You’re viewing a text-only version of this website that uses less data. View the main version of the website including all images and videos.
ਈਸਟ ਇੰਡੀਆ ਕੰਪਨੀ: ਜਦੋਂ ਮੁਲਾਜ਼ਮਾਂ ਨੂੰ ਖਾਣੇ ਲਈ ਦਿੱਤੇ ਜਾਂਦੇ ਸੀ 19,000 ਡਾਲਰ
- ਲੇਖਕ, ਅਮਾਂਡਾ ਰੁਗੇਰੀ
- ਰੋਲ, ਬੀਬੀਸੀ ਵਰਕਲਾਈਫ਼
ਈਸਟ ਇੰਡੀਆ ਕੰਪਨੀ ਨੇ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਨੌਕਰੀ ਦਿੱਤੀ। ਉਸ ਨੇ ਦੁਨੀਆਂ ਵਿੱਚ ਬ੍ਰਿਟਿਸ਼ ਸਰਬਉੱਚਤਾ ਨੂੰ ਸਥਾਪਿਤ ਕੀਤਾ। ਇਸ ਦੇ ਬਾਵਜੂਦ ਉਹ ਅਜੋਕੀਆਂ ਬਹੁਕੌਮੀ ਕੰਪਨੀਆਂ ਤੋਂ ਕਿਵੇਂ ਵੱਖਰੀ ਸੀ? ਕਰਮਚਾਰੀਆਂ ਲਈ ਇਸ ਵਿੱਚ ਕੰਮ ਕਰਨਾ ਕਿਹੋ-ਜਿਹਾ ਅਨੁਭਵ ਸੀ।
ਈਸਟ ਇੰਡੀਆ ਕੰਪਨੀ ਦੁਨੀਆ ਦੀ ਸਭ ਤੋਂ ਤਾਕਤਵਰ ਬਹੁਕੌਮੀ ਕੰਪਨੀ ਸੀ। ਸੰਨ 1600 ਵਿੱਚ ਕਾਇਮ ਕੀਤੀ ਗਈ, ਇੰਗਲਿਸ਼ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਕੇਪ ਹੌਰਨ ਤੋਂ ਚੀਨ ਤੱਕ, ਪੂਰੀ ਦੁਨੀਆ ਵਿੱਚ ਫੈਲੀ ਹੋਈ ਸੀ।
ਕੰਪਨੀ ਦੀ ਸਥਾਪਨਾ ਮਹਾਰਾਣੀ ਐਲਿਜ਼ਾਬੈਥ (ਪਹਿਲੀ) ਨੇ ਵਪਾਰਕ ਮੰਤਵ ਲਈ ਕੀਤੀ ਸੀ। ਇੱਕ ਸ਼ਾਹੀ ਚਾਰਟਰ ਦੇ ਨਾਲ ਇਸ ਨੂੰ ਏਸ਼ੀਆ ਨਾਲ ਵਪਾਰ ਉੱਤੇ ਇਜਾਰੇਦਾਰੀ ਦਿੱਤੀ ਗਈ। ਕੁਝ ਹੀ ਸਮੇਂ ਵਿੱਚ ਕੰਪਨੀ ਦਾ ਰਸੂਖ ਵਪਾਰ ਤੋਂ ਇਲਾਵਾ ਹੋਰ ਵੀ ਖੇਤਰਾਂ ਵਿੱਚ ਫੈਲ ਗਿਆ।
ਇਹ ਸਿੰਗਾਪੁਰ ਅਤੇ ਪੇਨਾਂਗ ਦੀਆਂ ਬੰਦਰਗਾਹਾਂ ਦੀ ਮਾਲਕ ਸੀ ਅਤੇ ਇਸ ਨੇ ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਕਈ ਸ਼ਹਿਰਾਂ ਦੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਈ।
ਇਹ ਬ੍ਰਿਟੇਨ ਵਿੱਚ ਸਭ ਤੋਂ ਵੱਡੇ ਰੁਜ਼ਗਾਰਦਾਤਿਆਂ ਵਿੱਚੋਂ ਇੱਕ ਸੀ ਅਤੇ ਵਿਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੰਦੀ ਸੀ।
ਭਾਰਤ ਵਿੱਚ, ਇਸ ਨੇ 2,60,000 ਸਥਾਨਕ ਭਾਰਤੀਆਂ ਦੀ ਇੱਕ ਫੌਜ ਰੱਖੀ। ਇਸ ਨੇ ਇੰਗਲੈਂਡ ਅਤੇ ਪੂਰੇ ਯੂਰਪ ਵਿੱਚ ਜੀਵਨਸ਼ੈਲੀ ਨੂੰ ਇੱਕ ਨਵਾਂ ਮੁਹਾਂਦਰਾ ਦਿੱਤਾ। ਇਸ ਨੇ ਦੁਨੀਆਂ ਨੂੰ ਅੰਗਰੇਜ਼ੀ ਚਾਹ ਤੋਂ ਲੈ ਕੇ ਪਹਿਨਣ ਲਈ ਇੱਕ ਖ਼ਾਸ ਖੱਦਰ (ਕੈਲੀਕੋਜ਼) ਦਿੱਤਾ।
ਕਲਪਨਾ ਕਰੋ ਅਜਿਹੀ ਕੰਪਨੀ ਜਿਸ ਦਾ ਪ੍ਰਭਾਵ ਤੇ ਰਸੂਖ ਅਜੋਕੇ ਗੂਗਲ ਜਾਂ ਐਮਾਜ਼ਾਨ ਵਰਗਾ ਹੋਵੇ।
ਜਿਸ ਨੂੰ ਰਾਜ-ਪ੍ਰਵਾਨਿਤ ਇਜਾਰੇਦਾਰੀ ਅਤੇ ਵਿਦੇਸ਼ਾਂ ਵਿੱਚੋਂ ਟੈਕਸ ਉਗਰਾਹੁਣ ਦਾ ਹੋਵੇ - ਅਤੇ ਉਸ ਕੋਲ ਬ੍ਰਿਟੇਨ ਦੀ ਸੂਹੀਆ (MI6) ਅਤੇ ਫੌਜ ਦੀ ਵਰਤੋਂ ਦੇ ਅਧਿਕਾਰ ਸਨ।
ਸ਼ਾਹੀ ਚਾਰਟਰ ਦੁਆਰਾ ਇਸਦੀ ਸਥਾਪਨਾ ਤੋਂ ਲੈ ਕੇ ਫੌਜਾਂ ਖੜ੍ਹੀਆਂ ਕਰਨ ਦੀ ਸਮਰੱਥਾ ਤੱਕ, ਈਸਟ ਇੰਡੀਆ ਕੰਪਨੀ ਆਪਣੇ ਸਮੇਂ ਦਾ ਇੱਕ ਉਤਪਾਦ ਸੀ।
ਇਸ ਵਿੱਚ ਅਜੋਕੀਆਂ ਮੈਗਾ-ਕੰਪਨੀਆਂ ਦੇ ਨਾਲ਼ ਬਹੁਤ ਸਾਰੀਆਂ ਸਮਾਨਤਾਵਾਂ ਸਨ। ਅੰਦਰੂਨੀ ਟਰੇਡਿੰਗ ਦੀਆਂ ਸ਼ੁਰੂਆਤੀ ਮਿਸਾਲਾਂ ਤੋਂ ਲੈ ਕੇ ਜਿਸ ਤਰ੍ਹਾਂ ਇਸਨੇ ਆਪਣੇ ਅਸੀਮ ਵਿਸਥਾਰ ਅਤੇ ਭ੍ਰਿਸ਼ਟਾਚਾਰ ਕਾਰਨ ਪਨਪੇ ਕੁਪ੍ਰਬੰਧਨ ਦਾ ਸਾਹਮਣਾ ਕੀਤਾ ਅਤੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਉਛਾਲ ਨੂੰ ਸੰਭਾਲਿਆ।
ਨਿਕ ਰੌਬਿਨਸ ਆਪਣੀ ਕਿਤਾਬ ਦਿ ਕਾਰਪੋਰੇਸ਼ਨ ਦੈਟ ਚੇਂਜਡ ਦਿ ਵਰਲਡ ਵਿੱਚ ਲਿਖਦੇ ਹਨ, "ਆਪਣੇ ਵਿੱਤ, ਸ਼ਾਸਕੀ ਢਾਂਚੇ ਅਤੇ ਵਪਾਰਕ ਗਤੀਸ਼ੀਲਤਾ ਵਿੱਚ, ਕੰਪਨੀ ਬੇਸ਼ੱਕ ਆਧੁਨਿਕ ਸੀ।“
ਇਸ ਤੋਂ ਇਲਾਵਾ, ਉਹ ਕਹਿੰਦੇ ਹਨ, "ਸਾਰੀਆਂ ਕਾਰਪੋਰੇਸ਼ਨਾਂ ਆਪਣੇ ਹਿੱਤਾਂ ਨੂੰ ਮੂਹਰੇ ਰੱਖਣ ਲਈ ਸਿਆਸੀ ਅਤੇ ਆਰਥਿਕ ਢੰਗਾਂ ਦੀ ਵਰਤੋਂ ਕਰਦੀਆਂ ਹਨ। ਅੱਜ-ਕੱਲ, ਇਸ ਨੂੰ ਲੌਬਿੰਗ ਕਿਹਾ ਜਾਂਦਾ ਹੈ।“
ਸਾਡਾ ਸਵਾਲ ਇਹ ਹੈ ਕਿ 18ਵੀਂ ਸਦੀ ਦੀ ਸਭ ਤੋਂ ਤਾਕਤਵਰ ਬਹੁਕੌਮੀ ਕੰਪਨੀ ਵਿੱਚ ਨੌਕਰੀ ਕਰਨ ਅਤੇ ਕਿਸੇ ਅਜੋਕੀ ਅਤਿ-ਆਧੁਨਿਕ ਕੰਪਨੀ ਵਿੱਚ ਕੋਈ ਵੱਕਾਰੀ ਨੌਕਰੀ ਦੀਆਂ ਕੀ ਸਾਂਝਾਂ ਹਨ?
