Elon Musk: ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਦੀ ਸਫ਼ਲਤਾ ਦੇ 6 ਨੁਕਤਿਆਂ ’ਚ ਪੈਸਾ ਕਮਾਉਣ ਦੀ ਸੋਚ ਸ਼ਾਮਿਲ ਨਹੀਂ

ਐਲਨ ਮਸਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਲਨ ਮਸਕ ਦਾ ਕਹਿਣਾ ਹੈ ਕਿ ਉਹ ਇੱਕ ਇੰਜੀਨੀਅਰ ਹਨ ਅਤੇ ਉਨ੍ਹਾਂ ਨੂੰ ਤਕਨੀਕੀ ਸਮੱਸਿਆਵਾਂ ਸੁਲਝਾਉਣਾ ਚੰਗਾ ਲਗਦਾ ਹੈ
    • ਲੇਖਕ, ਜਸਟਿਨ ਰਾਲਿਟ
    • ਰੋਲ, ਬੀਬੀਸੀ ਨਿਊਜ਼

ਐਲਨ ਮਸਕ ਐਮੇਜ਼ੋਨ ਦੇ ਜੈਫ਼ ਬੋਜ਼ੇਸ ਨੂੰ ਪਿੱਛੇ ਛੱਡ ਕੇ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ।

ਟੈਸਲਾ ਕਾਰ ਕੰਪਨੀ ਅਤੇ ਸਪੇਸ-ਐਕਸ ਕੰਪਨੀ ਦੇ ਇਸ ਹਰਫਨਮੌਲਾ ਉਧਮੀ ਦੀ ਜਾਇਦਾਦ, ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਧਣ ਤੋਂ ਬਾਅਦ 185 ਬਿਲੀਅਨ ਅਮਰੀਕੀ ਡਾਲਾਰ ਨੂੰ ਪਾਰ ਕਰ ਗਈ ਹੈ।

ਆਖ਼ਰ ਉਨ੍ਹਾਂ ਦੀ ਇਸ ਸਫ਼ਲਤਾ ਦਾ ਭੇਤ ਕੀ ਹੈ?

ਇਹ ਵੀ ਪੜ੍ਹੋ:

ਕੁਝ ਸਾਲ ਪਹਿਲਾਂ ਮੈਂ ਕਈ ਘੰਟੇ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਦੀ ਇਸ ਤਾਜ਼ਾ ਉਪਲਬਧੀ ਦੇ ਮੱਦੇ ਨਜ਼ਰ ਅਸੀਂ ਉਸ ਇੰਟਰਵਿਊ ਦੀਆਂ ਪਰਤਾ ਤੁਹਾਡੇ ਸਾਹਮਣੇ ਰੱਖਣ ਦੀ ਵਿਚਾਰ ਬਣਾਈ। ਪੇਸ਼ ਹਨ ਤੁਹਾਡੇ ਲਈ ਸਫ਼ਲਤਾ ਬਾਰੇ ਐਲਨ ਮਸਕ ਦੇ ਕੁਝ ਨੁਕਤੇ

1. ਇਹ ਸਭ ਪੈਸੇ ਲਈ ਨਹੀਂ ਹੈ

ਕਾਰੋਬਾਰ ਪ੍ਰਤੀ ਐਲਨ ਮਸਕ ਦਾ ਇਹੀ ਰਵੱਈਆ ਹੈ। ਸਾਲ 2014 ਵਿੱਚ ਜਦੋਂ ਮੈਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਤਾਂ ਉਨਾਂ ਨੇ ਦੱਸਿਆ ਸੀ ਕਿ ਉਹ ਨਹੀਂ ਜਾਣਦੇ ਕਿ ਉਹ ਕਿੰਨੇ ਅਮੀਰ ਹਨ।

"ਅਜਿਹਾ ਨਹੀਂ ਹੈ ਕਿ ਕਿਤੇ ਨਕਦੀ ਦਾ ਢੇਰ ਲੱਗਿਆ ਹੋਇਆ ਹੈ।, ਇਸ ਦਾ ਮਤਲਬ ਸਿਰਫ਼ ਇੰਨਾ ਹੈ ਕਿ ਮੇਰੇ ਕੋਲ ਟੈਸਲਾ ਅਤੇ ਸਪੇਸ-ਐਕਸ ਅਤੇ ਸੋਲਰਸਿਟੀ ਵਿੱਚ ਕੁਝ ਵੋਟਾਂ ਹਨ ਅਤੇ ਮਾਰਕਿਟ ਵਿੱਚ ਇਨ੍ਹਾਂ ਵੋਟਾਂ ਉੱਪਰ ਕੁਝ ਕੀਮਤ ਹੈ।"

ਹਾਲਾਂਕਿ ਉਹ ਦੌਲਤ ਦਾ ਪਿੱਛਾ ਕਰਨ ਨੂੰ ਮਾੜਾ ਨਹੀਂ ਸਮਝਦੇ ਪਰ ਜੇ ਅਜਿਹਾ 'ਨੈਤਿਕ ਅਤੇ ਚੰਗੇ ਤਰੀਕੇ ਨਾਲ" ਕੀਤਾ ਜਾਵੇ।

ਲਗਦਾ ਹੈ ਉਨ੍ਹਾਂ ਦਾ ਤਰੀਕਾ ਕਾਰਗਰ ਸਾਬਤ ਹੋ ਰਿਹਾ ਹੈ।

ਸਾਲ 2014 ਵਿੱਚ ਆਇਰਨ ਮੈਨ ਦੇ ਪਾਤਰ ਟੋਨੀ ਸਟਾਰਕ ਦੇ ਇਸ ਸਜੀਵ ਪ੍ਰੇਰਣਾ ਸਰੋਤ, ਐਲਨ ਮਸਕ ਦੀ ਕੁੱਲ ਜਾਇਦਾਦ ਦੀ ਕੀਮਤ ਸ਼ਾਇਦ 10 ਬਿਲੀਅਨ ਡਾਲਰ ਹੋਵੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਦੀ ਬਿਜਲਈ ਕਾਰਾਂ ਵਾਲੀ ਕੰਪਨੀ ਕਾਫ਼ੀ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ। ਪਿਛਲੇ ਸਾਲ ਨਾਲੋਂ ਸ਼ੇਅਰਾਂ ਦੀ ਕੀਮਤ ਵਧ ਕੇ 700 ਬਿਲੀਅਨ ਡਾਲਰ ਨੂੰ ਅਪੱੜ ਗਈ ਹੈ।

