ਕਿਰਨਜੀਤ ਕੌਰ: 26 ਸਾਲ ਪਹਿਲਾਂ ਰੇਪ ਹੋਇਆ, 4 ਫੁੱਟ ਡੂੰਘੇ ਟੋਏ 'ਚੋਂ ਲਾਸ਼ ਮਿਲੀ...ਉਸਦੇ ਨਾਂ 'ਤੇ ਅੱਜ ਵੀ ਚੱਲ ਰਿਹਾ ਵੱਡਾ ਘੋਲ

    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਸਹਿਯੋਗੀ

12 ਅਗਸਤ ਦਾ ਦਿਨ ਹਰ ਸਾਲ ਪੰਜਾਬ ਦੇ ਸੰਘਣੀ ਅਬਾਦੀ ਵਾਲੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਲਈ ਕੁਝ ਪੁਰਾਣੀਆਂ ਤਲਖ਼ ਹਕੀਕਤਾਂ ਦੀ ਯਾਦ ਤੇ ਨਵੇਂ ਹੌਸਲਿਆਂ ਦੀ ਆਸ ਨਾਲ ਚੜ੍ਹਦਾ ਹੈ।

ਇੱਕ ਮਾਂ ਆਪਣੀ ਧੀ ਨੂੰ ‘ਅਣਖ’ ਵਾਲੀ ਦੱਸਦੀ ਹੈ, ਪਿਤਾ 29 ਜੁਲਾਈ, 1997 ਦੇ ਦਿਨ ਨੂੰ ਬੇਰਹਿਮ ਕਹਿੰਦਾ ਹੈ ਤੇ ਇਲਾਕੇ ਦੀਆਂ ਹਜ਼ਾਰਾਂ ਔਰਤਾਂ ਪਰਿਵਾਰਾਂ ਸਮੇਤ ਇਨ੍ਹਾਂ ਮਾਪਿਆਂ ਨੂੰ ਕੁਝ ਤਸੱਲੀ ਦੇਣ ਹਰ ਸਾਲ ਮਹਿਲ ਕਲਾਂ ਪਹੁੰਚ ਜਾਂਦੀਆਂ ਹਨ।

ਸਟੇਜ ਸਜਦੀ ਹੈ, ਚੜ੍ਹਦੀ ਕਲਾ ਦੇ ਬੋਲ ਕੰਨੀ ਪੈਂਦੇ ਹਨ ਤੇ ਏਕਾ ਨਾ ਛੱਡਣ ਦਾ ਹੋਕਾ ਦਿੱਤਾ ਜਾਂਦਾ ਹੈ। ਔਰਤਾਂ ਦੇ ਹੱਕਾਂ ਪ੍ਰਤੀ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਪਰ ਇਸ ਸੋਚ ਦੇ ਪਿੱਛੇ ਇੱਕ ਅਣਸੁਖਾਵੀਂ ਘਟਨਾ ਹੈ।

ਮਾਮਲਾ 1997 ਦਾ ਹੈ। ਪਿੰਡ ਦੀ ਧੀ ਕਿਰਨਜੀਤ ਕੌਰ ਜੋ 12ਵੀਂ ਜਮਾਤ ਦੀ ਵਿਦਿਆਰਥਣ ਸੀ ਰੋਜ਼ ਵਾਂਗ ਘਰ ਤੋਂ ਸਕੂਲ ਗਈ ਪਰ ਵਾਪਸ ਨਾ ਪਰਤੀ।

ਪਰਿਵਾਰ ਮੁਤਾਬਕ ਉਨ੍ਹਾਂ ਦੀ ਲਾਡਾਂ ਨਾਲ ਪਾਲੀ ਧੀ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀ ਸੀ ਤੇ ਘਰ ਨੇੜਲੇ ਖੇਤਾਂ ਵਿੱਚ ਹੀ ਮਾਰ ਕੇ ਦਬਾ ਦਿੱਤੀ ਗਈ ਸੀ।

ਉਸ ਦਿਨ ਤਾਂ ਪਰਿਵਾਰ ਨੇ ਬੇਵੱਸ ਤੇ ਇਕੱਲਾ ਮਹਿਸੂਸ ਕੀਤਾ ਪਰ ਉਸ ਤੋਂ ਬਾਅਦ ਜਦੋਂ ਇਲਾਕੇ ਦੇ ਲੋਕਾਂ ਨੇ ਬਾਂਹ ਫੜੀ, ਉਹ ਅੱਜ 26 ਸਾਲ ਬਾਅਦ ਵੀ ਨਹੀਂ ਛੱਡੀ।