ਕੀ ਇਸਦਾ ਹੈੱਡਕੁਆਰਟਰ ਫੇਸਬੁੱਕ ਜਿੰਨਾ ਪ੍ਰਭਾਵਸ਼ਾਲੀ ਅਤੇ ਦਿਲਕਸ਼ ਸੀ? ਕੀ ਭੱਤੇ ਵਗੈਰਾ ਗੂਗਲ ਵਾਂਗ ਚੰਗੇ ਸਨ? ਅਸੀਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ।
ਇਸ ਲੇਖ ਵਿੱਚ ਅਸੀਂ ਈਸਟ ਇੰਡੀਆ ਕੰਪਨੀ ਦੀ ਭਰਤੀ ਪ੍ਰਕਿਰਿਆ ਤੋਂ ਲੈ ਕੇ ਨੌਕਰੀ ਅਤੇ ਨੌਕਰੀ ਤੋਂ ਸੰਤੁਸ਼ਟੀ ਅਤੇ ਰਿਟਾਇਰਮੈਂਟ ਤੱਕ ਇੱਕ ਕਰਮਚਾਰੀ ਦਾ ਜੀਵਨ ਦੇਖਣ ਦੀ ਕੋਸ਼ਿਸ਼ ਕਰਾਂਗੇ।
ਪਹਿਲਾਂ ਸ਼ੁਰੂ ਕਰਦੇ ਹਾਂ ਇੰਟਰਵਿਊ ਦੀ ਪ੍ਰਕਿਰਿਆ ਤੋਂ
ਅਜੋਕੀਆਂ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਵਾਂਗ, ਈਸਟ ਇੰਡੀਆ ਕੰਪਨੀ ਸਿਰਫ਼ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਕਾਰਪੋਰੇਸ਼ਨਾਂ ਵਿੱਚੋਂ ਹੀ ਇੱਕ ਨਹੀਂ ਸੀ। ਲੋਕ ਇਸ ਵਿੱਚ ਕੰਮ ਕਰਨ ਲਈ ਤਰਸਦੇ ਸਨ।
ਈਸਟ ਇੰਡੀਆ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਲਈ ਬਹੁਤ ਸਖ਼ਤ ਮੁਕਾਬਲਾ ਸੀ।
ਬ੍ਰਿਟਿਸ਼ ਲਾਇਬ੍ਰੇਰੀ ਦੀ ਈਸਟ ਇੰਡੀਆ ਕੰਪਨੀ ਰਿਕਾਰਡਸ ਦੀ ਮੁੱਖ ਕਿਊਰੇਟਰ ਮਾਰਗਰੇਟ ਮੇਕਪੀਸ ਮੁਤਾਬਕ, ਬਹੁਤ ਸਾਰੇ ਲੋਕ, ਬੇਸ਼ੱਕ, ਸ਼ੁਰੂ ਤੋਂ ਪਹਿਲਾਂ ਹੀ ਦੌੜ ਤੋਂ ਬਾਹਰ ਹੋ ਜਾਂਦੇ ਸਨ: "ਇਸ ਵਿੱਚ ਗੋਰੇ ਮਰਦਾਂ ਦਾ ਬਹੁਤ ਜ਼ਿਆਦਾ ਦਬਦਬਾ ਸੀ। ਕੋਈ ਵੀ ਔਰਤ, ਘਰੇਲੂ ਕਰਮਚਾਰੀਆਂ ਤੋਂ ਇਲਾਵਾ, ਇਸ ਵਿੱਚ ਨਹੀਂ ਸੀ।”
ਦਰਵਾਜ਼ੇ ਵਿੱਚ ਪੈਰ ਪਾਉਣਾ ਇਸ ਗੱਲ ’ਤੇ ਨਿਰਭਰ ਸੀ ਕਿ ਤੁਸੀਂ ਕੰਪਨੀ ਵਿੱਚ ਕਿਸ ਨੂੰ ਜਾਣਦੇ ਹੋ।
ਇੱਥੋਂ ਤੱਕ ਕਿ ਗੋਦਾਮਾਂ ਵਿੱਚ ਦਸਤੀ ਕੰਮ ਵਾਲੀਆਂ ਨੌਕਰੀਆਂ ਲਈ ਵੀ ਤੁਹਾਨੂੰ ਕੰਪਨੀ ਦੇ ਨਿਰਦੇਸ਼ਕਾਂ ਵਿੱਚੋਂ ਕਿਸੇ ਤੋਂ ਨਾਮਜ਼ਦਗੀ ਲੈਣੀ ਪੈਂਦੀ ਸੀ। (ਕੰਪਨੀ ਵਿੱਚ 24 ਨਿਰਦੇਸ਼ਕ ਸਨ, ਜਿਨ੍ਹਾਂ ਨੂੰ ਸ਼ੇਅਰ ਧਾਰਕਾਂ ਦੇ ਇੱਕ ਪੂਲ ਵਿੱਚੋਂ ਹਰ ਸਾਲ ਚੁਣਿਆ ਜਾਂਦਾ ਸੀ। ਇਸ ਪੂਲ ਵਿੱਚ ਉਹ ਸ਼ੇਅਰ ਧਾਰਕ ਹੁੰਦੇ ਸਨ ਜਿਨ੍ਹਾਂ ਕੋਲ ਕੰਪਨੀ ਸਟਾਕ ਵਿੱਚ ਘੱਟੋ-ਘੱਟ £2,000 ਦੀ ਹਿੱਸੇਦਾਰੀ ਹੋਵੇ)।
“ਅਰਜ਼ੀਆਂ ਹਮੇਸ਼ਾ ਖਾਲੀ ਅਸਾਮੀਆਂ ਤੋਂ ਬਹੁਤ ਜ਼ਿਆਦਾ ਹੁੰਦੀਆਂ ਹਨ। ਮੇਕਪੀਸ ਆਪਣੀ ਕਿਤਾਬ ਦਿ ਈਸਟ ਇੰਡੀਆ ਕੰਪਨੀਜ਼ ਲੰਡਨ ਵਰਕਰਜ਼ ਵਿੱਚ ਲਿਖਦੀ ਹੈ, "ਕੋਰਟ ਆਫ਼ ਡਾਇਰੈਕਟਰਜ਼ ਨੂੰ ਮਿਲੀਆਂ ਵਾਧੂ ਅਰਜੀਆਂ ਨਿਯਮਤ ਤੌਰ 'ਤੇ ਰੱਦ ਕਰ ਦਿੱਤੀਆਂ ਜਾਂਦੀਆਂ ਸਨ।“
ਜੇ ਤੁਸੀਂ ਲੰਡਨ ਮੁੱਖ ਦਫ਼ਤਰ ਵਿੱਚ ਕਲਰਕ, ਜਾਂ 'ਲੇਖਕ' ਬਣਨਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਨਾਮਜ਼ਦ ਹੋਣਾ ਪਵੇਗਾ। ਇੱਥੇ ਵੀ ਤੁਹਾਡੀ ਪਹੁੰਚ ਸਭ ਤੋਂ ਮਹੱਤਵਪੂਰਨ ਸੀ।
ਹਿਊ ਬੋਵੇਨ ਆਪਣੀ ਕਿਤਾਬ ਬਿਜ਼ਨਸ ਆਫ ਐਂਪਾਇਰ ਵਿੱਚ ਲਿਖਦੇ ਹਨ, ਨੌਕਰੀ ਮਿਲਣ ਵਿੱਚ "ਸਫ਼ਲਤਾ ਅੰਤ ਵਿੱਚ ਕਿਸੇ ਵੀ ਹੁਨਰ ਅਤੇ ਅਹੁਦੇ ਲਈ ਯੋਗਤਾ ਦੀ ਬਜਾਏ ਕੁਨੈਕਸ਼ਨ ਅਤੇ ਰਸੂਖ 'ਤੇ ਨਿਰਭਰ ਕਰਦੀ ਸੀ।"
ਇਹ ਵੀ ਪੜ੍ਹੋ:
ਬਿਨਾਂ ਤਨਖ਼ਾਹ ਦੀਆਂ ਇੰਟਰਨਸ਼ਿਪ ਰਾਹੀਂ ਕੰਮ
ਨੌਕਰੀ ਵਿੱਚ ਆਉਣ ਲਈ ਤੁਹਾਨੂੰ ਸਿਰਫ਼ ਨਿੱਜੀ ਜਾਣ-ਪਛਾਣ ਦੀ ਲੋੜ ਨਹੀਂ ਸੀ - ਤੁਹਾਨੂੰ ਪੈਸੇ ਦੀ ਵੀ ਲੋੜ ਸੀ।
ਪਹਿਲਾਂ, ਚੰਗੇ ਵਿਵਹਾਰ ਦੀ ਗਾਰੰਟੀ ਦੇਣ ਲਈ, ਹਰੇਕ ਕਰਮਚਾਰੀ ਨੂੰ ਇੱਕ ਬਾਂਡ ਭਰਨਾ ਪੈਂਦਾ ਸੀ। ਕਿਸੇ ਨਵੇਂ ਮੁਲਾਜ਼ਮ ਤੋਂ £500 ਦੀ ਉਮੀਦ ਕੀਤੀ ਜਾ ਸਕਦੀ ਸੀ। ਇਹ ਰਾਸ਼ੀ ਅੱਜ ਦੇ £36,050 ਜਾਂ $51,800 ਦੇ ਬਰਾਬਰ ਹੈ।
ਅਹੁਦਾ ਅਤੇ ਤਨਖਾਹ ਜਿੰਨੀ ਉੱਚੀ ਹੋਵੇਗੀ, ਬਾਂਡ ਵੀ ਓਨਾ ਹੀ ਉੱਚਾ ਹੋਵੇਗਾ। ਇੱਥੋਂ ਤੱਕ ਕਿ 1680ਵਿਆਂ ਵਿੱਚ ਇੱਕ ਵਿਦੇਸ਼ੀ ਫੈਕਟਰੀ ਦੇ ਮੁਖੀ ਨੂੰ £5,000 (ਲਗਭਗ £360,500) ਦੇ ਇੱਕ ਬਾਂਡ 'ਤੇ ਦਸਤਖ਼ਤ ਕਰਨੇ ਪੈਂਦੇ ਸਨ।
ਅੱਜ, ਮੁਫਤ ਵਿੱਚ ਕੰਮ ਕਰਨਾ, ਜਾਂ ਕੰਮ ਲਈ ਭੁਗਤਾਨ ਨਾ ਕਰਨ ਦੀ ਆਲੋਚਨਾ ਹੁੰਦੀ ਹੈ। ਕੌਂਡੇ ਨਾਸਟ ਉਨ੍ਹਾਂ ਕਈ ਮੀਡੀਆ ਕੰਪਨੀਆਂ ਵਿੱਚੋਂ ਇੱਕ ਹੈ ਜਿਸ 'ਤੇ ਬਿਨਾਂ ਭੁਗਤਾਨ ਕੀਤੇ ਇੰਟਰਨਸ਼ਿਪਸ ਕਰਵਾਉਣ ਲਈ ਮੁਕੱਦਮਾ ਕੀਤਾ ਗਿਆ ਹੈ।
ਜਦੋਂ ਕਿ ਹਜ਼ਾਰਾਂ ਡਾਲਰ ਬਦਲੇ ਇੰਟਰਨਸ਼ਿਪਸ ਦੀ ਨਿਲਾਮੀ ਕਰਨਾ ਫੈਸ਼ਨ ਉਦਯੋਗ ਦੀ ਇੱਕ ਖਾਸੀਅਤ ਹੈ। ਈਸਟ ਇੰਡੀਆ ਕੰਪਨੀ ਵਿੱਚ ਵੀ, ਤੁਹਾਡਾ ਕੈਰੀਅਰ ਬਿਨਾਂ ਕਿਸੇ ਭੱਤੇ ਦੇ ਪਰਖ ਸਮੇਂ ਨਾਲ ਸ਼ੁਰੂ ਹੋਵੇਗਾ।
ਸ਼ੁਰੂ ਵਿੱਚ ਪਰਖ ਸਮਾਂ ਪੰਜ ਸਾਲ ਦਾ ਹੁੰਦਾ ਸੀ ਜਿਸ ਨੂੰ 1778 ਵਿੱਚ ਘਟਾ ਕੇ ਤਿੰਨ ਸਾਲ ਕਰ ਦਿੱਤਾ ਗਿਆ। ਸਿਰਫ਼ ਸਦੀ ਦੇ ਅੰਤ ਦੇ ਨੇੜੇ ਹੀ ਲਗਭਗ £10 (£12,350 ਅੱਜ) ਦੀ ਟੋਕਨ ਰਕਮ ਹਰ ਸਾਲ ਕਰਮਚਾਰੀਆਂ ਨੂੰ ਦਿੱਤੀ ਜਾਣ ਲੱਗੀ।