ਇਹ ਇੰਨੀ ਦੌਲਤ ਹੈ ਕਿ ਤੁਹਾਡੇ ਕੋਲ ਫੋਰਡ, ਜਨਰਲ ਮੋਟਰਜ਼, ਬੀਐੱਮਡਬਲਿਊ, ਫ਼ੌਕਸਵੈਗਨ ਅਤੇ ਫੀਅਟ ਕ੍ਰਿਜ਼ਲਰ ਖ਼ਰੀਦ ਕੇ ਵੀ ਇੰਨੇ ਪੈਸੇ ਬਚ ਜਾਣਗੇ ਕਿ ਫਰਾਰੀ ਖ਼ਰੀਦ ਸਕੋਂ।

ਐਲਨ ਹਾਲਾਂਕਿ ਇਸ ਸਾਲ ਪੰਜਾਹ ਸਾਲਾਂ ਦੇ ਹੋ ਜਾਣਗੇ ਪਰ ਉਹ ਇੱਕ ਅਮੀਰ ਆਦਮੀ ਵਾਲੀ ਮੌਤ ਦੀ ਉਮੀਦ ਨਹੀਂ ਰੱਖਦੇ।

ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਬਹੁਤ ਸਾਰਾ ਪੈਸਾ ਮੰਗਲ ਗ੍ਰਹਿ ਉੱਪਰ ਅੱਡਾ ਬਣਾਉਣ ਵਿੱਚ ਖ਼ਰਚ ਹੋ ਜਾਵੇਗਾ ਅਤੇ ਇਸ ਵਿੱਚ ਵੀ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਇਸ ਪ੍ਰੋਜੈਕਟ ਵਿੱਚ ਉਨ੍ਹਾਂ ਦੀ ਸਾਰੀ ਪੂੰਜੀ ਖੁਰ ਜਾਵੇ।

ਉਨ੍ਹਾਂ ਨੂੰ ਲਗਦਾ ਹੈ ਕਿ ਮਾਈਕਰੋਸਾਫ਼ਟ ਵਾਲੇ ਬਿਲ ਗੇਟਸ ਵਾਂਗ ਸ਼ਾਇਦ ਉਹ ਵੀ ਝੂਰਨਗੇ ਕਿ ਉਨ੍ਹਾਂ ਨੇ ਆਪਣਾ ਪੈਸਾ ਕਿਸੇ ਚੰਗੇ ਲੇਖੇ ਨਹੀਂ ਲਾਇਆ।

ਵੀਡੀਓ ਕੈਪਸ਼ਨ, ਜਦੋਂ ਟੈਸਲਾ ਦੇ ਟੱਰਕ ਦੇ ਡੈਮੋ ਦੌਰਾਨ ਹੀ ਸ਼ੀਸ਼ਿਆਂ ‘ਚ ਦਰਾੜ ਪੈ ਗਈ

2. ਆਪਣੇ ਜਨੂੰਨ ਨੂੰ ਜੀਓ

ਮੰਗਲ ਗ੍ਰਹਿ ਉੱਪਰ ਅੱਡਾ ਸ਼ਾਇਦ ਮਸਕ ਦੀ ਸਫ਼ਲਤਾ ਬਾਰੇ ਧਾਰਣਾ ਵੱਲ ਸੰਕੇਤ ਕਰਦਾ ਹੈ।

ਉਨ੍ਹਾਂ ਕਿਹਾ ਸੀ,"ਤੁਸੀਂ ਚਾਹੁੰਦੇ ਹੋ ਕਿ ਭਵਿੱਖ ਵਿੱਚ ਹਾਲਾਤ ਬਿਹਤਰ ਹੋਣ। ਤੁਸੀਂ ਇਹ ਸਭ ਦਿਲਚਸਪ ਚੀਜ਼ਾਂ ਚਾਹੁੰਦੇ ਹੋ ਜੋ ਜ਼ਿੰਦਗੀ ਨੂੰ ਬਿਹਤਰ ਬਣਾਉਣ।"

ਸਪੇਸ-ਐੱਕਸ ਦੀ ਮਿਸਾਲ ਲਓ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕੰਪਨੀ ਸਥਾਪਤ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਅਮਰੀਕਾ ਦਾ ਪੁਲਾੜ ਪ੍ਰੋਗਰਾਮ ਕੋਈ ਬਹੁਤਾ ਮਹੱਤਵਕਾਂਸ਼ੀ ਨਹੀਂ ਹੈ।

ਬਰਸਲਜ਼ ਦੇ ਇੱਕ ਕਾਰ ਸ਼ੋਅ ਵਿੱਚ ਨੁਮਾਇਸ਼ ਦੌਰਾਨ ਟੈਸਲਾ ਦੀ X 90D ਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਰਸਲਜ਼ ਦੇ ਇੱਕ ਕਾਰ ਸ਼ੋਅ ਵਿੱਚ ਨੁਮਾਇਸ਼ ਦੌਰਾਨ ਟੈਸਲਾ ਦੀ X 90D ਕਾਰ

"ਮੈਂ ਆਸ ਕਰਦਾ ਰਿਹਾ ਕਿ ਅਸੀਂ ਧਰਤੀ ਤੋਂ ਪਰਾਂ ਜਾਵਾਂਗੇ ਅਤੇ ਮੰਗਲ ਗ੍ਰਹਿ ’ਤੇ ਬੰਦਾ ਭੇਜਾਂਗੇ ਅਤੇ ਚੰਦ ਤੇ ਕੋਈ ਅੱਡਾ ਬਣਾਵਾਂਗੇ ਅਤੇ ਜ਼ਿਆਦਾ ਉਡਾਣਾਂ ਭਰਾਂਗੇ।"

ਜਦੋਂ ਅਜਿਹਾ ਨਹੀਂ ਹੋਇਆ ਤਾਂ ਉਨ੍ਹਾਂ ਨੇ ਮਾਰਸ ਓਸਿਸ ਮਿਸ਼ਨ ਦਾ ਵਿਚਾਰ ਰੱਖਿਆ। ਇਸ ਮਿਸ਼ਨ ਦਾ ਮਕਸਦ ਲਾਲ ਗ੍ਰਹਿ ਉੱਪਰ ਇੱਕ ਗ੍ਰੀਨ ਹਾਊਸ ਭੇਜਣਾ ਹੈ। ਮੰਗਲ ਗ੍ਰਹਿ ਨੂੰ ਹੀ ਲਾਲ ਗ੍ਰਹਿ ਕਿਹਾ ਜਾਂਦਾ ਹੈ।

