ਤਿੰਨ ਵਾਰ ਜਹਾਜ਼ ਹਾਦਸਿਆਂ ’ਚ ਡੁੱਬਣੋ ਬਚੀ 20ਵੀਂ ਸਦੀ ਦੀ ਉਹ ਔਰਤ, ਜਿਸਨੂੰ ‘ਡੁੱਬਦੇ ਜਹਾਜ਼ਾਂ ਦੀ ਰਾਣੀ’ ਕਿਹਾ ਜਾਂਦਾ ਸੀ

 ਵਾਇਲੇਟ
ਤਸਵੀਰ ਕੈਪਸ਼ਨ, ਵਾਇਲੇਟ ਸਮੁੰਦਰੀ ਹਾਦਸਿਆਂ ਨਾਲ ਨਜਿੱਠਣ ਤੋਂ ਬਾਅਦ ਹੀ ਨਰਸ ਬਣੇ ਸਨ
    • ਲੇਖਕ, ਅਨਘਾ ਪਾਠਕ
    • ਰੋਲ, ਬੀਬੀਸੀ ਪੱਤਰਕਾਰ

ਟਾਇਟੈਨਿਕ ਡੁੱਬ ਰਿਹਾ ਸੀ। ਸਭ ਤੋਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਬਚਾਉਣ ਲਈ ਲਾਈਫ ਬੋਟਸ ’ਚ ਬਿਠਾਇਆ ਜਾਣ ਲੱਗਿਆ ਸੀ।

ਅਜਿਹੀ ਹੀ ਇੱਕ ਕਿਸ਼ਤੀ ’ਚ ਇੱਕ ਛੋਟਾ ਜਿਹਾ ਬੱਚਾ, ਅੱਲੜ੍ਹ ਉਮਰ ਦਾ ਮੁੰਡਾ ਅਤੇ ਇੱਕ ਔਰਤ ਬੈਠੇ ਹੋਏ ਸਨ।

ਕਿਸ਼ਤੀ ਨੂੰ ਪਾਣੀ ’ਚ ਉਤਾਰਨ ਤੋਂ ਪਹਿਲਾਂ, ਕਿਸ਼ਤੀ ’ਚ ਸਵਾਰ ਅਫ਼ਸਰ ਨੇ ਆਵਾਜ਼ ਲਗਾਈ, “ਕੀ ਜਹਾਜ਼ ਦੇ ਉੱਪਰ ਵਾਲੇ ਹਿੱਸੇ ’ਚ ਕੋਈ ਔਰਤ ਰਹਿ ਗਈ ਹੈ?”

ਕੋਈ ਵੀ ਸਾਹਮਣੇ ਨਹੀਂ ਆਇਆ।

ਇੱਕ ਹੋਰ ਅਧਿਕਾਰੀ ਨੇ ਮੁੜ ਪੁੱਛਿਆ, “ਕੀ ਕੋਈ ਔਰਤ ਰਹਿ ਗਈ ਹੈ?”

ਫਿਰ ਇੱਕ ਔਰਤ ਸਾਹਮਣੇ ਆਈ ਅਤੇ ਕਹਿਣ ਲੱਗੀ ਕਿ “ਮੈਂ ਇਸ ਜਹਾਜ਼ ਦੀ ਮੁਸਾਫਰ ਤਾਂ ਨਹੀਂ ਹਾਂ ਪਰ ਮੈਂ ਇੱਥੇ ਕੰਮ ਕਰਦੀ ਹਾਂ।”

ਅਧਿਕਾਰੀ ਨੇ ਇੱਕ ਪਲ ਲਈ ਉਸ ਵੱਲ ਵੇਖਿਆ ਅਤੇ ਕਿਹਾ, “ਕੋਈ ਗੱਲ ਨਹੀਂ। ਤੁਸੀਂ ਇੱਕ ਔਰਤ ਹੋ ਅਤੇ ਕਿਸ਼ਤੀ ’ਚ ਤੁਹਾਡੇ ਲਈ ਥਾਂ ਹੈ।”

ਉਸ ਔਰਤ ਦਾ ਨਾਮ ਵਾਇਲੇਟ ਸੀ, ਜਿਸ ਦੀ ਕਿਸਮਤ ਆਖਰੀ ਪਲਾਂ ’ਚ ਬਦਲ ਗਈ। ਉਸ ਨੂੰ ਲਾਈਫ ਬੋਟ ’ਚ ਜਗ੍ਹਾ ਮਿਲ ਗਈ ਅਤੇ ਇਸ ਕਰਕੇ ਉਸਦੀ ਜਾਨ ਬਚ ਗਈ।

ਟਾਇਟੈਨਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਇਟੈਨਿਕ

ਪਰ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਉਹ ਕਿਸੇ ਸਮੁੰਦਰੀ ਜਹਾਜ਼ ਹਾਦਸੇ ’ਚ ਜ਼ਿੰਦਾ ਬਚੀ ਹੋਵੇ ਅਤੇ ਨਾ ਹੀ ਉਸ ਨਾਲ ਅਜਿਹਾ ਆਖਰੀ ਵਾਰ ਹੋ ਰਿਹਾ ਸੀ।

