ਲਵ ਬੌਂਬਿੰਗ ਕੀ ਹੈ, ਲੋਕ ਇਸ ਦਾ ਸ਼ਿਕਾਰ ਕਿਵੇਂ ਹੁੰਦੇ ਹਨ?

ਤਸਵੀਰ ਸਰੋਤ, Getty Images
- ਲੇਖਕ, ਆਦਰਸ਼ ਰਾਠੌਰ
- ਰੋਲ, ਬੀਬੀਸੀ ਲਈ
ਉਹ ਤੁਹਾਡੇ ਨਾਲ ਦਿਨ ਵਿੱਚ ਕਈ-ਕਈ ਵਾਰ ਟੈਕਸਟ ਮੈਸੇਜ, ਈਮੇਲ ਅਤੇ ਫ਼ੋਨ ਕਾਲ ਰਾਹੀਂ ਸੰਪਰਕ ਕਰਦੇ ਹਨ। ਤੁਹਾਡੀ ਤਾਰੀਫ਼ ਵਿੱਚ ਕਈ ਗੱਲਾਂ ਕਰਦੇ ਹਨ ਅਤੇ ਜਤਾਉਂਦੇ ਹਨ ਕਿ ਤੁਹਾਡੇ ਤੋਂ ਵੱਧ ਕੇ ਕੋਈ ਨਹੀਂ ਹੈ।
ਭਾਵੇਂ ਤੁਹਾਨੂੰ ਅਜਿਹੇ ਲੋਕਾਂ ਨੂੰ ਮਿਲੇ ਅਜੇ ਕੁਝ ਹੀ ਦਿਨ ਹੋਏ ਹੁੰਦੇ ਹਨ ਪਰ ਉਹ ਕਈ ਘੰਟੇ ਤੁਹਾਡੀ ਖ਼ੁਸ਼ਾਮਦ ਅਤੇ ਵਾਅਦੇ ਕਰਨ ਵਿੱਚ ਬਿਤਾ ਚੁੱਕੇ ਹੁੰਦੇ ਹਨ।
ਇਸ ਤਰ੍ਹਾਂ ਦੇ ਵਿਵਹਾਰ ਨੂੰ ‘ਲਵ ਬੌਂਬਿੰਗ’ ਕਿਹਾ ਜਾਂਦਾ ਹੈ।
ਲਵ ਬੌਂਬਿੰਗ ਅਤੇ ਨੌਕਰੀ
ਅਕਸਰ ਇਹ ਸ਼ਬਦ ਡੇਟਿੰਗ ਦੇ ਸਬੰਧ ਵਿੱਚ ਵਰਤਿਆ ਜਾਂਦਾ ਹੈ, ਜਦੋਂ ਕੋਈ ਰਿਝਾਉਣ ਲਈ ਤਾਰੀਫ਼ਾਂ ਦੇ ਪੁੱਲ ਬੰਨ੍ਹਦਾ ਹੈ ਜਾਂ ਫ਼ਿਰ ਕੁਝ ਅਜਿਹਾ ਕਰਦਾ ਹੈ ਕਿ ਸਾਹਮਣੇ ਵਾਲਾ ਅਹਿਸਾਨ ਮੰਨਣੇ ਲੱਗੇ।
ਪਰ ਲਵ ਬੌਂਬਿੰਗ ਰੋਮਾਂਟਿਕ ਰਿਸ਼ਤਿਆਂ ਤੱਕ ਹੀ ਸੀਮਤ ਨਹੀਂ ਹੈ। ਬਹੁਤ ਸਾਰੇ ਲੋਕਾਂ ਨੂੰ ਕੰਮ ਦੇ ਖ਼ੇਤਰ ਵਿੱਚ ਵੀ ਇਸ ਤਰ੍ਹਾਂ ਦੇ ਵਿਵਹਾਰ ਨਾਲ ਦੋ ਚਾਰ ਹੋਣਾ ਪੈਂਦਾ ਹੈ। ਕਈ ਕੰਪਨੀਆਂ ਵਿੱਚ ਵੀ ਖ਼ਾਲ੍ਹੀ ਅਹੁਦਿਆਂ ਲ਼ਈ ਉਮੀਦਵਾਰਾਂ ਦੀ ਭਾਲ ਵੇਲੇ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ।
