ਉਹ ਰਾਤ ਜਦੋਂ ਅਮਰੀਕੀ ਪਾਇਲਟ ਈਰਾਨ ਦੇ ਵਿਰੁੱਧ ਇਜ਼ਰਾਈਲ ਦੀ ਢਾਲ ਬਣੇ

    • ਲੇਖਕ, ਰੇਜ਼ਾ ਸਫਾਰੀ
    • ਰੋਲ, ਬੀਬੀਸੀ ਫਾਰਸੀ ਸਰਵਿਸ

ਇਹ 13 ਅਪ੍ਰੈਲ, 2024 ਦੀ ਰਾਤ ਸੀ। ਈਰਾਨ ਨੇ ਦਹਾਕਿਆਂ ਦੇ ਤਣਾਅ ਤੋਂ ਬਾਅਦ ਪਹਿਲੀ ਵਾਰ ਇਜ਼ਰਾਈਲ 'ਤੇ ਸਿੱਧਾ ਹਮਲਾ ਕੀਤਾ ਸੀ।

ਅਪ੍ਰੈਲ ਵਿੱਚ ਇਜ਼ਰਾਈਲ ਨੇ ਦਮਿਸ਼ਕ ਵਿੱਚ ਈਰਾਨੀ ਕੌਂਸਲੇਟ 'ਤੇ ਹਮਲਾ ਕੀਤਾ ਸੀ, ਜਿਸ ਵਿੱਚ ਸੀਨੀਅਰ ਰੈਵੋਲਿਊਸ਼ਨਰੀ ਗਾਰਡਜ਼ ਦੇ ਸੀਨੀਅਰ ਅਧਿਕਾਰੀ ਮਾਰੇ ਗਏ ਸਨ। ਈਰਾਨ ਨੇ ਕਿਹਾ ਸੀ ਕਿ 13 ਅਪ੍ਰੈਲ ਨੂੰ ਇਜ਼ਰਾਈਲ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਦਮਿਸ਼ਕ ਦੂਤਾਵਾਸ 'ਤੇ ਹਮਲੇ ਦੇ ਬਦਲੇ ਵਿੱਚ ਸਨ।

ਈਰਾਨ ਨੇ ਇਸ ਕਾਰਵਾਈ ਨੂੰ "ਟਰੂ ਪ੍ਰੋਮਿਸ ਯਾਨਿ ਸੱਚਾ ਵਾਅਦਾ" ਦਾ ਨਾਮ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ 'ਤੇ ਉਸ ਦੇ ਹਮਲੇ ਦਾ ਮਕਸਦ ਲੋਕਾਂ ਨੂੰ ਮਾਰਨਾ ਨਹੀਂ ਸੀ, ਸਗੋਂ ਜਵਾਬੀ ਕਾਰਵਾਈ ਕਰਨ ਦੀ ਆਪਣੀ ਤਾਕਤ ਨੂੰ ਦਿਖਾਉਣਾ ਸੀ।

ਕੁਝ ਈਰਾਨੀ ਮਿਜ਼ਾਈਲਾਂ ਨੇ ਨਿਸ਼ਚਤ ਤੌਰ 'ਤੇ ਇਜ਼ਰਾਈਲ ਵਿੱਚ ਨਿਸ਼ਾਨਿਆਂ ਨੂੰ ਸਾਧਿਆ, ਇਹ ਕਾਰਵਾਈ ਫੌਜੀ ਤੌਰ 'ਤੇ ਬਹੁਤੀ ਸਫ਼ਲ ਨਹੀਂ ਹੋਈ।

ਈਰਾਨੀ ਹਮਲਿਆਂ ਨੂੰ ਅਸਫ਼ਲ ਕਰਨ ਵਿੱਚ ਸਿਰਫ਼ ਇਜ਼ਰਾਈਲ ਦੇ ਏਅਰ ਡਿਫੈਂਸ ਸਿਸਟਮ ਦੀ ਹੀ ਭੂਮਿਕਾ ਨਹੀਂ ਸੀ। ਇਸ ਵਿੱਚ ਇਜ਼ਰਾਈਲੀ ਪਾਇਲਟਾਂ ਦੇ ਨਾਲ-ਨਾਲ ਅਮਰੀਕੀ ਪਾਇਲਟਾਂ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।

ਅਮਰੀਕਾ ਸੈਂਟਰਲ ਕਮਾਂਡ ਦੇ ਅਨੁਸਾਰ, ਅਮਰੀਕੀ ਫੌਜਾਂ ਨੇ ਉਸ ਰਾਤ 80 ਤੋਂ ਵੱਧ ਈਰਾਨੀ ਡਰੋਨ ਅਤੇ ਛੇ ਬੈਲਿਸਟਿਕ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ।

