ਕਿਸਾਨ ਅੰਦੋਲਨ: ਤੀਜੇ ਗੇੜ ਦੀ 6 ਘੰਟੇ ਲੰਬੀ ਗੱਲਬਾਤ ਦੌਰਾਨ ਕੀ- ਕੀ ਹੋਇਆ ਤੇ ਹੁਣ ਅੱਗੇ ਕੀ ਹੋਵੇਗਾ

ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਤੀਜਾ ਗੇੜ ਵੀਰਵਾਰ ਰਾਤੀਂ ਕਰੀਬ ਡੇਢ ਵਜੇ ਖ਼ਤਮ ਹੋਇਆ।

ਚੰਡੀਗੜ੍ਹ ਦੇ ਸੈਕਟਰ 26 ਵਿਚਲੇ ਮਹਾਤਮਾ ਗਾਂਧੀ ਇੰਸਟੀਚਿਊਟ ਵਿੱਚ 6 ਘੰਟਿਆਂ ਤੋਂ ਵੱਧ ਸਮਾਂ ਚੱਲੀ ਇਸ ਗੱਲਬਾਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਸਾਰਥਕ ਗੱਲਬਾਤ ਦੱਸਿਆ ਹੈ।

ਐੱਮਐੱਸਪੀ, ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਤੇ ਕਿਸਾਨਾਂ ਦੇ ਕਰਜ਼ੇ ਸਣੇ ਸਾਰੀਆਂ ਮੰਗਾਂ ਉੱਤੇ ਚਰਚਾ ਹੋਈ ਹੈ। ਇਨ੍ਹਾਂ ਉੱਤੇ ਜੋ ਚਰਚਾ ਦੀ ਲੋੜ ਸੀ। ਹੁਣ ਕੇਂਦਰੀ ਮੰਤਰੀ ਸਰਕਾਰ ਨਾਲ ਚਰਚਾ ਕਰਕੇ ਐਤਵਾਰ ਨੂੰ ਮੁੜ ਗੱਲਬਾਤ ਲਈ ਆਉਂਣਗੇ।

ਸਰਕਾਰ ਇਸ ਉੱਤੇ ਪੇਪਰ ਵਰਕ ਕਰਕੇ ਐਤਵਾਰ ਨੂੰ ਨਤੀਜਾ ਕੱਢ ਕੇ ਪ੍ਰਸਤਾਵ ਨਾਲ ਆਵੇਗੀ। ਇਸ ਦੌਰਾਨ ਚੋਣਾਂ ਲਈ ਲੱਗਣ ਵਾਲੇ ਕੋਡ ਆਫ਼ ਕੰਡਕਟ ਦੀ ਵੀ ਚਰਚਾ ਹੋਈ ਹੈ।

ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ, ‘‘ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ, ਸੀ ਪਲੱਸ 2 ਦੀ ਸਿਫਾਰਿਸ਼ ਤੇ ਕਿਸਾਨਾਂ ਦੇ ਕਰਜ਼ੇ ਵਰਗੇ ਅਹਿਮ ਮੁੱਦਿਆਂ ਉੱਤੇ ਬੈਠਕ ਦੌਰਾਨ ਕਿਸਾਨਾਂ ਉੱਤੇ ਸ਼ੈਲਿੰਗ ਹੋਈ, ਉਸ ਦੇ ਸਬੂਤ ਦਿੱਤੇ ਅਤੇ ਗਰਮਾ-ਗਰਮੀ ਵੀ ਹੋਈ। ਅਸੀਂ ਸੁਖਦ ਹੱਲ ਚਾਹੁੰਦੇ ਹਾਂ। ਅਸੀਂ ਸਾਥੀ ਜਥੇਬੰਦੀਆਂ ਨਾਲ ਅੱਜ ਦੀ ਗੱਲਬਾਤ ਸਾਂਝੀ ਕਰਾਂਗੇ।’’

‘‘ਜਦੋਂ ਗੱਲਬਾਤ ਚੱਲ ਰਹੀ ਹੈ ਤਾਂ ਇਸ ਦੇ ਨਤੀਜੇ ਬਾਰੇ ਨਹੀਂ ਕਿਹਾ ਜਾ ਸਕਦਾ, ਪਰ ਅਹਿਮ ਮੁੱਦਿਆਂ ਉੱਤੇ ਗੰਭੀਰ ਤੇ ਭਰਪੂਰ ਚਰਚਾ ਹੋਵੇਗੀ। ਜੋ ਗੱਲਬਾਤ ਹੋਈ ਜੇ ਉਸ ਉੱਤੇ ਅਮਲ ਹੋ ਗਿਆ ਤਾਂ ਗੱਲਬਾਤ ਅੱਗੇ ਵਧੇਗੀ।’’

ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਨੇ ਕੀ ਕਿਹਾ

ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਲੰਬੀ ਚੌੜੀ ਗੱਲਬਾਤ ਹੋਈ ਹੈ, ਇਸ ਤੀਜੀ ਬੈਠਕ ਦੌਰਾਨ, ਮੈਂ ਪੰਜਾਬ ਦੇ ਮੁਖੀ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਹੱਕ ਵਿੱਚ ਆਇਆ ਹਾਂ। ਇਹ ਗੱਲਬਾਤ ਬਹੁਤ ਦੀ ਗੰਭੀਰ ਮੁੱਦਿਆਂ ਉੱਤੇ ਸਾਰਥਕ ਢੰਗ ਨਾਲ ਹੋਈ ਹੈ।’’

ਮੁੱਖ ਮਤੰਰੀ ਨੇ ਕਿਹਾ ਕਿ ਉਨ੍ਹਾਂ ਪੰਜਾਬ ਨਾਲ ਸਬੰਧਤ ਪਟਿਆਲਾ, ਸੰਗਰੂਰ ਤੇ ਫਤਹਿਗੜ੍ਹ ਜ਼ਿਲ੍ਹਿਆਂ ਵਿੱਚ ਕੇਂਦਰ ਨੇ ਜੋ ਇੰਟਰਨੈੱਟ ਬੰਦ ਕਰਵਾਇਆ, ਉਸ ਦਾ ਸਖ਼ਤ ਵਿਰੋਧ ਕੀਤਾ। ਮੁੱਖ ਮੰਤਰੀ ਨੇ ਪੰਜਾਬ ਦੇ ਖੇਤਰ ਵਿੱਚ ਕਿਸਾਨਾਂ ਉੱਤੇ ਬਰਸਾਏ ਜਾ ਰਹੇ ਹੰਝੂ ਗੈਸ ਦੇ ਗੋਲ਼ਿਆ ਉੱਤੇ ਵੀ ਆਪਣਾ ਰੋਸ ਜਾਹਰ ਕੀਤਾ। ਕੇਂਦਰ ਨੂੰ ਕਿਹਾ ਗਿਆ ਕਿ ਉਹ ਹਰਿਆਣਾ ਸਰਕਾਰ ਨੂੰ ਕਾਬੂ ਵਿੱਚ ਰੱਖੇ।

ਗੱਲਬਾਤ ਦੌਰਾਨ ਕਿਸਾਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਡ ਬੰਦ ਕਰਨ ਅਤੇ ਪੰਜਾਬ ਹਰਿਆਣਾ ਬਾਰਡਰ ਉੱਤੇ ਬੈਠਿਆਂ, ਕਿਸਾਨਾਂ ਉੱਤੇ ਜੋ ਹੰਝੂ ਗੈਸ ਦੇ ਗੋਲੇ ਤੇ ਘਾਤਕ ਸ਼ੈੱਲ ਸੁੱਟੇ ਗਏ ਹਨ, ਉਹ ਵੀ ਕੇਂਦਰੀ ਮੰਤਰੀਆਂ ਨੂੰ ਬੈਠਕ ਵਿੱਚ ਦਿਖਾਏ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਫੀ ਵਿਸ਼ਿਆਂ ਉੱਤੇ ਸਹਿਮਤੀ ਬਣੀ ਹੈ, ਅਤੇ ਅਜੇ ਕੁਝ ਉੱਤੇ ਗੱਲਬਾਤ ਜਾਰੀ ਹੈ। ਜਿਸ ਲਈ ਅਗਲਾ ਗੇੜ ਐਤਵਾਰ ਨੂੰ ਸ਼ਾਮੀ 6 ਵਜੇ ਚੰਡੀਗੜ੍ਹ ਵਿੱਚ ਹੀ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਜ਼ਾਬਤੇ ਵਿੱਚ ਰੱਖਣ ਲਈ ਕਿਹਾ ਗਿਆ ਹੈ। ਕਿਸਾਨਾਂ ਨੇ ਪਹਿਲਾਂ ਹੀ ਸ਼ਾਂਤ ਰਹਿਣ ਦਾ ਐਲਾਨ ਕਰ ਦਿੱਤਾ ਹੈ।