ਕਿਰਨਜੀਤ ਦੇ ਪਰਿਵਾਰ ਨਾਲ ਇਨਸਾਫ਼ ਲਈ ਸੰਘਰਸ਼ ਕੀਤਾ ਤੇ ਸਮਾਜ ਨੂੰ ਅਜਿਹੇ ਵਰਤਾਰੇ ਪ੍ਰਤੀ ਜਾਗਰੂਕ ਕਰਨ ਦਾ ਜ਼ਿੰਮਾਂ ਵੀ ਚੁੱਕਿਆ।

ਇਸੇ ਤੋਂ ਜਨਮ ਹੋਇਆ ‘ਕਿਰਨਜੀਤ ਕੌਰ ਸੰਘਰਸ਼ ਕਮੇਟੀ, ਪੰਜਾਬ’ ਦਾ।

ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਰਨਜੀਤ ਕੌਰ ਦੇ ਬਲਾਤਕਾਰ ਨਾਲ ਲੱਗੀ ਚਿਣਗ ਦੀ ਕਹਾਣੀ ਜੋ ‘ਸੰਘਰਸ਼ ਕਮੇਟੀ, ਪੰਜਾਬ’ ਵਜੋਂ ਅੱਜ ਤੱਕ ਭਾਂਬੜ ਬਣ ਬਲ ਰਹੀ ਹੈ।

ਕਿਰਨਜੀਤ ਕੌਰ ਬਲਾਤਕਾਰ ਮਾਮਲਾ

ਕਿਰਨਜੀਤ ਦੇ ਪਰਿਵਾਰ ਵਿੱਚ ਪਿਤਾ ਦਰਸ਼ਨ ਸਿੰਘ ਤੇ ਮਾਤਾ ਪਰਮਜੀਤ ਕੌਰ ਅੱਜ ਵੀ ਉਸ ਦਿਨ ਨੂੰ ਯਾਦ ਕਰਦਿਆਂ ਉਦਾਸ ਹੋ ਜਾਂਦੇ ਹਨ।

ਮਾਂ ਤੋਂ ਬੋਲਿਆਂ ਨਹੀਂ ਜਾਂਦਾ ਤੇ ਅੱਖਾਂ ’ਚ ਹੰਝੂ ਭਰ ਜਾਂਦੇ ਹਨ।

ਫ਼ਿਰ 26 ਸਾਲਾਂ ਦੀ ਦਾਸਤਾਨ ਕਿਰਨਜੀਤ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨ ਵਾਲੀ ਐਕਸ਼ਨ ਕਮੇਟੀ ਦੇ ਮੈਂਬਰ ਨਰਾਇਣ ਦੱਤ ਦੱਸਦੇ ਹਨ।

‘‘ਕਿਰਨ ਦਾ ਘਰ ਪਿੰਡ ਦੇ ਬਾਹਰ ਹੈ। ਕਰੀਬ ਦੋ ਕਿਲੋਮੀਟਰ ਦਾ ਰਾਹ ਅਜਿਹਾ ਹੈ ਜਿੱਥੇ ਆਲੇ ਦੁਆਲੇ ਅਰਹਰ ਦੇ ਖੇਤ ਹਨ ਤੇ ਦੁਪਹਿਰ ਵੇਲੇ ਕੋਈ ਟਾਵਾਂ ਹੀ ਇਸ ਰਾਹ ’ਤੇ ਨਜ਼ਰ ਆਉਂਦਾ ਹੈ।’’

‘‘ਕਿਰਨ ਕਰੀਬ ਡੇਢ ਵਜੇ ਸਕੂਲ ਤੋਂ ਸਾਈਕਲ ’ਤੇ ਵਾਪਸ ਆਉਂਦੀ ਸੀ ਪਰ 29 ਜੁਲਾਈ, 1997 ਨੂੰ ਉਹ ਵਾਪਸ ਨਾ ਆਈ।’’

