ਪਰਾਲੀ ਸਾੜ੍ਹਨ ਨੂੰ ਲੈ ਕੇ ਕੇਂਦਰ ਨੇ ਜੁਰਮਾਨਾ ਕੀਤਾ ਦੁਗਣਾ ਪਰ ਠੱਲ੍ਹ ਅਜੇ ਵੀ ਨਹੀਂ ਪੈ ਰਹੀ

ਤਸਵੀਰ ਸਰੋਤ, kulvir namol/bbc
- ਲੇਖਕ, ਕੁਲਵੀਰ ਨਮੋਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਵੈੱਬਸਾਈਟ ਮੁਤਾਬਕ 10 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਕਰੀਬ 6600 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 1272 ਮਾਮਲੇ ਸੰਗਰੂਰ ਜ਼ਿਲ੍ਹੇ ਵਿੱਚ ਵਾਪਰੇ ਹਨ।
ਇਸ ਦੇ ਨਾਲ ਹੀ ਸੰਗਰੂਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਪਰਾਲੀ ਨੂੰ ਅੱਗ ਲੱਗਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਬੇਸ਼ੱਕ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਧਣ ਕਾਰਨ 2500 ਰੁਪਏ ਪ੍ਰਤੀ ਏਕੜ ਕੀਤੇ ਗਏ ਜੁਰਮਾਨੇ ਨੂੰ ਹੁਣ ਦੋ ਗੁਣਾ ਕਰ ਦਿੱਤਾ ਗਿਆ ਹੈ।
ਪਰ ਫਿਰ ਵੀ ਪਰਾਲੀ ਸਾੜ੍ਹਨ ਦੇ ਮਾਮਲਿਆਂ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ ਹੈ।
ਪਰਾਲੀ ਦੀ ਅੱਗ ਬੁਝਾਉਣ ਗਏ ਅਧਿਕਾਰੀਆਂ ਨੂੰ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਘੇਰਾਓ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਕਿਸਾਨ ਆਪਣਾ ਤਰਕ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਝੋਨਾ ਕੱਟਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਉਨ੍ਹਾਂ ਕੋਲੇ ਕਾਫੀ ਥੋੜ੍ਹਾ ਸਮਾਂ ਬਚਦਾ ਹੈ ਜਿਸ ਕਾਰਨ ਮਜਬੂਰੀ ਵਸ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ।
ਪ੍ਰਸ਼ਾਸਨ ਤੋਂ ਬਚਣ ਲਈ ਇਸ ਸਮੇਂ ਸੰਗਰੂਰ ਵਿੱਚ ਕਿਸਾਨ ਸ਼ਾਮ ਵੇਲੇ ਜ਼ਿਆਦਾ ਅੱਗ ਲਗਾ ਰਹੇ ਹਨ।
ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੱਸਦੇ ਹਨ ਕਿ ਉਨ੍ਹਾਂ ਨੇ 150 ਦੇ ਕਰੀਬ ਕਿਸਾਨਾਂ ਦੇ ਉੱਪਰ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੀਆਂ ਜ਼ਮੀਨ ਫਰਦਾਂ ਉੱਪਰ ਰੈੱਡ ਐਂਟਰੀ ਵੀ ਕੀਤੀ ਗਈ।

ਸੰਗਰੂਰ ਵਿੱਚ ਕਿੰਨੀ ਕੁ ਪਰਾਲੀ ਪੈਦਾ ਹੁੰਦੀ ਹੈ
ਸੰਗਰੂਰ ਵਿੱਚ ਕਿੰਨੀ ਪਰਾਲੀ ਪੈਦਾ ਹੁੰਦੀ ਹੈ ਤੇ ਪ੍ਰਸ਼ਾਸਨ ਵੱਲੋਂ ਇਸਦੇ ਹੱਲ ਲਈ ਕੀ ਕੀਤਾ ਗਿਆ ਹੈ।
- ਸੰਗਰੂਰ ਦੇ ਵਿੱਚ 2,38,000 ਦੇ ਕਰੀਬ ਰਕਬਾ ਝੋਨੇ ਹੇਠ ਆਉਂਦਾ ਹੈ।
- ਝੋਨੇ ਦੀ ਕਟਾਈ ਤੋਂ ਬਾਅਦ 15 ਲੱਖ ਮਿਟ੍ਰਿਕ ਟਨ ਦੇ ਕਰੀਬ ਪਰਾਲੀ ਦਾ ਉਤਪਾਦਨ ਹੁੰਦਾ ਹੈ।
- 3 ਲੱਖ ਟਨ ਦੇ ਕਰੀਬ ਪਰਾਲੀ ਨੂੰ ਬੇਲਰਜ ਰਾਹੀਂ ਬੇਲਜ ਬਣਾ ਕੇ ਬਾਇਓ ਗੈਸ ਅਤੇ ਬਾਇਓ ਕੋਲ ਕੰਪਨੀਆਂ ਤੱਕ ਪਹੁੰਚਾਇਆ ਜਾਂਦਾ ਹੈ ।
- ਬਾਕੀ ਬਚਦੀ 12 ਲੱਖ ਮਿਟ੍ਰਿਕ ਟਨ ਪਰਾਲੀ ਨੂੰ ਖੇਤ ਦੀ ਮਿੱਟੀ ਦੇ ਵਿੱਚ ਹੀ ਮਿਕਸ ਕਰ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।

ਤਸਵੀਰ ਸਰੋਤ, kulvir namol/bbc
ਪ੍ਰਸ਼ਾਸਨ ਵੱਲੋਂ ਹੱਲ ਦੇ ਸਾਧਨ
ਸਰਇਸ ਦੇ ਲਈ ਸੰਗਰੂਰ ਪ੍ਰਸ਼ਾਸਨ ਵੱਲੋਂ ਇਨ ਸੀਟੂ ਅਤੇ ਐਕਸ ਸੀਟੂ ਮੈਨੇਜਮੈਂਟ ਦੇ ਤਹਿਤ ਕਿਸਾਨਾਂ ਨੂੰ ਸਬਸਿਡੀ ਦੇ ਉੱਪਰ ਸਾਧਨ ਮੁਹਈਆ ਕਰਵਾਏ ਗਏ ਹਨ।
1. ਐਕਸ ਸੀਟੂ ਮੈਨੇਜਮੈਂਟ ਦੇ ਤਹਿਤ ਪ੍ਰਸ਼ਾਸਨ ਵੱਲੋਂ ਬੇਲਜ ਬਣਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ ਜਿਸ ਰਾਹੀਂ ਪਰਾਲੀ ਨੂੰ ਖੇਤ ਚੋਂ ਚੱਕ ਕੇ ਫੈਕਟਰੀਆਂ ਤੱਕ ਪਹੁੰਚਾਇਆ ਜਾਂਦਾ ਹੈ
2. ਇਨ ਸੀਟੂ ਮੈਨੇਜਮੈਂਟ ਦੇ ਤਹਿਤ ਹੈਪੀ ਸੀਡਰ ਸੁਪਰ ਸੀਡਰ ਮਲਚਰ ਅਤੇ ਰੂਟਾਵੇਟਰ ਆਦਿ ਮਸ਼ੀਨਾਂ ਰਾਹੀਂ ਪਰਾਲੀ ਨੂੰ ਮਿੱਟੀ ਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ

ਤਸਵੀਰ ਸਰੋਤ, kulvir namol/bbc
ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਚਹਿਲ ਦਾ ਕਹਿਣਾ ਹੈ ਕਿ 2017 ਤੋਂ ਲੈ ਕੇ ਕਿਸਾਨਾਂ ਨੂੰ 11 ਹਜ਼ਾਰ ਦੇ ਕਰੀਬ ਸਬਸਿਡੀ ਦੇ ਤਹਿਤ ਪਰਾਲੀ ਦਾ ਨਿਪਟਾਰਾ ਕਰਨ ਵਾਲੇ ਸੰਦ ਮੁਹੱਈਆ ਕਰਵਾਏ ਗਏ ਹਨ।
ਸਾਲ 2024 ਦੇ ਵਿੱਚ ਕਿਸਾਨਾਂ ਨੂੰ 700 ਦੇ ਕਰੀਬ ਬੇਲਜ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਸੁਪਰ ਸੀਡਰ ਸਬਸਿਡੀ ਦੇ ਉੱਪਰ ਦਿੱਤੇ ਗਏ।
ਇਸ ਤੋਂ ਇਲਾਵਾ ਪਿਛਲੇ ਇੱਕ ਮਹੀਨੇ ਤੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਜਾਗਰੂਕ ਕੈਂਪ ਵੀ ਲਗਾਏ ਗਏ ਹਨ।

ਤਸਵੀਰ ਸਰੋਤ, kulvir namol/bbc
ਜ਼ਿਆਦਾਤਰ ਕਿਸਾਨ ਪ੍ਰਸ਼ਾਸਨ ਵੱਲੋਂ ਦਿੱਤੇ ਸੰਦਾਂ ਦੀ ਵਰਤੋਂ ਨਾਲ ਪਰਾਲੀ ਸਮੇਤ ਕਣਕ ਦੀ ਬਿਜਾਈ ਕਰ ਰਹੇ ਹਨ।
ਪਿੰਡ ਬੇਨੜਾ ਦੇ ਮੱਗਰ ਸਿੰਘ ਆਪਣੀ 19 ਏਕੜ ਜਮੀਨ ਦੇ ਵਿੱਚ ਪਿਛਲੇ 10 ਸਾਲਾਂ ਤੋਂ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਲਈ ਖੇਤੀਬਾੜੀ ਵਿਭਾਗ ਤੋਂ ਜਾਣਕਾਰੀ ਵੀ ਲਈ, ਤੇ ਖੇਤੀਬਾੜੀ ਮੇਲਿਆਂ ʼਤੇ ਵੀ ਗਏ।
ਹੈਪੀ ਸੀਡਰ ਦੇ ਨਾਲ ਪਰਾਲੀ ਦੀ ਮਲਚਿੰਗ ਕਰਕੇ ਜ਼ਮੀਨ ਹੇਠਾਂ ਕਣਕ ਬੀਜੀ ਜਾਂਦੀ ਹੈ ਤੇ ਪਰਾਲੀ ਜ਼ਮੀਨ ਦੇ ਉੱਪਰ ਪਈ ਰਹਿੰਦੀ ਹੈ ਜੋ ਕਿ ਲੰਬੇ ਸਮੇਂ ਦੇ ਵਿੱਚ ਖਾਦ ਦੇ ਰੂਪ ਦੇ ਵਿੱਚ ਬਦਲ ਜਾਂਦੀ ਹੈ।
ਮੱਘਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਣਕ ਦਾ ਝਾੜ ਕਾਫੀ ਨਿਕਲਦਾ ਹੈ ਅਤੇ ਉਹ ਦੂਸਰੇ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਬੀਜਣ ਦੀ ਸਲਾਹ ਦਿੰਦੇ ਹਨ।

ਤਸਵੀਰ ਸਰੋਤ, kulvir namol/bbc
ਪਰਾਲੀ ਨੂੰ ਮਿੱਟੀ ʼਚ ਮਿਲਾ ਕੇ ਕਣਕ ਬੀਜਣ ਵਾਲੇ ਕਿਸਾਨਾਂ ਦਾ ਕੀ ਕਹਿਣਾ ਹੈ?