ਉਨ੍ਹਾਂ ਦੇ ਇਸ ਵਿਚਾਰ ਦਾ ਮਕਸਦ ਲੋਕਾਂ ਵਿੱਚ ਪੁਲਾੜ ਬਾਰੇ ਉਤਸੁਕਤਾ ਪੈਦਾ ਕਰਨਾ ਅਤੇ ਅਮਰੀਕੀ ਸਰਕਾਰ ਉੱਪਰ ਨਾਸਾ ਦਾ ਬਜਟ ਬਣਾਉਣ ਲਈ ਦਬਾਅ ਪਾਉਣਾ ਸੀ।

ਜਦੋਂ ਉਹ ਇਸ ਕੰਮ ਵਿੱਚ ਪਏ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕਮੀ ਇੱਛਾ ਦੀ ਨਹੀਂ ਸਗੋਂ ਰਸਤੇ ਦੀ ਸੀ ਅਤੇ ਪੁਲਾੜ ਨਾਲ ਜੁੜੀ ਤਕਨੀਕ ਬੇਵਜ੍ਹਾ ਅਤੇ ਲੋੜੋਂ ਵੱਧ ਮਹਿੰਗੀ ਸੀ।

ਇਸ ਤਰ੍ਹਾਂ ਦੁਨੀਆਂ ਦੇ ਸਭ ਤੋਂ ਸਸਤੇ ਰਾਕਟ ਲਾਂਚ ਕਾਰੋਬਾਰ ਦੀ ਸ਼ੁਰੂਆਤ ਹੋਈ।

ਆਇਰਨ ਮੈਨ ਦੇ ਕਿਰਦਾਰ ਦੀ ਪ੍ਰੇਰਣਾ ਮਸਕ ਹੀ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਇਰਨ ਮੈਨ ਦੇ ਕਿਰਦਾਰ ਦੀ ਪ੍ਰੇਰਣਾ ਐਲਨ ਮਸਕ ਹੀ ਹਨ

ਇੱਥੇ ਇੱਕ ਨੁਕਤਾ ਧਿਆਨ ਮੰਗਦਾ ਹੈ ਕਿ ਇਸ ਦਾ ਮਕਸਦ ਪੈਸੇ ਕਮਾਉਣਾ ਨਹੀਂ ਸਗੋਂ ਮੰਗਲ ਗ੍ਰਹਿ ਉੱਪਰ ਇਨਸਾਨ ਭੇਜਣਾ ਸੀ।

ਮਸਕ ਨੇ ਮੈਨੂੰ ਦੱਸਿਆ ਸੀ ਕਿ ਉਹ ਆਪਣੇ ਆਪਨੂੰ ਇੱਕ ਖੋਜੀ ਨਾਲੋਂ ਇੱਕ ਇੰਜੀਨੀਅਰ ਵਧੇਰੇ ਸਮਝਦੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਸਵੇਰੇ ਸਮੱਸਿਆਵਾਂ ਸੁਲਝਾਉਣ ਦੀ ਇੱਛਾ ਨਾਲ ਹੀ ਉੱਠਦੇ ਹਨ।

ਬੈਂਕ ਵਿੱਚ ਪਏ ਡਾਲਰ ਨਹੀਂ ਸਗੋਂ ਇਹੀ ਐਲਨ ਦਾ ਸਫ਼ਲਤਾ ਨੂੰ ਮਾਪਣ ਦਾ ਪੈਮਾਨਾ ਹੈ। ਉਹ ਜਾਣਦੇ ਹਨ ਕਿ ਕਾਰੋਬਾਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਜਿਨ੍ਹਾਂ ਦਿੱਕਤਾਂ ਦਾ ਸਾਹਣਾ ਕਰਨਾ ਪੈ ਰਿਹਾ ਹੈ ਉਹ ਹਮੇਸ਼ਾ ਲਈ ਹੱਲ ਹੋ ਰਹੀਆਂ ਹਨ। ਮੁੜ ਇਹ ਮੁਸ਼ਕਲਾਂ ਇਹੀ ਕੋਸ਼ਿਸ਼ ਕਰ ਰਹੇ ਕਿਸੇ ਹੋਰ ਵਿਅਕਤੀ ਦੇ ਰਾਹ ਵਿੱਚ ਨਹੀਂ ਆਉਣਗੀਆਂ।

ਇਹੀ ਵਜ੍ਹਾ ਸੀ ਕਿ 2014 ਦੀ ਸਾਡੀ ਮੁਲਾਕਾਤ ਤੋਂ ਪਹਿਲਾਂ ਇਹ ਹਰਫ਼ਨਮੌਲਾ ਉਧਮੀ ਨੇ ਟੈਸਲਾ ਦੇ ਵਿਸ਼ਵ ਵਿਆਪੀ ਪੇਂਟੈਂਟ ਖੋਲ੍ਹਣ ਦਾ ਐਲਾਨ ਕੀਤਾ ਸੀ ਤਾਂ ਜੋ ਪੂਰੀ ਦੁਨੀਆਂ ਵਿੱਚ ਬਿਜਲਈ ਕਾਰਾਂ ਦੇ ਵਿਕਾਸ ਨੂੰ ਹੱਲਾਸ਼ੇਰੀ ਮਿਲ ਸਕੇ।

3. ਵੱਡਾ ਸੋਚਣ ਤੋਂ ਘਬਰਾਓ ਨਾ

ਐਲਨ ਮਸਕ ਦੇ ਕਾਰੋਬਾਰਾਂ ਦੀ ਇੱਕ ਹੋਰ ਖੂਬੀ ਹੈ ਉਨ੍ਹਾਂ ਵਿੱਚ ਪਈ ਦਲੇਰੀ।

ਉਹ ਕਾਰ ਖੇਤਰ ਵਿੱਚ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ, ਮੰਗਲ ਗ੍ਰਹਿ ਉੱਪਰ ਮਨੁੱਖੀ ਵਸੋਂ ਕਰਨਾ ਚਾਹੁੰਦੇ ਹਨ, ਵੈਕਿਊਮ ਸੁਰੰਗਾਂ ਵਿੱਚ ਇੰਤਹਾ ਦੀਆਂ ਤੇਜ਼ ਰੇਲਾਂ ਚਲਾਉਣਾ ਚਾਹੁੰਦੇ ਹਨ, ਉਹ ਆਰਟੀਫੀਸ਼ੀਅਲ ਇਨਟੈਲੀਜੈਂਸ ਨੂੰ ਮਨੁੱਖੀ ਦਿਮਾਗ ਨਾਲ ਇੱਕਮਿੱਕ ਕਰਨਾ ਚਾਹੁੰਦੇ ਹਨ।

