ਐੱਚਐੱਮਪੀਵੀ: ਕੀ ਇਸ ਨਵੇਂ ਵਾਇਰਸ ਤੋਂ ਘਬਰਾਉਣ ਦੀ ਲੋੜ ਹੈ, ਚੀਨ ਨੇ ਚਿੰਤਾ ਕਿਉਂ ਵਧਾਈ

ਭਾਰਤ ਵਿੱਚ ਐੱਚਐੱਮਪੀਵੀ ਵਾਇਰਸ ਦੇ ਘੱਟੋ-ਘੱਟ 5 ਮਾਮਲੇ ਸਾਹਮਣੇ ਆਏ ਹਨ।

ਬੀਤੇ ਸੋਮਵਾਰ ਹੀ ਕਰਨਾਟਕ ਵਿੱਚ ਵਾਇਰਸ ਦੇ 2 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਗੁਜਰਾਤ ਦੇ ਅਹਿਮਦਾਬਾਦ ਅਤੇ ਤਾਮਿਲਨਾਡੂ ਤੋਂ ਦੋ ਕੇਸ ਸਾਹਮਣੇ ਆਏ।

ਇਸ ਵਾਇਰਸ ਦੇ ਫੈਲਣ ਦੀਆਂ ਖ਼ਬਰਾਂ ਪਹਿਲਾ ਚੀਨ ਵਿੱਚ ਆਉਣੀਆਂ ਸ਼ੁਰੂ ਹੋਈਆ ਸਨ।

ਚੀਨ ਦੇ ਸਿਹਤ ਅਧਿਕਾਰੀਆਂ ਦੇ ਮੁਤਾਬਕ ਇਸ ਵਾਇਰਸ ਨਾਲ ਖਾਸ ਤੌਰ 'ਤੇ 14 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਲਾਗ ਦੀ ਗਿਣਤੀ ਵੱਧ ਰਹੀ ਹੈ, ਪਰ ਉਨ੍ਹਾਂ ਨੇ ਹਸਪਤਾਲਾਂ ਦਾ ਵਾਇਰਸ ਦੇ ਮਰੀਜ਼ਾਂ ਨਾਲ ਭਰੇ ਹੋਣ ਦੇ ਦਾਅਵੇ ਤੋਂ ਇਨਕਾਰ ਕੀਤਾ ਸੀ।

ਇਸ ਦੇ ਨਾਲ ਹੀ ਕੋਵਿਡ ਦੇ ਖਤਰਨਾਕ ਦੌਰ ਤੋਂ ਬਾਅਦ ਵਾਇਰਸ ਦੇ ਕੇਸਾਂ ਨੂੰ ਲੈ ਕੇ ਚਿੰਤਾ ਹੋਣਾ ਆਮ ਗੱਲ ਹੈ ਪਰ ਇਸ ਵਿਚਕਾਰ ਇਹ ਵੀ ਜਾਨਣਾ ਜਰੂਰੀ ਹੈ ਕਿ ਕੀ ਸਾਨੂੰ ਇਸ ਤੋਂ ਘਬਰਾਉਣ ਦੀ ਲੋੜ ਹੈ ਅਤੇ ਬਚਾਅ ਲਈ ਮਾਹਰ ਕੀ ਸੁਝਾਅ ਦਿੰਦੇ ਹਨ।

ਕੀ ਐੱਚਐੱਮਪੀਵੀ ਕੋਈ ਨਵਾਂ ਵਾਇਰਸ ਹੈ?

ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਅਨੁਸਾਰ ਐੱਚਐੱਮਪੀਵੀ ਦੀ ਪਹਿਲੀ ਵਾਰ ਪਛਾਣ 2001 ਵਿੱਚ ਕੀਤੀ ਗਈ ਸੀ, ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਇਸ ਤੋਂ ਵੀ ਦਹਾਕਿਆਂ ਤੋਂ ਵੱਧ ਸਮੇਂ ਤੋਂ ਮੌਜੂਦ ਸੀ।

