ਇੱਕ ਬੱਚਾ ਜਿਸ ਨੂੰ ਬੋਧੀ ਲਾਮਾ ਦਾ ਅਵਤਾਰ ਮੰਨਦੇ ਸਨ, ਕਿਵੇਂ ਪੱਛਮੀ ਕਲੱਬਾਂ ’ਚ ਪਾਰਟੀਆਂ ਕਰਨ ਲੱਗਾ

ਤਸਵੀਰ ਸਰੋਤ, LAMA YESHE WISDOM ARCHIVE
“ਮੇਰਾ ਪਾਲਣ-ਪੋਸ਼ਣ ਬੋਧੀਆਂ ’ਚ ਇੱਕ ਲਾਮੇ ਵਜੋਂ ਹੋਇਆ ਪਰ ਮੈਂ 18 ਸਾਲ ਤੋਂ ਬਾਅਦ ਪਾਰਟੀਆਂ ਕਰਨ ਲੱਗਾ”
ਓਸੇਲ ਜਦੋਂ ਕੇਵਲ ਦੋ ਸਾਲ ਦਾ ਸੀ ਤਾਂ ਦਲਾਈ ਲਾਮਾ ਦੇ ਮੁੱਖ ਚੇਲਿਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਨੂੰ ਗੱਦੀ ’ਤੇ ਬਿਰਾਜਮਾਨ ਕਰ ਦਿੱਤਾ।
ਓਸੇਲ ਦੇ ਜਨਮ ਤੋਂ ਇੱਕ ਸਾਲ ਪਹਿਲਾਂ ਹੀ ਤਿੱਬਤ ਵਿੱਚ ਬੋਧੀ ਭਿਕਸ਼ੂ ਲਾਮਾ ਥੁਬਟੇਨ ਯੇਸ਼ੇ ਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਹੀ ਓਸੇਲ ਦੀ ਜ਼ਿੰਦਗੀ ਆਮ ਜੀਵਨ ਨਾਲੋਂ ਵੱਖਰੀ ਹੋ ਗਈ।
ਲਾਮਾ ਯੇਸ਼ੇ ਹੋਰ ਭਿਕਸ਼ੂਆਂ ਨਾਲੋਂ ਵੱਖਰਾ ਸੀ। ਉਹ 1970ਵਿਆਂ ਵਿੱਚ ਪੱਛਮੀ ਸੰਸਾਰ ’ਚ ਬੁੱਧ ਧਰਮ ਨੂੰ ਫੈਲਾਉਣ ਲਈ ਨਿਕਲਿਆ। ਉਸ ਨੇ ਅਧਿਆਤਮਕ ਕੇਂਦਰਾਂ ਦੀ ਸਥਾਪਨਾ ਲਈ ਸੰਸਾਰ ਭਰ ਦੀ ਯਾਤਰਾ ਕੀਤੀ।
ਇਸ ਦੌਰਾਨ ਉਹ ਕਾਫੀ ਮਸ਼ਹੂਰ ਹੋ ਗਿਆ।
ਤਿੱਬਤੀ ਬੁੱਧ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਮਹਾਨ ਧਰਮ ਗੁਰੂ ਇਹ ਚੁਣ ਸਕਦੇ ਹਨ ਕਿ ਉਨ੍ਹਾਂ ਨੇ ਕਿੱਥੇ ਤੇ ਕਿਸ ਦੇ ਰੂਪ ਵਿੱਚ ਪੁਨਰ ਜਨਮ ਲੈਣਾ ਹੈ।
ਲਾਮਾ ਯੇਸ਼ੇ ਦੇ ਮੁੱਖ ਚੇਲੇ ਲਾਮਾ ਯੋਪਾ ਨੂੰ ਦਰਸ਼ਨ ਹੋਏ ਸਨ। ਉਸ ਦਾ ਮੰਨਣਾ ਸੀ ਕਿ ਉਨ੍ਹਾਂ ਦਾ ਧਰਮ ਗੁਰੂ ਪੱਛਮੀ ਧਰਤੀ ’ਤੇ ਪੁਨਰ ਜਨਮ ਲੈਣ ਜਾ ਰਿਹਾ ਹੈ।
ਉਸ ਨੇ ਆਪਣੇ ਧਰਮ ਗੁਰੂ ਦੇ ਪੁਨਰ ਜਨਮ ਲਈ ਓਸੇਲ ਵੱਲ ਇਸ਼ਾਰਾ ਕੀਤਾ।
ਇੱਥੋਂ ਓਸੇਲ ਦੀ ਨਵੀਂ ਜ਼ਿੰਦਗੀ ਦਾ ਪੈਂਡਾ ਸ਼ੁਰੂ ਹੋ ਗਿਆ।

ਓਸੇਲ ਦਾ ਜਨਮ ਫ੍ਰਾਂਸਿਸਕੋ ਹਿਤਾ ਅਤੇ ਮਾਰੀਆ ਟੋਰੇਸ ਦੇ ਘਰ 1985 ਵਿੱਚ ਹੋਇਆ। ਇਸ ਹਿੱਪੀ ਜੋੜੇ ਨੇ ਬੁੱਧ ਧਰਮ ਨਾਲ ਜੁੜਨ ਲਈ ਆਪਣਾ ਇਬੀਜ਼ਾ ਟਾਪੂ ’ਚ ਘਰ ਛੱਡ ਦਿੱਤਾ ਸੀ।