ਉਹ ਸੂਰਜੀ ਊਰਜਾ ਅਤੇ ਬੈਟਰੀਆਂ ਦੇ ਖੇਤਰ ਖੇਤਰ ਵਿੱਚ ਵਿਕਾਸ ਦੇ ਸਿਖ਼ਰ 'ਤੇ ਪਹੁੰਚਣਾ ਚਾਹੁੰਦੇ ਹਨ, ਕਿ ਉਸ ਤੋਂ ਅਗਾਂਹ ਕੁਝ ਵਿਕਸਤ ਕਰਨ ਲਈ ਬਾਕੀ ਨਾ ਰਹੇ।

ਇੱਥੇ ਇੱਕ ਸਾਂਝ ਹੈ। ਉਨ੍ਹਾਂ ਦੇ ਇਹ ਸਾਰੇ ਪ੍ਰੋਜੈਕਟ ਭਵਿੱਖ ਬਾਰੇ ਕਲਪਨਾਵਾਂ ਵਰਗੀਆਂ ਹਨ ਜੋ 1980 ਦੇ ਦਹਾਕੇ ਦੇ ਬਾਲ ਰਸਾਲਿਆਂ ਵਿੱਚ ਪੜ੍ਹਨ ਨੂੰ ਮਿਲਦੀਆਂ ਸਨ। ਉਨ੍ਹਾਂ ਦੀ ਸੁਰੰਗ ਕੰਪਨੀ ਦਾ ਨਾਂਅ ਹੈ- ਦਿ ਬੋਰਿੰਗ ਕੰਪਨੀ।

ਮਸਕ ਇਸ ਤੋਂ ਨਾ ਤਾਂ ਕਦੇ ਇਨਕਾਰ ਕਰਦੇ ਹਨ ਅਤੇ ਨਾ ਹੀ ਛੁਪਾਉਂਦੇ ਹਨ ਕਿ ਉਨ੍ਹਾਂ ਦੀ ਸੋਚ ਦੱਖਣੀ ਅਮਰੀਕਾ ਵਿੱਚ ਬੀਤੇ ਬਚਪਨ ਵਿੱਚ ਦੇਖੀਆਂ ਫ਼ਿਲਮਾਂ ਅਤੇ ਪੜ੍ਹੀਆਂ ਕਿਤਾਬਾਂ ਤੋਂ ਪ੍ਰੇਰਿਤ ਹੈ।

ਇੱਥੋਂ ਹੀ ਸਾਨੂੰ ਐਲਨ ਮਸਕ ਦੀ ਕਾਰੋਬਾਰ ਬਾਰੇ ਤੀਜਾ ਗੁਰ ਮਿਲਦਾ ਹੈ- ਝਿਜਕੋ ਨਾ।

ਸਪੇਸ-ਐਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲਨ ਮਸਕ ਨੇ ਉਮੀਦ ਨਹੀਂ ਕੀਤੀ ਸੀ ਕਿ ਸਪੇਸ-ਐਕਸ ਪੈਸੇ ਵੀ ਕਮਾਵੇਗੀ

ਉਨ੍ਹਾਂ ਦਾ ਮੰਨਣਾ ਹੈ ਕਿ ਨੀਵੀਂ ਮਹੱਤਵਕਾਂਸ਼ਾ ਜ਼ਿਆਦਾਤਰ ਕੰਪਨੀਆਂ ਦੇ ਇਨਸੈਂਟਿਵ ਢਾਂਚੇ ਵਿੱਚ ਪਈ ਹੈ।

ਉਨ੍ਹਾਂ ਦਾ ਮਤ ਹੈ,"ਜੇ ਤੁਸੀਂ ਕਿਸੇ ਵੱਡੀ ਕੰਪਨੀ ਦੇ ਸੀਈਓ ਹੋ ਅਤੇ ਤੁਸੀਂ ਦਰਮਿਆਨੇ ਸੁਧਾਰ ਦਾ ਟੀਚਾ ਰਖਦੇ ਹੋ, ਅਤੇ ਇਸ ਵਿੱਚ ਮਿੱਥੇ ਨਾਲੋਂ ਜ਼ਿਆਦਾ ਸਮਾਂ ਲੱਗ ਜਾਵੇ ਜਾਂ ਇਹ ਉਮੀਦ ਮੁਤਾਬਕ ਕੰਮ ਨਾ ਕਰੇ, ਤੁਹਾਨੂੰ ਕੋਈ ਦੋਸ਼ ਨਹੀਂ ਦੇਵੇਗਾ। ਤੁਸੀਂ ਕਹਿ ਸਕਦੇ ਹੋ ਮੇਰਾ ਕਸੂਰ ਨਹੀਂ, ਇਹ ਸਪਲਾਇਰ ਦੀ ਗਲਤੀ ਹੈ।"

ਜੇ ਤੁਸੀਂ ਦਲੇਰ ਹੋ ਅਤੇ ਕਿਸੇ ਵੱਡੇ ਸੁਧਾਰ ਵੱਲ ਜਾਂਦੇ ਹੋ ਅਤੇ ਇਹ ਕੰਮ ਨਾ ਕਰੇ ਤਾਂ ਨਿਸ਼ਚਿਤ ਹੀ ਤੁਹਾਨੂੰ ਕੱਢ ਦਿੱਤਾ ਜਾਵੇਗਾ।

ਉਨ੍ਹਾਂ ਦਾ ਤਰਕ ਹੈ ਕਿ ਇਸੇ ਕਾਰਨ ਕੰਪਨੀਆਂ ਕੁਝ ਬਿਲਕੁਲ ਨਵੀਂ ਕਲਪਨਾ ਕਰਨ ਦੀ ਥਾਵੇਂ ਆਪਣੇ ਉਤਾਪਾਦਾਂ ਵਿੱਚ ਮਾਮੂਲੀ ਸੁਧਾਰ ਕਰਨ ਬਾਰੇ ਹੀ ਸੋਚਦੀਆਂ ਹਨ।

ਇਸ ਲਈ ਉਨ੍ਹਾਂ ਦੀ ਸਲਾਹ ਹੈ ਕਿ ਕੰਮ ਅਜਿਹਾ ਕਰੋ ਜਿਸ ਨਾਲ "ਵਾਕਈ ਕੋਈ ਫਰਕ ਪੈਣ ਵਾਲਾ ਹੋਵੇ।"

