ਆਸਟ੍ਰੇਲੀਆ ਵਿੱਚ ਸ਼ੁਗਰ ਦੀ ਮਰੀਜ਼ 8 ਸਾਲਾ ਬੱਚੀ ਨੂੰ ਮਾਪਿਆਂ ਨੇ ਦਵਾਈ ਨਹੀਂ ਦਿੱਤੀ ਕਿਹਾ, 'ਰੱਬ ਠੀਕ ਕਰੇਗਾ'

ਤਸਵੀਰ ਸਰੋਤ, Jayde Struhs
- ਲੇਖਕ, ਸਾਈਮਨ ਐਟਕਿੰਸਨ
- ਰੋਲ, ਬੀਬੀਸੀ ਨਿਊਜ਼
ਆਸਟ੍ਰੇਲੀਆ ਵਿੱਚ ਇੱਕ ਅੱਠ ਸਾਲਾਂ ਦੀ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਮਾਤਾ-ਪਿਤਾ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਮ੍ਰਿਤਕ ਬੱਚੀ ਸ਼ੂਗਰ ਦੀ ਮਰੀਜ਼ ਸੀ ਅਤੇ ਉਸ ਦੀ ਮੌਤ ਇਸ ਕਾਰਨ ਹੋਈ ਕਿਉਂਕਿ ਉਸ ਦੇ ਮਾਪਿਆਂ ਨੇ ਉਸ ਨੂੰ ਲਗਾਤਾਰ ਇੱਕ ਹਫ਼ਤੇ ਤੱਕ ਇਨਸੁਲਿਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਹੁਣ, ਆਪਣੀ ਕੁੜੀ ਦੇ ਕਤਲ ਦੇ ਦੋਸ਼ ਵਿੱਚ ਦੋਵਾਂ ਨੂੰ 14-14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਐਲਿਜ਼ਾਬੈਥ ਸਟਰੂਹਸ ਨੂੰ 2019 ਵਿੱਚ ਟਾਈਪ 1 ਡਾਇਬਟੀਜ਼ ਦਾ ਪਤਾ ਲੱਗਿਆ ਸੀ। ਉਸਦੇ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਉਸਨੂੰ ਰੋਜ਼ਾਨਾ ਇਨਸੁਲਿਨ ਦੇ ਟੀਕੇ ਲਗਾਉਣ ਦੀ ਲੋੜ ਪਵੇਗੀ।
ਉਸ ਦੇ ਮਾਪੇ ਦਿ ਸੇਂਟਸ ਵਜੋਂ ਜਾਣੀ ਜਾਂਦੀ ਇੱਕ ਧਾਰਮਿਕ ਸੰਪਰਦਾ ਨਾਲ ਸਬੰਧਤ ਸਨ, ਜੋ ਡਾਕਟਰੀ ਦੇਖਭਾਲ ਦਾ ਵਿਰੋਧ ਕਰਦੇ ਹਨ ਅਤੇ ਮੰਨਦੇ ਹਨ ਕਿ ਰੱਬ ਉਨ੍ਹਾਂ ਨੂੰ ਠੀਕ ਕਰ ਦੇਵੇਗਾ।

ਕਿਵੇਂ ਹੋਈ ਕੁੜੀ ਦੀ ਮੌਤ
ਐਲਿਜ਼ਾਬੈਥ ਦੀ ਮੌਤ ਡਾਇਬੀਟਿਕ ਕੇਟੋਐਸੀਡੋਸਿਸ ਕਾਰਨ ਹੋਈ, ਜੋ ਕਿ ਕੀਟੋਨਸ - ਇੱਕ ਕਿਸਮ ਦਾ ਐਸਿਡ - ਦੇ ਖ਼ਤਰਨਾਕ ਨਿਰਮਾਣ ਦਾ ਕਾਰਨ ਬਣਦਾ ਹੈ।
ਇਹ ਪਰਿਵਾਰ ਬ੍ਰਿਸਬੇਨ ਦੇ ਪੱਛਮ ਵਿੱਚ ਵਸੇ ਟੂਵੂਮਬਾ ਵਿੱਚ ਰਹਿੰਦਾ ਹੈ ਅਤੇ ਜਨਵਰੀ 2022 ਵਿੱਚ ਐਲਿਜ਼ਾਬੈਥ ਆਪਣੇ ਘਰ ਹੀ ਜਦੋਂ ਇਸ ਐਸਿਡ ਕਾਰਨ ਉਸ ਦੀ ਬੱਲਡ ਸ਼ੂਗਰ ਵਧ ਗਈ।