ਲਾਮਾ ਯੇਸ਼ੇ ਤੇ ਉਸ ਦੇ ਮੁੱਖ ਚੇਲੇ ਲਾਮਾ ਯੋਪਾ ਨੇ 1970ਵੇਂ ਦਹਾਕੇ ਵਿੱਚ ਇਬੀਜ਼ਾ ਦੀ ਯਾਤਰਾ ਕੀਤੀ ਸੀ।
ਇਸ ਯਾਤਰਾ ਦੌਰਾਨ ਮੇਰੇ (ਓਸੇਲ) ਮਾਤਾ-ਪਿਤਾ ਲਾਮਾ ਯੇਸ਼ੇ ਨੂੰ ਮਿਲੇ। ਉਹ ਦੋਵੇਂ ਲਾਮਾ ਯੇਸ਼ੇ ਤੋਂ ਇੰਨੇ ਪ੍ਰੇਰਿਤ ਹੋਏ ਕਿ ਉਨ੍ਹਾਂ ਨੇ ਸਪੇਨ ਦੇ ਦੱਖਣ ਵੱਲ ਜਾਣ ਅਤੇ ਲਾ ਅਲਪੁਜਾਰਾ ਦੀਆਂ ਪਹਾੜੀਆਂ ’ਚ ਬੋਧੀ ਕੇਂਦਰ ’ਚ ਅਧਿਐਨ ਕਰਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਆਪਣੇ ਗੁਰੂ ਦਲਾਈ ਲਾਮਾ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ।
ਜਦੋਂ ਲਾਮਾ ਇੱਥੇ ਆਏ ਤਾਂ ਕਾਫੀ ਪ੍ਰਭਾਵਿਤ ਹੋਏ ਕਿਉਂਕਿ ਇਹ ਥਾਂ ਤਿੱਬਤ ਜਿਹਾ ਅਹਿਸਾਸ ਕਰਵਾਉਂਦੀ ਸੀ।
ਕੁਝ ਸਾਲਾਂ ਬਾਅਦ ਮੇਰਾ ਜਨਮ ਹੁੰਦਾ ਹੈ।
ਲਾਮਾ ਯੋਪਾ ਨੇ ਜਦੋਂ ਮੈਨੂੰ ਦੇਖਿਆ ਤਾਂ ਮੈਂ ਉਦੋਂ ਬੱਚਾ ਸੀ। ਯੋਪਾ ਨੇ ਮੇਰੇ ਮਾਪਿਆਂ ਨੂੰ ਕਿਹਾ ਕਿ ਤੁਹਾਡਾ ਬੱਚਾ ਲਾਮਾ ਯੇਸ਼ੇ ਦਾ ਅਵਤਾਰ ਲੱਗਦਾ ਹੈ।
ਜਦੋਂ ਮੈਂ 18 ਮਹੀਨਿਆਂ ਦਾ ਹੋਇਆ ਤਾਂ ਉਹ ਮੈਨੂੰ ਇੱਕ ਇਮਤਿਹਾਨ ’ਚ ਉਤਾਰਨ ਲਈ ਭਾਰਤ ਲੈ ਗਏ।
ਉਨ੍ਹਾਂ ਨੇ ਕਈ ਚੀਜ਼ਾਂ ਮੇਰੇ ਸਾਹਮਣੇ ਰੱਖੀਆਂ। ਇਨ੍ਹਾਂ ’ਚ ਲਾਮਾ ਯੇਸ਼ੇ ਦੀਆਂ ਵੀ ਕੁਝ ਵਸਤੂਆਂ ਸਨ। ਮੈਂ ਹਮੇਸ਼ਾ ਸਹੀ ਨੂੰ ਚੁਣਿਆ।
ਇਸ ਤੋਂ ਇਲਾਵਾ ਮੈਂ ਉਨ੍ਹਾਂ ਲੋਕਾਂ ਨੂੰ ਪਛਾਣਿਆਂ, ਜਿਨ੍ਹਾਂ ਨੂੰ ਮੈਂ ਪਹਿਲਾਂ ਕਦੇ ਵੀ ਦੇਖਿਆ ਨਹੀਂ ਸੀ ਅਤੇ ਉਨ੍ਹਾਂ ਥਾਵਾਂ ਨੂੰ ਵੀ ਜਿੱਥੇ ਮੈਂ ਪਹਿਲਾਂ ਕਦੇ ਗਿਆ ਹੀ ਨਹੀਂ ਸੀ।
ਮੈਂ ਤਿੰਨ ਸਾਲ ਦੁਨੀਆਂ ਭਰ ਦੇ ਉਨ੍ਹਾਂ ਬੋਧੀ ਕੇਂਦਰਾਂ ਦਾ ਦੌਰਾ ਕੀਤਾ, ਜਿਨ੍ਹਾਂ ਦੀ ਸਥਾਪਨਾ ਲਾਮਾ ਯੇਸ਼ੇ ਨੇ ਕੀਤੀ ਸੀ।

ਜਦੋਂ ਮੈਂ ਛੇ ਸਾਲਾਂ ਦਾ ਹੋਇਆ ਤਾਂ ਮੈਨੂੰ ਦੱਖਣੀ ਭਾਰਤ ਦੇ ਕਰਨਾਟਕ ’ਚ ਸੇਰਾ ਜੇ ਮੱਠ ਵਿੱਚ ਲੈ ਕੇ ਗਏ।
