ਦਲਾਈ ਲਾਮਾ ਨੇ ਬੱਚੇ ਦੇ ਨਾਲ ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ

ਤਸਵੀਰ ਸਰੋਤ, EPA
ਮਸ਼ਹੂਰ ਬੋਧੀ ਗੁਰੂ ਦਲਾਈ ਲਾਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ।
31 ਮਾਰਚ 1959 ਨੂੰ ਧਰਮ ਗੁਰੂ ਦਲਾਈ ਲਾਮਾ ਨੇ ਤਿੱਬਤ ਤੋਂ ਆਪਣੀ ਜਲਾਵਤਨੀ ਤੋਂ ਬਾਅਦ ਭਾਰਤ ਵਿੱਚ ਕਦਮ ਰੱਖਿਆ ਸੀ।
17 ਮਰਚ ਨੂੰ ਉਹ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਪੈਦਲ ਹੀ ਨਿਕਲੇ ਸਨ ਅਤੇ ਹਿਮਾਲਿਆ ਦੇ ਪਹਾੜਾਂ ਨੂੰ ਪਾਰ ਕਰਦਿਆਂ ਹੋਇਆ 15 ਦਿਨਾਂ ਬਾਅਦ ਭਾਰਤੀ ਸੀਮਾ ਵਿੱਚ ਦਾਖ਼ਲ ਹੋਏ ਸਨ।
ਦਲਾਈ ਲਾਮਾ ਨਾਲ ਸਬੰਧਤ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿੱਚ ਉਹ ਇੱਕ ਨਾਬਾਲਗ ਬੱਚੇ ਦੇ ਬੁੱਲ੍ਹਾਂ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਬੱਚੇ ਦੇ ਬੁੱਲਾਂ ਨੂੰ ਚੁੰਮਣ ਤੋਂ ਬਾਅਦ, ਉਹ ਉਸਨੂੰ ਆਪਣੀ ਜੀਭ ਚੂਸਣ ਲਈ ਕਹਿ ਰਹੇ ਹਨ।
ਐਤਵਾਰ ਨੂੰ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ 'ਤੇ ਦਲਾਈ ਲਾਮਾ ਦੀ ਅਲੋਚਣਾ ਹੋਣ ਲੱਗੀ ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਮੁਕਤ ਹੋ ਜਾਣ ਦੀ ਸਲਾਹ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਇਸ ਨੂੰ ਅਸਹਿਜ ਕਰਨ ਵਾਲਾ ਦੱਸ ਰਹੇ ਹਨ। ਇਸ ਵੀਡੀਓ 'ਤੇ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਦਲਾਈ ਲਾਮਾ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬੱਚੇ ਅਤੇ ਉਸ ਦੇ ਪਰਿਵਾਰ ਤੋਂ ਮੁਆਫੀ ਮੰਗੀ ਗਈ ਹੈ।