ਕੰਪਨੀ ਖਾਲ੍ਹੀ ਅਹੁਦਿਆਂ ਨੂੰ ਭਰਨ ਲਈ ਉਮੀਦਵਾਰਾਂ ਨਾਲ ਅਜਿਹਾ ਵਤੀਰਾ ਰੱਖਦੀ ਹੈ ਜਿੱਥੇ ਅਹੁਦੇ ਨਾਲ ਜੁੜੇ ਕੰਮਾਂ ਅਤੇ ਜ਼ਿੰਮੇਵਾਰੀਆਂ ਆਦਿ ਬਾਰੇ ਜਾਣਕਾਰੀ ਦੇਣ ਦੀ ਥਾਂ ਅਰਜ਼ੀ ਦੇਣ ਵਾਲੇ ਤਜਰਬੇ ਦੀ ਤਾਰੀਫ਼ ਕਰਨ ਅਤੇ ਕਈ ਤਰ੍ਹਾਂ ਦੇ ਵਾਅਦੇ ਕਰਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਉੱਤੇ ਜ਼ਿਆਦਾ ਜ਼ੋਰ ਦਿੰਦੀਆਂ ਹਨ।
ਬੰਗਲੁਰੂ ਵਿੱਚ ਇੱਕ ਬਿਜ਼ਨੇਸ ਸੋਲਿਊਸ਼ਨ ਕੰਪਨੀ ਵਿੱਚ ਮੈਨੇਜਰ ਰੋਹਿਤ ਪਰਾਸ਼ਰ ਦੱਸਦੇ ਹਨ ਕਿ ਪਿਛਲੀ ਨੌਕਰੀ ਵਿੱਚ ਉਨ੍ਹਾਂ ਨਾਲ ਅਜਿਹੀ ਹੀ ਹੋਇਆ ਸੀ। ਉਹ ਵਡੋਦਰਾ ਵਿੱਚ ਇੱਕ ਕੰਪਨੀ ’ਚ ਕੰਮ ਕਰਦੇ ਸਨ ਅਤੇ ਤਨਖ਼ਾਹ ਨਾ ਵਧਣ ਕਾਰਨ ਬਦਲਾਅ ਚਾਹੁੰਦੇ ਸਨ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਗੁਰੂਗ੍ਰਾਮ ਦੀ ਇੱਕ ਕੰਪਨੀ ਲਈ ਇੰਟਰਵਿਊ ਦਿੱਤਾ ਅਤੇ ਚੁਣ ਲਏ ਗਏ।
ਇਸੇ ਵਿਚਾਲੇ ਪਿਛਲੀ ਕੰਪਨੀ ਵਿੱਚ ਵੀ ਰੋਹਿਤ ਦੀ ਤਨਖ਼ਾਹ ਵੱਧ ਗਈ ਪਰ ਗੁਰੂਗ੍ਰਾਮ ਦੀ ਕੰਪਨੀ ਦੇ ਐੱਚਆਰ ਵਿਭਾਗ ਤੋਂ ਉਨ੍ਹਾਂ ਨੂੰ ਕਈ ਦਿਨਾਂ ਤੱਕ ਕਾਲ ਕਰਕੇ ਆਫ਼ਰ ਸਵੀਕਾਰ ਕਰਨ ਲਈ ਮਨਾਇਆ ਜਾਂਦਾ ਰਿਹਾ।
ਰੋਹਿਤ ਦੱਸਦੇ ਹਨ, ‘‘ਮੈਨੂੰ ਵਾਰ-ਵਾਰ ਦੱਸਿਆ ਗਿਆ ਕਿ ਕੰਪਨੀ ਨਾ ਸਿਰਫ਼ ਚੰਗੀ ਤਨਖ਼ਾਹ ਦੇ ਰਹੀ ਸਗੋਂ ਇੱਥੇ ਹੋਰ ਵੀ ਸਹੂਲਤਾਂ ਹਨ। ਕੰਮ ਦਾ ਮਾਹੌਲ ਚੰਗਾ ਹੈ, ਅਸੀਂ ਕਰਮਚਾਰੀਆਂ ਦਾ ਬਹੁਤ ਖ਼ਿਆਲ ਰੱਖਦੇ ਹਾਂ, ਤੁਹਾਨੂੰ ਤੁਹਾਡੀ ਪ੍ਰੋਫ਼ਾਈਲ ਦੇ ਹਿਸਾਬ ਨਾਲ ਕੰਮ ਦਿੱਤਾ ਜਾਵੇਗਾ ਅਤੇ ਚੰਗੇ ਪ੍ਰਦਰਸ਼ਨ ਦੇ ਆਧਾਰ ਉੱਤੇ ਤਨਖ਼ਾਹ ਵਿੱਚ ਵਾਧਾ ਵੀ ਹੋਵੇਗਾ।’’
ਲੰਬੀ ਗੱਲਬਾਤ ਤੋਂ ਬਾਅਦ ਆਖ਼ਿਰਕਾਰ ਰੋਹਿਤ ਨੇ ਆਫ਼ਰ ਨੂੰ ਸਵੀਕਾਰ ਕਰ ਲਿਆ ਅਤੇ ਵਡੋਦਰਾ ਛੱਡ ਕੇ ਗੁਰੂਗ੍ਰਾਮ ਆ ਗਏ।