ਉਸਦੇ ਪਿਤਾ ਜੇਸਨ ਸਟਰੂਹਸ ਅਤੇ ਮਾਂ ਐਲਿਜ਼ਾਬੈਥ ਸਟਰੂਹਸ, ਪਿਛਲੇ ਮਹੀਨੇ ਕਤਲ ਦੇ ਦੋਸ਼ੀ ਠਹਿਰਾਏ ਗਏ 14 ਲੋਕਾਂ ਵਿੱਚ ਸ਼ਾਮਲ ਸਨ।

ਤਸਵੀਰ ਸਰੋਤ, Getty Images
ਅਦਾਲਤ ਨੇ ਆਪਣੇ ਫੈਸਲੇ ਵਿੱਚ ਕੀ ਕਿਹਾ
ਕਵੀਨਜ਼ਲੈਂਡ ਦੀ ਸੁਪਰੀਮ ਕੋਰਟ ਦੇ ਜੱਜ ਨੇ ਇਸ ਸਮੂਹ ਦੇ ਮੁਖੀ ਬ੍ਰੈਂਡਨ ਸਟੀਵਨਜ਼ ਨੂੰ ਵੀ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਉਸ ਨੂੰ "ਖਤਰਨਾਕ, ਬਹੁਤ ਜ਼ਿਆਦਾ ਸ਼ਾਤਿਰ ਵਿਅਕਤੀ" ਕਿਹਾ ਹੈ।
ਇਸ ਤੋਂ ਇਲਾਵਾ, ਗਿਆਰਾਂ ਹੋਰ ਮੈਂਬਰਾਂ ਨੂੰ ਛੇ ਤੋਂ ਨੌਂ ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਟੀਵਨਜ਼ ਅਤੇ ਕੁੜੀ ਦੇ ਪਿਤਾ 'ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਅਤੇ ਉਨ੍ਹਾਂ ਸਾਰਿਆਂ ਨੇ ਦੋਸ਼ੀ ਨਾ ਹੋਣ ਦੀ ਦਲੀਲ ਦਿੱਤੀ ਸੀ।
ਪਰ ਪਿਛਲੇ ਮਹੀਨੇ ਆਪਣਾ ਲਗਭਗ 500 ਪੰਨਿਆਂ ਦਾ ਫੈਸਲਾ ਸੁਣਾਉਂਦੇ ਸਮੇਂ, ਜਸਟਿਸ ਮਾਰਟਿਨ ਬਰਨਜ਼ ਨੇ ਕਿਹਾ ਕਿ ਹਾਲਾਂਕਿ ਇਹ ਸਪਸ਼ਟ ਸੀ ਕਿ ਐਲਿਜ਼ਾਬੈਥ ਦੇ ਮਾਤਾ-ਪਿਤਾ ਅਤੇ "ਚਰਚ ਦੇ ਹਰ ਮੈਂਬਰ ਸਮੇਤ ਹੋਰ ਸਾਰੇ ਦੋਸ਼ੀਆਂ" ਨੇ ਉਸ ਨੂੰ ਪਿਆਰ ਕੀਤਾ ਸੀ, ਪਰ ਉਨ੍ਹਾਂ ਦੇ ਕੰਮਾਂ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ, "ਇਹ ਸਮਝ ਕੇ ਕਿ ਇੱਕਲੀ ਰੱਬੀ ਸ਼ਕਤੀ ਉਸ ਨੂੰ ਠੀਕ ਕਰ ਦੇਵੇਗੀ... ਉਸ ਨੂੰ ਇੱਕ ਅਜਿਹੀ ਚੀਜ਼ ਤੋਂ ਵਾਂਝੇ ਰੱਖਿਆ ਗਿਆ ਜੋ ਯਕੀਨੀ ਤੌਰ 'ਤੇ ਉਸ ਨੂੰ ਜ਼ਿੰਦਾ ਰੱਖ ਸਕਦੀ ਸੀ।''

ਤਸਵੀਰ ਸਰੋਤ, Getty Images
'ਉਸ ਨੇ ਆਪਣੇ ਆਖਰੀ ਦਿਨਾਂ ਵਿੱਚ ਬਹੁਤ ਦੁੱਖ ਝੱਲਿਆ'
ਇਹ ਮੁਕੱਦਮਾ ਪਿਛਲੇ ਕਈ ਮਹੀਨਿਆਂ ਤੋਂ ਇੱਕ ਇੱਕਲੇ ਜੱਜ ਦੀ ਬੈਂਚ ਦੁਆਰਾ ਸੁਣਿਆ ਜਾ ਰਿਹਾ ਸੀ।
