ਉੱਤਰਾਖੰਡ 'ਚ ਸੁਰੰਗ ਧੱਸਣ ਨਾਲ 36 ਮਜ਼ਦੂਰ ਫਸੇ, ਬਚਾਅ ਕਾਰਜ ਕਿੱਥੇ ਪਹੁੰਚਿਆ, ਕਿਵੇਂ ਵਾਪਰਿਆ ਹਾਦਸਾ

ਉੱਤਰਾਖੰਡ 'ਚ ਸੁਰੰਗ ਧੱਸੀ

ਤਸਵੀਰ ਸਰੋਤ, ASIFZAIDI/BBC

    • ਲੇਖਕ, ਆਸਿਫ਼ ਅਲੀ
    • ਰੋਲ, ਉੱਤਰਕਾਸ਼ੀ ਤੋਂ ਬੀਬੀਸੀ ਹਿੰਦੀ ਲਈ

ਉੱਤਰਾਖੰਡ 'ਚ ਯਮੁਨੋਤਰੀ ਕੌਮੀ ਰਾਜਮਾਰਗ 'ਤੇ ਬਣ ਰਹੀ ਸੁਰੰਗ ਧੱਸਣ ਕਾਰਨ ਉਸ 'ਚ ਕੰਮ ਕਰ ਰਹੇ 36 ਮਜ਼ਦੂਰ ਫਸ ਗਏ ਹਨ। ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ।

ਇਹ ਸੁਰੰਗ ਉੱਤਰਕਾਸ਼ੀ ਜ਼ਿਲ੍ਹੇ ਦੇ ਸਿਲਕਆਰਾ ਅਤੇ ਡਾਂਡਲਗਾਓਂ ਨੂੰ ਜੋੜਨ ਲਈ ਬਣਾਈ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੂੰ ਫ਼ੋਨ ਕਰਕੇ ਬਚਾਅ ਕਾਰਜਾਂ ਜਾਣਕਾਰੀ ਲਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੰਗ ਵਿੱਚ ਫਸੇ ਮਜ਼ਦੂਰ ਸੁਰੱਖਿਅਤ ਹਨ। ਉਨ੍ਹਾਂ ਨੂੰ ਬਾਹਰੋਂ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਹਾਲਾਂਕਿ ਫਸੇ ਹੋਏ ਮਜ਼ਦੂਰਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਹੈ।

ਕੀ ਹੈ ਤਾਜ਼ਾ ਜਾਣਕਾਰੀ

ਉੱਤਰਾਖੰਡ 'ਚ ਸੁਰੰਗ ਧੱਸੀ

ਤਸਵੀਰ ਸਰੋਤ, ANI

ਸੀਓ ਉੱਤਰਕਾਸ਼ੀ ਪ੍ਰਸ਼ਾਂਤ ਕੁਮਾਰ ਸੋਮਵਾਰ ਸਵੇਰੇ ਸੁਰੰਗ ਤੋਂ ਬਾਹਰ ਆ ਕੇ ਦੱਸਿਆ, “ਅਸੀਂ ਹੁਣੇ ਸੁਰੰਗ ਦੇ ਅੰਦਰੋਂ ਹੀ ਆਏ ਹਾਂ। ਬੀਤੀ ਰਾਤ ਸੁਰੰਗ ਵਿੱਚ ਫਸੇ ਲੋਕਾਂ ਨਾਲ ਸਾਡਾ ਸੰਪਰਕ ਹੋਇਆ ਸੀ।”

ਉਨ੍ਹਾਂ ਕਿਹਾ, “ਕੌਮੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ (NHIDCL) ਦੀ ਜਿਹੜੀ ਪਾਈਪਲਾਈਨ ਇੱਥੇ ਪਾਣੀ ਅਤੇ ਆਕਸੀਜਨ ਸਪਲਾਈ ਕਰ ਰਹੀ ਹੈ, ਉਸੇ ਦੀ ਮਦਦ ਨਾਲ ਅਸੀਂ ਵਾਇਰਲੈਸ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।''

''ਉਸ ਦੀ ਮਦਦ ਨਾਲ ਅਸੀਂ ਅੰਦਰ ਫਸੇ ਲੋਕਾਂ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਠੀਕ ਹਨ।''

