ਪੰਜਾਬ ਦੇ ਉਹ ਕਿਸਾਨ ਤੇ ਆਮ ਦੁਕਾਨਦਾਰ, ਜੋ ਸੋਸ਼ਲ ਮੀਡੀਆ ਜ਼ਰੀਏ ਇੰਝ ਚਲਾ ਰਹੇ ਕਾਰੋਬਾਰ ਤੇ ਕਰ ਰਹੇ ਕਮਾਈ

- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈਂ ਆਪਣੀ ਕਰਿਆਨੇ ਦੀ ਦੁਕਾਨ ਉੱਤੇ ਸਵੇਰੇ 11 ਤੋਂ 3 ਵਜੇ ਤੱਕ ਵਿਹਲਾ ਬੈਠਾ ਰਹਿੰਦਾ ਸੀ। ਦੁਪਹਿਰ ਵੇਲ਼ੇ ਗਾਹਕ ਘੱਟ ਹੁੰਦੇ ਹਨ। ਇਸ ਦੌਰਾਨ ਬੈਠ ਕੇ ਮੋਬਾਈਲ ਵਿੱਚ ਵੀਡੀਓ ਦੇਖਦੇ ਰਹਿੰਦੇ ਸੀ, ਫਿਰ ਮੈਂ ਸੋਚਿਆ ਕਿਉਂ ਨਾ ਸੋਸ਼ਲ ਮੀਡੀਆ 'ਤੇ ਆਪ ਕੁਝ ਕੀਤਾ ਜਾਵੇ।"
ਇਹ ਸ਼ਬਦ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੰਗੀ ਦੀਪਾ ਦੇ ਸ਼ਿਵ ਬਾਵਾ ਦੇ ਹਨ।
ਸ਼ਿਵ ਬਾਵਾ ਆਪਣੇ ਪਿੰਡ ਵਿੱਚ ਖੇਤੀਬਾੜੀ ਦੇ ਨਾਲ-ਨਾਲ ਕਰਿਆਨੇ ਦੀ ਦੁਕਾਨ ਵੀ ਕਰਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਦਾ ਫ਼ੈਸਲਾ ਲਿਆ।
ਪੰਜਾਬ ਦੇ ਮਾਲਵੇ ਦੇ ਪੇਂਡੂ ਖੇਤਰਾਂ ਵਿੱਚ ਨੌਜਵਾਨ ਜਾਂ ਕਈ ਅੱਧਖੜ ਉਮਰ ਦੇ ਬੰਦੇ, ਸੋਸ਼ਲ ਮੀਡੀਆ ਨੂੰ ਸਹਾਇਕ ਧੰਦੇ ਵਜੋਂ ਅਪਣਾ ਰਹੇੇ ਹਨ। ਉਹ ਉਸ ਤੋਂ ਕਮਾਈ ਹੋਣ ਦਾ ਦਾਅਵਾ ਵੀ ਕਰ ਰਹੇ ਹਨ।

ਇਹ ਨੌਜਵਾਨ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ, ਉਨ੍ਹਾਂ ਨੇ ਫੇਸਬੁੱਕ, ਯੂ-ਟਿਊਬ ਉੱਤੇ ਆਪਣੇ ਚੈਨਲ ਬਣਾਏ ਹੋਏ ਹਨ ਤੇ ਉਹ ਵੱਖ ਵੱਖ ਵਿਸ਼ਿਆਂ ਉਪਰ ਵੀਡੀਓ ਬਣਾ ਕੇ ਪਾਉਂਦੇ ਹਨ।
ਇਹ ਨੌਜਵਾਨ ਜ਼ਿਆਦਾਤਰ ਆਪਣੀਆਂ ਵੀਡੀਓਜ਼ ਸਥਾਨਕ ਵਿਸ਼ਿਆਂ ਉੱਤੇ ਪੰਜਾਬੀ ਭਾਸ਼ਾ ਵਿੱਚ ਬਣਾਉਂਦੇ ਹਨ, ਜਿਵੇਂ ਕਿ ਖੇਤੀਬਾੜੀ, ਟਰੈਕਟਰ, ਪੰਛੀਆਂ, ਜਾਨਵਰਾਂ, ਡੇਅਰੀ ਫਾਰਮਿੰਗ ਆਦਿ।