ਭਗਵੰਤ ਮਾਨ ਨੇ ਕਿਹਾ, ‘‘ਪੰਜਾਬ ਨਾਲ ਸਬੰਧਤ ਹਰ ਵਿਸ਼ੇ ਦਾ ਫੌਰੀ ਹੱਲ ਮੈਂ ਕਰਾਂਗਾ ਅਤੇ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਪੰਜਾਬ ਦੇ ਖੇਤਰ ਦੀ ਉਲੰਘਣਾ ਨਾ ਕਰੇ।

ਮੈਂ ਕਿਸਾਨਾਂ ਦੇ ਨਾਲ ਹਾਂ ਪਰ ਸੂਬੇ ਦਾ ਕਸਟੋਡੀਅਨ ਸਾਰੇ ਲੋਕਾਂ ਦੇ ਹਿੱਤ ਵੀ ਅਸੀ ਦੇਖਣੇ ਹਨ। ਕੇਂਦਰ ਤੇ ਕਿਸਾਨਾਂ ਨੇ ਭਰੋਸਾ ਦੁਆਇਆ ਹੈ ਕਿ ਅੰਦੋਲਨ ਸ਼ਾਂਤਮਈ ਚੱਲੇ ਅਤੇ ਐਤਵਾਰ ਗੱਲਬਾਤ ਹੋਵੇਗੀ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੀ 12-13 ਮੰਗਾਂ ਉੱਤੇ ਗੱਲਬਾਤ ਹੋਈ ਹੈ। ਜਿਹੜੇ ਫੌਰੀ ਹੱਲ ਕਰਨ ਵਾਲੇ ਹਨ, ਉਨ੍ਹਾਂ ਉੱਤੇ ਤੁਰੰਤ ਕਾਰਵਾਈ ਹੋਵੇਗੀ ਬਾਕੀਆਂ ਉੱਤੇ ਐਤਵਾਰ ਨੂੰ ਚਰਚਾ ਚੱਲੇਗੀ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਕਰੀਬ 6 ਘੰਟੇ ਬੈਠਕ ਕਾਫ਼ੀ ਸਾਰਥਕ ਰਹੀ ਹੈ ਅਤੇ ਗੱਲਬਾਤ ਦਾ ਅਗਲਾ ਗੇੜ 6 ਤਾਰੀਕ ਐਤਵਾਰ ਨੂੰ ਚੰਡੀਗੜ੍ਹ ਵਿੱਚ ਹੀ ਹੋਵੇਗਾ।

ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵਿੱਚ ਰੇਲ ਰੋਕਣ ਅਤੇ ਟੋਲ ਪਲਾਜ਼ੇ ਫਰੀ ਕਰਨ ਦਾ ਐਲਾਨ ਕੀਤਾ ਗਿਆ ਸੀ।

ਇਸ ਸੰਬੰਧ ਵਿੱਚ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਤੇ ਪ੍ਰਦੀਪ ਸ਼ਰਮਾ ਮੁਤਾਬਕ ਵੀਰਵਾਰ ਨੂੰ ਹੇਠ ਲਿਖੇ ਟੋਲ ਪਲਾਜ਼ੇ ਕਿਸਾਨ ਜਥੇਬੰਦੀਆਂ ਵੱਲੋਂ ਪਰਚੀ ਮੁਕਤ ਕੀਤੇ ਗਏ —

  • ਅੰਮ੍ਰਿਤਸਰ - ਪਠਾਨਕੋਟ ਹਾਈਵੇ ਤੇ ਸਥਿਤ ਕੱਥੂਨੰਗਲ ਟੋਲ ਪਲਾਜ਼ਾ
  • ਜੰਮੂ ਦਿੱਲੀ ਹਾਈਵੇ ਤੇ ਚੋਲਾਂਗ ਟੌਲ ਪਲਾਜ਼ਾ
  • ਲਾਡੋਵਾਲ ਟੋਲ ਪਲਾਜ਼ਾ
  • ਪਟਿਆਲਾ ਨਜਦੀਕ ਰਾਜਪੁਰਾ ਵਿਖੇ ਟੋਲ ਪਲਾਜਾ