ਇਸੇ ਤਰ੍ਹਾਂ ਪਿੰਡ ਦੇਹ ਕਲਾਂ ਦੇ ਪ੍ਰਦੀਪ ਸਿੰਘ ਆਪਣੀ 70 ਏਕੜ ਜ਼ਮੀਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਗਾਏ ਕਣਕ ਬੀਜ ਰਹੇ ਹਨ।
ਉਹ ਕਣਕ ਬੀਜਣ ਲਈ ਸੁਪਰ ਸੀਡਰ ਅਤੇ ਰੋਟਾਵੇਟਰ ਦਾ ਇਸਤੇਮਾਲ ਕਰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਪਰਾਲੀ ਸਮੇਤ ਕਣਕ ਬੀਜਣ ਵਿੱਚ ਖਰਚਾ ਜ਼ਿਆਦਾ ਆਉਂਦਾ ਹੈ ਪਰ ਅੱਗ ਲਗਾਉਣ ਨਾਲੋਂ ਚੰਗਾ ਹੈ ਕਿ ਇਸੇ ਤਰ੍ਹਾਂ ਬਿਜਾਈ ਕੀਤੀ ਜਾਵੇ।
ਪ੍ਰਦੀਪ ਸਿੰਘ ਦੱਸਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਕਣਕ ਬੀਜਣ ਦੇ ਨਾਲ ਉਨ੍ਹਾਂ ਦੇ ਖੇਤ ਦੇ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਘਟੀ ਹੈ।

ਤਸਵੀਰ ਸਰੋਤ, kulvir namol/bbc
ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਤਰਕ ਕੀ
ਸੰਗਰੂਰ ਦੇ ਪਿੰਡ ਕਿਲਾਂ ਭਰੀਆਂ ਦੇ ਕਿਸਾਨ ਸਤਨਾਮ ਸਿੰਘ ਪਰਾਲੀ ਦੇ ਫੂਸ ਨੂੰ ਅੱਗ ਲਗਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਰਾਲੀ ਦੇ ਫੂਸ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ, ਉਨ੍ਹਾਂ ਨੇ ਲੰਘੇ ਸਾਲ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਕਣਕ ਬੀਜੀ ਸੀ ਜਿਸ ਵਿੱਚ ਸੁੰਡੀ ਦੇ ਹਮਲੇ ਨਾਲ ਉਨ੍ਹਾਂ ਦੀ ਤੇ ਕਈ ਹੋਰ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ।
ਕਣਕ ਨੂੰ ਸੁੰਡੀ ਦੇ ਹਮਲੇ ਨਾਲ ਬਰਬਾਦ ਹੋਈ ਫ਼ਸਲ ਦਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਤੱਕ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਧਰਨੇ ਵੀ ਦਿੱਤੇ।
ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਇਸ ਵਿੱਚ ਸੁੰਡੀ ਪੈਦਾ ਹੁੰਦੀ ਹੈ, ਖੇਤੀਬਾੜੀ ਵਿਭਾਗ ਇਸ ਉਪਰ ਖ਼ਤਰਨਾਕ ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਨ ਦੀ ਸਿਫਾਰਿਸ਼ ਕਰਦੇ ਹਨ।
ਉਧਰ ਦੂਸਰੇ ਪਾਸੇ ਉਨ੍ਹਾਂ ਕੀਟਨਾਸ਼ਕ ਦਵਾਈ ਦੀ ਫ਼ਸਲ ਤੇ ਜ਼ਿਆਦਾ ਵਰਤੋਂ ਖ਼ਤਰਨਾਕ ਹੈ।
ਸਤਨਾਮ ਕਹਿੰਦੇ ਹਨ ਕਿ 5 ਏਕੜ ਤੱਕ ਦੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਕੋਲ ਪਰਾਲੀ ਦੇ ਪ੍ਰਬੰਧ ਲਈ ਕੋਈ ਸਥਾਈ ਹੱਲ ਨਹੀਂ ਹੈ, ਕੋਪਰੇਟਿਵ ਸੁਸਾਇਟੀਆਂ ਦੇ ਵਿੱਚ ਜੋ ਸੰਦ ਮੁਹੱਈਆ ਕਰਵਾਏ ਗਏ ਹਨ, ਉਹ ਕਿਸਾਨਾਂ ਨੂੰ ਵਾਰੀ ਦੇ ਮੁਤਾਬਕ ਮਿਲਦੇ ਹਨ ਪਰ ਕਿਸਾਨ ਕੋਲੇ ਕਣਕ ਬੀਜਣ ਲਈ ਸਮਾਂ ਘੱਟ ਹੋਣ ਕਰਕੇ 10 ਦਿਨ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ।

ਤਸਵੀਰ ਸਰੋਤ, kulvir namol/bbc
ਪ੍ਰਸਾਸ਼ਨ ਵੱਲੋਂ ਕੀ ਕਰਵਾਈ ਕੀਤੀ ਜਾ ਰਹੀ ਹੈ?