ਸੋਸ਼ਲ ਮੀਡੀਆ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦੀ ਨੌਜਵਾਨਾਂ ਵੱਲੋਂ ਆਪਣੇ ਪੱਧਰ ਉਪਰ ਇੱਕ ਪਹਿਲਕਦਮੀ ਕੀਤੀ ਜਾ ਰਹੀ ਹੈ।
ਇਸ ਬਾਰੇ ਪੇਸ਼ੇਵਰ ਜਾਣਕਾਰੀ ਲਈ ਕਈ ਲੋਕ ਕਲਾਸਾਂ ਲਗਾ ਰਹੇ ਹਨ ਅਤੇ ਕਈਆਂ ਨੇ ਸੋਸ਼ਲ ਮੀਡੀਆ ਦੀ ਸਿਖਲਾਈ ਦੇਣ ਨੂੰ ਆਪਣਾ ਕਿੱਤਾ ਬਣਾ ਲਿਆ ਹੈ।
ਜਿਸ ਕਾਰਨ ਇਸ ਖੇਤਰ ਵਿੱਚ ਸੋਸ਼ਲ ਮੀਡੀਆ ਦੀਆਂ ਕਲਾਸਾਂ ਦਾ ਨਵੀਂ ਕਿਸਮ ਦਾ ਰੁਝਾਨ ਨਜ਼ਰ ਆਉਣ ਲੱਗਿਆ ਹੈ।
ਕਮਾਈ ਦਾ ਸਾਧਨ
ਤਕਰੀਬਨ ਇਕ ਸਾਲ ਪਹਿਲਾ, ਸ਼ਿਵ ਬਾਵਾ ਨੇ ਯੂ-ਟਿਊਬ ਉਪਰ 'ਸ਼ੌਂਕੀ ਸਰਦਾਰ ਬਾਵਾ' ਨਾਮ ਦਾ ਇੱਕ ਚੈਨਲ ਬਣਿਆ ਸੀ।
37-ਸਾਲਾ ਸ਼ਿਵ ਬਾਵਾ ਦੱਸਦੇ ਹਨ, "ਸਭ ਤੋਂ ਪਹਿਲਾ ਤਾਂ ਜਾਨਵਰਾਂ ਜਿਵੇਂ ਕਿ ਕੁੱਤਿਆਂ ਬਾਰੇ ਕੁਝ ਵੀਡੀਓ' ਬਣਾਈਆਂ ਪਰ ਸਾਡੇ ਨੇੜੇ ਸ਼ਹਿਰ ਤਲਵੰਡੀ ਸਾਬੋ ਵਿਖੇ ਕਾਫੀ ਵੱਡੀ ਟਰੈਕਟਰ ਮੰਡੀ ਲੱਗਦੀ ਹੈ ਤੇ ਮੇਰੇ ਕੁਝ ਦੋਸਤਾਂ ਦੀ ਸਲਾਹ ਉੱਤੇ ਮੈਂ ਟਰੈਕਟਰ ਮੰਡੀ ਵਿੱਚ ਟਰੈਕਟਰਾਂ ਬਾਰੇ ਵੀਡੀਓਜ਼ ਬਣਾਉਣੇ ਸ਼ੁਰੂ ਕੀਤੇ।"
"ਜਿਸ ਵਿੱਚ ਮੈਂ ਟਰੈਕਟਰ ਦੀ ਜਾਣਕਾਰੀ ਜਿਵੇਂ ਕਿ ਮੰਡੀਆਂ ਵਿੱਚ ਕੀ ਰੇਟ ਚੱਲ ਰਿਹਾ, ਟਰੈਕਟਰ ਖਰੀਦਣ ਲਈ ਲੋਨ ਕਿਵੇਂ ਮਿਲਦਾ ਹੈ ਆਦਿ, ਵਾਲੀ ਵੀਡੀਓ ਨੂੰ ਆਪਣੇ ਯੂ-ਟਿਊਬ ਚੈਨਲ ਉੱਪਰ ਪਾਇਆ।"
ਬਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਟਰੈਕਟਰਾਂ ਬਾਬਤ ਵੀਡੀਓ ਦੇ ਵਿਸ਼ੇ ਨੂੰ ਚੰਗਾ ਹੁੰਗਾਰਾ ਮਿਲਿਆ ਤੇ ਉਨ੍ਹਾਂ ਨੇ ਟਰੈਕਟਰ ਮੰਡੀਆਂ ਉੱਤੇ ਵੀਡਿਓਜ਼ ਬਣਾਉਣ ਦਾ ਫ਼ੈਸਲਾ ਲਿਆ।
ਸ਼ਿਵ ਬਾਵਾ ਸਵੇਰੇ 10-11 ਵਜੇ ਤੱਕ ਆਪਣੀ ਦੁਕਾਨ 'ਤੇ ਕੰਮ ਕਰਦੇ ਹਨ। ਫੇਰ ਉਹ ਆਪਣਾ ਮੋਬਾਈਲ, ਮਾਇਕ ਤੇ ਹੋਰ ਸਮਾਨ ਲੈ ਕੇ ਟਰੈਕਟਰਾਂ ਉਪਰ ਵੀਡੀਓ ਬਣਾਉਣ ਲਈ ਚੱਲ ਪੈਂਦੇ ਹਨ।

