ਯੋ ਯੋ ਹਨੀ ਸਿੰਘ: ਗੋਲਡੀ ਬਰਾੜ ਵੱਲੋਂ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਧਮਕੀ, ਜਾਣੋ ‘ਹਨੀ ਸਿੰਘ 3.0’ ਕੀ ਹੈ

ਯੋ ਯੋ ਹਨੀ ਸਿੰਘ

ਤਸਵੀਰ ਸਰੋਤ, FB/honeysingh

ਮਸ਼ਹੂਰ ਗਾਇਕ, ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਹਰਦੇਸ਼ ਸਿੰਘ ਉਰਫ਼ 'ਯੋ ਯੋ ਹਨੀ ਸਿੰਘ' ਨੂੰ ਗੈਂਗਸਟਰ ਗੋਲਡੀ ਬਰਾੜ ਨੇ ਕਥਿਤ ਤੌਰ 'ਤੇ ਧਮਕੀ ਦਿੱਤੀ ਹੈ ਅਤੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਨੀ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ''ਮੈਂ ਅਮਰੀਕਾ ਵਿੱਚ ਸੀ, ਉਨ੍ਹਾਂ ਦੇ ਮੈਨੇਜਰ ਨੂੰ ਕੁਝ ਫੋਨ ਕਾਲ ਆਏ, ਜਿਨ੍ਹਾਂ ਵਿੱਚ ਮੈਂਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।''

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕਰ ਦਿੱਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਇੱਕ ਸਪੈਸ਼ਲ ਸੈੱਲ ਮਾਮਲੇ ਦੀ ਜਾਂਚ ਕਰੇਗਾ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ ਯੂ/ਐਸ 387 ਅਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਹਨੀ ਸਿੰਘ

ਤਸਵੀਰ ਸਰੋਤ, ANI/Twitter

ਧਮਕੀ ਦੇਣ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਿਆ

ਖ਼ਬਰ ਏਜੰਸੀ ਏਐਨਆਈ ਮੁਤਾਬਕ, ਹਨੀ ਸਿੰਘ ਦੇ ਮੈਨੇਜਰ ਨੂੰ 19 ਜੂਨ ਨੂੰ ਜੋ ਧਮਕੀ ਭਰੀ ਕਾਲ ਆਈ ਉਸ ਵਿੱਚ ਵਿਅਕਤੀ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਿਆ ਸੀ।

ਧਮਕੀ ਦੇਣ ਵਾਲੇ ਨੇ ਉਨ੍ਹਾਂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ।

ਇਸ ਵਿੱਚ ਦੱਸਿਆ ਗਿਆ ਹੈ ਕਿ ਪਹਿਲੀ ਕਾਲ ਤੋਂ ਬਾਅਦ ਹਨੀ ਸਿੰਘ ਦੇ ਮੈਨੇਜਰ ਰੋਹਿਤ ਛਾਬੜਾ ਨੂੰ ਕਈ ਹੋਰ ਅਜਿਹੀਆਂ ਕਾਲਾਂ ਅਤੇ ਵੁਆਇਸ ਮੈਸੇਜ ਵੀ ਆਏ।

ਦੱਸ ਦੇਈਏ ਕਿ ਗੋਲਡੀ ਬਰਾੜ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਪ੍ਰਮੁੱਖ ਸਾਜ਼ਿਸਕਰਤਾ ਦੇ ਨਾਲ-ਨਾਲ ਕਈ ਹੋਰ ਮਾਮਲਿਆਂ ਵਿੱਚ ਲੋੜੀਂਦਾ ਹੈ।

ਪੰਜਾਬ ਪੁਲਿਸ ਦੇ ਮੁਤਾਬਕ 29 ਮਈ ਨੂੰ ਹੋਏ ਸਿੱਧੂ ਮੂਸੇਵਾਲ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਹੀ ਲਈ ਸੀ।

ਹਨੀ ਸਿੰਘ

ਤਸਵੀਰ ਸਰੋਤ, ANI/Twitter

ਕੌਣ ਹਨ ਹਨੀ ਸਿੰਘ

ਹਨੀ ਸਿੰਘ ਨੇ ਇੱਕ ਸਮੇਂ ਸੰਗੀਤ ਜਗਤ ਵਿੱਚ ਧੂਮ ਮਚਾ ਰੱਖੀ ਸੀ, ਪਰ ਕਈ ਸਾਲਾਂ ਤੋਂ ਨਾ ਤਾਂ ਉਨ੍ਹਾਂ ਦਾ ਕੋਈ ਹਿੱਟ ਗੀਤ ਆਇਆ ਅਤੇ ਨਾ ਹੀ ਉਹ ਜਨਤਕ ਤੌਰ ’ਤੇ ਨਜ਼ਰ ਆਏ। ਸਾਹਮਣੇ ਆਈਆਂ ਤਾਂ ਸਿਰਫ਼ ਉਨ੍ਹਾਂ ਨਾਲ ਜੁੜੀਆਂ ਨੈਗੇਟਿਵ ਖ਼ਬਰਾਂ।