ਅਮਰੀਕੀ ਏਅਰ ਫੋਰਸ ਨੇ ਆਪਣੇ ਯੂਟਿਊਬ ਚੈਨਲ 'ਤੇ "ਡੇਂਜਰਸ ਗੇਮ" ਸਿਰਲੇਖ ਵਾਲੀ ਇੱਕ ਦਸਤਾਵੇਜ਼ੀ ਜਾਰੀ ਕੀਤੀ ਹੈ, ਜੋ ਕਿ ਐੱਫ-15ਈ ਸਟ੍ਰਾਈਕ ਈਗਲ ਪਾਇਲਟਾਂ ਦੇ ਦ੍ਰਿਸ਼ਟੀਕੋਣ ਤੋਂ ਉਸ ਰਾਤ ਦੀ ਬਿਆਨ ਕਰਦੀ ਹੈ।

"ਡੇਂਜਰਸ ਗੇਮ" ਨਾਮ ਦੀ ਦਸਤਾਵੇਜ਼ੀ ਉਸ ਰਾਤ ਦੀਆਂ ਘਟਨਾਵਾਂ ਨੂੰ ਅਮਰੀਕੀ ਫੌਜ ਦੇ ਦ੍ਰਿਸ਼ਟੀਕੋਣ ਤੋਂ ਦਰਸਾਉਂਦੀ ਹੈ। ਇਹ 36 ਮਿੰਟ ਦੀ ਫਿਲਮ ਪ੍ਰਚਾਰ ਦੇ ਸੰਕੇਤ ਵੀ ਦਿੰਦੀ ਹੈ।

ਹਾਲਾਂਕਿ, ਦਸਤਾਵੇਜ਼ੀ ਈਰਾਨੀ ਹਮਲੇ ਦੇ ਫੌਜੀ ਅਤੇ ਮਨੋਵਿਗਿਆਨਕ ਪ੍ਰਭਾਵ ਅਤੇ ਉਸ ਰਾਤ ਅਮਰੀਕੀ ਫੌਜ ਦੇ ਸਾਹਮਣੇ ਆਏ ਦਬਾਅ ਅਤੇ ਮੁਸ਼ਕਲਾਂ ਦਾ ਵੀ ਵਰਣਨ ਕਰਦੀ ਹੈ।

ਜਾਰਡਨ ਵਿੱਚ 'ਟਾਵਰ 22' 'ਤੇ ਹਮਲਾ

13 ਅਪ੍ਰੈਲ, 2024 ਨੂੰ ਇਜ਼ਰਾਈਲ 'ਤੇ ਈਰਾਨੀ ਹਮਲੇ ਨੂੰ ਸਮਝਣ ਤੋਂ ਪਹਿਲਾਂ, ਹਮਲੇ ਤੋਂ ਕੁਝ ਮਹੀਨੇ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਸਮਝਣਾ ਮਹੱਤਵਪੂਰਨ ਹੈ।

ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ ਮਗਰੋਂ ਗਾਜ਼ਾ ਵਿੱਚ ਜੰਗ ਦੀ ਸ਼ੁਰੂਆਤ ਹੋਈ ਸੀ ਅਤੇ ਹੋਰ ਮੋਰਚਿਆਂ 'ਤੇ ਤਣਾਅ ਪੈਦਾ ਹੋ ਗਿਆ।

ਇਸ ਦੌਰਾਨ, ਹਿਜ਼ਬੁੱਲ੍ਹਾ ਨੇ ਵੀ ਉੱਤਰੀ ਇਜ਼ਰਾਈਲ 'ਤੇ ਹਮਲੇ ਸ਼ੁਰੂ ਕਰ ਦਿੱਤੇ। ਇਸ ਦੌਰਾਨ, ਯਮਨ ਵਿੱਚ ਹੂਤੀ ਵੀ ਮਿਜ਼ਾਈਲਾਂ ਦਾਗ਼ ਰਹੇ ਸਨ। ਫਿਰ, 1 ਅਪ੍ਰੈਲ, 2024 ਨੂੰ ਦਮਿਸ਼ਕ ਵਿੱਚ ਈਰਾਨੀ ਦੂਤਾਵਾਸ 'ਤੇ ਇਜ਼ਰਾਈਲੀ ਹਮਲੇ ਵਿੱਚ ਕਈ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕੁਦਸ ਫੋਰਸ ਦੇ ਇੱਕ ਸੀਨੀਅਰ ਅਧਿਕਾਰੀ ਮੁਹੰਮਦ ਰਜ਼ਾ ਜ਼ਾਹੇਦੀ ਵੀ ਸ਼ਾਮਲ ਸਨ। ਈਰਾਨ ਨੇ ਇਸ ਨੂੰ ਆਪਣੀ ਪ੍ਰਭੂਸੱਤਾ 'ਤੇ ਹਮਲਾ ਦੱਸਿਆ ਅਤੇ ਬਦਲਾ ਲੈਣ ਦਾ ਵਾਅਦਾ ਕੀਤਾ।