ਪਿਤਾ ਮੁਤਾਬਕ ਨੇੜੇ ਕੰਮ ਕਰਦੇ ਕੁਝ ਮਜ਼ਦੂਰਾਂ ਨੇ ਉਸ ਨੂੰ ਉਥੋਂ ਲੰਘਦਿਆਂ ਦੇਖਿਆ ਸੀ ਪਰ ਉਹ ਇਸ 2 ਕਿਲੋਮੀਟਰ ਦੇ ਸੁੰਨੇ ਰਾਹ ਵਿੱਚ ਹੀ ਕਿਤੇ ਗਵਾਚ ਗਈ ਸੀ।

ਕੁਝ ਦੇਰ ਬਾਅਦ ਕਿਰਨਜੀਤ ਦੇ ਦਾਦੇ ਨੂੰ ਅਰਹਰ ਦੇ ਖੇਤਾਂ ਵਿੱਚੋਂ ਉਸ ਦਾ ਸਾਈਕਲ, ਬਸਤਾ ਤੇ ਖਿਲਰੀਆਂ ਹੋਈਆਂ ਕਿਤਾਬਾਂ ਮਿਲੀਆਂ, ਪਰ ਕਿਰਨ ਕਿਤੇ ਨਜ਼ਰ ਨਾ ਆਈ।

ਕਿਰਨਜੀਤ ਕੌਰ ਦੇ ਮਾਮਲੇ ਦੀ ਪੈਰਵੀ ਕਰਨ ਵਾਲੇ ਵਕੀਲ ਜਗਜੀਤ ਸਿੰਘ ਢਿੱਲੋਂ ਦੱਸਦੇ ਹਨ, “ਪਰਿਵਾਰ ਪੁਲਿਸ ਕੋਲ ਪਹੁੰਚਿਆ ਪਰ ਐੱਫ਼ਆਈਆਰ ਦਰਜ ਨਾ ਹੋ ਸਕੀ ਤੇ ਪੁਲਿਸ ਨੇ ਭਾਲ ਵਿੱਚ ਮਦਦ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।”

ਢਿੱਲੋਂ ਮੁਤਾਬਕ ਪਰਿਵਾਰ ਤੇ ਜਨਤਕ ਜਥੇਬੰਦੀਆਂ ਨੇ ਆਪਣੇ ਪੱਧਰ ’ਤੇ ਲਗਾਤਾਰ ਕਿਰਨ ਦੀ ਭਾਲ ਕੀਤੀ ਜਿਸ ਦੌਰਾਨ ਕਿਰਨਜੀਤ ਮਿਲੀ ਪਰ ਜਿਉਂਦੀ ਨਹੀਂ ਸਗੋਂ ਉਨ੍ਹਾਂ ਹੀ ਖੇਤਾਂ ਵਿੱਚ ਕਰੀਬ 4 ਫੁੱਟ ਡੂੰਘੇ ਟੋਏ ਵਿੱਚ ਦੱਬੀ ਹੋਈ।

ਪੋਸਟਮਾਰਟਮ ਹੋਇਆ, ਬਲਾਤਕਾਰ ਤੇ ਕਤਲ ਦੀ ਪੁਸ਼ਟੀ ਹੋਈ।

ਕਿਰਨ ਦੇ ਹੱਥਾਂ ਵਿੱਚ ਕਿਸੇ ਦੇ ਵਾਲ ਸਨ ਜਿਨ੍ਹਾਂ ਦਾ ਡੀਐੱਨਏ ਕਰਵਾ ਕੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ ਤੇ ਫ਼ਿਰ ਸ਼ੁਰੂ ਹੋਇਆ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਸੰਘਰਸ਼।

ਮੁਲਜ਼ਮਾਂ ਦੀ ਸ਼ਨਾਖ਼ਤ

ਡੀਐੱਨਏ ਜ਼ਰੀਏ ਜਿਨ੍ਹਾਂ ਮੁਲਜ਼ਮਾਂ ਦੀ ਸ਼ਨਾਖ਼ਤ ਹੋਈ ਉਹ ਪਿੰਡ ਦੇ ਹੀ ਇੱਕ ਪਰਿਵਾਰ ਦੇ ਮੈਂਬਰ ਸਨ।

