You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ: ਬੀਬੀਸੀ ਨਿਊਜ਼ ਪੰਜਾਬੀ ਦੇ ਟਵਿੱਟਰ ਉੱਤੇ ਭਾਰਤ ਵਿੱਚ ਰੋਕ ਤੋਂ ਕੇਂਦਰ ਸਰਕਾਰ ਨੇ ਝਾੜਿਆ ਪੱਲਾ
ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ਭਾਰਤ ਵਿੱਚ ਰੋਕੇ ਜਾਣ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਭੂਮਿਕਾ ਤੋਂ ਭਾਰਤ ਸਰਕਾਰ ਨੇ ਪੱਲਾ ਝਾੜਿਆ ਹੈ।
ਮੰਗਲਵਾਰ ਨੂੰ ਕਈ ਘੰਟਿਆਂ ਦੀ ਰੋਕ ਤੋਂ ਬਾਅਦ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਊਂਟ ਮੁੜ ਬਹਾਲ ਕੀਤਾ ਗਿਆ ਸੀ।
ਟਵਿੱਟਰ ਨੇ ਬੀਬੀਸੀ ਨੂੰ ਈਮੇਲ ਵਿੱਚ ਲਿਖਿਆ ਸੀ, ‘‘ਤੁਹਾਡੇ ਟਵਿੱਟਰ ਅਕਾਊਂਟ ਬਾਰੇ ਸਾਨੂੰ ਭਾਰਤ ਸਰਕਾਰ ਤੋਂ ਲੀਗਲ ਰਿਮੂਵਲ ਡਿਮਾਂਡ (ਜਾਣਕਾਰੀ ਹਟਾਉਣ ਦੀ ਮੰਗ) ਹਾਸਲ ਹੋਈ ਹੈ।’’
ਬੀਬੀਸੀ ਨੇ ਭਾਰਤ ਸਰਕਾਰ ਨੂੰ ਈਮੇਲ ਭੇਜ ਕੇ ਬੀਬੀਸੀ ਪੰਜਾਬੀ ਦੇ ਟਵਿੱਟਰ ਅਕਾਊਂਟ ਉੱਤੇ ਰੋਕ ਲਾਉਣ ਦੀ ਕਾਰਵਾਈ ਬਾਰੇ ਪੁੱਛਿਆ ਸੀ।
ਸਰਕਾਰ ਦੇ ਅਧਿਕਾਰਿਤ ਅਫ਼ਸਰ ਨੇ ਈਮੇਲ ਦੇ ਜਵਾਬ ਵਿੱਚ ਲਿਖਿਆ ਹੈ, “ਮਨਿਸਟਰੀ ਆਫ਼ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨਾਲਜੀ ਨੇ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ਰੋਕਣ ਬਾਰੇ ਨਹੀਂ ਲਿਖਿਆ ਹੈ।”
ਉਨ੍ਹਾਂ ਕਿਹਾ, “ਮੰਤਰਾਲੇ ਨੇ ਤੁਹਾਡੀ ਸ਼ਿਕਾਇਤ/ਈਮੇਲ ਟਵਿੱਟਰ ਨੂੰ ਸਪੱਸ਼ਟੀਕਰਨ ਲਈ, ਉਹਨਾਂ ਨਾਲ ਸਾਂਝੀ ਕੀਤੀ ਹੈ। ਇਸ ਬਾਰੇ ਤੁਸੀਂ ਟਵਿੱਟਰ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਹੋ।”
ਬੀਬੀਸੀ ਪੰਜਾਬੀ ਦੇ ਟਵਿੱਟਰ ਅਕਾਊਂਟ ਉੱਤੇ ਲੱਗੀ ਸੀ ਰੋਕ
