ਭਾਰਤ ਵਿੱਚ ਪੰਜ ਹਫ਼ਤਿਆਂ ਤੋਂ ਫਸਿਆ ਬ੍ਰਿਟਿਸ਼ ਲੜਾਕੂ ਜਹਾਜ਼ ਆਖਰਕਾਰ ਉਡਾਣ ਭਰਨ ਲਈ ਤਿਆਰ ਹੈ, ਜਾਣੋ ਹੁਣ ਤੱਕ ਕੀ ਕੁਝ ਹੋਇਆ

ਭਾਰਤ ਵਿੱਚ ਫਸਿਆ ਬ੍ਰਿਟਿਸ਼ ਲੜਾਕੂ ਜਹਾਜ਼
ਤਸਵੀਰ ਕੈਪਸ਼ਨ, ਐੱਫ-35ਬੀ ਨਾਮ ਦਾ ਇਹ ਲੜਾਕੂ ਜਹਾਜ਼ 14 ਜੂਨ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਉਤਰਿਆ ਸੀ
    • ਲੇਖਕ, ਗੀਤਾ ਪਾਂਡੇ ਅਤੇ ਅਸ਼ਰਫ਼ ਪਡੰਨਾ
    • ਰੋਲ, ਬੀਬੀਸੀ ਨਿਊਜ਼, ਦਿੱਲੀ ਅਤੇ ਤਿਰੂਵਨੰਤਪੁਰਮ, ਕੇਰਲ ਤੋਂ

ਇੱਕ ਅਤਿ-ਆਧੁਨਿਕ ਬ੍ਰਿਟਿਸ਼ ਲੜਾਕੂ ਜਹਾਜ਼ ਜੋ ਪਿਛਲੇ ਪੰਜ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਇੱਕ ਭਾਰਤੀ ਹਵਾਈ ਅੱਡੇ 'ਤੇ ਫਸਿਆ ਹੋਇਆ ਹੈ, ਆਖ਼ਰਕਾਰ ਮੰਗਲਵਾਰ ਨੂੰ ਉਡਾਣ ਭਰਨ ਲਈ ਤਿਆਰ ਹੈ।

ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਐਫ-35ਬੀ ਨੂੰ "ਅੱਜ ਹੈਂਗਰ ਤੋਂ ਵਾਪਸ ਖਿੱਚਿਆ ਜਾਣਾ ਹੈ ਅਤੇ ਮੰਗਲਵਾਰ ਨੂੰ ਇਸਦੀ ਰਵਾਨਗੀ ਤਹਿ ਕੀਤੀ ਗਈ ਹੈ"।

ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ "ਸਾਡੇ ਕੋਲ ਕੋਈ ਤਕਨੀਕੀ ਵੇਰਵੇ ਨਹੀਂ ਹਨ।''

ਐੱਫ-35ਬੀ ਨਾਮ ਦਾ ਇਹ ਲੜਾਕੂ ਜਹਾਜ਼ 14 ਜੂਨ ਨੂੰ ਭਾਰਤ ਦੇ ਦੱਖਣੀ ਸੂਬੇ ਕੇਰਲਾ ਦੇ ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਉਤਾਰਿਆ ਗਿਆ ਸੀ।

ਦਰਅਸਲ, ਹਿੰਦ ਮਹਾਸਾਗਰ ਉੱਤੇ ਇੱਕ ਉਡਾਣ ਦੌਰਾਨ ਇਹ ਜਹਾਜ਼ ਖਰਾਬ ਮੌਸਮ ਦੀ ਚਪੇਟ ਵਿੱਚ ਆ ਗਿਆ ਸੀ, ਜਿਸ ਮਗਰੋਂ ਇਸ ਵਿੱਚ ਇੱਕ ਤਕਨੀਕੀ ਖਰਾਬੀ ਪੈਦਾ ਹੋ ਗਈ।

ਭਾਰਤੀ ਧਰਤੀ 'ਤੇ ਇਸਦੀ ਲੰਮੇ ਸਮੇਂ ਤੱਕ ਮੌਜੂਦਗੀ ਨੇ ਉਤਸੁਕਤਾ ਪੈਦਾ ਕੀਤੀ ਅਤੇ ਸਵਾਲ ਖੜ੍ਹੇ ਕੀਤੇ ਕਿ ਇੰਨਾ ਆਧੁਨਿਕ ਜਹਾਜ਼ ਇੰਨੇ ਲੰਬੇ ਸਮੇਂ ਤੱਕ ਕਿਸੇ ਵਿਦੇਸ਼ੀ ਧਰਤੀ 'ਤੇ ਕਿਵੇਂ ਫਸਿਆ ਰਹਿ ਸਕਦਾ ਹੈ।