ਅਮਰੀਕੇ ਦੇ ਸੈਨ ਫ੍ਰਾਂਸਿਸਕੋ ਵਿੱਚ ਕਰੀਅਰ ਕੋਚ ਸੈਮਾਰਨ ਸੇਲਿਮ ਕਹਿੰਦੇ ਹਨ ਕਿ ਅਜਿਹਾ ਵਿਵਹਾਰ ਅਕਸਰ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਲੇਬਰ ਮਾਰਕਿਟ ਵਿੱਚ ਖਾਲ੍ਹੀ ਅਹੁਦਿਆਂ ਦੇ ਹਿਸਾਬ ਨਾਲ ਲੋਕ ਉਪਲਬਧ ਨਾ ਹੋਣ।
ਸੈਮਾਰਨ ਕਹਿੰਦੇ ਹਨ, ‘‘ਅਜਿਹੇ ਹਾਲਾਤਾਂ ਵਿੱਚ ਅਰਜ਼ੀਕਰਤਾ ਮਜ਼ਬੂਤ ਸਥਿਤੀ ਵਿੱਚ ਹੁੰਦੇ ਹਨ ਜਦਕਿ ਕੰਪਨੀਆਂ ਵਿੱਚ ਚੰਗੇ ਹੁਨਰਮੰਦ ਲੋਕਾਂ ਦੀ ਭਾਲ ਦੀ ਹੋੜ ਮਚੀ ਰਹਿੰਦੀ ਹੈ। ਅਜਿਹੇ ਵਿੱਚ ਭਰਤੀ ਕਰਨ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕੰਪਨੀ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਕਲਬ ਉਪਲਬਧ ਕਰਵਾਉਣ। ਜਦੋਂ ਉਮੀਦਵਾਰ ਘੱਟ ਹੁੰਦੇ ਹਨ ਤਾਂ ਉਨ੍ਹਾਂ ਨੂੰ ਲੁਭਾਉਣ ਲਈ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ।’’

ਇਹ ਵੀ ਪੜ੍ਹੋ:

ਸਿਰਫ਼ ਚੰਗਾ ਪੱਖ ਦਿਖਾਉਣਾ

ਤਸਵੀਰ ਸਰੋਤ, Getty Images
ਕਈ ਵਾਰ ਕੰਪਨੀਆਂ ਵੀ ਆਪਣੇ ਲਈ ਭਰਤੀ ਕਰਨ ਵਾਲਿਆਂ ਉੱਤੇ ਦਬਾਅ ਬਣਾਉਂਦੀਆਂ ਹਨ ਕਿ ਉਹ ਉਨ੍ਹਾਂ ਦਾ ਮਜ਼ਬੂਤ ਅਤੇ ਸਕਾਰਾਤਮਕ ਅਕਸ ਹੀ ਦਿਖਾਉਣ।
ਕਰੀਅਰ ਕੋਚ ਸੈਮਾਰਨ ਸੇਲਿਮ ਕਹਿੰਦੇ ਹਨ ਕਿ ਇਹ ਕਿਸੇ ਰੋਮਾਂਟਿਕ ਰਿਸ਼ਤੇ ਦੀ ਸ਼ੁਰੂਆਤੀ ਡੇਟਸ ਦੀ ਤਰ੍ਹਾਂ ਹੁੰਦਾ ਹੈ ਜਿੱਥੇ ਭਰਤੀ ਕਰਨ ਵਾਲਿਆਂ ਨੂੰ ਆਪਣੀਆਂ ਕਮੀਆਂ ਜਾਂ ਕਮਜ਼ੋਰੀਆਂ ਦੀ ਥਾਂ ਆਪਣਾ ਬਿਹਤਰ ਪੱਖ ਦਿਖਾਉਣਾ ਚਾਹੁੰਦੇ ਹਨ।
ਭਰਤੀਆਂ ਕਰਨ ਵਾਲੀ ਕੌਮਾਂਤਰੀ ਕੰਪਨੀ ਸਿਏਲੋ ਦੀ ਬ੍ਰਿਟੇਨ ਦੀ ਪ੍ਰਬੰਧ ਨਿਦੇਸ਼ਕ ਸੈਲੀ ਹੰਟਰ ਮੰਨਦੇ ਹਨ ਕਿ ਬਹੁਤ ਸਾਰੇ ਭਰਤੀ ਕਰਨ ਵਾਲਿਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਉਹ ਲਵ ਬੌਂਬਿੰਗ ਵਰਗਾ ਵਿਵਹਾਰ ਕਰ ਰਹੇ ਹਨ।