ਪਰ ਹੁਣ ਹਨੀ ਸਿੰਘ ਨੇ ਮੁੜ ਵਾਪਸੀ ਕੀਤੀ ਹੈ। ਆਪਣੀ ਇਸ ਵਾਪਸੀ ਨੂੰ ਉਨ੍ਹਾਂ ਨੇ ‘ਹਨੀ ਸਿੰਘ 3.0’ ਨਾਂ ਦਿੱਤਾ ਹੈ।

ਪਿਛਲੇ ਮਹੀਨੇ ਬੀਬੀਸੀ ਲਈ ਨਯਨਦੀਪ ਰਕਸ਼ਿਤ ਨੇ ਹਨੀ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਤੋਂ ਮਿਊਜ਼ਿਕ ਇੰਡਸਟਰੀ ਵਿੱਚ ਆਉਣ, ਬਿਮਾਰੀ, ਨਿੱਜੀ ਜ਼ਿੰਦਗੀ ਅਤੇ ਕਮਬੈਕ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਜਾਣੇ ਸਨ।

ਇੱਥੇ ਅਸੀਂ ਉਹੀ ਰਿਪੋਰਟ ਇੱਕ ਵਾਰ ਫਿਰ ਤੋਂ ਪੇਸ਼ ਕਰ ਰਹੇ ਹਾਂ।

ਹਨੀ ਸਿੰਘ

ਤਸਵੀਰ ਸਰੋਤ, Getty Images

ਬਚਪਨ ਤੋਂ ਸੰਗੀਤ ਦਾ ਸ਼ੌਂਕ

ਹਨੀ ਸਿੰਘ ਆਪਣੇ ਕਈ ਪੁਰਾਣੇ ਇੰਟਰਿਊ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ ਕਿ ਮਿਊਜ਼ਿਕ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ।

ਹਨੀ ਸਿੰਘ ਨੇ ਦੱਸਿਆ, ‘‘ਬਚਪਨ ਤੋਂ ਹੀ ਸੰਗੀਤ ਵਿੱਚ ਮੇਰੀ ਦਿਲਚਸਪੀ ਸੀ। 13 ਸਾਲ ਦੀ ਉਮਰ ਵਿੱਚ ਮੈਂ ਆਪਣੇ ਸਕੂਲ ਵਿੱਚ ਪ੍ਰਾਰਥਨਾ ਦੇ ਦੌਰਾਨ ਤਬਲਾ ਵਜਾਉਂਦਾ ਸੀ। ਉਸ ਦੇ ਬਾਅਦ ਤਬਲਾ ਬੰਦ ਕਰ ਦਿੱਤਾ, ਪਰ ਘਰ ਵਿੱਚ ਸੰਗੀਤ ਦਾ ਬਹੁਤ ਮਾਹੌਲ ਸੀ।’’

‘‘ਸਾਲ 1999 ਵਿੱਚ ਮੈਂ ਹਿਪਹੌਪ ਸੁਣਨਾ ਸ਼ੁਰੂ ਕੀਤਾ। ਏਆਰ ਰਹਿਮਾਨ ਨੂੰ ਬਹੁਤ ਸੁਣਿਆ। 2000 ਤੋਂ ਇੰਟਰਨੈਸ਼ਨਲ ਹਿਪਹੌਪ ਸੁਣਨਾ ਸ਼ੁਰੂ ਕੀਤਾ। ਫਿਰ ਸੋਚਿਆ ਕਿ ਕੁਝ ਅਜਿਹਾ ਹੀ ਕਰਨਾ ਹੈ, ਪਰ ਉਹ ਕਿਵੇਂ, ਇਹ ਸਮਝ ਨਹੀਂ ਆ ਰਿਹਾ ਸੀ।’’

‘‘ਮੈਂ ਆਈਟੀ ਇਸ ਲਈ ਕੀਤੀ ਸੀ ਕਿ ਬੀਟ ਬਣਾ ਸਕਾਂ। 2003 ਵਿੱਚ ਮੈਂ ਅੰਡਰਗਰਾਊਂਡ ਰੈਪਰਜ਼ ਲਈ ਬੀਟ ਬਣਾਈ। 2005 ਵਿੱਚ ਮੈਨੂੰ ਪਹਿਲੀ ਵਾਰ ਅਸ਼ੋਕ ਮਸਤੀ ਨਾਲ ਗੀਤ ਕੰਪੋਜ਼ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਗੀਤ ਬਣਾਇਆ, ‘ਖੜਕੇ ਗਲਾਸੀ ਤੇਰੇ ਨਾਂ ’ਤੇ…’ ਜੋ ਸੁਪਰਹਿੱਟ ਸੀ, ਪਰ ਉਸ ਦੇ ਬਾਅਦ ਵੀ ਮੇਰੇ ਕੋਲ ਕੰਮ ਨਹੀਂ ਸੀ।’’

