੀ ਹੈ। ਇਹ ਗੱਲਬਾਤ ਹਿੰਦੀ ਵਿੱਚ ਵਿਸਤ੍ਰਿਤ ਹੈ।
ਆਪਣੇ ਪੱਤਰ ਵਿੱਚ ਉਨ੍ਹਾਂ ਨੇ ਅਦਾਲਤੀ ਅਮਲੇ ਅਤੇ ਇੱਕ ਨਿਆਂਇਕ ਅਧਿਕਾਰੀ ਵੱਲੋਂ ਕੇਸ ਦੇ ਨਿਪਟਾਰੇ ਲਈ ਪੈਸੇ ਮੰਗਣ ਦੇ ਇਲਜ਼ਾਮ ਵੀ ਲਾਏ ਹਨ। ਇਸ ਵਿੱਚ ਉਨ੍ਹਾਂ ਨੇ ਨਾਮ, ਮੰਗੀ ਗਈ ਰਕਮ ਅਤੇ ਪਤਨੀ ਅਤੇ ਉਸ ਦੇ ਪਰਿਵਾਰ ਵੱਲੋਂ ਰੱਖੀਆਂ ਗਈਆਂ ਮੰਗਾਂ ਦਾ ਵੀ ਜ਼ਿਕਰ ਹੈ।
ਇਹ ਵੀ ਲਿਖਿਆ ਕਿ ਕਿਵੇਂ ਪਤਨੀ ਵੱਲੋਂ ਸਾੜੀਆਂ ਅਤੇ ਗਹਿਣਿਆਂ ਦੀ ਮੰਗ ਕੀਤੀ ਗਈ, ਜਿਸ ਦੀ ਕੀਮਤ ਲੱਖਾਂ ਵਿੱਚ ਹੈ ਅਤੇ ਮਕਾਨ ਬਣਾਉਣ ਲਈ ਵੀ ਕਿਹਾ ਗਿਆ।
ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਅਤੁਲ ਨੇ ਆਪਣੇ ਨੋਟ ਵਿੱਚ ਲਿਖਿਆ ਹੈ, ਬੀਬੀਸੀ ਆਜ਼ਾਦ ਤੌਰ ’ਤੇ ਇਨ੍ਹਾਂ ਇਲਜ਼ਾਮ ਦੀ ਪੁਸ਼ਟੀ ਨਹੀਂ ਕਰਦਾ।
ਅਤੁਲ ਦੀ ਕੀ ਮੰਗ ਹੈ?

ਤਸਵੀਰ ਸਰੋਤ, Getty Images
ਅਤੁਲ ਨੇ ਇਹ ਵੀ ਮੰਗ ਕੀਤੀ ਕਿ ਉਸ ਦੇ ਕੇਸ ਦੀ ਜਨਤਕ ਤੌਰ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਸੁਣਵਾਈ ਕੀਤੀ ਜਾਵੇ ਅਤੇ ਉਸ ਦੇ 'ਖੁਦਕੁਸ਼ੀ ਨੋਟ' ਅਤੇ ਵੀਡੀਓ ਨੂੰ ਮਰਨ ਦੇ ਐਲਾਨ ਵਜੋਂ ਲਿਆ ਜਾਵੇ ਅਤੇ ਉਸ ਦੇ ਕੇਸ ਨੂੰ ਬੈਂਗਲੁਰੂ ਦੀਆਂ ਅਦਾਲਤ ਵਿੱਚ ਤਬਦੀਲ ਕੀਤਾ ਜਾਵੇ, ਜੋ ਯੂਪੀ ਤੋਂ ਬਿਹਤਰ ਹਨ।
ਅਤੁਲ ਨੇ ਇਹ ਵੀ ਲਿਖਿਆ ਕਿ ਉਸ ਦੇ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਜਾਵੇ ਅਤੇ ਉਸ ਨੂੰ ਤੰਗ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਉਸ ਦੇ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ। ਉਸ ਦੀ ਪਤਨੀ ਖ਼ਿਲਾਫ਼ ਕੇਸ ਉਦੋਂ ਤੱਕ ਵਾਪਸ ਕਰਨ ਲੈਣ ਦੀ ਇਜ਼ਾਜਤ ਨਾ ਦਿੱਤੀ ਜਾਵੇ, ਜਦੋਂ ਤੱਕ ਉਹ ਝੂਠਾ ਕੇਸ ਦਰਜ ਕਰਨ ਦੀ ਗੱਲ ਨਹੀਂ ਮੰਨ ਨਾ ਲਵੇ।
ਅਤੁਲ ਦੇ ਪਰਿਵਾਰ ਦਾ ਕੀ ਕਹਿਣਾ

ਤਸਵੀਰ ਸਰੋਤ, Thinkstock
ਅਤੁਲ ਦਾ ਪਰਿਵਾਰ ਨਿਕਿਤਾ ਦੇ ਪਰਿਵਾਰ 'ਤੇ ਗੰਭੀਰ ਇਲਜ਼ਾਮ ਲਗਾ ਰਿਹਾ ਹੈ।
ਅਤੁਲ ਦੇ ਪਿਤਾ ਪਵਨ ਕੁਮਾਰ ਨੇ ਏਐੱਨਆਈ ਨੂੰ ਕਿਹਾ,"ਅਦਾਲਤ ਦੇ ਅਧਿਕਾਰੀ ਕਾਨੂੰਨ ਜਾਂ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਕੰਮ ਨਹੀਂ ਕਰ ਰਹੇ ਹਨ। ਉਸ ਨੇ ਬੈਂਗਲੁਰੂ ਤੋਂ ਜੌਨਪੁਰ ਤੱਕ ਘੱਟੋ-ਘੱਟ 40 ਵਾਰ ਸਫ਼ਰ ਕੀਤਾ।”
“ਉਹ ਕੁੜੀ (ਅਤੁਲ ਦੀ ਪਤਨੀ) ਇੱਕ ਤੋਂ ਬਾਅਦ ਇੱਕ ਕੇਸ ਦਰਜ ਕਰਵਾਉਂਦੀ ਰਹੀ। ਉਹ ਬਹੁਤ ਨਿਰਾਸ਼ ਸੀ ਪਰ ਉਸ ਨੇ ਕਦੇ ਵੀ ਸਾਨੂੰ ਇਹ ਗੱਲ ਮਹਿਸੂਸ ਤੱਕ ਨਹੀਂ ਹੋਣ ਦਿੱਤੀ।”
“ਅਚਾਨਕ ਸਵੇਰ ਦੇ 1 ਵਜੇ ਮੇਰੇ ਛੋਟੇ ਪੁੱਤਰ ਨੂੰ ਇੱਕ ਈਮੇਲ ਮਿਲੀ। ਮੇਰੇ ਪੁੱਤਰ ਵੱਲੋਂ ਉਸ ਕੁੜੀ ਉੱਪਰ ਲਗਾਏ ਗਏ ਇਲਜ਼ਾਮ 100 ਫ਼ੀਸਦ ਸੱਚ ਹਨ। ਅਸੀਂ ਬਿਆਨ ਨਹੀਂ ਕਰ ਸਕਦੇ ਕਿ ਸਾਡਾ ਪੁੱਤਰ ਕਿਸ ਦਰਦ ਵਿੱਚੋਂ ਲੰਘਿਆ ਹੈ।"
ਨਿਕਿਤਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਪ੍ਰਤੀਕਿਰਿਆ ਲੈਣ ਲਈ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਵਿੱਚੋਂ ਕੋਈ ਵੀ ਟਿੱਪਣੀ ਦੇਣ ਲਈ ਮੌਜੂਦ ਨਹੀਂ ਸੀ।
ਜੇ ਭਵਿੱਖ ਵਿੱਚ ਉਹ ਆਪਣਾ ਪੱਖ ਰੱਖਣਗੇ ਤਾਂ ਉਸ ਨੂੰ ਇਸ ਖ਼ਬਰ ਵਿੱਚ ਜੋੜਿਆ ਜਾਵੇਗਾ।
