ਆਲੀਆ ਭੱਟ: ਏਡੀਡੀ ਡਿਸਆਰਡਰ ਕੀ ਹੈ ਜਿਸ ਕਰਕੇ ਕਿਸੇ ਇੱਕ ਚੀਜ਼ ਉੱਤੇ ਧਿਆਨ ਲਗਾਉਣਾ ਮੁਸ਼ਕਲ ਹੋ ਜਾਂਦਾ

ਤਸਵੀਰ ਸਰੋਤ, Getty Images
- ਲੇਖਕ, ਸਨੇਹਾ
- ਰੋਲ, ਬੀਬੀਸੀ ਪੱਤਰਕਾਰ
ਫਿਲਮ ਅਦਾਕਾਰਾ ਆਲੀਆ ਭੱਟ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੂੰ ਏਡੀਡੀ ਹੈ। ਯਾਨੀ ਅਟੈਂਸ਼ਨ ਡੇਫ਼ੀਸਿਟ ਡਿਸਆਰਡਰ।
ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਇਸ ਡਿਸਆਰਡਰ ਬਾਰੇ ਵੱਡੇ ਪੱਧਰ ਉੱਤ ਚਰਚਾ ਹੋ ਰਹੀ ਹੈ।
ਇਕ ਅਮਰੀਕੀ ਮੈਗਜ਼ੀਨ ਐਲਿਊਰ ਨਾਲ ਗੱਲ ਕਰਦਿਆਂ ਆਲੀਆ ਨੇ ਆਪਣੇ ਵਿਆਹ ਦੇ ਮੇਕਅੱਪ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੇਕਅੱਪ ਆਰਟਿਸਟ ਨੇ ਵਿਆਹ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਦੋ ਘੰਟੇ ਦਾ ਸਮਾਂ ਮੰਗਿਆ ਸੀ ਪਰ ਆਲੀਆ ਨੇ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਉਹ ਮੇਕਅੱਪ ਚੇਅਰ 'ਤੇ 45 ਮਿੰਟ ਤੋਂ ਵੱਧ ਸਮਾਂ ਨਹੀਂ ਬੈਠ ਸਕਦੇ।
ਆਓ ਇੱਥੇ ਅਟੈਂਸ਼ਨ ਡੈਫ਼ੀਸਿਟ ਡਿਸਆਰਡਰ ਬਾਰੇ ਜਾਣਦੇ ਹਾਂ...

ਏਡੀਡੀ ਕੀ ਹੈ?
ਏਡੀਡੀ ਦਾ ਮਤਲਬ ਹੈ ਅਟੈਂਸ਼ਨ ਡੈਫ਼ੀਸਿਟ ਡਿਸਆਰਡਰ।
ਅਟੈਂਸ਼ਨ ਡੈਫ਼ੀਸਿਟ ਦਾ ਮਤਲਬ ਹੈ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਦੀ ਘਾਟ ਹੋਣਾ।
ਇਸ ਸਥਿਤੀ 'ਚ ਕਿਸੇ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਅਤੇ ਉਸ ਨੂੰ ਲਗਾਤਾਰ ਬਣਾਈ ਰੱਖਣ 'ਚ ਦਿੱਕਤ ਆਉਂਦੀ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਇੱਕ ਜਮਾਂਦਰੂ ਵਿਗਾੜ ਹੈ।
ਇਹ ਕੋਈ ਅਜਿਹਾ ਵਿਗਾੜ ਨਹੀਂ ਹੈ ਜੋ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੋਵੇ ਅਤੇ ਇਸ ਨੂੰ ਬੁਰੇ ਵਿਵਹਾਰ ਨਾਲ ਜੋੜ ਕੇ ਵੀ ਨਹੀਂ ਦੇਖਿਆ ਜਾਣਾ ਚਾਹੀਦਾ।
ਏਡੀਡੀ ਆਮ ਤੌਰ 'ਤੇ ਬੱਚਿਆਂ ਵਿੱਚ ਹੁੰਦਾ ਹੈ ਪਰ ਕੁਝ ਲੋਕ ਵੱਡੀ ਉਮਰ ਵਿੱਚ ਵੀ ਇਸਦਾ ਸਾਹਮਣਾ ਕਰਦੇ ਰਹਿੰਦੇ ਹਨ।