ਕਿਸਾਨ ਧਰਨਿਆਂ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਚਾਚਾ ਸਰਦਾਰ ਅਜੀਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਝੰਡੀਆਂ ਵੀ ਫੜੀਆਂ ਹੋਈਆਂ ਹਨ।

ਸੁਨਾਮ ਦੇ ਰੇਲਵੇ ਸਟੇਸ਼ਨ ਉੱਤੇ ਤੇ ਭਾਰਤੀ ਕਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ 400-500 ਕਿਸਾਨਾਂ ਨੇ ਰੇਲ ਦੀਆਂ ਪਟੜੀਆਂ ਨੂੰ ਘੇਰਿਆ।

ਉਨ੍ਹਾਂ ਦੇ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਨੇ ਵੀ ਮੌਜੂਦਗੀ ਦਰਜ ਕਰਵਾਈ।

ਉਗਰਾਹਾਂ ਜਥੇਬੰਦੀ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਜੋ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਹਮਲੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਅੱਠ ਥਾਵਾਂ ਉੱਤੇ ਇਹ ਮੁਜ਼ਾਹਰੇ ਕੀਤੇ ਗਏ ਹਨ।

ਕਈ ਆਗੂਆਂ ਦੇ ਐਕਸ ਅਕਾਊਂਟ ਬੰਦ

"ਮੈਂ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਕਿਸਾਨਾਂ ਦੀ ਮੀਟਿੰਗ ਵਿੱਚ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਐਕਸ (X) ਹੈਂਡਲ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ) 'ਤੇ ਪਾਬੰਦੀ ਲਗਾ ਦਿੱਤੀ ਹੈ", ਇਹ ਸ਼ਬਦ ਹਨ ਹਰਿਆਣਾ ਦੇ ਕਿਸਾਨ ਕਾਰਕੁਨ ਰਮਨਦੀਪ ਸਿੰਘ ਮਾਨ ਦੇ।

ਰਮਨਦੀਪ ਸਿੰਘ ਨੇ ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਜੱਸੋਵਾਲ ਨੂੰ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਕੇਂਦਰੀ ਕੈਬਨਿਟ ਮੰਤਰੀ ਪਿਊਸ਼ ਗੋਇਲ ਨੂੰ ਮੀਟਿੰਗ ਦੌਰਾਨ ਆਪਣੇ ਐਕਸ ਖਾਤੇ ਬੰਦ ਹੋਣ ਬਾਰੇ ਸੂਚਿਤ ਕੀਤਾ।

ਮੰਤਰੀ ਨੇ ਜਵਾਬ ਦਿੱਤਾ ਸੀ ਕਿ ਕਿਸੇ ਵੀ ਐਕਸ ਖਾਤੇ 'ਤੇ ਪਾਬੰਦੀ ਲਗਾਉਣ 'ਚ ਕੇਂਦਰ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ।

ਰਮਨਦੀਪ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਮੀਟਿੰਗ ਵਿੱਚ ਮੌਜੂਦ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੁੱਛਿਆ ਕਿ ਕੀ ਪੰਜਾਬ ਪੁਲਿਸ ਨੇ ਸਾਡੇ ਐਕਸ ਹੈਂਡਲ 'ਤੇ ਪਾਬੰਦੀ ਲਗਾਈ ਹੈ ਪਰ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਪੁਲਿਸ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ।

ਰਮਨਦੀਪ ਸਿੰਘ ਹੀ ਪ੍ਰਭਾਵਿਤ ਵਿਅਕਤੀ ਨਹੀਂ ਹਨ, ਦਰਜਨ ਦੇ ਕਰੀਬ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੇ ਐਕਸ ਹੈਂਡਲ 'ਤੇ ਰੋਕ ਲੱਗੀ ਹੈ।

ਰਮਨਦੀਪ ਸਿੰਘ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਹੁਰਾਂ ਦੇ ਐਕਸ ਹੈਂਡਲ ਵੀ ਬੰਦ ਹੋ ਗਏ ਹਨ।

ਕਈਆਂ ਦੇ ਅਕਾਊਂਟਸ 'ਤੇ ਪੋਸਟਾਂ ਨਜ਼ਰ ਨਹੀਂ ਆ ਰਹੀਆਂ ਸਨ ਤਾਂ ਕਈਆਂ 'ਤੇ ਵਿਡਹੈਲਡ ਲਿਖਿਆ ਆ ਰਿਹਾ ਸੀ।