ਜਗਜੀਤ ਸਿੰਘ ਢਿੱਲੋਂ ਇਸ ਬਾਰੇ ਦੱਸਦੇ ਹਨ ਕਿ ਪਿੰਡ ਵਿੱਚ ਕਿਰਨਜੀਤ ਦੇ ਘਰ ਦੇ ਸਭ ਤੋਂ ਨੇੜੇ ਜੇ ਕੋਈ ਰਹਿੰਦਾ ਹੈ ਤਾਂ ਉਹ ਹੈ ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦਾ ਪਰਿਵਾਰ।

ਉਨ੍ਹਾਂ ਦਾ ਘਰ ਕਿਰਨ ਦੇ ਘਰ ਨੂੰ ਜਾਂਦੇ ਰਾਹ ’ਤੇ ਖੇਤਾਂ ਵਿੱਚ ਹੈ।

ਢਿੱਲੋਂ ਦੱਸਦੇ ਹਨ, “ਜਦੋਂ ਦੁਪਹਿਰ ਵੇਲੇ ਕਿਰਨਜੀਤ ਸਕੂਲ ਤੋਂ ਵਾਪਸ ਆਈ ਤਾਂ ਮੁਲਜ਼ਮਾਂ ਗੁਰਪ੍ਰੀਤ ਸਿੰਘ ਚੀਨਾ, ਜਗਰਾਜ ਸਿੰਘ ਰਾਜੂ, ਉਨ੍ਹਾਂ ਦੇ ਦੋ ਕਾਮੇ ਦੇਸਰਾਜ ਤੇ ਪ੍ਰਤਾਪ ਨੇ ਉਸ ਨੂੰ ਰਾਹ ਵਿੱਚ ਰੋਕਿਆ।”

“ਕਿਰਨਜੀਤ ਨੂੰ ਅਗਵਾਹ ਕੀਤਾ ਗਿਆ ਤੇ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ।”

ਉਹ ਦੱਸਦੇ ਹਨ, “ਇਸ ਮਾਮਲੇ ਵਿੱਚ ਕੁੱਲ ਸੱਤ ਲੋਕਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ। ਮੁਲਜ਼ਮ ਗੁਰਪ੍ਰੀਤ ਸਿੰਘ ਚੀਨਾ, ਜਗਰਾਜ ਸਿੰਘ ਰਾਜੂ ਤੇ ਹੋਰਾਂ ਨੂੰ ਬਰਨਾਲਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਹੁਣ ਭੁਗਤ ਕੇ ਬਾਹਰ ਆ ਚੁੱਕੇ ਹਨ।”

ਲਾਸ਼ ਮਿਲਣ ਬਾਅਦ ਇਨਸਾਫ਼ ਲਈ ਸੰਘਰਸ਼

ਕਿਰਨਜੀਤ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ੱਕੀ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ ਪਰ ਅਜਿਹਾ ਹੋ ਨਾ ਸਕਿਆ।

8 ਅਗਸਤ, 1997 ਨੂੰ ਕਰੀਬ 10 ਹਜ਼ਾਰ ਲੋਕਾਂ ਨੇ ਬਰਨਾਲਾ-ਲਧਿਆਣਾ ਮੁੱਖ ਮਾਰਗ ਸਾਰਾ ਦਿਨ ਜਾਮ ਕਰੀ ਰੱਖਿਆ।

ਨਰਾਇਣ ਦੱਤ ਦੱਸਦੇ ਹਨ ਕਿ ਲੋਕ ਦਬਾਅ ਅਧੀਨ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕੀਤੀ। ਮਾਮਲੇ ਵਿੱਚ ਦੇਰੀ ਕਰਨ ਵਾਲੇ ਕੁਝ ਪੁਲਿਸ ਅਫ਼ਸਰਾਂ ਦਾ ਉੱਥੋਂ ਤਬਾਦਲਾ ਕੀਤਾ ਗਿਆ।