ਉਹ ਕਹਿੰਦੇ ਹਨ, ‘‘ਭਰਤੀ ਕਰਨ ਵਾਲੇ ਲੋਕ ਆਸ਼ਾਵਾਦੀ ਅਤੇ ਵੇਚਣ ਦੀ ਕਲਾ ਵਿੱਚ ਵੀ ਮਾਹਰ ਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਦਾ ਇਹ ਵਿਵਹਾਰ ਚੰਗੀ ਭਾਵਨਾ ਕਾਰਨ ਹੁੰਦਾ ਹੈ। ਉਹ ਚਾਹੁੰਦੇ ਹਨ ਕਿ ਉਮੀਦਵਾਰ ਨੂੰ ਨੌਕਰੀ ਵੀ ਮਿਲੇ ਅਤੇ ਉਹ ਉਸ ਵਿੱਤ ਖ਼ੁਸ਼ ਵੀ ਰਹਿਣ।’’
ਪਰ ਸੈਲੀ ਚੇਤਾਉਂਦੇ ਹਨ ਕਿ ਲਵ ਬੌਂਬਿੰਗ ਵਰਗੇ ਵਿਵਹਾਰ ਪਿੱਛੇ ਕਈ ਵਾਰ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ। ਜਦੋਂ ਭਰਤੀ ਕਰਨ ਵਾਲੇ ਨੂੰ ਕਿਸੇ ਥਰਡ ਪਾਰਟੀ (ਕੰਪਨੀ ਆਦਿ) ਨੇ ਆਪਣੇ ਖਾਲ੍ਹੀ ਅਹੁਦਿਆਂ ਨੂੰ ਭਰਨ ਲਈ ਨਿਯੁਕਤ ਕੀਤਾ ਹੁੰਦਾ ਹੈ, ਉਦੋਂ ਉਹ ਆਪਣੇ ਫਾਇਦੇ ਲਈ ਉਮੀਦਵਾਰਾਂ ਨੂੰ ਬਹੁਤ ਵਧਾ-ਚੜ੍ਹਾ ਕੇ ਗੱਲਾਂ ਕਰ ਸਕਦਾ ਹੈ।
ਉਹ ਕਹਿੰਦੇ ਹਨ, ‘‘ਜੇ ਭਰਤੀ ਕਰਨ ਵਾਲਿਆਂ ਦੀ ਤਨਖ਼ਾਹ ਘੱਟ ਹੈ ਅਤੇ ਉਹ ਭਰਤੀ ਕਰਨ ਦੇ ਬਦਲੇ ਮਿਲਣ ਵਾਲੇ ਕਮੀਸ਼ਨ ਉੱਤੇ ਬਹੁਤ ਜ਼ਿਆਦਾ ਨਿਰਭਰ ਹਨ ਤਾਂ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਕਿਸੇ ਵੀ ਖਾਲ੍ਹੀ ਅਹੁਦੇ ਨੂੰ ਭਰਨ ਲਈ ਵੱਧ ਤੋਂ ਵੱਧ ਮੌਕੇ ਬਣਾਉਣ। ਇਸ ਲ਼ਈ ਉਹ ਉਮੀਦਵਾਰਾਂ ਨਾਲ ਲਵ ਬੌਂਬਿੰਗ ਜਿਹਾ ਵਿਵਹਾਰ ਕਰਦੇ ਹਨ।’’

ਤਸਵੀਰ ਸਰੋਤ, Getty Images
ਨੁਕਸਾਨ ਪਹੁੰਚਾਉਣ ਵਾਲੀ ਖ਼ੁਸ਼ਾਮਦ

ਤਸਵੀਰ ਸਰੋਤ, Getty Images