ਉੱਥੇ ਮੇਰੀ ਪੜ੍ਹਾਈ ਬਹੁਤ ਜ਼ਿਆਦਾ ਰਸਮੀ ਤੇ ਉੱਚ ਪੱਧਰੀ ਹੋ ਗਈ।
ਮੇਰੀ ਦੇਖਭਾਲ ਕਰਨ ਵਾਲੇ ਲੋਕ ਲਗਾਤਾਰ ਬਦਲਦੇ ਰਹੇ ਅਤੇ ਮੈਂ ਆਪਣੇ ਮਾਪਿਆਂ ਨੂੰ ਅਰਸੇ ਤੱਕ ਦੇਖਿਆ ਹੀ ਨਹੀਂ ਸੀ।
ਮੈਨੂੰ ਜਾਪਣ ਲੱਗਾ ਕਿ ਮੈਂ ਅਨਾਥ ਹਾਂ।
ਮੈਂ ਮਹਿਸੂਸ ਕੀਤਾ ਕਿ ਮੈਂ ਕੌਣ ਸੀ, ਜਿਸ ਲਈ ਮੈਨੂੰ ਸਵਿਕਾਰਿਆ ਨਹੀਂ ਗਿਆ। ਮੈਨੂੰ ਕਿਸੇ ਹੋਰ ਲਈ ਸਵਿਕਾਰ ਕੀਤਾ ਗਿਆ।
ਇਹ ਮੇਰੇ ਲਈ ਬਹੁਤ ਵੱਡਾ ਸੰਘਰਸ਼ ਸੀ।
ਓਸੇਲ ਦੇ ਜੀਵਨ ’ਤੇ ਗੀਤਾਂ ਦਾ ਪ੍ਰਭਾਵ
ਮੇਰੇ ’ਤੇ ਬਹੁਤ ਜ਼ਿਆਦਾ ਦਬਾਅ ਸੀ। ਇੱਕ ਬੱਚੇ ਦੇ ਰੂਪ ’ਚ ਇਹ ਮੇਰੇ ਲਈ ਬਹੁਤ ਔਖਾ ਸੀ।
ਕਈ ਵਾਰ ਮੈਂ ਹੋਰਾਂ ਬੱਚਿਆਂ ਨਾਲ ਖੇਡਦਾ ਪਰ ਇਹ ਹਮੇਸ਼ਾ ਬਹੁਤ ਵੱਖਰਾ ਹੁੰਦਾ। ਬੱਚਿਆਂ ਨੂੰ ਮੈਨੂੰ ਛੂਹਣ ਦੀ ਅਤੇ ਨੇੜੇ ਆਉਣ ਦੀ ਆਗਿਆ ਨਹੀਂ ਸੀ।
ਉਹ ਹਮੇਸ਼ਾ ਇਹ ਕੋਸ਼ਿਸ਼ ਕਰਦੇ ਸਨ ਕਿ ਮੈਨੂੰ ਇਕਾਂਤਵਾਸ ’ਚ ਰੱਖਿਆ ਜਾਵੇ। ਉਨ੍ਹਾਂ ਦਾ ਮੰਨਣਾ ਸੀ ਕਿ ਬਹੁਤ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਪੁਨਰ ਜਨਮ ਪ੍ਰਭਾਵਿਤ ਹੋ ਜਾਂਦਾ ਹੈ।
ਮੇਰਾ ਪਾਲਣ ਪੋਸ਼ਣ ਇਸ ਤਰ੍ਹਾਂ ਹੋਇਆ ਕਿ ਮੈਂ ਬ੍ਰਹਮਚਾਰੀ ਬਣ ਗਿਆ। ਮੈਨੂੰ ਸੰਨਿਆਸੀ ਬਣਨਾ ਪਿਆ।
ਮੈਨੂੰ ਇੱਕ ਗੱਦੀ ’ਤੇ ਬਿਠਾਇਆ ਗਿਆ ਤੇ ਪੂਰੀ ਤਰ੍ਹਾਂ ਵੱਖਰਾ ਰੱਖਿਆ ਗਿਆ।
ਹਰ ਰੋਜ਼ 40 ਮਿੰਟ ਤੈਅ ਕੀਤੇ ਜਾਂਦੇ ਸਨ, ਜਦੋਂ ਲੋਕ ਆਉਂਦੇ ਤੇ ਮੈਨੂੰ ਦੇਖਦੇ ਸਨ।
ਮੱਠ ਵਿੱਚ ਬਾਹਰੀ ਦੁਨੀਆਂ ਨਾਲ ਮੇਰਾ ਇਕੋ-ਇਕ ਸੰਪਰਕ ਸੀ। ਇਸ ਸਮੇਂ ਲੋਕ ਸੰਗੀਤ ਵਰਗੀਆਂ ਪਾਬੰਦੀਸ਼ੁਦਾ ਚੀਜ਼ਾਂ ਲੈ ਕੇ ਆਉਂਦੇ ਸਨ।
ਮੇਰੇ ਕੋਲ ਲਿੰਕਿਨ ਪਾਰਕ ਬੈਂਡ ਦੀ ਸੀਡੀ, ਇੱਕ ਲਿੰਪ ਬਿਜ਼ਕਿਟ ਬੈਂਡ ਦੀ ਸੀਡੀ ਸੀ। ਕੋਈ ਮੇਰੇ ਕੋਲ ਐਸਟੋਪਾ ਦੀ ਸੀਡੀ ਲੈ ਕੇ ਆਇਆ ਸੀ।

ਤਸਵੀਰ ਸਰੋਤ, Getty Images
