ਜੌੜੀਆਂ ਭੈਣਾਂ ਨੇ ਇੱਕ ਹੀ ਨੌਜਵਾਨ ਨਾਲ ਕਰਵਾਇਆ ਵਿਆਹ, ਕੀ ਇਹ ਕਾਨੂੰਨੀ ਤੌਰ 'ਤੇ ਸੰਭਵ ਹੈ

ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਨੌਜਵਾਨ ਦਾ ਜੌੜੀਆਂ ਭੈਣਾਂ ਨਾਲ ਵਿਆਹ ਸੁਰਖ਼ੀਆਂ ਵਿੱਚ ਹੈ। ਪਰ ਹੁਣ ਇਹ ਵਿਆਹ ਵੀ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਿਆ ਹੈ।

ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਾਕਣਕਰ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।

ਰੂਪਾਲੀ ਚਾਕਣਕਰ ਨੇ ਟਵੀਟ ਕਰ ਕੇ ਕਿਹਾ, "ਸੋਲਾਪੁਰ ਦੇ ਇੱਕ ਨੌਜਵਾਨ ਨੇ ਮੁੰਬਈ ਦੀਆਂ ਜੌੜੀਆਂ ਭੈਣਾਂ ਨਾਲ ਵਿਆਹ ਕੀਤਾ ਹੈ। ਇਹ ਭਾਰਤੀ ਦੰਡਾਵਲੀ ਦੀ ਧਾਰਾ 494 ਦੇ ਤਹਿਤ ਇੱਕ ਜੁਰਮ ਹੈ।"

"ਹਾਲਾਂਕਿ, ਸੋਲਾਪੁਰ ਦੇ ਪੁਲਿਸ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।"

"ਇਸ ਦੇ ਨਾਲ ਹੀ, ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਐਕਟ 1993 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਰਿਪੋਰਟ ਤੁਰੰਤ ਪੇਸ਼ ਕੀਤੀ ਜਾਣੀ ਚਾਹੀਦੀ ਹੈ।"

ਸੋਲਾਪੁਰ ਦੇ ਅਕਲੁਜ ਇਲਾਕੇ 'ਚ ਇਕ ਨੌਜਵਾਨ ਨੇ ਮੁੰਬਈ ਦੀਆਂ ਦੋ ਜੌੜੀਆਂ ਭੈਣਾਂ ਨਾਲ ਇੱਕ ਹੀ ਮੰਡਪ 'ਚ ਵਿਆਹ ਕਰਵਾ ਲਿਆ ਹੈ।

ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ।

ਹਾਲਾਂਕਿ, ਕਈ ਲੋਕ ਇਹ ਸਵਾਲ ਵੀ ਚੁੱਕ ਰਹੇ ਹਨ ਕਿ ਕੀ ਭਾਰਤ ਵਿੱਚ ਦੋ ਵਿਆਹਾਂ ਨੂੰ ਕਾਨੂੰਨੀ ਤੌਰ 'ਤੇ ਇਜਾਜ਼ਤ ਹੈ?

  • ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਨੌਜਵਾਨ ਦਾ ਜੌੜੀਆਂ ਭੈਣਾਂ ਨਾਲ ਵਿਆਹ ਸੁਰਖ਼ੀਆਂ ਵਿੱਚ ਹੈ।
  • ਦੋਵਾਂ ਭੈਣਾਂ ਨੇ ਇੱਕ ਹੀ ਨੌਜਵਾਨ ਨਾਲ ਵਿਆਹ ਕਰਵਾਇਆ ਹੈ।
  • ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ।
  • ਕਈ ਲੋਕ ਇਹ ਸਵਾਲ ਵੀ ਚੁੱਕ ਰਹੇ ਹਨ ਕਿ ਕੀ ਭਾਰਤ ਵਿੱਚ ਦੋ ਵਿਆਹਾਂ ਨੂੰ ਕਾਨੂੰਨੀ ਤੌਰ 'ਤੇ ਇਜਾਜ਼ਤ ਹੈ?
  • ਪਰ ਹੁਣ ਇਹ ਵਿਆਹ ਵੀ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਿਆ ਹੈ।
  • ਵਿਆਹ ਕਰਵਾਉਣ ਵਾਲੇ ਮੁੰਡੇ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
  • ਇੰਡੀਅਨ ਪੀਨਲ ਕੋਡ 494 ਦੇ ਅਨੁਸਾਰ ਪਤੀ ਜਾਂ ਪਤਨੀ ਦੇ ਜ਼ਿੰਦਾ ਹੋਣ ਤੱਕ ਦੂਜਾ ਵਿਆਹ ਨਹੀਂ ਕੀਤਾ ਜਾ ਸਕਦਾ।
  • ਜੇਕਰ ਦੋਵੇਂ ਪਤਨੀਆਂ ਆਪਣੀ ਮਰਜ਼ੀ ਨਾਲ ਰਹਿੰਦੀਆਂ ਹਨ ਤਾਂ ਇਹ ਕੋਈ ਅਪਰਾਧ ਨਹੀਂ ਹੈ।

ਵਿਆਹ ਕਿਵੇਂ ਹੋਇਆ?

ਅਕਲੁਜ ਥਾਣੇ ਦੇ ਐੱਸਐੱਚਓ ਅਰੁਣ ਸੁਗਾਵਕਰ ਨੇ ਦੱਸਿਆ ਕਿ ਇਹ ਵਿਆਹ ਕਿਵੇਂ ਹੋਇਆ।

ਅਰੁਣ ਸੁਗਾਵਕਰ ਨੇ ਕਿਹਾ, "ਮੁੰਬਈ ਦੀਆਂ ਜੌੜੀਆਂ ਭੈਣਾਂ ਪਿੰਕੀ ਅਤੇ ਰਿੰਕੀ ਦਾ ਵਿਆਹ ਅਤੁਲ ਨਾਲ ਹੋਇਆ ਹੈ।"

"ਜੌੜੀਆਂ ਹੋਣ ਕਾਰਨ ਉਹ ਦੋਵੇਂ ਇੱਕੋ ਜਿਹੀਆਂ ਲੱਗਦੀਆਂ ਹਨ। ਉਨ੍ਹਾਂ ਨੇ ਬਚਪਨ ਤੋਂ ਹੀ ਵਿਆਹ ਕਰਨ ਅਤੇ ਇੱਕੋ ਘਰ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ।"

ਸੁਗਾਵਕਰ ਨੇ ਕਿਹਾ, "ਦੋਵਾਂ ਨੇ ਬਹੁਤ ਪਹਿਲਾਂ ਹੀ ਇੱਕ ਨੌਜਵਾਨ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਸੀ।"

ਇਹ ਵਿਆਹ ਸੋਲਾਪੁਰ ਜ਼ਿਲ੍ਹੇ ਦੇ ਅਕਲੁਜ ਦੇ ਜਾਮਾਪੁਰ ਰੋਡ 'ਤੇ ਗਲਾਂਡੇ ਹੋਟਲ 'ਚ ਹੋਇਆ।

ਅਤੁਲ ਦਾ ਜੱਦੀ ਪਿੰਡ ਮਲਸ਼ੀਰਸ ਹੈ। ਉਨ੍ਹਾਂ ਦਾ ਮੁੰਬਈ 'ਚ ਟਰੈਵਲ ਕਾਰੋਬਾਰ ਹੈ।

ਦੂਜੇ ਪਾਸੇ ਰਿੰਕੀ ਅਤੇ ਪਿੰਕੀ ਆਈਟੀ ਇੰਜਨੀਅਰ ਹਨ। ਦੋਵੇਂ ਆਪਣੀ ਮਾਂ ਨਾਲ ਰਹਿੰਦੀਆਂ ਸਨ। ਉਦੋਂ ਹੀ ਅਤੁਲ ਦੀ ਇਨ੍ਹਾਂ ਦੋਵਾਂ ਨਾਲ ਜਾਣ-ਪਛਾਣ ਹੋਈ।