ਲੋਕਾਂ ਦਾ ਕਾਨੂੰਨ ਵਿੱਚ ਕੁਝ ਯਕੀਨ ਬੱਝਿਆ ਤਾਂ 12 ਅਗਸਤ ਨੂੰ ਕਿਰਨਜੀਤ ਦਾ ਸਸਕਾਰ ਕੀਤਾ ਗਿਆ।

14 ਅਗਸਤ ਨੂੰ ਬਰਨਾਲਾ ਦੀ ਅਨਾਜ ਮੰਡੀ ਵਿੱਚ ਲੋਕਾਂ ਦਾ ਮੁੜ ਇੱਕ ਵੱਡਾ ਇਕੱਠ ਹੋਇਆ ਸੀ।

ਕਿਰਨਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਚੱਲਿਆ ਸੰਘਰਸ਼

  • ਕਿਰਨਜੀਤ ਕੌਰ ਦਾ ਜਨਮ 31 ਮਾਰਚ 1981 ਨੂੰ ਹੋਇਆ
  • 29 ਜੁਲਾਈ 1997 ਨੂੰ ਕਿਰਨਜੀਤ ਬਲਾਤਕਾਰ ਦਾ ਸ਼ਿਕਾਰ ਹੋਈ ਤੇ ਉਸ ਤੋਂ ਬਾਅਦ ਕਿਰਨ ਦਾ ਕਤਲ ਕਰ ਦਿੱਤਾ ਗਿਆ
  • ਕਿਰਨਜੀਤ ਕੌਰ ਬਲਾਤਕਾਰ ਤੇ ਕਤਲ ਕਾਂਡ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ
  • ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਦਲੀਪ ਸਿੰਘ ਦੇ ਕਤਲ ਮਾਮਲੇ ਵਿੱਚ ਤਿੰਨ ਐਕਸ਼ਨ ਕਮੇਟੀ ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਨ੍ਹਾਂ ਵਿੱਚੋਂ ਦੋ ਦੀ ਸਜ਼ਾ ਹਾਈਕੋਰਟ ਵੱਲੋਂ ਰੱਦ ਤੇ ਇੱਕ ਦੀ ਸਜ਼ਾ ਰਾਜਪਾਲ ਵੱਲੋਂ ਮਾਫ਼ ਕਰ ਦਿੱਤੀ ਗਈ
  • ਕਿਰਨਜੀਤ ਕੌਰ ਬਲਾਤਕਾਰ ਤੇ ਕਤਲ ਕਾਂਡ ਵਿੱਚ ਨਾਮਜ਼ਦ ਮੁੱਖ ਮੁਲਜ਼ਮਾਂ ਗੁਰਪ੍ਰੀਤ ਸਿੰਘ ਚੀਨਾ, ਜਗਰਾਜ ਸਿੰਘ ਰਾਜੂ ਅਤੇ ਦੋ ਹੋਰਾਂ ਨੂੰ ਬਰਨਾਲਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਭੁਗਤਣ ਤੋਂ ਬਾਅਦ ਉਹ ਰਿਹਾਅ ਹੋ ਚੁੱਕੇ ਹਨ

ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ

ਨਰਾਇਣ ਦੱਤ ਦੱਸਦੇ ਹਨ ਕਿ ਜਿਸ ਪਰਿਵਾਰ ਦੀ ਇਸ ਮਾਮਲੇ ਵਿੱਚ ਸ਼ਾਮੂਲੀਅਤ ਸੀ ਉਹ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਕਰਕੇ ਚਰਚਾ ਵਿੱਚ ਆਇਆ ਸੀ। ਇਹ ਹੀ ਕਾਰਨ ਸੀ ਕਿ ਇਨਸਾਫ਼ ਵਿੱਚ ਦੇਰੀ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਰਹੀ ਸੀ।

ਉਹ ਦੱਸਦੇ ਹਨ ਇਸੇ ਦੌਰਾਨ ਮੁਲਜ਼ਮਾਂ ਦੇ ਪਰਿਵਾਰ ਦੇ ਇੱਕ ਬਜ਼ੁਰਗ ਦਲੀਪ ਸਿੰਘ ਨੂੰ ਮਹਿਲ ਕਲਾਂ ਨਾਲ ਸਬੰਧਤ ਹੀ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਦੱਤ ਕਹਿੰਦੇ ਹਨ, “ਹਾਲਾਂਕਿ ਉਨ੍ਹਾਂ ਨੇ ਮੌਕੇ ’ਤੇ ਹੀ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਤੇ ਆਪਣਾ ਬਿਆਨ ਦਰਜ ਕਰਵਾਇਆ ਪਰ ਪੁਲਿਸ ਨੇ ਇਸ ਪਿੱਛੇ ਐਕਸ਼ਨ ਕਮੇਟੀ ਦਾ ਹੱਥ ਹੋਣ ਦੀ ਸੰਭਾਵਨਾ ਮੰਨਦਿਆਂ, ਕਮੇਟੀ ਦੇ ਤਿੰਨ ਮੈਂਬਰਾਂ ਨਰਾਇਣ ਦੱਤ, ਮਨਜੀਤ ਸਿੰਘ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਹੋਰਾਂ ਨਾਲ ਮੁਲਜ਼ਮ ਨਾਮਜ਼ਦ ਕਰ ਦਿੱਤਾ।”