ਉਨ੍ਹਾਂ ਨੇ ਦੱਸਿਆ, ‘‘ਉਸ ਦੇ ਬਾਅਦ 2007 ਵਿੱਚ ਮੈਂ ਬਤੌਰ ਮਿਊਜ਼ਿਕ ਡਾਇਰੈਕਟਰ ਪੰਜਾਬ ਸ਼ਿਫਟ ਹੋ ਗਿਆ। ਉਸ ਤੋਂ ਪਹਿਲਾਂ ਮੈਨੂੰ ਲਿਖਣਾ ਨਹੀਂ ਆਉਂਦਾ ਸੀ, ਸਿਰਫ਼ ਮਿਊਜ਼ਿਕ ਬਣਾਉਣਾ ਆਉਂਦਾ ਸੀ।’’

‘‘ਫਿਰ ਹੌਲੀ-ਹੌਲੀ ਲਿਖਣਾ ਸ਼ੁਰੂ ਕੀਤਾ, ਥੋੜ੍ਹਾ-ਥੋੜ੍ਹਾ ਰੈਪ ਕਰਨਾ ਸ਼ੁਰੂ ਕੀਤਾ। ਐਲਬਮ ਡਿਜ਼ਾਇਨ ਕਰਨਾ ਸ਼ੁਰੂ ਕੀਤਾ।’’

ਹਨੀ ਸਿੰਘ ਮੰਨਦੇ ਹਨ ਕਿ ਉਨ੍ਹਾਂ ਨੇ ਛੋਟੀ ਹੀ ਉਮਰ ਵਿੱਚ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਕੰਮ ਚੱਲ ਵੀ ਗਿਆ ਸੀ। ਕੁਝ ਹੀ ਸਾਲਾਂ ਵਿੱਚ ਉਹ ਪੰਜਾਬ ਦੇ ਸਟਾਰ ਸਨ, ਪਰ ਦਿੱਲੀ, ਮੁੰਬਈ ਅਤੇ ਮੈਟਰੋ ਸ਼ਹਿਰਾਂ ਵਿੱਚ ਕੋਈ ਖ਼ਾਸ ਪਛਾਣ ਨਹੀਂ ਸੀ।

ਇਸ ਦੇ ਬਾਅਦ ਹਨੀ ਸਿੰਘ ਨੇ ਖ਼ੁਦ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਅਤੇ ਖ਼ੁਦ ’ਤੇ ਕੰਮ ਕਰਨਾ ਸ਼ੁਰੂ ਕੀਤਾ।

ਉਹ ਕਹਿੰਦੇ ਹਨ, ‘‘ਖ਼ੁਦ ’ਤੇ ਕੰਮ ਕਰਨ ਦੇ ਬਾਅਦ ਮੈਂ ਆਪਣਾ ਪਹਿਲਾ ਗੀਤ ਲਾਂਚ ਕੀਤਾ ‘ਬ੍ਰਾਊਨ ਰੰਗ’ ਅਤੇ ਦੁਕਾਨ ਚੱਲ ਪਈ। ਫਿਰ ਤਾਂ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਆਉਂਦੇ ਗਏ।’’

ਕਿਵੇਂ ਚਮਕਿਆ ਸਿਤਾਰਾ

ਹਨੀ ਸਿੰਘ

ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀਆਂ ਚੁਣੌਤੀਆਂ ਬਾਰੇ ਹਨੀ ਸਿੰਘ ਦੱਸਦੇ ਹਨ ਕਿ ਉਹ ‘ਕੁਝ ਨਵਾਂ ਟ੍ਰਾਈ ਕਰਨਾ’ ਚਾਹੁੰਦੇ ਸਨ, ਪਰ ਲੋਕ ਉਨ੍ਹਾਂ ’ਤੇ ਭਰੋਸਾ ਹੀ ਨਹੀਂ ਕਰ ਰਹੇ ਸਨ ਅਤੇ ਕੁਝ ਵੀ ਨਵਾਂ ਕਰਨ ਲਈ ਉਨ੍ਹਾਂ ਨੂੰ ਸਪੋਰਟ ਨਹੀਂ ਕਰ ਰਹੇ ਸਨ।

ਹਨੀ ਸਿੰਘ ਇਸੇ ਸੰਦਰਭ ਵਿੱਚ ਦਿਲਜੀਤ ਦੋਸਾਂਝ ਨਾਲ ਜੁੜਿਆ ਇੱਕ ਕਿੱਸਾ ਦੱਸਦੇ ਹਨ ਕਿ ਦਿਲਜੀਤ ਨੇ ਵੀ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਸੀ।