ਦਲਾਈ ਲਾਮਾ ਵੱਲੋਂ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਹੈੈ, "ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਹਾਲ ਹੀ ਵਿੱਚ ਹੋਈ ਇੱਕ ਮੁਲਾਕਾਤ ਦਾ ਹੈ, ਜਿਸ ਵਿੱਚ ਇੱਕ ਬੱਚਾ ਧਾਰਮਿਕ ਆਗੂ ਦਲਾਈ ਲਾਮਾ ਨੂੰ ਪੁੱਛ ਰਿਹਾ ਹੈ ਕਿ ਕੀ ਉਹ ਉਨ੍ਹਾਂ ਨੂੰ ਜੱਫੀ ਪਾ ਸਕਦਾ ਹੈ।"
ਅੱਗੇ ਲਿਖਿਆ ਹੈ,"ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਬੱਚੇ ਅਤੇ ਉਸ ਦੇ ਪਰਿਵਾਰ ਅਤੇ ਦੁਨੀਆਂ ਭਰ ਦੇ ਦੋਸਤਾਂ ਨੂੰ ਠੇਸ ਪਹੁੰਚੀ ਹੈ, ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇਸ ਘਟਨਾ 'ਤੇ ਅਫ਼ਸੋਸ ਹੈ। ਸਾਡੇ ਧਾਰਮਿਕ ਆਗੂ ਅਕਸਰ ਇਸ ਤਰ੍ਹਾਂ ਲੋਕਾਂ ਨੂੰ ਮਜ਼ਾਕੀਆ ਲਹਿਜ਼ੇ ਵਿੱਚ ਚਿੜਾਉਂਦੇ ਹਨ। ਜਨਤਕ ਤੌਰ 'ਤੇ ਅਤੇ ਕੈਮਰੇ ਦੇ ਸਾਹਮਣੇ ਵੀ। ਉਨ੍ਹਾਂ ਨੂੰ ਇਸ ਘਟਨਾ 'ਤੇ ਅਫ਼ਸੋਸ ਹੈ।"

ਤਸਵੀਰ ਸਰੋਤ, Dalai Lama/Twitter
ਮੇਘਨਾਦ ਨਾਮ ਦੇ ਇੱਕ ਯੂਜ਼ਰ ਨੇ ਦਲਾਈ ਲਾਮਾ ਦੇ ਮੁਆਫ਼ੀ ਵਾਲੇ ਟਵੀਟ ਹੇਠਾਂ ਸੋਮਵਾਰ ਨੂੰ ਇੱਕ ਹੋਰ ਟਵੀਟ ਕਰਦਿਆਂ ਲਿਖਿਆ ਹੈ, "ਦਲਾਈ ਲਾਮਾ ਦਾ ਵੀਡੀਓ ਸਾਬਤ ਕਰਦਾ ਹੈ ਕਿ ਉਨ੍ਹਾਂ ਦਾ ਦਿਮਾਗ ਢਲਾਣ ਵੱਲ ਹੈ। ਇਸ ਲਈ ਉਨ੍ਹਾਂ ਨੂੰ ਸੇਵਾਮੁਕਤ ਹੋ ਕੇ ਆਪਣੀ ਜ਼ਿੰਮੇਵਾਰੀ ਕਿਸੇ ਨੌਜਵਾਨ ਨੂੰ ਸੌਂਪ ਦੇਣੀ ਚਾਹੀਦੀ ਹੈ।"
"ਤੁਸੀਂ ਸਿਆਸੀ ਆਗੂ ਹੋ ਜਾਂ ਧਾਰਮਿਕ ਆਗੂ, ਤੁਹਾਨੂੰ ਰਿਟਾਇਰ ਹੋਣਾ ਸਿੱਖਣਾ ਪਵੇਗਾ। ਘਿਣਾਉਣੇ ਕੰਮ।"
ਵਿਦਿਆ ਕ੍ਰਿਸ਼ਨਨ ਨੇ ਨੇ ਟਵੀਟ ਵਿੱਚ ਲਿਖਿਆ, "ਇਹ ਬੱਚਾ ਜ਼ਿੰਦਗੀ ਭਰ ਡਰਿਆ ਰਹਿ ਸਕਦਾ ਹੈ ਅਤੇ ਉਹ ਅਫਸੋਸ ਜ਼ਾਹਰ ਕਰ ਰਹੇ ਹਨ।"