ਜਨਵਰੀ 2024 ਵਿੱਚ ਜਾਰਡਨ ਦੇ ʻਟਾਵਰ 22ʼ 'ਤੇ ਡਰੋਨ ਹਮਲੇ ਵਿੱਚ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਸਨ।

"ਡੇਂਜਰਸ ਗੇਮ" ਵਿੱਚ 494ਵੇਂ ਫਾਈਟਰ ਸਕੁਐਡਰਨ ਦੇ ਮੇਜਰ ਬਿਆਨਮਿਨ ਕਹਿੰਦੇ ਹਨ, "ਟਾਵਰ 22 'ਤੇ ਹਮਲੇ ਤੋਂ ਬਾਅਦ ਸਾਡੇ ਲਈ ਸਭ ਕੁਝ ਵਿਅਕਤੀਗਤ ਹੋ ਗਿਆ। ਅਮਰੀਕੀ ਸੈਨਿਕਾਂ ਦੀ ਮੌਤ ਇੱਕ ਵੱਡਾ ਝਟਕਾ ਸੀ।"

"ਅਸੀਂ ਜਾਣਦੇ ਸੀ ਕਿ ਸਾਨੂੰ ਸਾਰਿਆਂ ਨੂੰ ਜਲਦੀ ਹੀ ਆਪਣੇ ਸਾਥੀਆਂ ਦੀ ਰੱਖਿਆ ਲਈ ਬੁਲਾਇਆ ਜਾਵੇਗਾ।"

ਜਦੋਂ ਈਰਾਨੀ ਡਰੋਨ ਇੱਕ "ਸਮੱਸਿਆ" ਬਣ ਗਏ

ਸ਼ਾਹਿਦ-136 ਡਰੋਨ ਨੇ ਈਰਾਨ ਦੇ ਹਮਲੇ ਵਿੱਚ ਮੁੱਖ ਭੂਮਿਕਾ ਨਿਭਾਈ। ਸਸਤੇ ਹੋਣ ਦੇ ਨਾਲ-ਨਾਲ ਉਹ ਘੱਟ ਉਚਾਈ 'ਤੇ ਉੱਡ ਸਕਦੇ ਸਨ ਅਤੇ ਇਨ੍ਹਾਂ ਦੀ ਰਫ਼ਤਾਰ ਲਗਭਗ 180 ਕਿਲੋਮੀਟਰ ਪ੍ਰਤੀ ਘੰਟਾ ਸਨ।

ਡਾਕੂਮੈਂਟਰੀ ਵਿੱਚ ਸਾਬਕਾ ਮਰੀਨ ਐਲੇਕਸ ਹੋਲਿੰਗਸ ਨੂੰ ਹਥਿਆਰਾਂ ਦਾ ਜਾਣਕਾਰ ਦੱਸਿਆ ਗਿਆ ਹੈ।

ਐਲੇਕਸ ਹੋਲਿੰਗਸ ਕਹਿੰਦੇ ਹਨ ਕਿ ਸ਼ਾਹਿਦ ਡਰੋਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹ "ਸਸਤੇ ਅਤੇ ਵੱਡੀ ਗਿਣਤੀ ਵਿੱਚ ਤਿਆਰ ਕੀਤੇ ਜਾਂਦੇ ਹਨ।"

ਐਲੇਕਸ ਦਾ ਕਹਿਣਾ ਹੈ ਕਿ ਇਹ ਡਰੋਨ ਦੁਸ਼ਮਣ ਰੱਖਿਆ ਪ੍ਰਣਾਲੀਆਂ ਤੋਂ ਬਚ ਸਕਦੇ ਹਨ ਅਤੇ ਆਪਣੀ ਹੌਲੀ ਗਤੀ ਦੇ ਕਾਰਨ ਇੱਕ "ਸਮੱਸਿਆ" ਬਣ ਸਕਦੇ ਹਨ।