ਪ੍ਰਸ਼ਾਂਤ ਕੁਮਾਰ ਨੇ ਦੱਸਿਆ, "ਗੱਲਬਾਤ ਵਾਇਰਲੈੱਸ ਤਰੀਕੇ ਨਾਲ ਹੋ ਰਹੀ ਹੈ। ਇਸ ਵਿੱਚ ਸ਼ੌਰਟ ਸਿਗਨਲ ਹਨ। ਉਸੇ ਤੋਂ ਅਸੀਂ ਇਹ ਪਤਾ ਕਰ ਪਾ ਰਹੇ ਹਾਂ ਕਿ ਉਹ ਠੀਕ ਹਨ ਜਾਂ ਉਨ੍ਹਾਂ ਨੂੰ ਕੀ ਚਾਹੀਦਾ ਹੈ।"

ਉਨ੍ਹਾਂ ਕਿਹਾ, "ਗੱਲ ਕਰਦੇ ਸਮੇਂ ਬਹੁਤ ਰੌਲਾ ਵੀ ਪੈਂਦਾ ਹੈ, ਪਰ ਸਾਰੇ ਸੁਰੱਖਿਅਤ ਹਨ।"

ਸੀਓ ਉੱਤਰਕਾਸ਼ੀ ਪ੍ਰਸ਼ਾਂਤ ਕੁਮਾਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੀਓ ਉੱਤਰਕਾਸ਼ੀ ਪ੍ਰਸ਼ਾਂਤ ਕੁਮਾਰ

ਪ੍ਰਸ਼ਾਂਤ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ, "ਸੁਰੰਗ ਵਿੱਚ ਫਸੇ ਲੋਕਾਂ ਦੀ ਗਿਣਤੀ 40 ਦੇ ਕਰੀਬ ਹੈ।"

ਫਸੇ ਹੋਏ ਮਜ਼ਦੂਰਾਂ ਵਿੱਚੋਂ ਸਿਰਫ਼ ਇੱਕ ਹੀ ਉੱਤਰਾਖੰਡ ਦਾ ਹੈ। ਬਾਕੀ ਸਾਰੇ ਬਿਹਾਰ, ਪੱਛਮੀ ਬੰਗਾਲ, ਯੂਪੀ, ਝਾਰਖੰਡ, ਉੜੀਸਾ ਅਤੇ ਹਿਮਾਚਲ ਪ੍ਰਦੇਸ਼ ਦੇ ਹਨ।

ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਰਾਹਤ ਕਰਮਚਾਰੀ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਸੁਰੰਗ ਦੇ ਨੇੜੇ ਤੋਂ ਮਲਬਾ ਹਟਾਉਣ ਲਈ ਜੇਸੀਬੀ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਮੁੱਖ ਬਿੰਦੂ

  • ਉੱਤਰਾਖੰਡ 'ਚ ਸੁਰੰਗ ਦਾ ਇੱਕ ਹਿੱਸਾ ਧੱਸਿਆ, ਲਗਭਗ 40 ਮਜ਼ਦੂਰ ਫਸੇ
  • ਅਧਿਕਾਰੀਆਂ ਮੁਤਾਬਕ, ਬਚਾਅ ਕਾਰਜ ਜਾਰੀ ਹਨ ਤੇ ਸਾਰੇ ਮਜ਼ਦੂਰ ਅੰਦਰ ਸੁਰੱਖਿਅਤ ਹਨ
  • ਮਜ਼ਦੂਰਾਂ ਨੂੰ ਪਾਈਪ ਰਾਹੀਂ ਸਪਲਾਈ ਕੀਤਾ ਜਾ ਰਿਹਾ ਖਾਣਾ ਤੇ ਆਕਸੀਜਨ
  • ਫਸੇ ਹੋਏ ਮਜ਼ਦੂਰਾਂ ਵਿੱਚੋਂ ਸਿਰਫ਼ ਇੱਕ ਹੀ ਉੱਤਰਾਖੰਡ ਦਾ ਹੈ
  • ਬਾਕੀ ਮਜ਼ਦੂਰ ਬਿਹਾਰ, ਪੱਛਮੀ ਬੰਗਾਲ, ਯੂਪੀ, ਝਾਰਖੰਡ, ਉੜੀਸਾ ਤੇ ਹਿਮਾਚਲ ਪ੍ਰਦੇਸ਼ ਦੇ ਹਨ
  • ਪੀਐਮ ਮੋਦੀ ਨੇ ਸੀਐਮ ਧਾਮੀ ਨੂੰ ਫ਼ੋਨ ਕਰਕੇ ਬਚਾਅ ਕਾਰਜਾਂ ਜਾਣਕਾਰੀ ਲਈ
  • ਉੱਤਰਕਾਸ਼ੀ ਪੁਲਿਸ ਨੇ ਹੈਲਪਲਾਈਨ ਨੰਬਰ +917455991223 ਕੀਤਾ ਜਾਰੀ