ਟਾਇਟੈਨਿਕ ਅਪ੍ਰੈਲ 1912 ’ਚ ਡੁੱਬਿਆ ਸੀ। ਇਸ ਘਟਨਾ ਦਾ ਵਰਣਨ ਟਾਇਟੈਨਿਕ ਜਹਾਜ਼ ਹਾਦਸੇ ਤੋਂ ਇੱਕ ਸਾਲ ਬਾਅਦ ਛਪੀ ਕਿਤਾਬ ‘ਦ ਟਰੂਥ ਅਬਾਊਟ ਟਾਇਟੈਨਿਕ’ ਵਿੱਚ ਕੀਤਾ ਗਿਆ ਹੈ।

ਕੁਝ ਥਾਵਾਂ ’ਤੇ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਹੈ ਕਿ ਟਾਇਟੈਨਿਕ ’ਤੇ ਸਿਆਹਫਾਮ ਲੋਕਾਂ ਨੇ ਜਹਾਜ਼ ਦੇ ਅਫ਼ਸਰਾਂ ਨੂੰ ਕਿਹਾ ਸੀ ਕਿ ਉਹ ਨਰਸ ਵਾਇਲੇਟ ਨੂੰ ਲਾਈਫ ਬੋਟ ’ਚ ਬਿਠਾਉਣ।

ਵਾਇਲੇਟ ਨੂੰ ਇਤਿਹਾਸ ’ਚ ‘ਮਿਸ ਇਨਸਿੰਕੇਬਲ’ ਯਾਨੀ ‘ਜੋ ਡੁੱਬ ਨਾ ਸਕੇ’ ਵਜੋਂ ਜਾਣਿਆਂ ਜਾਂਦਾ ਹੈ। ਇਸ ਤਰ੍ਹਾਂ ਉਹ ‘ਕਵੀਨ ਆਫ਼ ਸਿੰਕਿੰਗ ਸ਼ਿਪ’ ਭਾਵ ‘ਡੁੱਬਦੇ ਹੋਏ ਜਹਾਜ਼ਾਂ ਦੀ ਰਾਣੀ’ ਦੇ ਨਾਮ ਨਾਲ ਵੀ ਮਸ਼ਹੂਰ ਹਨ।

ਵਾਇਲੇਟ ਇੱਕ ਨਰਸ ਸਨ ਅਤੇ ਉਹ ਉਸ ਸਮੇਂ ਦੇ ਵਿਲੱਖਣ ਅਤੇ ਸਭ ਤੋਂ ਵੱਡੇ ਜਹਾਜ਼ ’ਚ ਸਫ਼ਰ ਕਰ ਰਹੇ ਸਨ।

ਉਹ ਸ਼ਾਨਦਾਰ ਜਹਾਜ਼ ਤਾਂ ਡੁੱਬ ਗਿਆ ਪਰ ਵਾਇਲੇਟ ਨੂੰ ਕੁਝ ਨਹੀਂ ਹੋਇਆ। ਇਹ ਵਾਇਲੇਟ ਜੋਸੇਫ਼ ਦੀ ਕਹਾਣੀ ਹੈ।

ਇਹ ਵੀ ਪੜ੍ਹੋ-
ਜ਼ਹਾਜ

ਤਸਵੀਰ ਸਰੋਤ, Getty Images

ਵਾਇਲੇਟ ਜੋਸੇਫ਼ ਕੌਣ ਸਨ?

ਵਾਇਲੇਟ ਦੀ ਜੀਵਨੀ 1998 ’ਚ ਪ੍ਰਕਾਸ਼ਿਤ ਹੋਈ ਸੀ, ਜਿਸ ਨੂੰ ਜੌਨ ਮੈਕਿਸਟਨ ਗ੍ਰਾਹਮ ਨੇ ਲਿਖਿਆ ਸੀ।

ਇਸ ਤੋਂ ਬਾਅਦ ਹੀ ਦੁਨੀਆਂ ਨੂੰ ਪਤਾ ਲੱਗਿਆ ਕਿ ਵਾਇਲੇਟ ਨਾ ਸਿਰਫ਼ ਟਾਇਟੈਨਿਕ ਬਲਕਿ ਤਿੰਨ ਵੱਡੇ ਸਮੁੰਦਰੀ ਜਹਾਜ਼ ਹਾਦਸਿਆਂ ਤੋਂ ਸੁਰੱਖਿਅਤ ਬਚਕੇ ਨਿਕਲੇ ਸਨ।

ਵਾਇਲੇਟ ਦਾ ਇੱਕ ਆਮ ਆਇਰਿਸ਼ ਪਰਿਵਾਰ ’ਚ ਜਨਮ ਹੋਇਆ ਸੀ, ਜੋ ਕਿ ਅਰਜਨਟੀਨਾ ’ਚ ਵਸ ਗਿਆ ਸੀ।

ਪਰਿਵਾਰ ’ਚ ਸਭ ਤੋਂ ਵੱਡੀ ਧੀ ਹੋਣ ਦੇ ਨਾਤੇ ਵਾਇਲੇਟ ’ਤੇ ਜਲਦੀ ਹੀ ਆਪਣੇ 6 ਭੈਣ-ਭਰਾਵਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾ ਭਾਰ ਆ ਗਿਆ ਸੀ।