ਇਸ ਘਟਨਾ ਤੋਂ ਬਾਅਦ ਕਈ ਲੋਕਾਂ ਨੇ ਇੰਟਰਨੈੱਟ ਉੱਤੇ ਨਿਕਿਤਾ ਦੇ ਲਿੰਕਡਇਨ ਪ੍ਰੋਫਾਈਲ ਤੋਂ ਜਾਣਕਾਰੀ ਅਤੇ ਫੋਟੋਆਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਉਸ ਦੀ ਕੰਪਨੀ ਨੂੰ ਟੈਗ ਕੀਤਾ ਅਤੇ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਹਾਲਾਂਕਿ ਕੁਝ ਨੇ ਸੁਝਾਅ ਦਿੱਤਾ ਕਿ ਕਿਸੇ ਵੀ ਅੰਤਿਮ ਰਾਇ 'ਤੇ ਪਹੁੰਚਣ ਤੋਂ ਪਹਿਲਾਂ ਉਸ ਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਹੈ।
ਸੋਸ਼ਲ ਮੀਡੀਆ 'ਤੇ ਭਾਰਤ ਵਿੱਚ ਮਰਦਾਂ ਦੇ ਅਧਿਕਾਰਾਂ ਦੀ ਖ਼ੂਬ ਚਰਚਾ ਹੋ ਰਹੀ ਹੈ।
ਬਹੁਤ ਸਾਰੇ ਲੋਕ ਇਹ ਦਲੀਲ ਦਿੰਦੇ ਹਨ ਕਿ ਪੀੜ੍ਹੀਆਂ ਤੋਂ ਲਾਗੂ ਔਰਤਾਂ ਨੂੰ ਸੋਸ਼ਣ ਅਤੇ ਦਮਨ ਤੋਂ ਬਚਾਉਣ ਲਈ ਬਣਾਏ ਗਏ ਕਾਨੂੰਨ ਹੁਣ ਮਰਦਾਂ ਲਈ ਸਰਾਪ ਬਣ ਗਏ ਹਨ।
ਸੁਪਰੀਮ ਕੋਰਟ ਦੀਆਂ ਟਿੱਪਣੀਆਂ

ਤਸਵੀਰ ਸਰੋਤ, ਸੰਕੇਤਕ ਤਸਵੀਰ
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਕੁਝ ਕੇਸਾਂ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਦੇਸ਼ ਭਰ ਵਿੱਚ ਵਿਆਹ ਸਬੰਧੀ ਝਗੜਿਆਂ 'ਚ ਜ਼ਿਕਰਯੋਗ ਵਾਧਾ ਹੋਇਆ ਹੈ, ਇਸ ਦੇ ਸਿੱਟੇ ਵਜੋਂ ਆਈਪੀਸੀ ਦੀ ਧਾਰਾ 498 ਏ ਵਰਗੀਆਂ ਵਿਵਸਥਾਵਾਂ ਦੀ ਦੁਰਵਰਤੋਂ ਕਰਨ ਦਾ ਰੁਝਾਨ ਵੱਧ ਰਿਹਾ ਹੈ।