‘‘ਵਾਰਿਸ ਪੰਜਾਬ ਦੇ ਜਥੇਬੰਦੀ’’ ਦੇ ਮੁਖੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਜਿਹੜੇ ਟਵਿੱਟਰ ਅਕਾਊਂਟਸ ਉੱਤੇ ਰੋਕ ਲਗਵਾਈ ਜਾ ਰਹੀ ਹੈ। ਉਸ ਵਿੱਚ ਬੀਬੀਸੀ ਨਿਊਜ਼ ਪੰਜਾਬੀ ਦਾ ਅਕਾਊਂਟ ਸ਼ਾਮਲ ਕਰ ਲਿਆ ਗਿਆ ਸੀ।
ਤਕਨੀਕੀ ਭਾਸ਼ਾ ਵਿੱਚ ਇਸ ਕਾਰਵਾਈ ਨੂੰ ‘ਅਕਾਉਂਟ ਵਿਦਹੈੱਲਡ’ ਕਰਨਾ ਕਿਹਾ ਜਾਂਦਾ ਹੈ।
ਬੀਬੀਸੀ ਨਿਊਜ਼ ਪੰਜਾਬੀ ਦਾ ਖਾਤਾ ਖੋਲਣ ਉਪਰ ਅਕਾਉਂਟ ਵਿਦਹੈੱਲਡ ਲਿਖ ਕੇ ਆ ਰਿਹਾ ਸੀ, ਪਰ ਹੁਣ ਸਾਰੀ ਸਮੱਗਰੀ ਭਾਰਤ ਵਿੱਚ ਵੀ ਦੇਖੀ ਜਾ ਸਕਦੀ ਹੈ।
ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੁਲਿਸ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ।
ਉਸ ਤੋਂ ਅਗਲੇ ਹੀ ਦਿਨ ਪੰਜਾਬ ਨਾਲ ਸਬੰਧਤ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ, ਟਿੱਪਣੀਕਾਰਾਂ, ਸਮਾਜਿਕ ਤੇ ਸਿਆਸੀ ਕਾਰਕੁਨਾਂ ਦੇ ਟਵਿੱਟਰ ਅਕਾਊਂਟਸ ਉੱਤੇ ਭਾਰਤ ਵਿੱਚ ਰੋਕ ਲਗਾਈ ਜਾਣ ਲੱਗੀ ਹੈ।
ਟਵਿੱਟਰ ਅਕਾਊਂਟਸ ਖ਼ਿਲਾਫ਼ ਵੱਡੀ ਕਾਰਵਾਈ
ਚੰਡੀਗੜ੍ਹ ਤੋਂ ਚੱਲਦੇ ਪ੍ਰੋ-ਪੰਜਾਬ ਡਿਜੀਟਲ ਮੀਡੀਆ ਅਦਾਰੇ ਲਈ ਕੰਮ ਕਰਦੇ ਗਗਨਦੀਪ ਸਿੰਘ ਦਾ ਟਵਿੱਟਰ ਅਕਾਊਂਟ 19 ਮਾਰਚ ਨੂੰ ਬੰਦ (ਵਿਦਹੈਲਡ) ਕਰ ਦਿੱਤਾ ਗਿਆ।
ਗਗਨਦੀਪ ਸਿੰਘ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਗੱਲ ਕਰਦਿਆਂ ਕਿਹਾ, “ਮੇਰਾ ਟਵਿੱਟਰ ਅਕਾਉਂਟ 19 ਮਾਰਚ ਨੂੰ ਵਿਦਹੈਲਡ ਹੋਇਆ ਸੀ। ਟਵਿੱਟਰ ਵੱਲੋਂ ਸਾਂਝੇ ਕੀਤੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਇਸ ਲਈ ਟਵਿੱਟਰ ਨੂੰ ਬੇਨਤੀ ਕੀਤੀ ਹੈ।”
ਗਗਨਦੀਪ ਸਿੰਘ ਨੇ ਕਿਹਾ, “ਮੈਂ 18 ਮਾਰਚ ਨੂੰ ਟਵਿੱਟਰ ਉਪਰ ਇੱਕ ਵੀਡੀਓ ਪੋਸਟ ਕੀਤੀ ਸੀ, ਜੋ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਉਪਰ ਵਾਇਰਲ ਸੀ। ਇਸ ਵੀਡੀਓ ਵਿੱਚ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਇੱਕ ਕਾਰ ਵਿੱਚ ਬੈਠੇ ਨਜ਼ਰ ਆ ਰਹੇ ਸਨ। ਇਹ ਵੀਡੀਓ 18 ਮਾਰਚ ਦੀ ਸੀ।”
ਗਗਨਦੀਪ ਵਾਂਗ ਹੀ ਕਈ ਕੌਮੀ ਤੇ ਖੇਤਰੀ ਮੀਡੀਆ ਅਦਾਰਿਆਂ ਲਈ ਆਜ਼ਾਦਾਨਾ ਪੱਤਰਕਾਰੀ ਕਰਦੇ ਸਨਦੀਪ ਸਿੰਘ ਦਾ ਟਵਿੱਟਰ ਅਕਾਉਂਟ ਵੀ ਰੋਕਿਆ ਗਿਆ ਹੈ।
ਸਨਦੀਪ ਸਿੰਘ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੂੰ ਦੱਸਿਆ, “20 ਮਾਰਚ ਨੂੰ ਮੈਂ ਦੋ ਹੋਰ ਪੱਤਰਕਾਰਾਂ ਦੇ ਰੋਕੇ ਗਏ ਟਵਿੱਟਰ ਅਕਾਉਂਟ ਦੇ ਸਕਰੀਨਸ਼ਾਟ ਟਵੀਟ ਕਰ ਰਿਹਾ ਸੀ। ਸ਼ਾਮ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਮੇਰਾ ਅਕਾਉਂਟ ਵੀ ਵਿਦਹੈਲਡ ਕਰ ਦਿੱਤਾ ਗਿਆ ਹੈ।”
ਸਨਦੀਪ ਸਿੰਘ ਨੇ ਕਿਹਾ, “ਜਿਸ ਦਿਨ ਤੋਂ ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਕਰਵਾਈ ਸ਼ੁਰੂ ਹੋਈ ਹੈ, ਅਸੀਂ ਉਸੇ ਦਿਨ ਤੋਂ ਜਾਣਕਾਰੀ ਸਾਂਝੀ ਕਰ ਰਹੇ ਸੀ। ਮੈਂ ਸਿਰਫ਼ ਉਹੀ ਜਾਣਕਾਰੀ ਸਾਂਝੀ ਕਰ ਰਿਹਾ ਸੀ ਜੋ ਟੀਵੀ ਉਪਰ ਆ ਰਹੀ ਸੀ। ਹਾਲਾਂਕਿ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਸੀ ਜੋ ਅਲੱਗ ਤੋਂ ਕੱਢ ਕੇ ਲਿਆਂਦੀ ਗਈ ਹੋਵੇ।”
ਉਨ੍ਹਾਂ ਕਿਹਾ, “ਅਸਲ ਵਿੱਚ ਜੋ ਨਿਊਜ਼ ਅਦਾਰੇ ਸਰਕਾਰ ਦੀ ਇੱਛਾ ਨਾਲ ਕੰਮ ਕਰਦੇ ਹਨ, ਉਹਨਾਂ ਨੂੰ ਖੁੱਲ੍ਹਾ ਛੱਡਿਆ ਗਿਆ ਹੈ ਪਰ ਜੋ ਵੱਖਰੀ ਤਰ੍ਹਾਂ ਦੀ ਜਾਣਕਾਰੀ ਲਿਆਉਂਦੇ ਹਨ, ਉਹਨਾਂ ਖਿਲਾਫ਼ ਕਾਰਵਾਈ ਹੋ ਰਹੀ ਹੈ।”