ਮੈਂ ਇਨ੍ਹਾਂ ਨੂੰ ਆਪਣੇ ਕਮਰੇ ਵਿੱਚ ਜਾਂ ਬਾਥਰੂਮ ’ਚ ਸੁਣਦਾ ਸੀ। ਮੈਂ ਇਹ ਸਭ ਛੁਪਾ ਕੇ ਰੱਖਦਾ ਸੀ ਕਿਉਂਕਿ ਜੇ ਉਨ੍ਹਾਂ ਨੂੰ ਇਹ ਮਿਲ ਜਾਂਦਾ ਤਾਂ ਉਹ ਇਸ ਨੂੰ ਜ਼ਬਤ ਕਰ ਲੈਂਦੇ।
ਮੈਂ ਪਹਿਲੀ ਵਾਰ ਲਿੰਕਿਨ ਪਾਰਕ ਨੂੰ ਸੁਣਿਆ। ਇਹ ਸੰਗੀਤ ਨਹੀਂ ਸਿਰਫ਼ ਰੌਲਾ-ਰੱਪਾ ਸੀ।
ਪਰ ਫਿਰ ਮੈਂ ਇਹ ਸਮਝਣਾ ਸ਼ੁਰੂ ਕੀਤਾ ਕਿ ਇਨ੍ਹਾਂ ਗੀਤਾਂ ਵਿੱਚ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ। ਮੈਂ ਇਨ੍ਹਾਂ ਨੂੰ ਸਮਝਣਾ ਚਾਹੁੰਦਾ ਸੀ, ਪਛਾਣਨਾ ਚਾਹੁੰਦਾ ਸੀ ਤੇ ਇਨ੍ਹਾਂ ਗੀਤਾਂ ਨੂੰ ਪਿਆਰ ਕਰਨਾ ਚਾਹੁੰਦਾ ਸੀ।
ਮੈਂ ਉਨ੍ਹਾਂ ਦੀ ਲਿਖਤ ਨੂੰ ਪਛਾਣਿਆਂ ਤੇ ਇਹ ਬਹੁਤ ਸ਼ਾਨਦਾਰ ਸੀ ਕਿਉਂਕਿ ਇਨ੍ਹਾਂ ਗੀਤਾਂ ਵਿੱਚ ਜੋ ਲਿਖਿਆ ਗਿਆ ਸੀ, ਉਹੀ ਮੇਰੇ ਨਾਲ ਮੌਜੂਦਾ ਸਮੇਂ ਵਿੱਚ ਹੋ ਰਿਹਾ ਸੀ।
ਲੋਕ ਅਸਲ ਵਿੱਚ ਇਹ ਜਾਣਨਾ ਨਹੀਂ ਸੀ ਚਾਹੁੰਦੇ ਕਿ ਮੈਂ ਕੌਣ ਹਾਂ। ਮੇਰੇ ਆਲੇ-ਦੁਆਲੇ ਮੇਰੇ ਪਰਿਵਾਰ ਤੋਂ ਬਿਨਾਂ ਹਰ ਕੋਈ ਸੀ।
ਆਜ਼ਾਦੀ ਦੀ ਭਾਲ
ਮੈਂ ਜਦੋਂ ਵੱਡਾ ਹੋ ਰਿਹਾ ਸੀ ਤਾਂ ਮੈਂ ਮੱਠ ਵਿੱਚ ਰਹਿ ਕੇ ਅੰਦਰਲੀਆਂ ਸਾਰੀਆਂ ਚੀਜ਼ਾਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ।
ਮੇਰੇ ਕੋਲ 16 ਸਾਲ ਦੀ ਉਮਰ ਵਿੱਚ ਦੋ ਕੰਪਿਊਟਰ, ਇੱਕ ਪੰਚਿੰਗ ਬੈਗ ਤੇ ਇੱਕ ਗਿਟਾਰ ਸੀ। ਇਹ ਮੈਨੂੰ ਬਾਹਰੀ ਦੁਨੀਆਂ ਦਾ ਹਿੱਸਾ ਹੋਣ ਦਾ ਅਹਿਸਾਸ ਕਰਵਾਉਂਦੇ ਸੀ।
ਮੈਂ ਇੱਕ ਨੇੜਲੇ ਦੋਸਤ ਨਾਲ ਆਪਣੇ ਨਾਲ ਹੋ ਰਹੀਆਂ ਇਨ੍ਹਾਂ ਵਧੀਕੀਆਂ ਨੂੰ ਸਾਂਝਾ ਕੀਤਾ।
ਸਾਨੂੰ ਨਹੀਂ ਪਤਾ ਸੀ ਕਿ ਡਾਂਸ ਕੀ ਹੁੰਦਾ ਹੈ। ਪਰ ਜਦੋਂ ਅਸੀਂ ਬ੍ਰਿਟਨੀ ਸਪੀਅਰਜ਼ ਦੀ ਵੀਡੀਓ ਦੇਖੀ ਤਾਂ ਅਸੀਂ ਹੈਰਾਨ ਰਹਿ ਗਏ।
ਇਸ ਉਮਰ ਵਿੱਚ ਮੈਂ ਭਿਕਸ਼ੂਆਂ ਨੂੰ ਭਰੋਸਾ ਦਿਵਾਇਆ ਕਿ ਮੈਨੂੰ ਪੱਛਮੀ ਸਿੱਖਿਆ ਦੀ ਜ਼ਰੂਰਤ ਹੈ।