ਬਾਵਾ ਨੇ ਦੱਸਿਆ ਕਿ ਉਹ ਤਲਵੰਡੀ ਸਾਬੋ ਤੋਂ ਇਲਾਵਾ, ਮੁਕਤਸਰ ਵਿੱਚ ਮਲੋਟ ਸ਼ਹਿਰ, ਮੋਗਾ, ਬਰਨਾਲਾ ਤੇ ਹਰਿਆਣਾ ਦੇ ਫਤਿਆਬਾਦ ਵਿੱਚ ਵੱਖ ਵੱਖ ਦਿਨ ਉੱਤੇ ਲੱਗਦੀਆਂ ਟਰੈਕਟਰ ਮੰਡੀਆਂ ਵਿੱਚ ਜਾ ਕੇ ਉਹ ਵੀਡੀਓ ਬਣਾਉਂਦੇ ਹਨ।
ਬਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਲਈ ਸੋਸ਼ਲ ਮੀਡੀਆ ਇਕ ਵਾਧੂ ਕਮਾਈ ਦਾ ਸਾਧਨ ਬਣਿਆ ਹੈ।
ਬਾਵਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਇਕ ਪਛਾਣ ਮਿਲੀ ਜਿਸ ਇੱਛਾ ਉਨ੍ਹਾਂ ਨੂੰ ਬਚਪਨ ਤੋਂ ਸੀ, ਉਨ੍ਹਾਂ ਨੂੰ 'ਬੁਲਾਰਾ ਬਣਨ ਦਾ ਸ਼ੌਂਕ' ਸੀ, ਪਰ ਘਰ ਦੇ ਹਾਲਾਤ ਵਿੱਚ ਆਪਣਾ ਸ਼ੌਂਕ ਕਦੇ ਪੂਰਾ ਨਹੀਂ ਸਕੇ ਸਨ।
ਉਹ ਕਹਿੰਦੇ ਹਨ, "ਮੇਰੇ ਵਰਗੇ ਪਿੰਡਾਂ ਦੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਬਹੁਤ ਸਹਾਈ ਹੋ ਰਿਹਾ ਕਿਉਂਕਿ ਇਸ ਉਪਰ ਕੰਮ ਕਰਨ ਵਾਲੇ ਲਈ ਅਥਾਹ ਮੌਕੇ ਹਨ।"
ਸ਼ੁਰੂਆਤੀ ਦੌਰ ਵਿੱਚ ਮੁਸ਼ਕਿਲਾਂ ਬਾਰੇ, ਬਾਵਾ ਨੇ ਦੱਸਿਆ, "ਪਹਿਲੇ ਕੁਝ ਮਹੀਨੇ ਮੈਂ ਸੋਸ਼ਲ ਮੀਡੀਆ ਜਿਵੇਂ ਕਿ ਯੂ-ਟਿਊਬ ਦੇ ਰੂਲਜ਼ ਜਾਂ ਹੋਰ ਤਕਨੀਕਾਂ ਜਿਵੇਂ ਕਿ ਵੀਡੀਓ ਦਾ ਕਾਪੀਰਾਈਟ ਆਦਿ, ਬਾਰੇ ਜਾਣਕਾਰੀ ਨਹੀਂ ਸੀ।"
"ਫਿਰ ਸਾਨੂੰ ਪਤਾ ਲਗਾ ਕਿ ਮਾਨਸਾ ਵਿਖੇ ਪੰਜਾਬੀ ਭਾਸ਼ਾ ਵਿੱਚ ਸੋਸ਼ਲ ਮੀਡੀਆ ਕਲਾਸਾਂ ਦਿੱਤੀਆਂ ਜਾਂਦੀਆਂ ਹੈ। ਮੈਂ ਫਿਰ ਪਿਛਲੇ ਸਾਲ ਅਕਤੂਬਰ ਵਿੱਚ ਕਲਾਸ ਲਗਾਈ ਜਿੱਥੇ ਕਾਫੀ ਕੁਝ ਸਿੱਖਣ ਨੂੰ ਮਿਲਿਆ।"

ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸੋਸ਼ਲ ਮੀਡੀਆ ਕਲਾਸ ?