ਉਨ੍ਹਾਂ ਦੇ ਅਨੁਸਾਰ, ਇਹ ਡਰੋਨ ਬਿਜਲੀ ਦੀ ਗਤੀ ਨਾਲ ਦੁਸ਼ਮਣ ਦੇ ਰਾਡਾਰ ਅਤੇ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੇ ਗਏ ਹਨ।

ਡਾਕੂਮੈਂਟਰੀ ਵਿੱਚ ਸ਼ਾਮਲ ਇੰਟਰਵਿਊ ਦੇ ਅਨੁਸਾਰ, ਅਜਿਹੇ ਸਮੇਂ ਵਿੱਚ ਇੱਕ ਹਥਿਆਰ ਪ੍ਰਣਾਲੀ ਅਧਿਕਾਰੀ ਦੀ ਭੂਮਿਕਾ ਮਹੱਤਵਪੂਰਨ ਹੋ ਜਾਂਦੀ ਹੈ। ਇੱਕ ਜਹਾਜ਼ ਵਿੱਚ ਸਵਾਰ ਕੈਪਟਨ ਸੈਨਿਕ ਨੇ ਈਰਾਨੀ ਡਰੋਨਾਂ ਦੀ ਪਛਾਣ ਕਰਨ ਲਈ ਕੁਸ਼ਲਤਾ ਨਾਲ ਜ਼ਮੀਨ ʼਤੇ ਨਿਸ਼ਾਨਾ ਲਗਾਉਣ ਵਾਲੇ ਟਾਰਗੇਟਿੰਗ ਪੌਡ ਦੀ ਕੁਸ਼ਲਤਾਪੂਰਕ ਵਰਤੋਂ ਕੀਤੀ।

ਹਾਲਾਂਕਿ, ਇਹ ਇੱਕ ਅਸਾਧਾਰਨ ਪ੍ਰਕਿਰਿਆ ਸੀ ਪਰ ਇਸ ਹਾਲਾਤ ਵਿੱਚ ਇਹ ਬੇਹੱਦ ਲਾਹੇਵੰਦ ਸਾਬਿਤ ਹੋਈ।

ਇਹਨਾਂ ਹਾਲਾਤਾਂ ਵਿੱਚ ਪਾਇਲਟਾਂ ਨੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਆਪਣੀਆਂ ਰੇਡੀਓ ʼਤੇ ਹੋਈਆਂ ਗੱਲਾਂ ਬਾਤਾਂ ਨੂੰ ਸੀਮਤ ਕਰ ਦਿੱਤਾ। ਉਸ ਰਾਤ, ਇੱਕ ਸਧਾਰਨ ਵਾਕ ਕਈ ਵਾਰ ਸੁਣਾਈ ਦਿੱਤਾ: "ਡਰੋਨ ਉੱਥੇ ਹੈ।"

ਸਟੇਕ ਨਾਈਟ ਤੋਂ ਫੌਕਸ ਥ੍ਰੀ ਤੱਕ

"ਡੈਂਜਰਸ ਗੇਮ" ਦੀ ਸ਼ੁਰੂਆਤ ਇੱਕ ਅਣਜਾਣ ਬੇਸ ਅਤੇ ਇੱਕ ਆਮ ਰਾਤ ਤੋਂ ਹੁੰਦੀ ਹੈ।

ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ, ਉਨ੍ਹਾਂ ਅਨੁਸਾਰ, 13 ਅਪ੍ਰੈਲ, 2024 ਦੀ ਰਾਤ ਦੇ ਸ਼ੁਰੂਆਤੀ ਘੰਟੇ ਕਿਸੇ ਵੀ ਹੋਰ ਰਾਤ ਵਾਂਗ ਹੀ ਸਨ। ਸ਼ਿਫਟਾਂ ਬਦਲ ਰਹੀਆਂ ਸਨ, ਰਿਪੋਰਟਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਸੀ ਅਤੇ ਲੜਾਕੂ ਜਹਾਜ਼ ਤਿਆਰ ਖੜ੍ਹੇ ਸਨ।

ਇਹ ਸ਼ਨੀਵਰਾ ਦੀ ʼਗੁਮਸੁਮ ਰਾਤʼ ਸੀ। ਪਾਇਲਟ ਰਾਤ ਦਾ ਖਾਣਾ ਖਾ ਚੁੱਕੇ ਸਨ ਅਤੇ ਵਰਾਂਡੇ ਵਿੱਚ ਬੈਠੇ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਅਗਲੇ ਘੰਟੇ, ਉਹ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਟਕਰਾਅ ਦਾ ਹਿੱਸਾ ਹੋਣਗੇ।

