ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਹੋਈ ਇੱਕ ਕਤਲ ਮਾਮਲੇ 'ਚ ਉਮਰ ਕੈਦ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੇ ਚਰਚਿਤ ਕਿਰਨਜੀਤ ਕੌਰ ਅਗਵਾ ਅਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਹੈ।

ਇਸ ਮਾਮਲੇ ਵਿੱਚ ਦੋਸ਼ੀ ਧਿਰ ਨਾਲ ਸਬੰਧ ਰੱਖਦੇ ਦਲੀਪ ਸਿੰਘ ਨਾਂ ਦੇ ਇੱਕ ਵਿਅਕਤੀ ਉੱਪਰ 3 ਮਾਰਚ, 2001 ਨੂੰ ਬਰਨਾਲਾ ਵਿੱਚ ਕੁੱਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕੀਤਾ। ਦਲੀਪ ਸਿੰਘ ਦੀ ਕੁੱਝ ਦਿਨਾਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ ਜਿੰਨਾ ਵਿੱਚੋਂ ਪ੍ਰੇਮ ਕੁਮਾਰ, ਨਰਾਇਣ ਦੱਤ ਅਤੇ ਮਨਜੀਤ ਸਿੰਘ ਧਨੇਰ ਅਤੇ ਕਿਰਨਜੀਤ ਕੌਰ ਅਗਵਾ ਅਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਵੀ ਸ਼ਾਮਿਲ ਸਨ।

ਸੁਪਰੀਮ ਕੋਰਟ ਵਿੱਚ ਮਨਜੀਤ ਸਿੰਘ ਧਨੇਰ ਦੇ ਕੇਸ ਦੀ ਨੁਮਾਇੰਦਗੀ ਕਰਨ ਵਾਲੀ ਸੀਨੀਅਰ ਵਕੀਲ ਕਾਮਿਨੀ ਜੈਸਵਾਲ ਨੇ ਕੋਰਟ ਵੱਲੋਂ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ:

ਉਨ੍ਹਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ''ਇਸ ਮਾਮਲੇ ਵਿੱਚ ਪਹਿਲਾਂ ਵੀ ਰਾਜਪਾਲ ਨੇ ਮੁਆਫ਼ੀ ਦਿੱਤੀ ਅਤੇ ਹੁਣ ਵੀ ਇਨ੍ਹਾਂ ਕੋਲ ਬਦਲ ਮੌਜੂਦ ਹੈ ਰਾਜਪਾਲ ਕੋਲ ਮੁਆਫ਼ੀ ਦੀ ਅਪੀਲ ਕਰਨ ਦਾ। ਬਾਕੀ ਨਿਆਂ ਲਈ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ।''

ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ 11 ਫਰਵਰੀ, 2008 ਨੂੰ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਤਾਂ ਰਿਹਾਅ ਕਰ ਦਿੱਤਾ ਸੀ, ਜਦਕਿ ਮਨਜੀਤ ਸਿੰਘ ਧਨੇਰ ਦੀ ਸਜ਼ਾ ਬਰਕਰਾਰ ਰੱਖੀ ਗਈ ਸੀ।

ਇਸ ਦੇ ਖਿਲਾਫ਼ ਮਨਜੀਤ ਧਨੇਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਖਲ ਕੀਤੀ ਸੀ।

ਮਾਮਲਾ ਕੀ ਹੈ?