"ਇਹ ਵੀ ਜਾਣ ਲਓ ਕਿ ਦਲਾਈ ਲਾਮਾ ਨੇ ਬੱਚੇ ਨਾਲ ਜੋ ਕੀਤਾ, ਉਹ ਛੇੜਖਾਨੀ ਨਹੀਂ ਸਗੋਂ ਸ਼ੋਸ਼ਣ ਹੈ।"
ਇੱਕ ਹੋਰ ਟਵਿੱਟਰ ਯੂਜ਼ਰ ਰਾਫੇਲ ਗੋਲਡਸਟੋਨ ਲਿਖਦੇ ਹਨ, "ਦਲਾਈ ਲਾਮਾ ਦਾ ਇੱਕ ਬੱਚੇ ਨੂੰ ਚੁੰਮਣ ਦਾ ਘਿਣਾਉਣਾ ਵੀਡੀਓ ਆਇਆ ਹੈ। ਉਹ ਬੱਚੇ ਨੂੰ ਆਪਣੀ ਜੀਭ ਚੂਸਣ ਲਈ ਕਹਿ ਰਹੇ ਹਨ।

ਕੀ ਸੀ ਮਾਮਲਾ
- ਦਲਾਈ ਲਾਮਾ ਨਾਲ ਸਬੰਧਤ ਜੋ ਵੀਡੀਓ ਵਾਇਰਲ ਹੋ ਰਿਹਾ ਹੈ।
- ਉਹ ਵੀਡੀਓ ਵਿੱਚ ਇੱਕ ਨਾਬਾਲਗ ਬੱਚੇ ਦੇ ਬੁੱਲ੍ਹਾਂ ਨੂੰ ਚੁੰਮਦੇ ਨਜ਼ਰ ਆ ਰਹੇ ਹਨ।
- ਫਿਰ ਉਹ ਬੱਚੇ ਨੂੰ ਆਪਣੀ ਜੀਭ ਚੂਸਣ ਲਈ ਕਹਿ ਰਹੇ ਹਨ।
- ਵੀਡੀਓ ਦੇ ਵਾਇਰਲ ਹੋਣ ਮਗਰੋਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਲਾਈ ਲਾਮਾ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ।

ਤਸਵੀਰ ਸਰੋਤ, Getty Images
ਵਿਵਾਦਤ ਬਿਆਨ ਲਈ ਪਹਿਲਾਂ ਵੀ ਮੰਗੀ ਸੀ ਮੁਆਫੀ
ਦਲਾਈ ਲਾਮਾ ਇਸ ਤੋਂ ਪਹਿਲਾਂ ਵੀ ਵਿਵਾਦਤ ਬਿਆਨਾਂ ਲਈ ਮੁਆਫ਼ੀ ਮੰਗ ਚੁੱਕੇ ਹਨ। ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਕੋਈ ਔਰਤ ਦਲਾਈ ਲਾਮਾ ਬਣਦੀ ਹੈ ਤਾਂ ਉਹ ਆਕਰਸ਼ਕ ਹੋਣੀ ਚਾਹੀਦੀ ਹੈ।
ਪਰ ਬਾਅਦ ਵਿੱਚ ਉਨ੍ਹਾਂ ਦੇ ਦਫ਼ਤਰ ਨੇ ਉਨ੍ਹਾਂ ਦੇ ਸ਼ਬਦਾਂ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਹ ਮਜ਼ਾਕ ਕਰ ਰਹੇ ਸਨ।
"ਉਨ੍ਹਾਂ ਨੇ ਇਸ ਲਈ ਮੁਆਫ਼ੀ ਮੰਗੀ ਹੈ ਕਿ ਉਨ੍ਹਾਂ ਦੀ ਕਹੀ ਗੱਲ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।"
ਦਲਾਈ ਲਾਮਾ ਨੇ ਸ਼ਰਨਾਰਥੀਆਂ ਬਾਰੇ ਵਿਵਾਦਿਤ ਟਿੱਪਣੀ ਕਰਦਿਆਂ ਇਹ ਵੀ ਕਿਹਾ ਸੀ ਕਿ ਯੂਰਪੀ ਸੰਘ ਦੇ ਸ਼ਰਨਾਰਥੀਆਂ ਨੂੰ ਆਪਣੇ ਘਰਾਂ ਨੂੰ ਪਰਤਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਤਿੱਬਤ ਦੀ ਪਰੰਪਰਾ
ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਜੀਭ ਨੂੰ ਬਾਹਰ ਕੱਢਣਾ ਬੇਸ਼ੱਕ ਚੰਗਾ ਨਹੀਂ ਮੰਨਿਆ ਜਾਂਦਾ ਹੈ, ਪਰ ਤਿੱਬਤ ਵਿੱਚ ਇਹ ਕਿਸੇ ਨੂੰ ਸਤਿਕਾਰ ਦਾ ਇੱਕ ਤਰੀਕਾ ਮੰਨਿਆ ਜਾਂਦਾ ਰਿਹਾ ਹੈ।
ਇਹ ਪਰੰਪਰਾ ਨੌਵੀਂ ਸਦੀ ਵਿੱਚ ਪ੍ਰਚਲਿਤ ਹੋਈ ਸੀ। ਉਸ ਦੌਰ ਵਿੱਚ ਲੋਕਾਂ ਵੱਲੋਂ ਸਤਿਕਾਰ ਜ਼ਾਹਿਰ ਕਰਨ ਦਾ ਇਹ ਢੰਗ ਉਥੋਂ ਦੀ ਰਵਾਇਤ ਬਣ ਗਿਆ ਸੀ।

ਤਸਵੀਰ ਸਰੋਤ, Getty Images
ਚੀਨ ਤਿੱਬਤ ਵਿਵਾਦ
ਚੀਨ ਅਤੇ ਤਿੱਬਤ ਵਿਚਾਲੇ ਵਿਵਾਦ, ਤਿੱਬਤ ਦੇ ਕਾਨੂੰਨੀ ਹਾਲਾਤ ਨੂੰ ਲੈ ਕੇ ਹੈ। ਚੀਨ ਦਾ ਸਵਾਲ ਹੈ ਕਿ ਕੀ ਤਿੱਬਤ ਸਦੀਆਂ ਤੱਕ ਇੱਕ ਆਜ਼ਾਦ ਸੂਬਾ ਸੀ ਅਤੇ ਚੀਨ ਦਾ ਉਸ ’ਤੇ ਲਗਾਤਾਰ ਅਧਿਕਾਰ ਨਹੀਂ ਰਿਹਾ।
ਮੰਗੋਲ ਰਾਜਾ ਕੁਬਲਈ ਖਾਨ ਨੇ ਯੂਆਨ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਤੇ ਤਿੱਬਤ ਹੀ ਨਹੀਂ ਬਲਿਕ ਚੀਨ, ਵੀਅਤਨਾਮ ਅਤੇ ਕੋਰੀਆ ਤੱਕ ਆਪਣੇ ਰਾਜ ਦਾ ਵਿਸਥਾਰ ਕੀਤਾ ਸੀ।
ਫਿਰ 17ਵੀਂ ਸਦੀ ਵਿੱਚ ਚੀਨ ਨੇ ਚਿੰਗ ਰਾਜਵੰਸ਼ ਦੇ ਤਿੱਬਤ ਨਾਲ ਸਬੰਧ ਬਣੇ। 260 ਸਾਲ ਦੇ ਰਿਸ਼ਤਿਆਂ ਦੇ ਬਾਅਦ ਚਿੰਗ ਸੈਨਾ ਨੇ ਤਿੱਬਤ ’ਤੇ ਅਧਿਕਾਰ ਲੈ ਲਿਆ।
ਪਰ ਤਿੰਨ ਸਾਲਾਂ ਅੰਦਰ ਉਸ ਨੂੰ ਤਿੱਬਤੀਆਂ ਨੇ ਖਦੇੜ ਦਿੱਤਾ ਤੇ 1912 ਵਿੱਚ 13ਵੇਂ ਦਲਾਈ ਲਾਮਾ ਨੇ ਤਿੱਬਤ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ।
ਫਿਰ 1951 ਵਿੱਚ ਚੀਨੀ ਸੈਨਾ ਨੇ ਇੱਕ ਵਾਰ ਫਿਰ ਤਿੱਬਤ ’ਤੇ ਕਾਬੂ ਪਾ ਲਿਆ ਅਤੇ ਤਿੱਬਤ ਦੇ ਇੱਕ ਸ਼ਿਸ਼ਟਮੰਡਲ ਨਾਲ ਸੰਧੀ ’ਤੇ ਹਸਤਾਖ਼ਰ ਕਰਾ ਲਏ, ਜਿਸ ਦੇ ਤਹਿਤ ਤਿੱਬਤ ਦੀ ਪ੍ਰਭੂਸੱਤਾ ਚੀਨ ਨੂੰ ਸੌਂਪ ਦਿੱਤੀ ਗਈ।