ਪਤਨੀ ਵੱਲੋਂ ਪਤੀ ਅਤੇ ਉਸ ਦੇ ਪਰਿਵਾਰ ਦੇ ਖ਼ਿਲਾਫ਼ ਨਿੱਜੀ ਬਦਲਾਖੋਰੀ ਲਈ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਵਿਆਹੁਤਾ ਜੀਵਨ ਨਾਲ ਜੁੜੇ ਝਗੜਿਆਂ ਦੇ ਮਾਮਲਿਆਂ ਵਿੱਚ ਜੇਕਰ ਲਾਈਆਂ ਗਏ ਇਲਜ਼ਮਾਂ ਦੀ ਗੰਭੀਰਤਾ ਨਾਲ ਪੜਤਾਲ ਨਹੀਂ ਕੀਤੀ ਜਾਵੇਗੀ ਤਾਂ ਇਹ ਪਤਨੀ ਅਤੇ ਉਸ ਦੇ ਪਰਿਵਾਰ ਨੂੰ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦੀ ਦੁਰਵਰਤੋਂ ਕਰਨ ਪ੍ਰਤੀ ਉਤਸ਼ਾਹਿਤ ਕਰੇਗਾ।
ਕਈ ਵਾਰ ਪਤਨੀ ਦੀਆਂ ਗ਼ੈਰ-ਵਾਜਬ ਮੰਗਾਂ ਮੰਨਵਾਉਣ ਲਈ ਪਤੀ ਅਤੇ ਉਸਦੇ ਪਰਿਵਾਰ ਦੇ ਵਿਰੁੱਧ ਆਈਪੀਸੀ ਦੀ ਧਾਰਾ 498ਏ ਦਾ ਸਹਾਰਾ ਲਿਆ ਜਾਂਦਾ ਹੈ।
ਸਿੱਟੇ ਵਜੋਂ ਇਸ ਅਦਾਲਤ ਨੇ ਵਾਰ-ਵਾਰ ਪਤੀ ਅਤੇ ਉਸ ਦੇ ਪਰਿਵਾਰ ਦੇ ਵਿਰੁੱਧ ਕੋਈ ਸਪੱਸ਼ਟ ਕੇਸ ਨਾ ਹੋਣ ਦੀ ਸੂਰਤ ਵਿੱਚ ਮੁਕੱਦਮਾ ਚਲਾਉਣ ਦੇ ਅਜਿਹੇ ਮਾਮਲਿਆਂ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ।
ਮਰਦਾਂ ਦੇ ਅਧਿਕਾਰਾਂ ਲਈ ਲੜਨ ਵਾਲੀਆਂ ਸੰਸਥਾਵਾਂ

ਤਸਵੀਰ ਸਰੋਤ, Getty Images
ਕਈ ਸਮਾਜ ਸੇਵੀ ਸੰਸਥਾਵਾਂ ਮਰਦਾਂ ਦੇ ਅਧਿਕਾਰਾਂ ਲਈ ਲੜ ਰਹੀਆਂ ਹਨ ਅਤੇ ਅਤੁਲ ਦੀ 'ਖੁਦਕੁਸ਼ੀ' ਵਰਗੇ ਮਾਮਲਿਆਂ ਨੂੰ ਮਰਦਾਂ ਵਿਰੁੱਧ ਕਾਨੂੰਨਾਂ ਦੀ ਦੁਰਵਰਤੋਂ ਦੀਆਂ ਉਦਾਹਰਣਾਂ ਵਜੋਂ ਉਜਾਗਰ ਕਰ ਰਹੀਆਂ ਹਨ।
ਇਹ ਸੰਸਥਾਵਾਂ ਦੁਰਵਿਵਹਾਰ ਨੂੰ ਰੋਕਣ ਅਤੇ ਹਰੇਕ ਲਈ ਨਿਆਂ ਯਕੀਨੀ ਬਣਾਉਣ ਲਈ ਲਿੰਗ-ਨਿਰਪੱਖ ਕਾਨੂੰਨਾਂ ਦੀ ਮੰਗ ਕਰਦੀਆਂ ਹਨ।
ਗੁਰੂਗ੍ਰਾਮ ਸਥਿਤ ਏਕਮ ਨਿਆਏ ਫਾਊਂਡੇਸ਼ਨ ਨਾਂ ਦੀ ਸੰਸਥਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਔਰਤਾਂ ਵੱਲੋਂ ਤੰਗ-ਪਰੇਸ਼ਾਨ ਕਰਨ ਕਾਰਨ ਮਰਦਾਂ ਦੀਆਂ ਮੌਤਾਂ ਵੱਧ ਰਹੀਆਂ ਹਨ।