ਉਹ ਕਹਿੰਦੇ ਹਨ, ‘‘ਸਾਲ 2009 ਵਿੱਚ ਆਪਣੀ ਐਲਬਮ ਲਈ ਦਿਲਜੀਤ ਮੇਰੇ ਕੋਲ ਆਏ ਸਨ। ਉਨ੍ਹਾਂ ਨੇ ਮੈਨੂੰ ਬਤੌਰ ਮਿਊਜ਼ਿਕ ਪ੍ਰੋਡਿਊਸਰ ਸਾਈਨ ਕੀਤਾ।’’

ਹਨੀ ਸਿੰਘ ਦੱਸਦੇ ਹਨ, ‘‘ਦਿਲਜੀਤ ਨਾਲ ਗੱਲਬਾਤ ਦੇ ਦੌਰਾਨ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਜੋ ਅਜੇ ਤੱਕ ਕਰ ਰਹੇ ਹੋ, ਉਹੀ ਕਰਨਾ ਹੈ ਜਾਂ ਫਿਰ ਕੁਝ ਨੈਕਸਟ ਲੈਵਲ ਦਾ ਕਰਨਾ ਹੈ। ਦਿਲਜੀਤ ਵੀ ‘ਨੈਕਸਟ ਲੈਵਲ’ ਕੰਮ ਕਰਨ ਲਈ ਤਿਆਰ ਹੋ ਗਏ ਅਤੇ ਇਹੀ ਐਲਬਮ ਦਾ ਨਾਂ ਵੀ ਪੈ ਗਿਆ।

2009 ਤੋਂ ਲੈ ਕੇ 2010 ਤੱਕ ਐਲਬਮ ਡਿਜ਼ਾਇਨ ਦਾ ਕੰਮ ਹੋਇਆ ਅਤੇ ਉਸ ਵਿੱਚ ਇੱਕ ਹਿਪਹੌਪ ਗੀਤ ਵੀ ਰੱਖਿਆ ਗਿਆ ਸੀ-‘ਪੰਗਾ’। ਜੋ ਬਾਅਦ ਵਿੱਚ ਬਹੁਤ ਹਿੱਟ ਰਿਹਾ, ਪਰ ਐਲਬਮ ਰਿਲੀਜ਼ ਦੇ ਸਮੇਂ ਦਿਲਜੀਤ ਉਸ ਨੂੰ ਪਹਿਲਾਂ ਰਿਲੀਜ਼ ਕਰਨ ਲਈ ਤਿਆਰ ਨਹੀਂ ਸਨ।’’

ਲਾਈਨ

ਹਨੀ ਸਿੰਘ ਬਾਰੇ ਖਾਸ ਗੱਲਾਂ:

  • ਯੋ ਯੋ ਹਨੀ ਸਿੰਘ ਆਪਣੀ ਵਾਪਸੀ ‘ਹਨੀ ਸਿੰਘ 3.0’ ਨਾਲ ਕਰ ਰਹੇ ਹਨ
  • ਹਨੀ ਸਿੰਘ ‘ਖੜਕੇ ਗਲਾਸੀ’ ਤੋਂ ਲੈ ਕੇ ‘ਦੇਸੀ ਕਲਾਕਾਰ’ ਤੱਕ ਦੇ ਸਫ਼ਰ ਨੂੰ ਆਪਣਾ ਪਹਿਲਾ ਪੜਾਅ ਮੰਨਦੇ ਹਨ
  • ਜਦੋਂ ਉਹ ਸ਼ਾਹਰੁਖ਼ ਖਾਨ ਨਾਲ ਵਰਲਡ ਟੂਰ ’ਤੇ ਗਏ ਹੋਏ ਸਨ, ਉਸ ਸਮੇਂ ਉਨ੍ਹਾਂ ਨੂੰ ਪਹਿਲੀ ਬਾਰ ਬਿਮਾਰੀ ਨੇ ਝਟਕਾ ਦਿੱਤਾ
  • ਯੋ ਯੋ ਹਨੀ ਸਿੰਘ ਉਪਰ ਨੈੱਟਫਲਿਕਸ ’ਤੇ ਇੱਕ ਡਾਕੂਮੈਂਟਰੀ ਬਣ ਰਹੀ ਹੈ
ਲਾਈਨ

ਕਿਵੇਂ ਪਿਆ ‘ਯੋ ਯੋ’ ਨਾਂ?

ਹਨੀ ਸਿੰਘ

ਤਸਵੀਰ ਸਰੋਤ, Getty Images

ਆਪਣੇ ਨਾਂ ਦੇ ਪਿੱਛੇ ਦੀ ਕਹਾਣੀ ਬਾਰੇ ਹਨੀ ਦੱਸਦੇ ਹਨ, ‘‘ਹਨੀ ਮੇਰਾ ਛੋਟਾ ਨਾਂ ਹੈ ਅਤੇ ‘ਸਿੰਘ’ ਮੇਰਾ ਸਰ-ਨੇਮ’ ਤਾਂ ਪਹਿਲਾਂ ਐਲਬਮ ਦੇ ਪਿੱਛੇ ਮਿਊਜ਼ਿਕ ਡਾਇਰੈਕਟਰ ਦੀ ਇੱਕ ਛੋਟੀ ਜਿਹੀ ਫੋਟੋ ਲਾਈ ਜਾਂਦੀ ਸੀ ਅਤੇ ਉਸ ’ਤੇ ਮੇਰਾ ਨਾਂ ਹੁੰਦਾ ਸੀ।’’