ਤਸਵੀਰ ਸਰੋਤ, Getty Images
ਕਲੀਨਿਕਲ ਮਨੋਵਿਗਿਆਨੀ ਡਾਕਟਰ ਪੂਜਾਸ਼ਿਵਮ ਜੇਤਲੀ ਕਹਿੰਦੇ ਹਨ, "ਜਦੋਂ ਅਸੀਂ ਕਿਸੇ ਚੀਜ਼ ਵੱਲ ਧਿਆਨ ਦਿੰਦੇ ਹਾਂ, ਅਸੀਂ ਇਸਨੂੰ ਆਪਣੇ ਦਿਮਾਗ ਵਿੱਚ ਰੱਖਦੇ ਹਾਂ, ਪਰ ਅਟੈਂਸ਼ਨ ਡੇਫ਼ੀਸਿਟ ਵਿਕਾਰ ਵਾਲੇ ਲੋਕਾਂ ਵਿੱਚ ਅਜਿਹਾ ਨਹੀਂ ਹੁੰਦਾ। ਕਿਉਂਕਿ ਉਨ੍ਹਾਂ ਕੋਲ ਲੰਬੇ ਸਮੇਂ ਤੱਕ ਚੀਜ਼ਾਂ ਨੂੰ ਧਿਆਨ ਰੱਖਣ ਦੀ ਸਮਰੱਥਾ ਹੀ ਨਹੀਂ ਹੁੰਦੀ ਹੈ।”
“ਉਨ੍ਹਾਂ ਦੇ ਦਿਮਾਗ ਵਿੱਚ ਕੁਝ ਚੀਜ਼ਾਂ ਰਹਿੰਦੀਆਂ ਹਨ ਅਤੇ ਕੁਝ ਚੀਜ਼ਾਂ ਨਹੀਂ ਰਹਿੰਦੀਆਂ।"
ਮਨੋਵਿਗਿਆਨੀ ਪੂਜਾਸ਼ਿਵਮ ਜੇਤਲੀ ਦਾ ਕਹਿਣਾ ਹੈ ਕਿ ਇਸ ਵਿਕਾਰ ਨਾਲ ਪੀੜਤ ਲੋਕਾਂ ਵਿੱਚ ਨਿਊਰੋਲੌਜੀਕਲ ਕੁਨੈਕਸ਼ਨ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ।
1987 ਵਿੱਚ ਏਡੀਡੀ ਵਿੱਚ ਐੱਚ ਸ਼ਬਦ ਯਾਨੀ 'ਹਾਈਪਰ ਐਕਟਿਵ' ਵੀ ਜੋੜਿਆ ਗਿਆ ਸੀ।
ਹੁਣ ਇਸ ਨੂੰ ਏਡੀਐੱਚਡੀ ਯਾਨੀ ਅਟੈਂਸ਼ਨ ਡੈਫ਼ੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਵੀ ਕਿਹਾ ਜਾਂਦਾ ਹੈ।
ਵਰਲ਼ਡ ਫ਼ੈਡਰੇਸ਼ਨ ਆਫ਼ ਏਡੀਐੱਚਡੀ ਮੁਤਾਬਕ, ਇਹ ਵਿਗਾੜ 2.5 ਫ਼ੀਸਦ ਬਾਲਗਾਂ ਵਿੱਚ ਹੁੰਦਾ ਹੈ।