ਮੈਂ ਉਨ੍ਹਾਂ ਨੂੰ ਕਿਹਾ, “ਮੈਂ ਪੱਛਮ ਵਿੱਚ ਪੈਦਾ ਹੋਇਆ ਹਾਂ, ਇਸਦੀ ਇੱਕ ਵਜ੍ਹਾ ਹੈ। ਮੈਨੂੰ ਲੱਗਦਾ ਹੈ ਕਿ ਲਾਮਾ ਯੇਸ਼ੇ ਚਾਹੁੰਦੇ ਸਨ ਕਿ ਉਹ ਪੱਛਮੀ ਲੋਕਾਂ ਨਾਲ ਡੂੰਘਾਈ ਨਾਲ ਜੁੜਨ ਅਤੇ ਉਨ੍ਹਾਂ ਦੀ ਮਾਨਸਿਕਤਾ ਤੇ ਜੀਵਨ ਜਾਚ ਨੂੰ ਸਮਝਣ।”
ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਕਿ ਮੈਨੂੰ ਇਬੀਜ਼ਾ ਵਿੱਚ ਦੋ ਮਹੀਨਿਆਂ ਲਈ ਹਾਈ ਸਕੂਲ ’ਚ ਆਮ ਬੱਚਿਆਂ ਨਾਲ ਪੜ੍ਹਾਈ ਕਰਨ ਲਈ ਭੇਜਿਆ ਜਾਵੇ।
ਉਹ ਮੈਨੂੰ ਮੇਰੇ ਪਰਿਵਾਰ ਨਾਲ ਭੇਜਣ ਲਈ ਰਾਜ਼ੀ ਹੋ ਗਏ।

ਤਸਵੀਰ ਸਰੋਤ, Getty Images
ਮੈਨੂੰ ਇਸ ਗੱਲ ਨੇ ਕਾਫੀ ਠੇਸ ਪਹੁੰਚਾਈ ਕਿ ਬੱਚੇ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ।
ਤਿੱਬਤ ਦਾ ਸੱਭਿਆਚਾਰ ਵੱਖਰਾ ਸੀ। ਉਥੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮਾਪੇ ਜ਼ਿੰਦਗੀ ਦਿੰਦੇ ਹਨ ਤੇ ਅਧਿਆਪਕ ਬੁੱਧੀ।
ਪਹਿਲੇ ਤਿੰਨ ਹਫ਼ਤੇ ਉਹ ਹਰ ਰੋਜ਼ ਮੇਰੇ ਨਾਲ ਧੱਕੇਸ਼ਾਹੀ ਕਰਦੇ। ਪਰ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਕਾਰਨ ਹੱਸ ਰਹੇ ਹਨ।
ਮੈਂ ਸੱਚੀ ਬਹੁਤ ਭੋਲਾ ਸੀ। ਮੈਨੂੰ ਧੱਕੇਸ਼ਾਹੀ ਬਾਰੇ ਕੁਝ ਵੀ ਪਤਾ ਨਹੀਂ ਸੀ।
ਕੁਝ ਸਮੇਂ ਬਾਅਦ ਉਹ ਮੈਨੂੰ ਪਸੰਦ ਕਰਨ ਲੱਗ ਪਏ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੈਨੂੰ ਸੱਚਮੁੱਚ ਕੁਝ ਨਹੀਂ ਪਤਾ ਸੀ।

ਮੋਟਰਸਾਈਕਲ ਮੇਰੀ ਪਹਿਲੀ ਖੋਜ ਵਿੱਚੋਂ ਇੱਕ ਸੀ ਅਤੇ ਮੈਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕੀਤਾ। ਮੈਂ ਜਿੱਥੇ ਚਾਹਾਂ, ਜਾ ਸਕਦਾ ਸੀ।
ਜਦੋਂ ਮੈਂ ਪਹਿਲੀ ਵਾਰ ਇੱਕ ਲੜਕੀ ਨੂੰ ਚੁੰਮਿਆਂ ਤਾਂ ਮੈਨੂੰ ਲੱਗਾ ਜਿਵੇਂ ਮੈਂ ਸਵਰਗ ’ਚ ਹਾਂ। ਮੈਂ ਦੋ ਹਫ਼ਤਿਆਂ ਤੱਕ ਉਸੇ ਖ਼ਿਆਲ ਵਿੱਚ ਗੁਆਚਿਆ ਰਿਹਾ। ਮੈਂ ਬਹੁਤ ਖੁਸ਼ ਸੀ।