‘‘ਜਦੋਂ ਮਿਊਜ਼ਿਕ ਬਣਾਉਂਦੇ-ਬਣਾਉਂਦੇ ਪੰਜ ਸਾਲ ਬੀਤੇ ਅਤੇ ਮੈਨੂੰ ਪੰਜਾਬ ਵਿੱਚ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਐਵਾਰਡ ਮਿਲਿਆ ਤਾਂ ਮੈਨੂੰ ਲੱਗਿਆ ਕਿ ਹੁਣ ਆਪਣੀ ਪੈਕੇਜਿੰਗ ਕਰਨੀ ਚਾਹੀਦੀ ਹੈ।’’

ਉਹ ਕਹਿੰਦੇ ਹਨ, ‘‘ਉਸ ਦੇ ਬਾਅਦ ਇਹ ‘ਯੋ-ਯੋ’ ਨਾਂ ਜੁੜਿਆ। ਯੋ ਯੋ ਵੀ ਬਸ ਇੱਕ ਸਲੈਂਗ ਸੀ, ਜਿਸ ਦਾ ਮਤਲਬ ਸੀ ‘ਤੁਹਾਡਾ ਆਪਣਾ।’ ਉਹ ਮੈਨੂੰ ਇਸ ਤਰ੍ਹਾਂ ਹੀ ਬੁਲਾਉਂਦੇ ਸਨ ਅਤੇ ਇਸ ਤਰ੍ਹਾਂ ਹੀ ਨਾਂ ਪੈ ਗਿਆ।’’

ਲਾਈਨ

ਹਨੀ ਸਿੰਘ 3.0

ਹਨੀ ਸਿੰਘ

ਹਨੀ ਸਿੰਘ ਆਪਣੀ ਵਾਪਸੀ ਨੂੰ 3.0 ਕਹਿ ਰਹੇ ਹਨ।

ਉਹ ‘ਖੜਕੇ ਗਲਾਸੀ’ ਤੋਂ ਲੈ ਕੇ ‘ਦੇਸੀ ਕਲਾਕਾਰ’ ਤੱਕ ਦੇ ਸਫ਼ਰ ਨੂੰ ਆਪਣਾ ਪਹਿਲਾ ਪੜਾਅ ਮੰਨਦੇ ਹਨ।

ਉਸ ਦੇ ਬਾਅਦ ਬੌਲੀਵੁੱਡ ਵਿੱਚ ਸੁਪਰਹਿੱਟ ਗੀਤ ਦੇਣ ਦੇ ਬਾਵਜੂਦ ਆਪਣੀ ਨਿੱਜੀ ਪਛਾਣ ਨੂੰ ਬਣਾ ਕੇ ਰੱਖਣ ਦੀ ਕਾਮਯਾਬੀ ਅਤੇ ਉਸ ਦੇ ਬਾਅਦ ਬਿਮਾਰੀ ਅਤੇ ਪੂਰੀ ਤਰ੍ਹਾਂ ਚਕਨਾਚੂਰ ਹੋ ਜਾਣ ਨੂੰ ਦੂਜਾ ਪੜਾਅ ਦੱਸਦੇ ਹਨ।

ਹੁਣ ਉਹ ਆਪਣੀ ਵਾਪਸੀ ਨੂੰ ਤੀਜਾ ਪੜਾਅ ਮੰਨਦੇ ਹਨ।

‘ਬੁਰੇ ਦਿਨਾਂ ਵਿੱਚ ਆਪਣੇ ਨਾਲ ਖੜ੍ਹੇ ਰਹੇ’

ਹਨੀ ਸਿੰਘ

ਤਸਵੀਰ ਸਰੋਤ, Twitter/Honey Singh

ਹਨੀ ਸਿੰਘ ਲਗਭਗ ਪੰਜ ਸਾਲ ਗਾਇਬ ਰਹੇ। ਪਰ ਉਨ੍ਹਾਂ ਲਈ ਸਭ ਤੋਂ ਰਾਹਤ ਦੀ ਗੱਲ ਇਹ ਰਹੀ ਕਿ ਉਨ੍ਹਾਂ ਦੇ ਆਪਣਿਆਂ ਨੇ ਉਨ੍ਹਾਂ ਦਾ ਕਦੇ ਵੀ ਸਾਥ ਨਹੀਂ ਛੱਡਿਆ।