ਬਾਵਾ ਵਰਗੇ ਸੋਸ਼ਲ ਮੀਡੀਆ ਕਰਮੀਆਂ ਨੂੰ ਪੇਸ਼ੇਵਰ ਸਿਖਲਾਈ ਦੇਣ ਲਈ ਕਈ ਥਾਵਾਂ ਉੱਤੇ ਕੋਚਿੰਗ ਸੈਂਟਰ ਵੀ ਖੁੱਲ ਰਹੇ ਹਨ। ਜੋ ਹੋਟਲ ਆਦਿ ਦੀ ਬੁਕਿੰਗ ਕਰਕੇ ਕਾਰਪੋਰੇਟ ਦੀ ਤਰਜ਼ ਉੱਤੇ ਇੱਕ -ਦੋ ਦਿਨ ਦੀ ਸਿਖਲਾਈ ਦੀਆਂ ਵਰਕਸ਼ਾਪਾਂ ਲਗਵਾਉਂਦੇ ਹਨ।
ਅਜਿਹੀ ਹੀ ਇੱਕ ਕਲਾਸ ਅਸੀਂ ਮਈ 13 ਨੂੰ ਮਾਨਸਾ ਦੇ ਇੱਕ ਹੋਟਲ ਵਿੱਚ ਲੱਗੀ ਦੇਖੀ। ਜਿਸ ਵਿੱਚ 20 ਦੇ ਕਰੀਬ ਸੋਸ਼ਲ ਮੀਡੀਆ ਕਰਮੀ ਬਣਨ ਦੇ ਇਛੁੱਕ ਸਿਖਲਾਈ ਲੈ ਰਹੇ ਹਨ। ਇਨ੍ਹਾਂ ਵਿੱਚ 35 ਤੋਂ 30 ਸਾਲ ਤੱਕ ਦੇ ਲੋਕ ਸ਼ਾਮਲ ਸਨ।
ਇਹ ਬਕਾਇਦਾ ਕਾਪੀਆਂ ਉੱਤੇ ਸਿਖਲਾਈ ਦੌਰਾਨ ਯੂ-ਟਿਊਬ ਤੇ ਫੇਸਬੁੱਕ ਬਾਰੇ ਨੋਟਸ ਲਿਖ ਰਹੇ ਸਨ।
ਇਹ ਨਵੇਕਲੀ ਸੋਸ਼ਲ ਮੀਡੀਆ ਕਲਾਸ ਮਾਨਸਾ ਜ਼ਿਲ੍ਹੇ ਦੇ ਪਿੰਡ ਘਰੰਗਣਾ ਦੇ ਗੁਰਪ੍ਰੀਤ ਸਿੰਘ ਵਲੋਂ ਚਲਾਈ ਜਾਂਦੀ ਹੈ।
ਗੁਰਪ੍ਰੀਤ ਸਿੰਘ ਨੇ ਕਹਿੰਦੇ ਹਨ ਕਿ ਉਹ ਇਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੇ ਸਨ ਤੇ ਨਾਲ-ਨਾਲ ਉਨ੍ਹਾਂ ਸੋਸ਼ਲ ਮੀਡੀਆ ਖ਼ਾਸ ਕਰਕੇ ਯੂਟਿਊਬ ਬਾਰੇ ਜਾਨਣਾ ਸ਼ੁਰੂ ਕੀਤਾ ਤੇ ਫਿਰ 'ਗੁਰੀ ਘਰੰਗਣਾ' ਦੇ ਨਾਮ ਤੇ ਆਪਣਾ ਚੈਨਲ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਠੀਆਂ ਦੇ ਵੀਡੀਓ ਬਣਾਉਂਦੇ ਹਨ ਕਿਉਂਕਿ ਪੰਜਾਬ ਵਿੱਚ ਬਿਲਡਿੰਗ ਤੇ ਸੰਰਚਨਾ ਇੱਕ ਬਹੁਤ ਵੱਡੀ ਇੰਡਸਟਰੀ ਹੈ।
ਇਸ ਬਾਰੇ ਪੰਜਾਬੀ ਭਾਸ਼ਾ ਵਿੱਚ ਬਹੁਤ ਘੱਟ ਜਾਣਕਾਰੀ ਇੰਟਰਨੈਟ ਤੇ ਉਪਲੱਬਧ ਸੀ ਤੇ ਮੈਂ ਇਸ ਵਿਸ਼ੇ ਉੱਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ।

ਗੁਰਪ੍ਰੀਤ ਅੱਗੇ ਦੱਸਦੇ ਹਨ, "ਮੈਨੂੰ ਪੜਿਆ-ਲਿਖਿਆ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ਕਾਫੀ ਮੁਸ਼ਕਿਲਾਂ ਆਈਆਂ ਜਿਵੇਂ ਫੇਸਬੁੱਕ ਪੇਜ ਹੈਕ ਹੋ ਜਾਣਾ ਤੇ ਆਦਿ, ਜੋ ਮੈਂ ਬਾਅਦ ਵਿੱਚ ਆਪ ਇੰਟਰਨੈਟ ਤੋਂ ਪੜ੍ਹ-ਪੜ੍ਹ ਕੇ ਹੱਲ ਕੀਤੀਆਂ।"