ਵਾਇਲੇਟ ਨੇ ਛੋਟੀ ਉਮਰੇ ਹੀ ਆਪਣੇ ਪਿਤਾ ਦੀ ਮੌਤ ਦਾ ਦੁੱਖ ਝੱਲਿਆ ਸੀ।

ਉਸ ਸਮੇਂ ਵਾਇਲੇਟ ਦੀ ਮਾਂ ਇੱਕ ਜਹਾਜ਼ ’ਚ ਬਤੌਰ ਨਰਸ ਸੇਵਾਵਾਂ ਨਿਭਾ ਰਹੇ ਸਨ, ਪਰ ਕੁਝ ਸਮੇਂ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਵਾਇਲੇਟ ਨੇ 21 ਸਾਲ ਦੀ ਉਮਰ ’ਚ ਇੱਕ ਜਹਾਜ਼ ’ਚ ਕੰਮ ਕਰਨਾ ਸ਼ੁਰੂ ਕੀਤਾ।

ਇਸ ਨੌਕਰੀ ’ਚ ਵਾਇਲੇਟ ਦੀ ਜ਼ਿੰਮੇਵਾਰੀ ਸੀ ਕਿ ਉਹ ਜਹਾਜ਼ ’ਚ ਸਫ਼ਰ ਕਰ ਰਹੇ ਪੈਸੇ ਵਾਲੇ ਯਾਤਰੀਆਂ ਦੇ ਲਈ ਖਾਣ-ਪੀਣ ਅਤੇ ਮਨੋਰੰਜਨ ਦਾ ਬੰਦੋਬਸਤ ਕਰੇ ਅਤੇ ਉਨ੍ਹਾਂ ਦੇ ਕਮਰਿਆਂ ਦੀ ਸਫ਼ਾਈ ਦਾ ਧਿਆਨ ਰੱਖੇ।

ਜਦੋਂ ਟਾਇਟੈਨਿਕ ਹਾਦਸਾ ਵਾਪਰਿਆ ਉਸ ਸਮੇਂ ਵਾਇਲੇਟ ਸਿਰਫ਼ 25 ਸਾਲ ਦੀ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕੁੱਲ 40 ਸਾਲ ਤੱਕ ਸਮੁੰਦਰੀ ਜਹਾਜ਼ਾਂ ’ਤੇ ਕੰਮ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਜਹਾਜ਼

ਤਸਵੀਰ ਸਰੋਤ, Getty Images

ਉਹ ਰਾਤ ਜਦੋਂ ਟਾਇਟੈਨਿਕ ਡੁੱਬਿਆ

ਅੱਜ ਤੋਂ ਲਗਭਗ 111 ਸਾਲ ਪਹਿਲਾਂ ਇੱਕ ਹਨੇਰੀ ਰਾਤ ’ਚ ਟਾਇਟੈਨਿਕ ਇੱਕ ਆਈਸਬਰਗ ਨਾਲ ਜਾ ਟਕਰਾਇਆ। ਉਸ ਸਮੇਂ ਜਹਾਜ਼ ’ਚ ਮੌਜੂਦ ਜ਼ਿਆਦਾਤਰ ਯਾਤਰੀ ਡੂੰਗੀ ਨੀਂਦ ’ਚ ਸਨ।

ਹਾਦਸੇ ਦੇ ਸਮੇਂ ਟਾਇਟੈਨਿਕ 41 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਇੰਗਲੈਂਡ ਦੇ ਸਾਊਥੈਂਪਟਨ ਤੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵੱਲ ਜਾ ਰਿਹਾ ਸੀ ਅਤੇ ਸਿਰਫ਼ 3 ਘੰਟਿਆਂ ਦੇ ਅੰਦਰ 14 ਅਤੇ 15 ਅਪ੍ਰੈਲ, 1912 ਦੀ ਅੱਧੀ ਰਾਤ ਨੂੰ ਟਾਇਟੈਨਿਕ ਐਟਲਾਂਟਿਕ ਮਹਾਸਾਗਰ ’ਚ ਡੁੱਬ ਗਿਆ ਸੀ ।

ਉਹ ਜਹਾਜ਼ ਜਿਸ ਲਈ ਧਾਰਨਾ ਸੀ ਕਿ ਉਹ ਕਦੇ ਵੀ ਨਹੀਂ ਡੁੱਬ ਸਕਦਾ ਹੈ, ਉਹ ਸਿਰਫ਼ ਕੁਝ ਹੀ ਘੰਟਿਆਂ ’ਚ ਸਮੁੰਦਰ ’ਚ ਡੁੱਬ ਗਿਆ, ਸਗੋਂ ਇਸ ਹਾਦਸੇ ’ਚ ਲਗਭਗ ਡੇਢ ਹਜ਼ਾਰ ਲੋਕ ਵੀ ਡੁੱਬ ਕੇ ਮਰ ਗਏ ਸਨ।

ਅੱਜ ਵੀ ਇਸ ਹਾਦਸੇ ਨੂੰ ਸਮੁੰਦਰੀ ਹਾਦਸਿਆਂ ਦੇ ਇਤਿਹਾਸ ’ਚ ਸਭ ਤੋਂ ਵੱਡਾ ਹਾਦਸਾ ਮੰਨਿਆ ਜਾਂਦਾ ਹੈ।

ਟਾਇਟੈਨਿਕ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਸਨ। ਇਸ ਹਾਦਸੇ ’ਚ ਇੰਨੇ ਲੋਕਾਂ ਦੀ ਮੌਤ ਦਾ ਇੱਕ ਕਾਰਨ ਇਹ ਵੀ ਸੀ ਕਿ ਜਹਾਜ਼ ’ਚ ਲਾਈਫ ਬੋਟਸ ਦੀ ਕਮੀ ਸੀ।