ਫਾਊਂਡੇਸ਼ਨ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ 2023 ਵਿੱਚ ਪਤਨੀਆਂ ਵੱਲੋਂ ਆਪਣੇ ਪਤੀਆਂ ਨੂੰ ਮਾਰਨ ਦੇ ਤਕਰੀਬਨ 306 ਮਾਮਲਿਆਂ ਵਿੱਚੋਂ, 213 ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ, 55 ਪਰਿਵਾਰਕ ਝਗੜਿਆਂ ਕਾਰਨ ਅਤੇ ਬਾਕੀ ਹੋਰ ਕਾਰਨਾਂ ਕਰਕੇ ਸਨ।
ਇਸੇ ਸਾਲ ਸੰਸਥਾਨ ਨੇ ਖੁਦਕੁਸ਼ੀ ਦੇ 517 ਮਾਮਲਿਆਂ ਦਾ ਅਧਿਐਨ ਕੀਤਾ, ਜਿਸ ਵਿੱਚ ਪਾਇਆ ਕਿ 235 ਮਾਨਸਿਕ ਪਰੇਸ਼ਾਨੀ ਕਾਰਨ, 22 ਘਰੇਲੂ ਹਿੰਸਾ ਕਾਰਨ, 47 ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ, 45 ਝੂਠੇ ਕੇਸਾਂ ਕਾਰਨ ਅਤੇ 168 ਲੋਕਾਂ ਨੇ ਹੋਰ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ।
ਰਿਪੋਰਟ ਦੇ ਅਨੁਸਾਰ ਮਾਨਸਿਕ ਪਰੇਸ਼ਾਨੀ ਵਿੱਚ ਪਤਨੀ ਜਾਂ ਉਸਦੇ ਪਰਿਵਾਰ ਵੱਲੋਂ ਝੂਠੇ ਕੇਸ, ਬੇਬੁਨਿਆਦ ਇਲਜ਼ਾਮ ਅਤੇ ਕੈਦ ਦੀਆਂ ਧਮਕੀਆਂ ਸ਼ਾਮਲ ਹਨ।
ਏਕਮ ਨਿਆਏ ਫਾਊਂਡੇਸ਼ਨ ਦੀ ਸੰਸਥਾਪਕ ਦੀਪਿਕਾ ਨਰਾਇਣ ਭਾਰਦਵਾਜ ਨੇ ਬੀਬੀਸੀ ਨੂੰ ਕਿਹਾ,"ਅਸੀਂ ਹੁਣ ਵਿਆਹੁਤਾ ਬਲਾਤਕਾਰ ਦੇ ਕਾਨੂੰਨਾਂ ਲਈ ਲੜ ਰਹੇ ਹਾਂ, ਬਹੁਤ ਸਾਰੇ ਵਿਕਸਤ ਦੇਸ਼ਾਂ ਵਿੱਚ ਇਹ ਪਹਿਲਾਂ ਤੋਂ ਮੌਜੂਦ ਹੈ।”
“ਹਾਲਾਂਕਿ, ਇਨ੍ਹਾਂ ਵਿਕਸਤ ਦੇਸ਼ਾਂ ਵਿੱਚ ਵੀ ਮਰਦਾਂ ਦੀ ਸੁਰੱਖਿਆ ਲਈ ਕਾਨੂੰਨ ਹਨ, ਜਿਨ੍ਹਾਂ ਦੀ ਇੱਥੇ ਕੋਈ ਵਕਾਲਤ ਨਹੀਂ ਕਰ ਰਿਹਾ ਹੈ। ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਲਈ ਛੇ ਤੋਂ ਵੱਧ ਕਾਨੂੰਨ ਹਨ ਪਰ ਮਰਦਾਂ ਲਈ ਇੱਕ ਵੀ ਨਹੀਂ ਹੈ।"
