ਇੱਕ ਵਿਅਕਤੀ ਦੀ ਲਾਸ਼ ਉਸਦੇ ਹੀ ਘਰ 'ਚ ਦੱਬੀ ਹੋਈ ਮਿਲਣ ਦਾ ਕੀ ਹੈ ਮਾਮਲਾ, ਪਤਨੀ 'ਤੇ ਕਿਉਂ ਲੱਗਿਆ ਕਤਲ ਦਾ ਇਲਜ਼ਾਮ

ਤਸਵੀਰ ਸਰੋਤ, UGC
- ਲੇਖਕ, ਅਲਪੇਸ਼ ਕਰਕਰੇ
- ਰੋਲ, ਬੀਬੀਸੀ ਮਰਾਠੀ
ਮਹਾਰਾਸ਼ਟਰ ਦੇ ਪਾਲਘਰ ਦੇ ਨਾਲਾਸੋਪਾਰਾ ਕਸਬੇ ਵਿੱਚ ਕਤਲ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਲਾਸ਼ ਉਸ ਦੇ ਆਪਣੇ ਹੀ ਘਰ ਵਿੱਚ ਦੱਬੀ ਹੋਈ ਮਿਲੀ ਹੈ।
ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕਤਲ ਦਾ ਇਲਜ਼ਾਮ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ 'ਤੇ ਲਗਾਇਆ ਗਿਆ ਹੈ।
ਫਿਲਹਾਲ ਮੁਲਜ਼ਮ ਮਹਿਲਾ ਅਤੇ ਉਸਦਾ ਪ੍ਰੇਮੀ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਇਹ ਘਟਨਾ ਸੋਮਵਾਰ (21 ਜੁਲਾਈ) ਨੂੰ ਸਵੇਰੇ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਮਾਰੇ ਗਏ ਵਿਅਕਤੀ ਦਾ ਨਾਮ ਵਿਜੈ ਚੌਹਾਨ ਹੈ।
ਪੁਲਿਸ ਅਨੁਸਾਰ, ਸੋਮਵਾਰ ਸਵੇਰੇ ਵਿਜੇ ਚੌਹਾਨ ਦੇ ਭਰਾ ਗੰਗਦੀਪਾੜਾ ਸਥਿਤ ਉਨ੍ਹਾਂ ਦੇ ਘਰ, ਓਮ ਸਾਈਂ ਸੋਸਾਇਟੀ ਆਏ। ਉਨ੍ਹਾਂ ਨੇ ਘਰ ਵਿੱਚ ਦੇਖਿਆ ਕਿ ਕੁਝ ਟਾਈਲਾਂ ਦਾ ਰੰਗ ਬਾਕੀ ਟਾਈਲਾਂ ਨਾਲੋਂ ਵੱਖਰਾ ਸੀ। ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਫਿਰ ਸਾਰਾ ਮਾਮਲਾ ਸਾਹਮਣੇ ਆ ਗਿਆ।
ਪੇਲਹਾਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨਗਰਪਾਲਿਕਾ ਦੇ ਡਾਕਟਰਾਂ, ਕਰਮਚਾਰੀਆਂ, ਤਹਿਸੀਲਦਾਰਾਂ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਪੰਚਨਾਮਾ ਕਰਨ ਤੋਂ ਬਾਅਦ ਲਾਸ਼ ਨੂੰ ਕੱਢਿਆ ਗਿਆ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਬੀਬੀਸੀ ਮਰਾਠੀ ਨੇ ਮੁਲਜ਼ਮ ਦੇ ਪਰਿਵਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦਾ ਪੱਖ ਮਿਲਣ 'ਤੇ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।
ਕੀ ਹੈ ਮਾਮਲਾ?