ਸੰਗਰੂਰ ਪ੍ਰਸ਼ਾਸਨ ਵੱਲੋਂ ਪਰਾਲੀ ਦੀਆਂ ਘਟਨਾਵਾਂ ʼਤੇ ਕਾਬੂ ਪਾਉਣ ਲਈ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਵਜੋਂ ਤੈਨਾਤ ਕੀਤਾ ਗਿਆ ਹੈ।
ਅਧਿਕਾਰੀਆਂ ਵੱਲੋਂ ਹੁਣ ਤੱਕ 150 ਘਟਨਾਵਾਂ ਨੂੰ ਸਹੀ ਪਾਇਆ ਗਿਆ ਤੇ ਕਿਸਾਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ।
150 ਕਿਸਾਨਾਂ ਉੱਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਫਰਦਾਂ ਉੱਪਰ ਲਾਲ ਐਂਟਰੀ ਕੀਤੀ ਗਈ ਹੈ।
ਜਿਹੜੇ ਅਧਿਕਾਰੀਆਂ ਦੇ ਖੇਤਰ ਵਿੱਚ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਜ਼ਿਆਦਾ ਪਾਈਆਂ ਗਈ ਉਨ੍ਹਾਂ ਉਪਰ ਵੀ ਕਾਰਵਾਈ ਕੀਤੀ ਗਈ ਹੈ।
3 ਅਧਿਕਾਰੀਆਂ ਨੂੰ ਸਸਪੈਂਡ ਕਰ ਉਨ੍ਹਾਂ ਖ਼ਿਲਾਫ਼ ਕਾਰਵਾਈ ਆਰੰਭੀ ਗਈ ਹੈ।
9, ਨੰਬਰਦਾਰਾਂ ਨੂੰ ਸਸਪੈਂਡ ਕੀਤਾ ਗਿਆ ਹੈ।
70 ਦੇ ਕਰੀਬ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਪਰਾਲੀ ਦੀ ਅੱਗ ਬਝਾਉਣ ਗਏ ਅਧਿਕਾਰੀਆਂ ਨੂੰ ਕਿਸਾਨਾਂ ਦੇ ਘੇਰਾਓ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਆਉਣ ਵਾਲੇ ਦਿਨਾਂ ਵਿਚ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ ਪਰਾਲੀ ਸਾੜਨ ਦਾ ਮੁੱਦਾ
ਹਰ ਸਾਲ ਜਦੋਂ ਝੋਨੇ ਦੀ ਫ਼ਸਲ ਪੱਕਣ ਦੇ ਨੇੜੇ ਹੁੰਦੀ ਹੈ ਤਾਂ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਅਤੇ ਪਰਾਲੀ ਨੂੰ ਸਾੜਨ ਦੇ ਮੁੱਦਿਆਂ ਉੁੱਤੋ ਚਰਚਾ ਸ਼ੁਰੂ ਹੋ ਜਾਂਦੀ ਹੈ। ਇਹ ਚਰਚਾ ਇੰਨੀ ਭਖ ਜਾਂਦੀ ਹੈ ਕਿ ਅਗਲੇ ਘੱਟੋ-ਘੱਟ 2 ਮਹੀਨਿਆਂ ਤੱਕ ਸਿਆਸੀ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਦਾ ਕੇਂਦਰ ਬਿੰਦੂ ਬਣੀ ਰਹਿੰਦੀ ਹੈ।