“ਲਿੰਗ-ਨਿਰਪੱਖ ਕਾਨੂੰਨਾਂ ਦੀ ਲੋੜ ਹੈ”

ਤਸਵੀਰ ਸਰੋਤ, Getty Images
ਮਹਿਲਾ ਅਧਿਕਾਰਾਂ ਦੇ ਕਾਰਕੁੰਨ ਦੇਵੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਜੋ ਵੀ ਕਾਨੂੰਨ ਦੇ ਖ਼ਿਲਾਫ਼ ਕੰਮ ਕਰਦਾ ਹੈ, ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਹਾਲਾਂਕਿ, ਇਸ ਕੇਸ ਦੇ ਆਧਾਰ 'ਤੇ ਇਹ ਵੀ ਕਹਿਣਾ ਸਹੀ ਨਹੀਂ ਹੈ ਕਿ ਸਾਰੇ 498ਏ ਕੇਸ ਗ਼ਲਤ ਹਨ।
ਉਨ੍ਹਾਂ ਕਿਹਾ,"ਅਜਿਹੇ ਕੇਸ ਵੀ ਹਨ, ਜਿਸ ਵਿੱਚ ਪਤੀ ਆਪਣੀ ਪਤਨੀ ਨੂੰ ਕੁੱਟਦਾ ਹੈ ਅਤੇ ਉਹ ਗੰਭੀਰ ਜ਼ਖ਼ਮੀ ਹੋ ਜਾਂਦੀ ਹੈ ਪਰ ਕੇਸ ਦਰਜ ਨਹੀਂ ਕੀਤਾ ਜਾਂਦਾ ਹੈ। ਅਸਲ ਪੀੜਤ ਨਹੀਂ ਪਰ ਜਿਹੜੇ ਕਾਨੂੰਨੀ ਖ਼ਰਚੇ ਆਸਾਨੀ ਨਾਲ ਝੱਲ ਸਕਦੇ ਹਨ, ਉਹ ਕੁਝ ਕਾਨੂੰਨਾਂ ਦੀ ਦੁਰਵਰਤੋਂ ਕਰਦੇ ਹਨ।”
“ਮੈਨੂੰ ਇਹ ਦੱਸੋ, ਕੀ ਭਾਰਤ ਵਿੱਚ ਕੋਈ ਅਜਿਹਾ ਕਾਨੂੰਨ ਹੈ ਜਿਸ ਦੀ ਦੁਰਵਰਤੋਂ ਨਾ ਹੁੰਦੀ ਹੋਵੇ? ਕਾਨੂੰਨਾਂ ਦੀ ਦੁਰਵਰਤੋਂ ਦਾ ਮੁੱਖ ਕਾਰਨ ਸਿਸਟਮ ਵਿਚਲੇ ਲੋਕ ਹਨ।”
“ਦਾਜ ਲਈ ਪਰੇਸ਼ਾਨ ਕੀਤੇ ਜਾਣ ਦਾ ਜ਼ਿਕਰ ਕੀਤੇ ਬਿਨਾਂ ਹਿੰਸਾ ਦੀਆਂ ਹੋਰ ਕਿਸਮਾਂ ਲਈ ਕੇਸ ਦਰਜ ਕੀਤੇ ਜਾ ਸਕਦੇ ਹਨ ਪਰ ਸਾਡੀ ਪੁਲਿਸ ਨੂੰ ਅਕਸਰ ਇਸ ਬਾਰੇ ਪਤਾ ਹੀ ਨਹੀਂ ਹੁੰਦਾ।''
ਦੀਪਿਕਾ ਭਾਰਦਵਾਜ ਕਹਿੰਦੇ ਹਨ,"ਜੋ ਹੋਇਆ, ਉਹ ਹੋ ਗਿਆ ਹੈ। ਸਾਨੂੰ ਹੁਣ ਲਿੰਗ-ਨਿਰਪੱਖ ਕਾਨੂੰਨਾਂ ਦੀ ਲੋੜ ਹੈ। ਅਸੀਂ ਔਰਤਾਂ ਦੇ ਅਧਿਕਾਰਾਂ ਦੇ ਵਿਰੁੱਧ ਕੰਮ ਨਹੀਂ ਕਰ ਰਹੇ ਹਾਂ ਪਰ ਮਰਦਾਂ ਨੂੰ ਵੀ ਸੁਰੱਖਿਆ ਦੀ ਲੋੜ ਹੈ।”