ਟਾਇਟੈਨਿਕ

ਤਸਵੀਰ ਸਰੋਤ, Getty Images

ਹਾਦਸੇ ਵਾਲੀ ਰਾਤ ਦਾ ਵਿਸਥਾਰ ਨਾਲ ਵਰਣਨ ‘ਟਾਇਟੈਨਿਕ ਸਰਵਾਈਵਰਜ਼: ਨਿਊਲੀ ਡਿਸਕਵਰਡ ਮੈਮੋਰੀਜ਼ ਆਫ਼ ਵਾਇਲੇਟ ਜੋਸੇਫ਼’ ’ਚ ਦਰਜ ਹੈ।

ਇਸ ’ਚ ਵਾਇਲੇਟ ਦੱਸਦੇ ਹਨ, “ ਇੱਕ ਪਲ ਲਈ ਚਾਰੇ ਪਾਸੇ ਸੁੰਨ ਛਾ ਗਈ ਸੀ। ਚਾਰੇ ਪਾਸੇ ਕਾਲਾ ਹਨੇਰਾ ਸੀ ਅਤੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ। ਮੈਂ ਇਸ ਨੂੰ ਕਦੇ ਵੀ ਨਹੀਂ ਭੁੱਲਾਂਗੀ। ਸਾਡਾ ਜਹਾਜ਼ ਬਰਫੀਲੇ ਸਮੁੰਦਰ ’ਚ ਡੁੱਬ ਰਿਹਾ ਸੀ।”

“ਇੱਕ ਅਫ਼ਸਰ ਨੇ ਮੈਨੂੰ ਇੱਕ ਬੱਚਾ ਫ਼ੜਾਇਆ ਅਤੇ ਮੈਨੂੰ ਲਾਈਫ ਬੋਟ ’ਚ ਸਵਾਰ ਹੋਣ ਲਈ ਕਿਹਾ। ਉਸ ਸਮੇਂ ਮੈਂ ਸਿਆਹਫਾਮ ਸੈਲਾਨੀਆਂ ਨੂੰ ਸਮਝਾ ਰਹੀ ਸੀ ਕਿ ਕਿਵੇਂ ਲਾਈਫ ਜੈਕਟਾਂ ਪਹਿਨਣੀਆਂ ਹਨ ਅਤੇ ਲਾਈਫ ਬੋਟ ’ਚ ਕਿਵੇਂ ਚੜ੍ਹਨਾ ਹੈ। ਮੈਂ ਉਸ ਬੱਚੇ ਨਾਲ ਲਾਈਫ਼ ਬੋਟ ’ਚ ਸਵਾਰ ਹੋਈ ਜੋ ਕਿ ਮੈਨੂੰ ਸੌਂਪਿਆ ਗਿਆ ਸੀ।”

“ਜਹਾਜ਼ ’ਚ ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਸੀ। ਇਸ ਲਈ ਬੱਚੇ ਦੀ ਮਾਂ ਦਾ ਪਤਾ ਨਹੀਂ ਲੱਗ ਰਿਹਾ ਸੀ।”

ਵਾਇਲੇਟ ਨੇ ਲਿਖਿਆ ਕਿ ਹਾਦਸੇ ਤੋਂ ਬਾਅਦ ਇੱਕ ਹੋਰ ਜਹਾਜ਼ ਨੇ ਲਾਈਫ ਬੋਟਸ ’ਚ ਸਵਾਰ ਕੁਝ ਲੋਕਾਂ ਨੂੰ ਬਚਾਇਆ ਅਤੇ ਸਾਨੂੰ ਨਿਊਯਾਰਕ ਲੈ ਕੇ ਆਏ। ਉੱਥੇ ਇੱਕ ਔਰਤ ਨੇ ਮੇਰੇ ਹੱਥਾਂ ’ਚੋਂ ਬੱਚਾ ਖੋਹਿਆ ਅਤੇ ਬਿਨਾਂ ਕੁਝ ਕਹੇ ਰੋਂਦਿਆਂ ਉਹ ਉੱਥੋਂ ਭੱਜ ਗਈ।

ਜੇਕਰ ਅਜਿਹੀ ਘਟਨਾ ਕਿਸੇ ਹੋਰ ਨਾਲ ਵਾਪਰੀ ਹੁੰਦੀ ਤਾਂ ਸ਼ਾਇਦ ਉਹ ਜਹਾਜ਼ ਦਾ ਸਫ਼ਰ ਕਰਨਾ ਹੀ ਛੱਡ ਦਿੰਦਾ, ਪਰ ਵਾਇਲੇਟ ਨੇ ਅਜਿਹਾ ਨਾ ਕੀਤਾ।

ਟਾਇਟੈਨਿਕ ਦੇ ਡੁੱਬਣ ਤੋਂ ਇੱਕ ਸਾਲ ਪਹਿਲਾਂ ਵਾਇਲੇਟ ਇੱਕ ਹੋਰ ਜਹਾਜ਼ ਦੀ ਤਬਾਹੀ ਦੌਰਾਨ ਉਸ ’ਤੇ ਮੌਜੂਦ ਸੀ।