ਇਨ੍ਹਾਂ "ਫਰਕ ਪਾਉਣ ਵਾਲੀਆਂ ਚੀਜ਼ਾਂ" ਬਾਰੇ ਮਸਕ ਦੀਆਂ ਪਹਿਲਤਾਵਾਂ ਵਿੱਚ ਦੋ ਚੀਜ਼ਾਂ ਸਿਰਮੌਰ ਹਨ।

ਪਹਿਲਾ, ਉਹ ਪਥਰਾਟ ਬਾਲਣ ਤੋਂ ਦੂਜੇ ਵਿਕਲਪਾਂ ਵੱਲ ਜਾਣ ਦੀ ਪ੍ਰਕਿਰਿਆ ਤੇਜ਼ ਕਰਨਾ ਚਾਹੁੰਦੇ ਹਨ।

ਇਸ ਬਾਰੇ ਉਨ੍ਹਾਂ ਨੇ ਕਿਹਾ ਸੀ," ਅਸੀਂ ਗੇਸ ਅਤੇ ਤੇਲ ਦੇ ਉਨ੍ਹਾਂ ਸਰੋਤਾਂ ਨੂੰ ਵਰਤ ਰਹੇ ਹਾਂ ਜਿਨ੍ਹਾਂ ਨੇ ਕੈਮਬਰੀਅਨ ਯੁੱਗ (Cambrian era)ਤੋਂ ਬਾਅਦ ਕਦੇ ਸੂਰਜ ਨਹੀਂ ਦੇਖਿਆ। ਇਨ੍ਹਾਂ ਵਿੱਚੋਂ ਜੇ ਕਿਸੇ ਨੇ ਪਿਛਲੀ ਵਾਰ ਸੂਰਜ ਦੀ ਧੁੱਪ ਦੇਖੀ ਵੀ ਸੀ ਤਾਂ ਉਸ ਸਮੇਂ ਜਦੋਂ ਸਭ ਤੋਂ ਜਟਿਲ ਜੀਵ ਸਪੰਜ ਸੀ। ਤੁਹਾਨੂੰ ਪੁਛਣਾ ਪਵੇਗਾ ਕੀ ਇਹ ਸਿਆਣਾ ਕਦਮ ਹੈ।"

ਦੂਜਾ, ਮਨੁੱਖੀ ਜੀਵਨ ਨੂੰ ਹੰਢਣਸਾਰ ਬਣਾਉਣ ਲਈ ਮੰਗਲ ਉੱਪਰ ਵਸੇਬਾ ਬਣਾਉਣਾ ਅਤੇ "ਜ਼ਿੰਦਗੀ ਨੂੰ ਬਹੁ-ਗ੍ਰਿਹੀ ਬਣਾਉਣਾ) ਚਾਹੁੰਦੇ ਹਨ।

ਜਿਵੇਂ ਮੈਂ ਕਿਹਾ ਵੱਡਾ ਸੋਚੇ।

ਐਲਨ ਮਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲਨ ਮਸਕ ਮੰਨਦੇ ਹਨ ਕਿ ਉਨ੍ਹਾਂ ਉੱਪਰ ਬਚਪਨ ਵਿੱਚ ਪੜ੍ਹੀਆਂ ਕਾਲਪਨਿਕ ਕਿਤਾਬਾਂ ਅਤੇ ਦੇਖੀਆਂ ਫ਼ਿਲਮਾਂ ਦਾ ਕਾਫ਼ੀ ਅਸਰ ਹੈ

4. ਖ਼ਤਰੇ ਚੁੱਕਣ ਲਈ ਤਿਆਰ ਰਹੋ

ਇਹ ਤਾਂ ਸਪਸ਼ਟ ਹੈ।

ਚੰਗੀ ਕਾਰਗੁਜ਼ਾਰੀ ਕਾਰੋਬਾਰ ਵਿੱਚ ਤੁਹਾਡਾ ਪੈਸਾ ਹੋਣਾ ਚਾਹੀਦਾ ਹੈ ਪਰ ਐਲਨ ਨੇ ਜ਼ਿਆਦਾਤਰ ਕਾਰੋਬਾਰੀਆਂ ਨਾਲੋਂ ਵੱਡੇ ਖ਼ਤਰੇ ਮੁੱਲ ਲਏ ਹਨ।

ਸਾਲ 2002 ਵਿੱਚ ਉਨ੍ਹਾਂ ਦੀ ਉਮਰ ਮਹਿਜ਼ ਤੀਹ ਸਾਲ ਸੀ ਜਦੋਂ ਉਨ੍ਹਾਂ ਨੇ ਆਪਣੀਆਂ ਦੋ ਵੱਡੀਆਂ ਕੰਪਨੀਆਂ ਵਿੱਚੋਂ ਆਪਣਾ ਹਿੱਸਾ ਵੇਚ ਦਿੱਤਾ। ਇਹ ਕੰਪਨੀਆਂ ਸਨ ਆਨਲਾਈਨ ਪੇਮੈਂਟ ਕੰਪਨੀ PayPal ਅਤੇ Zip2 ਜੋ ਕਿ ਇੱਕ ਇੰਟਰਨੈਟ ਸਿਟੀ ਗਾਈਡ ਕੰਪਨੀ ਸੀ। ਉਸ ਸਮੇਂ ਉਨ੍ਹਾਂ ਦੇ ਖਾਤੇ ਵਿੱਚ 200 ਮਿਲੀਅਨ ਡਾਲਰ ਸਨ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਵਿਉਂਤ ਅੱਧਾ ਪੈਸਾ ਕਾਰੋਬਾਰ ਵਿੱਚ ਲਾ ਕੇ ਅੱਧਾ ਆਪਣੇ ਕੋਲ ਰੱਖਣ ਦੀ ਸੀ।

ਸੋਚੇ ਮੁਤਾਬਕ ਸਭ ਨਹੀਂ ਚੱਲਿਆ ਅਤੇ ਸਾਲ 2014 ਵਿੱਚ ਸਾਡੀ ਮੁਲਾਕਾਤ ਸਮੇਂ ਉਹ ਆਪਣੀ ਕਾਰੋਬਾਰੀ ਜ਼ਿੰਦਗੀ ਦੇ ਸਭ ਤੋਂ ਕਾਲੇ ਦੌਰ ਵਿੱਚ ਉਭਰ ਰਹੇ ਸਨ।