ਉਹ ਕਹਿੰਦੇ ਹਨ, ‘‘ਸੱਤ ਸਾਲ ਤੱਕ ਮੇਰੇ ਪ੍ਰਸੰਸਕ ਮੇਰੇ ਲਈ ਖੜ੍ਹੇ ਰਹੇ। ਉਨ੍ਹਾਂ ਨੇ ਹੀ ਮੈਨੂੰ ਹੱਲਾਸ਼ੇਰੀ ਦਿੱਤੀ ਅਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਹਨੀ ਸਿੰਘ 3.0 ਬਾਰੇ ਸੋਚ ਸਕਿਆ।’’

ਡਰੱਗ ਅਡਿਕਟ’ ਵਰਗੇ ਇਲਜ਼ਾਮਾਂ ’ਤੇ ਕੀ ਬੋਲੇ ਹਨੀ

ਹਨੀ ਸਿੰਘ ਦੱਸਦੇ ਹਨ, ‘‘ਜਦੋਂ ਮੈਂ ‘ਡੋਪ-ਸ਼ੋਪ’ ਵਰਗੇ ਗੀਤ ਦਿੱਤੇ, ਉਦੋਂ ਪੰਜਾਬ ਵਿੱਚ ਲੋਕਾਂ ਨੇ ਮੇਰੇ ਪੁਤਲੇ ਜਲਾਏ। ਪਰ ਮੈਂ ਕਿਸੇ ਨੂੰ ਤਵੱਜੋ ਨਹੀਂ ਦਿੱਤੀ ਕਿਉਂਕਿ ਲੋਕ ਤਾਂ ਪਿਆਰ ਕਰ ਹੀ ਰਹੇ ਸਨ ਅਤੇ ਬਸ ਮੁੱਠੀਭਰ ਲੋਕ ਸਨ ਜੋ ਅਜਿਹਾ ਕਰ ਰਹੇ ਸਨ।

''ਇਸ ਲਈ ਮੈਨੂੰ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈ ਰਿਹਾ ਸੀ। ਜੇਕਰ ਮੈਂ ਡਰੱਗ ਅਡਿਕਟ ਹੁੰਦਾ ਤਾਂ ਮੈਨੂੰ ਇੰਨਾ ਪਿਆਰ ਕਰਨ ਵਾਲੇ ਪ੍ਰਸੰਸਕ, ਰਿਸ਼ਤਿਆਂ ਦੇ ਰੂਪ ਵਿੱਚ ਕਿਵੇਂ ਮਿਲੇ।’’

ਸ਼ਾਹਰੁਖ਼ ਦਾ ਉਹ ਟੂਰ, ਜਿਸ ਦੇ ਬਾਅਦ ਸਭ ਬਦਲ ਗਿਆ

ਹਨੀ ਸਿੰਘ

ਤਸਵੀਰ ਸਰੋਤ, Getty Images

ਹਨੀ ਸਿੰਘ ਦੱਸਦੇ ਹਨ ਕਿ ਉਹ ਸ਼ਾਹਰੁਖ਼ ਖਾਨ ਨਾਲ ਵਰਲਡ ਟੂਰ ’ਤੇ ਗਏ ਹੋਏ ਸਨ, ਜਦੋਂ ਉਨ੍ਹਾਂ ਨੂੰ ਪਹਿਲੀ ਬਾਰ ਬਿਮਾਰੀ ਨੇ ਝਟਕਾ ਦਿੱਤਾ।

ਉਹ ਦੱਸਦੇ ਹਨ, ‘‘ਉਸ ਸਮੇਂ ਅਸੀਂ ਅਮਰੀਕਾ ਵਿੱਚ ਸ਼ੋਅ ਕਰ ਰਹੇ ਸੀ। ਮੈਂ ਸਟੇਜ ’ਤੇ ਪੇਸ਼ਕਾਰੀ ਦੇ ਰਿਹਾ ਸੀ। ਪਰ ਤਬੀਅਤ ਅਜਿਹੀ ਵਿਗੜੀ ਕਿ ਮੈਨੂੰ ਚੱਲਦਾ ਹੋਇਆ ਸ਼ੋਅ ਛੱਡ ਕੇ ਆਉਣਾ ਪਿਆ।’’

‘‘ਇਸ ਤੋਂ ਇਲਾਵਾ ਸਟਾਰ ਪਲੱਸ ’ਤੇ ਇੱਕ ਰਿਐਲਿਟੀ ਸ਼ੋਅ ਚੱਲ ਰਿਹਾ ਸੀ, ਉਹ ਬੰਦ ਹੋ ਗਿਆ। ਉਸ ਸਮੇਂ ਮੈਂ ਕਰੈਸ਼ ਕਰ ਗਿਆ ਸੀ। ਮੈਨੂੰ ‘ਬਾਈਪੋਲਰ ਡਿਸਆਰਡਰ ਵਿਦ ਸਾਇਕੋਟਿਕ ਸਿੰਪਟਮਜ਼’ ਹੋ ਗਏ ਸਨ। ਇਹ ਸਿਰਫ਼ ਕੋਈ ਡਿਪਰੈਸ਼ਨ ਜਾਂ ਐਂਕਜ਼ਾਇਟੀ ਨਹੀਂ ਸੀ, ਇਹ ਉਸ ਤੋਂ ਕਿਧਰੇ ਜ਼ਿਆਦਾ ਸੀ।’’

