ਔਰਤਾਂ ਦੇ ਇਕੱਲੇ ਘੁੰਮਣ ਲਈ ਸਭ ਤੋਂ ਸੁਰੱਖਿਅਤ ਪੰਜ ਦੇਸ਼ ਇਹ ਹਨ

ਤਸਵੀਰ ਸਰੋਤ, Getty Images
- ਲੇਖਕ, ਲਿੰਡਸੇ ਗੈਲੋਵੇ
- ਰੋਲ, ਲੇਖਕ
ਸੰਸਾਰ ਵਿੱਚ ਇਕੱਲੇ ਘੁੰਮਣ ਦਾ ਰੁਝਾਣ ਵੱਧ ਰਿਹਾ ਹੈ, ਇਹ ਰੁਝਾਣ ਖਾਸ ਤੌਰ ’ਤੇ ਔਰਤਾਂ ਵਿੱਚ ਵੱਧੇਰੇ ਹੈ।
ਨਾਰਵੇ ਕਰੂਜ਼ ਲਾਈਨ ਦੀ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਤਿੰਨ ਯਾਤਰੀਆਂ ਵਿੱਚੋਂ ਇੱਕ ਇਕੱਲਾ ਘੁੰਮਣਾ ਪਸੰਦ ਕਰਦਾ ਹੈ। ਇਸ ਵਿੱਚ ਵੱਡੀ ਉਮਰ ਦੀਆਂ ਔਰਤਾਂ ਅੱਗੇ ਹਨ।
ਟਰੈਵਲ ਨੈਟਵਰਕ ਵਰਟੂਸੋ ਦੀ ਅੰਦਰੂਨੀ ਖੋਜ ਮੁਤਾਬਕ ਇਕੱਲਿਆਂ ਸੈਰ ਸਪਾਟੇ ਉਪਰ ਜਾਣ ਦੇ ਸਾਲ 2022 ਵਿੱਚ ਵਧੇ ਰੁਝਾਣ ਵਿੱਚ ਉਹ ਔਰਤਾਂ ਸ਼ਾਮਿਲ ਸਨ ਜਿੰਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਸੀ।
ਇਸ ਤੋਂ ਪਹਿਲਾਂ ਸਾਲ 2019 ਵਿੱਚ ਉਹਨਾਂ ਦੀ ਗਿਣਤੀ ਸਿਰਫ਼ 4 ਫ਼ੀਸਦੀ ਸੀ। ਉਹਨਾਂ ਨੇ ਇਹ ਆਂਕੜਾ 2022 ਵਿੱਚ 18 ਫ਼ੀਸਦੀ ਕਰ ਦਿੱਤਾ।
ਇਸ ਸਭ ਦੇ ਬਾਵਜੂਦ ਵੀ ਔਰਤਾਂ ਨੂੰ ਵਿਦੇਸ਼ ਯਾਤਰਾ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੋਣਾ ਇਹ ਚਾਹੀਦਾ ਹੈ ਕਿ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਘੁੰਮਣ ਜਾ ਰਹੀਆਂ ਔਰਤਾਂ ਸੁਰੱਖਿਆਤ ਮਹਿਸੂਸ ਕਰਨ।
ਪਰ ਉਹਨਾਂ ਨੂੰ ਕਈ ਤਰ੍ਹਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਲਈ ਸੁਰੱਖਿਆ ਹਾਲੇ ਵੀ ਇੱਕ ਚਿੰਤਾਂ ਦਾ ਵਿਸ਼ਾ ਹੈ।