ਜਦੋਂ ਬੀਬੀਸੀ ਨਿਊਜ਼ ਨੇ ਐਕਸ 'ਤੇ ਇਨ੍ਹਾਂ ਵਿਅਕਤੀਆਂ ਦੇ ਖਾਤਿਆਂ ਦੀ ਜਾਂਚ ਕੀਤੀ, ਤਾਂ ਉਨ੍ਹਾਂ ਦੀ ਸਕ੍ਰੀਨ 'ਤੇ ਇੱਕ ਸੁਨੇਹਾ ਦੇਖਿਆ ਕਿ, "ਪੋਸਟਾਂ ਇਸ ਵੇਲੇ ਲੋਡ ਨਹੀਂ ਹੋ ਰਹੀਆਂ ਹਨ।" ਕਿਸਾਨਾਂ ਦੇ ਸੋਸ਼ਲ ਮੀਡੀਆ ਖਾਤੇ 13 ਫਰਵਰੀ ਤੋਂ ਇੱਕ ਦਿਨ ਪਹਿਲਾਂ ਬੰਦ ਹੋ ਗਏ ਸਨ।

ਕਿਸਾਨ ਧਰਨੇ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਸਾਂਝੇ ਤੌਰ ’ਤੇ ਦਿੱਤਾ ਗਿਆ।

ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿਚ 15 ਫਰਵਰੀ ਤੱਕ ਇੰਟਰਨੈੱਟ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ, ਹਰਿਆਣਾ ਪੁਲਿਸ ਨੇ ਪਟਿਆਲਾ ਵਾਲੇ ਪਾਸੇ ਤੋਂ ਪੰਜਾਬ-ਹਰਿਆਣਾ ਸ਼ੰਭੂ ਸਰਹੱਦ 'ਤੇ ਬਹੁ-ਪੱਧਰੀ ਨਾਕਾਬੰਦੀਆਂ ਰਾਹੀਂ ਕਿਸਾਨਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ।

ਸਾਲ 2020 ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ, ਕਾਰਕੁੰਨਾਂ, ਪੰਜਾਬੀ ਗਾਇਕਾਂ ਅਤੇ ਕਿਸਾਨ ਆਗੂਆਂ ਦੇ ਬਹੁਤ ਸਾਰੇ ਭਾਰਤੀ ਟਵਿੱਟਰ ਖਾਤਿਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ, ਹਾਲਾਂਕਿ ਬਾਅਦ ਵਿੱਚ, ਪਾਬੰਦੀ ਹਟਾ ਦਿੱਤੀ ਗਈ ਸੀ।

ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ, ਬੀਕੇਯੂ (ਸ਼ਹੀਦ ਭਗਤ ਸਿੰਘ) ਦੇ ਬੁਲਾਰੇ ਤੇਜਵੀਰ ਸਿੰਘ ਅੰਬਾਲਾ, ਕਿਸਾਨ ਆਗੂ ਰਮਨਦੀਪ ਸਿੰਘ ਮਾਨ ਅਤੇ ਹੋਰਾਂ ਦੇ ਐਕਸ ਖਾਤਿਆਂ 'ਤੇ ਰੋਕ ਲੱਗੀ ਹੈ।

ਇਸ ਤੋਂ ਇਲਾਵਾ ਪੱਤਰਕਾਰ ਮਨਦੀਪ ਪੂਨੀਆ ਦੇ ਸੋਸ਼ਲ ਮੀਡਿਆ ਖਾਤਿਆਂ 'ਤੇ ਰੋਕ ਲੱਗੀ ਹੈ। ਮਨਦੀਪ ਪੂਨੀਆ ਆਪਣਾ ਚੈਨਲ 'ਗਾਓਂ ਸਵੇਰਾ' ਚਲਾਉਂਦੇ ਹਨ।

ਰਮਨਦੀਪ ਨੇ ਕਿਹਾ ਕਿ ਇਹ ਕਿਸਾਨਾਂ 'ਤੇ ਦਬਾਅ ਬਣਾਉਣ ਦੀ ਸਪੱਸ਼ਟ ਕੋਸ਼ਿਸ਼ ਹੈ।

ਉਹ ਕਹਿੰਦੇ ਹਨ, “ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਤਾਕਤ ਤੋਂ ਡਰਦੀ ਹੈ, ਜਿਸ ਨੂੰ ਉਹ 2020 ਦੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਪਹਿਲਾਂ ਹੀ ਦੇਖ ਚੁੱਕੇ ਹਨ।"