“ਅਸਲ ਵਿੱਚ 498ਏ ਅਸਲ ਪੀੜਤ ਔਰਤਾਂ ਦੀ ਵੀ ਸੁਰੱਖਿਆ ਨਹੀਂ ਕਰਦਾ ਹੈ। ਸਾਨੂੰ ਸਾਰੇ ਪਰਿਵਾਰ ਨਾਲ ਸਬੰਧਤ ਕਾਨੂੰਨਾਂ ਦੇ ਪੁਨਰਗਠਨ ਕਰਨ ਦੀ ਲੋੜ ਹੈ ਜਾਂ ਉਨ੍ਹਾਂ ਦੀ ਥਾਂ 'ਤੇ ਨਵੇਂ ਕਾਨੂੰਨ ਲਾਗੂ ਕੀਤੇ ਜਾਣ ਤਾਂ ਹੀ ਔਰਤਾਂ ਅਤੇ ਮਰਦਾਂ ਦੋਵਾਂ ਲਈ ਨਿਆਂ ਹੋਵੇਗਾ।"
ਹੈਦਰਾਬਾਦ ਦੇ ਸੀਨੀਅਰ ਵਕੀਲ ਲਕਸ਼ਮੀਨਾਰਾਇਣ ਨੇ ਬੀਬੀਸੀ ਨੂੰ ਦੱਸਿਆ ਕਿ ਕਾਨੂੰਨਾਂ ਦੀ ਦੁਰਵਰਤੋਂ ਦੀ ਸਮੱਸਿਆ ਹਰ ਕਿਸਮ ਦੇ ਕਾਨੂੰਨਾਂ ਵਿੱਚ ਮੌਜੂਦ ਹੈ।
ਉਹ ਕਹਿੰਦੇ ਹਨ ਕਿ, "ਹਾਲਾਂਕਿ, ਹਾਲ ਹੀ ਵਿੱਚ ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਇਸ ਵਿੱਚ ਕਾਫ਼ੀ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਹ ਸਿਰਫ਼ ਮੇਰਾ ਨਿਰੀਖਣ ਨਹੀਂ ਹੈ, ਸੁਪਰੀਮ ਕੋਰਟ ਖ਼ੁਦ ਇਹ ਵਾਰ-ਵਾਰ ਕਹਿ ਰਹੀ ਹੈ। ਸਰਕਾਰ ਨੂੰ ਮੌਜੂਦਾ ਹਾਲਾਤਾਂ ਦੇ ਅਨੁਕੂਲ ਕਾਨੂੰਨਾਂ ਵਿੱਚ ਸੋਧ ਕਰਨ ਲਈ ਸਰਗਰਮ ਕਦਮ ਚੁੱਕਣ ਦੀ ਲੋੜ ਹੈ।"
ਜੇਕਰ ਤੁਹਾਡੇ ਮਨ ਵਿੱਚ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਜਾਂ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਜਾਣਦੇ ਹੋ, ਤਾਂ ਤੁਸੀਂ ਭਾਰਤ ਵਿੱਚ ਆਸਰਾ ਵੈੱਬਸਾਈਟ ਜਿਸ ਦਾ ਨੰਬਰ 91-9820466726 ਅਤੇ ਜਾਂ BeFriends Worldwide ਰਾਹੀਂ ਸਹਾਇਤਾ ਦੀ ਮੰਗ ਕਰ ਸਕਦੇ ਹੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