ਆਮ ਤੌਰ 'ਤੇ, ਐੱਚਐੱਮਪੀਵੀ ਦੇ ਲੱਛਣ ਜ਼ੁਕਾਮ ਜਾਂ ਫਲੂ ਦੇ ਸਮਾਨ ਹੁੰਦੇ ਹਨ। ਇਨ੍ਹਾਂ ਵਿੱਚ ਖੰਘ, ਬੁਖਾਰ, ਨੱਕ ਬੰਦ ਹੋਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ਾਮਲ ਹੈ।

ਸੀਡੀਸੀ ਮੁਤਾਬਕ ਵਾਇਰਸ ਹਰ ਉਮਰ ਦੇ ਲੋਕਾਂ ਵਿੱਚ ਸਾਹ ਸਬੰਧੀ ਦਿੱਕਤਾਂ ਪੈਦਾ ਕਰ ਸਕਦਾ ਹੈ ਪਰ ਛੋਟੇ ਬੱਚਿਆਂ, ਬਜ਼ਰੁਗਾਂ ਅਤੇ ਰੋਗਾਂ ਨਾਲ ਲੜਨ ਦੀ ਕਮਜ਼ੋਰ ਸ਼ਕਤੀ ਵਾਲੇ ਲੋਕਾਂ ਵਿੱਚ ਜ਼ਿਆਦਾ ਪਰੇਸ਼ਾਨੀ ਲਿਆ ਸਕਦਾ ਹੈ।

ਸੀਡੀਸੀ ਦਾ ਕਹਿਣਾ ਹੈ ਕਿ ਐੱਚਐੱਮਪੀਵੀ ਸਰਦੀਆਂ ਦੇ ਅਖੀਰ ਅਤੇ ਬਸੰਤ ਰੁੱਤ ਵਿੱਚ ਸਭ ਤੋਂ ਵੱਧ ਸਰਗਰਮ ਹੁੰਦਾ ਹੈ।

ਕੀ ਇਸ ਤੋਂ ਘਬਰਾਉਣ ਦੀ ਲੋੜ ਹੈ

ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਵੀਡੀਓ ਸੰਦੇਸ਼ ਰਾਹੀ ਕਿਹਾ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਬਲਕਿ 2000 ਦੇ ਦਹਾਕੇ ਤੋਂ ਦੁਨੀਆ ਭਰ ਵਿੱਚ ਇਸ ਦੇ ਕੇਸਾਂ ਨੂੰ ਵੇਖਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲਾ ਅਤੇ ਆਈਸੀਐੱਮਈਆਰ ਨੇ ਸਥਿਤੀ ਤੇ ਲਗਾਤਾਰ ਨਜ਼ਰ ਬਣਾਕੇ ਰੱਖੀ ਹੋਈ ਹੈ ਅਤੇ ਲੋਕਾਂ ਦੀ ਸਿਹਤ ਸੁਰਖਿਆ ਲਈ ਲੋੜੀਦੇ ਪ੍ਰਬੰਧ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਇਸ ਵਾਇਰਸ ਤੋਂ ਡਰਨ ਜਾ ਘਬਰਾਉਣ ਦੀ ਲੋੜ ਨਹੀਂ ਸਗੋਂ ਜ਼ਰੂਰੀ ਬਚਾਅ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਭਾਰਤ ਵਿੱਚ ਇਸ ਦੇ ਵੱਧਦੇ ਮਾਮਲਿਆ ਦੇ ਚੱਲਦੇ ਪੀਜੀਆਈ ਚੰਡੀਗੜ੍ਹ ਨੇ ਵੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ।

ਪ੍ਰੈਸ ਰਿਲੀਜ਼ ਮੁਤਾਬਕ ਡੀਨ (ਖੋਜ) ਅਤੇ ਮੁਖੀ ਇੰਟਰਨਲ ਮੈਡੀਸਨ ਪ੍ਰੋ. ਸੰਜੇ ਜੈਨ ਨੇ ਕਿਹਾ ਕਿ ਹਿਊਮਨ ਮੈਟਾਨਿਊਮੋਵਾਇਰਸ (ਐਚਐਮਪੀਵੀ) ਇੱਕ ਸਾਹ ਸੰਬੰਧੀ ਵਾਇਰਸ ਹੈ ਅਤੇ ਸਰਦੀਆਂ ਦੌਰਾਨ ਵਧੇਰੇ ਫੈਲਦਾ ਹੈ।