  • ਬਰਨਾਲਾ ਜ਼ਿਲ੍ਹੇ ਦੀ ਰਹਿਣ ਵਾਲੀ ਕਿਰਨਜੀਤ ਕੌਰ, ਮਹਿਲ ਕਲਾਂ ਦੇ ਹੀ ਇੱਕ ਕੁੜੀਆਂ ਦੇ ਕਾਲਜ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸ ਨੂੰ ਅਗਵਾ ਕਰਕੇ ਬਲਾਤਕਾਰ ਮਗਰੋਂ ਕਤਲ ਕਰ ਦਿੱਤਾ ਗਿਆ ਸੀ।
  • ਕਿਰਨਜੀਤ ਕੌਰ 29 ਜੁਲਾਈ, 1997 ਨੂੰ ਲਾਪਤਾ ਹੋਈ ਸੀ ਜਿਸ ਦੀ ਲਾਸ਼ ਕੁੱਝ ਦਿਨਾਂ ਬਾਅਦ ਪਿੰਡ ਦੇ ਹੀ ਇੱਕ ਖੇਤ ਵਿੱਚੋਂ ਪੁਲਿਸ ਨੂੰ ਦੱਬੀ ਹੋਈ ਮਿਲੀ ਸੀ।
  • ਇਸ ਮਾਮਲੇ ਵਿੱਚ ਸਥਾਨਕ ਲੋਕਾਂ ਵੱਲੋਂ ਕਿਰਨਜੀਤ ਕੌਰ ਅਗਵਾ ਅਤੇ ਕਤਲ ਕਾਂਡ ਵਿਰੁੱਧ ਐਕਸ਼ਨ ਕਮੇਟੀ ਬਣਾਈ ਗਈ ਸੀ। ਕਿਰਨਜੀਤ ਕੌਰ ਦੇ ਕਤਲ ਦਾ ਮਾਮਲਾ ਉਸ ਸਮੇਂ ਕਾਫ਼ੀ ਚਰਚਾ ਵਿੱਚ ਸੀ । ਇਸ ਘਟਨਾ ਦੇ ਰੋਸ ਵਜੋਂ ਬਰਨਾਲਾ ਅਤੇ ਮਹਿਲ ਕਲਾਂ ਵਿੱਚ ਕਾਫ਼ੀ ਰੋਸ ਮੁਜ਼ਾਹਰੇ ਹੋਏ ਸਨ।
  • ਇਸ ਮਾਮਲੇ ਵਿੱਚ 3 ਅਗਸਤ 1997 ਨੂੰ 7 ਲੋਕਾਂ ਖ਼ਿਲਾਫ਼ ਕਤਲ ਅਤੇ ਬਲਾਤਕਾਰ ਦੀਆਂ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਨਾਮਜ਼ਦ ਦੋਸ਼ੀਆਂ ਵਿੱਚੋਂ ਚਾਰ ਨੂੰ ਬਰਨਾਲਾ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ:

30 ਮਾਰਚ, 2005 ਨੂੰ ਬਰਨਾਲਾ ਸੈਸ਼ਨ ਕੋਰਟ ਵਲੋਂ ਇਨ੍ਹਾਂ ਤਿੰਨ ਆਗੂਆਂ ਸਣੇ ਸੱਤੇ ਨਾਮਜ਼ਦ ਵਿਅਕਤੀਆਂ ਨੂੰ ਦਲੀਪ ਸਿੰਘ ਦੇ ਕਤਲ ਦੇ ਦੋਸ਼ ਵਿੱਚ ਉਮਰ-ਕੈਦ ਦੀ ਸਜ਼ਾ ਸੁਣਾਈ ਗਈ ਸੀ।

ਐਕਸ਼ਨ ਕਮੇਟੀ ਵੱਲੋਂ ਇਸ ਸਜ਼ਾ ਦੇ ਵਿਰੋਧ ਵਿੱਚ ਕਈ ਥਾਵਾਂ ਉੱਤੇ ਪ੍ਰਦਰਸ਼ਨ ਵੀ ਕੀਤੇ ਗਏ ਸਨ।

24 ਅਗਸਤ 2007 ਨੂੰ ਪੰਜਾਬ ਦੇ ਤਤਕਾਲੀ ਰਾਜਪਾਲ ਨੇ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਸੁਣਾਈ ਸਜ਼ਾ ਰੱਦ ਕਰ ਦਿੱਤੀ ਸੀ।

ਪੰਜਾਬ ਦੇ ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਮ੍ਰਿਤਕ ਦਲੀਪ ਸਿੰਘ ਦੇ ਵਾਰਿਸਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ।

ਇਸ ਅਪੀਲ ਤੋਂ ਬਾਅਦ ਹਾਈ ਕੋਰਟ ਨੇ 11 ਫਰਵਰੀ, 2008 ਨੂੰ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਤਾਂ ਰਿਹਾਅ ਕਰ ਦਿੱਤਾ ਸੀ, ਜਦੋਂ ਕਿ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਸੀ।

ਮਨਜੀਤ ਧਨੇਰ ਨੇ ਹਾਈ ਕੋਰਟ ਦੇ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ ਜਿਸ ਵਿੱਚ ਸਜ਼ਾ ਦਾ ਐਲਾਨ ਹੋ ਗਿਆ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)