30 ਮਾਰਚ 2005 ਨੂੰ ਬਰਨਾਲਾ ਸੈਸ਼ਨ ਕੋਰਟ ਵੱਲੋਂ ਇਨ੍ਹਾਂ ਤਿੰਨਾਂ ਆਗੂਆਂ ਸਮੇਤ ਸੱਤ ਹੋਰ ਨਾਮਜ਼ਦ ਵਿਅਕਤੀਆਂ ਨੂੰ ਦਲੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।

ਜਨਤਕ ਜਥੇਬੰਦੀਆਂ ਇਸ ਮਾਮਲੇ ਨੂੰ ਪੰਜਾਬ ਰਾਜਪਾਲ ਕੋਲ ਲੈ ਗਈਆਂ।

24 ਅਗਸਤ 2007 ਨੂੰ ਰਾਜਪਾਲ ਨੇ ਇਨ੍ਹਾਂ ਨੂੰ ਨਿਰਦੋਸ਼ ਮੰਨਦਿਆਂ ਸਜ਼ਾ ਰੱਦ ਕਰ ਦਿੱਤੀ ਸੀ।

ਰਾਜਪਾਲ ਦੇ ਇਸ ਫ਼ੈਸਲੇ ਖ਼ਿਲਾਫ਼ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਸੀ।

ਇਸ ਅਪੀਲ ਦੇ ਅਧਾਰ ਉੱਤੇ ਹਾਈ ਕੋਰਟ ਵੱਲੋਂ ਫ਼ਰਵਰੀ 2008 ਵਿੱਚ ਨਰਾਇਣ ਦੱਤ ਅਤੇ ਮਾਸਟਰ ਪ੍ਰੇਮ ਕੁਮਾਰ ਨੂੰ ਤਾਂ ਬਰੀ ਕਰ ਦਿੱਤਾ ਪਰ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਗਈ ਸੀ।

ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਤਾਂ ਸੁਪਰੀਮ ਕੋਰਟ ਨੇ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ।

ਇੱਕ ਲੰਬੇ ਲੋਕ ਸੰਘਰਸ਼ ਤੋਂ ਬਾਅਦ 2019 ਵਿੱਚ ਰਾਜਪਾਲ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਵੀ ਮਾਫ਼ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਧਨੇਰ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਲਈ, ਜੇਲ੍ਹ ਅੱਗੇ ਲੰਮਾ ਸਮਾਂ ਮੋਰਚਾ ਚੱਲਦਾ ਰਿਹਾ।

ਔਰਤਾਂ ਖ਼ਿਲਾਫ਼ ਜੁਰਮਾਂ ਵਿਰੁੱਧ ਸੰਘਰਸ਼ ਦੀ ਨੀਂਹ

ਨਰਾਇਣ ਦੱਤ ਦੱਸਦੇ ਹਨ ਕਿ, “ਕਿਰਨਜੀਤ ਨੂੰ ਇਨਸਾਫ਼ ਦਿਵਾਉਣ ਲਈ ਅਸੀਂ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਲੋਕ ਇੱਕ ਮੰਚ ’ਤੇ ਇਕੱਠੇ ਹੋ ਗਏ।”

“ਹਰ ਸਾਲ ਸਾਡੇ ਨਾਲ ਵੱਡੀ ਗਿਣਤੀ ਲੋਕ ਖ਼ਾਸਕਰ ਔਰਤਾਂ ਜੁੜਦੀਆਂ ਹਨ। ਇੱਥੇ ਵੱਖ-ਵੱਖ ਵਿਚਾਰਾਂ ਨੂੰ ਮੰਚ ਦਿੱਤਾ ਜਾਂਦਾ ਹੈ, ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਵਾਉਣ ਦੀ ਲਗਾਤਾਰ ਕੋਸ਼ਿਸ਼ ਹੁੰਦੀ ਹੈ।”

