ਟਵਿੱਟਰ ਦੀ ਨਵੀਂ ਐਲਾਨੀ ਗਈ ਸੀਈਓ ਲਿੰਡਾ ਯਾਕਰੀਨੋ ਬਾਰੇ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਨੈਟਲੀ ਸ਼ਰਮਨ ਅਤੇ ਸ਼ਿਓਨਾ ਮੈਕਲਮ
- ਰੋਲ, ਬੀਬੀਸੀ ਪੱਤਰਕਾਰ
ਟਵਿੱਟਰ ਦੇ ਮਾਲਕ ਬਣਨ ਤੋਂ ਮਹਿਜ਼ ਛੇ ਮਹੀਨੇ ਬਾਅਦ ਇਲੋਨ ਮਸਕ ਨੇ ਇਸ ਦੇ ਨਵੇਂ ਚੀਫ਼ ਐਗਜ਼ਿਕਿਊਟਿਵ ਬਾਰੇ ਇੱਕ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਹੈ।
ਅਰਬਪਤੀ ਮਸਕ ਨੇ ਕਿਹਾ ਕਿ ਐੱਨਬੀਸੀ ਯੂਨੀਵਰਸਲ ਵਿੱਚ ਇਸ਼ਤਿਹਾਰਬਾਜ਼ੀ ਦੇ ਮੁਖੀ ਰਹੇ ਲਿੰਡਾ ਯਾਕਰੀਨੋ, ਪੈਸੇ ਕਮਾਉਣ ਲਈ ਸੰਘਰਸ਼ ਕਰ ਰਹੇ ਟਵਿੱਟਰ ਦੇ ਕਾਰੋਬਾਰ ਸਬੰਧੀ ਕੰਮਕਾਜਾਂ ਨੂੰ ਦੇਖਣਗੇ।
ਉਨ੍ਹਾਂ ਕਿਹਾ ਕਿ ਲਿੰਡਾ ਛੇ ਹਫ਼ਤਿਆਂ ਵਿੱਚ ਆਪਣਾ ਕੰਮ ਸ਼ੁਰੂ ਕਰਨਗੇ।
ਮਸਕ ਨੇ ਆਪਣੀ ਜ਼ਿੰਮੇਵਾਰੀ ਬਾਰੇ ਕਿਹਾ ਕਿ ਉਹ ਖ਼ੁਦ ਅਗਜ਼ੈਕਿਟਿਵ ਚੇਅਰਮਨ ਅਤੇ ਮੁੱਖ ਤਕਨੀਕੀ ਅਫ਼ਸਰ ਵਜੋਂ ਸ਼ਾਮਲ ਰਹਿਣਗੇ।
ਮਸਕ ਨੇ ਟਵਿੱਟਰ ’ਤੇ ਲਿਖਿਆ, “ਇਸ ਪਲੇਟਫ਼ਾਰਮ ਨੂੰ ਅਜਿਹੀ ਐਪ ਵਿੱਚ ਬਦਲਣ ਲਈ, ਜਿੱਥੇ ਸਭ ਕੁਝ ਹੋਵੇ, ਲਿੰਡਾ ਨਾਲ ਕੰਮ ਕਰਨ ਦੀ ਆਸ ਵਿੱਚ ਹਾਂ।”
ਇਲੋਨ ਮਸਕ ਨੇ ਪਿਛਲੇ ਸਾਲ 4400 ਕਰੋੜ ਡਾਲਰ ਵਿੱਚ ਟਵਿੱਟਰ ਨੂੰ ਖ਼ਰੀਦਿਆ ਸੀ।
ਉਦੋਂ ਤੋਂ ਉਹ ਇਸ ਕੰਪਨੀ ਦੀ ਅਗਵਾਈ ਕਰਨ ਲਈ ਕਿਸੇ ਦੀ ਭਾਲ ਵਿੱਚ ਸਨ ਤਾਂ ਜੋ ਉਹ ਖ਼ੁਦ ਆਪਣੇ ਹੋਰ ਕਾਰੋਬਾਰਾਂ ਉੱਤੇ ਧਿਆਨ ਦੇ ਸਕਣ।