"ਮੇਰੇ ਕਾਫੀ ਜਾਣਕਾਰ ਜੋ ਸੋਸ਼ਲ ਮੀਡਿਆ ਦਾ ਕੰਮ ਕਰਦੇ ਸਨ, ਅਕਸਰ ਆਪਣੀਆਂ ਸੋਸ਼ਲ ਮੀਡੀਆ ਦੀਆਂ ਮੁਸ਼ਕਿਲਾਂ ਸਾਂਝੀਆਂ ਕਰਦੇ ਸਨ। ਫਿਰ ਮੈਂ ਤੇ ਮੇਰੇ ਦੋਸਤ ਸ਼ਮਿੰਦਰ ਸਿੰਘ ਨਾਲ ਗੱਲ ਕਰਕੇ ਸੋਸ਼ਲ ਮੀਡੀਆ ਕਲਾਸ ਦਾ ਵਿਚਾਰ ਬਣਾਇਆ ਅਤੇ ਅਸੀਂ ਮਹੀਨੇ ਵਿੱਚ ਇਕ ਕਲਾਸ ਲਗਾਉਣੀ ਸ਼ੁਰੂ ਕਰ ਦਿਤੀ, ਜਿਸਦੀ ਫੀਸ ਲਈ ਜਾਂਦੀ ਹੈ।"
"ਇਸ ਕਲਾਸ ਵਿੱਚ ਨੌਜਵਾਨ, ਔਰਤਾਂ, ਵੱਡੀ ਉਮਰ ਦੇ ਬੰਦੇ ਆਉਂਦੇ ਹਨ ਤੇ ਉਨ੍ਹਾਂ ਨੂੰ ਫੇਸਬੁੱਕ ਤੇ ਯੂਟਿਊਬ ਦੀਆਂ ਬਾਰੀਕੀਆਂ ਬਾਰੇ ਤੇ ਵੀਡਿਓਜ਼ ਨੂੰ ਐਡਿਟ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।"

ਉਨ੍ਹਾਂ ਕਿਹਾ ਕਿ ਅਸੀਂ ਇਹ ਕਲਾਸ ਪੰਜਾਬੀ ਵਿੱਚ ਲੈਂਦੇ ਹਨ ਕਿਉਂਕਿ ਸਾਡੇ ਨਾਲ ਸਾਰੇ ਪੇਂਡੂ ਨੌਜਵਾਨ ਜੁੜੇ ਹਨ ਤੇ ਉਹ ਪੰਜਾਬੀ ਭਾਸ਼ਾ ਨੂੰ ਬਿਹਤਰ ਤਰੀਕੇ ਨਾਲ ਸਮਝ ਦੇ ਹਨ।
ਗੁਰਪ੍ਰੀਤ ਦੇ ਸਾਥੀ, ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਦਾ ਘੇਰਾ ਬਹੁਤ ਵਿਸ਼ਾਲ ਹੈ ਤੇ ਵੱਧ ਤੋਂ ਵੱਧ ਰੁਜ਼ਗਾਰ ਨੂੰ ਵਧਾਉਣ ਦੀ ਸਮਰੱਥਾ ਰੱਖਦਾ ਹੈ ਤੇ ਨੌਜਵਾਨਾਂ ਲਈ ਬਹੁਤ ਮੌਕੇ ਹਨ।
ਸੋਸ਼ਲ ਮੀਡੀਆ ਕਲਾਸ ਲੈਣ ਆਏ ਮਾਨਸਾ ਦੇ ਸੁਖਪਾਲ ਦਾਸ ਇੱਟਾਂ ਦੇ ਭੱਠੇ 'ਤੇ ਮੁਨੀਮ ਹਨ।
ਉਹ ਕਹਿੰਦੇ ਹਨ ਕਿ ਉਹ ਸੋਸ਼ਲ ਮੀਡੀਆ ਦੀ ਵਰਤੋਂ ਇਕ ਸਹਾਇਕ ਧੰਦੇ ਵਜੋਂ ਕਰਨਾ ਚਾਹੁੰਦੇ ਹਨ। ਇਸ ਲਈ ਇੱਥੇ ਜਾਣਕਾਰੀ ਲੈਣ ਲਈ ਆਏ ਹਨ।
ਇਸ ਤਰ੍ਹਾਂ ਜੁਗਰਾਜ ਸਿੰਘ ਚਾਹਲ ਦੁਬਈ ਤੋਂ ਵਾਪਸ ਆ ਤੇ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਡੇਅਰੀ ਫਾਰਮਿੰਗ ਨਾਲ ਬਹੁਤ ਲੋਕ ਜੁੜੇ ਹਨ ਤੇ ਉਨ੍ਹਾਂ ਨੇ ਡੇਅਰੀ ਫਾਰਮਿੰਗ ਬਾਰੇ ਵੀਡਿਓਜ਼ ਬਣਾਉਣ ਦਾ ਫੈਸਲਾ ਲਿਆ ਹੈ।