ਇਸ ਦੌਰਾਨ ਕਈ ਦੇਸ਼ਾਂ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਕਦਮ ਚੁੱਕੇ ਹਨ।
ਔਰਤਾਂ ਦੇ ਸੈਰ ਸਪਾਟੇ ਲਈ ਸੁਰੱਖਿਆ ਨੂੰ ਲੈ ਕੇ ਅਸੀਂ ਕਈ ਮਾਹਿਰਾਂ ਨਾਲ ਗੱਲਬਾਤ ਕੀਤੀ।
ਇਹਨਾਂ ਵਿੱਚ ਜਾਰਜਟਾਊਨ ਯੂਨੀਵਰਸਿਟੀ ਦਾ ਵੂਮੈਨਜ਼ ਪੀਸ ਐਂਡ ਸਕਿਓਰਿਟੀ ਇੰਡੈਕਸ, ਵਿਸ਼ਵ ਆਰਥਿਕ ਫੋਰਮ ਦਾ ਗਲੋਬਲ ਜੈਂਡਰ ਗੈਪ ਰਿਪੋਰਟ ਅਤੇ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਗਲੋਬਲ ਪੀਸ ਇੰਡੈਕਸ ਸ਼ਾਮਿਲ ਹੈ।
ਇਸ ਦੇ ਨਾਲ ਹੀ ਅਸੀਂ ਉਹਨਾਂ ਔਰਤਾਂ ਨਾਲ ਗੱਲ ਕੀਤੀ ਜੋ ਇਕੱਲੀਆਂ ਵੱਡੇ ਦੇਸ਼ਾਂ ਵਿੱਚ ਘੁੰਮੀਆਂ। ਉਹਨਾਂ ਤੋਂ ਜਾਣਿਆ ਕਿ ਕਿਸ ਚੀਜ ਨੇ ਸੁਰੱਖਿਅਤ ਮਹਿਸੂਸ ਕਰਵਾਇਆ।
ਉਹਨਾਂ ਤੋਂ ਯਾਤਰਾ ਕਰਨ ਬਾਰੇ ਗੁਣ ਵੀ ਲਏ ਕਿ ਇਕੱਲਾ ਯਾਤਰੀ ਕਿਵੇਂ ਅੰਨਦ ਲੈ ਸਕਦਾ ਹੈ।

ਤਸਵੀਰ ਸਰੋਤ, Getty Images
ਸਲੋਵੇਨੀਆ
ਸਲੋਵੇਨੀਆ ਨੇ ਹਾਲ ਹੀ ਦੇ ਸਾਲਾਂ ਵਿੱਚ ਔਰਤਾਂ ਦੀ ਸੁਰੱਖਿਆ ਦੀ ਧਾਰਨਾ ਵਿੱਚ ਵੱਡੀ ਤਰੱਕੀ ਕੀਤੀ ਹੈ।
ਡਬਲਯੂ ਪੀ ਐੱਸ ਦੇ ਅਨੁਸਾਰ ਇੱਥੇ 85% ਔਰਤਾਂ ਸੁਰੱਖਿਅਤ ਮਹਿਸੂਸ ਕਦੀਆਂ ਹਨ।
ਕਲੇਅਰ ਰੈਮਸਡੇਲ ਪਹਿਲੀ ਵਾਰ ਜਦੋਂ ਸਲੋਵੇਨੀਆ ਦੀ ਰਾਜਧਾਨੀ ਲੁਬਲਜਾਨਾ ਪਹੁੰਚੇ ਤਾਂ ਉਹ ਫੋਟੋਆਂ ਖਿੱਚਣ ਲਈ ਰਾਤ ਨੂੰ ਸੜਕਾਂ 'ਤੇ ਘੁੰਮਦੇ ਰਹੇ।
ਰੈਮਸਡੇਲ ਵਾਈਲਡਲੈਂਡ ਟ੍ਰੈਕਿੰਗ ਲਈ ਐਡਵੈਂਚਰ ਸਲਾਹਕਾਰ ਅਤੇ ਟ੍ਰੈਵਲ ਬਲੌਗ ‘ਦਿ ਡੀਟੂਰ ਇਫੈਕਟ’ ਚਲਾਉਂਦੇ ਹਨ।
ਉਹ ਕਹਿਦੇ ਹਨ, "ਇਹ ਕਿਸੇ ਹੋਰ ਥਾਂ ’ਤੇ ਮਾੜਾ ਤਜ਼ਰਬਾ ਹੋ ਸਕਦਾ ਸੀ ਪਰ ਇਥੇ ਖੁਸ਼ੀ ਦੇਣ ਵਾਲਾ ਸੀ।"