ਮਸਕ ਦੇ ਹੋਰ ਕਾਰੋਬਾਰਾਂ ਵਿੱਚ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਕੰਪਨੀ ‘ਟੈਸਲਾ’ ਅਤੇ ਰਾਕੇਟ ਫ਼ਰਮ ‘ਸਪੇਸ-ਐਕਸ’ ਸ਼ਾਮਿਲ ਹਨ।
ਔਰਤਾਂ ਦੀ ਅਗਵਾਈ ਵਿੱਚ ਕਰੀਬ 500 ਕੰਪਨੀਆਂ ਚੱਲ ਰਹੀਆਂ ਹਨ, ਜੋ ਕਿ ਕੁੱਲ ਦਾ 10 ਫ਼ੀਸਦੀ ਤੋਂ ਵੀ ਘੱਟ ਹੈ।
ਅਜਿਹੇ ਵਿੱਚ ਅਮਰੀਕਾ ਦੀਆਂ ਵੱਡੀਆਂ ਮੀਡੀਆ ਕੰਪਨੀਆਂ ਵਿੱਚ ਹੌਲੀ-ਹੌਲੀ ਤਰੱਕੀ ਕਰਦਿਆਂ, ਯਾਕਰੀਨੋ ਦਾ ਕਿਸੇ ਤਕਨੀਕੀ ਫ਼ਰਮ ਵਿੱਚ ਟੌਪ ਪੁਜ਼ੀਸ਼ਨ ’ਤੇ ਪਹੁੰਚਣਾ ਇੱਕ ਵੱਡੀ ਉਦਾਹਰਨ ਹੈ।

ਤਸਵੀਰ ਸਰੋਤ, Getty Images
ਲਿੰਡਾ ਯਾਕਰੀਨੋ ਕੌਣ ਹਨ?
ਯਾਕਰੀਨੋ ਦਾ ਪਾਲਣ-ਪੋਸ਼ਣ ਇੱਕ ਇਟਾਲੀਅਨ-ਅਮਰੀਕੀ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਇੱਕ ਪੁਲਿਸ ਅਫ਼ਸਰ ਸਨ। ਲਿੰਡਾ ਨੂੰ ਪਾਲਣ ਵਾਲੀ ਮਾਂ ਨੇ ਕਦੇ ਕਾਲਜ ਦੀ ਪੜ੍ਹਾਈ ਨਹੀਂ ਕੀਤੀ।
ਪੈਨ ਸਟੇਟ ਤੋਂ ਗਰੈਜੁਏਸ਼ਨ ਕਰਨ ਤੋਂ ਬਾਅਦ, ਯਾਰਕੀਨੋ ਨੇ ਪੰਦਰਾਂ ਸਾਲ ਤੱਕ ‘ਟਰਨਰ ਐਂਟਰਟੇਨਮੈਂਟ’ ਵਿੱਚ ਨੌਕਰੀ ਕੀਤੀ।
ਉਸ ਤੋਂ ਬਾਅਦ ਉਨ੍ਹਾਂ ਨੇ ਐੱਨਸੀਬੀ ਯੂਨੀਵਰਸਲ ਵਿੱਚ ਕਰੀਬ 2,000 ਲੋਕਾਂ ਦੀ ਅਗਵਾਈ ਕੀਤੀ। ਇੱਥੇ ਉਹ ਸਟ੍ਰੀਮਿੰਗ ਸੇਵਾਵਾਂ ਦੇ ਲਾਂਚ ਪ੍ਰੋਗਰਾਮ ਵਿੱਚ ਸ਼ਾਮਲ ਸੀ।
ਲਿੰਡਾ ਯੁਕਰੀਨੋ ਦੇ ਕਈ ਵੱਡੇ ਬਰਾਂਡਜ਼ ਨਾਲ ਕੰਮ ਕੀਤਾ ਹੈ, ਜਿੱਥੇ ਉਨ੍ਹਾਂ ਨੇ ਪ੍ਰੋਡਕਟ ਪਲੇਸਮੈਂਟ ਲਈ ਮੌਕੇ ਲੱਭਣ ਤੇ ਉਨ੍ਹਾਂ ਦੇ ਟੀਵੀ ਸ਼ੋਅਜ਼ ਸਮੇਤ ਹੋਰ ਥਾਵਾਂ ’ਤੇ ਇਸ਼ਤਿਹਾਰ ਦੇਣ ਲਈ ਪ੍ਰੇਰਿਤ ਕੀਤਾ ਸੀ।