ʻਇਨ੍ਹਾਂ ਪਲ਼ਾਂ ਨੇ ਮੈਨੂੰ ਬਦਲ ਦਿੱਤਾʼ
ਮੈਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਅਹਿਸਾਸ ਹੋਇਆ ਕਿ ਮੇਰੇ ਪਾਲਣ-ਪੋਸ਼ਣ ਕਾਰਨ ਮੇਰੇ ’ਚ ਕਾਫੀ ਬਦਲਾਅ ਆਏ ਹਨ। ਮੈਂ ਆਪਣੇ-ਆਪ ’ਚ ਰਹਿ ਰਿਹਾ ਸੀ।
ਮੇਰੇ ਭਰਾ ਮੈਨੂੰ ਬਹੁਤ ਬੁਰਾ ਬੋਲਦੇ ਸਨ ਅਤੇ ਉਹ ਮੇਰੇ ਨਾਲ ਖੇਡਣਾ ਵੀ ਪਸੰਦ ਨਹੀਂ ਸੀ ਕਰਦੇ। ਉਹ ਮੈਨੂੰ ਨਜ਼ਰਅੰਦਾਜ਼ ਕਰਦੇ ਸਨ।
ਉਨ੍ਹਾਂ ਸਾਰਿਆਂ ਦਾ ਆਪਸ ’ਚ ਗੂੜ੍ਹਾ ਸਬੰਧ ਸੀ। ਇਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।
ਮੈਂ ਮਹਿਸੂਸ ਕੀਤਾ ਕਿ ਮੈਨੂੰ ਇਸ ਸਥਿਤੀ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਮੈਨੂੰ ਆਪਣੀ ਖ਼ੁਦ ਦੀ ਪਛਾਣ ਲੱਭਣੀ ਚਾਹੀਦੀ ਹੈ। ਕਿਵੇਂ ਹੋਰ ਲੋਕਾਂ ਨਾਲ ਜੁੜਨਾ ਹੈ ਤੇ ਲੋਕ ਕਿਵੇਂ ਮੇਰੇ ਨਾਲ ਜੁੜਨ, ਇਸ ਬਾਰੇ ਪਤਾ ਲਾਉਣਾ ਚਾਹੀਦਾ ਹੈ।

ਮੈਂ ਉਦੋਂ ਫ਼ੈਸਲਾ ਕੀਤਾ, “ਮੈਂ ਮੱਠ ਵਿੱਚ ਨਹੀਂ ਜਾਵਾਂਗਾ ਤੇ ਉੱਥੇ ਨਹੀਂ ਰਹਾਂਗਾ। ਮੈਂ ਹੁਣ 18 ਦਾ ਹੋ ਗਿਆ ਹਾਂ, ਮੈਨੂੰ ਕੋਈ ਨਹੀਂ ਰੋਕ ਸਕਦਾ। ਮੈਂ ਹੁਣ ਆਜ਼ਾਦ ਹਾਂ।”
ਮੈਂ ਯੋਜਨਾ ਬਣਾਈ ਸੀ ਕਿ ਆਪਣੇ 18ਵੇਂ ਜਨਮ ਦਿਨ ’ਤੇ ਸਪੇਨ ਜਾਣ ਦੀ ਆਗਿਆ ਲਵਾਂਗਾ ਅਤੇ ਉਥੇ ਬੁੱਧ ਭਾਈਚਾਰੇ ਤੋਂ ਆਜ਼ਾਦ ਹੋ ਜਾਵਾਂਗਾ।
ਮੈਂ ਫਿਰ ਚਲਾ ਗਿਆ ਅਤੇ ਇਕ ਸਾਲ ’ਚ ਮੈਨੂੰ ਵਾਪਸ ਆਉਣ ਸਬੰਧੀ ਕਈ ਚਿੱਠੀਆਂ ਰਾਹੀਂ ਦਬਾਅ ਪਾਇਆ ਗਿਆ।
ਇਹ ਮੇਰੇ ਲਈ ਮੁਸ਼ਕਲ ਸੀ ਕਿਉਂਕਿ ਮੈਂ ਚਾਹੁੰਦਾ ਸੀ ਲੋਕ ਖੁਸ਼ ਰਹਿਣ ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਲੋਕਾਂ ਦੀ ਖੁਸ਼ੀ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ।
ਮੈਂ ਆਪਣੀ ਜ਼ਿੰਦਗੀ ਖ਼ੁਦ ਜਿਊਣੀ ਸੀ, ਇਹ ਮੇਰਾ ਹੱਕ ਸੀ। ਕੋਈ ਹੋਰ ਇਸ ਬਾਰੇ ਫ਼ੈਸਲਾ ਨਹੀਂ ਲੈ ਸਕਦਾ।