ਸੋਸ਼ਲ ਮੀਡੀਆ ਸਹਾਇਕ ਧੰਦਾ
ਉਧਰ ਮਾਨਸਾ ਜ਼ਿਲ੍ਹਾ ਦੇ ਪਿੰਡ ਅਕਲੀਆ ਦੇ ਰਹਿਣ ਵਾਲੇ ਸਾਬਕਾ ਕਬੱਡੀ ਖਿਡਾਰੀ ਨਿਰਮਲ ਸਿੰਘ ਨਿੰਮਾ ਦੱਸਦੇ ਹਨ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ।
ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਉਨ੍ਹਾਂ ਨੇ ਆਪਣੇ ਭਰਾ ਲਵਪ੍ਰੀਤ ਸਿੰਘ ਨਾਲ ਮਿਲ ਕੇ ਇਕ 'ਉਸਤਾਦ ਜੀ' ਨਾਮ ਦਾ ਫੇਸਬੁੱਕ ਪੇਜ਼ ਬਣਾਇਆ ਹੈ।
ਨਿਰਮਲ ਸਿੰਘ ਨੇ ਕਿਹਾ ਕਿ ਆਪ ਕਿਸਾਨ ਹੋਣ ਕਰਕੇ ਉਨ੍ਹਾਂ ਨੇ ਖੇਤੀਬਾੜੀ 'ਤੇ ਵੀਡੀਓਜ਼ ਬਣਾਉਣ ਦਾ ਮਨ ਬਣਾਇਆ।
ਉਹ ਆਪਣੀਆਂ ਵੀਡੀਓਜ਼ ਵਿੱਚ ਉੱਦਮੀ ਕਿਸਾਨ, ਵਿਲੱਖਣ ਖੇਤੀ ਤੇ ਹੋਰ ਖੇਤੀਬਾੜੀ ਵਿਸ਼ਿਆਂ ਬਾਰੇ ਦੱਸਦੇ ਹਨ।
ਨਿਰਮਲ ਕਹਿੰਦੇ ਹਨ, "ਖੇਤੀਬਾੜੀ ਕਰਨ ਤੋਂ ਬਾਅਦ ਸਾਡੇ ਕੋਲ ਕਾਫੀ ਵਿਹਲਾ ਸਮਾਂ ਹੁੰਦਾ ਸੀ ਤੇ ਇਸ ਕਰਕੇ ਅਸੀਂ ਸੋਸ਼ਲ ਮੀਡੀਆ ਨੂੰ ਆਪਣਾ ਸਹਾਇਕ ਧੰਦੇ ਵਜੋਂ ਚੁਣਿਆ ਤੇ ਸਾਨੂੰ ਕੁਝ ਆਮਦਨ ਵੀ ਹੋਣ ਲੱਗੀ ਹੈ।"
"ਹਾਲਾਂਕਿ ਸਾਨੂੰ ਵੀ ਸੋਸ਼ਲ ਮੀਡੀਆ ਤਕਨੀਕਾਂ ਦੀ ਜਾਣਕਾਰੀ ਨਹੀਂ ਸੀ ਫਿਰ ਅਸੀਂ ਉਹ ਆਪਣੇ ਦੋਸਤਾਂ ਤੋਂ ਅਤੇ ਕੁਝ ਕਲਾਸ ਲਗਾ ਕੇ ਸਿੱਖ ਲਈ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਪਿੰਡਾਂ ਵਿੱਚ ਸਾਡੇ ਵਰਗੇ ਵਿਹਲੇ ਨੌਜਵਾਨਾਂ ਲਈ ਇਕ ਵਰਦਾਨ ਸਾਬਤ ਹੋ ਰਿਹਾ ਹੈ।

ਸਰਕਾਰੀ ਸਕੀਮਾਂ ਬਾਰੇ ਦੱਸਣਾ
ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੋਹਾਖੇੜਾ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ, "ਮੈਂ ਆਪਣੇ ਪਿੰਡ ਦੀਆਂ ਦੋ ਕੁੜੀਆਂ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਜ਼ਿਆਦਾ ਸੀ ਉਨ੍ਹਾਂ ਦੀ ਪੈਨਸ਼ਨ ਲਗਵਾ ਦਿੱਤੀ ਤੇ ਉਨ੍ਹਾਂ ਨੇ ਅੱਗੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਇਸ ਸਕੀਮ ਬਾਰੇ ਦੱਸਿਆ।"