ਸਮੇਂ ਦੇ ਨਾਲ ਅੱਗੇ ਵੱਧਣਾ
ਲਿੰਡਾ ਨੇ ਸਮੇਂ ਦੇ ਨਾਲ-ਨਾਲ ਆਪਣੀ ਮੁਹਾਰਤ ਵਧਾਈ ਅਤੇ ਉੱਚੇ ਮੁਕਾਮ ਵੀ ਹਾਸਿਲ ਕੀਤੇ।
ਉਨ੍ਹਾਂ ਨੇ ਨਵੇਂ ਮੀਡੀਆ ਜਿਵੇਂ ਕਿ ਐਪਲ ਨਿਊਜ਼, ਸਨੈਪਚੈਟ ਅਤੇ ਯੂਟਿਊਬ ਨਾਲ ਵੀ ਕੰਮ ਕੀਤਾ।
ਸਾਲ 2005 ਵਿੱਚ ਇੱਕ ਇੰਡਸਟਰੀ ਪਬਲੀਕੇਸ਼ਨ ਵਿੱਚ ਉਨ੍ਹਾਂ ਨੂੰ ‘ਰੁਝੇਵਿਆਂ ਭਰੀ, ਵਿਆਹੁਤਾ ਔਰਤ ਅਤੇ 13 ਤੇ 9 ਸਾਲ ਦੇ ਦੋ ਬੱਚਿਆਂ ਦੀ ਮਾਂ’ ਵਜੋਂ ਜਾਣੂ ਕਰਵਾਇਆ ਗਿਆ ਸੀ।
ਉਸ ਵੇਲੇ ਲਿੰਡਾ ਨੇ ਕਿਹਾ ਸੀ, “ਮੇਰੇ ਸੱਚੀ ਕੋਈ ਸ਼ੌਕ ਨਹੀਂ ਹਨ।”

ਟਵਿੱਟਰ ਅਤੇ ਨਵੇਂ ਸੀਈਓ ਬਾਰੇ ਖਾਸ ਗੱਲਾਂ
- ਪਿਛਲੇ ਸਮੇਂ ਇਲੋਨ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ ਸੀ
- ਇਲੋਨ ਮਸਕ ਵੱਡੇ ਕਾਰੋਬਾਰੀ ਹਨ, ਉਨ੍ਹਾਂ ਨੇ ਲਿੰਡਾ ਯਾਕਰੀਨੋ ਨੂੰ ਟਵਿੱਟਰ ਦੇ ਸੀਈਓ ਰੱਖਿਆ ਹੈ
- ਇਸ ਤੋਂ ਪਹਿਲਾਂ ਲਿੰਡਾ ਯੁਕਰੀਨੋ ਦੇ ਕਈ ਵੱਡੇ ਬਰਾਂਡਜ਼ ਨਾਲ ਕੰਮ ਕੀਤਾ ਹੈ
- ਮਾਹਿਰ ਇਹ ਜਾਨਣ ਲਈ ਉਤਸੁਕ ਹੋਣਗੇ ਕਿ ਮਸਕ ਤੇ ਯਾਕਰੀਨੋ ਵਿੱਚ ਕਿਸ ਤਰ੍ਹਾਂ ਦਾ ਰਿਸ਼ਤਾ ਉੱਭਰਦਾ ਹੈ

‘ਟਵਿੱਟਰ ਲਈ ਮਦਦਗਾਰ ਸਾਬਤ ਹੋ ਸਕਦੇ ਹਨ’
ਬਿਜ਼ਨਸ ਇਨਸਾਈਡਰਜ਼ ਦੀ ਕਲੇਅਰ ਅਤਕਿਨਸਨ ਨੇ ਬੀਤੇ ਦੋ ਦਹਾਕਿਆਂ ਤੋਂ ਯਾਕਰੀਨੋ ਦੀ ਕਾਰੋਬਾਰੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਲਿੰਡਾ ਦਾ ਇਸ਼ਤਿਹਾਰਬਾਜ਼ੀ ਵਿੱਚ ਕੰਮ ਕਰਨ ਦਾ ਪਿਛੋਕੜ ਟਵਿੱਟਰ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਜਦੋਂ ਤੋਂ ਮਸਕ ਨੇ ਟਵਿੱਟਰ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਹ ਲਗਾਤਾਰ ਘਾਟੇ ਵਿੱਚ ਚੱਲ ਰਹੇ ਹਨ।
ਉਨ੍ਹਾਂ ਕਿਹਾ, “ਜੇ ਟਵਿੱਟਰ ਪੈਸਾ ਕਮਾਉਣ ਬਾਰੇ ਸੋਚ ਰਿਹਾ ਹੈ ਤਾਂ ਇਹ ਸ਼ੁਰੂਆਤ ਬਿਲਕੁਲ ਸਹੀ ਫ਼ੈਸਲਾ ਹੈ।”
“ਲਿੰਡਾ ਬਹੁਤ ਹੀ ਉਚਿਤ ਹੋਣਗੇ ਅਤੇ ਇਹ ਇਸ ਨੂੰ ਹਾਸਿਲ ਕਰਨ ਲਈ ਸਹੀ ਸਾਬਤ ਹੋਣਗੇ।”
ਅਤਕਿਨਸਨ ਕਹਿੰਦੇ ਹਨ, “ਲਿੰਡਾ ਉਸੇ ਤਰ੍ਹਾਂ ਦੀ ਸ਼ਖਸ ਹੈ, ਜਿਸ ਤਰ੍ਹਾਂ ਦੇ ਵਿਅਕਤੀ ਦੀ ਮੇਰੇ ਖਿਆਲ ਵਿੱਚ ਇਲੋਨ ਮਸਕ ਨੂੰ ਇਸ ਵੇਲੇ ਲੋੜ ਹੈ।”

ਤਸਵੀਰ ਸਰੋਤ, Getty Images
ਲੋਕਾਂ ਨੂੰ ਕੀਲਣ ਵਿੱਚ ਮਾਹਰ
2022 ਦੇ ਵਾਲ ਸਟ੍ਰੀਟ ਜਰਨਲ ਮੁਤਾਬਕ, “ਲਿੰਡਾ ਦੇ ਆਪਣੀ ਗੱਲ ਮਨਵਾਉਣ ਦੇ ਤਰੀਕੇ ਕਰਕੇ ਉਨ੍ਹਾਂ ਨੂੰ ‘ਵੈਲਵਟ ਹੈਮਰ’ ਦਾ ਨਾਮ ਵੀ ਮਿਲਿਆ ਹੈ।”
ਯਾਕਰੀਨੋ ਸਾਹਮਣੇ ਅਜਿਹੇ ਬਿਜ਼ਨਸ ਨੂੰ ਚਲਾਉਣ ਦੀ ਚੁਣੌਤੀ ਹੋਏਗੀ ਜੋ ਮੁਨਾਫ਼ੇ ਯੋਗ ਬਣਨ ਲਈ ਸੰਘਰਸ਼ ਕਰਦਾ ਰਿਹਾ ਹੈ।
ਇੰਨਾਂ ਹੀ ਨਹੀਂ ਲਿੰਡਾ ਨੂੰ ਸਖ਼ਤ ਨਿਗਰਾਨੀ ਵੀ ਝੱਲਣੀ ਪਵੇਗੀ। ਕਈ ਵਾਰ ਅਲੋਚਣਾ ਨਾਲ ਵੀ ਨਜਿੱਠਣਾ ਪਵੇਗਾ। ਜ਼ਿਕਰਯੋਗ ਹੈ ਕਿ ਟਵਿੱਟਰ ਉੱਤੇ ਸਮੇਂ-ਸਮੇਂ ਗ਼ਲਤ ਜਾਣਕਾਰੀਆਂ ਅਤੇ ਨਫ਼ਰਤੀ ਭਾਸ਼ਣ ਫ਼ੈਲਾਉਣ ਦੇ ਇਲਜ਼ਾਮ ਲੱਗਦੇ ਆਏ ਹਨ।
