'ਸਿਹਤ ਸਭ ਤੋਂ ਜ਼ਰੂਰੀ ਹੈ', ਸਾਲ 2025 ਵਿੱਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ

ਸਾਲ 2024 ਆਪਣੇ ਅੰਜਾਮ ਵੱਲ ਵੱਧ ਰਿਹਾ ਹੈ ਅਤੇ ਲੋਕ ਨਵੇਂ ਸਾਲ ਯਾਨਿ 2025 ਦੀ ਆਮਦ ਦਾ ਇੰਤਜ਼ਾਰ ਕਰ ਰਹੇ ਹਨ।

ਪਰ ਇੱਥੇ ਅਸੀਂ ਇੱਕ ਝਾਤ ਸਾਲ 2024 ਦੀਆਂ ਕੁਝ ਖ਼ਾਸ ਖ਼ਬਰਾਂ ʼਤੇ ਮਾਰਾਂਗੇ, ਜੋ ਸਭ ਤੋਂ ਵੱਧ ਪੜ੍ਹੀਆਂ ਗਈਆਂ।

ਇਸ ਲੇਖ ਵਿੱਚ ਅਸੀਂ ਬੀਬੀਸੀ ਪੰਜਾਬੀ ਦੀਆਂ ਸਿਹਤ ਪੱਖੋਂ ਪੜ੍ਹੀਆਂ ਗਈਆਂ 5 ਮੋਹਰੀ ਖ਼ਬਰਾਂ ਦੀ ਗੱਲ ਕਰਾਂਗੇ।

ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸਿਹਤਮੰਦ ਹੋ ਤਾਂ ਸਭ ਕੁਝ ਬਿਹਰਤਰੀਨ ਹੋ ਸਕਦਾ ਹੈ, ਇਸ ਲਈ ਇਹ ਖ਼ਬਰ ਤੁਹਾਡੇ ਲਈ ਵੀ ਸਹਾਇਕ ਹੋ ਸਕਦੀ ਹੈ।

ਸਭ ਤੋਂ ਪਹਿਲਾਂ ਅਸੀਂ ਇੱਥੇ ਗੱਲ ਕਰਾਂਗੇ ਬੱਚਿਆਂ ਦੀ ਸਿਹਤ ਬਾਰੇ।

ਛੇ ਸਾਲ ਦੀਆਂ ਬੱਚੀਆਂ ਨੂੰ ਪੀਰੀਅਡਜ਼ ਆਉਣ ਤੇ ਉਮਰ ਤੋਂ ਵੱਡੇ ਦਿਖਣ ਦੇ ਕੀ ਕਾਰਨ ਹਨ

ਛੋਟੀ ਉਮਰ ਵਿੱਚ ਪੀਰੀਅਡਜ਼ ਸ਼ੁਰੂ ਹੋਣਾ ਵਿਗੜਦੀ ਸਿਹਤ ਦਾ ਸੰਕੇਤ ਹੋ ਸਕਦੇ ਹਨ। ਡਾਕਟਰ ਦੱਸਦੇ ਹਨ ਕਿ ਛੇ ਸਾਲ ਦੀਆਂ ਨਿੱਕਿਆ ਬੱਚੀਆਂ ਨੂੰ ਵੀ ਪੀਰੀਅਡਜ਼ ਸ਼ੁਰੂ ਹੋ ਗਏ ਹਨ।

ਆਈਸੀਐੱਮਆਰ-ਐੱਨਆਈਆਰਆਰਸੀਐੱਚ ਨੌਂ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿੱਚ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਕਾਰਨਾਂ ਅਤੇ ਇਸ ਨਾਲ ਜੁੜੇ ਜੋਖ਼ਮਾਂ ਦਾ ਅਧਿਐਨ ਕਰ ਰਹੀ ਹੈ।

ਆਮਤੌਰ ਉੱਤੇ ਕੁੜੀਆਂ ਵਿੱਚ ਇਹ ਲੱਛਣ 8 ਤੋਂ 13 ਸਾਲ ਅਤੇ ਮੁੰਡਿਆਂ ਵਿੱਚ 9 ਤੋਂ 14 ਸਾਲ ਦੇ ਵਿਚਕਾਰ ਸ਼ੁਰੂ ਹੁੰਦੇ ਹਨ।