ਜਹਾਜ਼ ਨੂੰ ਠੀਕ ਕਰਨ ਦੀ ਜੱਦੋ-ਜਹਿਦ

ਬ੍ਰਿਟਿਸ਼ ਲੜਾਕੂ ਜਹਾਜ਼

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਹਿੰਦ ਮਹਾਸਾਗਰ ਉੱਤੇ ਇੱਕ ਉਡਾਣ ਦੌਰਾਨ ਇਹ ਜਹਾਜ਼ ਖਰਾਬ ਮੌਸਮ ਦੀ ਚਪੇਟ ਵਿੱਚ ਆ ਗਿਆ ਸੀ, ਜਿਸ ਮਗਰੋਂ ਇਸ ਵਿੱਚ ਇੱਕ ਤਕਨੀਕੀ ਖਰਾਬੀ ਪੈਦਾ ਹੋ ਗਈ

ਇਹ ਜਹਾਜ਼ ਐੱਚਐੱਮਐੱਸ ਪ੍ਰਿੰਸ ਆਫ਼ ਵੇਲਜ਼ ਦੇ ਬੇੜੇ ਦਾ ਹਿੱਸਾ ਹੈ ਅਤੇ ਜਦੋਂ ਇਹ ਵਾਪਸ ਨਾ ਪਰਤ ਸਕਿਆ ਤਾਂ ਰਾਇਲ ਨੇਵੀ ਦੇ ਫਲੈਗਸ਼ਿਪ ਕੈਰੀਅਰ ਦੇ ਇੰਜੀਨੀਅਰਾਂ ਨੂੰ ਇਸ ਨੂੰ ਠੀਕ ਕਰਨ ਲਈ ਭਾਰਤ ਆਉਣਾ ਪਿਆ।

ਪਰ ਉਹ ਇਸਦੀ ਮੁਰੰਮਤ ਕਰਨ ਵਿੱਚ ਅਸਮਰੱਥ ਸਨ, ਅਤੇ ਦੋ ਹਫ਼ਤੇ ਪਹਿਲਾਂ, ਯੂਕੇ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਨੇ 14 ਇੰਜੀਨੀਅਰਾਂ ਦੀ ਇੱਕ ਟੀਮ "ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਐਫ-35ਬੀ ਲੜਾਕੂ ਜਹਾਜ਼ ਦੀ ਜਾਂਚ ਅਤੇ ਮੁਰੰਮਤ ਕਰਨ ਲਈ" ਤਾਇਨਾਤ ਕੀਤੀ ਸੀ।

ਇੱਕ ਬਿਆਨ ਵਿੱਚ ਕਿਹਾ ਗਿਆ ਕਿ ਟੀਮ ਕੋਲ ਮੁਰੰਮਤ ਪ੍ਰਕਿਰਿਆ ਲਈ ਲੋੜੀਂਦੇ ਮਾਹਰ ਉਪਕਰਣ ਸਨ। ਉਸ ਸਮੇਂ ਦੇ ਵੀਡੀਓਜ਼ ਵਿੱਚ ਐਫ-35ਬੀ ਨੂੰ ਹੈਂਗਰ (ਇੱਕ ਅਜਿਹੀ ਇਮਾਰਤ ਜਾਂ ਸਰੰਚਨਾ ਜਿਸ ਨੂੰ ਜਹਾਜ਼ ਜਾਂ ਪੁਲਾੜ ਯਾਨ ਰੱਖਣ ਲਈ ਤਿਆਰ ਕੀਤਾ ਜਾਂਦਾ ਹੈ) ਵਿੱਚ ਖਿੱਚਦੇ ਹੋਏ ਦੇਖਿਆ ਗਿਆ।