ਅਮ੍ਰਿਤਪਾਲ ਕੌਣ ਹੈ
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ 18 ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।
ਬੀਬੀਸੀ ਪੰਜਾਬੀ ਦੇ ਅਕਾਊਂਟ ਉੱਤੇ ਰੋਕ
ਬੀਬੀਸੀ ਨਿਊਜ਼ ਪੰਜਾਬੀ ਦੇ ਟਵਿੱਟਰ ਅਕਾਊਂਟ ਉੱਤੇ ਭਾਰਤ ਵਿੱਚ ਰੋਕ ਲਾ ਦਿੱਤੀ ਗਈ ਸੀ। ਟਵਿੱਟਰ ਨੇ ਇੱਕ ਈਮੇਲ ਰਾਹੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ।
ਟਵਿੱਟਰ ਨੇ ਈਮੇਲ ਵਿੱਚ ਲਿਖਿਆ ਸੀ, ‘‘ਪਾਰਦਰਸ਼ਿਤਾ ਦੇ ਮੱਦੇਨਜ਼ਰ, ਅਸੀਂ ਤੁਹਾਨੂੰ ਲਿਖਤੀ ਰੂਪ ਵਿੱਚ ਇਹ ਜਾਣਕਾਰੀ ਦੇ ਰਹੇ ਹਾਂ ਕਿ ਤੁਹਾਡੇ ਟਵਿੱਟਰ ਅਕਾਊਂਟ ਬਾਰੇ ਸਾਨੂੰ ਭਾਰਤ ਸਰਕਾਰ ਤੋਂ ਲੀਗਲ ਰਿਮੂਵਲ ਡਿਮਾਂਡ (ਜਾਣਕਾਰੀ ਹਟਾਉਣ ਦੀ ਮੰਗ) ਹਾਸਲ ਹੋਈ ਹੈ।’’
ਟਵਿੱਟਰ ਨੇ ਦੋ ਖ਼ਬਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਇਸ ਨੂੰ ਭਾਰਤ ਦੇ ਇੰਨਫਾਰਮੇਸ਼ਨ ਟੈਕਨੌਲੋਜੀ ਐਕਟ 2000 ਦੀ ਉਲੰਘਣਾ ਮੰਨਿਆ ਗਿਆ ਸੀ।
ਇਨ੍ਹਾਂ ਵਿੱਚ ਇੱਕ ਵੀਡੀਓ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਮ੍ਰਿਤਪਾਲ ਦੇ ਕੇਸ ਬਾਰੇ ਸੀ, ਉਨ੍ਹਾਂ ਦੇ ਵਕੀਲ ਇਮਾਨ ਸਿੰਘ ਖਾਰਾ ਤੇ ਪਿਤਾ ਤਰਸੇਮ ਸਿੰਘ ਦਾ ਹਾਈਕੋਰਟ ਦੀ ਕਾਰਵਾਈ ਬਾਰੇ ਬਿਆਨ ਸੀ। ਜਿਸ ਵਿੱਚ ਪੰਜਾਬ ਸਰਕਾਰ ਦਾ ਪੱਖ਼ ਵੀ ਦੱਸਿਆ ਗਿਆ ਸੀ।
ਦੂਜੀ ਰਿਪੋਰਟ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਹੋ ਰਹੀ ਪੁਲਿਸ ਕਾਰਵਾਈ ਵਿੱਚ ਜੋ ਜੋ ਹੋਇਆ ਹੈ, ਉਸ ਨੂੰ ਪੁਲਿਸ ਦੇ ਹਵਾਲੇ ਨਾਲ ਆਈਆਂ ਜਾਣਕਾਰੀਆਂ ਨੂੰ ਰਿਪੋਰਟ ਕੀਤਾ ਗਿਆ ਸੀ।