ਉਨ੍ਹਾਂ ਦੀਆਂ ਨਵੀਂ ਕੰਪਨੀਆਂ ਨੇ ਸਾਰੀਆਂ ਸ਼ੁਰੂਆਤੀ ਦਿੱਕਤਾਂ ਦੇਖੀਆਂ। SpaceX ਦੀਆਂ ਪਹਿਲੀਆਂ ਤਿੰਨ ਉਡਾਣਾਂ ਅਸਫ਼ਲ ਰਹੀਆਂ ਅਤੇ ਟੈਸਲਾ ਵਿੱਚ ਹਰ ਕਿਸਮ ਦੀਆਂ ਉਤਪਾਦਨ ਨਾਲ ਜੁੜੀਆਂ ਦਿੱਕਤਾਂ ਆ ਰਹੀਆਂ ਸਨ। ਜਿਵੇਂ- ਸਪਲਾਈ ਚੇਨ, ਡਿਜ਼ਾਈਨ ਨਾਲ ਜੁੜੇ ਮਸਲੇ।

ਇਸ ਤੋਂ ਉੱਪਰ ਵਿੱਤੀ ਸੰਕਟ।

ਮਸਕ ਨੇ ਕਿਹਾ ਉਨ੍ਹਾਂ ਦੇ ਸਾਹਮਣੇ ਸਿੱਧਾ ਵਿਕਲਪ ਸੀ।

"ਜਾਂ ਤਾਂ ਮੈਂ ਪੈਸਾ ਰੱਖ ਸਕਦਾ ਸੀ, ਫਿਰ ਕੰਪਨੀਆਂ ਦੀ ਮੌਤ ਪੱਕੀ ਸੀ ਜਾਂ ਜੋ ਮੇਰੇ ਕੋਲ ਬਚਿਆ ਸੀ ਉਸ ਦਾ ਨਿਵੇਸ਼ ਕਰਦਾ ਅਤੇ ਸ਼ਾਇਦ ਇਸ ਵਿੱਚ ਸੰਭਾਵਨਾ ਸੀ।"

ਉਹ ਪੈਸਾ ਲਾਉਂਦੇ ਰਹੇ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਲਈ ਵੀ ਦੋਸਤਾਂ ਤੋਂ ਉਧਾਰ ਮੰਗਣਾ ਪਿਆ।

ਤਾਂ ਕੀ ਦੀਵਾਲੀਏਪਣ ਦੀ ਸੰਭਾਵਨਾ ਨੇ ਉਨ੍ਹਾਂ ਨੂੰ ਡਰਾਇਆ?

ਉਨ੍ਹਾਂ ਮੁਤਾਬਕ, ਨਹੀਂ।

"ਮੇਰੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜਾਣਾ ਪੈਂਦਾ, ਫਿਰ ਕੀ ਮੈਂ ਵੀ ਇੱਕ ਸਰਕਾਰੀ ਸਕੂਲ ਵਿੱਚ ਗਿਆ ਸੀ।"

5. ਆਲੋਚਕਾਂ ਵੱਲ ਧਿਆਨ ਨਾ ਦਿਓ

2014 ਵਿੱਚ ਸਾਡੀ ਮੁਲਾਕਾਤ ਸਮੇਂ ਵੀ ਮੈਨੂੰ ਇਸ ਗੱਲ ਨੇ ਹੈਰਾਨ ਕੀਤੀ ਸੀ ਕਿ ਉਹ ਇਸ ਬਾਰੇ ਕਾਫ਼ੀ ਫ਼ਿਕਰਮੰਦ ਸਨ।

"ਅਜਿਹੀਆਂ ਕਈ ਬਲੌਗ ਵੈਬਸਾਈਟਾਂ ਸਨ ਜੋ ਟੈਸਲਾ ਦੀਆਂ ਆਖ਼ਰੀ ਘੜੀਆਂ ਗਿਣ ਰਹੀਆਂ ਸਨ।"

ਮੈਂ ਕਿਹਾ ਕਿ ਸ਼ਾਇਦ ਲੋਕ ਉਨ੍ਹਾਂ ਦੀ ਅਸਫ਼ਲਤਾ ਚਾਹੁੰਦੇ ਹੋਣ ਕਿਉਂਕਿ ਉਨ੍ਹਾਂ ਦੇ ਮਹੱਤਵਕਾਂਸ਼ਾ ਨੂੰ ਲੈ ਕੇ ਇੱਕ ਕਿਸਮ ਦਾ ਸਾੜਾ ਹੈ।

ਉਨ੍ਹਾਂ ਨੇ ਇਸ ਵਿਚਾਰ ਨੂੰ ਨਕਾਰ ਦਿੱਤਾ,"ਮੈਂ ਸੋਚਦਾ ਹਾਂ ਕਿ ਇਹ ਹੰਕਾਰ ਹੋਵੇਗਾ ਜੇ ਮੈਂ ਕਹਾਂ ਕਿ ਅਸੀਂ ਇਸ ਨੂੰ ਹਰ ਹੀਲੇ ਕਰਨ ਜਾ ਰਹੇ ਸੀ। ਜਦਕਿ ਅਸੀਂ ਸਿਰਫ਼ ਕਰਨਾ ਚਾਹ ਰਹੇ ਸੀ ਅਤੇ ਇਸ ਵਿੱਚ ਅਸੀਂ ਆਪਣਾ ਪੂਰਾ ਦਿਲ ਲਾ ਰਹੇ ਸੀ।"

ਇਸ ਤੋਂ ਸਾਨੂੰ ਮਸਕ ਦਾ ਕਾਰੋਬਾਰੀ ਸਫ਼ਲਤਾ ਬਾਰੇ ਅਗਲਾ ਸਬਕ ਮਿਲਦਾ ਹੈ- ਆਲੋਚਕਾਂ ਦੀ ਨਾ ਸੁਣੋ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ SpaceX ਜਾਂ Tesla ਕੰਪਨੀਆਂ ਸ਼ੁਰੂ ਕੀਤੀਆਂ ਤਾਂ ਕਤਈ ਨਹੀਂ ਸੀ ਸੋਚਿਆ ਕਿ ਇਹ ਪੈਸਾ ਕਮਾਉਣਗੀਆਂ- ਅਤੇ ਸਚਾਈ ਤਾਂ ਇਹ ਹੈ ਕਿ ਕਿਸੇ ਨੇ ਵੀ ਨਹੀਂ ਸੀ ਸੋਚਿਆ।

ਟੈਸਲਾ ਦੀ ਚੀਨ ਦੇ ਸ਼ੰਘਾਵੀ ਵਿੱਚ ਤਿਆਰ ਹੋ ਰਹੀ ਨਵੀਂ ਫ਼ੈਕਟਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੈਸਲਾ ਦੀ ਚੀਨ ਦੇ ਸ਼ੰਘਾਵੀ ਵਿੱਚ ਤਿਆਰ ਹੋ ਰਹੀ ਨਵੀਂ ਫ਼ੈਕਟਰੀ