ਦਲਾਈ ਲਾਮਾ ਭਾਰਤ ਭੱਜ ਆਏ ਅਤੇ ਉਦੋਂ ਤੋਂ ਉਹ ਤਿੱਬਤ ਦੀ ਖੁਦਮੁਖਤਿਆਰੀ ਲਈ ਸੰਘਰਸ਼ ਕਰ ਰਹੇ ਹਨ।

ਤਸਵੀਰ ਸਰੋਤ, Getty Images
ਦਲਾਈ ਲਾਮਾ ਦੀ ਭੂਮਿਕਾ
ਚੀਨ ਅਤੇ ਦਲਾਈ ਲਾਮਾ ਦਾ ਇਤਿਹਾਸ ਹੀ ਚੀਨ ਅਤੇ ਤਿੱਬਤ ਦਾ ਇਤਿਹਾਸ ਹੈ। ਸੰਨ 1490 ਵਿੱਚ ਜਦੋਂ ਸਿਖਾਂਪਾ ਨੇ ਜੇਲਗ ਸਕੂਲ ਦੀ ਸਥਾਪਨਾ ਕੀਤੀ ਸੀ।
ਇਸ ਸਕੂਲ ਦੇ ਮਾਧਿਆਮ ਰਾਹੀਂ ਬੌਧੀ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਸੀ।
ਇਹ ਥਾਂ ਭਾਰਤ ਅਤੇ ਚੀਨ ਵਿਚਾਲੇ ਸੀ, ਜਿਸ ਨੂੰ ਤਿੱਬਤ ਨਾਮ ਤੋਂ ਜਾਣਿਆ ਜਾਂਦਾ ਹੈ। ਇਸੇ ਸਕੂਲ ਦੇ ਸਭ ਤੋਂ ਮਸ਼ਹੂਰ ਵਿਦਿਆਰਥੀ ਸਨ ਗੇਂਦਨ ਦਰੁੱਪ।
ਗੇਂਦਨ ਅੱਗੇ ਚੱਲ ਕੇ ਪਹਿਲਾਂ ਦਲਾਈ ਲਾਮਾ ਬਣਿਆ। ਬੁੱਧ ਮੱਤ ਦੇ ਚੇਲੇ ਦਲਾਈ ਲਾਮਾ ਨੂੰ ਇੱਕ ਰੂਪਕ ਵਾਂਗ ਦੇਖਦੇ ਹਨ।
ਇਨ੍ਹਾਂ ਕਰੁਣਾ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਦੂਜੇ ਪਾਸੇ ਇਨ੍ਹਾਂ ਦੇ ਸਮਰਥਕ ਆਪਣੇ ਨੇਤਾ ਵਜੋਂ ਵੀ ਦੇਖਦੇ ਹਨ। ਦਲਾਈ ਲਾਮਾ ਨੂੰ ਮੁੱਖ ਤੌਰ ’ਤੇ ਅਧਿਆਪਕ ਵਜੋਂ ਦੇਖਿਆ ਜਾਂਦਾ ਹੈ।
ਲਾਮਾ ਦਾ ਮਤਲਬ ਗੁਰੂ ਹੁੰਦਾ ਹੈ। ਲਾਮਾ ਆਪਣੇ ਲੋਕਾਂ ਨੂੰ ਸਹੀ ਰਸਤਾ ’ਤੇ ਤੁਰਨ ਲਈ ਪ੍ਰੇਰਣਾ ਦਿੰਦੇ ਹਨ। ਤਿੱਬਤੀ ਬੁੱਧ ਮਤ ਦੇ ਨੇਤਾ ਦੁਨੀਆਂ ਭਰ ਦੇ ਸਾਰੇ ਬੋਧੀਆਂ ਦਾ ਮਾਰਗ ਦਰਸ਼ਨ ਕਰਦੇ ਹਨ।
1630 ਦੇ ਦਹਾਕੇ ਵਿੱਚ ਤਿੱਬਤ ਦੇ ਏਕੀਕਰਨ ਦੇ ਵੇਲੇ ਤੋਂ ਹੀ ਬੋਧੀਆਂ ਅਤੇ ਤਿੱਬਤੀ ਅਗਵਾਈ ਵਿਚਾਲੇ ਲੜਾਈ ਹੈ। ਮਾਨਚੂ ਮੰਗੋਲ ਅਤੇ ਔਈਰਾਤ ਦੇ ਗੁਟਾਂ ਵਿੱਚ ਇੱਥੇ ਸੱਤਾ ਲਈ ਲੜਾਈ ਹੁੰਦੀ ਰਹੀ ਹੈ।