ਰੈਮਸਡੇਲ ਨੇ ਦੱਸਿਆ, "ਸਲੋਵੇਨੀਆ ਵਿੱਚ ਕਿਸੇ ਨੇ ਵੀ ਮੈਨੂੰ ਕਦੇ ਪਰੇਸ਼ਾਨ ਨਹੀਂ ਕੀਤਾ ਅਤੇ ਮੈਨੂੰ ਨੇਵੀਗੇਸ਼ਨ, ਭਾਸ਼ਾ ਦੀ ਰੁਕਾਵਟ ਜਾਂ ਕਿਸੇ ਹੋਰ ਚੀਜ਼ ਨਾਲ ਕੋਈ ਸਮੱਸਿਆ ਨਹੀਂ ਹੋਈ।"
ਉਹਨਾ ਨੂੰ ਸ਼ਹਿਰ ਤੁਰ ਫਿਰ ਕੇ ਦੇਖਣ ਵਾਲਾ ਲੱਗਿਆ ਅਤੇ ਦੇਸ਼ ਭਰ ਵਿੱਚ ਜਨਤਕ ਆਵਾਜਾਈ ਭਰੋਸੇਮੰਦ ਲੱਗੀ।
ਇੱਕ ਸ਼ੌਕੀਨ ਹਾਈਕਰ ਦੇ ਰੂਪ ਵਿੱਚ ਰੈਮਸਡੇਲ ਬਾਹਰੀ ਅਤੇ ਅਲਪਾਈਨ ਪਹਾੜਾਂ ਨੂੰ ਦੇਖਣ ਸਲੋਵੇਨੀਆ ਆਏ ਸਨ।
ਉਹਨਾਂ ਨੇ ਪਾਇਆ ਕਿ ਉਨ੍ਹਾਂ ਨੂੰ ਇੱਕ ਇਕਾਂਤ ਅਤੇ ਸੁਰੱਖਿਆ ਮਾਹੌਲ ਦਾ ਆਦਰਸ਼ ਮਿਸ਼ਰਣ ਮਿਲਿਆ।
ਰਾਮਸਡੇਲ ਦੱਸਦੇ ਹਨ, "ਮੈਂ ਅਕਸਰ ਮਹਿਸੂਸ ਕਰਦੀ ਸੀ ਕਿ ਉਜਾੜ ਵਿੱਚ ਖੜੀ ਹਾਂ ਪਰ ਮੈਂ ਹਮੇਸ਼ਾ ਇਹ ਵੀ ਜਾਣਦੀ ਸੀ ਕਿ ਜੇਕਰ ਕਿਸੇ ਕਿਸਮ ਦੀ ਐਮਰਜੈਂਸੀ ਆਵੇਗੀ ਤਾਂ ਨੇੜੇ ਹੀ ਇੱਕ ਕਸਬਾ ਹੈ।"
“ਮੈਂ ਕਦੇ ਇਕੱਲੀ ਮਹਿਸੂਸ ਨਹੀਂ ਕੀਤਾ, ਇਹ ਮਨ ਨੂੰ ਸ਼ਾਂਤੀ ਦਿੰਦਾ ਸੀ।"
ਉਹ ਸੈਲਾਨੀਆਂ ਨੂੰ ਫਿਰੋਜ਼ੀ ਸੋਕਾ ਨਦੀ 'ਤੇ ਰੁਕਣ ਦੀ ਸਲਾਹ ਦਿੰਦੇ ਹਨ ਜੋ ਕਿ ਇਤਾਲਵੀ ਸਰਹੱਦ ਦੇ ਨੇੜੇ ਪੱਛਮੀ ਪਾਸੇ ਉਪਰ ਹੈ।
ਇੱਥੇ ਹਾਈਕਰ ਪਾਣੀ ਦੇ ਨਾਲ ਸ਼ਾਂਤਮਈ ਸੈਰ ਦਾ ਆਨੰਦ ਲੈ ਸਕਦੇ ਹਨ।

ਤਸਵੀਰ ਸਰੋਤ, Getty Images
ਰਵਾਂਡਾ
ਡਬਲਯੂ ਪੀ ਐੱਸ ਅਨੁਸਾਰ 55% ਔਰਤਾਂ ਦੀ ਪ੍ਰਤੀਨਿਧਾਂ ਨਾਲ ਰਵਾਂਡਾ ਦੀ ਸੰਸਦ ਲਿੰਗ ਸਮਾਨਤਾ ਲਈ ਵਿਸ਼ਵ ਵਿੱਚ ਪਹਿਲੇ ਨੰਬਰ 'ਤੇ ਹੈ।
ਰਵਾਂਡਾ ਕਮਿਊਨਿਟੀ ਸੁਰੱਖਿਆ ਦੀ ਸੂਚਕਾਂਕ ਦੀ ਧਾਰਨਾ ਵਿੱਚ ਵੀ ਉੱਚ ਦਰਜੇ 'ਤੇ ਹੈ।
ਗਲੋਬਲ ਜੈਂਡਰ ਗੈਪ ਇੰਡੈਕਸ ਵਿੱਚ ਇਹ ਦੁਨੀਆ ਵਿੱਚ ਛੇਵੇਂ ਸਥਾਨ 'ਤੇ ਹੈ।