ਜਦੋਂ ਇਲੋਨ ਮਸਕ ਨੇ ਪਿਛਲੇ ਸਾਲ ਟਵਿੱਟਰ ਬਾਰੇ ਆਪਣੀਆਂ ਯੋਜਨਾਵਾਂ ਦੀ ਚਰਚਾ ਕਰਨੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਟਵਿੱਟਰ ਦੀ ਵਿਗਿਆਪਨਾਂ ’ਤੇ ਨਿਰਭਰਤਾ ਘਟਾਉਣਾ ਚਾਹੁੰਦੇ ਹਨ ਅਤੇ ਇਸ ਦੇ ਕੰਟੈਂਟ ਨੂੰ ਮੌਡਰੇਟ ਕਰਨ ਦੇ ਤਰੀਕੇ ਬਦਲਣਾ ਚਾਹੁੰਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਸਾਈਟ ਦੇ ਫ਼ੰਕਸ਼ਨ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਕਿ ਪੇਮੈਂਟ, ਇਨਕ੍ਰਿਪਟਿਡ ਸੁਨੇਹੇ ਅਤੇ ਫ਼ੋਨ ਕਾਲਾਂ ਸ਼ਾਮਲ ਕਰ ਸਕਣ। ਉਨ੍ਹਾਂ ਨੇ ਇਨ੍ਹਾਂ ਸਭ ਬਦਲਾਵਾਂ ਨੂੰ ‘X’ (ਐਕਸ) ਨਾਮ ਦਿੱਤਾ ਸੀ।

ਤਸਵੀਰ ਸਰੋਤ, Getty Images
ਮਸਕ ਦਾ ਨਜ਼ਰੀਆ
ਟਵਿੱਟਰ ਦੀ ਡੋਰ ਹੱਥ ਲੈਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸਟਾਫ਼, ਜਿਨ੍ਹਾਂ ਵਿੱਚ ਅਲੋਚਣਾਂ ਦੀਆਂ ਪੋਸਟਾਂ ਨਾਲ ਨਜਿੱਠਣ ਵਾਲੇ ਮੁਲਾਜ਼ਮ ਵੀ ਸ਼ਾਮਲ ਸੀ, ਨੂੰ ਨੌਕਰੀ ਤੋਂ ਕੱਢਣ ਕਰਕੇ ਮਸਕ ਨੇ ਵਿਵਾਦ ਸਹੇੜ ਲਿਆ ਸੀ।
ਮਸਕ ਨੇ ਟਵਿੱਟਰ ਅਕਾਊਂਟ ਵੈਰੀਫ਼ਾਈ ਕਰਨ ਵਾਲੀ ਸੇਵਾ ਨੂੰ ਵੀ ਬਦਲਿਆ, ਨੀਲੇ ਟਿਕ (ਬਲੂ ਟਿਕ) ਲਈ ਪੈਸੇ ਲੈਣ ਦਾ ਫ਼ੈਸਲਾ ਲਿਆ, ਜਿਸ ਬਾਰੇ ਅਲੋਚਕਾਂ ਨੇ ਕਿਹਾ ਕਿ ਇਸ ਨਾਲ ਗ਼ਲਤ ਜਾਣਕਾਰੀਆਂ ਫ਼ੈਲਣ ਦਾ ਖਤਰਾ ਵੱਧ ਜਾਵੇਗਾ।