ਬਾਂਡ ਅਤੇ ਪਰਖ ਦੇ ਵਿਚਕਾਰ, ਮਾਲਦਾਰ ਲੋਕਾਂ ਤੋਂ ਇਲਾਵਾ ਕੁਝ ਲੋਕ ਹੀ ਕੰਪਨੀ ਦੀਆਂ ਸਫ਼ੈਦ-ਪੋਸ਼ ਨੌਕਰੀਆਂ ਤੱਕ ਤਰੱਕੀ ਕਰ ਸਕਦੇ ਸਨ।
ਨਵੇਂ ਕਰਮਚਾਰੀਆਂ ਦੀ ਸਿਖਲਾਈ
ਸੰਨ 1800 ਤੱਕ, ਈਸਟ ਇੰਡੀਆ ਕੰਪਨੀ ਨੇ ਮਹਿਸੂਸ ਕੀਤਾ ਕਿ ਸਰਪ੍ਰਸਤੀ ਦੇ ਆਧਾਰ 'ਤੇ ਕਰਮਚਾਰੀਆਂ ਦੀ ਚੋਣ ਕਰਨਾ ਲਾਜ਼ਮੀ ਤੌਰ 'ਤੇ ਉਸ ਦੇ ਸਾਮਰਾਜ ਨੂੰ ਚਲਾਉਣ ਲਈ ਸਭ ਤੋਂ ਵਧੀਆ ਤਰੀਕਾ ਨਹੀਂ ਸੀ।
ਇਸ ਲਈ ਉਨ੍ਹਾਂ ਨੇ 'ਕਰਮਚਾਰੀ ਬੂਟ ਕੈਂਪ' ਰਾਹੀਂ ਇਸ ਸਮੱਸਿਆ ਦਾ ਹੱਲ ਕੱਢਿਆ। ਸੰਨ 1806 ਵਿੱਚ, ਕੰਪਨੀ ਨੇ ਨਵੇਂ ਕਲਰਕਾਂ ਨੂੰ ਸਿਖਲਾਈ ਦੇਣ ਲਈ, ਹੇਲੀਬਰੀ ਵਿੱਚ 60 ਏਕੜ ਜ਼ਮੀਨ ਵਿੱਚ ਈਸਟ ਇੰਡੀਆ ਕਾਲਜ ਖੋਲ੍ਹਿਆ। ਕਾਲਜ ਦਾ ਨਕਸ਼ਾ ਆਰਕੀਟੈਕਟ ਵਿਲੀਅਮ ਵਿਲਕਿੰਸ ਨੇ ਡਿਜ਼ਾਈਨ ਕੀਤਾ ਸੀ।
ਕਾਲਜ ਦੇ ਪਾਠਕ੍ਰਮ ਵਿੱਚ ਇਤਿਹਾਸ, ਕਲਾਸਿਕ ਸਾਹਿਤ, ਕਾਨੂੰਨ ਅਤੇ ਹਿੰਦੁਸਤਾਨੀ, ਸੰਸਕ੍ਰਿਤ, ਫਾਰਸੀ ਅਤੇ ਤੇਲਗੂ ਭਾਸ਼ਾਵਾਂ ਸ਼ਾਮਲ ਸਨ।
ਸੰਨ1858 ਵਿੱਚ ਇਹ ਕਾਲਜ ਬੰਦ ਹੋ ਗਿਆ ਪਰ ਬਾਅਦ ਵਿੱਚ ਦੁਬਾਰਾ ਖੋਲ੍ਹਿਆ ਗਿਆ, ਅੱਜ ਇਸਨੂੰ ਹੈਲੀਬਰੀ ਅਤੇ ਇੰਪੀਰੀਅਲ ਸਰਵਿਸਿਜ਼ ਕਾਲਜ ਵਜੋਂ ਜਾਣਿਆ ਜਾਂਦਾ ਹੈ।
ਮੁੱਖ ਦਫ਼ਤਰ ਵਿੱਚ ਤੁਹਾਡਾ ਸੁਆਗਤ ਹੈ
ਫੇਸਬੁੱਕ ਦਾ ਨਵਾਂ ਦਫ਼ਤਰ ਮੇਨਲੋ ਪਾਰਕ, ਕੈਲੀਫੋਰਨੀਆ ਵਿੱਚ 4,30,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਜਿਸ ਨੂੰ ਫਰੈਂਕ ਗੇਹਰੀ ਵੱਲੋਂ ਡਿਜ਼ਾਈਨ ਕੀਤਾ ਗਿਆ।
ਇਹ ਹੈੱਡਕੁਆਰਟਰ, ਦੁਨੀਆ ਦੀ ਸਭ ਤੋਂ ਵੱਡੀ-ਖੁੱਲੀ ਇਮਾਰਤੀ ਯੋਜਨਾ ਹੈ। ਇਸਦੇ ਉੱਪਰ ਨੌਂ ਏਕੜ ਦੀ ਹਰੀ ਛੱਤ ਹੈ। ਜਦਕਿ ਗੂਗਲ ਦੇ ਕੈਂਪਸ ਵਿੱਚ ਸੱਤ ਫਿਟਨੈਸ ਸੈਂਟਰ ਹਨ।
ਲੰਡਨ ਵਿੱਚ ਈਸਟ ਇੰਡੀਆ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਸ਼ਾਇਦ ਛੱਤ, ਡੈੱਕ ਜਾਂ ਬਗੀਚਾ ਤਾਂ ਨਹੀਂ ਸੀ, ਪਰ ਇਸਦੇ ਨਿਰਦੇਸ਼ਕ ਇਹ ਜ਼ਰੂਰ ਦਿਖਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਵੀ ਕੋਈ ਟਸ਼ਨ ਹੈ ਅਤੇ ਉਹ ਪ੍ਰਭਾਵਸ਼ਾਲੀ ਹਨ।
ਜਦੋਂ ਇਮਾਰਤ ਨੂੰ ਸੰਨ 1790 ਦੇ ਦਹਾਕੇ ਵਿੱਚ ਦੁਬਾਰਾ ਬਣਾਇਆ ਗਿਆ ਸੀ, ਤਾਂ ਨਿਓਕਲਾਸਿਸਿਜ਼ਮ ਦਾ ਦੌਰ ਸੀ। ਇਮਾਰਤ ਇੱਕ ਛੇ-ਕਾਲਮ ਪੋਰਟੀਕੋ ਦੇ ਨਾਲ ਪੂਰੀ ਹੋਈ ਸੀ।
ਟਾਇਮਪੈਨਮ - ਪ੍ਰਵੇਸ਼ ਦੁਆਰ ਦੇ ਉੱਪਰੋਂ ਇੱਕ ਸਜਾਵਟੀ ਕੰਧ ਜਿਸ ਦੇ ਉੱਪਰੋਂ ਕਿੰਗ ਜਾਰਜ ਤੀਜੇ ਨੇ ਪੂਰਬ ਵਿੱਚ ਵਪਾਰ ਦਾ ਬਚਾਅ ਕੀਤਾ ਸੀ। ਇਹ 18ਵੀਂ ਸਦੀ ਦੀ ਕਾਰਪੋਰੇਟ ਬ੍ਰਾਂਡਿੰਗ ਦੀ ਇੱਕ ਮਿਸਾਲ ਸੀ।
ਅੰਦਰੋਂ ਇਹ ਮੁੱਖ ਦਫ਼ਤਰ ਕਿਸੇ ਮਾਇਆ ਨਗਰੀ ਤੋਂ ਘੱਟ ਨਹੀਂ ਸੀ। ਕੋਰਟਰੂਮ ਵਿੱਚ ਬ੍ਰਿਟਾਨੀਆ (ਈਸਟ ਇੰਡੀਆ ਕੰਪਨੀ ਦਾ ਇੱਕ ਮਾਲ ਵਾਹਕ ਸਮੁੰਦਰੀ ਜਹਾਜ਼) ਦਾ ਇੱਕ ਮਾਰਬਲ ਬੇਸ-ਰਿਲੀਫ਼ ਸੀ ਜਿਸ ਨੂੰ ਚਾਰੇ ਪਾਸਿਆਂ ਤੋਂ ਭਾਰਤ, ਏਸ਼ੀਆ ਅਤੇ ਅਫ਼ਰੀਕਾ ਨੇ ਘੇਰਿਆ ਹੋਇਆ ਸੀ।
ਦਰਵਾਜ਼ਿਆਂ ਉੱਪਰ ਕੰਪਨੀ ਦੀਆਂ ਦੂਰ-ਦੁਰਾਡੀਆਂ ਬੰਦਰਗਾਹਾਂ ਦੀਆਂ ਤਸਵੀਰਾਂ ਸਨ, ਜਿਵੇਂ ਬੰਬੇ ਅਤੇ ਕੇਪ।
ਰੋਮਨ ਪਹਿਰਾਵੇ ਵਿੱਚ ਖੜ੍ਹੇ ਬ੍ਰਿਟਿਸ਼ ਅਫ਼ਸਰਾਂ ਦੇ ਬੁੱਤ ਕਈ ਵੱਡੇ ਸੇਲ ਕਮਰਿਆਂ ਵਿੱਚੋਂ ਇੱਕ ਵਿੱਚ ਲਗਾਏ ਗਏ ਸਨ।
ਜੰਗਾਂ ਤੋਂ ਲਿਆਂਦਾ ਮਾਲ ਵੀ ਇੱਥੇ ਸਜਾਇਆ ਗਿਆ ਸੀ। ਗੋਲੀਆਂ ਨਾਲ ਛਨਣੀ ਹੋਇਆ ਇੱਕ ਝੰਡਾ, ਇੱਕ ਅੰਗਰੇਜ਼ ਅਫ਼ਸਰ ਨੂੰ ਢਾਹੇ ਹੋਏ ਇੱਕ ਬਾਘ (ਟੀਪੂ ਸੁਲਤਾਨ ਦਾ ਖਿਡੌਣਾ) ਅਤੇ ਉਸ ਦਾ ਨਗ ਜੜਿਆ ਤਖ਼ਤ ਵੀ ਮੁੱਖ ਦਫ਼ਤਰ ਦੇ ਅਜਾਇਬ ਘਰ ਵਿੱਚ ਰੱਖਿਆ ਗਿਆ ਸੀ।
ਵੇਅਰਹਾਊਸ, ਵੀ ਕੋਈ ਜਾਲੇ ਲੱਗੇ ਕਮਰੇ ਨਹੀਂ ਸਗੋਂ ਸ਼ਾਨਦਾਰ ਅਤੇ ਸਜਾਵਟੀ ਇਮਾਰਤਾਂ ਸਨ। ਜਿਨ੍ਹਾਂ ਦੀ ਲੰਡਨ ਦੀਆਂ ਬਾਕੀ ਇਮਾਰਤਾਂ ਉੱਪਰ ਵੱਖਰੀ ਹੀ ਠੁੱਕ ਸੀ।
ਮੇਕਪੀਸ ਲਿਖਦੇ ਹਨ, “ਕੰਪਨੀ ਦਾ ਇਰਾਦਾ ਵੇਅਰਹਾਊਸ ਦੀਆਂ ਇਮਾਰਤਾਂ ਅਤੇ ਈਸਟ ਇੰਡੀਆ ਹਾਊਸ ਨੂੰ ਆਪਣੇ ਜਨਤਕ 'ਚਿਹਰੇ' ਵਜੋਂ ਵਰਤ ਕੇ ਲੰਡਨ ਵਾਸੀਆਂ ਨੂੰ ਪ੍ਰਭਾਵਿਤ ਕਰਨਾ ਸੀ।“
ਕੰਮ ਵਾਲੀਆਂ ਥਾਵਾਂ ’ਤੇ ਅਧਿਕਾਰੀਆਂ ਲਈ ਅਰਾਮਗਾਹਾਂ
ਕੁਝ ਆਧੁਨਿਕ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਅਰਾਮ ਕਰਨ ਲਈ ਕਮਰੇ ਦਿੰਦੀਆਂ ਹਨ; ਈਸਟ ਇੰਡੀਆ ਕੰਪਨੀ ਇਸ ਤੋਂ ਹੋਰ ਅੱਗੇ ਚਲੀ ਗਈ।