ਫਿਰ ਪਛਾਣ ਪਿਆਰ ਵਿੱਚ ਬਦਲ ਗਈ। ਇੱਕ ਵਾਰ ਜਦੋਂ ਪਡਗਾਓਂਕਰ ਪਰਿਵਾਰ ਦੀ ਮਾਂ ਅਤੇ ਦੋਵੇਂ ਧੀਆਂ ਬਿਮਾਰ ਹੋ ਗਈਆਂ ਤਾਂ ਅਤੁਲ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਹਸਪਤਾਲ ਲੈ ਕੇ ਜਾਂਦੇ ਸੀ।

ਜਦੋਂ ਅਤੁਲ ਨੇ ਬੀਮਾਰੀ ਦੌਰਾਨ ਪਡਗਾਓਂਕਰ ਪਰਿਵਾਰ ਦੀ ਦੇਖਭਾਲ ਕੀਤੀ, ਤਾਂ ਉਨ੍ਹਾਂ ਵਿਚਾਲੇ ਨੇੜਤਾ ਵਧਦੀ ਗਈ।

ਹੋਟਲ ਮਾਲਕ ਨੇ ਪੁਸ਼ਟੀ ਕੀਤੀ

ਬੀਬੀਸੀ ਮਰਾਠੀ ਨੇ ਵਿਆਹ ਦੀ ਪੁਸ਼ਟੀ ਲਈ ਅਕਲੁਜ ਦੇ ਹੋਟਲ ਗਲਾਂਡੇ ਦੇ ਮਾਲਕ ਨਾਨਾ ਗਲਾਂਡੇ ਨਾਲ ਫ਼ੋਨ 'ਤੇ ਸੰਪਰਕ ਕੀਤਾ।

ਨਾਨਾ ਗਲਾਂਡੇ ਨੇ ਸਵੀਕਾਰ ਕੀਤਾ ਕਿ ਇਹ ਵਿਆਹ ਉਨ੍ਹਾਂ ਦੇ ਹੋਟਲ ਵਿੱਚ ਹੋਇਆ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਨਾਨਾ ਗਲਾਂਡੇ ਨੇ ਦੱਸਿਆ, "ਇਹ ਵਿਆਹ 2 ਦਸੰਬਰ ਸ਼ੁੱਕਰਵਾਰ ਦੁਪਹਿਰ ਨੂੰ ਸਾਡੇ ਹੋਟਲ 'ਚ ਹੋਇਆ ਸੀ। ਵਿਆਹ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ। ਉਸ ਵੇਲੇ ਅਸੀਂ ਵੀ ਹੈਰਾਨ ਰਹਿ ਗਏ।"

ਉਸ ਨੇ ਦੱਸਿਆ ਕਿ ਵਿਆਹ ਪ੍ਰਬੰਧਾਂ ਤੋਂ ਪਹਿਲਾਂ ਹੋਟਲ ਮਾਲਕ ਹੋਣ ਦੇ ਨਾਤੇ ਉਨ੍ਹਾਂ ਨੇ ਪਹਿਲਾਂ ਕੁੜੀਆਂ ਨਾਲ ਗੱਲ ਕੀਤੀ।

ਨਾਨਾ ਗਲਾਂਡੇ ਨੇ ਦੱਸਿਆ, “ਦੋਵੇਂ ਕੁੜੀਆਂ ਬਹੁਤ ਪੜ੍ਹੀਆਂ-ਲਿਖੀਆਂ ਹਨ। ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਇਸ ਮੁੰਡੇ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।"