"ਫਿਰ ਉਹ ਵੀ ਮੇਰੇ ਕੋਲ ਪੁੱਛਣ ਆ ਗਏ। ਮੈਂ ਸੋਚਿਆ ਕਿ ਮੈਂ ਤਿੰਨ ਕੁੜੀਆਂ ਦੀ ਪੈਨਸ਼ਨ ਤਾਂ ਲਗਵਾ ਦਿੱਤੀ ਪਰ ਪੰਜਾਬ ਵਿੱਚ ਹੋਰ ਕਿੰਨੇ ਹੀ ਲੋਕ ਹੋਣਗੇ, ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਕਈ ਹੋਰ ਸਕੀਮਾਂ ਬਾਰੇ ਨਹੀਂ ਪਤਾ ਹੋਵੇਗਾ ਕਿਉਂ ਨਾ ਵੀਡਿਓਜ਼ ਰਾਹੀਂ ਉਨ੍ਹਾਂ ਨੂੰ ਦੱਸਿਆ ਜਾਵੇ।"
ਜਗਸੀਰ ਸਿੰਘ ਨੇ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ, ਉਨ੍ਹਾਂ ਨੇ ਇਕ ਫੇਸਬੁੱਕ ਉਪਰ 'ਜੱਗੀ ਸਰਪੰਚ' ਨਾਮ ਹੇਠ ਪੇਜ ਬਣਾ ਲਿਆ।
ਉਸ ਵਿੱਚ ਉਨ੍ਹਾਂ ਨੇ ਸਰਕਾਰੀ ਸਕੀਮਾਂ ਦਾ ਕਿਸ ਤਰ੍ਹਾਂ ਲਾਭ ਲਿਆ ਜਾ ਸਕਦਾ ਹੈ ਜਾਂ ਪੰਚਾਇਤਾਂ ਨਾਲ ਸੰਬੰਧਤ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦਿਤੀਆਂ, ਜਿਵੇਂ ਸ਼ਗਨ ਸਕੀਮ, ਮਨਰੇਗਾ ਆਦਿ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ।
ਫਿਰ ਮੈਨੂੰ ਮੇਰੇ ਦੋਸਤ ਨੇ ਦੱਸਿਆ ਕਿ ਕਿਵੇਂ ਵੀਡਿਓਜ਼ ਤੋਂ ਆਮਦਨ ਵੀ ਹੁੰਦੀ ਹੈ, ਫਿਰ ਉਨ੍ਹਾਂ ਦੀ ਸਲਾਹ ਉੱਤੇ ਮੈਂ ਸੋਸ਼ਲ ਮੀਡੀਆ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਅਤੇ ਮੈਨੂੰ ਵੀ ਆਮਦਨ ਹੋਣ ਲੱਗੀ।
ਜਗਸੀਰ ਸਿੰਘ ਹੱਸਦਿਆਂ ਹੋਇਆ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਵੀਡੀਓ ਦੇਖਣ ਤੋਂ ਕੁਝ ਪਿੰਡਾਂ ਦੇ ਯੂਥ ਕਲੱਬਾਂ ਨੇ ਆਪਣੇ ਪਿੰਡ ਵਿੱਚ ਮਨਰੇਗਾ ਵਿੱਚ ਹੋਏ ਘਪਲੇ ਵੀ ਫੜੇ, ਜਿਸ ਵਿੱਚ ਓਹਨਾ ਦੇ ਪਿੰਡ ਦੇ ਸਰਪੰਚਾਂ ਨੇ ਮਨਰੇਗਾ ਜਾਅਲੀ ਲੋਕਾਂ ਨੂੰ ਪੈਸੇ ਦੇ ਕੇ ਕੀਤੇ ਸਨ।

'ਸੋਸ਼ਲ ਮੀਡੀਆ ਨੂੰ ਸਹਾਇਕ ਧੰਦੇ ਵਜੋਂ ਲੈਣਾ ਇਕ ਚੰਗੀ ਪਹਿਲ'