ਅਖੀਰ ਪੰਜਵੇਂ ਦਲਾਈ ਲਾਮਾ ਤਿੱਬਤ ਨੂੰ ਇੱਕ ਕਰਨ ਵਿੱਚ ਸਫ਼ਲ ਰਹੇ ਸਨ। ਇਸ ਦੇ ਨਾਲ ਹੀ ਤਿੱਬਤ ਸਭਿਆਚਾਰਕ ਵਜੋਂ ਸੰਪੰਨ ਬਣਾ ਕੇ ਉਭਰਿਆ ਸੀ। ਤਿੱਬਤ ਦੇ ਏਕੀਕਰਨ ਦੇ ਨਾਲ ਹੀ ਇੱਥੇ ਬੁੱਧ ਮਤ ਵਿੱਚ ਖੁਸ਼ਹਾਲੀ ਆਈ।
ਜੇਲਗ ਬੋਧੀਆਂ ਨੇ 14ਵੇਂ ਦਲਾਈ ਲਾਮਾ ਨੂੰ ਵੀ ਮਾਨਤਾ ਦਿੱਤੀ। ਦਲਾਈ ਲਾਮਾ ਚੁਣਾਵੀਂ ਪ੍ਰਕਿਰਿਆ ਨੂੰ ਲੈ ਕੇ ਹੀ ਵਿਵਾਦ ਰਿਹਾ ਹੈ।
13ਵੇਂ ਦਲਾਈ ਲਾਮਾ ਨੇ 1912 ਵਿੱਚ ਤਿੱਬਤ ਨੂੰ ਸੁਤੰਤਰ ਐਲਾਨ ਦਿੱਤਾ ਸੀ। ਕਰੀਬ 40 ਸਾਲਾਂ ਤੋਂ ਬਾਅਦ ਚੀਨ ਲੋਕਾਂ ਨੇ ਤਿੱਬਤ ’ਤੇ ਹਮਲਾ ਕੀਤਾ।
ਚੀਨ ਦਾ ਇਹ ਹਮਲਾ ਉਦੋਂ ਹੋਇਆ ਜਦੋਂ ਉੱਥੇ 14ਵੇਂ ਦਲਾਈ ਲਾਮਾ ਨੂੰ ਚੁਣਨ ਦੀ ਪ੍ਰਕਿਰਿਆ ਚੱਲ ਰਹੀ ਸੀ।
ਤਿੱਬਤ ਨੂੰ ਇਸ ਲੜਾਈ ਵਿੱਚ ਹਾਰ ਦਾ ਸਾਹਮਣੇ ਕਰਨਾ ਪਿਆ। ਕੁਝ ਸਾਲਾਂ ਬਾਅਦ ਤਿੱਬਤ ਦੇ ਲੋਕਾਂ ਨੇ ਚੀਨੀ ਸ਼ਾਸਨ ਦੇ ਖਿਲਾਫ਼ ਵਿਦਰੋਹ ਕਰ ਦਿੱਤਾ। ਇਹ ਆਪਣੀ ਪ੍ਰਭੂਸੱਤਾ ਦੀ ਮੰਗ ਕਰਨ ਲੱਗੇ।
ਹਾਲਾਂਕਿ, ਵਿਦਰੋਹੀਆਂ ਨੂੰ ਇਸ ਵਿੱਚ ਸਫ਼ਲਤਾ ਨਹੀਂ ਮਿਲੀ। ਦਲਾਈ ਲਾਮਾ ਨੂੰ ਲੱਗਾ ਕਿ ਉਹ ਬੁਰੀ ਤਰ੍ਹਾਂ ਚੀਨੀ ਚੰਗੁਲ ਵਿੱਚ ਫਸ ਜਾਣਗੇ।
ਇਸ ਦੌਰਾਨ ਉਨ੍ਹਾਂ ਨੇ ਭਾਰਤ ਦਾ ਰੁਖ ਕੀਤਾ। ਦਲਾਈ ਲਾਮਾ ਦੇ ਨਾਲ ਵੱਡੀ ਗਿਣਤੀ ਵਿੱਚ ਤਿੱਬਤੀ ਵੀ ਭਾਰਤ ਆਏ ਸਨ।
ਇਹ ਸਾਲ 1959 ਸੀ, ਚੀਨ ਨੂੰ ਭਾਰਤ ਵਿੱਚ ਦਲਾਈ ਲਾਮਾ ਨੂੰ ਸ਼ਰਨ ਮਿਲਣਾ ਚੰਗਾ ਨਹੀਂ ਲੱਗਾ। ਉਦੋਂ ਚੀਨ ਵਿੱਚ ਮਾਓਤਸੋ ਤੁੰਗ ਦਾ ਸ਼ਾਸਨ ਸੀ।
ਦਲਾਈ ਲਾਮਾ ਤੇ ਚੀਨ ਦੇ ਕਮਿਊਨਿਸਟ ਸ਼ਾਸਨ ਵਿਚਾਲੇ ਤਣਾਅ ਵਧਦਾ ਗਿਆ। ਦਲਾਈ ਲਾਮਾ ਨੂੰ ਦੁਨੀਆਂ ਭਰ ਤੋਂ ਹਮਦਰਦੀ ਮਿਲੀ ਪਰ ਹੁਣ ਤੱਕ ਉਹ ਜਲਾਵਤਨੀ ਦੀ ਜ਼ਿੰਦਗੀ ਹੀ ਜੀਅ ਰਹੇ ਹਨ।