ਸੰਸਥਾ ਦੇ 2000 ਕੁੜੀਆਂ 'ਤੇ ਕੀਤੇ ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮਾਤਾ ਪਿਤਾ ਵੀ ਅਕਸਰ ਪਿਊਬਰਟੀ ਦੇ ਸੰਕੇਤਾਂ ਨੂੰ ਨਹੀਂ ਸਮਝਦੇ।

ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ (ਐੱਨਸੀਬੀਆਈ) ਦੀ ਵੈਬਸਾਈਟ ਦੇ ਮੁਤਾਬਕ, ਪਿਊਬਰਟੀ ਇੱਕ ਸਰੀਰਕ ਪ੍ਰਕਿਰਿਆ ਹੈ ਜਿਸ ਵਿੱਚ ਮੁੰਡੇ ਜਾਂ ਕੁੜੀ ਦੇ ਸਰੀਰ ਵਿੱਚ ਤਬਦੀਲੀਆਂ ਆਉਂਦੀਆਂ ਹਨ, ਉਨ੍ਹਾਂ ਦੇ ਜਿਨਸੀ ਅੰਗਾਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਪ੍ਰਜਨਨ ਦੇ ਸਮਰੱਥ ਬਣ ਜਾਂਦੇ ਹਨ।

ਵੈੱਬਸਾਈਟ ਦੇ ਅਨੁਸਾਰ, ਜਵਾਨੀ ਲੜਕੀਆਂ ਵਿੱਚ ਅੱਠ ਤੋਂ 13 ਸਾਲ ਅਤੇ ਲੜਕਿਆਂ ਵਿੱਚ 9 ਤੋਂ 14 ਸਾਲ ਦੇ ਵਿਚਕਾਰ ਸ਼ੁਰੂ ਹੁੰਦੀ ਹੈ।

ਡਾਕਟਰਾਂ ਅਨੁਸਾਰ ਕੁੜੀਆਂ ਵਿੱਚ ਸਮੇਂ ਤੋਂ ਪਹਿਲਾਂ ਪਿਊਬਰਟੀ ਦੇ ਕਈ ਕਾਰਨ ਹੋ ਸਕਦੇ ਹਨ।

ਸਮੇਂ ਤੋਂ ਪਹਿਲਾਂ ਮਾਹਵਾਰੀ ਆਉਣ ਦੇ ਕਈ ਕਾਰਨ ਹਨ, ਜਿਨ੍ਹਾਂ 'ਚੋਂ ਜੀਵਨ ਸ਼ੈਲੀ 'ਚ ਅਨਿਯਮਿਤਤਾ ਸਭ ਤੋਂ ਵੱਡਾ ਕਾਰਨ ਹੈ। ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਿਸ਼ਾਬ ਦੇ ਰੰਗ ਤੋਂ ਗੁਰਦੇ ਦੇ ਨੁਕਸਾਨ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ?

ਗੁਰਦੇ ਸਾਡੇ ਸਰੀਰ ਵਿਚਲੇ ਤਰਲ ਪਦਾਰਥਾਂ ਵਿੱਚੋਂ ਬੇਲੋੜੇ ਪਦਾਰਥਾਂ ਅਤੇ ਵਾਧੂ ਪਾਣੀ ਨੂੰ ਫਿਲਟਰ ਕਰਦੇ ਹਨ। ਫਿਰ ਇਹ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲਦੇ ਹਨ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਰਿਪੋਰਟ 'ਇੰਡੀਆ: ਹੈਲਥ ਆਫ਼ ਦਿ ਨੇਸ਼ਨ ਸਟੇਟ (2017)' ਅਨੁਸਾਰ, ਗੁਰਦੇ ਦੀ ਬਿਮਾਰੀ ਭਾਰਤ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬੇਹੱਦ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਵੱਧਦੀ ਉਮਰ ਗੁਰਦੇ ਦੀ ਬਿਮਾਰੀ ਦੇ ਵਧਣ ਦੇ ਮੁੱਖ ਕਾਰਨ ਹਨ।