ਤਸਵੀਰ ਸਰੋਤ, UGC
ਵਿਜੇ ਚੌਹਾਨ (ਉਮਰ 35 ਸਾਲ) ਅਤੇ ਉਨ੍ਹਾਂ ਦੀ ਪਤਨੀ ਚਮਨਦੇਵੀ ਚੌਹਾਨ (ਉਮਰ 28 ਸਾਲ) ਆਪਣੇ ਇੱਕ ਪੁੱਤਰ ਨਾਲ ਨਾਲਾਸੋਪਾਰਾ ਪੂਰਬ ਦੇ ਧਨੀਵ ਬਾਗ ਦੇ ਗੰਗਦੀਪਾੜਾ ਵਿੱਚ ਰਹਿੰਦੇ ਸਨ।
ਵਿਜੇ ਦੇ ਭਰਾ ਮੋਹਨ ਨੇ ਇੱਕ ਨਵਾਂ ਘਰ ਖਰੀਦਿਆ ਸੀ ਅਤੇ ਇਸ ਲਈ ਮੋਹਨ ਪਿਛਲੇ 15 ਦਿਨਾਂ ਤੋਂ ਵਿਜੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋ ਕੁਝ ਵਿੱਤੀ ਮਦਦ ਮਿਲ ਸਕੇ। ਪਰ ਉਨ੍ਹਾਂ ਦਾ ਆਪਣੇ ਭਰਾ ਵਿਜੈ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।
ਇਸ ਲਈ ਮੋਹਨ ਵੀਰਵਾਰ, 17 ਜੁਲਾਈ ਨੂੰ ਖੁਦ ਹੀ ਵਿਜੈ ਦੇ ਘਰ ਪਹੁੰਚ ਗਏ।
ਵਿਜੈ ਦੀ ਪਤਨੀ ਚਮਨਦੇਵੀ ਉਸ ਸਮੇਂ ਘਰ ਵਿੱਚ ਮੌਜੂਦ ਸੀ। ਇਸ ਬਾਰੇ ਪੁੱਛਣ 'ਤੇ ਕਿ ਉਸਦਾ ਭਰਾ ਕਿੱਥੇ ਹੈ? ਚਮਨਦੇਵੀ ਕਿਹਾ ਕਿ ਉਹ ਉਸ ਨਾਲ ਸੰਪਰਕ ਨਹੀਂ ਕਰ ਸਕੀ। ਉਸ ਨੇ ਕਿਹਾ ਕਿ ਉਹ ਕੁਰਲਾ ਵਿੱਚ ਵੈਲਡਿੰਗ ਦੇ ਕੰਮ ਲਈ ਗਿਆ ਸੀ।

ਤਸਵੀਰ ਸਰੋਤ, Getty Images
ਇਸ ਤੋਂ ਬਾਅਦ, ਮੋਹਨ ਆਪਣੇ ਘਰ ਵਾਪਸ ਆ ਗਏ। ਅਗਲੇ ਦਿਨ, ਮੋਹਨ ਨੇ ਦੁਬਾਰਾ ਵਿਜੈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸ ਵੇਲੇ ਵੀ ਕੋਈ ਸੰਪਰਕ ਨਹੀਂ ਹੋ ਸਕਿਆ। ਫਿਰ, ਜਦੋਂ ਮੋਹਨ ਨੇ ਚਮਨਦੇਵੀ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਚਮਦੇਵੀ ਨੇ ਵੀ ਫ਼ੋਨ ਨਹੀਂ ਚੁੱਕਿਆ।
ਮੋਹਨ ਸੋਮਵਾਰ (21 ਜੁਲਾਈ) ਨੂੰ ਦੁਬਾਰਾ ਵਿਜੇ ਦੇ ਘਰ ਪਹੁੰਚੇ। ਇਸ ਵਾਰ ਘਰ ਤਾਲਾ ਲੱਗਿਆ ਹੋਇਆ ਸੀ। ਮੋਹਨ ਦਾ ਮੱਥਾ ਠਣਕਿਆ।