ਇਹ ਸੰਸਥਾ ਦੇਖਦੀ ਹੈ ਕਿ ਇੱਕ ਦੇਸ਼ ਦੇ ਅਰਥਿਕਤਾ, ਸਿੱਖਿਆ, ਸਿਹਤ ਸੰਭਾਲ ਅਤੇ ਰਾਜਨੀਤਿਕ ਭਾਗੀਦਾਰੀ ਵਰਗੇ ਮਾਮਲਿਆਂ ਵਿੱਚ ਕਿੰਨੀ ਬਰਾਬਰੀ ਹੈ।
ਰੇਬੇਕਾ ਹੈਨਸਨ ਪਹਿਲੀ ਵਾਰ 2019 ਵਿੱਚ ਡੈਨਮਾਰਕ ਤੋਂ ਰਵਾਂਡਾ ਗਏ ਸਨ।
ਹੈਨਸਨ ਇਸ ਦੇਸ਼ ਨੂੰ ਇਕੱਲੇ ਯਾਤਰਾ ਲਈ ਬਹੁਤ ਸੁਰੱਖਿਅਤ ਸਮਝਦੇ ਸਨ।
ਉਨ੍ਹਾਂ ਕਿਹਾ, "ਲਗਭਗ ਹਰ ਥਾਂ 'ਤੇ ਦਿਨ-ਰਾਤ ਪੁਲਿਸ ਅਤੇ ਫੌਜੀ ਮੌਜੂਦ ਸੀ।"
ਉਹ ਦੱਸਦੇ ਹਨ, "ਪਹਿਲਾਂ ਤਾਂ ਇਹ ਡਰਾਉਣਾ ਲੱਗਦਾ ਹੈ ਪਰ ਤੁਸੀਂ ਛੇਤੀ ਹੀ ਜਾਣਦੇ ਹੋ ਕਿ ਇਹ ਦੋਸਤਾਂ ਵਰਗੇ ਲੋਕ ਹਨ ਅਤੇ ਹਮੇਸ਼ਾ ਮਦਦ ਕਰਨ ਲਈ ਤਿਆਰ ਰਹਿੰਦੇ ਹਨ।"

ਇਕੱਲੇ ਘੁੰਮਣ ਬਾਰੇ ਖਾਸ ਗੱਲਾਂ
- ਸੰਸਾਰ ਵਿੱਚ ਇਕੱਲੇ ਘੁੰਮਣ ਦਾ ਰੁਝਾਣ ਵੱਧ ਰਿਹਾ ਹੈ, ਇਹ ਰੁਝਾਣ ਖਾਸ ਤੌਰ ’ਤੇ ਔਰਤਾਂ ਵਿੱਚ ਵੱਧੇਰੇ ਹੈ।
- ਸਾਲ 2022 ਵਿੱਚ ਵਧੇ ਰੁਝਾਣ ਵਿੱਚ ਉਹ ਔਰਤਾਂ ਸ਼ਾਮਿਲ ਸਨ ਜਿੰਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਸੀ।
- ਔਰਤਾਂ ਹਾਲੇ ਵੀ ਘੁੰਮਣ ਸਮੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ
- ਸਾਲ 2019 ਵਿੱਚ ਉਹਨਾਂ ਦੀ ਗਿਣਤੀ ਸਿਰਫ਼ 4 ਫ਼ੀਸਦੀ ਸੀ ਪਰ 2022 ਵਿੱਚ 18 ਫ਼ੀਸਦੀ ਹੋ ਗਈ

ਰੇਬੇਕਾ ਹੈਨਸਨ ਨੇ ਕਿਹਾ ਕਿ ਇੱਥੇ ਲੋਕ ਆਮ ਤੌਰ 'ਤੇ ਤੁਹਾਨੂੰ ਪਰੇਸ਼ਾਨ ਨਹੀਂ ਕਰਦੇ ਪਰ ਕਦੇ-ਕਦਾਈਂ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਹਨ। "ਤੁਸੀਂ ਕਿਵੇਂ ਹੋ?" ਜਾਂ "ਗੁੱਡ ਮਾਰਨਿੰਗ।"