ਸੰਨ 1790 ਦੇ ਦਹਾਕੇ ਤੋਂ ਪਹਿਲਾਂ ਲੰਡਨ ਸ਼ਹਿਰ ਵਿੱਚ ਲੀਡੇਨਹਾਲ ਸਟ੍ਰੀਟ ਅਤੇ ਲਾਈਮ ਸਟ੍ਰੀਟ 'ਤੇ ਕ੍ਰੇਵੇਨ ਹਾਊਸ ਹੁੰਦਾ ਸੀ। ਇੱਥੇ ਕੁਝ ਕਰਮਚਾਰੀ ਆਪਣੇ ਪਰਿਵਾਰਾਂ ਨਾਲ਼ ਰਹਿੰਦੇ ਸਨ। ਕੁਝ ਤਾਂ ਮੁਫਤ ਵਿੱਚ ਵੀ।
ਜਿਵੇਂ ਅੱਜ ਕਾਰਪੋਰੇਸ਼ਨਾਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਕਰਮਚਾਰੀ ਆਪਣੇ ਸੌਣ ਕਮਰਿਆਂ ਦੀ ਦੁਰਵਰਤੋਂ ਕਰ ਸਕਦੇ ਹਨ। ਉਸੇ ਤਰ੍ਹਾਂ ਈਸਟ ਇੰਡੀਆ ਕੰਪਨੀ ਦੇ ਕਰਮਚਾਰੀ ਵੀ ਕਰਦੇ ਸਨ।
ਕੰਪਨੀ ਦੇ ਵਿਦੇਸ਼ੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਲਰਕ ਵੀ ਫੈਕਟਰੀਆਂ ਵਿੱਚ ਹੀ ਰਹਿੰਦੇ ਸਨ। ਇਹ ਕਿਸੇ ਵੀ ਚੀਜ਼ ਨਾਲੋਂ ਨਿਗਰਾਨੀ ਰੱਖਣ ਬਾਰੇ ਵਧੇਰੇ ਸੀ। ਡਿਪੂ ਮੱਠਾਂ ਜਾਂ ਆਕਸਫੋਰਡ ਕਾਲਜਾਂ ਵਾਂਗ ਬਣਾਏ ਗਏ ਸਨ, ਅਤੇ ਕਰਮਚਾਰੀ ਆਪਣੇ ਸੀਨੀਅਰਾਂ ਦੀ ਨਜ਼ਰ ਹੇਠ ਹੀ ਸੌਂਦੇ, ਖਾਂਦੇ ਅਤੇ ਪ੍ਰਾਰਥਨਾ ਕਰਦੇ ਸਨ।
ਇਨ੍ਹਾਂ ਡਿਪੂਆਂ ਵਿੱਚ ਅਨੁਸ਼ਾਸਨ ਸਖ਼ਤ ਸੀ। 17ਵੀਂ ਸਦੀ ਦੇ ਅਖੀਰ ਵਿੱਚ ਕੰਪਨੀ ਦੇ ਇੱਕ ਹੁਕਮ ਵਿੱਚ ਚੇਤਾਵਨੀ ਦਿੱਤੀ ਗਈ ਸੀ, “ਜੇ ਕੋਈ ਸ਼ਰਾਬੀ ਹੈ ਜਾਂ ਨਿਵਾਸੀਆਂ ਨਾਲ ਦੁਰਵਿਵਹਾਰ ਕਰਦਾ ਹੈ, ਤਾਂ ਉਸ ਨੂੰ ਦਿਨ ਵਿੱਚ ਲੋਹੇ ਦੇ ਗੇਟ 'ਤੇ ਬਿਠਾਇਆ ਜਾਣਾ ਚਾਹੀਦਾ ਹੈ, ਅਤੇ ਸਾਰੀ ਰਾਤ ਘਰ ਵਿਚ ਇਕ ਚੌਕੀ ਨਾਲ ਬੰਨ੍ਹਿਆ ਜਾਣਾ ਚਾਹੀਦਾ ਹੈ।“
ਫਿਰ ਵੀ, ਕੁਝ ਥਾਵਾਂ ’ਤੇ ਅਜੋਕੇ ਸਟਾਰਟ-ਅੱਪ ਫਰਮਾਂ ਵਰਗੀਆਂ ਭਾਵੇਂ ਪੂਰੀਆਂ ਤਾਂ ਨਹੀਂ ਪਰ ਕੁਝ ਵਿਸ਼ੇਸ਼ਤਾਵਾਂ ਤਾਂ ਜ਼ਰੂਰ ਸਨ।
ਹਿਰਾਲਡੋ ਦੀ ਫੈਕਟਰੀ ਵਿੱਚ ਔਰਚਿਡ ਫੁੱਲਾਂ ਦਾ ਇੱਕ ਬਗ਼ੀਚਾ ਸੀ ਅਤੇ ਇੱਕ ਮੱਛੀਆਂ ਨਾਲ਼ ਭਰਿਆ ਤਲਾਬ ਅਤੇ ਇੱਕ ਜਪਾਨੀ ਤਰੀਕੇ ਦਾ ਗਰਮ ਪਾਣੀ ਵਾਲ਼ਾ ਬਾਥਰੂਮ ਵੀ ਸੀ।
ਇਸੇ ਤਰ੍ਹਾਂ ਸੂਰਤ, ਗੁਜਰਾਤ ਦੀ ਫੈਕਟਰੀ ਵਿੱਚ ਇੱਕ ਛੋਟਾ ਚਰਚ, ਲਾਇਬ੍ਰੇਰੀ ਅਤੇ ਇੱਕ ਤੁਰਕੀ ਸਟਾਈਲ ਦਾ ਹਮਾਮ ਸੀ।
ਭੋਜਨ ਲਈ ਟਿਕਟ ਜਾ ਟੋਕਨ
ਈਸਟ ਇੰਡੀਆ ਕੰਪਨੀ ਦੇ ਕਰਮਚਾਰੀਆਂ ਕੋਲ ਕੰਮ ਦੀ ਥਾਂ ’ਤੇ ਰਹਿਣ ਦੇ ਹੋਰ ਵੀ ਫ਼ਾਇਦੇ ਸਨ - ਜਿਵੇਂ ਕਿ ਮੁਫ਼ਤ ਭੋਜਨ। ਸੰਨ 1834 ਵਿੱਚ ਖਰਚਿਆਂ ਵਿੱਚ ਕਟੌਤੀ ਨਹੀਂ ਕੀਤੀ ਗਈ।
ਉਦੋਂ ਤੱਕ ਲੰਡਨ ਹੈੱਡਕੁਆਰਟਰ ਦੇ ਕਲਰਕਾਂ ਨੂੰ ਜਲਦੀ ਪਹੁੰਚਣ 'ਤੇ ਮੁਫਤ ਨਾਸ਼ਤਾ ਕਰਵਾਇਆ ਜਾਂਦਾ ਸੀ। (ਵਨ ਇਨਥਿਊਜ਼ਿਆਸਟ ਪ੍ਰੈਕਟੀਸ਼ਨਰ: ਫਿਲਾਸਫ਼ਰ ਜੌਨ ਸਟੂਅਰਟ ਮਿਲ)।
ਵਿਦੇਸ਼ਾਂ ਵਿੱਚ ਫੈਕਟਰੀਆਂ ਵਿੱਚ, ਜਿੱਥੇ ਖਾਣਾ ਦਿੱਤਾ ਜਾਂਦਾ ਸੀ, ਮੁਫਤ ਭੋਜਨ ਦਾ ਮਜ਼ਾਕ ਉਡਾਉਣ ਵਾਲੀ ਕੋਈ ਗੱਲ ਨਹੀਂ ਸੀ।
ਸੰਨ 1689 ਵਿੱਚ ਇੱਕ ਯਾਤਰੀ, ਅੰਗਰੇਜ਼ ਪਾਦਰੀ ਜੌਨ ਓਵਿੰਗਟਨ ਨੇ ਟਿੱਪਣੀ ਕੀਤੀ ਕਿ ਸੂਰਤ ਫੈਕਟਰੀ ਵਿੱਚ ਇੱਕ ਅੰਗਰੇਜ਼, ਇੱਕ ਪੁਰਤਗਾਲੀ ਅਤੇ ਇੱਕ ਭਾਰਤੀ ਰਸੋਈਆ ਕੰਮ ਕਰਦਾ ਸੀ। ਇਸ ਲਈ ਹਰ ਕਿਸੇ ਦੇ ਸੁਆਦ ਮੁਤਾਬਕ ਪਕਵਾਨ ਪੱਕਦੇ ਹੋਣਗੇ।
ਭੋਜਨ ਵਿੱਚ ਪੁਲਾਉ, ਸੌਗੀ ਅਤੇ ਬਦਾਮ ਨਾਲ ਭਰੇ ਪੰਛੀ, ਭੁੰਨਿਆ ਹੋਇਆ ਬੀਫ਼ ਅਤੇ ਬਹੁਤ ਸਾਰੀ ਵਾਈਨ ਅਤੇ ਅਰੇਕ (ਖਮੀਰੇ ਹੋਏ ਪਾਮ ਸੇਪ ਤੋਂ ਤਿਆਰ ਸ਼ਰਾਬ) ਸ਼ਾਮਲ ਸਨ। ਐਤਵਾਰ ਅਤੇ ਛੁੱਟੀਆਂ ਵਾਲ਼ੇ ਦਿਨ ਖਾਣੇ ਦਾ ਮੀਨੂ 16 ਪਕਵਾਨਾਂ ਤੱਕ ਵਧ ਸਕਦਾ ਸੀ ਅਤੇ ਇਸ ਵਿੱਚ ਮੋਰ, ਖਰਗੋਸ਼, ਪਿਸਤਾ, ਖੁਰਮਾਨੀ ਅਤੇ ਚੈਰੀ ਵਗੈਰਾ ਵੀ ਸ਼ਾਮਲ ਹੁੰਦੇ ਸਨ।
ਓਵਿੰਗਟਨ ਨੇ ਪ੍ਰਸ਼ੰਸਾ ਨਾਲ ਲਿਖਿਆ, "ਸਾਲ ਵਿੱਚ ਕਈ ਸੈਂਕੜੇ ਪੌਂਡ ਰੋਜ਼ਾਨਾ ਦੇ ਪ੍ਰਬੰਧਾਂ 'ਤੇ ਖਰਚ ਕੀਤੇ ਜਾਂਦੇ ਹਨ ਜੋ ਕਿ ਕਿਸੇ ਵੀ ਉੱਘੀ ਹਸਤੀ ਦੇ ਮਨੋਰੰਜਨ ਲਈ ਕਾਫ਼ੀ ਸ਼ਾਨਦਾਰ ਹਨ।”
ਓਪਨ ਬਾਰ
ਅੱਜ ਦੇ ਕਰਮਚਾਰੀ ਡ੍ਰੌਪਬਾਕਸ ਕੰਪਨੀ ਦੇ "ਵਿਸਕੀ ਫਰਾਈਡੇਜ਼" ਜਾਂ ਫੇਸਬੁੱਕ ਦੇ ਕਾਕਟੇਲ ਹਾਰਸ ਨਾਲ ਈਰਖਾ ਕਰ ਸਕਦੇ ਹਨ।
ਜਦਕਿ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਵਿੱਚ ਖੁੱਲ੍ਹੀ ਸ਼ਰਾਬ ਦੇ ਨਾਲ, ਵਿਦੇਸ਼ਾਂ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਫੈਕਟਰੀਆਂ ਇਸ ਤੋਂ ਬਹੁਤ ਅੱਗੇ ਸੀ।
ਸੁਮਾਤਰਾ ਦੀ ਇੱਕ ਫੈਕਟਰੀ ਵਿੱਚ ਇੱਕ ਸਾਲ ਵਿੱਚ, 19 ਕਰਮਚਾਰੀਆਂ ਨੇ “74.5 ਦਰਜਨ ਵਾਈਨ ਦੀਆਂ ਬੋਤਲਾਂ, 50 ਦਰਜਨ ਫ੍ਰੈਂਚ ਕਲੈਰੇਟ, 24.5 ਦਰਜਨ ਬਰਟਨ ਏਲੇ, 2 ਪਾਈਪਸ ਅਤੇ 42 ਗੈਲਨ ਮਦੀਰਾ (ਪੁਰਤਗਾਲੀ ਵਾਈਨ), 274 ਬੋਤਲਾਂ ਟੌਡੀ ਅਤੇ 164 ਗੈਲਨ ਗੋਆ ਏਆਰਏਕ ਦੀ ਖਪਤ ਕੀਤੀ।"
ਰਸੀਦਾਂ ਪ੍ਰਾਪਤ ਕਰਨ 'ਤੇ, ਕੰਪਨੀ ਨੇ ਵਾਪਸ ਲਿਖਿਆ: "ਜੇ ਤੁਹਾਡੇ ਵੱਲੋਂ ਲਈ ਗਈ ਅੱਧੀ ਸ਼ਰਾਬ ਵੀ ਸੱਚਮੁੱਚ ਪੀਤੀ ਗਈ ਹੈ ਤਾਂ ਇਹ ਹੈਰਾਨੀ ਦੀ ਗੱਲ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਛੇ ਮਹੀਨੇ ਤੱਕ ਜੀਉਂਦਾ ਰਹਿੰਦਾ ਹੈ, ਜਾਂ ਤੁਹਾਡੇ ਵਿਚਕਾਰ ਹੋਰ ਝਗੜੇ-ਫਸਾਦ ਨਹੀਂ ਹੁੰਦੇ।"