ਉਨ੍ਹਾਂ ਨੇ ਆਲੇ-ਦੁਆਲੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਕਿਸੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ। ਮੋਹਨ ਨੇ ਘਰ ਦਾ ਤਾਲਾ ਤੋੜ ਕੇ ਅੰਦਰ ਜਾਂਚਣ ਦੀ ਸੋਚੀ। ਜਦੋਂ ਉਹ ਅੰਦਰ ਗਏ ਤਾਂ ਉਨ੍ਹਾਂ ਦੇਖਿਆ ਕਿ ਤਿੰਨ ਟਾਈਲਾਂ ਘਰ ਦੀਆਂ ਹੋਰ ਟਾਈਲਾਂ ਤੋਂ ਵੱਖਰੀਆਂ ਸਨ ਅਤੇ ਨਵੀਆਂ ਲਗਾਈਆਂ ਗਈਆਂ ਸਨ।
ਇੰਝ ਜਾਪ ਰਿਹਾ ਸੀ ਕਿ ਇਹ ਕੰਮ ਕੁਝ ਦਿਨ ਪਹਿਲਾਂ ਹੀ ਕੀਤਾ ਗਿਆ ਹੋਵੇਗਾ ਅਤੇ ਇਸ ਨਾਲ ਮੋਹਨ ਦੇ ਮਨ 'ਚ ਸ਼ੱਕ ਪੈਦਾ ਹੋਣ ਲੱਗਿਆ।
ਮੋਹਨ ਨੇ ਮੀਡੀਆ ਨੂੰ ਦੱਸਿਆ ਕਿ ਸ਼ੱਕ ਹੋਣ ਤੋਂ ਬਾਅਦ, ਉਨ੍ਹਾਂ ਨੇ ਇਹ ਗੱਲ ਆਪਣੇ ਗੁਆਂਢੀਆਂ ਸਰਫੂ ਅਤੇ ਮੁਹੰਮਦ ਨੂੰ ਦੱਸੀ, ਜਿਸ ਮਗਰੋਂ ਘਰ ਦਾ ਤਾਲਾ ਤੋੜਨ ਅਤੇ ਟਾਈਲਾਂ ਪੁੱਟਣ ਦੀ ਯੋਜਨਾ ਬਣਾਈ ਗਈ।
ਥੋੜ੍ਹਾ ਜਿਹਾ ਟੋਆ ਪੁੱਟਣ ਤੋਂ ਬਾਅਦ, ਬਦਬੂ ਆਉਣ ਲੱਗੀ
ਮੋਹਨ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਘਰ ਅੰਦਰ ਜਾ ਕੇ ਉਹ ਵੱਖਰੇ ਰੰਗ ਵਾਲੀਆਂ ਟਾਈਲਾਂ ਪੁੱਟਣੀਆਂ ਸ਼ੁਰੂ ਕੀਤੀਆਂ। ਥੋੜ੍ਹਾ ਜਿਹਾ ਪੁੱਟਣ ਤੋਂ ਬਾਅਦ ਹੀ, ਅੰਦਰੋਂ ਬਦਬੂ ਆਉਣ ਲੱਗੀ। ਉਨ੍ਹਾਂ ਨੂੰ ਲੱਗਿਆ ਕਿ ਇੱਥੇ ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਇਸ ਲਈ ਮੋਹਨ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਪੁਲਿਸ ਨੂੰ ਬੁਲਾਇਆ।
ਪੁਲਿਸ ਅਤੇ ਵੱਖ-ਵੱਖ ਟੀਮਾਂ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਸਾਰਿਆਂ ਦੇ ਸਾਹਮਣੇ ਜੋ ਟੋਏ ਸੀ, ਉਸ ਵਿੱਚ ਇੱਕ ਲਾਸ਼ ਸੀ। ਨਾਲ ਹੀ ਇਹ ਵੀ ਸਾਫ ਹੋ ਗਿਆ ਕਿ ਲਾਸ਼ ਵਿਜੈ ਚੌਹਾਨ ਦੀ ਸੀ ਅਤੇ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ।
ਕੀ ਚਮਨਦੇਵੀ ਚੌਹਾਨ ਅਤੇ 20 ਸਾਲਾ ਮੋਨੂੰ ਸ਼ਰਮਾ ਵਿਚਕਾਰ ਪ੍ਰੇਮ ਸਬੰਧ ਹਨ?