“ਸਮਾਜ ਵਿੱਚ ਔਰਤਾਂ ਖ਼ਿਲਾਫ਼ ਹੁੰਦੇ ਦਿੱਖ ਤੇ ਅਦਿੱਖ ਜੁਰਮਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ ਜਾਂਦੀ ਹੈ।”

“ਹੁਣ ਇਹ ਸੰਘਰਸ਼ ਜ਼ੁਲਮਾਂ ਖ਼ਿਲਾਫ਼ ਜੂਝਣ ਦਾ ਹੌਸਲਾ ਦਿੰਦਾ ਹੈ ਤੇ ਇਨਸਾਫ਼ ਲਈ ਇੱਕਜੁੱਟ ਹੋ ਕੇ ਖੜ੍ਹੇ ਹੋਣ ਦਾ ਹੋਕਾ ਦਿੰਦਾ ਹੈ।”

26 ਸਾਲ ਬਾਅਦ ਕਿਰਨਜੀਤ ਦੇ ਮਾਪੇ ਕੀ ਕਹਿੰਦੇ ਹਨ

ਕਿਰਨਜੀਤ ਦੇ ਪਿਤਾ ਦਰਸ਼ਨ ਸਿੰਘ ਸੇਵਾ-ਮੁਕਤ ਅਧਿਆਪਕ ਹਨ।

ਕਈ ਬਿਮਾਰੀਆਂ ਨਾਲ ਜੂਝ ਰਹੇ ਹਨ ਤੇ ਅੱਖਾਂ ਦੀ ਨਿਗ੍ਹਾ ਵੀ ਜਾ ਚੁੱਕੀ ਹੈ।

ਉਹ ਦੱਸਦੇ ਹਨ ਕਿ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਕਾਰਨ ਹੀ ਇਨਸਾਫ਼ ਸੰਭਵ ਹੋ ਸਕਿਆ ਹੈ।

ਕਿਰਨਜੀਤ ਕੌਰ ਦੇ ਮਾਤਾ ਪਰਮਜੀਤ ਕੌਰ ਦੱਸਦੇ ਹਨ ਕਿ ਲੋਕਾਂ ਦੇ ਸਾਥ ਕਾਰਨ ਹੀ ਮੁਲਜ਼ਮਾਂ ਨੂੰ ਸਜ਼ਾ ਮਿਲ ਸਕੀ।

ਪਰਮਜੀਤ ਕੌਰ ਇਸ ਸੰਘਰਸ਼ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਦੀ ਹਾਮੀ ਭਰਦੇ ਹਨ।

ਇਸ ਸਾਲ ਵੀ ਮਹਿਲ ਕਲਾਂ ਵਿੱਚ ਕਿਰਨਜੀਤ ਕੌਰ ਦੀ ਬਰਸੀ ਮੌਕੇ ਸਮਾਗਮ ਕੀਤਾ ਜਾ ਰਿਹਾ ਹੈ।

2001 ਵਿੱਚ ਸੁਣਾਈ ਗਈ ਸਜ਼ਾ

ਕਿਰਨਜੀਤ ਕੌਰ ਮਹਿਲ ਕਲਾਂ ਨਾਲ ਹੋਏ ਬਲਾਤਕਾਰ ਤੇ ਕਤਲ ਦਾ ਮਾਮਲਾ ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਐਮ.ਐਮ.ਅਗਰਵਾਲ ਦੀ ਅਦਾਲਤ ਵਿੱਚ ਚੱਲਿਆ।

ਇਸ ਕੇਸ ਵਿੱਚ ਸੱਤ ਜਣੇ ਨਾਮਜ਼ਦ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਚਾਰ ਮੁਲਜ਼ਮਾਂ ਗੁਰਪ੍ਰੀਤ ਸਿੰਘ ਚੀਨਾ, ਜਗਰਾਜ ਸਿੰਘ ਰਾਜੂ ਅਤੇ ਉਹਨਾਂ ਦੇ ਘਰ ਕੰਮ ਕਰਨ ਵਾਲੇ ਦੋ ਮਜ਼ਦੂਰਾਂ ਦੇਸ਼ ਰਾਜ ਅਤੇ ਪ੍ਰਤਾਪ ਨੂੰ 16 ਅਗਸਤ 2001 ਨੂੰ ਉਮਰ ਕੈਦ ਦੀ ਸਜ਼ਾ ਤੇ ਜੁਰਮਾਨਾ ਸੁਣਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)