ਲੰਡਨ ਵਿੱਚ, ਹਾਲਾਂਕਿ, ਈਸਟ ਇੰਡੀਆ ਕੰਪਨੀ ਦੇ ਮੁੱਖ ਦਫ਼ਤਰ ਤੋਂ ਸਭ ਤੋਂ ਨੇੜਲਾ ਆਨ-ਸਾਈਟ ਬਾਰ, ਕੰਪਨੀ ਦੇ ਸ਼ਿਪਯਾਰਡ ਵਿੱਚ ਇੱਕ ਪੱਬ ਸੀ ਜੋ ਸਿਰਫ਼ ਇਸੇ ਦੇ ਕਰਮਚਾਰੀਆਂ ਲਈ ਸੀ।
ਇੱਥੇ ਬੀਅਰ ਦੇ ਤਿੰਨ ਪਿੰਟ ਇੱਕ ਪੈਨੀ ਤੋਂ ਮਹਿੰਗੇ ਨਹੀਂ ਵੇਚੇ ਜਾ ਸਕਦੇ ਸਨ। ਉਸ ਸਮੇਂ ਦੀ ਇੱਕ ਪੈਨੀ ਅਜੋਕੇ ਲਗਭਗ £0.43 ($0.63)।
ਕੰਪਨੀ ਨੇ ਇਹ ਯਕੀਨੀ ਬਣਾਉਣ ਲਈ ਕਿ ਕਰਮਚਾਰੀ "ਸ਼ਰਾਬਖਾਨੇ ਵਿੱਚ ਬਿਨਾਂ ਮਤਲਬ ਘੁੰਮਦੇ" ਨਾ ਫਿਰਨ "ਯਾਰਡ ਦੇ ਇੱਕ ਕਲਰਕ" ਨੂੰ ਵੀ ਤੈਨਾਤ ਕੀਤਾ ਸੀ। ਸਾਈਟ 'ਤੇ ਹੋਰ ਸਹੂਲਤਾਂ ਦੇ ਨਾਲ, 16 ਏਕੜ ਦੇ ਈਸਟ ਇੰਡੀਆ ਡੌਕਸ ਦੀ ਆਪਣੀ ਜੇਲ੍ਹ ਵੀ ਸੀ।
ਕਰਮਚਾਰੀ ਭੱਤੇ
ਸਨੋਬੋਰਡ ਬਣਾਉਣ ਵਾਲ਼ੀ ਕੰਪਨੀ ਬਰਟਨ ਕਰਮਚਾਰੀਆਂ ਨੂੰ ਮੁਫਤ ਸੀਜ਼ਨ ਪਾਸ ਦਿੰਦੀ ਹੈ। ਲੰਡਨ ਦੀ ਗੇਮਿੰਗ ਕੰਪਨੀ ਮਾਈਂਡ ਕੈਂਡੀ ਦੇ ਦਫ਼ਤਰ ਵਿੱਚ ਗਿਟਾਰ ਹੀਰੋ ਹੁੰਦਾ ਹੈ ਅਤੇ ਸਪੌਟੀਫਾਈ ਆਪਣੇ ਕਰਮਚਾਰੀਆਂ ਲਈ ਦਫ਼ਤਰ ਵਿੱਚ ਹੀ ਲਾਈਵ ਕੰਸਰਟ ਰੱਖਦੀ ਹੈ ਅਤੇ ਰਿਕਾਰਡਿੰਗ ਸਟੂਡੀਓ ਵੀ ਹਨ।
ਈਸਟ ਇੰਡੀਆ ਕੰਪਨੀ ਲਈ ਜਿਹੜੇ ਲੋਕ ਕੰਪਨੀ ਦੀ ਤਰਫੋਂ ਵਿਦੇਸ਼ ਗਏ ਸਨ, ਉਨ੍ਹਾਂ ਨੂੰ ਕੰਪਨੀ ਦੇ ਸੌਦਿਆਂ ਤੋਂ ਬਾਹਰ ਆਪਣੇ ਲਈ ਨਿੱਜੀ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਨੂੰ ਮਾਲ ਵਾਪਸ ਲਿਆਉਣ ਲਈ ਕੰਪਨੀ ਦੇ ਜਹਾਜ਼ਾਂ 'ਤੇ ਵੀ ਜਗ੍ਹਾ ਮਿਲਦੀ ਸੀ।
ਭਾਵੇਂ ਇਹ ਸੁਣਨ ਨੂੰ ਕਿਸੇ ਸੀਜ਼ਨ ਪਾਸ ਜਿੰਨਾ ਮਜ਼ੇਦਾਰ ਨਾ ਲੱਗੇ ਪਰ ਇਸ ਲਾਭ ਨੂੰ ਘੱਟ ਵੀ ਨਹੀਂ ਸਮਝਿਆ ਜਾ ਸਕਦਾ।
ਜਿਵੇਂ ਕਿ ਐਂਥਨੀ ਫਰਿੰਗਟਨ ਆਪਣੀ ਕਿਤਾਬ ਟਰੇਡਿੰਗ ਪਲੇਸਜ਼ ਵਿੱਚ ਲਿਖਦੇ ਹਨ, 18ਵੀਂ ਸਦੀ ਦੇ ਅੱਧ ਤੱਕ, ਇਸ ਲਾਭ ਦਾ ਮਤਲਬ ਸੀ ਕਿ ਇੱਕ ਕਮਾਂਡਰ ਦੀ ਚੀਨ ਤੱਕ ਦੀ ਇੱਕ ਚੰਗੀ ਯਾਤਰਾ “ਇੱਕ ਆਦਮੀ ਨੂੰ ਜੀਵਨ ਲਈ ਸੈੱਟ ਕਰ ਸਕਦੀ ਹੈ।”
ਅੱਜ ਦੇ ਲਾਭਾਂ ਵਾਂਗ, ਨੀਤੀ ਉਦਾਰਤਾ ਵਾਲ਼ੀ ਨਹੀਂ ਸੀ। ਈਸਟ ਇੰਡੀਆ ਕੰਪਨੀ ਕਰਮਚਾਰੀਆਂ ਨੂੰ ਕੰਪਨੀ ਵਿੱਚ ਸ਼ਾਮਲ ਹੋਣ ਅਤੇ ਬਣੇ ਰਹਿਣ ਲਈ ਉਤਸ਼ਾਹਿਤ ਕਰ ਰਹੀ ਸੀ। ਭਾਵੇਂ ਕਿ ਉਨ੍ਹਾਂ ਦੀਆਂ ਤਨਖਾਹਾਂ ਅੱਜ ਦੇ ਕਰਮਚਾਰੀਆਂ ਨਾਲ਼ੋਂ ਮੁਕਾਬਲਤਨ ਘੱਟ ਸਨ।
ਰੌਬਿਨਸ ਕਹਿੰਦੇ ਹਨ, “ਉਨ੍ਹਾਂ ਨੇ ਬੋਨਸ ਦਾ ਪ੍ਰਬੰਧ ਨਹੀਂ ਕੀਤਾ ਸੀ ਜਿਵੇਂ ਅਸੀਂ ਅੱਜ ਕਰਦੇ ਹਾਂ ਪਰ ਇਹ ਇੱਕ ਕਿਸਮ ਦਾ ਬੋਨਸ ਸੀ” "ਕੰਪਨੀ ਆਪਣੀ ਲਾਗਤ ਨੂੰ ਘੱਟ ਰੱਖਣਾ ਚਾਹੁੰਦੀ ਸੀ ਅਤੇ ਆਪਣੇ ਲੋਕਾਂ ਨੂੰ ਨੌਕਰੀ ਜਾਰੀ ਰੱਖਣ ਲਈ ਇੱਕ ਹੱਲਾਸ਼ੇਰੀ ਵੀ ਦੇਣਾ ਚਾਹੁੰਦੀ ਸੀ।"
ਕੰਪਨੀ ਵਿੱਚ ਕੰਮ ਕਰਨ ਦਾ ਇੱਕ ਹੋਰ ਲਾਭ ਇਨਸਾਈਡ ਟਰੇਡਿੰਗ ਲਈ ਭਰਪੂਰ ਮੌਕੇ, ਬਾਜ਼ਾਰ ਦੀ ਜ਼ਮੀਨੀ ਜਾਣਕਾਰੀ ਵਾਲੇ ਭਾਰਤ ਦੇ ਅਧਿਕਾਰੀ ਇਸ ਤੋਂ ਪਹਿਲਾਂ ਕਿ ਆਮ ਲੋਕਾਂ ਨੂੰ ਭਿਣਕ ਪਵੇ ਸ਼ੇਅਰਾਂ ਨੂੰ ਵੇਚਿਆ ਜਾਂ ਖ਼ਰੀਦਿਆ ਕਰਦੇ ਸਨ।
ਇਹ ਭਾਵੇਂ ਹੁਣ ਅਨੈਤਿਕ ਸਮਝਿਆ ਜਾਂਦਾ ਹੈ ਪਰ ਉਸ ਸਮੇਂ ਇਹ ਲਾਹੇਵੰਦ ਜ਼ਰੂਰ ਸੀ।
ਕੰਪਨੀ ਵੱਲੋਂ ਖਰਚਣ ਲਈ ਕਾਰਡ
ਸ਼ਹਿਰ ਦੀਆਂ ਬਹੁਤ ਸਾਰੀਆਂ ਫਰਮਾਂ ਨੇ ਅਧਿਕਾਰੀਆਂ ਨੂੰ ਭਰਮਾਉਣ ਲਈ ਬੇਤਹਾਸ਼ਾ ਖ਼ਰਚਾ ਕਰਨ ਦੀ ਨੀਤੀ ਲਈ ਆਲੋਚਨਾ ਦਾ ਸਾਹਮਣਾ ਕੀਤਾ ਹੈ। ਲੰਡਨ ਸ਼ਹਿਰ ਵਿੱਚ, ਇਸ ਪਹੁੰਚ ਦਾ ਇੱਕ ਲੰਮਾ ਇਤਿਹਾਸ ਹੈ।
ਉੱਨੀਵੀਂ 19ਵੀਂ ਸਦੀ ਦੇ ਸ਼ੁਰੂ ਵਿੱਚ ਈਸਟ ਇੰਡੀਆ ਕੰਪਨੀ ਦੇ , ਰਾਤ ਦੇ ਕੁਝ ਅਧਿਕਾਰਤ ਖਾਣਿਆਂ ਦੀ ਕੀਮਤ £300 ਤੋਂ ਵੱਧ ਸੀ, ਜੋ ਅੱਜ ਦੇ ਕੁਝ £19,850 ($28,554) ਦੇ ਬਰਾਬਰ ਹੈ। ਜਦੋਂ ਕਿ ਚੇਅਰਮੈਨ ਨੂੰ ਮਨੋਰੰਜਨ ਲਈ £2,000 ਪ੍ਰਤੀ ਸਾਲ (ਲਗਭਗ £132,300) ਵਾਧੂ ਮਿਲਦੇ ਸਨ।
ਇਨ੍ਹਾਂ ਖਰਚਿਆਂ ਵਿੱਚ ਸੰਨ 1834 ਵਿੱਚ ਕਟੌਤੀ ਕੀਤੀ ਗਈ। ਫਿਰ ਵੀ ਸੰਨ 1867 ਵਿੱਚ ਵੀ ਅਫ਼ਸਰ ਸਰ ਜੌਹਨ ਕੇ ਨੇ ਲਿਖਿਆ ਕਿ ਕੰਪਨੀ ਵੱਲੋਂ "ਇਸ ਤੋਂ ਵਧੀਆ ਰਾਤ ਦਾ ਖਾਣਾ ਕਦੇ ਨਹੀਂ ਖਵਾਇਆ ਗਿਆ"।
ਵਿਦੇਸ਼ਾਂ ਵਿੱਚ ਵੀ ਕੰਪਨੀ ਇਸੇ ਤਰ੍ਹਾਂ ਉਦਾਰ ਸੀ। ਇੱਕ ਫੈਕਟਰੀ ਦੇ ਸੀਨੀਅਰ ਕਪਤਾਨ ਨੂੰ ਰਵਾਇਤੀ ਤੌਰ 'ਤੇ ਰਾਤ ਦੇ ਖਾਣੇ ਅਤੇ ਹੋਰ ਵੱਖ-ਵੱਖ ਖਰਚਿਆਂ ਲਈ 'ਟੇਬਲ ਮਨੀ' ਵਜੋਂ £500 ਪ੍ਰਤੀ ਸਾਲ (ਅੱਜ ਦੇ ਕੁਝ £33,080 ਦੇ ਬਰਾਬਰ) ਭੱਤਾ ਦਿੱਤਾ ਜਾਂਦਾ ਸੀ।
ਬਹੁਤ ਸਾਰੇ ਤੋਹਫ਼ੇ ਅਤੇ ਨੈਤਿਕਤਾ ਦਾ ਕੋਡ?