"ਅੰਤ ਵਿੱਚ, ਇਹ ਯਕੀਨੀ ਬਣਾਉਣ ਤੋਂ ਬਾਅਦ ਕਿ ਉਹ ਦੋਵੇਂ ਤਿਆਰ ਹਨ, ਮੈਂ ਉਨ੍ਹਾਂ ਤੋਂ ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਵੇਰਵੇ ਲੈ ਲਏ। ਉਸ ਤੋਂ ਬਾਅਦ ਹੀ ਵਿਆਹ ਸਾਡੇ ਹੋਟਲ ਵਿੱਚ ਹੋਣ ਦਿੱਤਾ ਗਿਆ।"

ਮਾਮਲਾ ਦਰਜ

ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਅਤੇ ਇਕ ਨੌਜਵਾਨ ਨੇ ਥਾਣਾ ਅਕਲੁਜ 'ਚ ਸ਼ਿਕਾਇਤ ਦਰਜ ਕਰਵਾਈ।

ਇਹ ਜਾਣਕਾਰੀ ਥਾਣਾ ਅਕਲੁਜ ਦੇ ਐੱਸਐੱਚਓ ਅਰੁਣ ਸੁਗਾਵਕਰ ਨੇ ਦਿੱਤੀ ਹੈ।

ਅਤੁਲ ਉੱਤਮ ਅਵਤਾੜੇ ਨੇ 2 ਦਸੰਬਰ ਨੂੰ ਅਕਲੁਜ ਵਿੱਚ ਜੌੜੀਆਂ ਕੁੜੀਆਂ ਰਿੰਕੀ ਮਿਲਿੰਦ ਪਡਗਾਓਂਕਰ ਅਤੇ ਪਿੰਕੀ ਮਿਲਿੰਦ ਪਡਗਾਓਂਕਰ ਨਾਲ ਵਿਆਹ ਕਰਵਾਇਆ ਹੈ।

ਇਸ ਮੁੰਡੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 494 ਤਹਿਤ ਅਕਲੁਜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਪੁੱਛੇ ਜਾਣ 'ਤੇ ਕਿ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ, ਸੁਗਾਵਕਰ ਨੇ ਕਿਹਾ, "ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਸ ਤੋਂ ਬਾਅਦ ਹੀ ਇਸ 'ਤੇ ਟਿੱਪਣੀ ਕਰਨਾ ਉਚਿਤ ਹੋਵੇਗਾ।"

ਬੀਬੀਸੀ ਨੇ ਅਤੁਲ ਅਵਤਾੜੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ।

ਕਾਨੂੰਨ ਕੀ ਕਹਿੰਦਾ ਹੈ?

ਇੰਡੀਅਨ ਪੀਨਲ ਕੋਡ 494 ਦੇ ਅਨੁਸਾਰ ਪਤੀ ਜਾਂ ਪਤਨੀ ਦੇ ਜ਼ਿੰਦਾ ਹੋਣ ਤੱਕ ਦੂਜਾ ਵਿਆਹ ਨਹੀਂ ਕੀਤਾ ਜਾ ਸਕਦਾ।

ਜੇਕਰ ਪਤੀ-ਪਤਨੀ ਦੇ ਜ਼ਿੰਦਾ ਹੁੰਦੇ ਹੋਏ ਪਤੀ-ਪਤਨੀ ਵਿੱਚੋਂ ਕੋਈ ਇੱਕ ਦੂਜੇ ਨਾਲ ਵਿਆਹ ਕਰਦਾ ਹੈ, ਤਾਂ ਉਸ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਂਦੀ।

ਅਜਿਹਾ ਹੋਣ 'ਤੇ ਦੁਬਾਰਾ ਵਿਆਹ ਕਰਨ ਵਾਲੇ ਪਤੀ ਜਾਂ ਪਤਨੀ ਨੂੰ ਸੱਤ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।