ਇਹ ਕਿਆਸ ਵੀ ਲਗਾਏ ਜਾ ਰਹੇ ਸਨ ਕਿ ਜੇਕਰ ਤਕਨੀਕੀ ਮਾਹਰ ਜਹਾਜ਼ ਦੀ ਮੁਰੰਮਤ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਇਸਦੇ ਵੱਖ-ਵੱਖ ਹਿੱਸਿਆਂ ਨੂੰ ਖੋਲ੍ਹਣਾ ਪਵੇਗਾ ਅਤੇ ਫਿਰ ਇੱਕ ਵੱਡੇ ਕਾਰਗੋ ਜਹਾਜ਼ ਜਿਵੇਂ ਕਿ ਸੀ-17 ਗਲੋਬਮਾਸਟਰ ਟ੍ਰਾਂਸਪੋਰਟ ਜਹਾਜ਼ ਵਿੱਚ ਲਿਜਾਣਾ ਪਵੇਗਾ।

ਜਹਾਜ਼ 'ਤੇ ਬਣੇ ਬਹੁਤ ਸਾਰੇ ਮੀਮਜ਼

ਬ੍ਰਿਟਿਸ਼ ਲੜਾਕੂ ਜਹਾਜ਼

ਤਸਵੀਰ ਸਰੋਤ, Kerala Tourism

ਤਸਵੀਰ ਕੈਪਸ਼ਨ, ਕੇਰਲ ਸਰਕਾਰ ਦਾ ਟੂਰਿਜ਼ਮ ਵਿਭਾਗ ਵੀ ਐਕਸ 'ਤੇ ਇੱਕ ਪੋਸਟ ਦੇ ਨਾਲ ਇਸ ਮੀਮ ਫੈਸਟ ਵਿੱਚ ਸ਼ਾਮਲ ਹੋਇਆ

ਕੇਰਲ ਦੀ ਬਾਰਿਸ਼ 'ਚ ਭਿੱਜਦੇ ਐੱਫ-35ਬੀ ਦੀਆਂ ਤਸਵੀਰਾਂ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਤੇਜ਼ੀ ਨਾਲ ਵਾਇਰਲ ਹੋਈਆਂ ਹਨ। ਇਸ 'ਤੇ ਬਹੁਤ ਸਾਰੇ ਮੀਮਜ਼ ਵੀ ਬਣੇ ਹਨ।

ਇੱਕ ਵਾਇਰਲ ਮਜ਼ਾਕੀਆ ਪੋਸਟ ਵਿੱਚ ਆਖਿਆ ਗਿਆ ਕਿ ਇਹ ਜੈੱਟ ਔਨਲਾਈਨ ਸਾਈਟ 'ਤੇ 4 ਮਿਲੀਅਨ ਡਾਲਰ ਦੀ ਕੀਮਤ 'ਤੇ ਵਿਕਾਉ ਹੈ। ਸੂਚੀ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜੈੱਟ ਵਿੱਚ "ਆਟੋਮੈਟਿਕ ਪਾਰਕਿੰਗ, ਬਿਲਕੁਲ ਨਵੇਂ ਟਾਇਰ, ਇੱਕ ਨਵੀਂ ਬੈਟਰੀ ਅਤੇ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਨੂੰ ਨਸ਼ਟ ਕਰਨ ਲਈ ਇੱਕ ਆਟੋਮੈਟਿਕ ਬੰਦੂਕ" ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਐਕਸ 'ਤੇ ਇੱਕ ਉਪਭੋਗਤਾ ਨੇ ਕਿਹਾ ਕਿ ਜੈੱਟ ਭਾਰਤੀ ਨਾਗਰਿਕਤਾ ਦਾ ਹੱਕਦਾਰ ਹੈ ਕਿਉਂਕਿ ਇਹ ਕਾਫ਼ੀ ਸਮੇਂ ਤੋਂ ਦੇਸ਼ ਵਿੱਚ ਮੌਜੂਦ ਹੈ।

ਜਦਕਿ ਇੱਕ ਹੋਰ ਉਪਭੋਗਤਾ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਹੁਣ ਇਸ ਦਾ ਕਿਰਾਇਆ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਕੋਹੀਨੂਰ ਹੀਰਾ ਇਸ ਕਿਰਾਏ ਦਾ ਸਭ ਤੋਂ ਢੁਕਵਾਂ ਭੁਗਤਾਨ ਹੋਵੇਗਾ।

ਬੁੱਧਵਾਰ ਨੂੰ ਕੇਰਲ ਸਰਕਾਰ ਦਾ ਟੂਰਿਜ਼ਮ ਵਿਭਾਗ ਵੀ ਐਕਸ 'ਤੇ ਇੱਕ ਪੋਸਟ ਦੇ ਨਾਲ ਇਸ ਮੀਮ ਫੈਸਟ ਵਿੱਚ ਸ਼ਾਮਲ ਹੋਇਆ।