ਇੱਥੇ ਹੀ ਬੱਸ ਨਹੀਂ। ਵਿਦੇਸ਼ੀ ਕਾਰਖਾਨੇ ਦੇ ਕਰਮਚਾਰੀਆ ਦੀ ਮਿਹਰ ਦੀ ਉਮੀਦ ਵਿੱਚ ਅਕਸਰ ਵਪਾਰੀ ਅਤੇ ਹੋਰ ਲੋਕਾਂ ਤੋਂ ਗਹਿਣੇ ਜਾਂ ਰੇਸ਼ਮ ਦੇ ਤੋਹਫ਼ੇ ਆਦਿ ਮਿਲਦੇ ਰਹਿੰਦੇ ਸਨ।
ਇੱਥੋਂ ਤੱਕ ਕਿ ਆਨ-ਸਾਈਟ ਪਾਦਰੀ ਵੀ ਘਾਟੇ ਵਿੱਚ ਨਹੀਂ ਰਹਿੰਦੇ ਸਨ। ਓਵਿੰਗਟਨ ਨੇ ਲਿਖਿਆ, ਪਾਦਰੀਆਂ ਨੂੰ “ਵਪਾਰੀਆਂ ਅਤੇ ਜਹਾਜ਼ਾਂ ਦੇ ਮਾਲਕਾਂ ਤੋਂ ਬਹੁਤ ਸਾਰੇ ਨਿੱਜੀ ਤੋਹਫ਼ਿਆਂ ਤੋਂ ਇਲਾਵਾ, ਵਿਆਹ, ਬਪਤਿਸਮੇ ਅਤੇ ਦਫ਼ਨਾਉਣ ਲਈ ਲਗਾਤਾਰ ਵੱਡੀਆਂ- ਵੱਡੀਆਂ ਭੇਟਾਂਂ ਵੀ ਮਿਲਦੀਆਂ ਸਨ।”
ਬੇਸ਼ੱਕ, ਕੰਪਨੀ ਨੇ ਆਪਣੇ ਸਮੁੱਚੇ ਇਤਿਹਾਸ ਦੌਰਾਨ ਬਹੁਤ ਸਾਰੇ ਬਦਲਾਅ ਕੀਤੇ ਅਤੇ ਕੁਪ੍ਰਬੰਧਨ ਅਤੇ ਭ੍ਰਿਸ਼ਟਾਚਾਰ ਦੇ ਬਹੁਤ ਸਾਰੇ ਦੌਰ ਦੇਖੇ। ਜਨਤਕ ਹੰਗਾਮਾ ਵੀ ਹੋਇਆ ਅਤੇ ਕੰਪਨੀ ਉੱਤੇ ਸਖ਼ਤੀ ਦੀਆਂ ਕੋਸ਼ਿਸ਼ਾਂ ਵੀ ਹੋਈਆਂ।
ਨਤੀਜੇ ਵਜੋਂ, 1764 ਵਿੱਚ, ਕੰਪਨੀ ਨੇ ਇੱਕ ਖਾਸ ਮੁੱਲ ਤੋਂ ਵੱਧ ਤੋਹਫ਼ੇ ਲੈਣ 'ਤੇ ਪਾਬੰਦੀ ਲਗਾ ਦਿੱਤੀ।
ਇਹ ਪਾਬੰਦੀ, ਰੌਬਿਨਸ ਦੱਸਦੇ ਹਨ, "ਨੈਤਿਕਤਾ ਦੇ ਪਹਿਲੇ ਕਾਰਪੋਰੇਟ ਕੋਡਾਂ ਵਿੱਚੋਂ ਇੱਕ" ਸੀ।
ਪੈਸਾ, ਪੈਸਾ, ਪੈਸਾ
18ਵੀਂ ਸਦੀ ਦੇ ਅਖ਼ੀਰ ਅਤੇ 19ਵੀਂ ਸਦੀ ਦੇ ਸ਼ੁਰੂ ਵਿੱਚ, ਈਸਟ ਇੰਡੀਆ ਕੰਪਨੀ ਦੇ ਕਲਰਕ ਬ੍ਰਿਟੇਨ ਵਿੱਚ ਸਭ ਤੋਂ ਵੱਧ ਤਨਖਾਹ ਪਾਉਣ ਵਾਲ਼ੇ ਕਰਮਚਾਰੀ ਸਨ। ਜਿੰਨੀ ਦੇਰ ਤੱਕ ਤੁਸੀਂ ਕੰਪਨੀ ਵਿੱਚ ਕੰਮ ਕੀਤਾ, ਪੂਰੀ ਨੌਕਰੀ ਕਰਕੇ ਪੂਰੀ ਤਨਖਾਹ ਜਿੰਨੀ ਪੈਨਸ਼ਨ ਨਾਲ ਰਿਟਾਇਰ ਹੋ ਸਕਦੇ ਸੀ।
ਸੰਨ 1829 ਤੋਂ 1836 ਤੱਕ ਸੈਕਟਰੀ ਰਹੇ ਪੀਟਰ ਔਬਰ ਨੇ, ਜੋ 16 ਸਾਲ ਦੀ ਉਮਰ ਵਿੱਚ ਨੌਕਰੀ ਲੱਗੇ ਸਨ, 66 ਸਾਲ ਦੀ ਉਮਰ ਵਿੱਚ ਅਸਤੀਫਾ ਦੇ ਦਿੱਤਾ ਅਤੇ ਫਿਰ ਅਗਲੇ 30 ਸਾਲਾਂ ਲਈ £2,000 ਪ੍ਰਤੀ ਸਾਲ ਪੈਨਸ਼ਨ 'ਤੇ ਜਿਉਂਦੇ ਰਹੇ। ਔਸਤ ਕਾਮਿਆਂ ਦੀਆਂ ਤਨਖਾਹਾਂ ਦੇ ਮੁਕਾਬਲੇ, £895,600 ਜ਼ਿਆਦਾ।
ਇਸ ਤੋਂ ਇਲਾਵਾ ਜਿਹੜੇ ਸਿਖਰਲੇ ਅਹੁਦੇ 'ਤੇ ਸਨ- 24 ਨਿਰਦੇਸ਼ਕ। ਉਹਨਾਂ ਅੱਜ ਦੇ £300 ਤੋਂ £500 ਦੇ ਮਾਪਦੰਡਾਂ ਮੁਤਾਬਕ ਮੁਕਾਬਲਤਨ ਦਰਮਿਆਨੀ ਤਨਖਾਹ ਹੀ ਹਾਸਲ ਕੀਤੀ। ਇਹ ਅੱਜ ਦੇ ਲਗਭਗ £214,400 ਤੋਂ £357,300 ($308,499 ਤੋਂ $514,124) ਦੇ ਬਰਾਬਰ ਸੀ।
ਬਹੁਤ ਸਾਰੇ ਲੋਕ ਆਪਣੇ-ਆਪ ਨੂੰ ਨਿਰਦੇਸ਼ਕਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਸਨ।
ਇਸ ਤਰ੍ਹਾਂ ਇਨ੍ਹਾਂ ਨਿਰਦੇਸ਼ਕਾਂ ਨੂੰ ਆਪਣੇ ਅਹੁਦੇ ਕਾਰਨ ਉਨ੍ਹਾਂ ਲੋਕਾਂ ਤੋਂ ਨਗਦੀ ਅਤੇ ਹੋਰ ਤੋਹਫ਼ੇ ਮਿਲਦੇ ਸਨ। ਜੋ ਉਮੀਦ ਕਰਦੇ ਸਨ ਕਿ ਉਨ੍ਹਾਂ ਦੀ ਸਿਫ਼ਾਰਿਸ਼ ਹੋਵੇਗੀ ਜਾਂ ਕੋਈ ਵਪਾਰਕ ਸੌਦੇ ਮਿਲ ਜਾਵੇਗਾ।
ਵਿਲੀਅਮ ਫੋਸਟਰ ਨੇ ਆਪਣੀ ਕਿਤਾਬ ਈਸਟ ਇੰਡੀਆ ਹਾਊਸ ਵਿੱਚ ਲਿਖਿਆ, ਹਾਲਾਂਕਿ ਨਗਦੀ ਲੈਣ ਦੀ ਮਨਾਹੀ ਸੀ ਪਰ ਫਿਰ ਵੀ ਉਨ੍ਹਾਂ ਦੀ ਕਮਾਈ ਲਗਭਗ £5000 ਤੋਂ £8000 ਪ੍ਰਤੀ ਸਾਲ ਸੀ, - ਅੱਜ ਦੇ £50 ਲੱਖ ਤੋਂ £85 ਲੱਖ ।
ਇਹ ਰਕਮ ਇੱਕ ਡਾਇਰੈਕਟਰ ਨੂੰ ਅਜੋਕੇ CEOs ਦੇ ਬਰਾਬਰ ਬਣਾਉਂਦੀ ਹੈ। ਬ੍ਰਿਟੇਨ ਵਿੱਚ, FTSE 100 ਕੰਪਨੀਆਂ ਦੇ CEOs ਨੇ 2014 ਵਿੱਚ ਔਸਤਨ £4.96 ਮਿਲੀਅਨ ਦੀ ਕਮਾਈ ਕੀਤੀ ਸੀ।
ਕੰਮ ਅਤੇ ਦਫ਼ਤਰੀ ਜੀਵਨ ਵਿੱਚ ਸੰਤੁਲਨ
ਨੈਟਫਲਿਕਸ, ਵਰਜਿਨ ਗਰੁੱਪ, ਟਵਿੱਟਰ, GE ਅਤੇ ਗਲਾਸਡੋਰ ਸਾਰਿਆਂ ਦੇ ਕਰਮਚਾਰੀਆਂ ਕੋਲ ਅਸੀਮਤ ਛੁੱਟੀਆਂ ਹਨ (ਹਾਲਾਂਕਿ ਇਸਦਾ ਹਰ ਵਾਰ ਇਹ ਮਤਲਬ ਨਹੀਂ ਕਿ ਕਰਮਚਾਰੀ ਜਿੰਨੀਆਂ ਚਾਹੁਣ ਛੁੱਟੀਆਂ ਲੈ ਸਕਦੇ ਹਨ)।
ਹਾਲਾਂਕਿ ਜੇ ਉਹ ਸਮੇਂ ਵਿੱਚ ਪਿੱਛੇ ਜਾ ਕੇ ਈਸਟ ਇੰਡੀਆ ਕੰਪਨੀ ਵੱਚ ਨੌਕਰੀ ਕਰ ਸਕਦੇ ਤਾਂ, ਉਨ੍ਹਾਂ ਨੂੰ ਹੁਣ ਜਿੰਨੀਆਂ ਛੁੱਟੀਆਂ ਵੀ ਨਹੀਂ ਮਿਲਣੀਆਂ ਸਨ। ਕੰਪਨੀ ਦੇ ਸ਼ੁਰੂਆਤੀ ਸਾਲਾਂ ਵਿੱਚ ਸਲਾਨਾ ਛੁੱਟੀ ਵਰਗੀ ਕੋਈ ਚੀਜ਼ ਨਹੀਂ ਸੀ।