ਤਸਵੀਰ ਸਰੋਤ, Getty Images
ਜ਼ਿੰਦਗੀ ਵਿੱਚ ਬਦਲਾਅ ਆਇਆ
ਜਦੋਂ ਮੈਂ ਮੱਠ ਨੂੰ ਛੱਡਿਆ ਤਾਂ ਮੈਂ ਇੱਕ ਹੱਦ ਤੋਂ ਪਾਰ ਚਲਾ ਗਿਆ ਸੀ।
ਜਿਨ੍ਹਾਂ ਚੀਜ਼ਾਂ ’ਤੇ ਮੇਰੇ ਲਈ ਪਾਬੰਦੀ ਲਗਾਈ ਹੋਈ ਸੀ, ਹੁਣ ਮੈਂ ਉਨ੍ਹਾਂ ਨੂੰ ਦੇਖ ਸਕਦਾ ਸੀ। ਇਹ ਸਭ ਦੇਖ ਕੇ ਮੈਂ ਬਹੁਤ ਆਕਰਸ਼ਿਤ ਹੋਇਆ।
ਮੇਰੀ ਮਾਂ ਨੂੰ ਇਹ ਲੱਗਿਆ ਕਿ ਮੈਨੂੰ ਇੱਕ ਬੀਚ ’ਤੇ ਲੈ ਕੇ ਜਾਣਾ ਕਾਫੀ ਚੰਗਾ ਹੋਵੇਗਾ ਪਰ ਉਹ ਮੇਰੇ ਲਈ ਬਹੁਤ ਦੁਖੀ ਸੀ।
ਉਹ ਮੈਨੂੰ ਅੱਧੇ ਘੰਟੇ ਲਈ ਛੱਡ ਕੇ ਚਲੀ ਗਈ। ਮੈਂ ਸਦਮੇ ਵਿੱਚ ਚਲਾ ਗਿਆ। ਮੈਂ ਨਗਨ ਨਹੀਂ ਸੀ ਹੋ ਸਕਦਾ।
ਮੈਂ ਉਸ ਸੱਭਿਆਚਾਰ ’ਚੋਂ ਆਇਆ ਸੀ, ਜੋ ਤੰਗ ਮਾਨਸਿਕਤਾ ਵਾਲਾ ਸੀ।
ਮੈਨੂੰ ਨਹੀਂ ਸੀ ਪਤਾ ਕਿੱਥੇ ਦੇਖਣਾ ਹੈ। ਇਸ ਲਈ ਮੈਂ ਫਰਸ਼ ਵੱਲ ਹੀ ਤੱਕਦਾ ਰਿਹਾ। ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ।
ਉਸੇ ਰਾਤ ਉਹ ਮੈਨੂੰ ਇਬੀਜ਼ਾ ਦੇ ਇੱਕ ਕਲੱਬ ਵਿੱਚ ਲੈ ਗਏ। ਉਥੇ ਦਾਖ਼ਲੇ ਲਈ ਉਨ੍ਹਾਂ ਨੇ ਪੈਸੇ ਅਦਾ ਕੀਤੇ ਤੇ ਮੈਨੂੰ ਛੱਡ ਕੇ ਚਲੇ ਗਏ। ਉਥੇ ਬਹੁਤ ਰੌਲਾ-ਰੱਪਾ ਸੀ।
ਮੈਂ ਦੇਖ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਮੈਂ ਹਿੱਲ ਨਹੀਂ ਸੀ ਸਕਦਾ ਕਿਉਂਕਿ ਉਹ ਬਹੁਤ ਭਰਿਆ ਹੋਇਆ ਸੀ।
ਇਹ 2003 ਸੀ। ਲੋਕ ਅੰਦਰ ਹੀ ਸਿਗਰੇਟ ਪੀ ਰਹੇ ਸਨ, ਜਿਸ ਕਰ ਕੇ ਮੈਨੂੰ ਸਾਹ ਨਹੀਂ ਸੀ ਆ ਰਿਹਾ।
ਮੈਂ ਸੋਚਿਆ, “ਠੀਕ ਹੈ ਮੈਂ ਇਸ ਨੂੰ ਆਸਾਨੀ ਨਾਲ ਲਵਾਂਗਾ, ਮੈਂ ਥੋੜ੍ਹੀ ਸ਼ਰਾਬ ਪੀਵਾਂਗਾ।”
ਮੈਂ ਇੱਕ ਘੁੱਟ ਪੀਤੀ ਤੇ ਮੇਰਾ ਮਰਨ ਹੋ ਗਿਆ। ਇਹ ਬਹੁਤ ਗੰਦੀ ਸੀ।
ਫਿਰ ਮੈਂ ਆਪਣੀ ਮਾਂ ਨੂੰ ਕਿਹਾ, "ਮੈਨੂੰ ਅੱਗੇ ਤੋਂ ਕਦੇ ਵੀ ਬੀਚ ਅਤੇ ਕਿਸੇ ਵੀ ਨਾਈਟ ਕਲੱਬ ਵਿੱਚ ਨਾ ਲੈ ਕੇ ਆਇਓ।”
ਮੈਂ ਸਮਾਜਿਕ ਤੌਰ-ਤਰੀਕਿਆਂ ’ਚ ਢਲਣ ਲਈ ਖ਼ੁਦ ਨੂੰ ਸਿਖਲਾਈ ਦਿੱਤੀ।