ਕਈ ਬਦਲਾਵਾਂ ਕਰਕੇ ਵਿਗਿਆਪਨ ਦੇਣ ਵਾਲਿਆਂ ਵਿੱਚ ਚਿੰਤਾਵਾਂ ਪੈਦਾ ਕੀਤੀਆਂ, ਆਪਣੇ ਬਰਾਂਡਜ਼ ਨੂੰ ਖ਼ਤਰਿਆਂ ਬਾਰੇ ਚਿੰਤਾ ਪੈਦਾ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਾਈਟ ’ਤੇ ਪੈਸਾ ਲਾਉਣਾ ਰੋਕ ਲਿਆ।
ਮਸਕ ਨੇ ਮੰਨਿਆ ਕਿ ਆਮਦਨ ਵਿੱਚ ਕਾਫ਼ੀ ਗਿਰਾਵਟ ਆਈ ਹੈ, ਹਾਲਾਂਕਿ ਪਿਛਲੇ ਮਹੀਨੇ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਕੰਪਨੀਆਂ ਲੀਹ ’ਤੇ ਪਰਤ ਰਹੀਆਂ ਹਨ।
ਬੀਤੇ ਮਹੀਨੇ ਇੱਕ ਐਡਵਰਟਾਇਜ਼ਿੰਗ ਕਾਨਫਰੰਸ ਵਿੱਚ ਯਾਕਰੀਨੋ ਨੇ ਮਸਕ ਨੂੰ ਇੰਟਰਵਿਊ ਕੀਤਾ ਅਤੇ ਪੁੱਛਿਆ ਕਿ ਉਹ ਅਜਿਹਾ ਕੀ ਕਰ ਰਹੇ ਹਨ ਜਿਸ ਨਾਲ ਕੰਪਨੀਆਂ ਦਾ ਭਰੋਸਾ ਜਿੱਤਿਆ ਜਾ ਸਕੇ ਕਿ ਉਨ੍ਹਾਂ ਦੇ ਬਰਾਂਡ ਖ਼ਤਰੇ ਵਿੱਚ ਨਹੀਂ ਆਉਣਗੇ।
ਲਿੰਡਾ ਨੇ ਕਿਹਾ ਸੀ, “ਇਸ ਕਮਰੇ ਵਿੱਚ ਮੌਜੂਦ ਲੋਕ ਤੁਹਾਡੇ ਮੁਨਫ਼ੇ ਦਾ ਜ਼ਰੀਆ ਹਨ, ਪਰ ਨਾਲ ਹੀ ਕਈ ਖ਼ਦਸ਼ੇ ਵੀ ਮੌਜੂਦ ਹਨ।”

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ’ਤੇ ਪ੍ਰਤੀਕ੍ਰਮ
ਸੋਸ਼ਲ ਮੀਡੀਆ ’ਤੇ ਲਿੰਡਾ ਯਾਕਰੀਨੋ ਦੀ ਨਿਯੁਕਤੀ ਨੂੰ ਲੈ ਕੇ ਕੁਝ ਸੰਦੇਹ ਵੀ ਸਨ। ਜਿੱਥੇ ਕਈ ਉਸ ਦੇ ਕੰਜ਼ਰਵੇਟਿਵ ਪੱਖੀ ਸਿਆਸਤ ਬਾਰੇ ਵੀ ਅੰਦਾਜ਼ੇ ਲਗਾ ਰਹੇ ਸੀ।
ਯਾਕਰੀਨੋ ਦਾ ਵਿਸ਼ਵ ਆਰਥਿਕ ਫ਼ੋਰਮ (ਜਿਸ ਨੂੰ ਸੱਜੇਪੱਖੀ ਨਾਕਰਾਤਮਕ ਰੂਪ ਵਿੱਚ ਗਲੋਬਲਿਸਟ ਦੱਸਿਆ ਜਾਂਦਾ ਹੈ) ਲਈ ਕੰਮ ਕਰਨਾ ਕਈ ਤਬਕਿਆਂ ਨੂੰ ਪਸੰਦ ਨਹੀਂ ਆਇਆ ਸੀ।
ਪੋਪ ਫਰਾਂਸਿਸ ਨੂੰ ਫੀਚਰ ਕਰਨ ਵਾਲੀ ਕੋਰੋਨਾਵਾਇਰਸ ਵੈਕਸੀਨ ਦੀ ਕੈਂਪੇਨ ਵਿੱਚ ਉਨ੍ਹਾਂ ਦੀ ਭੂਮਿਕਾ ਵੀ ਕਈ ਲੋਕਾਂ ਨੂੰ ਚੰਗੀ ਨਹੀਂ ਲੱਗੀ ਸੀ।