ਗੁਰਦੇ ਸਾਡੇ ਸਰੀਰ ਦੀ ਫਿਲਟਰ ਪ੍ਰਣਾਲੀ ਹਨ। ਗੁਰਦੇ ਖੂਨ ਵਿੱਚੋਂ ਰਹਿੰਦ-ਖੂੰਹਦ ਨੂੰ ਬਾਹਰ ਕੱਢਦੇ ਹਨ, ਜੋ ਪਿਸ਼ਾਬ ਰਾਹੀਂ ਬਾਹਰ ਨਿਕਲਦੀ ਹੈ।

ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸਦਾ ਪਿਸ਼ਾਬ ਲਾਲ, ਭੂਰਾ ਜਾਂ ਕੋਈ ਹੋਰ ਗੂੜਾ ਰੰਗ ਲੈਂਦਾ ਹੈ ਤਾਂ ਉਸਨੂੰ ਧਿਆਨ ਰੱਖਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਜੇਕਰ ਪਿਸ਼ਾਬ ਦੀ ਮਾਤਰਾ ਆਮ ਨਾਲੋਂ ਬਹੁਤ ਘੱਟ ਜਾਂ ਆਮ ਨਾਲੋਂ ਜ਼ਿਆਦਾ ਹੈ ਜਾਂ ਵਾਰ-ਵਾਰ ਪਿਸ਼ਾਬ ਕਰਨਾ ਪੈਂਦਾ ਹੈ ਜਾਂ ਵਿਅਕਤੀ ਨੂੰ ਪਿਸ਼ਾਬ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਉਹ ਇਸ ਨੂੰ ਬਿਲਕੁਲ ਵੀ ਕੰਟਰੋਲ ਨਹੀਂ ਕਰ ਸਕਦਾ ਹੈ ਤਾਂ ਗੁਰਦੇ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੈ।

ਗੁਰਦੇ ਸਰੀਰ ਦਾ ਇੱਕ ਜ਼ਰੂਰੀ ਅੰਗ ਹਨ ਅਤੇ ਇਸ ਦੇ ਕਈ ਕੰਮ ਹੁੰਦੇ ਹਨ। ਇਨ੍ਹਾਂ ਦੀ ਸਿਹਤ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਸ਼ਰਾਬ ਰੋਜ਼ ਪੀਣ ਨਾਲ ਸਰੀਰ ਉੱਤੇ ਕੀ ਅਸਰ ਪੈਂਦਾ ਹੈ ਤੇ ਸ਼ਰਾਬ ਛੱਡਣ ਨਾਲ ਸਰੀਰ 'ਚ ਕੀ ਹੁੰਦੀ ਹੈ ਪ੍ਰਤੀਕਿਰਿਆ

ਬਹੁਤ ਲੋਕ ਸੋਚਦੇ ਹਨ ਕਿ ਉਹ ਜਿਹੜੀ ਸ਼ਰਾਬ ਪੀਂਦੇ ਹਨ ਉਹ ਸਿੱਧੀ ਉਨ੍ਹਾਂ ਦੇ ਢਿੱਡ ਵਿੱਚ ਜਾਂਦੀ ਹੈ ਅਤੇ ਪਿਸ਼ਾਬ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ।

ਪਰ ਬਹੁਤੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਸ਼ਰਾਬ ਦਾ ਸਰੀਰ ਦੇ ਅੰਗਾਂ ਉੱਤੇ ਕਿੰਨਾ ਅਸਰ ਪੈਂਦਾ ਹੈ।

ਸ਼ਰਾਬ (ਅਲਕੋਹਲ) ਕਿਸੇ ਵੀ ਲਿੰਗ ਲਈ ਖ਼ਤਰਨਾਕ ਹੋ ਸਕਦੀ ਹੈ।

ਇਸ ਨਾਲ ਲਿਵਰ ਦੀ ਫਾਇਬਰੋਸਿਸ ਬੀਮਾਰੀ ਵੀ ਹੋ ਸਕਦੀ ਹੈ ਅਤੇ ਇਹ ਵੱਧ ਕੇ ਸਿਰਹੋਸਿਸ ਬੀਮਾਰੀ ਵਿੱਚ ਵੀ ਤਬਦੀਲ ਹੋ ਸਕਦੀ ਹੈ। ਇਹ ਬੀਮਾਰੀਆਂ ਲਿਵਰ ਦੇ ਤੰਤੂਆਂ ਨਾਲ ਜੁੜੀਆਂ ਹਨ।