ਇਸ ਦੌਰਾਨ ਵਕੀਲ ਕੈਰੋਲੀਨ ਮਾਰਕੋ ਨੇ ਦੱਸਿਆ ਕਿ ਡਾਕਟਰੀ ਦੇਖਭਾਲ ਨਾ ਮਿਲਣ ਕਾਰਨ ਐਲਿਜ਼ਾਬੈਥ ਨੂੰ ਉਲਟੀਆਂ ਤੇ ਕਮਜ਼ੋਰੀ ਹੋ ਗਈ ਹੋਵੇਗੀ ਅਤੇ ਉਹ ਬੇਹੋਸ਼ ਹੋ ਗਈ ਹੋਵੇਗੀ।
ਸਰਕਾਰੀ ਵਕੀਲਾਂ ਨੇ 60 ਗਵਾਹਾਂ ਨੂੰ ਬੁਲਾਇਆ ਅਤੇ ਇੱਕ "ਬੁੱਧੀਮਾਨ" ਬੱਚੀ ਬਾਰੇ ਜਾਣਿਆ, ਜਿਸ ਨੇ ਆਪਣੇ ਆਖਰੀ ਦਿਨਾਂ ਵਿੱਚ ਬਹੁਤ ਦੁੱਖ ਝੱਲਿਆ।
ਜਿਸ ਦੌਰਾਨ ਇਹ ਸਭ ਹੋ ਰਿਹਾ ਸੀ, ਉਸ ਦੇ ਮਾਪਿਆਂ ਦੀ ਮੰਡਲੀ ਨੇ ਪ੍ਰਾਰਥਨਾ ਕੀਤੀ ਅਤੇ ਕੁੜੀ ਲਈ ਧਾਰਮਿਕ ਗੀਤ ਗਾਇਆ ਜਦਕਿ ਉਹ ਇੱਕ ਗੱਦੇ 'ਤੇ ਪਈ ਸੀ ਅਤੇ ਉਸ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ।
"ਐਲਿਜ਼ਾਬੈਥ ਸਿਰਫ਼ ਸੌਂ ਰਹੀ ਹੈ ਅਤੇ ਮੈਂ ਉਸ ਨੂੰ ਦੁਬਾਰਾ ਮਿਲਾਂਗਾ''
ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬੱਚੀ ਦੇ ਮਾਪਿਆਂ ਅਤੇ ਸਮੂਹ ਦਾ ਵਿਸ਼ਵਾਸ ਸੀ ਕਿ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ, ਇਸ ਲਈ ਨਾ ਤਾਂ ਉਨ੍ਹਾਂ ਨੇ ਡਾਕਟਰ ਨੂੰ ਬੁਲਾਉਣ ਦੀ ਕੋਈ ਕੋਸ਼ਿਸ਼ ਕੀਤੀ ਅਤੇ ਨਾ ਹੀ ਉਸ ਦੀ ਮੌਤ ਤੋਂ 36 ਘੰਟਿਆਂ ਬਾਅਦ ਤੱਕ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਸੂਚਨਾ ਦਿੱਤੀ।
ਉਸ ਦੇ ਪਿਤਾ ਨੇ ਪਹਿਲਾਂ ਅਦਾਲਤ ਨੂੰ ਕਿਹਾ ਸੀ ਕਿ, "ਐਲਿਜ਼ਾਬੈਥ ਸਿਰਫ਼ ਸੌਂ ਰਹੀ ਹੈ ਅਤੇ ਮੈਂ ਉਸਨੂੰ ਦੁਬਾਰਾ ਮਿਲਾਂਗਾ।''
63 ਸਾਲਾ ਸਟੀਵਨਸ ਨੇ ਸਮੂਹ ਦੀਆਂ ਕਾਰਵਾਈਆਂ ਨੂੰ ਵਿਸ਼ਵਾਸ-ਅਧਾਰਤ ਦੱਸਿਆ ਸੀ ਅਤੇ ਮੁਕੱਦਮੇ ਨੂੰ "ਧਾਰਮਿਕ ਅਤਿਆਚਾਰ" ਵਾਲੀ ਕਾਰਵਾਈ ਕਿਹਾ। ਉਸਨੇ ਕਿਹਾ ਕਿ ਸਮੂਹ "ਪਰਮਾਤਮਾ ਦੇ ਬਚਨ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਦੇ ਅਧਿਕਾਰ" ਦੇ ਅੰਦਰ ਸੀ।
ਟਾਈਪ 1 ਡਾਇਬਟੀਜ਼ ਕੀ ਹੈ?