'ਸੁਰੰਗ 'ਚ ਫਸੇ ਸਾਰੇ ਲੋਕ ਸੁਰੱਖਿਅਤ'

ਉੱਤਰਕਾਸ਼ੀ ਦੇ ਪੁਲਿਸ ਸੁਪਰੀਟੈਂਡੈਂਟ ਅਰਪਣ ਯਦੁਵੰਸ਼ੀ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਸੁਰੰਗ ਦੇ ਮੂੰਹ ਦੇ ਕੋਲ ਇੱਕ ਹਿੱਸਾ 200 ਮੀਟਰ ਤੱਕ ਟੁੱਟ ਗਿਆ ਸੀ।

ਇਸ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਇਹ ਧੱਸ ਗਈ। ਉਨ੍ਹਾਂ ਕਿਹਾ ਕਿ ਹੁਣ ਤੱਕ ਸੁਰੰਗ ਵਿੱਚ ਫਸੇ ਸਾਰੇ ਲੋਕ ਸੁਰੱਖਿਅਤ ਹਨ।

ਉਨ੍ਹਾਂ ਕਿਹਾ, "ਐਤਵਾਰ ਸਵੇਰੇ ਕਰੀਬ 5 ਵਜੇ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਦੇ ਸਿਲਕਆਰਾ ਵਾਲੇ ਮੁਹਾਣੇ ਦੇ ਅੰਦਰ 230 ਮੀਟਰ ਤੱਕ ਮਲਬਾ ਡਿੱਗ ਗਿਆ।"

“ਦੇਖਦੇ ਹੀ ਦੇਖਦੇ 30 ਤੋਂ 35 ਮੀਟਰ ਹਿੱਸੇ ਤੋਂ ਪਹਿਲਾਂ ਹਲਕਾ ਮਲਬਾ ਡਿੱਗਿਆ ਅਤੇ ਫਿਰ ਅਚਾਨਕ ਭਾਰੀ ਮਲਬਾ ਅਤੇ ਪੱਥਰ ਡਿੱਗਣੇ ਸ਼ੁਰੂ ਹੋ ਗਏ। ਇਸ ਕਾਰਨ ਸੁਰੰਗ ਦੇ ਅੰਦਰ ਕੰਮ ਕਰ ਰਹੇ ਕਰਮਚਾਰੀ ਅੰਦਰ ਹੀ ਫਸ ਗਏ, ਜਦਕਿ ਮਲਬੇ ਕਾਰਨ ਹੀ ਸੁਰੰਗ ਦੀ ਆਕਸੀਜਨ ਸਪਲਾਈ ਬੰਦ ਹੋ ਗਈ।''

ਸੀਓ ਉੱਤਰਕਾਸ਼ੀ ਪ੍ਰਸ਼ਾਂਤ ਕੁਮਾਰ

ਪੁਲਿਸ ਸੁਪਰੀਟੈਂਡੈਂਟ ਨੇ ਦੱਸਿਆ ਕਿ ਸੁਰੰਗ ਵਿੱਚ ਫਸੇ ਲੋਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਾਹਰ ਕੱਢਣਾ ਸਾਡੀ ਤਰਜੀਹ ਹੈ।

ਇਸ ਦੇ ਲਈ ਪੁਲਿਸ ਬਲ ਅਤੇ ਰਾਹਤ ਤੇ ਬਚਾਅ ਦਲ ਦੀਆਂ ਟੀਮਾਂ 24 ਘੰਟੇ ਮੌਕੇ 'ਤੇ ਬਚਾਅ ਕਾਰਜ 'ਚ ਜੁਟੀਆਂ ਰਹਿਣਗੀਆਂ।

ਉੱਤਰਕਾਸ਼ੀ ਪੁਲਿਸ ਨੇ ਬਚਾਅ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਹੈਲਪਲਾਈਨ ਨੰਬਰ +917455991223 ਵੀ ਜਾਰੀ ਕੀਤਾ ਹੈ।

ਉੱਤਰਾਖੰਡ 'ਚ ਸੁਰੰਗ ਧੱਸੀ

ਤਸਵੀਰ ਸਰੋਤ, ASIFZAIDI/BBC

ਕਿਵੇਂ ਹੋਇਆ ਹਾਦਸਾ?