ਫਿਰ ਵੀ ਉਨ੍ਹਾਂ ਨੇ ਆਲੋਚਕਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਅੱਗੇ ਵਧ ਗਏ।

ਕਿਉਂ? ਯਾਦ ਕਰੋ ਇਹ ਉਹ ਬੰਦਾ ਹੈ ਜੋ ਸਫ਼ਲਤਾ ਇਸ ਪੈਮਾਨੇ ਉੱਪਰ ਮਾਪਦਾ ਹੈ ਕਿ ਉਸ ਨੇ ਕਿੰਨੀਆਂ ਮੁਸ਼ਕਲਾਂ ਹੱਲ ਕੀਤੀਆਂ ਨਾ ਕਿ ਕਿੰਨਾ ਪੈਸਾ ਕਮਾਇਆ।

ਇਹ ਵਿਚਾਰ ਕਿੰਨਾ ਮੁਕਤ ਕਰਨ ਵਾਲਾ ਹੈ। ਉਸ ਨੂੰ ਬੇਵਕੂਫ਼ ਲੱਗਣ ਦੀ ਫਿਕਰ ਨਹੀਂ ਕਿ ਉਸ ਨੇ ਕਿੱਡਾ ਵੱਡਾ ਕਰਜ਼ ਚੁਕਾਉਣਾ ਹੈ। ਉਸ ਲਈ ਅਹਿਮ ਹੈ ਕਿ ਉਹ ਕਿਸੇ ਮਹੱਤਵਪੂਰਨ ਵਿਚਾਰ ਦਾ ਪਿੱਛਾ ਕਰ ਰਿਹਾ ਹੈ।

ਇਹ ਚੋਣ ਕਰਨਾ ਸਰਲ ਬਣਾ ਦਿੰਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਫੋਕਸ ਕੀ ਹੈ- ਉਹ ਜੋ ਸਾਰਥਕ ਹੈ।

ਹੁਣ ਲਗਦਾ ਹੈ ਬਜ਼ਾਰ ਨੂੰ ਵੀ ਜੋ ਉਹ ਕਰ ਰਹੇ ਹਨ ਪਸੰਦ ਆ ਰਿਹਾ ਹੈ।

ਅਕਤੂਬਰ ਵਿੱਚ ਅਮਰੀਕਾ ਦੇ ਨਿਵੇਸ਼ ਬੈਂਕ ਮੌਰਗਨ ਸਟੈਨਲੀ ਨੇ ਸਪੇਸ-ਐਕਸ ਦਾ 100 ਬਿਲੀਅਨ ਡਾਲਰ ਦਾ ਮੁੱਲ ਪਾਇਆ।

ਕੰਪਨੀ ਨੇ ਪੁਲਾੜੀ ਉਡਾਣਾਂ ਦੀ ਆਰਥਿਕਤਾ ਬਦਲ ਕੇ ਰੱਖ ਦਿੱਤੀ ਹੈ ਪਰ ਮਸਕ ਨੂੰ ਅਸਲ ਖ਼ੁਸ਼ੀ ਇਸ ਨਾਲ ਮਿਲੇਗੀ ਕਿ ਉਨ੍ਹਾਂ ਦੀ ਕੰਪਨੀ ਅਮਰੀਕਾ ਦੇ ਪੁਲਾੜ ਪ੍ਰੋਗਰਾਮ ਵਿੱਚ ਕੀ ਬਦਲਾਅ ਲੈ ਕੇ ਆਈ। 

ਪਿਛਲੇ ਸਾਲ ਉਨ੍ਹਾਂ ਦੇ Crew Dragon ਨੈ ਛੇ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਭੇਜਿਆ। 2011 ਵਿੱਚ ਅਮਰੀਕੀ ਸਪੇਸ਼ ਸ਼ਟਲ ਰਿਟਾਇਰ ਕਰ ਦਿੱਤੇ ਗਏ ਸਨ। ਉਸ ਤੋਂ ਬਾਅਦ ਇਹ ਅਮਰੀਕੀ ਜ਼ਮੀਨ ਤੋਂ ਲਾਂਚ ਕੀਤਾ ਗਿਆ ਪਹਿਲਾ ਅਜਿਹਾ ਮਿਸ਼ਨ ਸੀ।

ਈਲੈਕਟਰਿਕ ਕਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐਲਨ ਮਸਕ ਚਾਹੁੰਦੇ ਹਨ ਕਿ ਅਸੀਂ ਜਲਦੀ ਤੋਂ ਜਲਦੀ ਬਦਲਵੇਂ ਊਰਜਾ ਸਰੋਤਾਂ ਵੱਲ ਵਧੀਏ ਅਤੇ ਪਥਰਾਟ ਬਾਲਣ ਉੱਪਰ ਸਾਡੀ ਨਿਰਭਰਤਾ ਘਟੇ

6. ਆਪਣੇ-ਆਪ ਵਿੱਚ ਖ਼ੁਸ਼ ਰਹੋ

ਇਸ ਗਾਈਡ ਦੀ ਵਰਤੋਂ ਕਰੋ, ਅਤੇ ਥੋੜ੍ਹੀ ਜਿਹੀ ਕਿਸਮਤ ਹੋਈ ਤਾਂ ਤੁਸੀਂ ਸ਼ਾਇਦ ਅਮੀਰ ਵੀ ਹੋ ਜਾਓ ਅਤੇ ਮਸ਼ਹੂਰ ਵੀ। ਫਿਰ ਤੁਸੀਂ ਆਪਣੇ ਸ਼ੈਲ ਵਿੱਚੋਂ ਬਾਹਰ ਆਉਣਾ ਸ਼ੁਰੂ ਕਰ ਸਕਦੇ ਹੋ।

ਐਲਨ ਮਸਕ ਨੂੰ ਇੱਕ ਨੂੰ ਇੱਕ ਕਾਮੇ ਵਜੋਂ ਜਾਣਿਆਂ ਜਾਂਦਾ ਹੈ। ਉਹ ਡੀਂਗ ਮਾਰਦੇ ਹਨ ਕਿ ਉਨ੍ਹਾਂ ਨੇ ਟੈਸਲਾ ਦਾ ਉਤਪਾਦਨ ਕਾਇਮ ਰੱਖਣ ਲਈ ਹਫ਼ਤੇ ਵਿੱਚ 120 ਘਾਂਟੇ ਵੀ ਕੰਮ ਕੀਤਾ ਹੈ। ਪਰ ਸਾਡੀ ਮੁਲਾਕਾਤ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਖ਼ੁਸ਼ ਰਹਿੰਦਿਆਂ ਦੇਖਿਆ ਹੈ।