ਹਾਲਾਂਕਿ ਇਸ ਬੀਮਾਰੀ ਦੀ ਗੰਭੀਰਤਾ ਵਿਅਕਤੀ ਦੇ ਜੈਨੇਟਿਕਸ ਦੇ ਮੁਤਾਬਕ ਜਾਂ ਸ਼ਰਾਬ ਦੇ ਸੇਵਨ ਦੇ ਮੁਤਾਬਕ ਘੱਟ ਜਾਂ ਵੱਧ ਹੋ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਸ਼ਰਾਬ ਕਰਕੇ ਲਿਵਰ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।

ਅਸੀਂ ਇਹ ਜਾਨਣ ਦੇ ਲਈ ਏਐੱਮਜੀਐੱਮ ਹੈਲਥਕੇਅਰ ਵਿੱਚ ਲਿਵਰ ਟਰਾਂਸਪਲਾਂਟ ਦੇ ਮਾਹਰ ਡਾ ਥਿਆਗਰਾਜਨ ਨਾਲ ਗੱਲ ਕੀਤੀ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਨੌਜਵਾਨਾਂ ਵਿੱਚ ਕੈਂਸਰ ਦੀਆਂ ਕਿਹੜੀਆਂ ਕਿਸਮਾਂ ਦੇ ਮਾਮਲੇ ਵੱਧ ਸਾਹਮਣੇ ਆ ਰਹੇ ਹਨ ਤੇ ਕੀ ਹਨ ਕਾਰਨ

ਜੋ ਲੋਕ ਅਜੇ ਆਪਣੀ ਉਮਰ ਦੇ ਵੀਹਵਿਆਂ, ਤੀਹਵਿਆਂ ਅਤੇ ਚਾਲੀਵਿਆਂ ਵਿੱਚ ਹਨ, ਉਨ੍ਹਾਂ ਵਿੱਚ ਵੀ ਛਾਤੀ, ਗੁਦਾ ਅਤੇ ਹੋਰ ਕਿਸਮ ਦੇ ਕੈਂਸਰ ਦੇ ਮਾਮਲੇ ਕਾਫ਼ੀ ਜ਼ਿਆਦਾ ਸਾਹਮਣੇ ਆ ਰਹੇ ਹਨ।

20, 30 ਅਤੇ 40 ਸਾਲਾਂ ਦੇ ਲੋਕਾਂ ਵਿੱਚ ਛਾਤੀ, ਕੋਲਨ ਜਾਂ ਗੁਦੇ ਦਾ ਕੈਂਸਰ ਅਤੇ ਹੋਰ ਕੈਂਸਰਾਂ ਦੇ ਕੇਸ ਵੱਧ ਰਹੇ ਹਨ।

ਅਮਰੀਕਨ ਕੈਂਸਰ ਸੁਸਾਇਟੀ (ਏਸੀਐੱਸ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਕੈਂਸਰ ਖੋਜ ਬਾਰੇ ਕੌਮਾਂਤਰੀ ਏਜੰਸੀ ਦੇ ਖੋਜੀਆਂ ਦੀ ਟੀਮ ਨੇ ਕੈਂਸਰ ਦੇ ਰੁਝਾਨ ਨੂੰ ਸਮਝਣ ਲਈ 50 ਦੇਸਾਂ ਦੇ ਡੇਟਾ ਦਾ ਅਧਿਐਨ ਕੀਤਾ।

ਇਨ੍ਹਾਂ ਵਿੱਚੋਂ 14 ਦੇਸਾਂ ਵਿੱਚ ਇਹ ਵਧਦਾ ਰੁਝਾਨ ਸਿਰਫ਼ ਨੌਜਵਾਨਾਂ ਵਿੱਚ ਦੇਖਿਆ ਗਿਆ, ਜਦਕਿ ਵਡੇਰੀ ਉਮਰ ਦੇ ਬਾਲਗਾਂ ਦੇ ਕੈਂਸਰ ਰੁਝਾਨਾਂ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ।