ਮੈਨੂੰ ਆਪਣੇ-ਆਪ ਨੂੰ ਬਦਲਣ ਲਈ ਬਹੁਤ ਜ਼ਿਆਦਾ ਸਮਾਂ ਲੱਗਿਆ। ਮੈਂ ਆਪਣੀ ਸੋਚ ਤੇ ਸੁਭਾਅ ਨੂੰ ਬਦਲਿਆ।

ਤਸਵੀਰ ਸਰੋਤ, WIKIMEDIA COMMONS
ਮੈਂ ਹੋਰ ਖੁੱਲ੍ਹਦਾ ਗਿਆ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਇਹ ਮੇਰੇ ਲਈ ਸਿਹਤਮੰਦ ਹੈ।
ਹੌਲੀ-ਹੌਲੀ ਮੈਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਇਲੈਕਟ੍ਰਾਨਿਕ ਸੰਗੀਤ ਪਾਰਟੀਆਂ ਦੇ ਪ੍ਰਬੰਧਕਾਂ ਨਾਲ ਮਿਲਣਾ-ਜੁਲਣਾ ਵਧਾਇਆ। ਫਿਰ ਇਬੀਜ਼ਾ ਵਿੱਚ ਪਾਰਟੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤਰ੍ਹਾਂ ਮੈਂ ਬਦਮਾਸ਼ ਬਣ ਗਿਆ ਤੇ ਪੂਰੀ ਤਰ੍ਹਾਂ ਵਿਗੜ ਗਿਆ।
ਮੈਂ ਹੁਣ ਵੀ ਬੋਧੀ ਭਾਈਚਾਰੇ ਦੇ ਸੰਪਰਕ ਵਿੱਚ ਹਾਂ ਪਰ ਮੈਂ ਉਨ੍ਹਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਆਪਣੇ ਰਸਤੇ ਦੀ ਤਲਾਸ਼ ਕਰਨਾ ਚਾਹੁੰਦਾ ਸੀ। ਮੈਂ ਆਪਣੀ ਸ਼ਖ਼ਸੀਅਤ ਨੂੰ ਪਛਾਣਨਾ ਚਾਹੁੰਦਾ ਸੀ ਕਿਉਂਕਿ ਮੇਰੀ ਕੋਈ ਹਸਤੀ ਨਹੀਂ ਸੀ।
ਮੈਨੂੰ ਨਹੀਂ ਪਤਾ ਸੀ ਮੈਂ ਕੌਣ ਹਾਂ। ਮੇਰੇ ਕੋਲ ਮੇਰੀ ਕੋਈ ਪਛਾਣ ਨਹੀਂ ਸੀ।
ਮੈਨੂੰ ਲੋਕਾਂ ਨੂੰ ਮਿਲਣ, ਸਫ਼ਰ ਕਰਨ ਅਤੇ ਬਹੁਤ ਸਾਰੇ ਰੌਚਕ ਪਲਾਂ ਨੂੰ ਮਾਣਨ ਲਈ 15 ਸਾਲ ਲੱਗ ਗਏ।
ਮੈਂ 32 ਸਾਲ ਦੀ ਉਮਰ ਵਿੱਚ ਇੱਕ ਪਿਤਾ ਬਣਿਆ। ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਕਿ ਮੈਂ ਆਪਣੇ ਬੱਚੇ ਨੂੰ ਕੁਝ ਵੱਖਰਾ, ਕੁਝ ਖ਼ਾਸ ਤੇ ਇੱਕ ਸਿਹਤਮੰਦ ਰਿਸ਼ਤਾ ਦੇਵਾਂ। ਜੋ ਮੈਨੂੰ ਬਚਪਨ ਵਿੱਚ ਨਹੀਂ ਮਿਲਿਆ।
ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਪੁੱਤਰ ਇੱਕ ਬਹੁਤ ਹੀ ਖੁਸ਼ ਮਿਜ਼ਾਜ ਬੱਚਾ ਹੈ ਅਤੇ ਭਾਵਨਾਤਮਕ ਸਥਿਰਤਾ ਵਾਲਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