ਇਸ ਦੇ ਚੱਲਦਿਆਂ ਵਿਅਕਤੀ ਵਿੱਚ ਖੰਘ, ਬੁਖਾਰ ਅਤੇ ਗਲੇ ਵਿੱਚ ਖਰਾਸ਼ ਵਰਗੇ ਲੱਛਣ ਦਿਖਾਈ ਦਿੰਦੇ ਹਨ।

ਉਨ੍ਹਾਂ ਅਨੁਸਾਰ ਪੀਜੀਆਈ ਵਿੱਚ ਹਾਲੇ ਤੱਕ ਇਨਫਲੂਐਂਜ਼ਾ ਵਰਗੇ ਮਾਮਲਿਆਂ ਜਾਂ ਹਸਪਤਾਲ ਵਿੱਚ ਭਰਤੀ ਹੋਣ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।

ਰਿਲੀਜ਼ ਮੁਤਾਬਕ ਸਾਫ਼-ਸਫਾਈ ਦਾ ਖਿਆਲ ਰੱਖਣਾ ਬਚਾਅ ਲਈ ਕਾਰਗਰ ਹੋ ਸਕਦਾ ਹੈ।

ਉਨ੍ਹਾਂ ਯਕੀਨ ਦਵਾਇਆ ਕਿ ਅਜਿਹੀ ਕਿਸੇ ਵੀ ਸਥਿਤੀ ਨਾਲ ਨਜਿਠੱਣ ਲਈ ਸਿਹਤ ਪ੍ਰਬੰਧ ਪੂਰੀ ਤਰ੍ਹਾਂ ਕਾਰਗਰ ਹਨ।

ਵਾਇਰਸ ਕਿਵੇਂ ਫੈਲਦਾ ਹੈ?

ਐੱਚਐੱਮਪੀਵੀ ਸੰਭਾਵਤ ਤੌਰ 'ਤੇ ਇੱਕ ਸੰਕਰਮਿਤ ਵਿਅਕਤੀ ਤੋਂ ਖੰਘ ਅਤੇ ਛਿੱਕਣ ਤੋਂ ਨਿਕਲਣ ਵਾਲੇ ਲਾਰ ਦੁਆਰਾ ਦੂਜਿਆਂ ਵਿੱਚ ਫੈਲਦਾ ਹੈ।

ਇਹ ਕਿਸੇ ਸੰਕਰਮਿਤ ਵਿਅਕਤੀ ਨੂੰ ਛੂਹਣ ਜਾਂ ਹੱਥ ਮਿਲਾਉਣ ਨਾਲ ਵੀ ਫੈਲ ਸਕਦਾ ਹੈ

ਇਹ ਵਾਇਰਸ ਜਿਆਦਾ ਸਰਦੀਆਂ ਦੇ ਮਹੀਨਿਆਂ ਵਿੱਚ ਫੈਲਦਾ ਹੈ

ਬੱਚੇ ਅਤੇ ਬਜ਼ੁਰਗ ਜ਼ਿਆਦਾ ਪ੍ਰਭਾਵਿਤ ਕਿਉਂ ਹੁੰਦੇ ਹਨ?

ਮਾਹਿਰਾਂ ਮੁਤਾਬਕ ਪਹਿਲੀ ਵਾਰ ਵਾਇਰਸ ਦੇ ਸੰਪਰਕ ਵਿੱਚ ਆਉਣਾ ਥੋੜਾ ਗੰਭੀਰ ਹੁੰਦਾ ਹੈ। ਇਸ ਤੋਂ ਬਾਅਦ ਵਿਅਕਤੀ ਅੰਦਰ ਕੁਝ ਹੱਦ ਤੱਕ ਇਮਿਊਨਿਟੀ ਬਣ ਜਾਂਦੀ ਹੈ ਅਤੇ ਦੁਬਾਰਾ ਵਿਅਕਤੀ ਦਾ ਇਸ ਨਾਲ ਬੀਮਾਰ ਪੈਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਇਸ ਨਾਲ ਸਮਝਿਆ ਜਾ ਸਕਦਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਛੋਟੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਾਇਰਸ ਜਿਆਦਾ ਮੁਸ਼ਕਿਲ ਕਿਵੇਂ ਪੈਦਾ ਕਰ ਸਕਦਾ ਹੈ। ਘੱਟ ਅਤੇ ਵਧੇਰੇ ਉਮਰ ਦੇ ਲੋਕਾਂ ਵਿੱਚ ਇਮਿਊਨ ਸਿਸਟਮ ਕਿਸੇ ਹੱਦ ਤੱਕ ਕਮਜ਼ੋਰ ਮੰਨਿਆ ਜਾਂਦਾ ਹੈ।

ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਐੱਚਐੱਮਪੀਵੀ ਵਾਇਰਸ ਕਈ ਦਹਾਕਿਆਂ ਤੋਂ ਮੌਜੂਦ ਹੈ। ਇਸ ਕਰਕੇ ਮਾਹਿਰਾਂ ਦਾ ਮੰਨਣਾ ਹੈ ਕਿ ਨਤੀਜੇ ਵਜੋਂ ਇਸ ਨਾਲ ਲੜਨ ਲਈ ਆਮ ਜਨਤਾ ਵਿੱਚ ਕਾਫ਼ੀ ਇਮਿਊਨਿਟੀ ਬਣ ਗਈ ਹੈ।

ਚੀਨ ਵਿੱਚ ਕੀ ਹੋ ਰਿਹਾ ਹੈ?

ਚੀਨ ਦੇ ਹਸਪਤਾਲਾਂ ਵਿੱਚ ਮਾਸਕ ਪਹਿਨਣ ਵਾਲੇ ਲੋਕਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਹਮਣੇ ਆਈਆਂ ਹਨ।

ਕੁਝ ਸਥਾਨਕ ਰਿਪੋਰਟਾਂ ਨੇ ਇਨ੍ਹਾਂ ਦ੍ਰਿਸ਼ਾਂ ਦੀ ਤੁਲਨਾ ਕੋਵਿਡ ਦੇ ਸ਼ੁਰੂਆਤੀ ਦੌਰ ਨਾਲ ਕੀਤੀ ਹੈ।

ਸੀਡੀਸੀ ਦੇਕਾਨ ਬਿਆਓ ਨੇ ਕਿਹਾ ਕਿ ਸਰਦੀਆਂ ਵਿੱਚ ਸਾਹ ਸੰਬੰਧੀ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਉਨ੍ਹਾਂ ਕਿਹਾ ਕਿ 14 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਐੱਚਐੱਮਪੀਵੀ ਦੇ ਮਾਮਲਿਆਂ ਦੀ ਗਿਣਤੀ ਵਿੱਚ ਥੋੜਾ ਵਾਧਾ ਵੇਖਿਆ ਜਾ ਸਕਦਾ ਹੈ ਪਰ ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਸਾਹ ਸੰਬੰਧੀ ਮਾਮਲਿਆਂ ਦੀ ਕੁੱਲ ਗਿਣਤੀ ਇਸ ਸਾਲ ਬਹੁਤ ਹੱਦ ਤੱਕ ਘੱਟ ਹੈ।

ਸੈਂਟਰ ਫਾਰ ਐਪੀਡੈਮਿਕ ਰਿਸਪਾਂਸ ਐਂਡ ਇਨੋਵੇਸ਼ਨ ਦੇ ਸੰਸਥਾਪਕ ਨਿਰਦੇਸ਼ਕ, ਪ੍ਰੋਫੈਸਰ ਟੂਲੀਓ ਡੀ ਓਲੀਵੀਰਾ ਦੇ ਅਨੁਸਾਰ ਐੱਚਐੱਮਪੀਵੀ ਚਾਰ ਵਾਇਰਸਾਂ ਵਿੱਚੋਂ ਇੱਕ ਹੈ ਜੋ ਵਰਤਮਾਨ ਵਿੱਚ ਚੀਨ ਵਿੱਚ ਸਰਦੀਆਂ ਵਿੱਚ ਵੱਧ ਰਹੇ ਹਨ। ਇਨ੍ਹਾਂ ਵਿੱਚ ਹੋਰ ਵਾਇਰਸ ਰਿਸਪਾਇਟਰੀ ਸਿੰਸੀਟੀਅਲ ਵਾਇਰਸ, ਕੋਵਿਡ ਅਤੇ ਇਨਫਲੂਐਂਜ਼ਾ ਹਨ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਚਾਰ ਵਾਇਰਸਾਂ ਦੇ ਵਧਣ ਨਾਲ ਹਸਪਤਾਲਾਂ ਨੂੰ ਕੁੱਝ ਹੱਦ ਤੱਕ ਦਬਾਅ ਹੇਠ ਵੇਖਿਆ ਜਾ ਸਕਦਾ ਹੈ ਪਰ ਇਹ ਸਿਹਤ ਸੁਰਖਿਆ ਪ੍ਰਬੰਧ ਪੰਜ ਸਾਲ ਪਹਿਲਾਂ ਦੀ ਤਿਆਰੀ ਨਾਲੋਂ ਕਾਫੀ ਵਧੇਰੇ ਹਨ ਜਦੋਂ ਕੋਰੋਨਾ ਵਾਇਰਸ ਪਹਿਲੀ ਵਾਰ ਸਾਹਮਣੇ ਆਇਆ ਸੀ।

ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ?

ਭਾਰਤੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ: ਅਤੁਲ ਗੋਇਲ ਅਨੁਸਾਰ ਐੱਮਐੱਮਪੀਵੀ ਵਾਇਰਸ ਦੇ ਵਿਅਕਤੀ ਜਾਂ ਜੇਕਰ ਕਿਸੇ ਨੂੰ ਜ਼ੁਕਾਮ ਹੈ ਤਾਂ ਉਸ ਤੋਂ ਲੋੜੀਦੀ ਦੂਰੀ ਬਣਾ ਕੇ ਰੱਖੋ

ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ 'ਤੇ ਰੁਮਾਲ ਜਾਂ ਕੱਪੜਾ ਰੱਖੋ। ਖੰਘਣ ਅਤੇ ਛਿੱਕਣ ਲਈ ਵੱਖਰੇ ਰੁਮਾਲ ਜਾਂ ਤੌਲੀਏ ਦੀ ਵਰਤੋਂ ਕਰੋ ਅਤੇ ਫਿਰ ਕੁਝ ਘੰਟਿਆਂ ਬਾਅਦ ਸਾਬਣ ਨਾਲ ਧੋ ਦੇਵੋ।

ਜੇ ਤੁਹਾਨੂੰ ਜ਼ੁਕਾਮ ਹੈ, ਤਾਂ ਮਾਸਕ ਪਾਕੇ ਰੱਖੋ। ਘਰ ਵਿੱਚ ਰਹੋ ਅਤੇ ਆਰਾਮ ਕਰੋ।

ਅਮਰੀਕੀ ਸਰਕਾਰ ਦੇ ਸੀਡੀਸੀ ਦੇ ਮੁਤਾਬਕ ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ।

ਆਪਣੇ ਬਰਤਨ, (ਕੱਪ, ਪਲੇਟ ਜਾਂ ਚਮਚੇ) ਨੂੰ ਇੱਕ ਦੂਜੇ ਨਾਲ ਸਾਂਝਾ ਨਾ ਕਰੋ

ਇਸ ਵਾਇਰਸ ਲਈ ਨਾ ਤਾਂ ਕੋਈ ਵਿਸ਼ੇਸ਼ ਐਂਟੀ-ਵਾਇਰਲ ਦਵਾਈ ਅਤੇ ਨਾ ਹੀ ਕੋਈ ਟੀਕਾ ਹੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਆਮ ਤੌਰ 'ਤੇ ਜ਼ੁਕਾਮ ਅਤੇ ਬੁਖਾਰ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਪਰ ਇਹ ਵਾਇਰਸ ਪਹਿਲਾ ਹੀ ਸਾਹ ਦੀ ਕਿਸੇ ਬੀਮਾਰੀ ਨਾਲ ਜੂਝ ਰਹੇੇ ਵਿਅਕਤੀ ਲਈ ਮੁਸ਼ਕਿਲ ਪੈਦਾ ਕਰ ਸਕਦਾ ਹੈ। ਅਜਿਹੇ 'ਚ ਡਾਕਟਰ ਦੀ ਸਲਾਹ ਜ਼ਰੂਰ ਲਓ।