ਜਦੋਂ ਫਲਾਈਟ ਕਮਾਂਡਰ ਨੇ ਕਿਹਾ, "ਅਜਿਹਾ ਦੁਬਾਰਾ ਨਾ ਕਰਨਾ"

ਪਹਿਲਾਂ "ਲਾਈਨ ਵਨ" ਲਈ ਇੱਕ ਕਾਲ ਕੀਤੀ ਗਈ, ਫਿਰ ਕੁਝ ਮਿੰਟਾਂ ਬਾਅਦ ਪਾਇਲਟਾਂ ਦੇ ਨਾਮ "ਲਾਈਨ ਟੂ" ਲਈ ਬੁਲਾਏ ਗਏ। ਅਗਲੇ ਘੰਟੇ ਵਿੱਚ ਏਅਰਬੇਸ ਇੱਕ ਸ਼ਾਂਤ ਮਾਹੌਲ ਤੋਂ ਐਮਰਜੈਂਸੀ ਵਿੱਚ ਚਲਾ ਗਿਆ।

ਮੇਜਰ ਬਿਆਨਮਿਨ ਖੁਦ ਇੱਕ ਐੱਫ-15 ਪਾਇਲਟ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਛਲੇ ਅੰਦਾਜ਼ੇ ਗ਼ਲਤ ਸਨ, "ਜਿਸ ਧਮਕੀ ਦੀ ਅਸੀਂ ਕਲਪਨਾ ਕੀਤੀ ਸੀ ਉਹ ਅਸਲ ਹਮਲੇ ਦਾ ਸਿਰਫ਼ 10 ਤੋਂ 20 ਫੀਸਦ ਸੀ।"

ਜਲਦੀ ਹੀ ਐੱਫ-15 ਜਹਾਜ਼ਾਂ ਦਾ ਪਹਿਲਾ ਜੱਥਾ ਰਾਤ ਦੇ ਹਨੇਰੇ ਵਿੱਚ ਉਡਾਣ ਭਰਨ ਲੱਗਾ। ਕੁਝ ਹੀ ਦੇਰ ਵਿੱਚ ਰਾਡਾਰ ਸਕ੍ਰੀਨਾਂ ਈਰਾਨੀ ਡਰੋਨਾਂ ਨਾਲ ਭਰ ਗਈਆਂ।

ਫਿਰ, ਮਿਜ਼ਾਈਲਾਂ ਲਾਂਚ ਕਰਨ ਦਾ ਆਦੇਸ਼ ਜਾਰੀ ਕੀਤੇ ਗਏ ਅਤੇ "ਫੋਕਸ ਥ੍ਰੀ" ਦਾ ਐਲਾਨ ਕੀਤਾ ਗਿਆ, ਭਾਵ ਮਿਜ਼ਾਈਲ ਲਾਂਚ ਰਾਡਾਰ ਸਰਗਰਮ ਹੋ ਗਏ।

ਮੇਜਰ ਬਿਆਨਮਿਨ ਕਹਿੰਦੇ ਹਨ, "ਮੈਂ ਜੋ ਮਿਜ਼ਾਈਲ ਤਿਆਰ ਕੀਤੀ ਉਸ ਨੂੰ ਚਲਾਇਆ। ਇਸ ਨੇ ਅਸਮਾਨ ਨੂੰ ਰੌਸ਼ਨ ਕਰ ਦਿੱਤਾ। ਮੇਰਾ ਨਾਈਟ ਵਿਜ਼ਨ ਕੈਮਰਾ ਅਚਾਨਕ ਚਮਕ ਉੱਠਿਆ।"

"ਇਹ ਇੱਕ ਹੈਰਾਨੀਜਨਕ ਦ੍ਰਿਸ਼ ਸੀ, ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਮੈਂ ਅਸਲ ਜ਼ਿੰਦਗੀ ਵਿੱਚ ਐੱਮਰਾਮ ਮਿਜ਼ਾਈਲ ਚਲਾਈ ਸੀ।"

ਇੱਕ ਹੋਰ ਪਾਇਲਟ ਨੇ ਡਾਕੂਮੈਂਟਰੀ ਵਿੱਚ ਕਿਹਾ, "ਮੈਂ ਇਹ ਵੀ ਬਿਆਨ ਨਹੀਂ ਕਰ ਸਕਦਾ ਕਿ ਇਹ ਮਿਸ਼ਨ ਕਿੰਨਾ ਖ਼ਤਰਨਾਕ ਸੀ। ਇੱਕ ਸਮੇਂ, ਮੈਂ ਜ਼ਮੀਨ ਤੋਂ ਸਿਰਫ਼ 1,000 ਫੁੱਟ ਉੱਪਰ ਉੱਡ ਰਿਹਾ ਸੀ, ਜਦੋਂ ਕਿ ਉਡਾਣ ਲਈ ਸੁਰੱਖਿਅਤ ਉਚਾਈ 4,000 ਫੁੱਟ ਹੈ।"