ਆਮ ਤੌਰ ਉੱਤੇ ਇਹ ਸਭ ਕਿਸੇ ਦੁਰਭਾਵਨਾ ਨਾਲ ਨਹੀਂ ਕੀਤਾ ਜਾਂਦਾ ਪਰ ਕੰਪਨੀਆਂ ਦੇ ਇਰਾਦੇ ਜੋ ਵੀ ਹੋਣ, ਕਈ ਵਾਰ ਕਰਮਚਾਰੀਆਂ ਨੂੰ ਨੁਕਸਾਨ ਵੀ ਝੱਲਣਾ ਪੈਂਦਾ ਹੈ। ਕੋਈ ਉਮੀਦਵਾਰ ਦਬਾਅ ਵਿੱਚ ਆ ਕੇ ਅਜਿਹੀ ਨੌਕਰੀ ਲੈ ਸਕਦਾ ਹੈ, ਜੋ ਉਸ ਦੇ ਲਈ ਮੁਫ਼ੀਦ ਨਾ ਹੋਵੇ।
ਅਜਿਹਾ ਹੀ ਰੋਹਿਤ ਪਰਾਸ਼ਰ ਦੇ ਨਾਲ ਵੀ ਹੋਇਆ ਸੀ। ਚੰਗੇ ਭਵਿੱਖ ਦੀ ਆਸ ਵਿੱਚ ਉਨ੍ਹਾਂ ਨੇ ਗੁਰੂਗ੍ਰਾਮ ਆ ਕੇ ਨਵੀਂ ਕੰਪਨੀ ਤਾਂ ਜੁਆਇਨ ਕਰ ਲਈ ਪਰ ਪਤਾ ਲੱਗਿਆ ਕੀ ਤਸਵੀਰ ਬਹੁਤ ਵੱਖਰੀ ਹੈ।
ਉਹ ਦੱਸਦੇ ਹਨ, ‘‘ਗ਼ਲਤੀ ਹੋਣ ਉੱਤੇ ਸੀਨੀਅਰ ਦਾ ਜੂਨੀਅਰ ਮੈਂਬਰਾਂ ਉੱਤੇ ਚੀਕਣਾ ਆਮ ਸੀ। ਕਾਰਪੋਰੇਟ ਜਗਤ ਵਿੱਚ ਸਾਰਿਆਂ ਨੂੰ ਉਨ੍ਹਾਂ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਪਰ ਮੈਂ ਦੇਖਿਆ ਕਿ ਸਾਡੇ ਮੈਨੇਜਰ ਇਸ ਗੱਲ ਤੋਂ ਚਿੜ ਗਏ ਜਦੋਂ ਮੈਂ ਉਨ੍ਹਾਂ ਦੇ ਨਾਮ ਅੱਗੇ ‘ਸਰ’ ਨਹੀਂ ਲਗਾਇਆ। ਟੀਮ ਵਿੱਚ ਕੋਈ ਸਮੱਸਿਆ ਆਉਂਦੀ ਸੀ ਤਾਂ ਮੈਨੇਜਰ ਵੱਖਰੇ ਪਾਸੇ ਲੈ ਕੇ ਜਾਣ ਦੀ ਥਾਂ ਸਭ ਦੇ ਸਾਹਮਣੇ ਫਲੋਰ ਉੱਤੇ ਗੱਲ ਕਰਦੇ ਸਨ।’’
ਇਹ ਮਾਹੌਲ ਉਸ ਤੋਂ ਵੱਖਰਾ ਸੀ, ਜਿਸ ਦਾ ਵਾਅਦਾ ਨੌਕਰੀ ਦੀ ਆਫ਼ਰ ਦਿੰਦੇ ਸਮੇਂ ਕੀਤਾ ਗਿਆ ਸੀ।
ਰੋਹਿਤ ਕਹਿੰਦੇ ਹਨ ਕਿ ਉਹ ਇਸ ਮਾਹੌਲ ਵਿੱਚ ਖ਼ੁਦ ਨੂੰ ਢਾਲ ਨਹੀਂ ਸਕੇ ਅਤੇ ਚੌਥੇ ਮਹੀਨੇ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।
ਇਸੇ ਤਰ੍ਹਾਂ ਅਮਰੀਕਾ ਦੀ 46 ਸਾਲਾ ਕਿਯਸਟਰਨ ਗ੍ਰੇਗਸ ਨਾਲ ਹੋਇਆ ਸੀ। ਉਹ ਖ਼ੁਦ ਵੀ ਰਿਕਰੂਟਰ ਹਨ ਯਾਨੀ ਕੰਪਨੀਆਂ ਲਈ ਭਰਤੀ ਦਾ ਕੰਮ ਕਰਦੀ ਹਨ। ਉਹ ਦੱਸਦੇ ਹਨ ਕਿ ਵਾਸ਼ਿੰਗਟਨ ਡੀਸੀ ਦੀ ਇੱਕ ਕੰਪਨੀ ਵਿੱਚ ਨਿਕਲੀ ਨੌਕਰੀ ਨੂੰ ਲੈ ਉਨ੍ਹਾਂ ਨੂੰ ਬਹੁਤ ਸਾਰੇ ਸੁਪਨੇ ਦਿਖਾਏ ਗਏ ਸਨ।