ਕਿਸੇ ਕਲਰਕ ਨੇ ਜੇ ਮਿਸਾਲ ਵਜੋਂ ਨਿੱਜੀ ਯਾਤਰਾ ਉੱਤੇ ਜਾਣਾ ਹੋਵੇ ਤਾਂ ਉਸ ਨੂੰ ਕੋਰਟ ਆਫ਼ ਡਾਇਰੈਕਟਰਜ਼ ਤੋਂ ਆਪਣੀ ਛੁੱਟੀ ਮਨਜ਼ੂਰ ਕਰਵਾਉਣੀ ਪੈਂਦੀ ਸੀ। ਉਸ ਸਮੇਂ ਇਹ ਇਸ ਤਰ੍ਹਾਂ ਵੀ ਜਾਇਜ਼ ਸੀ ਕਿ ਉਦੋਂ ਜਨਤਕ ਛੁੱਟੀਆਂ ਅੱਜ ਦੇ ਮੁਕਾਬਲੇ ਬਹੁਤ ਜ਼ਿਆਦਾ ਸਨ।
ਹਾਲਾਂਕਿ ਸਾਲ 1817 ਵਿੱਚ, ਕ੍ਰਿਸਮਿਸ ਦੇ ਦਿਨ ਨੂੰ ਛੱਡ ਕੇ ਬਾਕੀ ਦਿਨਾਂ ਦੀਆਂ ਜਨਤਕ ਛੁੱਟੀਆਂ ਕੱਟ ਦਿੱਤੀਆਂ ਗਈਆਂ।
ਹਾਲਾਂਕਿ ਇਸ ਤੋਂ ਬਾਅਦ ਮਿਲੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ, ਕਮੇਟੀ ਨੇ ਕਰਮਚਾਰੀਆਂ ਲਈ ਨਿਰਧਾਰਤ ਛੁੱਟੀ ਦੀ ਇਜਾਜ਼ਤ ਦੇ ਦਿੱਤੀ।
ਜਿਹੜੇ ਕਰਮਚਾਰੀਆਂ ਦੀ 50 ਸਾਲਾਂ ਤੋਂ ਜ਼ਿਆਦਾ ਦੀ ਨੌਕਰੀ ਸੀ ਉਨ੍ਹਾਂ ਲਈ ਸਾਲ ਵਿੱਚ ਚਾਰ ਦਿਨ ਦੀ ਛੁੱਟੀ। ਜਿਨ੍ਹਾਂ ਦੀ ਘੱਟੋ-ਘੱਟ 18 ਸਾਲ ਦੀ ਨੌਕਰੀ ਸੀ ਉਨ੍ਹਾਂ ਲਈ ਇੱਕ ਦਿਨ ਦੀ ਛੁੱਟੀ। ਸਾਰੀ ਉਮਰ ਕੰਪਨੀ ਦੀ ਚਾਕਰੀ ਕਰਨ ਵਾਲ਼ੇ ਇੱਕ ਕਰਮਚਾਰੀ ਚਾਰਲਸ ਲੈਂਬ ਨੇ ਲਿਖਿਆ,"ਮੈਂ ਸੋਚਦਾ ਹਾਂ ਕਿ ਇਹ ਬਹੁਤ ਉਦਾਰਵਾਦੀ ਹੈ"।
ਕਾਮਿਆਂ ਤੋਂ ਵੀ ਨਿਰਧਾਰਿਤ ਘੰਟੇ ਲਗਾਉਣ ਦੀ ਉਮੀਦ ਕੀਤੀ ਜਾਂਦੀ ਸੀ। 17ਵੀਂ ਸਦੀ ਦੇ ਅਖੀਰ ਅਤੇ 18ਵੀਂ ਸਦੀ ਦੇ ਸ਼ੁਰੂ ਵਿੱਚ, ਕੰਪਨੀ ਦੇ ਕਲਰਕਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਹੈੱਡਕੁਆਰਟਰ ਵਿੱਚ ਰਹਿਣਾ ਪੈਂਦਾ ਸੀ। ਇਸ ਦੌਰਾਨ ਉਨ੍ਹਾਂ ਨੂੰ ਦੋ ਘੰਟੇ ਦੁਪਹਿਰ ਦੇ ਖਾਣੇ ਲਈ ਮਿਲਦੇ ਸਨ। ਉਹ ਸ਼ਨੀਵਾਰ ਨੂੰ ਵੀ ਕੰਮ ਕਰਦੇ ਸਨ।
ਹਾਲਾਂਕਿ ਇਨ੍ਹਾਂ ਘੰਟਿਆਂ ਦੀ ਨਿਗਰਾਨੀ ਹਮੇਸ਼ਾ ਸਖਤੀ ਨਾਲ਼ ਨਹੀਂ ਕੀਤੀ ਜਾਂਦੀ ਸੀ। ਮਈ 1727 ਵਿੱਚ, ਕੋਰਟ ਆਫ਼ ਡਾਇਰੈਕਟਰਜ਼ ਦੇ ਸਾਹਮਣੇ ਵੇਅਰਹਾਊਸ ਦੇ ਕੁਲੀ ਜੌਹਨ ਸਮਿਥ ਦਾ ਕੇਸ ਆਇਆ। ਉਹ ਜਨਵਰੀ 1726 ਤੋਂ ਬਿਨਾਂ ਛੁੱਟੀ ਦੇ ਗੈਰਹਾਜ਼ਰ ਸੀ, 16 ਮਹੀਨਿਆਂ ਦੀ ਗੈਰਹਾਜ਼ਰੀ! (ਹਾਲਾਂਕਿ ਇਸ ਨੂੰ ਮਾਫ਼ ਕਰ ਦਿੱਤਾ ਗਿਆ)।
ਕੰਪਨੀ ਦੇ ਹੋਰ ਕਰਮਚਾਰੀਆਂ ਕੋਲ ਇਹ ਬਿਹਤਰ ਵਿਕਲਪ ਸਨ। ਵੇਅਰਹਾਊਸ ਦੇ ਮਜ਼ਦੂਰਾਂ ਨੇ ਸੋਮਵਾਰ ਤੋਂ ਸ਼ਨੀਵਾਰ ਤੱਕ 30 ਮਿੰਟ ਦੇ ਆਰਾਮ ਸਮੇਤ ਛੇ ਘੰਟੇ ਪ੍ਰਤੀ ਦਿਨ ਕੰਮ ਕੀਤਾ। ਜਦਕਿ ਲੰਡਨ ਦੇ ਹੋਰ ਡੌਕਯਾਰਡਾਂ ਵਿੱਚ ਕੁਲੀ ਨਿਯਮਿਤ ਤੌਰ 'ਤੇ 10- ਤੋਂ 12-ਘੰਟੇ ਕੰਮ ਕਰਦੇ ਸਨ।
ਸਤਾਰਵੀਂ ਸਦੀ ਵਿੱਚ ਸੂਰਤ ਦੀ ਫੈਕਟਰੀ ਵਿੱਚ, ਓਵਿੰਗਟਨ ਸਾਨੂੰ ਦੱਸਦਾ ਹੈ, ਕਲਰਕ ਸਵੇਰ ਵੇਲੇ ਉੱਠਦੇ ਸਨ, ਪ੍ਰਾਰਥਨਾ ਕਰਦੇ ਸਨ, 10 ਤੋਂ 12 ਵਜੇ ਤੱਕ ਕੰਮ ਕਰਦੇ ਸਨ। ਢਿੱਡ ਭਰ ਕੇ ਦੁਪਹਿਰ ਦਾ ਖਾਣਾ ਖਾਂਦੇ ਸਨ। ਦੁਪਹਿਰ ਦੀ ਨੀਂਦ ਲੈਂਦੇ ਸਨ ਅਤੇ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਦੁਬਾਰਾ ਕੰਮ ਕਰਦੇ ਸਨ। ਇਸ ਤੋਂ ਬਾਅਦ ਪ੍ਰਾਰਥਨਾ, ਰਾਤ ਦਾ ਭੋਜਨ ਅਤੇ ਪਾਣੀ ਦੇ ਕੋਲ ਜਾਂ ਬਾਗ ਵਿੱਚ ਆਰਾਮ ਕਰਦੇ ਸਨ।
ਨੌਕਰੀ ਤੋਂ ਸੰਤੁਸ਼ਟੀ
ਸਿਰਫ਼ ਅੱਧੇ ਅਮਰੀਕੀ ਕਾਮੇ, 43% ਫ੍ਰੈਂਚ ਅਤੇ 34% ਜਰਮਨ ਕਹਿੰਦੇ ਹਨ ਕਿ ਉਹ ਆਪਣੀਆਂ ਨੌਕਰੀਆਂ ਤੋਂ ਖੁਸ਼ ਹਨ।
ਨੌਕਰੀ ਤੋਂ ਸੰਤੁਸ਼ਟੀ ਦੀ ਘਾਟ ਨੂੰ ਅੱਜ ਇੱਕ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ। 200 ਸਾਲ ਪਹਿਲਾਂ ਇਸ ਨੂੰ ਕੰਮ ਦਾ ਹਿੱਸਾ ਮੰਨ ਲਿਆ ਜਾਂਦਾ ਸੀ।
ਹਾਲਾਂਕਿ ਕੁਝ ਕਰਮਚਾਰੀ ਬਿਨਾਂ ਸ਼ੱਕ ਆਪਣਾ ਕੰਮ ਅਤੇ ਇਸ ਤੋਂ ਮਿਲੇ ਮੌਕਿਆਂ ਦਾ ਆਨੰਦ ਮਾਣਦੇ ਸਨ ਪਰ ਇਹ ਬਹੁਤ ਮੁਸ਼ਕਲ ਹੋ ਸਕਦਾ ਹੈ। ਇੰਨਾ ਕਿ ਦਿਮਾਗ ਸੁੰਨ ਹੋ ਜਾਵੇ। ਜਿਹੜੇ ਲੋਕ ਕਾਰਪੋਰੇਸ਼ਨ ਦੀ ਤਰਫੋਂ ਵਿਦੇਸ਼ ਗਏ ਸਨ, ਉਨ੍ਹਾਂ ਲਈ ਇੱਕ ਸਮੁੰਦਰੀ ਸਫ਼ਰ ਵਿੱਚ ਹੀ ਦੋ ਸਾਲ ਤੱਕ ਲੰਘ ਜਾਂਦੇ ਸਨ। ਕੁਝ ਲੋਕ ਸਫ਼ਰ ਦੀ ਭੇਂਟ ਵੀ ਚੜ੍ਹ ਜਾਂਦੇ ਸਨ।