ਸੈਂਟ੍ਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਦੂਰ ਸੰਚਾਰ ਤੇ ਮੀਡੀਆ ਸਟੱਡੀਜ਼ ਵਿਭਾਗ ਦੇ ਸਹਾਇਕ ਪ੍ਰੋਫੈਸਰ ਰੂਬਲ ਕਨੌਜੀਆ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਬਾਰੇਬਹੁਤ ਜਾਗਰੂਕਤਾ ਆਈ ਹੈ, ਜੋ ਇਕ ਵਿਸ਼ਵ ਵਿਆਪੀ ਟਰੈਂਡ ਹੈ।
ਉਹ ਕਹਿੰਦੇ ਹਨ, "ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਨਵਾਂ-ਨਵਾਂ ਕੰਟੇਂਟ ਦੇਖਿਆ ਜਾ ਰਿਹਾ ਹੈ, ਜਿਸ ਨੂੰ 'ਸਾਰਥਕ ਰੁਝਾਨ ' ਕਹਿੰਦੇ ਹਨ।"
"ਜੋ ਲੋਕ ਆਪਣੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ, ਉਨ੍ਹਾਂ ਨੂੰ ਇੱਕ ਪਛਾਣ ਮਿਲਦੀ ਹੈ ਕਿਉਂਕਿ ਉਨ੍ਹਾਂ ਦੇ ਦਰਸ਼ਕਾਂ ਲਈ ਉਹ ਇਕ ਹੀਰੋ ਹਨ।"
ਰੂਬਲ ਕਨੌਜੀਆ ਅੱਗੇ ਕਹਿੰਦੇ ਹਨ ਕਿ ਫਿਰ ਇਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਹੋਣ ਵਾਲੀ ਆਮਦਨ ਨਾਲ ਹੋਰ ਪ੍ਰੇਰਨਾ ਮਿਲਦੀ ਹੈ।
ਉਨ੍ਹਾਂ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਨੂੰ ਸਹਾਇਕ ਧੰਦੇ ਵਜੋਂ ਅਪਣਾਉਣਾ ਇਕ ਚੰਗਾ ਤੇ ਸ਼ਲਾਘਾਯੋਗ ਉਪਰਾਲਾ ਹੈ।
ਹਾਲਾਂਕਿ ਸੋਸ਼ਲ ਮੀਡੀਆ ਨੂੰ ਫੁੱਲ ਟਾਈਮ ਕਿੱਤਾ ਬਣਾਉਣ ਦੇ ਨਾਲ ਮਾਨਸਿਕਤਾ ਉੱਤੇ ਗ਼ਲਤ ਪ੍ਰਭਾਵ ਹੋ ਸਕਦੇ ਹਨ ਕਿਉਂਕਿ ਇਕ ਮੌਕੇ ਤੇ ਜੇ ਕੰਟੈਂਟ ਵਿੱਚ ਵਿਲੱਖਣਤਾ ਖ਼ਤਮ ਹੋ ਜਾਵੇਗੀ ਤਾਂ ਉਸ ਨੂੰ ਦੇਖਣ ਵਾਲੇ ਘਟ ਜਾਣ ਗਏ।
ਉਨ੍ਹਾਂ ਨੇ ਕਿਹਾ, "ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਅਗਰ ਆਪਣੀ ਕਿਸੇ ਫੇਸਬੁੱਕ ਪੋਸਟ ਤੇ ਲਾਇਕ ਘੱਟ ਆਉਣ ਨਾਲ ਆਪਣੇ ਮਾਨਸਿਕਤਾ 'ਤੇ ਅਸਰ ਹੁੰਦਾ ਹੈ। ਦਰਅਸਲ, ਦਰਸ਼ਕ ਹਮੇਸ਼ਾ ਵੀਡੀਓਜ਼ ਵਿੱਚ ਨਵੀ ਵਿਲੱਖਣਤਾ ਲੱਭਦਾ ਹੈ।"