ਗ੍ਰੇਗਸ ਕਹਿੰਦੇ ਹਨ, ‘‘ਮੈਨੂੰ ਕਿਹਾ ਗਿਆ ਕਿ ਇਸ ਫ਼ੀਲਡ ਵਿੱਚ ਤੁਹਾਡਾ ਬਹੁਤ ਨਾਮ ਹੈ। ਮੈਨੂੰ ਤਾਂ ਸਿੱਧਾ ਹੀ ਨੌਕਰੀ ਦਾ ਆਫ਼ਰ ਦੇ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਤੁਸੀਂ ਘਰੋਂ ਕੰਮ ਕਰ ਸਕਦੇ ਹੋ ਅਤੇ ਤੁਹਾਨੂੰ ਹੋਰ ਵੀ ਸਹੂਲਤਾਂ ਮਿਲਣਗੀਆਂ।’’
ਪਰ ਭਰਤੀ ਪ੍ਰਕਿਰਿਆ ਖ਼ਤਮ ਹੁੰਦੇ ਹੀ ਚੀਜ਼ਾਂ ਬਦਲ ਗਈਆਂ।
ਪਹਿਲੇ ਹੀ ਦਿਨ ਮੈਨੇਜਮੈਂਟ ਨੇ ਗ੍ਰੇਗਸ ਨੂੰ ਆਫ਼ਿਸ ਆਉਣ ਨੂੰ ਕਿਹਾ। ਜਦੋਂ ਉਹ ਦਫ਼ਤਰ ਪਹੁੰਚੇ ਤਾਂ ਕਿਸੇ ਨੇ ਉਨ੍ਹਾਂ ਦਾ ਸੁਆਗਤ ਨਹੀਂ ਕੀਤਾ, ਕਿਸੇ ਨੇ ਟੀਮ ਨਾਲ ਉਨ੍ਹਾਂ ਦੀ ਜਾਣ-ਪਛਾਣ ਨਹੀਂ ਕਰਵਾਈ। ਜਦੋਂ ਉਨ੍ਹਾਂ ਨੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਘਰੋਂ ਕੰਮ ਕਰਨ ਦਾ ਵਾਅਦਾ ਟੁੱਟ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਕੰਪਨੀ ਦੀ ਪਾਲਿਸੀ ਨਹੀਂ ਹੈ।
ਗ੍ਰੇਗਸ ਉੱਥੋਂ ਦੇ ਖ਼ਰਾਬ ਵਰਕ ਕਲਚਰ ਨੂੰ ਦੇਖਕੇ ਵੀ ਹੈਰਾਨ ਸਨ। ਦਫ਼ਤਰ ਵਿੱਚ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਨ੍ਹਾਂ ਦੇਖਿਆ ਕਿ ਇੱਕ ਭਰਤੀ ਲਈ ਅਪਾਹਜ ਉਮੀਦਵਾਰ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਅੱਠ ਦਿਨਾਂ ਬਾਅਦ ਹੀ ਨੌਕਰੀ ਛੱਡ ਦਿੱਤੀ।
ਮਨੋਬਲ ਉੱਤੇ ਅਸਰ

ਤਸਵੀਰ ਸਰੋਤ, Getty Images
ਕਰੀਅਰ ਕੋਚ ਸੇਲਿਮ ਕਹਿੰਦੇ ਹਨ ਕਿ ਇੱਕ ਮਸਲਾ ਹੋਰ ਵੀ ਹੈ। ਕੁਝ ਉਮੀਦਵਾਰ ਕੋਈ ਆਫ਼ਰ ਮਿਲਣ ਉੱਤੇ ਬਹੁਤ ਉਤਸ਼ਾਹਿਤ ਹੋ ਸਕਦੇ ਹਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ।