ਤਸਵੀਰ ਸਰੋਤ, Getty Images
ਇਸ ਦੌਰਾਨ, ਚਮਨਦੇਵੀ ਇੱਕ ਦਿਨ ਪਹਿਲਾਂ ਹੀ ਲਾਪਤਾ ਹੋ ਗਈ ਸੀ। ਗੁਆਂਢੀਆਂ ਨੇ ਧਿਆਨ ਦਿੱਤਾ ਕਿ ਉਨ੍ਹਾਂ ਦਾ ਇੱਕ ਹੋਰ ਗੁਆਂਢੀ, ਮੋਨੂੰ ਸ਼ਰਮਾ ਵੀ ਲਾਪਤਾ ਹੋ ਗਿਆ ਸੀ।
ਗੁਆਂਢੀਆਂ ਅਤੇ ਵਿਜੈ ਦੇ ਰਿਸ਼ਤੇਦਾਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਚਮਨਦੇਵੀ ਚੌਹਾਨ ਅਤੇ 20 ਸਾਲਾ ਮੋਨੂੰ ਸ਼ਰਮਾ ਵਿਚਕਾਰ ਪ੍ਰੇਮ ਸਬੰਧਾਂ ਸਨ ਅਤੇ ਉਹ ਦੋਵੇਂ ਭੱਜ ਗਏ ਸਨ।
ਪੁਲਿਸ ਨੂੰ ਸ਼ੱਕ ਹੈ ਕਿ ਚਮਨਦੇਵੀ ਅਤੇ ਉਸਦੇ ਪ੍ਰੇਮੀ ਨੇ ਹੀ ਵਿਜੇ ਚੌਹਾਨ ਦਾ ਕਤਲ ਕੀਤਾ ਹੈ ਤਾਂ ਜੋ ਉਹ ਦੋਵੇਂ ਇਕੱਠੇ ਰਹਿ ਸਕਣ ਅਤੇ ਉਨ੍ਹਾਂ ਵਿਚਕਾਰ ਵਿਜੈ ਕੋਈ ਰੁਕਾਵਟ ਨਾ ਬਣਨ।
ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਕਤਲ ਤੋਂ ਬਾਅਦ ਲਾਸ਼ ਨੂੰ ਕਿਤੇ ਹੋਰ ਸੁੱਟਣ ਦੀ ਬਜਾਏ ਉਨ੍ਹਾਂ ਨੇ ਘਰ ਵਿੱਚ ਹੀ 4 ਫੁੱਟ ਡੂੰਘੇ ਟੋਏ ਵਿੱਚ ਦੱਬ ਦਿੱਤਾ ਹੋਵੇਗਾ।
ਕਤਲ 'ਚ ਹੋਰ ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਹੈ?

ਤਸਵੀਰ ਸਰੋਤ, Getty Images
ਵਿਜੈ ਚੌਹਾਨ ਦੇ ਗੁਆਂਢੀ ਮੁਹੰਮਦ ਅੰਸਾਰੀ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, "ਵੀਹ ਦਿਨ ਪਹਿਲਾਂ (ਵਿਜੈ ਦੇ) ਘਰ ਵਿੱਚ ਬਾਥਰੂਮ ਦੇ ਟੈਂਕ ਤੋਂ ਪਾਣੀ ਓਵਰਫਲੋ ਹੋ ਰਿਹਾ ਸੀ। ਇਸ ਲਈ ਮਹਿਲਾ (ਚਮਨਦੇਵੀ) ਉਸ ਨੂੰ ਠੀਕ ਕਰਾਉਣ ਲਈ ਵਰਕਰ ਦੀ ਭਾਲ਼ ਕਰ ਰਹੀ ਸੀ।''
ਉਨ੍ਹਾਂ ਅੱਗੇ ਦੱਸਿਆ, ''ਇਸ ਤੋਂ ਬਾਅਦ, ਘਰ ਵਿੱਚ ਇੱਕ ਟੋਆ ਪੁੱਟਿਆ ਗਿਆ। ਉਸ ਜਗ੍ਹਾ 'ਤੇ ਤਿੰਨ ਨਵੀਆਂ ਟਾਈਲਾਂ ਲਗਾਈਆਂ ਗਈਆਂ। ਜਦੋਂ ਵਿਜੈ ਦੇ ਭਰਾ ਇਸ ਬਾਰੇ ਪੁੱਛਣ ਆਏ ਤਾਂ ਉਨ੍ਹਾਂ ਨੇ ਸ਼ੱਕ ਪ੍ਰਗਟਾਇਆ। ਇਸ ਲਈ ਵਿਜੈ ਦੇ ਭਰਾ ਅਤੇ ਅਸੀਂ ਸਾਰੇ ਗੁਆਂਢੀਆਂ ਨੇ ਟਾਈਲਾਂ ਪੁੱਟਣ ਦਾ ਫੈਸਲਾ ਕੀਤਾ ਪਰ ਥੋੜ੍ਹਾ ਜਿਹਾ ਪੁੱਟਣ 'ਤੇ ਹੀ ਉਸ ਵਿੱਚੋਂ ਬਦਬੂ ਆਈ।"
ਪੁਲਿਸ ਨੇ ਕੀ ਜਾਣਕਾਰੀ ਦਿੱਤੀ?