BBC

‘ਡੁੱਬਦੇ ਜਹਾਜ਼ਾਂ ਦੀ ਰਾਣੀ’ – ਵਾਇਲੇਟ

  • ਜਦ ਟਾਇਟੈਨਿਕ ਹਾਦਸਾ ਗ੍ਰਸਤ ਹੋਇਆ ਤਾਂ ਵਾਇਲੇਟ ਉਸ ਵਿੱਚ ਸੀ ਪਰ ਇਹ ਕਿਸਮਤ ਹੀ ਸੀ ਕਿ ਉਹ ਬਚ ਕੇ ਨਿਕਲੀ
  • ਟਾਇਟੈਨਿਕ ਦੀ ਤਬਾਹੀ ਤੋਂ ਬਾਅਦ ਵਾਇਲੇਟ ਨੇ ਆਪਣੇ ਜੀਵਨ ਕਾਲ ’ਚ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਨਰਸਿੰਗ ਦੀ ਸਿਖਲਾਈ ਹਾਸਲ ਕੀਤੀ।
  • 1916 ’ਚ ਟਾਈਟੈਨਿਕ ਦੇ ਡੁੱਬਣ ਤੋਂ ਚਾਰ ਸਾਲ ਬਾਅਦ, ਵਾਇਲੇਟ ਨੇ ਬ੍ਰਿਟੇਨ ਦੀ ਰੈੱਡ ਕਰਾਸ ਸੋਸਾਇਟੀ ਦੇ ਲਈ ਬਤੌਰ ਨਰਸ ਕੰਮ ਕਰਨਾ ਸ਼ੁਰੂ ਕੀਤਾ ਸੀ ।
  • ਜੰਗ ਦੇ ਕਾਰਨ ਸਮੁੰਦਰ ’ਚ ਕਈ ਥਾਵਾਂ ’ਤੇ ਸੁਰੰਗਾਂ ਵਿਛਾ ਦਿੱਤੀਆਂ ਗਈਆਂ ਸਨ। ਬ੍ਰਿਟੈਨਿਕ ਅਜਿਹੀ ਹੀ ਇੱਕ ਸੁਰੰਗ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ ਸੀ। ਵਾਇਲੇਟ ਦੇ ਲਈ ਇਹ ਅਨੁਭਵ ਹੋਰ ਵਧੇਰੇ ਭਿਆਨਕ ਸੀ।
  • ਬ੍ਰਿਟੈਨਿਕ ਸਿਰਫ਼ 55 ਮਿੰਟਾਂ ’ਚ ਡੁੱਬ ਗਿਆ ਸੀ।
  • ਵਾਇਲੇਟ ਵੀ ਲਾਈਫਬੋਟ ’ਚ ਸਨ ਅਤੇ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਸੀ ਪਰ ਉਨ੍ਹਾਂ ਨੇ ਸਥਿਤੀ ਦੀ ਨਜ਼ਾਕਤ ਸਮਝਦਿਆਂ ਲਾਈਫਬੋਟ ਤੋਂ ਛਾਲ ਮਾਰ ਦਿੱਤੀ।
  • ਵਾਇਲੇਟ 40 ਸਾਲ ਤੱਕ ਸਮੁੰਦਰੀ ਜਹਾਜ਼ ’ਚ ਸੇਵਾਵਾਂ ਨਿਭਾਉਣ ਤੋਂ ਬਾਅਦ 62 ਸਾਲ ਦੀ ਉਮਰ ’ਚ ਸੇਵਾਮੁਕਤ ਹੋਏ ਅਤੇ 1971 ’ਚ 83 ਸਾਲ ਦੀ ਉਮਰ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
BBC
ਟਾਇਟੈਨਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਇਟੈਨਿਕ ਬੇਲਫਾਸਟ ਦੇ ਹਾਰਲੈਂਡ ਐਂਡ ਵੁਲਫ ਸ਼ਿਪਯਾਰਡ ਵਿੱਚ ਬਣਾਇਆ ਗਿਆ ਸੀ।

ਓਲੰਪਿਕ ਦਾ ਹਾਦਸਾ

ਟਾਇਟੈਨਿਕ ਇੱਕਲਾ ਜਹਾਜ਼ ਨਹੀਂ ਸੀ। ਇਸ ਜਹਾਜ਼ ਨੂੰ ਚਲਾਉਣ ਵਾਲੀ ਵ੍ਹਾਈਟ ਸਟਾਰਲਾਈਨ ਕੰਪਨੀ ਨੇ ਬੇਲਫ਼ਾਸਟ ਸ਼ਹਿਰ ਦੇ ਹਾਰਲੈਂਡ ਅਤੇ ਵੋਲਫ਼ ਸ਼ਿਪਯਾਰਡ ਨੂੰ 20ਵੀਂ ਸਦੀ ਦੇ ਸ਼ੁਰੂ ’ਚ 3 ਜਹਾਜ਼ ਬਣਾਉਣ ਦਾ ਹੁਕਮ ਦਿੱਤਾ ਸੀ।

ਓਲੰਪਿਕ ਵੀ ਉਸੇ ਕੰਪਨੀ ਦਾ ਜਹਾਜ਼ ਸੀ। ਟਾਇਟੈਨਿਕ ਦੇ ਨਿਰਮਾਣ ਤੋਂ ਪਹਿਲਾਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਾਨਦਾਰ ਜਹਾਜ਼ ਸੀ।