ਉਹ ਦੱਸਦੇ ਹਨ, ‘‘ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕੁਝ ਰਿਕਰੂਟਰ ਬਹੁਤ ਸਾਰੇ ਉਮੀਦਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਭਰਮ ਵਿੱਚ ਰੱਖਦੇ ਹਨ ਤਾਂ ਜੋ ਕੰਪਨੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਕਲਪ ਮਿਲ ਸਕਣ। ਅਜਿਹੇ ਵਿੱਚ ਜੇ ਉਹ ਕਿਸੇ ਨੂੰ ਕਹਿਣ ਕਿ ਤੁਸੀਂ ਭਰਤੀ ਪ੍ਰਕਿਰਿਆ ਵਿੱਚ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਨੌਕਰੀ ਮਿਲ ਹੀ ਜਾਵੇਗੀ।’’
ਕਰੀਅਰ ਕਾਊਂਸਲਰ ਪਰਵੀਨ ਮਲਹੋਤਰਾ ਇਸ ਦਾ ਇੱਕ ਹੋਰ ਕਾਰਨ ਵੀ ਦੱਸਦੇ ਹਨ।
ਉਹ ਕਹਿੰਦੇ ਹਨ, ‘‘ਆਮ ਤੌਰ ਉੱਤੇ ਅਜਿਹੀ ਨੌਕਰੀਆਂ ਘੱਟ ਅਤੇ ਉਮੀਦਵਾਰ ਜ਼ਿਆਦਾ ਹੋਣ ਕਾਰਨ ਹੁੰਦਾ ਹੈ। ਪਰ ਕਈ ਵਾਰ ਅਜਿਹੀ ਵੀ ਦੇਖਣ ਨੂੰ ਮਿਲਦਾ ਹੈ ਕਿ ਕੰਪਨੀ ਨੇ ਪਹਿਲਾਂ ਤੋਂ ਹੀ ਤੈਅ ਕੀਤਾ ਹੁੰਦਾ ਹੈ ਕਿ ਕਿਸ ਅਹੁਦੇ ਉੱਤੇ ਕਿਸ ਨੂੰ ਰੱਖਣਾ ਹੈ। ਪਾਰਦਰਸ਼ੀ ਦਿਖਣ ਲਈ ਉਹ ਇਸ਼ਤਿਹਾਰ ਜਾਰੀ ਕਰ ਦਿੰਦੇ ਹਨ ਅਤੇ ਭਰਤੀ ਪ੍ਰਕਿਰਿਆ ਦਾ ਦਿਖਾਵਾ ਕਰਦੇ ਹਨ।’’
ਪਰ ਅਜਿਹਾ ਕਰਨਾ ਨਾ ਸਿਰਫ਼ ਕਿਸੇ ਉਮੀਦਵਾਰ ਦਾ ਮਨੋਬਲ ਤੋੜ ਸਕਦਾ ਹੈ ਸਗੋਂ ਉਸ ਦਾ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਹੋ ਸਕਦਾ ਹੈ ਕਿ ਉਸ ਨੇ ਕਿਸੇ ਹੋਰ ਕੰਪਨੀ ਦਾ ਜੌਬ ਆਫ਼ਰ ਉਸ ਲਵ ਬੌਂਬਿੰਗ ਕਰਕੇ ਨੌਕਰੀ ਨਾ ਦੇਣ ਵਾਲੀ ਕੰਪਨੀ ਦੇ ਆਫ਼ਰ ਲਈ ਠੁਕਰਾ ਦਿੱਤਾ ਹੋਵੇ।
ਬਚਿਆ ਕਿਵੇਂ ਜਾਵੇ?