ਟਵਿੱਟਰ ਨੇ ਕਿਹਾ ਸੀ ਕਿ ਭਾਰਤ ਦਾ ਇਹ ਕਾਨੂੰਨ ਟਵਿੱਟਰ ਨੂੰ ਭਾਰਤ ਵਿੱਚ ਇਹ ਕੰਟੈਂਟ ਰੋਕਣ ਲ਼ਈ ਪਾਬੰਦ ਕਰਦਾ ਹੈ, ਬਾਕੀ ਥਾਵਾਂ ਉੱਤੇ ਇਹ ਕੰਟੈਂਟ ਉਪਲੱਬਧ ਰਹੇਗਾ।
ਟਵਿੱਟਰ ਈਮੇਲ ਵਿੱਚ ਕਿਹਾ ਗਿਆ ਸੀ ਕਿ ਉਹ ਇਸ ਬਾਬਤ ਭਾਰਤੀ ਅਥਾਰਟੀ ਨਾਲ ਰਾਬਤਾ ਬਣਾ ਰਹੇ ਹਨ, ਜੇਕਰ ਤੁਹਾਡੇ ਅਕਾਊਂਟ ਦੇ ਸਟੇਟਸ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਵੇਗੀ।
ਟਵਿੱਟਰ ਮੁਤਾਬਕ ਅਕਾਉਂਟ ਵਿਦਹੈੱਲਡ ਕੀ ਹੁੰਦਾ ਹੈ?
ਟਵਿੱਟਰ ਦੇ ਹੈਲਪ ਸੈਂਟਰ ਮੁਤਾਬਕ, “ਜ਼ਿਆਦਾਤਰ ਦੇਸ਼ਾਂ ਦੇ ਟਵਿੱਟਰ ਅਕਾਉਂਟ ਦੇ ਕੰਟੈਂਟ ਅਤੇ ਟਵੀਟ ਨੂੰ ਲੈ ਕੇ ਕੁਝ ਨਿਯਮ ਹੁੰਦੇ ਹਨ। ਜੇਕਰ ਸਾਨੂੰ ਅਧਾਕਾਰਿਤ ਵਿਭਾਗ ਵੱਲੋਂ ਕਿਸੇ ਕੰਟੈਂਟ ਜਾਂ ਅਕਾਉਂਟ ਨੂੰ ਲੈ ਕੇ ਕੋਈ ਸ਼ਿਕਾਇਤ ਮਿਲਗੀ ਹੈ ਤਾਂ ਅਕਾਉਂਟ ਵਿਦਹੈੱਲਡ ਕਰ ਲਿਆ ਜਾਂਦਾ ਹੈ।”
“ਅਜਿਹੀ ਕਾਰਵਾਈ ਉਸ ਦੇਸ਼ ਜਾਂ ਸੂਬੇ ਤੱਕ ਹੀ ਸੀਮਿਤ ਹੁੰਦੀ ਹੈ ਜਿੱਥੇ ਦੀ ਸਰਕਾਰ ਅਜਿਹੀ ਸ਼ਿਕਾਇਤ ਦਰਜ ਕਰਵਾਉਂਦੀ ਹੈ।”
ਟਵਿੱਟਰ ਮੁਤਾਬਕ, “ਪ੍ਰਗਟਾਵੇ ਦੀ ਆਜ਼ਾਦੀ ਲਈ ਪਾਰਦਰਸ਼ਿਤਾ ਬਹੁਤ ਜਰੂਰੀ ਹੈ। ਇਸ ਲਈ ਰੋਕੇ ਗਏ ਕੰਟੈਂਟ ਜਾਂ ਅਕਾਉਂਟ ਲਈ ਨੋਟਿਸ ਪਾਲਿਸੀ ਵੀ ਹੈ। ਜਦੋਂ ਹੀ ਸਾਨੂੰ ਅਕਾਉਂਟ ਵਿਦਹੈਲਡ ਕਰਨ ਦੀ ਸ਼ਿਕਾਇਤ ਮਿਲਦੀ ਹੈ, ਅਸੀਂ ਯੂਜ਼ਰ ਨੂੰ ਸੂਚਿਤ ਕਰਦੇ ਹਾਂ (ਅਦਾਲਤ ਵੱਲੋਂ ਨਿਰਦੇਸ਼ ਮਿਲਣ ਉੱਤੇ, ਹੋ ਸਕਦਾ ਹੈ ਕਿ ਸੂਚਿਤ ਨਾ ਕੀਤਾ ਜਾਵੇ।)
ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ਰੋਕੇ ਜਾਣ ’ਤੇ ਕਿਸ ਨੇ ਕੀ ਕਿਹਾ?
ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ਰੋਕੇ ਜਾਣ ਤੋਂ ਬਾਅਦ ਕਾਫੀ ਲੋਕਾਂ ਨੇ ਆਪਣੇ ਟਵਿੱਟਰ ਉਪਰ ਲਿਖਿਆ ਹੈ।
ਇੰਟਰਨੈੱਟ ਫਰੀਡਮ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਅਪਾਰ ਗੁਪਤਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ''ਸਰਕਾਰ ਵੱਲੋਂ ਬਿਨਾਂ ਕਿਸੇ ਕਾਨੂੰਨੀ ਆਦੇਸ਼ ਨੂੰ ਜਨਤਕ ਕਰੇ ਟਵਿੱਟਰ ਅਕਾਊਂਟਸ ਨੂੰ ਬਲਾਕ ਕਰਨ ਨਾਲ ਲੋਕਾਂ ਨੂੰ ਕਾਨੂੰਨੀ ਮਦਦ ਲੈਣ 'ਚ ਵੀ ਮੁਸ਼ਕਲ ਆਉਂਦੀ ਹੈ। ਇਹ ਸਪੱਸ਼ਟ ਨਹੀਂ ਹੁੰਦਾ ਕਿ ਕਾਰਵਾਈ ਕਿਉਂ ਕੀਤੀ ਗਈ ਹੈ।”
ਅਪਾਰ ਗੁਪਤਾ ਨੇ ਕਿਹਾ, “ਕਈ ਚੰਗੇ ਮੀਡੀਆ ਅਦਾਰਿਆਂ ਦੇ ਖਾਤੇ ਬੰਦ ਕਰਕੇ ਸੂਚਨਾ ਨੂੰ ਬਾਹਰ ਆਉਣ ਤੋਂ ਰੋਕਿਆ ਜਾ ਰਿਹਾ ਹੈ। ਇਹ ਲੋਕਾਂ ਦੇ ਸੂਚਨਾ ਲੈਣ ਦੇ ਅਧਿਕਾਰ 'ਤੇ ਹਮਲਾ ਹੈ। ਇਹ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਹੈ, ਪੰਜਾਬ ਵਿੱਚ ਚਾਰ ਦਿਨ ਇੰਟਰਨੈੱਟ ਬੰਦ ਰਿਹਾ ਜਿਸ ਕਾਰਨ ਲੋਕਾਂ ਤੱਕ ਜਾਣਕਾਰੀ ਨਹੀਂ ਪਹੁੰਚ ਰਹੀ ਸੀ।”
ਸੀਨੀਅਰ ਪੱਤਰਕਾਰ ਹਰਤੋਸ਼ ਸਿੰਘ ਬੱਲ ਨੇ ਲਿਖਿਆ ਹੈ, “ਪਾਰਦਰਸ਼ਤਾ ਤੋਂ ਘਬਰਾਈ ਤਾਨਾਸ਼ਾਹੀ ਦੀ ਨਾਸਮਝੀ।”
ਇਸ ਤੋਂ ਇਲਾਵਾ ਕਈ ਮੀਡੀਆ ਅਦਾਰੇ ਅਤੇ ਪੱਤਰਕਾਰ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)