ਇਹ ਜਹਾਜ਼ 30 ਸਤੰਬਰ, 1911 ਨੂੰ ਬ੍ਰਿਟੇਨ ਦੇ ਦੱਖਣੀ ਹੈਮਪਟਨ ਦੇ ਸਮੁੰਦਰੀ ਤੱਟ ਤੋਂ ਰਵਾਨਾ ਹੋਇਆ ਸੀ ਅਤੇ ਥੋੜ੍ਹੀ ਦੇਰ ਬਾਅਦ ਬ੍ਰਿਟੇਨ ਦੇ ਲੜਾਕੂ ਜਹਾਜ਼ ਐਚਐਮਐਸ ਹੌਕ ਨਾਲ ਟਕਰਾ ਗਿਆ ਸੀ।

ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਜਹਾਜ਼ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ ਅਤੇ ਕਿਸੇ ਤਰ੍ਹਾਂ ਡੁੱਬਣੋਂ ਬਚ ਗਿਆ ਸੀ।

ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਸਮੁੰਦਰ ਕਿਨਾਰੇ ਲਿਆਂਦਾ ਗਿਆ ਸੀ ਕਿਉਂਕਿ ਕਿਨਾਰਾ ਉੱਥੋਂ ਦੂਰ ਨਹੀਂ ਸੀ।

ਜਹਾਜ਼ ਨੂੰ ਕੁਝ ਦਿਨਾਂ ਦੀ ਮੁਰੰਮਤ ਤੋਂ ਬਾਅਦ ਮੁੜ ਲਾਂਚ ਕੀਤਾ ਗਿਆ।

ਵਾਇਲੇਟ ਨੇ 8 ਮਹੀਨਿਆਂ ਤੱਕ ਓਲੰਪਿਕ ’ਤੇ ਕੰਮ ਕੀਤਾ ਅਤੇ ਫਿਰ ਉਨ੍ਹਾਂ ਨੂੰ ਟਾਇਟੈਨਿਕ ’ਤੇ ਭੇਜ ਦਿੱਤਾ ਗਿਆ ।

ਟਾਇਟੈਨਿਕ ਦੀ ਤਬਾਹੀ ਤੋਂ ਬਾਅਦ ਵਾਇਲੇਟ ਨੇ ਆਪਣੇ ਜੀਵਨ ਕਾਲ ’ਚ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਨਰਸਿੰਗ ਦੀ ਸਿਖਲਾਈ ਹਾਸਲ ਕੀਤੀ।

1916 ’ਚ ਟਾਇਟੈਨਿਕ ਦੇ ਡੁੱਬਣ ਤੋਂ ਚਾਰ ਸਾਲ ਬਾਅਦ, ਵਾਇਲੇਟ ਨੇ ਬ੍ਰਿਟੇਨ ਦੀ ਰੈੱਡ ਕਰਾਸ ਸੋਸਾਇਟੀ ਦੇ ਲਈ ਬਤੌਰ ਨਰਸ ਕੰਮ ਕਰਨਾ ਸ਼ੁਰੂ ਕੀਤਾ ਸੀ ।

ਉਸ ਸਮੇਂ ਪਹਿਲਾ ਵਿਸ਼ਵ ਯੁੱਧ ਪੂਰੇ ਜ਼ੋਰਾਂ ’ਤੇ ਸੀ।

ਬਹੁਤ ਸਾਰੇ ਯਾਤਰੀ ਜਹਾਜ਼ਾਂ ਨੂੰ ਫ਼ੌਜੀਆਂ ਨੂੰ ਲਿਆਉਣ ਲੈ ਜਾਣ ਅਤੇ ਨਾਲ ਹੀ ਜ਼ਖਮੀ ਫ਼ੌਜੀਆਂ ਦੇ ਇਲਾਜ ਲਈ ਮੋਬਾਈਲ ਹਸਪਤਾਲ ਵੱਜੋਂ ਵਰਤਿਆ ਜਾ ਰਿਹਾ ਸੀ।

ਵ੍ਹਾਈਟ ਸਟਾਰ ਕੰਪਨੀ ਦੇ ਬ੍ਰਿਟੈਨਿਕ ਜਹਾਜ਼ ਨੂੰ ਵੀ ਮੋਬਾਈਲ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ ਸੀ।

ਜੰਗ ਦੇ ਕਾਰਨ ਸਮੁੰਦਰ ’ਚ ਕਈ ਥਾਵਾਂ ’ਤੇ ਸੁਰੰਗਾਂ ਵਿਛਾ ਦਿੱਤੀਆਂ ਗਈਆਂ ਸਨ। ਬ੍ਰਿਟੈਨਿਕ ਅਜਿਹੀ ਹੀ ਇੱਕ ਸੁਰੰਗ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ ਸੀ। ਵਾਇਲੇਟ ਦੇ ਲਈ ਇਹ ਅਨੁਭਵ ਹੋਰ ਵਧੇਰੇ ਭਿਆਨਕ ਸੀ।

ਵਾਇਲੇਟ ਨੇ ਆਪਣੇ ਅਨੁਭਵ ਨੂੰ ਇਸ ਤਰ੍ਹਾਂ ਦੱਸਿਆ, “ ਅਜਿਹਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੈਨੂੰ ਖੱਢ ’ਚ ਸੁੱਟ ਦਿੱਤਾ ਹੋਵੇ। ਮੈਂ ਕੁਝ ਨਹੀਂ ਵੇਖ ਸਕਦੀ ਸੀ। ਮੈਂ ਕਿਸੇ ਤਰ੍ਹਾਂ ਪਾਣੀ ਦੇ ਉੱਪਰ ਆਈ ਅਤੇ ਮੈਂ ਸਾਹ ਲੈਣ ਦਾ ਯਤਨ ਕੀਤਾ। ਮੇਰੇ ਨੱਕ ਅਤੇ ਮੂੰਹ ’ਚੋਂ ਪਾਣੀ ਵਹਿ ਰਿਹਾ ਸੀ।”