"ਉਹ ਜੋ ਵੀ ਚਾਹੁੰਦੇ ਹਨ ਕੋਸ਼ਿਸ਼ ਕਰਨ ਦਿਓ, ਕਿਸਾਨ ਇੱਕਜੁੱਟ ਹਨ ਅਤੇ ਉਨ੍ਹਾਂ ਦੇ ਉਦੇਸ਼ ਲਈ ਵਚਨਬੱਧ ਹਨ।”

ਹੁਣ ਤੱਕ ਰੋਕੇ ਗਏ ਐਕਸ ਆਕਊਂਟਸ ਬਾਰੇ ਕੇਂਦਰ ਸਰਕਾਰ ਜਾਂ ਕਿਸੇ ਸੂਬਾ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਐਕਸ ਮੁਤਾਬਕ ਅਕਾਉਂਟ ਵਿਦਹੈੱਲਡ ਕੀ ਹੁੰਦਾ ਹੈ?

ਐਕਸ ਦੇ ਹੈਲਪ ਸੈਂਟਰ ਮੁਤਾਬਕ, “ਜ਼ਿਆਦਾਤਰ ਦੇਸ਼ਾਂ ਦੇ ਟਵਿੱਟਰ ਅਕਾਉਂਟ ਦੇ ਕੰਟੈਂਟ ਅਤੇ ਟਵੀਟ ਨੂੰ ਲੈ ਕੇ ਕੁਝ ਨਿਯਮ ਹੁੰਦੇ ਹਨ। ਜੇਕਰ ਸਾਨੂੰ ਅਧਾਕਾਰਿਤ ਵਿਭਾਗ ਵੱਲੋਂ ਕਿਸੇ ਕੰਟੈਂਟ ਜਾਂ ਅਕਾਉਂਟ ਨੂੰ ਲੈ ਕੇ ਕੋਈ ਸ਼ਿਕਾਇਤ ਮਿਲਗੀ ਹੈ ਤਾਂ ਅਕਾਉਂਟ ਵਿਦਹੈੱਲਡ ਕਰ ਲਿਆ ਜਾਂਦਾ ਹੈ।”

“ਅਜਿਹੀ ਕਾਰਵਾਈ ਉਸ ਦੇਸ਼ ਜਾਂ ਸੂਬੇ ਤੱਕ ਹੀ ਸੀਮਿਤ ਹੁੰਦੀ ਹੈ ਜਿੱਥੇ ਦੀ ਸਰਕਾਰ ਅਜਿਹੀ ਸ਼ਿਕਾਇਤ ਦਰਜ ਕਰਵਾਉਂਦੀ ਹੈ।”

ਐਕਸ ਮੁਤਾਬਕ, “ਪ੍ਰਗਟਾਵੇ ਦੀ ਆਜ਼ਾਦੀ ਲਈ ਪਾਰਦਰਸ਼ਿਤਾ ਬਹੁਤ ਜ਼ਰੂਰੀ ਹੈ। ਇਸ ਲਈ ਰੋਕੇ ਗਏ ਕੰਟੈਂਟ ਜਾਂ ਅਕਾਉਂਟ ਲਈ ਨੋਟਿਸ ਪਾਲਿਸੀ ਵੀ ਹੈ। ਜਦੋਂ ਹੀ ਸਾਨੂੰ ਅਕਾਉਂਟ ਵਿਦਹੈਲਡ ਕਰਨ ਦੀ ਸ਼ਿਕਾਇਤ ਮਿਲਦੀ ਹੈ, ਅਸੀਂ ਯੂਜ਼ਰ ਨੂੰ ਸੂਚਿਤ ਕਰਦੇ ਹਾਂ (ਅਦਾਲਤ ਵੱਲੋਂ ਨਿਰਦੇਸ਼ ਮਿਲਣ ਉੱਤੇ, ਹੋ ਸਕਦਾ ਹੈ ਕਿ ਸੂਚਿਤ ਨਾ ਕੀਤਾ ਜਾਵੇ।)

ਪੰਜਾਬੀ ਗਾਇਕਾਂ ਵੱਲੋਂ ਵੀ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਸ਼ੁਰੂ

ਵੱਖ-ਵੱਖ ਪੰਜਾਬੀ ਗਾਇਕਾਂ ਨੇ ਕਿਸਾਨ ਧਰਨੇ ਨੂੰ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ ਹੈ।