ਉਨ੍ਹਾਂ ਉੱਪਰ ਮਾਣਹਾਨੀ ਦੇ ਮੁਕੱਦਮੇ ਕੀਤੇ ਗਏ, ਟੈਲੀਵੀਜ਼ਨ ਦੇ ਸਿੱਧੇ ਪ੍ਰਸਾਰਣ ਦੌਰਨ ਭੰਗ ਵਾਲੀ ਸਿਗਾਰ ਪੀਣ ਕਾਰਨ ਵਿਵਾਦਾਂ ਵਿੱਚ ਰਹੇ।

ਐਲਨ ਮਸਕ

ਤਸਵੀਰ ਸਰੋਤ, YOUTUBE/POWERFULJRE

2018 ਵਿੱਚ ਉਨ੍ਹਾਂ ਦੀ ਅਮਰੀਕਾ ਦੇ ਵਿੱਤੀ ਰੈਗੂਲੇਟਰ ਨਾਲ ਤਣਾਅ ਹੋ ਗਿਆ ਅਤੇ ਫਿਰ ਜਦੋਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦੀ ਸੈਨ ਫਰਾਂਸਿਸਕੋ ਫ਼ੈਕਟਰੀ ਵਿੱਚ ਉਤਪਾਦਨ ਰੋਕਣਾ ਪਿਆ ਤਾਂ ਉਹ ਕੋਰੋਨਾ ਪਾਬੰਦੀਆਂ ਬਾਰੇ ਖੁੱਲ੍ਹ ਕੇ ਬੋਲੇ।

ਉਨ੍ਹਾਂ ਨੇ ਟਵਿੱਟਰ ਉੱਪਰ ਬੇਵਕੂਫ਼ੀ ਅਤੇ ਘਰੇ ਰਹਿਣ ਦੇ ਹੁਕਮਾਂ ਨੂੰ ਧੱਕੇ ਨਾਲ ਸੁਣਾਈ ਗਈ "ਕੈਦ" ਕਿਹਾ ਜੋ ਕਿ "ਸੰਵਿਧਾਨਕ ਹੱਕਾਂ ਦੀ ਉਲੰਘਣਾǀ ਸੀ।

ਗਰਮੀਆਂ ਵਿੱਚ ਉਨ੍ਹਾਂ ਨੇ ਆਪਣੀ ਜਾਇਦਾਦ ਵੇਚਣ ਦਾ ਐਲਾਨ ਕਰ ਦਿੱਤਾ-ਅਖੇ ਇਹ ਤੁਹਾਨੂੰ "ਨੀਵਾਂ ਖਿੱਚ ਕੇ ਰਖਦੀ" ਹੈ।

ਕੁਝ ਦਿਨਾਂ ਬਾਅਦ ਉਨ੍ਹਾਂ ਨੇ ਟਵਿੱਟਰ ਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਨਵ ਜਨਮੇ ਪੁੱਤਰ ਦਾ ਨਾਂਅ X Æ A-12 ਮਸਕ ਹੋਵੇਗਾ।

SpaceX ਦਾ Starship ਲਾਂਚ ਵਹੀਕਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, SpaceX ਦਾ Starship ਲਾਂਚ ਵਹੀਕਲ ਜੋ ਉਡਾਣ ਦੇ ਛੇ ਮਿੰਟਾਂ ਵਿੱਚ ਹੀ ਕਰੈਸ਼ ਹੋ ਗਿਆ

ਫਿਰ ਵੀ ਉਨ੍ਹਾਂ ਦੇ ਅਜਿਹੇ ਖਬੱਤੀ ਵਿਹਾਰ ਦਾ ਉਨ੍ਹਾਂ ਦੇ ਕਾਰੋਬਾਰ ਉੱਪਰ ਅਸਰ ਨਹੀਂ ਪਿਆ ਲਗਦਾ ਅਤੇ ਉਹ ਪਹਿਲਾਂ ਜਿੰਨੇ ਹੀ ਮਹੱਤਵਕਾਂਸ਼ੀ ਹਨ।

ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਕਿ ਆਉਂਦੇ ਤਿੰਨ ਸਾਲਾਂ ਵਿੱਚ ਟੈਸਲਾ 25 ਹਜ਼ਾਰ ਡਾਲਰ ਦੀ ਇੱਕ ਬਿਜਲਈ ਕਾਰ ਕੱਢੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਉਨ੍ਹਾਂ ਦੀ ਕੰਪਨੀ ਦੀਆਂ ਸਾਰੀਆਂ ਕਾਰਾਂ ਆਪਣੇ-ਆਪ ਚੱਲਣ ਵਾਲੀਆਂ ਹੋਣਗੀਆਂ।

ਇਸ ਤਰ੍ਹਾਂ ਉਨ੍ਹਾਂ ਦਾ ਸਾਲ ਇੱਕ ਧਮਾਕੇ ਨਾਲ ਹੋਇਆ ਜਦੋਂ ਦਸੰਬਰ ਵਿੱਚ SpaceX ਨੇ Starship ਲਾਂਚ ਵਹੀਕਲ ਦੀ ਜਾਂਚ ਕੀਤੀ। ਜਿਸ ਬਾਰੇ SpaceX ਨੂੰ ਉਮੀਦ ਹੈ ਕਿ ਜੇ ਸਫ਼ਲ ਰਿਹਾ ਤਾਂ ਇਹ ਮੰਗਲ ਗ੍ਰਹਿ ਉੱਪਰ ਪਹਿਲੇ ਇਨਸਾਨ ਲੈ ਕੇ ਜਾਵੇਗਾ। ਇਹ ਵਿਸ਼ਾਲ ਰਾਕਟ ਉਡਾਣ ਭਰਨ ਤੋਂ ਛੇ ਮਿੰਟਾਂ ਵਿੱਚ ਹੀ ਇੱਕ ਧਮਾਕੇ ਨਾਲ ਕਰੈਸ਼ ਕਰ ਗਿਆ।

ਐਲਨ ਮਸਕ ਨੇ ਇਸ ਟੈਸਟ ਨੂੰ "awesome" (ਬਹੁਤ ਵਧੀਆ) ਸਫ਼ਲਤਾ ਦੱਸਿਆ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)