ਇਸ ਜਹਾਜ਼ ’ਚ ਇੱਕ ਹਜ਼ਾਰ ਤੋਂ ਵੱਧ ਲੋਕ ਸਵਾਰ ਸਨ ਅਤੇ ਉਨ੍ਹਾਂ ’ਚੋਂ 32 ਦੀ ਮੌਤ ਹੋ ਗਈ ਸੀ।

ਟਾਇਟੈਨਿਕ ਦੇ ਹਾਦਸੇ ਤੋਂ ਬਾਅਦ ਇੱਕ ਨੀਤੀ ਬਣਾਈ ਗਈ ਸੀ ਕਿ ਹਰ ਜਹਾਜ਼ ’ਚ ਲੋੜੀਂਦੀ ਲਾਈਫ ਬੋਟ ਹੋਣੀਆਂ ਚਾਹੀਦੀਆਂ ਹਨ।

ਬ੍ਰਿਟੈਨਿਕ ’ਚ ਸਵਾਰ ਦੋ ਲਾਈਫ ਬੋਟਾਂ ਨੂੰ ਸਮੇਂ ਤੋਂ ਪਹਿਲਾਂ ਲਾਂਚ ਕਰ ਦਿੱਤਾ ਗਿਆ ਸੀ।

ਜਹਾਜ਼ ਨੂੰ ਚਲਾਉਣ ਵਾਲੇ ਪੱਖੇ (ਪ੍ਰੋਪੈਲਰ) ਪਾਣੀ ਅੰਦਰ ਨਾ ਰੁਕੇ। ਅਜਿਹੇ ’ਚ ਕਿਸ਼ਤੀ ’ਚ ਸਵਾਰ ਲੋਕ ਪ੍ਰੋਪੈਲਰ ਵੱਲ ਖਿੱਚਦੇ ਗਏ ਅਤੇ ਉਸ ਨਾਲ ਟਕਰਾ ਕੇ ਟੁੱਕੜੇ-ਟੁਕੱੜੇ ਹੋ ਗਏ।

ਬ੍ਰਿਟੈਨਿਕ ਦੀ ਲਾਈਫ ਬੋਟ ’ਚ ਤਿੰਨ ਲੋਕ ਸਵਾਰ ਸਨ। ਇਤਫ਼ਾਕ ਨਾਲ ਉਹ ਤਿੰਨੋਂ ਟਾਇਟੈਨਿਕ ’ਚ ਵੀ ਸਨ ਅਤੇ ਬਚ ਗਏ ਸਨ।

ਇਹ ਤਿੰਨੋਂ ਸਨ – ਵਾਇਲੇਟ, ਆਰਚੀ ਜੁਵਲ , ਜੌਨ ਪ੍ਰਿਸਟ।

ਆਪਣੀ ਭੈਣ ਨੂੰ ਲਿਖੇ ਇੱਕ ਪੱਤਰ ’ਚ ਆਰਚੀ ਜੁਵਲ ਨੇ ਉਸ ਪਲ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਜਦੋਂ ਲਾਈਫ ਬੋਟ ਪ੍ਰੋਪੈਲਰ ਵੱਲ ਖਿੱਚੀ ਜਾ ਰਹੀ ਸੀ।

“ਸਾਡੇ ’ਚੋਂ ਬਹੁਤ ਸਾਰੇ ਲੋਕਾਂ ਨੇ ਤਾਂ ਪਾਣੀ ’ਚ ਛਾਲ ਮਾਰ ਦਿੱਤੀ ਪਰ ਇਸ ਦਾ ਕੋਈ ਫਾਇਦਾ ਨਾ ਹੋਇਆ, ਕਿਉਂਕਿ ਪ੍ਰੋਪੈਲਰ ਇੰਨੇ ਸ਼ਕਤੀਸ਼ਾਲੀ ਸਨ ਕਿ ਉਹ ਪਾਣੀ ਦੀਆਂ ਸਾਰੀਆਂ ਲਹਿਰਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ।”

ਆਰਚੀ ਜੁਵਲ ਅੱਗੇ ਲਿਖਦੇ ਹਨ, “ ਮੈਂ ਅੱਖਾਂ ਬੰਦ ਕੀਤੀਆਂ ਅਤੇ ਦੁਨੀਆਂ ਨੂੰ ਅਲਵਿਦਾ ਕਿਹਾ, ਪਰ ਮੈਨੂੰ ਜਹਾਜ਼ ਦੇ ਮਲਬੇ ਨਾਲ ਝਟਕਾ ਲੱਗਿਆ। ਮੈਨੂੰ ਪਾਣੀ ’ਚ ਸੁੱਟ ਦਿੱਤਾ ਗਿਆ। ਮੈਂ ਪਾਣੀ ’ਚੋਂ ਬਾਹਰ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਹਾਜ਼ ਦੇ ਹੋਰ ਹਿੱਸੇ ਡਿੱਗ ਰਹੇ ਸਨ। ਇਸ ਨੂੰ ਪਰਾਂ ਕਰਨਾ ਸੰਭਵ ਨਹੀਂ ਸੀ।”