2020 ਦੇ ਕਿਸਾਨ-ਪ੍ਰਦਰਸ਼ਨ ਦੌਰਾਨ, ਦਿਲਜੀਤ ਦੋਸਾਂਝ, ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਹੋਰਾਂ ਸਮੇਤ ਜ਼ਿਆਦਾਤਰ ਪੰਜਾਬੀ ਗਾਇਕਾਂ ਨੇ ਆਪਣਾ ਸਮਰਥਨ ਦਿੱਤਾ ਅਤੇ ਕਿਸਾਨਾਂ ਦੇ ਹੱਕ ਵਿੱਚ ਦਰਜਨਾਂ ਪੰਜਾਬੀ ਗੀਤ ਗਾਏ ਸਨ।

ਖ਼ਾਸ ਤੌਰ 'ਤੇ 'ਕਿਸਾਨ ਐਂਥਮ' ਗੀਤ ਨੂੰ ਸਭ ਤੋਂ ਵੱਧ ਮਕਬੂਲ ਹੋਇਆ ਸੀ।

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਸ ਸਾਲ 12 ਫਰਵਰੀ ਨੂੰ "ਫਾਰਮਰ ਪ੍ਰੋਟੈਸਟ 2.0" ਨਾਮ ਦਾ ਆਪਣਾ ਗੀਤ ਰਿਲੀਜ਼ ਕੀਤਾ ਅਤੇ ਉਹ ਸ਼ੰਭੂ ਬਾਰਡਰ 'ਤੇ ਵੀ ਮੌਜੂਦ ਰਹੇ।

ਬਾਅਦ ਵਿੱਚ ਪੰਜਾਬੀ ਗਾਇਕ ਜੱਸ ਬਾਜਵਾ, ਨਿਮਰਤ ਖਹਿਰਾ, ਨਵ ਇੰਦਰ ਅਤੇ ਹਰਫ ਚੀਮਾ ਸਮੇਤ ਹੋਰ ਪੰਜਾਬੀ ਗਾਇਕਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਦੀਆਂ ਵੀਡੀਓ ਪੋਸਟ ਕੀਤੀਆਂ।

2020 ਵਿੱਚ ਵਿਰੋਧ ਦੇ ਪੰਜਾਬੀ ਗੀਤਾਂ ਨੇ ਦਿੱਲੀ ਬਾਰਡਰ 'ਤੇ ਕਿਸਾਨੀ ਲਹਿਰ ਦਾ ਝੰਡਾ ਬੁਲੰਦ ਰੱਖਿਆ ਸੀ। ਸਿੰਘੂ ਅਤੇ ਟਿੱਕਰੀ ਦੇ ਕੈਂਪਾਂ ਵਿੱਚ ਪੰਜਾਬੀ ਗੀਤਾਂ ਨੇ ਕਿਸਾਨਾਂ ਦਾ ਮਨੋਬਲ ਉੱਚਾ ਰੱਖਣ ਵਿੱਚ ਕਾਫੀ ਯੋਗਦਾਨ ਪਾਇਆ ਸੀ।

ਕਿਸਾਨ ਅੰਦੋਲਨ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ।

ਪੰਜਾਬੀ ਗਾਇਕ ਨਵ ਇੰਦਰ ਨੇ ਇੱਕ ਫੇਸਬੁੱਕ ਪੋਸਟ ਵਿੱਚ ਆਪਣੇ ਆਉਣ ਵਾਲੇ ਗੀਤ ਦੇ ਰਿਲੀਜ਼ ਹੋਣ ਬਾਰੇ 'ਇੱਕ ਮਹੱਤਵਪੂਰਨ ਅਪਡੇਟ' ਸਾਂਝਾ ਕਰਨ ਬਾਰੇ ਕਿਹਾ।

ਉਨ੍ਹਾਂ ਨੇ ਕਿਹਾ, "ਚੱਲ ਰਹੇ ਕਿਸਾਨ ਮੋਰਚੇ ਦੇ ਚਲਦਿਆਂ ਅਸੀਂ ਹੁਣ ਉਸ ਦੀ ਰਿਲੀਜ਼ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।"