ਇਹ ਨਤੀਜੇ ਨੌਜਵਾਨਾਂ ਵਿੱਚ ਕੈਂਸਰਾਂ ਦੇ ਹੋ ਰਹੇ ਵਾਧੇ ਬਾਰੇ ਕੀਤੇ ਜਾ ਰਹੇ ਅਧਿਐਨਾਂ ਦੇ ਨਤੀਜਿਆਂ ਵਿੱਚ ਸਭ ਤੋਂ ਨਵੀਨਤਮ ਹਨ।

ਸ਼ੁਰੂਆਤੀ ਉਮਰ ਵਿੱਚ ਪੈਦਾ ਹੋਣ ਵਾਲੇ ਕੈਂਸਰਾਂ ਦਾ ਮੁੱਦਾ ਇੰਨਾ ਚਿੰਤਾਜਨਕ ਬਣ ਚੁੱਕਿਆ ਹੈ ਕਿ ਯੂਆਈਸੀਸੀ ਵਰਗੀਆਂ ਸੰਸਥਾਵਾਂ ਇਸ ਬਾਰੇ ਜਾਗਰੂਕਤਾ ਪੈਦਾ ਕਰ ਰਹੀਆਂ ਹਨ ਤਾਂ ਜੋ ਨੌਜਵਾਨ ਮਰੀਜ਼ਾਂ ਵਿੱਚ ਇਸ ਬੀਮਾਰੀ ਨੂੰ ਸ਼ੁਰੂ ਵਿੱਚ ਹੀ ਫੜਿਆ ਜਾ ਸਕੇ।

ਇਸਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਤੁਸੀਂ ਇੱਥੇ ਕਲਿੱਕ ਕਰ ਕੇ ਖ਼ਬਰ ਪੜ੍ਹ ਸਕਦੇ ਹੋ।

ਰੱਜ ਕੇ ਸੌਣ ਅਤੇ ਆਰਾਮ ਦੇ ਬਾਵਜੂਦ ਵੀ ਕੀ ਤੁਸੀਂ ਹਰ ਸਮੇਂ ਥੱਕਿਆ ਹੋਇਆ ਮਹਿਸੂਸ ਕਰਦੇ ਹੋ?

ਕੁਝ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਰਾਤ ਕਈ ਘੰਟੇ ਸੌਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ।

ਜਦਕਿ ਉਹ ਕਸਰਤ ਜਾਂ ਕੋਈ ਭਾਰੀ ਮਿਹਨਤ ਵਾਲਾ ਕੰਮ ਨਹੀਂ ਕਰਦੇ।

ਕੀ ਤੁਸੀਂ ਵੀ ਕੁਝ ਅਜਿਹਾ ਹੀ ਮਹਿਸੂਸ ਕਰਦੇ ਹੋ? ਅਜਿਹਾ ਤੁਸੀਂ ਹੀ ਨਹੀਂ ਹੋਰ ਲੋਕ ਵੀ ਮਹਿਸੂਸ ਕਰਦੇ ਹਨ।

ਕਈ ਅਧਿਐਨਾਂ 'ਚ ਅਜਿਹਾ ਵੀ ਸਾਹਮਣੇ ਆਇਆ ਹੈ ਕਿ ਮਰਦਾਂ ਦੇ ਮੁਕਾਬਲੇ ਥਕਾਵਟ ਮਹਿਸੂਸ ਕਰਨ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਵਧੇਰੇ ਹੈ।

ਸਾਲ 2023 'ਚ 3 ਮਹਾਂਦੀਪਾਂ 'ਚ ਕੀਤੀਆਂ ਗਈਆਂ 91 ਖੋਜਾਂ ਦੀ ਪੜਤਾਲ ਵਿੱਚ ਇਹ ਸਾਹਮਣੇ ਆਇਆ ਕਿ ਦੁਨੀਆ ਭਰ 'ਚ ਹਰ ਪੰਜ 'ਚੋਂ ਇੱਕ ਬਾਲਗ ਘੱਟ ਤੋਂ ਘੱਟ 6 ਮਹੀਨਿਆਂ ਤੱਕ ਅਜਿਹਾ ਮਹਿਸੂਸ ਕਰਦਾ ਹੈ ਕਿ ਉਹ ਥੱਕਿਆ ਹੋਇਆ ਹੈ।

ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)