“ਹਨੇਰਾ ਹੋ ਰਿਹਾ ਸੀ। ਅਚਾਨਕ ਹੀ ਕਿਸੇ ਨੇ ਉੱਪਰੋਂ ਮਲਬੇ ਨੂੰ ਪਰਾਂ ਕੀਤਾ ਅਤੇ ਮੈਨੂੰ ਪਾਣੀ ਦੇ ਉੱਪਰ ਜਾਣ ਦਾ ਮੌਕਾ ਮਿਲ ਗਿਆ। ਪਰ ਹੇਠਾਂ ਕਿਸੇ ਨੇ ਮੇਰੀ ਲੱਤ ਫੜ੍ਹ ਲਈ। ਉਹ ਆਦਮੀ ਵੀ ਡੁੱਬ ਰਿਹਾ ਸੀ। ਮੈਨੂੰ ਆਪਣੀ ਲੱਤ ਨੂੰ ਝਟਕਾ ਦੇਣਾ ਪਿਆ ਅਤੇ ਉਹ ਆਦਮੀ ਡੁੱਬ ਗਿਆ।”

ਟਾਇਟੈਨਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਾਇਟੈਨਿਕ ਅੰਦਰ ਬਣਿਆਂ ਜਿੰਮ

ਬ੍ਰਿਟੈਨਿਕ ਮਹਿਜ਼ 55 ਮਿੰਟਾਂ ’ਚ ਡੁੱਬ ਗਿਆ ਸੀ। ਉਸ ਚਿੱਠੀ ਨੂੰ ਪੜ੍ਹ ਕੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਉਨ੍ਹਾਂ 55 ਮਿੰਟਾਂ ’ਚ ਕੀ ਵਾਪਰਿਆ ਹੋਵੇਗਾ।

ਵਾਇਲੇਟ ਵੀ ਲਾਈਫਬੋਟ ’ਚ ਸਨ ਅਤੇ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਸੀ ਪਰ ਉਨ੍ਹਾਂ ਨੇ ਸਥਿਤੀ ਦੀ ਨਜ਼ਾਕਤ ਸਮਝਦਿਆਂ ਲਾਈਫਬੋਟ ਤੋਂ ਛਾਲ ਮਾਰ ਦਿੱਤੀ।

ਇਸ ਕਰਕੇ ਹੀ ਉਹ ਜਹਾਜ਼ ਦੇ ਪ੍ਰੋਪੈਲਰਾਂ ’ਚ ਫਸਣ ਤੋਂ ਬਚ ਗਏ ਸਨ ਅਤੇ ਪਾਣੀ ਦੀ ਤੇਜ਼ ਧਾਰ ਕਰਕੇ ਹੇਠਾਂ ਡਿੱਗ ਗਏ। ਇਸ ਦੌਰਾਨ ਲੱਕੜੀ ਦੀ ਇੱਕ ਵੱਡੀ ਬੱਲੀ ਉਨ੍ਹਾਂ ਦੇ ਸਿਰ ’ਤੇ ਆ ਕੇ ਵੱਜੀ ਅਤੇ ਉਹ ਗੰਭੀਰ ਜ਼ਖਮੀ ਹੋ ਗਏ।

ਕਿਸਮਤ ਨੇ ਇੱਕ ਵਾਰ ਫਿਰ ਉਨ੍ਹਾਂ ਦਾ ਸਾਥ ਦਿੱਤਾ। ਵਾਇਲੇਟ ਨੂੰ ਇੱਕ ਹੋਰ ਲਾਈਫਬੋਟ ਨੇ ਪਾਣੀ ’ਚੋਂ ਕੱਢਿਆ ਅਤੇ ਉਹ ਜ਼ਿੰਦਾ ਬਚ ਗਏ।

ਤਿੰਨੋਂ ਹਾਦਸਿਆਂ ’ਚ ਵਾਇਲੇਟ ਨੂੰ ਮਹਿਸੂਸ ਹੋਇਆ ਕਿ ਜਿਵੇਂ ਇਹ ਉਨ੍ਹਾਂ ਦਾ ਆਖਰੀ ਸਮਾਂ ਸੀ, ਪਰ ਉਨ੍ਹਾਂ ਦੀ ਮੌਤ ਦਾ ਸਮਾਂ ਅਜੇ ਨਹੀਂ ਆਇਆ ਸੀ।

1920 ’ਚ ਉਨ੍ਹਾਂ ਨੇ ਮੁੜ ਵ੍ਹਾਈਟ ਸਟਾਰਲਾਈਨ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਜ਼ਿੰਦਗੀ ’ਚ ਇੰਨੀਆਂ ਖਤਰਨਾਕ ਘਟਨਾਵਾਂ ਦੇ ਬਾਵਜੂਦ ਉਨ੍ਹਾਂ ਨੇ ਸਮੁੰਦਰ ਦਾ ਸਾਥ ਕਦੇ ਨਹੀਂ ਛੱਡਿਆ।

ਵਾਇਲੇਟ 40 ਸਾਲ ਤੱਕ ਸਮੁੰਦਰੀ ਜਹਾਜ਼ ’ਚ ਸੇਵਾਵਾਂ ਨਿਭਾਉਣ ਤੋਂ ਬਾਅਦ 62 ਸਾਲ ਦੀ ਉਮਰ ’ਚ ਸੇਵਾਮੁਕਤ ਹੋਏ ਅਤੇ 1971 ’ਚ 83 ਸਾਲ ਦੀ ਉਮਰ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)