‘‘ਇਹ ਇੱਕ ਭਿਆਨਕ ਮੈਂਟਲ ਹੈਲਥ ਪ੍ਰਾਬਲਮ ਸੀ ਜਿਸ ਨੇ ਮੈਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ। ਮੈਂ ਘਰਵਾਲਿਆਂ ਨੂੰ ਕਿਹਾ ਕਿ ਹੁਣ ਕੰਮ ਨਹੀਂ ਹੋ ਸਕੇਗਾ, ਮੈਨੂੰ ਘਰ ਲੈ ਜਾਓ। ਕਿਉਂਕਿ ਮੈਂ ਕੰਟਰੈਕਟ ਨਾਲ ਬੰਨ੍ਹਿਆ ਹੋਇਆ ਸੀ ਤਾਂ ਘਰਵਾਲਿਆਂ ਨੇ ਕਿਹਾ ਕਿ ਕੇਸ ਹੋ ਜਾਵੇਗਾ, ਪਰ ਮੈਂ ਕਿਹਾ ਜਿਸ ਨੂੰ ਜੋ ਕਰਨਾ ਹੈ ਕਰੇ, ਮੈਂ ਬਸ ਘਰ ਜਾਣਾ ਹੈ।’’

ਇਸ ਟੂਰ ਦੇ ਦੌਰਾਨ ਕੁਝ ਅਜਿਹਾ ਹੋਇਆ ਕਿ ਹਨੀ ਸਿੰਘ ਸਟੇਜ ’ਤੇ ਸੀ। ਉਹ ਇੱਕ ਗੀਤ ਪੇਸ਼ ਵੀ ਕਰ ਚੁੱਕੇ ਸਨ, ਪਰ ਦੂਜੇ ਗੀਤ ਦੇ ਵਿਚਕਾਰ ਹੀ ਉਹ ਰੁਕ ਗਏ। ਉਹ ਅੱਗੇ ਗਾ ਹੀ ਨਹੀਂ ਪਾ ਰਹੇ ਸਨ, ਉਦੋਂ ਬੈਕ ਸਟੇਜ ਤੋਂ ਫਰਹਾ ਖਾਨ, ਅਭਿਸ਼ੇਕ ਅਤੇ ਦੀਪਿਕਾ ਪਾਦੂਕੋਣ ਡਾਂਸ ਕਰਦੇ ਹੋਏ ਆਏ ਅਤੇ ਕੁਝ ਇਸ ਤਰ੍ਹਾਂ ਸਟੇਜ ਤੋਂ ਲੈ ਕੇ ਗਏ ਕਿ ਜਿਵੇਂ ਕੋਈ ਐਕਟ ਹੋਵੇ।

ਹਨੀ ਆਪਣੀ ਬਿਮਾਰੀ ਬਾਰੇ ਕਹਿੰਦੇ ਹਨ, ‘‘ਇਹ ਬਿਮਾਰੀ ਇੰਨੀ ਵੱਡੀ ਸੀ ਕਿ ਮੈਨੂੰ ਖ਼ੁਦ ਨੂੰ ਠੀਕ ਕਰਨ ਵਿੱਚ ਵੀ ਪੰਜ ਸਾਲ ਲੱਗ ਗਏ।’’

ਉਸ ਟੂਰ ਦੇ ਬਾਰੇ ਹਨੀ ਦੱਸਦੇ ਹਨ ਕਿ ਜਦੋਂ ਸ਼ਾਹਰੁਖ਼ ਖਾਨ ਨੂੰ ਉਨ੍ਹਾਂ ਦੀ ਖਰਾਬ ਸਿਹਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਖ਼ੁਦ ਉਨ੍ਹਾਂ ਨਾਲ ਗੱਲ ਕੀਤੀ ਅਤੇ ਹਾਲਤ ਸਮਝਦੇ ਹੋਏ ਉਨ੍ਹਾਂ ਨੂੰ ਜਾਣ ਲਈ ਕਹਿ ਦਿੱਤਾ।

ਬਿਮਾਰੀ ਦੇ ਦਿਨਾਂ ਦਾ ਹਾਲ ਦੱਸਦੇ ਹੋਏ ਹਨੀ ਕਹਿੰਦੇ ਹਨ, ‘‘ਪੰਜ ਸਾਲ ਜੋ ਮੈਂ ਬਿਮਾਰ ਰਿਹਾ ਤਾਂ ਮੈਂ ਪੰਜ ਸਾਲ ਮੋਬਾਇਲ ਨੂੰ ਹੱਥ ਨਹੀਂ ਲਗਾਇਆ, ਪਰ ਇਸ ਵਿਚਕਾਰ ਅਕਸ਼ੈ ਕੁਮਾਰ ਨਾਲ ਦੋ ਵਾਰ ਗੱਲ ਹੋਈ। ਦੀਪਿਕਾ ਪਾਦੂਕੋਣ ਨੇ ਡਾਕਟਰਾਂ ਬਾਰੇ ਸਲਾਹ ਦਿੱਤੀ।’’