ਇਸ ਪੋਸਟ 'ਚ ਉਨ੍ਹਾਂ ਨੇ ਕਿਹਾ "ਕੇਰਲ, ਉਹ ਥਾਂ ਹੈ ਜਿਸ ਨੂੰ ਛੱਡਣ ਦਾ ਦਿਲ ਨਹੀਂ ਕਰਦਾ।"

ਪੋਸਟ ਵਿੱਚ ਰਨਵੇਅ 'ਤੇ ਖੜ੍ਹੇ ਇੱਕ ਐੱਫ-35ਬੀ ਦੀ ਏਆਈ ਨਾਲ ਤਿਆਰ ਕੀਤੀ ਇੱਕ ਫੋਟੋ ਵੀ ਸੀ, ਜਿਸਦੇ ਪਿਛੋਕੜ ਵਿੱਚ ਨਾਰੀਅਲ ਦੇ ਦਰੱਖਤ ਸਨ।

ਕਿਸੇ ਨੇ ਲਿਖਿਆ ਕਿ ''ਐਫ-35ਬੀ ਇਕੱਲਾ ਹੈ'' ਤਾਂ ਕਿਸੇ ਨੇ ਕਿਹਾ ਕਿ ਇਹ ਖੂਬਸੂਰਤ ਸੂਬੇ ਕੇਰਲ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ।

ਜਹਾਜ਼ ਦੇ ਲੰਬਾ ਸਮਾਂ ਫ਼ਸੇ ਰਹਿਣ ਦੇ ਕੀ ਮਾਅਨੇ ਹਨ?

ਇਸ ਜਹਾਜ਼ ਦੇ ਫਸੇ ਹੋਣ ਨੂੰ ਲੈ ਕੇ ਹਾਲ ਹੀ ਵਿੱਚ ਬੀਬੀਸੀ ਨੇ ਮੁੰਬਈ ਵਿੱਚ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵਿੱਚ ਕੰਮ ਕਰ ਰਹੇ ਡਾਕਟਰ ਸਮੀਰ ਪਾਟਿਲ ਨਾਲ ਗੱਲ ਕੀਤੀ ਸੀ।

ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਹਰ ਗੁਜ਼ਰਦੇ ਦਿਨ ਦੇ ਨਾਲ ਇਹ ਫਸਿਆ ਹੋਇਆ ਜਹਾਜ਼ ਰੌਇਲ ਨੇਵੀ ਦੀ ਸਾਖ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ।

ਉਨ੍ਹਾਂ ਕਿਹਾ ਸੀ, "ਚੁਟਕਲੇ ਅਤੇ ਮੀਮਜ਼, ਅਫਵਾਹਾਂ ਆਦਿ ਬ੍ਰਿਟਿਸ਼ ਰੌਇਲ ਨੇਵੀ ਦੀ ਤਸਵੀਰ ਅਤੇ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰ ਰਹੇ ਹਨ। ਜੈੱਟ ਜਿੰਨਾ ਚਿਰ ਫਸਿਆ ਰਹੇਗਾ, ਓਨੀ ਹੀ ਜ਼ਿਆਦਾ ਗਲਤ ਜਾਣਕਾਰੀ ਸਾਹਮਣੇ ਆਵੇਗੀ।"

ਇਹ ਇੰਜੀਨੀਅਰਿੰਗ ਮੁੱਦੇ "ਬਹੁਤ ਜ਼ਿਆਦਾ ਗੰਭੀਰ ਪ੍ਰਕਿਰਤੀ ਦੇ ਜਾਪਦੇ ਹਨ", ਜਿੰਨਾ ਸੋਚਿਆ ਗਿਆ ਸੀ ਉਸ ਤੋਂ ਕੀਤੇ ਵੱਧ।