ਅੰਗਰੇਜ਼ੀ ਅਤੇ ਫ੍ਰੈਂਚ ਰਵਾਂਡਾ ਦੀਆਂ ਦੋ ਅਧਿਕਾਰਤ ਭਾਸ਼ਾਵਾਂ ਹਨ।
ਰਵਾਂਡਾ ਨੂੰ 1994 ਵਿੱਚ ਤੁਤਸੀ ਲੋਕਾਂ ਦੀ ਨਸਲਕੁਸ਼ੀ ਤੋਂ ਬਾਅਦ ਸ਼ਾਂਤੀ ਅਤੇ ਸੁਲ੍ਹਾ-ਸਫ਼ਾਈ ਲਈ ਕੰਮ ਕਰਨ ਵਾਲੇ ਇੱਕ ਨੇਤਾ ਵਾਂਗ ਰੱਖਿਆ ਗਿਆ।
ਰਵਾਂਡਾ ਵਿੱਚ ਬਹੁਤ ਸਾਰੀਆਂ ਯਾਦਗਾਰਾਂ ਹਨ।
ਹੈਨਸਨ ਸੈਲਾਨੀਆਂ ਨੂੰ ਰਾਜਧਾਨੀ ਵਿੱਚ ਕਿਗਾਲੀ ਨਸਲਕੁਸ਼ੀ ਯਾਦਗਾਰ ਦੇਖਣ ਦਾ ਸੁਝਾਅ ਦਿੰਦੇ ਹਨ।
ਇਹ ਨਾ ਸਿਰਫ ਇੱਥੇ ਨਸਲਕੁਸ਼ੀ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਬਲਕਿ ਦੁਨੀਆ ਭਰ ਦੀਆਂ ਹੋਰ ਉਦਾਹਰਣਾਂ ਅਤੇ ਖਤਰਿਆਂ ਨੂੰ ਵੀ ਬਿਆਨ ਕਰਦਾ ਹੈ।
ਹਾਲਾਂਕਿ ਇਹ ਮਹਿੰਗਾ ਹੈ ਪਰ ਏਥੇ ਦੇ ਪਹਾੜੀ ਗੋਰਿਲਾ, ਨਿਯੁੰਗਵੇ ਨੈਸ਼ਨਲ ਪਾਰਕ, ਵਾਲਕੇਨੋਜ਼ ਨੈਸ਼ਨਲ ਪਾਰਕ ਅਤੇ ਅਕੇਗੇਰਾ ਨੈਸ਼ਨਲ ਪਾਰਕ ਦੇਖਣ ਵਾਲੇ ਹਨ।

ਤਸਵੀਰ ਸਰੋਤ, Getty Images
ਸੰਯੁਕਤ ਅਰਬ ਅਮੀਰਾਤ
ਸੰਯੁਕਤ ਅਰਬ ਅਮੀਰਾਤ ਔਰਤਾਂ ਦੀ ਸਕੂਲੀ ਸਿੱਖਿਆ ਅਤੇ ਵਿੱਤੀ ਮੌਕੇ ਪ੍ਰਦਾਨ ਕਰਨ ਨਾਲ ਲਿੰਗ ਸਮਾਨਤਾ ਦਾ ਝੰਡਾ ਬਰਦਾਰ ਬਣ ਕੇ ਉਭਰ ਰਿਹਾ ਹੈ।
ਇਹ ਹਾਲ ਹੀ ਵਿੱਚ ਸੰਸਦ ਵਿੱਚ ਲਿੰਗ ਸਮਾਨਤਾ ਤੱਕ ਪਹੁੰਚਿਆ ਹੈ।
ਇਹ ਕਮਿਊਨਿਟੀ ਸੁਰੱਖਿਆ ਦੀ ਸ਼੍ਰੇਣੀ ਵਿੱਚ ਉਪਰ ਹੈ।
ਇਥੇ 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ 98.5% ਔਰਤਾਂ ਨੇ ਕਿਹਾ ਹੈ ਕਿ ਉਹ "ਸ਼ਹਿਰ ਵਿੱਚ ਰਾਤ ਨੂੰ ਇਕੱਲੇ ਤੁਰਨ ਸਮੇਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ"।