ਇਨ੍ਹਾਂ ਪਾਇਲਟਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਕੋਲ ਮਿਜ਼ਾਈਲਾਂ ਖ਼ਤਮ ਹੋ ਗਈਆਂ, ਤਾਂ ਉਨ੍ਹਾਂ ਦੀ ਟੀਮ ਦੇ ਇੱਕ ਮੈਂਬਰ ਨੇ ਲੇਜ਼ਰ-ਗਾਈਡਡ ਮਿਜ਼ਾਈਲ ਨਾਲ ਈਰਾਨੀ ਸ਼ਾਹਿਦ ਡਰੋਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।

"ਅਸੀਂ ਡਰੋਨ 'ਤੇ ਇੱਕ ਬੰਬ ਸੁੱਟਿਆ ਅਤੇ ਇਸ ਨੂੰ ਲੇਜ਼ਰ ਨਾਲ ਗਾਈਡ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ, ਅਜਿਹਾ ਲੱਗ ਰਿਹਾ ਸੀ ਕਿ ਚਾਲ ਕੰਮ ਕਰ ਗਈ ਹੈ, ਇੱਕ ਜ਼ੋਰਦਾਰ ਧਮਾਕਾ ਹੋਇਆ, ਅਤੇ ਅਸੀਂ ਖੁਸ਼ ਹੋ ਗਏ। ਪਰ ਅਗਲੇ ਹੀ ਪਲ, ਅਸੀਂ ਡਰੋਨ ਨੂੰ ਦੁਬਾਰਾ ਦੇਖਿਆ।"

"ਫਲਾਈਟ ਕਮਾਂਡਰ ਨੇ ਤੁਰੰਤ ਸਾਨੂੰ ਰੇਡੀਓ 'ਤੇ ਕਿਹਾ, 'ਅਜਿਹਾ ਦੁਬਾਰਾ ਨਾ ਕਰਨਾ'।"

'ਮੈਂ ਸਿਰਫ਼ 13 ਤੱਕ ਗਿਣ ਸਕਿਆ'

ਡਾਕੂਮੈਂਟਰੀ ਵਿੱਚ ਪਾਇਲਟਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਪਣੀਆਂ ਆਖ਼ਰੀ ਮਿਜ਼ਾਈਲਾਂ ਚਲਾਈਆਂ ਅਤੇ ਜਹਾਜ਼ ਰਿਫਿਊਲਿੰਗ ਲਈ ਬੇਸ 'ਤੇ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ, ਉਨ੍ਹਾਂ ਨੇ ਟਕਰਾਅ ਦਾ ਇੱਕ ਹੋਰ ਪਹਿਲੂ ਦੇਖਿਆ, ਅਸਮਾਨ ਵਿੱਚ ਈਰਾਨੀ ਬੈਲਿਸਟਿਕ ਮਿਜ਼ਾਈਲ ਸੀ।

ਇੱਕ ਪਾਇਲਟ ਨੇ ਦੱਸਿਆ ਕਿ ਪੂਰਬੀ ਦਿਸ਼ਾ ਵਿੱਚ, "ਅਸਮਾਨ ਸੰਤਰੀ ਰੌਸ਼ਨੀ ਨਾਲ ਜਗਮਗਾ ਉੱਠਿਆ। ਮੈਂ ਤੁਰੰਤ ਮਿਜ਼ਾਈਲਾਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ 13 ਤੱਕ ਗਿਣਤੀ ਕਰਨ ਤੋਂ ਬਾਅਦ ਰੁਕਣਾ ਪਿਆ ਕਿਉਂਕਿ ਮਿਜ਼ਾਈਲਾਂ ਇੰਨੀ ਤੇਜ਼ੀ ਨਾਲ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਗਿਣਨਾ ਅਸੰਭਵ ਸੀ।"

ਇਹ ਮਿਜ਼ਾਈਲਾਂ ਜ਼ਮੀਨ ਤੋਂ ਉੱਪਰ ਨਸ਼ਟ ਕੀਤੀਆਂ ਜਾ ਰਹੀਆਂ ਸਨ, ਜਿਸ ਨਾਲ ਪਾਇਲਟਾਂ ਲਈ ਇੱਕ ਹੈਰਾਨੀਜਨਕ ਅਤੇ ਭਿਆਨਕ ਨਜ਼ਾਰਾ ਬਣ ਰਿਹਾ ਸੀ।