ਡਾਕਟਰ ਸਮੀਰ ਦਾ ਕਹਿਣਾ ਸੀ ਕਿ ਜ਼ਿਆਦਾਤਰ ਫੌਜਾਂ "ਸਭ ਤੋਂ ਖ਼ਤਰਨਾਕ ਸਥਿਤੀ" ਨਾਲ ਨਿਜਠਣ ਲਈ ਤਿਆਰ ਹੁੰਦੀਆਂ ਹਨ ਅਤੇ ਇਹ ਵੀ ਇੱਕ ਅਜਿਹੀ ਸਥਿਤੀ ਹੈ ਕਿਉਂਕਿ ਜਹਾਜ਼ ਵਿਦੇਸ਼ੀ ਜ਼ਮੀਨ 'ਤੇ ਫਸਿਆ ਹੋਇਆ ਹੈ।

"ਜ਼ਿਆਦਾਤਰ ਫੌਜਾਂ ਕੋਲ ਇਸ ਤਰ੍ਹਾਂ ਦੇ ਹਾਲਾਤ ਵਾਪਰਨ ਅਤੇ ਕਾਰਵਾਈ ਕਰਨ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਉਪਲੱਬਧ ਹੁੰਦਾ ਹੈ। ਤਾਂ ਕੀ ਰੌਇਲ ਨੇਵੀ ਕੋਲ ਐੱਸਓਪੀ ਨਹੀਂ ਹੈ?"

ਉਹ ਕਿਹਾ ਕਿ ਇਸ ਦੇ ਮਾਅਨੇ ਸੱਚਮੁੱਚ ਮਾੜੇ ਹਨ।

"ਜੇਕਰ ਦੁਸ਼ਮਣ ਦੇ ਇਲਾਕੇ ਵਿੱਚ ਅਜਿਹਾ ਕੁਝ ਵਾਪਰਿਆ ਹੁੰਦਾ, ਤਾਂ ਕੀ ਉਨ੍ਹਾਂ ਨੇ ਇੰਨਾ ਸਮਾਂ ਲਿਆ ਹੁੰਦਾ? ਇਹ ਇੱਕ ਪੇਸ਼ੇਵਰ ਜਲ ਸੈਨਾ ਲਈ ਬਹੁਤ ਮਾੜੀ ਛਵੀ ਬਣਾਉਂਦਾ ਹੈ।"

ਐੱਫ-35ਬੀ ਬਾਰੇ ਖਾਸ ਗੱਲਾਂ

ਬ੍ਰਿਟਿਸ਼ ਲੜਾਕੂ ਜਹਾਜ਼
ਤਸਵੀਰ ਕੈਪਸ਼ਨ, ਇਸ ਜੈੱਟ ਦੀ ਕੀਮਤ 110 ਮਿਲੀਅਨ ਡਾਲਰ ਹੈ ਯਾਨੀ ਭਾਰਤੀ ਰੁਪਏ 'ਚ 900 ਕਰੋੜ ਤੋਂ ਵੀ ਵੱਧ

ਐੱਫ-35ਬੀ ਬਹੁਤ ਹੀ ਉੱਨਤ ਸਟੀਲਥ ਜੈੱਟ ਹੈ ਜੋ ਕਿ ਲਾਕਹੀਡ ਮਾਰਟਿਨ ਦੁਆਰਾ ਬਣਾਇਆ ਗਿਆ ਹੈ।

ਇਹ ਆਪਣੇ ਛੋਟੇ ਟੇਕ ਆਫ਼ ਅਤੇ ਵਰਟੀਕਲ ਲੈਂਡਿੰਗ ਸਮਰੱਥਾ ਲਈ ਜਾਣੇ ਜਾਂਦੇ ਹਨ।

ਲੜਾਕੂ ਜਹਾਜ਼ ਐੱਫ-35ਬੀ ਬ੍ਰਿਟਿਸ਼ ਰੌਇਲ ਨੇਵੀ ਦੇ ਪ੍ਰਮੁੱਖ ਵਾਹਕ ਐੱਚਐੱਮਐੱਸ ਪ੍ਰਿੰਸ ਆਫ਼ ਵੇਲਜ਼ ਕੈਰੀਅਰ ਦਾ ਹਿੱਸਾ ਹੈ।

ਇਸ ਜੈੱਟ ਦੀ ਕੀਮਤ 110 ਮਿਲੀਅਨ ਡਾਲਰ ਹੈ ਯਾਨੀ ਭਾਰਤੀ ਰੁਪਏ 'ਚ 900 ਕਰੋੜ ਤੋਂ ਵੀ ਵੱਧ।

ਇਸਦਾ ਮਾਮਲਾ ਯੂਕੇ ਸੰਸਦ ਵਿੱਚ ਵੀ ਉਠਾਇਆ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)