ਯਾਤਰਾ ਬੀਮਾ ਕੰਪਨੀ ਇੰਸ਼ੋਰ ਮਾਈ ਟ੍ਰਿਪ ਨੇ ਇੱਕ ਸੂਚਕਾਂਕ ਦੇ ਆਧਾਰ 'ਤੇ ਇਕੱਲੇ ਮਹਿਲਾ ਯਾਤਰੀਆਂ ਲਈ ਦੁਬਈ ਨੂੰ ਸਭ ਤੋਂ ਸੁਰੱਖਿਅਤ ਸ਼ਹਿਰ ਦੱਸਿਆ ਹੈ।
ਪੈਰਿਸ ਅਤੇ ਦੁਬਈ ਵਿੱਚ ਰਹੇ ਸੈਂਡੀ ਔਆਡ ਕਹਿੰਦੇ ਹਨ ਕਿ ਉਹਨਾਂ ਨੇ ਸ਼ਹਿਰ ਵਿੱਚ ਹਮੇਸ਼ਾ ਸੁਰੱਖਿਅਤ ਮਹਿਸੂਸ ਕੀਤਾ ਹੈ।
ਸੈਂਡੀ ਔਆਡ ਇਕੱਲੇ ਯਾਤਰੀਆਂ ਲਈ ਰੇਤੇ ਦਾ ਸਫਾਰ ਕਰਨ ਦੀ ਸਿਫ਼ਾਰਸ਼ ਕਰਦੇ ਹਨ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਆਸਾਨ ਹੁੰਦਾ ਹੈ।
ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਵਧੇਰੇ ਦਲੇਰ ਮਹਿਸੂਸ ਕਰ ਰਹੇ ਹੋ, ਤਾਂ ਪਾਮ ਡ੍ਰੌਪਜ਼ੋਨ ਉੱਤੇ ਸਕਾਈਡਾਈਵਿੰਗ ਕਰਨਾ ਵੀ ਮਜ਼ੇਦਾਰ ਹੈ।

ਤਸਵੀਰ ਸਰੋਤ, Getty Images
ਜਾਪਾਨ
ਜਾਪਾਨ ਗਲੋਬਲ ਪੀਸ ਇੰਡੈਕਸ ਵਿੱਚ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ।
ਇੱਥੇ ਹਿੰਸਕ ਅਪਰਾਧ ਬਹੁਤ ਘੱਟ ਹੈ।
ਜਾਪਾਨ ਵਿੱਚ ਔਰਤਾਂ ਲਈ ਕੁਝ ਰੂਟਾਂ ਉਪਰ ਖਾਸ ਵਾਹਨ ਚੱਲਣ ਦਾ ਸੱਭਿਆਚਾਰ ਹੈ।
ਇਕੱਲੇ ਖਾਣ ਅਤੇ ਇਕੱਲੇ ਗਤੀਵਿਧੀਆਂ ਕਰਨਾ ਵੀ ਇੱਥੇ ਦੇ ਸਭਿਆਚਾਰ ਦਾ ਹਿੱਸਾ ਹੈ।
ਜਾਪਾਨ ਵਿੱਚ ਪੈਦਾ ਹੋਏ ਮੀਕਾ ਵ੍ਹਾਈਟ ਕਹਿੰਦੇ ਹਨ, "ਜਨਸੰਖਿਆ ਕਾਰਨ ਲੋਕ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਅਤੇ ਇੱਕ ਸੱਭਿਆਚਾਰ ਵਜੋਂ 'ਇਕੱਲੇ ਸਮਾਂ' ਬਿਤਾਉਂਦੇ ਹਨ, ਉਹ ‘ਇਕੱਲੇ' ਯਾਤਰਾ ਕਰਦੇ ਹਨ।"
"ਮੈਗਜ਼ੀਨਾਂ ਵਿੱਚ ਅਕਸਰ ਸਭ ਤੋਂ ਵਧੀਆ ਸੋਲੋ ਕਰਾਓਕੇ, ਸੋਲੋ ਰਾਮੇਨ ਦੀਆਂ ਦੁਕਾਨਾਂ ਅਤੇ ਸੋਲੋ ਆਨਸੇਨ ਬਾਰੇ ਲਿਖਿਆ ਜਾਂਦਾ ਹੈ।"
