ਕਿਸਾਨ ਅੰਦੋਲਨ: ਅੱਜ ਪੂਰੇ ਦਿਨ ਦਾ ਘਟਨਾਕ੍ਰਮ
ਕਿਸਾਨਾਂ ਦੇ ਮੁਜ਼ਾਹਰਿਆਂ ਬਾਰੇ ਬੀਬੀਸੀ ਪੰਜਾਬੀ ਨੇ ਪੂਰੀ ਦਿਨ ਦੀ ਕਵਰੇਜ ਤੁਹਾਡੇ ਸਾਹਮਣੇ ਰੱਖੀ, ਅਸੀਂ ਆਪਣੀ ਲਾਈਵ ਕਵਰੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ, ਤੁਹਾਡਾ ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ। ਪੇਸ਼ ਹੈ ਅੱਜ ਦੀਆਂ ਅਹਿਮ ਸਰਗਰਮੀਆਂ:
- ਕਿਸਾਨ ਆਗੂਆਂ ਨੇ ਦੱਸਿਆ ਵੀਰਵਾਰ ਸ਼ਾਮੀ 5 ਵਜੇ ਕੇਂਦਰ ਸਰਕਾਰ ਨਾਲ ਉਨ੍ਹਾਂ ਦੀ ਮੀਟਿੰਗ ਹੋਣੀ ਹੈ।
- ਕਿਸਾਨਾਂ ਨੇ ਕਿਹਾ ਹੈ ਕਿ ਮੀਟਿੰਗ ਤੱਕ ਉਹ ਸ਼ੰਭੂ ਬਾਰਡਰ ਉੱਤੇ ਹੀ ਰੁਕਣਗੇ ਤੇ ਇਸ ਮਗਰੋਂ ਉਹ ਅੱਗੇ ਦੀ ਰਣਨੀਤੀ ਬਾਰੇ ਫੈਸਲਾ ਲੈਣਗੇ।
- ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਪ੍ਰਸ਼ਾਸਨਿਕ ਪੱਧਰ 'ਤੇ ਕੰਮ ਨੂੰ ਤੇਜ਼ੀ ਨਾਲ ਖਿੱਚਿਆ ਜਾ ਰਿਹਾ ਹੈ।
- ਉਲੰਪਿਕ ਤਮਗਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਵਿੱਚ ਉਤਰ ਆਏ ਹਨ।
- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਛੇੜਖਾਨੀ ਨਾ ਕਰੇ, ਕਿਸਾਨ ਗੱਲਬਾਤ ਲਈ ਦਿੱਲੀ ਜਾਵੇਗਾ ਉਹ ਵਾਪਸ ਪੰਜਾਬ ਨਹੀਂ ਜਾਵੇਗਾ।
- ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਨੇ 15 ਫਰਵਰੀ ਨੂੰ ਪੰਜਾਬ ਭਰ ਵਿੱਚ 7 ਥਾਵਾਂ 'ਤੇ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ।
- ਕੁਰੂਕਸ਼ੇਤਰ ਵਿੱਚ ਇੰਟਰਨੈੱਟ ਸੇਵਾ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
- ਗੁਰਨਾਮ ਸਿੰਘ ਚਢੂਨੀ ਨੇ ਮੌਜੂਦਾ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਜੋ ਖ਼ਬਰਾਂ ਆ ਰਹੀਆਂ ਹਨ ਉਹ ਚਿੰਤਾਜਨਕ ਹਨ।
- ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਵੱਲੋਂ ਸਖ਼ਤ ਬੰਦੋਬਸਤ ਕੀਤੇ ਗਏ ਹਨ।ਮਲਟੀ-ਲੇਅਰ ਬੈਰੀਕੇਡ ਲਗਾਏ ਗਏ ਹਨ।