ਹਾਈਕੋਰਟ, ਸੁਪਰੀਮ ਕੋਰਟ ਅਤੇ ਇਕੱਲੇ ਵਾਤਾਵਰਣ ਦੇ ਮੁੱਦਿਆਂ ਉੱਤੇ ਸੁਣਵਾਈ ਕਰਨ ਵਾਲੀਆਂ ਅਦਾਲਤਾਂ ਵੀ ਇਸ ਮੁੱਦੇ ਦੀ ਨਿਰੰਤਰ ਨਿਗਰਾਨੀ ਕਰਦੀਆਂ ਹਨ।
ਕਈ ਵਾਰ ਇਸ ਮੁੱਦੇ ਨੂੰ ਲੈਕੇ ਕੁੱਝ ਸੂਬਾ ਸਰਕਾਰਾਂ ਦਰਮਿਆਨ ਤਲਖ਼ੀ ਦਾ ਮਾਹੌਲ ਵੀ ਬਣ ਜਾਂਦਾ ਹੈ। ਮਿਸਾਲ ਵਜੋਂ ਇੰਨਾ ਦਿਨਾਂ ਦੌਰਾਨ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਦੋਸ਼ ਪੰਜਾਬ ਅਤੇ ਇਸਦੇ ਕਿਸਾਨਾਂ ਸਿਰ ਮੜ੍ਹਿਆ ਜਾਂਦਾ ਹੈ।
ਇੰਨਾ ਦਿਨਾਂ ਵਿੱਚ ਪਰਾਲੀ ਦੀ ਅੱਗ ਹਵਾ ਨੂੰ ਪ੍ਰਦੂਸ਼ਿਤ ਕਰਨ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨ ਝੋਨੇ ਦੀ ਵਢਾਈ ਤੋਂ ਲੈਕੇ ਕਣਕ ਦੀ ਬਿਜਾਈ ਤੱਕ ਨਿਸ਼ਾਨੇ ਉੱਤੇ ਹੁੰਦੇ ਹਨ।
ਹਾਲਾਂਕਿ ਕਿਸਾਨਾਂ ਵੱਲੋਂ ਵੀ ਪਰਾਲੀ ਦਾ ਨਿਪਟਾਰਾ ਅੱਗ ਤੋਂ ਬਿਨਾਂ ਹੋਰ ਢੰਗਾਂ ਨਾਲ ਕਰਨ ਵਿੱਚ ਬੇਵੱਸੀ ਜ਼ਾਹਿਰ ਕੀਤੀ ਜਾਂਦੀ ਹੈ।
ਪੰਜਾਬ ਸਰਕਾਰ ਪਰਾਲੀ ਦੀ ਅੱਗ ਨੂੰ ਰੋਕਣ ਲਈ ਹਰ ਸਾਲ ਯੋਜਨਾਵਾਂ ਬਣਾਉਂਦੀ ਹੈ ਅਤੇ ਨਵੇਂ ਉਪਰਾਲੇ ਕਰਦੀ ਹੈ।
ਇਸ ਸਾਲ ਵੀ ਪੰਜਾਬ ਸਰਕਾਰ ਨੇ ਪਰਾਲੀ ਦਾ ਸਾੜੇ ਬਗ਼ੈਰ ਨਿਪਟਾਰਾ ਕਰਨ ਵਾਸਤੇ ਸਹਿਕਾਰੀ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸ਼ੁਰੂ ਕੀਤੀ ਹੈ ਪਰ ਪਰਾਲੀ ਨੂੰ ਹਾਲੇ ਵੀ ਅੱਗ ਲਾਈ ਜਾ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