ਇਸ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੇਲਹਾਰ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਜਤਿੰਦਰ ਵੰਕੋਟੀ ਨੇ ਕਿਹਾ, "ਚੌਹਾਨ ਪਰਿਵਾਰ ਸਾਈਂ ਵੈਲਫੇਅਰ ਸੋਸਾਇਟੀ ਵਿੱਚ ਰਹਿੰਦਾ ਹੈ। ਅਤੇ ਮ੍ਰਿਤਕ ਦਾ ਭਰਾ ਬੇਲਾਲ ਪਾੜਾ ਇਲਾਕੇ ਵਿੱਚ ਰਹਿੰਦਾ ਹੈ।''
''ਮੋਹਨ (ਮ੍ਰਿਤਕ ਦੇ ਭਰਾ) ਨੇ ਨਵਾਂ ਘਰ ਖਰੀਦਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਭਰਾ ਤੋਂ ਮਦਦ ਲੈਣ ਲਈ 10 ਤਰੀਕ ਨੂੰ ਫੋਨ ਕੀਤਾ ਸੀ। ਕਿਉਂਕਿ ਫ਼ੋਨ ਬੰਦ ਸੀ, ਇਸ ਲਈ ਮੋਹਨ ਖੁਦ ਇੱਥੇ ਆਏ ਸਨ। ਉਸ ਸਮੇਂ, ਉਨ੍ਹਾਂ ਦੇ ਭਰਾ ਦੀ ਪਤਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ (ਵਿਜੈ) ਕੁਰਲਾ ਵਿੱਚ ਵੈਲਡਿੰਗ ਦੇ ਕੰਮ ਲਈ ਗਏ ਸਨ।''
ਵੰਕੋਟੀ ਨੇ ਅੱਗੇ ਦੱਸਿਆ "ਦੋ ਦਿਨ ਬਾਅਦ, ਜਦੋਂ (ਮੋਹਨ ਨੇ) ਆਪਣੇ ਭਰਾ ਦੀ ਪਤਨੀ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਦਾ ਫ਼ੋਨ ਵੀ ,ਬੰਦ ਆ ਰਿਹਾ ਸੀ। ਇਸ ਲਈ, ਉਹ ਇੱਕ ਵਾਰ ਫਿਰ ਉਨ੍ਹਾਂ ਦੇ ਘਰ ਪਹੁੰਚ ਗਏ। ਕਿਉਂਕਿ ਉਨ੍ਹਾਂ ਦੀ ਭਾਬੀ ਘਰ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਥੋੜ੍ਹਾ ਸ਼ੱਕ ਹੋਇਆ। ਨਾਲ ਹੀ, ਕਿਉਂਕਿ ਘਰ ਵਿੱਚ ਤਿੰਨ ਨਵੀਆਂ ਟਾਈਲਾਂ ਲਗਾਈਆਂ ਗਈਆਂ ਸਨ, ਤਾਂ ਉਨ੍ਹਾਂ ਦੇ ਭਰਾ ਦਾ ਸ਼ੱਕ ਹੋਰ ਵੱਧ ਗਿਆ। ਇਸ ਲਈ ਉਨ੍ਹਾਂ ਨੇ ਗੁਆਂਢੀਆਂ ਦੀ ਮਦਦ ਨਾਲ ਟਾਈਲਾਂ ਨੂੰ ਪੁੱਟ ਲਿਆ, ਪਰ ਉਨ੍ਹਾਂ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ।''
ਜਿਤੇਂਦਰ ਵੰਕੋਟੀ ਨੇ ਅੱਗੇ ਕਿਹਾ, "ਇਸ ਸਬੰਧ ਵਿੱਚ, ਭਰਾ ਨੇ ਘਟਨਾ ਦੀ ਸੂਚਨਾ ਪੁਲਿਸ ਸਟੇਸ਼ਨ ਨੂੰ ਦਿੱਤੀ। ਇਸ ਤੋਂ ਬਾਅਦ, ਪੁਲਿਸ, ਡਾਕਟਰ, ਫੋਰੈਂਸਿਕ ਟੀਮ ਅਤੇ ਤਹਿਸੀਲਦਾਰ ਮੌਕੇ 'ਤੇ ਪਹੁੰਚੇ। ਸਾਰਿਆਂ ਦੇ ਸਾਹਮਣੇ ਘਰ ਵਿਚਲੇ ਟੋਏ ਵਿੱਚੋਂ ਲਾਸ਼ ਨੂੰ ਕੱਢਿਆ ਗਿਆ ਅਤੇ ਪੰਚਨਾਮਾ ਕੀਤਾ ਗਿਆ। ਅਸੀਂ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਾਂ। ਮੁਲਜ਼ਮਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਪਰ ਅਸੀਂ ਉਨ੍ਹਾਂ ਦੀ ਜਾਂਚ ਕਰ ਰਹੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