ਤਸਵੀਰ ਸਰੋਤ, Getty Images
ਟਾਈਪ 1 ਡਾਇਬਟੀਜ਼ ਇੱਕ ਵਿਕਾਰ ਹੈ ਜਿਸ ਵਿੱਚ ਪੈਨਕ੍ਰੀਆਸ ਉਚਿਤ ਮਾਤਰਾ ਵਿੱਚ ਇਨਸੁਲਿਨ ਪੈਦਾ ਕਰਨ ਵਿੱਚ ਅਸਫਲ ਰਹਿੰਦਾ ਹੈ।
ਇਸਨੂੰ ਖੂਨ ਦੇ ਗਲੂਕੋਜ਼ ਦੇ ਬੇਕਾਬੂ ਪੱਧਰ ਵਜੋਂ ਦਰਸਾਇਆ ਜਾਂਦਾ ਹੈ ਅਤੇ ਇਸਨੂੰ ਇਨਸੁਲਿਨ ਟੀਕੇ ਦੁਆਰਾ ਨਿਯੰਤਰਿਤ ਕੀਤਾ ਜਾ ਸਕਦਾ ਹੈ।
ਐਲਿਜ਼ਾਬੈਥ ਦੀ ਭੈਣ ਨੇ ਕੀ ਦੱਸਿਆ
ਐਲਿਜ਼ਾਬੈਥ ਦੀ ਭੈਣ ਜੈਡੇ ਸਟਰੂਹਸ ਨੇ ਪਹਿਲਾਂ ਦੱਸਿਆ ਸੀ ਕਿ ਜਦੋਂ ਉਸ ਨੂੰ 16 ਸਾਲ ਦੀ ਉਮਰ ਵਿੱਚ ਆਪਣੇ ਸਮਲਿੰਗੀ ਹੋਣ ਬਾਰੇ ਪਤਾ ਲੱਗਿਆ ਸੀ ਤਾਂ ਉਸ ਨੇ ਮੰਡਲੀ ਨੂੰ ਛੱਡ ਦਿੱਤਾ ਸੀ ਅਤੇ ਘਰੋਂ ਭੱਜ ਗਈ ਸੀ। ਹੁਣ ਉਹ ਉਨ੍ਹਾਂ ਤੋਂ ਦੂਰ ਰਹਿ ਰਹੀ ਸੀ।
ਉਸਨੇ ਅਤੇ ਹੋਰ ਗਵਾਹਾਂ ਨੇ ਕਲੀਸਿਯਾ ਨੂੰ ਕੱਟੜ ਵਿਚਾਰਾਂ ਵਾਲਾ ਦੱਸਿਆ। ਉਸ ਦੇ ਵਿਚਾਰਾਂ ਵਿੱਚ ਡਾਕਟਰੀ ਸਿਹਤ ਸੰਭਾਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕ੍ਰਿਸਮਸ ਅਤੇ ਈਸਟਰ ਦੋਵੇਂ "ਮੂਰਤੀ-ਪੂਜਕ" ਜਾਂ ਅਧਰਮੀ ਤਿਉਹਾਰ ਸਨ।
ਇਹ ਧਾਰਮਿਕ ਸੰਤ, ਆਸਟ੍ਰੇਲੀਆ ਵਿੱਚ ਕਿਸੇ ਸਥਾਪਿਤ ਚਰਚ ਨਾਲ ਜੁੜੇ ਹੋਏ ਨਹੀਂ ਹਨ ਅਤੇ ਇਸਦੇ ਮੈਂਬਰਾਂ ਵਿੱਚ ਤਿੰਨ ਪਰਿਵਾਰਾਂ ਦੇ ਲਗਭਗ ਦੋ ਦਰਜਨ ਮੈਂਬਰ ਸ਼ਾਮਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