ਜਦਕਿ ਖੱਬੇ ਪੱਖੀਆਂ ਨੇ ਲਿੰਡਾ ਦੀ ਵਾਈਟ ਹਾਊਸ ਸਪੋਰਟਸ, ਫ਼ਿਟਨੈਸ ਅਤੇ ਖੁਰਾਕ ਕਾਊਂਸਲ ਵਿੱਚ ਸਿਆਸੀ ਸ਼ਮੂਲੀਅਤ ’ਤੇ ਸਵਾਲ ਚੁੱਕੇ ਹਨ।
ਮਸਕ ਜਿਨ੍ਹਾਂ ਨੇ ਸਪੇਸ-ਐਕਸ ਅਤੇ ਟੈਸਲਾ ਵਿੱਚ ਵੀ ਔਰਤਾਂ ਨੂੰ ਸੀਨੀਅਰ ਪੁਜ਼ੀਸ਼ਨਾਂ ’ਤੇ ਰੱਖਿਆ ਹੈ, ਨੂੰ ਇੱਕ ਡਿਮਾਂਡਿਗ ਬੌਸ ਵਜੋਂ ਜਾਣਿਆ ਜਾਂਦਾ ਹੈ।
ਇੱਥੋਂ ਤੱਕ ਕਿ ਮਸਕ ਵੱਲੋਂ ਆਪਣੀ ਪੋਸਟ ਜ਼ਰੀਏ ਯਾਕਰੀਨੋ ਦਾ ਨਾਮ ਸਾਹਮਣੇ ਲਿਆਉਣ ਬਾਅਦ ਅਸਧਾਰਨ ਤਰੀਕੇ ਨਾਲ ਹੋਏ ਇਸ ਐਲਾਨ ਨਾਲ, ਯਾਕਰੀਨੋ ਵੀ ਐਨਬੀਸੀ ਯੂਨੀਵਰਸਲ ਵਿੱਚ ਆਪਣੇ ਬੌਸਜ਼ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਜਾਪਦੇ ਸਨ।
ਅਮਰੀਕਾ ਵਿੱਚ ਮੱਧ ਸ਼ੁੱਕਰਵਾਰ ਤੱਕ, ਯਾਕਰੀਨੋ ਨੇ ਇਸ ਕਦਮ ਬਾਰੇ ਜਨਤਕ ਤੌਰ ’ਤੇ ਟਿੱਪਣੀ ਨਹੀਂ ਕੀਤੀ।
ਇੰਡਸਟਰੀ ਨੂੰ ਦੇਖਣ ਵਾਲੇ ਇਹ ਜਾਨਣ ਲਈ ਉਤਸੁਕ ਹੋਣਗੇ ਕਿ ਮਸਕ ਅਤੇ ਯਾਕਰੀਨੋ ਵਿੱਚ ਕਿਸ ਤਰ੍ਹਾਂ ਦਾ ਰਿਸ਼ਤਾ ਉੱਭਰਦਾ ਹੈ।
ਅਤਕਿਨਸਨ ਨੇ ਕਿਹਾ ਕਿ ਟਵਿੱਟਰ ਦੇ ਦੋ ਐਗਜ਼ੀਕਿਉਟਿਵ ਅਮਰੀਕਾ ਦੀਆਂ ਅਗਾਮੀ 2024 ਚੋਣਾਂ ਦੇ ਮੱਦੇਨਜ਼ਰ ‘ਮੌਡਰੇਸ਼ਨ’ ਨਾਲ ਨਜਿੱਠਣ ਸਬੰਧੀ ਔਖੀ ਵਾਰਤਾਲਾਪ ਦਾ ਵੀ ਸਾਹਮਣਾ ਕਰਨਗੇ।
ਅਤਕਿਨਸਨ ਨੇ ਕਿਹਾ, “ਹਰ ਕੋਈ ਸੋਚ ਰਿਹਾ ਹੈ ਕਿ ਇਸ ਅਜਬ-ਗਜਬ ਪ੍ਰਬੰਧਨ ਸਥਿਤੀ ਵਿੱਚ ਲਿੰਡਾ ਕਦੋਂ ਤੱਕ ਟਿਕੇ ਰਹਿ ਸਕਣਗੇ।”