ਜਿਹੜੇ ਸੁਰੱਖਿਅਤ ਢੰਗ ਨਾਲ ਕੰਢੇ 'ਤੇ ਪਹੁੰਚ ਜਾਂਦੇ ਸਨ। ਉਨ੍ਹਾਂ ਲਈ ਵੱਡੇ ਖ਼ਤਰੇ ਮੁੱਖ ਤੌਰ 'ਤੇ ਬਿਮਾਰੀ। ਉਨ੍ਹਾਂ ਦੀ ਉਡੀਕ ਕਰ ਰਹੀ ਹੁੰਦੀ।
ਕੁਝ ਸਾਲਾਂ ਵਿੱਚ, ਫਰਿੰਗਟਨ ਮੁਤਾਬਕ, ਇੱਕ ਤਿਹਾਈ ਵਿਦੇਸ਼ੀ ਕਰਮਚਾਰੀਆਂ ਦੀ ਮੌਤ ਹੋ ਗਈ। ਤੂਫਾਨਾਂ, ਸਮੁੰਦਰੀ ਜਹਾਜ਼ਾਂ, ਸਮੁੰਦਰੀ ਡਾਕੂਆਂ ਅਤੇ ਬੀਮਾਰੀਆਂ ਦੇ ਵਿਚਕਾਰ, ਏਸ਼ੀਆ ਵਿੱਚ ਤਾਇਨਾਤ ਕੰਪਨੀ ਦੇ ਅੱਧੇ ਤੋਂ ਵੱਧ ਕਰਮਚਾਰੀ ਸੇਵਾ ਦੌਰਾਨ ਮਰ ਗਏ।
ਜਿਹੜੇ ਲੋਕ ਲੰਡਨ ਦੇ ਹੈੱਡਕੁਆਰਟਰ ਵਿੱਚ ਠਹਿਰੇ ਸਨ, ਉਨ੍ਹਾਂ ਨੇ ਦੇਖਿਆ ਕਿ ਕੰਮ ਰੋਮਾਂਚਕ ਨਹੀਂ ਸੀ। ਕਾਰਪੋਰੇਸ਼ਨ ਲਈ ਕੰਮ ਕਰਨ ਵਾਲੇ ਕਲਰਕਾਂ ਨੂੰ 'ਰਾਈਟਰ' ਕਿਹਾ ਜਾਂਦਾ ਸੀ ਕਿਉਂਕਿ ਉਹ ਵਾਰ-ਵਾਰ ਦਸਤਾਵੇਜ਼ਾਂ ਦੀ ਨਕਲ ਕਰਦੇ ਸਨ।
ਹਰੇਕ ਡਿਸਪੈਚ – ਭਾਵੇਂ ਕਿਸੇ ਮੀਟਿੰਗ ਦੇ ਮਿਨਟ ਜਾਂ ਕੋਈ ਬਿਆਨ ਦੀਆਂ ਪੰਜ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਸਨ।
ਹੈਰਾਨੀ ਦੀ ਗੱਲ ਹੈ ਕਿ, ਕੁਝ ਕਰਮਚਾਰੀ ਇੰਨੇ ਬੋਰ ਹੋ ਗਏ ਸਨ ਕਿ ਉਨ੍ਹਾਂ ਨੇ ਬਹੁਤਾ ਕੁਝ ਨਾ ਕਰਨ ਦਾ ਫ਼ੈਸਲਾ ਕੀਤਾ।
ਦਫਤਰੀ ਕੰਮ ਦੀ ਕਠੋਰਤਾ ਦੇ ਸਭ ਤੋਂ ਵੇਰਵੇ ਭਰਭੂਰ ਵਰਨਣਾਂ ਵਿੱਚੋਂ ਇੱਕ ਉੱਘੇ ਲੇਖਕ ਅਤੇ ਜੀਵਨ ਭਰ ਕੰਪਨੀ ਦੇ ਅਧਿਕਾਰੀ ਚਾਰਲਸ ਲੈਂਬ ਦੁਆਰਾ ਦਿੱਤਾ ਗਿਆ ਸੀ। ਉਨ੍ਹਾਂ ਨੇ ਈਸਟ ਇੰਡੀਆ ਕੰਪਨੀ ਵਿੱਚ 1792 ਤੋਂ 1825 ਤੱਕ ਕੰਮ ਕੀਤਾ।
ਦਫਤਰ ਵਿੱਚ ਉਨ੍ਹਾਂ ਦਾ ਜੀਵਨ ਅਜਿਹਾ ਸੀ ਜੋ ਸਾਡੇ ਵਿੱਚੋਂ ਬਹੁਤ ਸਾਰੇ ਪਛਾਣ ਸਕਦੇ ਹਨ।
ਹਾਲਾਂਕਿ ਉਹ ਆਪਣੇ ਸਹਿ-ਕਰਮੀਆਂ ਨਾਲ ਦੋਸਤਾਨਾ ਹੋ ਗਏ ਅਤੇ ਵਿੱਤੀ ਸਥਿਰਤਾ ਦਾ ਆਨੰਦ ਮਾਣਿਆ। ਉਹ ਆਪਣੇ ਕੰਮ ਪ੍ਰਤੀ ਚਿੰਤਾ ਕਾਰਨ ਰਾਤ ਨੂੰ ਜਾਗਦਾ ਰਹਿੰਦੇ। ਲੈਂਬ ਨੂੰ "ਕਾਲਪਨਿਕ ਝੂਠੀਆਂ ਐਂਟਰੀਆਂ" ਅਤੇ ਖਾਤੇ ਦੀਆਂ ਗਲਤੀਆਂ ਦਾ ਡਰ ਸਤਾਉਂਦਾ ਰਹਿੰਦਾ। ਅਤੇ ਉਨ੍ਹਾਂ ਨੇ ਰਿਟਾਇਰਮੈਂਟ ਦਾ ਸੁਪਨਾ ਵੀ ਦੇਖਿਆ, ਪਰ ਲਈ ਨਹੀਂ। ਸਾਡੇ ਵਿੱਚੋਂ ਬਹੁਤਿਆਂ ਵਾਂਗ।
ਲੈਂਬ ਨੇ ਕਵੀ ਵਿਲੀਅਮ ਵਰਡਜ਼ਵਰਥ ਨੂੰ 1822 ਵਿੱਚ ਲਿਖਿਆ, “ਮੈਂ ਦਫ਼ਤਰ ਦੀ ਕੈਦ ਤੋਂ ਬਹੁਤ ਥੱਕ ਗਿਆ ਹਾਂ। … ਤੁਸੀਂ ਨਹੀਂ ਜਾਣਦੇ ਕਿ ਚਾਰ ਬੰਦ ਕੰਧਾਂ ਦੀ ਹਵਾ ਵਿੱਚ, ਬਿਨਾਂ ਕਿਸੇ ਰਾਹਤ, ਦਿਨ ਪ੍ਰਤੀ ਦਿਨ, ਦਿਨ ਦੇ ਸਾਰੇ ਸੁਨਹਿਰੀ ਘੰਟੇ, ਬਿਨਾਂ ਕਿਸੇ ਆਸਾਨੀ ਜਾਂ ਅੰਤਰ ਦੇ, ਸਾਹ ਲੈਣਾ ਕਿੰਨਾ ਥਕਾਊ ਹੈ। ਓਹ ਕਬਰ ਅਤੇ ਮੇਜ਼ ਦੇ ਵਿਚਕਾਰ ਕੁਝ ਸਾਲ!"
ਆਪਣੀਆਂ ਦੁਬਿਧਾਵਾਂ ਦੇ ਬਾਵਜੂਦ, ਲੈਂਬ, ਅਸਲ ਵਿੱਚ, ਤਿੰਨ ਸਾਲਾਂ ਬਾਅਦ ਰਿਟਾਇਰਡ ਹੋਏ। ਉਨ੍ਹਾਂ ਨੇ 59 ਸਾਲ ਦੀ ਉਮਰ ਵਿੱਚ ਮੌਤ ਤੋਂ ਪਹਿਲਾਂ ਅੱਠ ਸਾਲ ਸੇਵਾਮੁਕਤੀ ਦਾ ਆਨੰਦ ਮਾਣਿਆ।
ਉਦੋਂ ਅਤੇ ਹੁਣ
ਆਪਣੇ ਕਰਮਚਾਰੀਆਂ ਤੋਂ ਚੰਗੇ ਵਿਵਹਾਰ ਦੀ ਗਰੰਟੀ ਵਜੋਂ ਬਾਂਡ ਭਰਵਾਉਣ ਤੋਂ ਲੈ ਕੇ, ਇਸਦੀ ਸਾਰੀ ਕਾਰਜਸ਼ਕਤੀ ਮਰਦਾਂ ਕੋਲ ਸੀ।
ਹੋਰ ਵੀ ਕਈ ਕਾਰਨਾਂ ਕਰਕੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕਿਸੇ ਆਧੁਨਿਕ ਬਹੁਕੌਮੀ ਕੰਪਨੀ ਤੋਂ ਵੱਖਰੀ ਸੀ।
ਨਾ ਸਿਰਫ ਆਰਥਿਕ ਅਤੇ ਸਿਆਸੀ, ਸਗੋਂ ਫੌਜੀ ਤਾਕਤ ਦੀ ਵਰਤੋਂ ਕਰਦਿਆਂ ਦੁਨੀਆਂ ਭਰ ਦੇ ਬਾਜ਼ਾਰਾਂ ਦਾ ਸ਼ੋਸ਼ਣ ਕਰਨ ਦੀ ਇਸਦੀ ਯੋਗਤਾ ਕਾਰਪੋਰੇਸ਼ਨ ਨੂੰ ਤਤਕਾਲ ਦੇ ਉਤਪਾਦ ਵਜੋਂ ਅਟੱਲ ਤੌਰ 'ਤੇ ਸਥਾਪਿਤ ਕਰਦੀ ਹੈ।
ਭਾਵੇਂ ਇੱਕ ਸ਼ਾਨਦਾਰ ਹੈੱਡਕੁਆਰਟਰ ਦਾ ਆਨੰਦ ਲੈਣਾ ਹੋਵੇ, ਬਿਨਾਂ ਭੁਗਤਾਨ ਦੀਆਂ ਇੰਟਰਨਸ਼ਿਪ ਹੋਣ ਜਾਂ ਕਰਮਚਾਰੀਆਂ ਦਾ ਰਿਟਾਇਰਮੈਂਟ ਦਾ ਸੁਪਨਾ ਲੈਣਾ ਹੋਵੇ, 21ਵੀਂ ਸਦੀ ਦੇ ਕਰਮਚਾਰੀਆਂ ਵਿੱਚ 18ਵੀਂ- ਜਾਂ 19ਵੀਂ-ਸਦੀ ਦੇ ਦਫ਼ਤਰੀ ਕਰਮਚਾਰੀਆਂ ਦੇ ਨਾਲ ਉਨ੍ਹਾਂ ਦੀ ਸੋਚ ਨਾਲੋਂ ਜ਼ਿਆਦਾ ਸਮਾਨਤਾ ਹੈ।