ਉਹ ਉਹਨਾਂ ਸੈਲਾਨੀਆਂ ਨੂੰ ਜੋ ਪਰੰਪਰਾਗਤ ਸੈਰ-ਸਪਾਟਾ ਦੀਆਂ ਥਾਵਾਂ ਤੋਂ ਅਲੱਗ ਕੁਝ ਦੇਖਣਾ ਚਾਹੁੰਦੇ ਹਨ, ਤੱਟਵਰਤੀ ਸ਼ਹਿਰ ਕਾਨਾਜ਼ਾਵਾ ਦੇਖਣ ਦੀ ਸਲਾਹ ਦਿੰਦੇ ਹਨ।
ਇਹ ਸਮੁਰਾਈ ਦੇ ਘਰ ਵਜੋਂ ਜਾਣਿਆ ਜਾਂਦਾ ਹੈ ।
ਉਹ ਕਹਿੰਦੇ ਹਨ, "ਤਕਾਯਾਮਾ ਵਿੱਚ ਸੁੰਦਰ ਪਰੰਪਰਾਗਤ ਆਰਕੀਟੈਕਚਰ ਅਤੇ ਸੇਕ ਬਰਿਊਬੇਰੀ ਹਨ।"
ਉਹ ਤਾਕਾਯਾਮਾ ਸ਼ੋਆ-ਕਾਨ ਮਿਊਜ਼ੀਅਮ ਦੀ ਵੀ ਸਿਫ਼ਾਰਸ਼ ਕਰਦੇ ਹਨ।
ਇਹ 1926 ਤੋਂ 1989 ਤੱਕ ਸਮਰਾਟ ਹੀਰੋਹਿਤੋ ਦੇ ਸ਼ਾਸਨਕਾਲ ਤੋਂ ਪੌਪ ਸੱਭਿਆਚਾਰ ਦੀਆਂ ਕਲਾਕ੍ਰਿਤੀਆਂ ਨੂੰ ਪੇਸ਼ ਕਰਦਾ ਹੈ।

ਤਸਵੀਰ ਸਰੋਤ, Getty Images
ਨਾਰਵੇ
ਨਾਰਵੇ ਘੁੰਮਣ ਲਈ ਸ਼ਾਨਦਾਰ ਦੇਸ਼ ਵੱਜੋਂ ਜਾਣਿਆਂ ਜਾਂਦਾ ਹੈ।
ਇਥੇ ਐੱਲਜੀਬੀਟੀਕਿਊ ਅਤੇ ਇਕੱਲੇ ਯਾਤਰੀਆਂ ਯਾਨੀ ਸਭ ਲਈ ਥਾਂ ਹੈ।
ਓਸਲੋ ਦੇ ਰਹਿਣ ਵਾਲੇ ਅਤੇ ਅੱਪ ਨਾਰਵੇ ਦੇ ਸੰਸਥਾਪਕ ਟੋਰਨ ਟ੍ਰੋਨਵੈਂਗ ਕਹਿੰਦੇ ਹਨ ਕਿ ਇੱਥੇ ਦਾ ਸੱਭਿਆਚਾਰ ਸਮਾਜਿਕ ਤੌਰ 'ਤੇ ਸਹਿਣਸ਼ੀਲ ਅਤੇ ਭਰੋਸੇਮੰਦ ਹੈ। ਇਹ ਇਸ ਨੂੰ ਇਕੱਲੀਆਂ ਔਰਤਾਂ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ।
ਉਹ ਕਹਿੰਦੇ ਹਨ, "ਤੁਸੀਂ ਕੈਫੇ ਵਿੱਚ ਨਾਲ ਬੈਠੇ ਵਿਅਕਤੀ ਨੂੰ ਆਪਣੀਆਂ ਚੀਜ਼ਾਂ ਦੀ ਦੇਖਭਾਲ ਲਈ ਕਹਿ ਸਕਦੇ ਹੋ।"
ਉਹ ਮਾਣ ਨਾਲ ਦੱਸਦੇ ਹਨ ਕਿ ਇੱਥੇ ਔਰਤਾਂ ਕਿੰਨੇ ਕਾਰੋਬਾਰ ਚਲਾਉਂਦੀਆਂ ਹਨ।
ਉਹਨਾਂ ਨੇ ਦੇਸ਼ ਭਰ ਦੇ ਪੇਂਡੂ ਖੇਤਰਾਂ ਵਿੱਚ ਖਾਣ ਅਤੇ ਰਹਿਣ ਲਈ ਪ੍ਰਸਿੱਧ ਥਾਵਾਂ ਬਣਾਈਆਂ ਹਨ।