ਹਨੀ ਸਿੰਘ ਕਹਿੰਦੇ ਹਨ, ‘‘ਲੋਕਾਂ ਨੇ ਮੇਰੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਫੈਲਾਈਆਂ, ਪਰ ਕਿਸੇ ਨੂੰ ਸੱਚਾਈ ਨਹੀਂ ਪਤਾ ਸੀ।’’

ਨੈੱਟਫਲਿਕਸ ’ਤੇ ਡਾਕੂਮੈਂਟਰੀ

ਹਨੀ ਸਿੰਘ

ਤਸਵੀਰ ਸਰੋਤ, Getty Images

ਹਨੀ ਸਿੰਘ ਦੱਸਦੇ ਹਨ, ‘‘ਲੋਕ ਮੈਨੂੰ ਲਗਾਤਾਰ ਪੁੱਛ ਰਹੇ ਸਨ ਕਿ ਬੀਤੇ ਸਾਲਾਂ ਵਿੱਚ ਉਹ ਕਿੱਥੇ ਸੀ। ਹਾਲਾਂਕਿ ਮੈਂ ਸਿਰਫ਼ ਆਪਣੇ ਪ੍ਰਸੰਸਕਾਂ ਲਈ ਇਹ ਗੱਲ ਦੱਸੀ ਕਿ ਮੈਂ ਬਿਮਾਰ ਸੀ।’’

ਹਨੀ ਸਿੰਘ ਦੇ ਜੀਵਨ ’ਤੇ ਹੁਣ ਨੈੱਟਫਲਿਕਸ ’ਤੇ ਇੱਕ ਡਾਕੂਮੈਂਟਰੀ ਵੀ ਬਣ ਰਹੀ ਹੈ।

ਹਨੀ ਨੇ ਉਨ੍ਹਾਂ ਸੱਤ ਸਾਲਾਂ ਦੇ ਹਨੇਰੇ ਬਾਰੇ ਇਸ ਡਾਕੂਮੈਂਟਰੀ ਵਿੱਚ ਵਿਸਥਾਰ ਨਾਲ ਗੱਲ ਕੀਤੀ ਹੈ।

ਉਹ ਕਹਿੰਦੇ ਹਨ, ‘‘ਮੈਂ ਹੁਣ ਜਦੋਂ ਲੋਕਾਂ ਨੂੰ ਦੇਖਦਾ ਹਾਂ ਤਾਂ ਸਮਝਦਾ ਹਾਂ ਕਿ ਇਹ ਬਹੁਤ ਸਾਰੇ ਲੋਕਾਂ ਦੀ ਸਮੱਸਿਆ ਬਣਦੀ ਜਾ ਰਹੀ ਹੈ, ਪਰ ਘਰਵਾਲੇ ਇਸ ’ਤੇ ਗੱਲ ਕਰਨ ਤੋਂ ਕਤਰਾਉਂਦੇ ਹਨ। ਮੈਂ ਤਾਂ ਅਜਿਹੀ ਸਟੇਜ ’ਤੇ ਸੀ ਕਿ ਜਿਵੇਂ ਸੜਕ ’ਤੇ ਪਾਗਲ ਲੋਕ ਘੁੰਮਦੇ ਹਨ…, ਮੈਂ ਕੁਝ ਉਸ ਤਰ੍ਹਾਂ ਹੀ ਹੋ ਗਿਆ ਸੀ। ਇੱਕ-ਡੇਢ ਸਾਲ ਮੈਂ ਉਸੇ ਪਾਗਲ ਦੀ ਤਰ੍ਹਾਂ ਰਹਿੰਦਾ ਸੀ। ਮੇਰਾ ਕੇਸ ਉਸ ਪੱਧਰ ਤੱਕ ਖਰਾਬ ਹੋ ਗਿਆ ਸੀ।’’

ਹਾਲਾਂਕਿ ਹਨੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੂੰ ਅਜਿਹਾ ਪਰਿਵਾਰ ਮਿਲਿਆ ਜਿਸ ਨੇ ਉਨ੍ਹਾਂ ਨੂੰ ਵਿਚਕਾਰ ਨਹੀਂ ਛੱਡਿਆ ਅਤੇ ਹਰ ਕਦਮ ’ਤੇ ਸਾਥ ਦਿੱਤਾ, ਸੰਭਾਲਿਆ ਅਤੇ ਇਸ ਕਾਬਲ ਬਣਨ ਵਿੱਚ ਮਦਦ ਕੀਤੀ ਕਿ ਉਹ ਦੁਬਾਰਾ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਸਕੇ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)