ਅਸਮਾਨ ਵਿੱਚ ਮਿਜ਼ਾਈਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ, ਉਨ੍ਹਾਂ ਦੇ ਟੁਕੜੇ ਜ਼ਮੀਨ 'ਤੇ ਡਿੱਗ ਰਹੇ ਸਨ।

ਰੈੱਡ ਅਲਰਟ ਅਤੇ ਫਾਰਮੂਲਾ ਵਨ ਰੇਸ ਵਰਗਾ ਮਾਹੌਲ

ਉਸ ਸਮੇਂ, ਬੇਸ 'ਤੇ ਇੱਕ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਸੀ, ਜਿਸ ਦਾ ਅਰਥ ਸੀ ਕਿ ਹਰ ਕਿਸੇ ਨੂੰ ਇੱਕ ਸੁਰੱਖਿਅਤ ਜਗ੍ਹਾ 'ਤੇ ਜਾਣਾ ਪਿਆ ਸੀ।

ਹਾਲਾਂਕਿ, ਫਲਾਈਟ ਕਮਾਂਡਰ, ਜਿਸ ਨੂੰ 'ਵੂਡੂ' ਕਿਹਾ ਜਾਂਦਾ ਹੈ, ਨੇ ਰੇਡੀਓ ਨੈੱਟਵਰਕ 'ਤੇ ਐਲਾਨ ਕੀਤਾ, "ਰੈੱਡ ਅਲਰਟ ਦਾ ਅਰਥ ਹੈ ਜਹਾਜ਼ਾਂ ਨੂੰ ਮਿਜ਼ਾਈਲਾਂ ਨਾਲ ਲੈਸ ਕਰਨਾ, ਜਹਾਜ਼ਾਂ ਨੂੰ ਢੱਕਣਾ ਅਤੇ ਫਿਰ ਇੱਕ ਸੁਰੱਖਿਅਤ ਜਗ੍ਹਾ 'ਤੇ ਜਾਣਾ।"

ਡਾਕੂਮੈਂਟਰੀ ਵਿੱਚ ਪਾਇਲਟ ਇਸ ਮਾਹੌਲ ਨੂੰ "ਫਾਰਮੂਲਾ ਵਨ ਰੇਸ" ਵਜੋਂ ਦਰਸਾਉਂਦੇ ਹਨ।

ਉਸ ਸਮੇਂ ਤਕਨੀਕੀ ਟੀਮ ਨੇ ਅਸਾਧਾਰਨ ਵਾਤਾਵਰਣ ਵਿੱਚ ਜਹਾਜ਼ਾਂ ਨੂੰ ਦੁਬਾਰਾ ਈਂਧਨ ਭਰਿਆ, ਮਿਜ਼ਾਈਲਾਂ ਲਗਾਈਆਂ ਅਤੇ ਇੰਜਣਾਂ ਦਾ ਨਿਰੀਖਣ ਕੀਤਾ।

ਟੀਮ ਦੇ ਇੱਕ ਅਧਿਕਾਰੀ ਨੇ ਕਿਹਾ, "ਉਸ ਰਾਤ ਮੈਂ ਪਹਿਲੀ ਵਾਰ ਅਜਿਹਾ ਓਪਰੇਸ਼ਨ ਦੇਖਿਆ।"

ਪੂਰੀ ਪ੍ਰਕਿਰਿਆ ਸਿਰਫ਼ 32 ਮਿੰਟਾਂ ਵਿੱਚ ਪੂਰੀ ਹੋ ਗਈ, ਇੱਕ ਸਮਾਂ ਜੋ ਆਮ ਤੌਰ 'ਤੇ ਸਿਰਫ਼ ਜਹਾਜ਼ ਵਿੱਚ ਤੇਲ ਭਰਨ ਵਿੱਚ ਬਿਤਾਇਆ ਜਾਂਦਾ ਹੈ।