ਉਨ੍ਹਾਂ ਅੱਗੇ ਲਿਖਿਆ,"ਅਸੀਂ ਕਿਸਾਨਾਂ ਅਤੇ ਉਨ੍ਹਾਂ ਦੇ ਮੁੱਦਿਆਂ ਨਾਲ ਇਕਮੁੱਠ ਹਾਂ। ਸਾਡਾ ਮੰਨਣਾ ਹੈ ਕਿ ਉਨ੍ਹਾਂ ਦਾ ਸਾਹਮਣਾ ਕਰ ਰਹੇ ਮੁੱਦਿਆਂ ਦੀ ਹਮਾਇਤ ਕਰਨਾ ਅਤੇ ਉਨ੍ਹਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ।"

ਅੱਥਰੂ ਗੈਸ ਲਈ ਡਰੋਨ ਦੀ ਵਰਤੋਂ

ਹਰਿਆਣਾ ਪੁਲਿਸ ਨੇ ਪੰਜਾਬ ਦੇ ਸ਼ੰਭੂ ਸਰਹੱਦ 'ਤੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਚਲਾਉਣ ਲਈ ਡਰੋਨ ਦੀ ਵਰਤੋਂ ਕੀਤੀ ਜਦੋਂ ਕਿਸਾਨ ਹਰਿਆਣਾ ਵਿੱਚ ਦਾਖਲ ਹੋਣ ਲਈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ।

ਦਿ ਹਿੰਦੂ ਦੀ ਰਿਪੋਰਟ ਦੇ ਅਨੁਸਾਰ, ਹਰਿਆਣਾ ਪੁਲਿਸ ਭਾਰਤ ਦੀ ਪਹਿਲੀ ਪੁਲਿਸ ਫੋਰਸ ਬਣ ਗਈ ਹੈ ਜਿਸ ਨੇ ਅੱਥਰੂ ਗੈਸ ਗੋਲੇ ਚਲਾਉਣ ਲਈ ਡਰੋਨ ਦੀ ਵਰਤੋਂ ਕੀਤੀ ਹੈ।

ਹਰਿਆਣਾ ਪੁਲਿਸ ਨੇ ਮੰਗਲਵਾਰ ਨੂੰ ਪੰਜਾਬ-ਹਰਿਆਣਾ ਸੀਮਾ 'ਤੇ ਸ਼ੰਭੂ ਬੈਰੀਅਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਮਾਨਵ ਰਹਿਤ ਹਵਾਈ ਵਾਹਨਾਂ (ਯੂਏਵੀ) ਤੋਂ ਅੱਥਰੂ ਗੈਸ ਦੇ ਗੋਲੇ ਸੁੱਟੇ।

ਇੱਕ ਪੁਲਿਸ ਅਧਿਕਾਰੀ ਨੇ ਦਿ ਹਿੰਦੂ ਨੂੰ ਦੱਸਿਆ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਸਰਕਾਰ ਨੇ ਡ੍ਰੋਨ ਇਮੇਜਿੰਗ ਐਂਡ ਇਨਫਰਮੇਸ਼ਨ ਸਰਵਿਸ ਆਫ ਹਰਿਆਣਾ ਲਿਮਟਿਡ (DRISHYA), ਇੱਕ ਪਬਲਿਕ ਲਿਮਟਿਡ ਕੰਪਨੀ ਦੁਆਰਾ ਬਣਾਏ ਗਏ ਡਰੋਨਾਂ ਦੀ ਵਰਤੋਂ 2021 ਵਿੱਚ ਕੀਤੀ ਸੀ।

ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੰਗਿਆਂ ਨੂੰ ਨਿਯੰਤਰਿਤ ਕਰਨ ਅਤੇ ਹੋਰ ਭੀੜ ਨਿਯੰਤਰਣ ਸਥਿਤੀਆਂ ਲਈ ਡਰੋਨ ਅਧਾਰਤ ਅੱਥਰੂ ਸਮੋਕ ਲਾਂਚਰ ਨੂੰ 2022 ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਅੱਥਰੂ ਸਮੋਕ ਯੂਨਿਟ (ਟੀਐਸਯੂ) ਦੁਆਰਾ ਵਿਕਸਤ ਕੀਤਾ ਗਿਆ ਸੀ, ਪਰ ਇਸਨੂੰ ਕਿਸੇ ਰਾਜ ਪੁਲਿਸ ਬਲ ਨੂੰ ਅਜੇ ਵੇਚਿਆ ਨਹੀਂ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)