ਬੀਬੀਸੀ ਮਰਾਠੀ ਨੇ ਪਿਛਲੇ ਦਿਨੀਂ ਅਜਿਹੇ ਹੀ ਇੱਕ ਮਾਮਲੇ ਵਿੱਚ ਵਕੀਲ ਦਿਲੀਪ ਤੌਰ ਨਾਲ ਗੱਲ ਕੀਤੀ ਸੀ।

ਉਨ੍ਹਾਂ ਨੇ ਪ੍ਰੀਵੈਨਸ਼ਨ ਆਫ ਬਾਈਗੈਮੀ ਐਕਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, "ਬੰਬੇ ਪ੍ਰੀਵੈਨਸ਼ਨ ਆਫ ਹਿੰਦੂ ਬਾਈਗੈਮੀ ਐਕਟ 1946 ਦੇ ਮੁਤਾਬਕ, ਕੋਈ ਵੀ ਹਿੰਦੂ ਵਿਆਹੁਤਾ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜੀ ਪਤਨੀ ਨਾਲ ਵਿਆਹ ਨਹੀਂ ਕਰ ਸਕਦਾ।"

"ਸਿੱਖ ਧਰਮ, ਈਸਾਈ, ਪਾਰਸੀ ਅਤੇ ਜੈਨ ਧਰਮ ਵਿਚ ਵੀ ਅਜਿਹੇ ਹੀ ਕਾਨੂੰਨ ਹਨ।"

ਅਕਲੁਜ ਮਾਮਲੇ ਨੂੰ ਸਮਝਣ ਲਈ ਬੀਬੀਸੀ ਮਰਾਠੀ ਨੇ ਸੀਨੀਅਰ ਵਕੀਲ ਅਸੀਮ ਸਰੋਦੇ ਨਾਲ ਸੰਪਰਕ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਜੇਕਰ ਦੋਵੇਂ ਪਤਨੀਆਂ ਆਪਣੀ ਮਰਜ਼ੀ ਨਾਲ ਰਹਿੰਦੀਆਂ ਹਨ ਤਾਂ ਇਹ ਕੋਈ ਅਪਰਾਧ ਨਹੀਂ ਹੈ।

ਉਹ ਕਹਿੰਦੇ ਹਨ, "ਭਾਰਤ ਵਿੱਚ ਦੋ-ਵਿਆਹ ਖ਼ਿਲਾਫ਼ ਕਾਨੂੰਨ ਹੈ। ਪਰ ਜੇਕਰ ਦੋਵੇਂ ਪਤਨੀਆਂ ਆਪਣੀ ਮਰਜ਼ੀ ਨਾਲ ਅਤੇ ਆਪਸੀ ਸਹਿਮਤੀ ਨਾਲ ਇਕੱਠੇ ਰਹਿ ਰਹੀਆਂ ਹਨ ਤਾਂ ਇਹ ਕੋਈ ਅਪਰਾਧ ਨਹੀਂ ਹੈ ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਦੋ ਵਿਆਹ ਦਾ ਰਿਵਾਜ ਦੇਖਿਆ ਜਾਂਦਾ ਹੈ।"

"ਕੁੜੀਆਂ ਇੱਕ ਪਤੀ ਨਾਲ ਰਹਿਣ ਲਈ ਤਿਆਰ ਹਨ, ਦੂਜੇ ਇਸ ਵਿੱਚ ਦਖ਼ਲ ਨਹੀਂ ਦੇ ਸਕਦੇ।"

ਅਸੀਮ ਸਰੋਦੇ ਦਾ ਕਹਿਣਾ ਹੈ ਕਿ ਕਾਨੂੰਨੀ ਪਤਨੀ ਹੋਣ ਦੇ ਨਾਤੇ ਉਹ ਕਿਸੇ ਹੋਰ ਔਰਤ ਨਾਲ ਵਿਆਹੁਤਾ ਸਬੰਧ ਬਣਾਉਣ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)