ਏਡੀਜੀ, ਲਾਅ ਐਂਡ ਆਰਡਰ ਏਪੀ ਅੰਸ਼ੁਮਨ ਨੇ ਦੱਸਿਆ ਕਿ ਹਾਦਸਾ ਐਤਵਾਰ ਸਵੇਰੇ 5 ਵਜੇ ਹੋਇਆ। ਸਿਲਕਆਰਾ ਵੱਲ ਸੁਰੰਗ ਤੋਂ 200 ਮੀਟਰ ਦੀ ਦੂਰੀ 'ਤੇ ਜ਼ਮੀਨ ਖਿਸਕ ਗਈ, ਜਦਕਿ ਕੰਮ ਕਰ ਰਹੇ ਕਰਮਚਾਰੀ ਵਾਹਨ ਗੇਟ ਦੇ 2800 ਮੀਟਰ ਅੰਦਰ ਹਨ।

ਕੁਝ ਮੀਡੀਆ ਰਿਪੋਰਟਾਂ ਅਨੁਸਾਰ, ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਕਿਹਾ ਕਿ ਫਸੇ ਹੋਏ ਲੋਕਾਂ ਦੇ ਸਾਹਮਣੇ 400 ਮੀਟਰ ਤੱਕ ਖਾਲੀ ਥਾਂ ਹੈ। ਇਸ ਲਈ ਉਹ ਇਸ ਵਿੱਚ ਚੱਲ-ਫਿਰ ਸਕਦੇ ਹਨ। ਉਨ੍ਹਾਂ ਕੋਲ ਦਸ ਘੰਟੇ ਲਈ ਲੋੜੀਂਦੀ ਆਕਸੀਜਨ ਹੈ।

ਸੁਰੰਗ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ 13 ਮੀਟਰ ਚੌੜੇ ਰਸਤੇ ਵਿੱਚ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਚਲਾਈਆਂ ਜਾ ਰਹੀਆਂ ਹਨ।

ਉੱਤਰਾਖੰਡ 'ਚ ਸੁਰੰਗ ਧੱਸੀ

ਤਸਵੀਰ ਸਰੋਤ, Pushkar Singh Dhami/X

ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਕਾਸ਼ੀ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੋਂ ਘਟਨਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਸੀਐਮ ਧਾਮੀ ਨੇ ਕਿਹਾ ਕਿ ਉਹ ਘਟਨਾ ਤੋਂ ਬਾਅਦ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।

ਉਨ੍ਹਾਂ ਕਿਹਾ, “ਮੈਂ ਲਗਾਤਾਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਹਾਦਸੇ ਦੀ ਪੂਰੀ ਜਾਣਕਾਰੀ ਹੈ। ਐਸਡੀਆਰਐਫ ਅਤੇ ਐਨਡੀਆਰਐਫ ਮੌਕੇ 'ਤੇ ਮੌਜੂਦ ਹਨ। ਸਾਰਿਆਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕੀਤੀ ਜਾ ਰਹੀ ਹੈ।

ਉੱਤਰਾਖੰਡ ਵਿੱਚ ਆਲ ਵੇਦਰ ਰੋਡ ਪ੍ਰੋਜੈਕਟ ਦੇ ਤਹਿਤ ਉੱਤਰਕਾਸ਼ੀ ਵਿੱਚ ਨਵਯੁਗ ਇੰਜੀਨੀਅਰਿੰਗ ਕੰਪਨੀ ਇੱਕ ਸੁਰੰਗ ਬਣਾ ਰਹੀ ਹੈ।

ਇਹ ਸੁਰੰਗ ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਦੀ ਨਿਗਰਾਨੀ ਹੇਠ ਬਣਾਈ ਜਾ ਰਹੀ ਹੈ। ਅਗਲੇ ਸਾਲ ਫਰਵਰੀ ਤੱਕ ਇਸ ਸੁਰੰਗ ਦੇ ਤਿਆਰ ਹੋਣ ਦੀ ਉਮੀਦ ਹੈ।