ਡਾਕੂਮੈਂਟਰੀ ਵਿੱਚ ਪਾਇਲਟਾਂ ਨੂੰ ਬਹੁਤ ਹੀ ਖ਼ਤਰਨਾਕ ਹਾਲਾਤਾਂ ਵਿੱਚ ਆਪਣੇ ਬੇਸ 'ਤੇ ਵਾਪਸ ਆਉਂਦੇ ਦਿਖਾਇਆ ਗਿਆ ਹੈ। ਇੱਕ ਪਾਇਲਟ ਨੇ ਕਿਹਾ ਕਿ ਕੰਟ੍ਰੋਲ ਟਾਵਰ ਤੋਂ ਕੋਈ ਜਵਾਬ ਨਹੀਂ ਆਇਆ, ਨੈੱਟਵਰਕ ਬਿਜ਼ੀ ਸਨ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਕਰਨ ਵਾਲਾ ਕੋਈ ਨਹੀਂ ਸੀ।

ਇਸ ਤੋਂ ਬਾਅਦ, ਉਹ ਅਤੇ ਉਨ੍ਹਾਂ ਦੇ ਸਾਥੀ ਪਾਇਲਟ ਬਿਨਾਂ ਇਜਾਜ਼ਤ ਦੇ ਆਪਣੀ ਜ਼ਿੰਮੇਵਾਰੀ 'ਤੇ ਰਨਵੇ 'ਤੇ ਉਤਰੇ। ਉਸੇ ਪਲ, ਓਪਰੇਸ਼ਨ ਰੂਮ ਤੋਂ ਇੱਕ ਆਵਾਜ਼ ਆਈ, "ਹਮਲੇ ਵਿੱਚ ਅਜੇ ਇੱਕ ਮਿੰਟ ਬਾਕੀ ਹੈ। ਅਸੀਂ ਗੱਲ ਨਹੀਂ ਕਰ ਸਕਦੇ।"

ਇਸ ਤੋਂ ਬਾਅਦ, ਅਚਾਨਕ ਚੁੱਪੀ ਛਾ ਗਈ।

ਇੱਕ ਪਾਇਲਟ ਨੇ ਕਿਹਾ, "ਇਹ ਇੱਕ ਅਜਿਹਾ ਮਾਹੌਲ ਸੀ ਜਿਸ ਲਈ ਮੈਂ ਤਿਆਰ ਨਹੀਂ ਸੀ। ਮੈਂ ਹਮਲੇ ਲਈ ਤਿਆਰ ਸੀ, ਪਰ ਮੈਂ ਘੱਟ ਈਂਧਨ ਵਾਲੇ ਬੇਸ 'ਤੇ ਆਉਣ ਲਈ ਤਿਆਰ ਨਹੀਂ ਸੀ ਜਿੱਥੇ ਪਹਿਲਾਂ ਹੀ ਹਮਲੇ ਹੋ ਰਹੇ ਸੀ।"

ਇਸ ਤੋਂ ਬਾਅਦ, ਖ਼ਤਰਾ ਟਲ ਗਿਆ ਅਤੇ ਜਹਾਜ਼ ਬੇਸ 'ਤੇ ਉਤਰ ਗਏ। ਜਦੋਂ ਪਾਇਲਟ ਉੱਭਰ ਕੇ ਸਾਹਮਣੇ ਆਏ, ਤਾਂ ਉਨ੍ਹਾਂ ਦੇ ਮੋਬਾਈਲ ਫੋਨ ਉਨ੍ਹਾਂ ਦੇ ਪਰਿਵਾਰਾਂ ਦੇ ਸੁਨੇਹਿਆਂ ਨਾਲ ਘੰਟੀ ਵਜ ਰਹੀ ਸੀ।

ਉਸ ਸਮੇਂ ਮੀਡੀਆ ਦੀਆਂ ਸੁਰਖ਼ੀਆਂ ਗੂੰਜ ਰਹੀਆਂ ਸਨ, "ਈਰਾਨ ਨੇ ਇਜ਼ਰਾਈਲ 'ਤੇ ਸਭ ਤੋਂ ਵੱਡਾ ਮਿਜ਼ਾਈਲ ਅਤੇ ਡਰੋਨ ਹਮਲਾ ਕੀਤਾ ਹੈ।"

"ਡੇਂਜਰਸ ਗੇਮ" ਦੇ ਆਖ਼ਰੀ ਪਲਾਂ ਵਿੱਚ ਇੱਕ ਪਾਇਲਟ ਨੇ ਕਿਹਾ, "ਸਾਡੇ ਕੋਲ ਅੱਠ ਮਿਜ਼ਾਈਲਾਂ ਸੀ ਉਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਬਚੀ ਸੀ। ਤਕਨੀਕੀ ਨੁਕਸ ਕਾਰਨ ਦਾਗਿਆ ਨਹੀਂ ਜਾ ਸਕਿਆ, ਇਹ ਸਾਡੀ ਗ਼ਲਤੀ ਨਹੀਂ ਸੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)