ਤਸਵੀਰ ਸਰੋਤ, Getty Images
ਕੋਈ ਰਿਕਰੂਟਰ ਕਿਵੇਂ ਕਿਸੇ ਨੌਕਰੀ ਲੱਭਣ ਵਾਲੇ ਨਾਲ ਪੇਸ਼ ਆਉਂਦਾ ਹੈ, ਇਸ ਦਾ ਤਰੀਕਾ ਬਦਲ ਸਕਣਾ ਤਾਂ ਔਖਾ ਹੈ। ਪਰ ਜਦੋਂ ਤੁਹਾਨੂੰ ਪਤਾ ਹੈ ਕਿ ਲਵ ਬੌਂਬਿੰਗ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ ਤਾਂ ਸਾਵਧਾਨ ਹੋ ਜਾਣਾ ਚਾਹੀਦਾ।
ਸੈਨ ਫ੍ਰੈਂਸਿਸਕੋ ਵਿੱਚ ਕਰੀਅਰ ਕੋਟ ਸੈਮਾਰਨ ਸੇਲਿਮ ਕਹਿੰਦੇ ਹਨ, ‘‘ਉਮੀਦਵਾਰਾਂ ਨੂੰ ਇਸ਼ਾਰਿਆਂ ਨੂੰ ਫੜ੍ਹਨਾ ਚਾਹੀਦਾ ਹੈ। ਭਰਤੀ ਕਰਦੇ ਸਮੇਂ ਉਮੀਦਵਾਰ ਦੇ ਤਜਰਬੇ ਅਤੇ ਹੁਨਰ ਦੀ ਤਾਰੀਫ਼ ਕਰਨਾ ਅਸਾਧਾਰਨ ਨਹੀਂ ਹੈ। ਉਂਝ ਵੀ ਨੌਕਰੀ ਦੀ ਪੇਸ਼ਕਸ਼ ਕਰਦੇ ਸਮੇਂ ਸਾਹਮਣੇ ਵਾਲੇ ਨੂੰ ਅਹਿਮੀਅਤ ਦੇਣਾ ਜ਼ਰੂਰੀ ਹੁੰਦਾ ਹੈ। ਪਰ ਉਮੀਦਵਾਰਾਂ ਨੂੰ ਉਦੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ ਜਦੋਂ ਸਾਹਮਣਿਓਂ ਬਹੁਤ ਵਧਾ-ਚੜ੍ਹਾ ਕੇ ਗੱਲਾਂ ਕੀਤੀਆਂ ਜਾ ਰਹੀਆਂ ਹੋਣ ਜਾਂ ਫ਼ਿਰ ਪਾਰਦਰਸ਼ੀਤਾ ਨਾ ਅਪਣਾਈ ਜਾ ਰਹੀ ਹੋਵੇ।’’
ਕਰੀਅਰ ਕਾਊਂਸਲਰ ਪਰਵੀਨ ਮਲਹੋਤਰਾ ਮੁਤਾਬਕ, ‘‘ਕਿਹਾ ਜਾਂਦਾ ਹੈ ਕਿ ਖਰੀਦਦਾਰੀ ਕਰਦੇ ਸਮੇਂ ਖਰੀਰਦਦਾਰ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਹੀ ਸਿਧਾਂਤ ਨੌਕਰੀ ਲੱਭਣ ਦੇ ਮਾਮਲੇ ਵਿੱਚ ਵੀ ਲਾਗੂ ਹੁੰਦਾ ਹੈ।’’
ਉਹ ਕਹਿੰਦੇ ਹਨ, ‘‘ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਕੰਪਨੀ ਜੋ ਵਾਅਦੇ ਕਰਦੀ ਹੈ, ਕਰਮਚਾਰੀਆਂ ਨੂੰ ਉਸ ਦਾ ਅੱਧਾ ਵੀ ਨਹੀਂ ਮਿਲਦਾ। ਅਜਿਹੇ ਵਿੱਚ ਇਹ ਜ਼ਿੰਮੇਵਾਰੀ ਉਮੀਦਵਾਰਾਂ ਉੱਤੇ ਆ ਜਾਂਦਾ ਹੈ ਕਿ ਉਹ ਕੰਪਨੀ ਬਾਰੇ ਜਾਣਕਾਰੀ ਇਕੱਠੀ ਕਰਨ। ਪਹਿਲਾਂ ਤਾਂ ਇਹ ਕੰਮ ਔਖਾ ਸੀ ਪਰ ਹੁਣ ਬਹੁਤ ਸਾਰੇ ਕਰਮਚਾਰੀ ਕੰਰਨੀ ਛੱਡਣ ਤੋਂ ਬਾਅਦ ਉਸ ਬਾਰੇ ਆਨਲਾਈਨ ਰਿਵੀਊ ਪਾਉਂਦੇ ਹਨ। ਅਜਿਹੇ ਵਿੱਚ ਇਹ ਆਨਲਾਈਨ ਪਤਾ ਕੀਤਾ ਜਾ ਸਕਦਾ ਹੈ ਕਿ ਕਿਸ ਕੰਪਨੀ ਵਿੱਚ ਕਿਵੇਂ ਦਾ ਮਾਹੌਲ ਹੈ, ਉਸ ਦੀਆਂ ਨੀਤੀਆਂ ਕੀ ਹਨ ਅਤੇ ਉਹ ਕਿੰਨੇ ਪਾਣੀ ਵਿੱਚ ਹੈ।’’
ਕਹਿਣ ਤੋਂ ਭਾਵ ਇਹ ਹੈ ਕਿ ਲਵ ਬੌਂਬਿੰਗ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ – ਸਾਵਧਾਨੀ ਵਰਤਣਾ।