ਏਡੀਐੱਚਡੀ ਦੇ ਤਿੰਨ ਰੂਪ ਹਨ।
ਧਿਆਨ ਨਾ ਦੇਣਾ - ਭੁੱਲਣਾ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ, ਆਪਣੇ ਆਪ ਨੂੰ ਸੰਗਠਿਤ ਰੱਖਣ ਵਿੱਚ ਮੁਸ਼ਕਿਲ।
ਹਾਈਪਰਐਕਟੀਵਿਟੀ ਜਾਂ ਆਵੇਗਸ਼ੀਲਤਾ- ਇਸ ਵਿਕਾਰ ਵਾਲੇ ਲੋਕਾਂ ਨੂੰ ਸਥਿਰ ਰਹਿਣ ਵਿੱਚ ਮੁਸ਼ਕਲ ਆਉਂਦੀ ਹੈ। ਉਹ ਗੱਲਬਾਤ ਦੌਰਾਨ ਲੋਕਾਂ ਨੂੰ ਵਾਰ-ਵਾਰ ਟੋਕਦੇ ਹਨ ਅਤੇ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਵਿੱਚ ਅਸਮਰੱਥ ਹੁੰਦੇ ਹਨ।
ਸੰਯੁਕਤ- ਇਸਦਾ ਮਤਲਬ ਹੈ ਕਿ ਕਿਸੇ ਨੂੰ ਉੱਪਲੇ ਦੋਵੇਂ ਲੱਛਣ ਹੋ ਸਕਦੇ ਹਨ।

ਤਸਵੀਰ ਸਰੋਤ, Getty Images
ਡਾਕਟਰ ਪੂਜਾਸ਼ਿਵਮ ਜੇਤਲੀ ਦਾ ਕਹਿਣਾ ਹੈ ਕਿ ਇਸ ਤੋਂ ਪੀੜਤ ਕੁਝ ਲੋਕਾਂ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਉਹ ਸਮੇਂ ਦਾ ਸਹੀ ਢੰਗ ਨਾਲ ਧਿਆਨ ਨਹੀਂ ਰੱਖ ਪਾਉਂਦੇ ਹਨ।
ਅਜਿਹਾ ਖ਼ਾਸ ਕਰਕੇ ਬੱਚਿਆਂ ਵਿੱਚ ਹੁੰਦਾ ਹੈ।
ਉਹ ਕਹਿੰਦੇ ਹਨ ਕਿ ਜੇਕਰ ਅਜਿਹੇ ਬੱਚੇ ਅੱਧੇ ਘੰਟੇ ਤੋਂ ਖੇਡ ਰਹੇ ਹੋਣ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਸਮਝ ਨਹੀਂ ਹੁੰਦੀ ਕਿ ਉਹ ਕਿੰਨੀ ਦੇਰ ਤੋਂ ਖੇਡ ਰਹੇ ਹਨ।
ਉਹ ਕਹਿੰਦੇ ਹਨ ਕਿ 'ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਲੱਗਦਾ ਹੈ ਕਿ ਬੱਚਾ ਧਿਆਨ ਨਹੀਂ ਦੇ ਰਿਹਾ ਜਾਂ ਬੇਪਰਵਾਹ ਹੈ।”
“ਭਾਰਤ ਵਿੱਚ ਹਾਲੇ ਤੱਕ ਇਨ੍ਹਾਂ ਗੱਲਾਂ 'ਤੇ ਬਹੁਤੀ ਚਰਚਾ ਨਹੀਂ ਹੁੰਦੀ ਅਤੇ ਹਾਲਾਤ ਇਹ ਹਨ ਕਿ ਜੇ ਕੋਈ ਬੱਚਾ ਅਸਲ ਵਿੱਚ ਇਸ ਸਮੱਸਿਆ ਵਿੱਚੋਂ ਗੁਜ਼ਰ ਰਿਹਾ ਹੋਵੇ, ਤਾਂ ਲੋਕ ਉਸ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੇ ਯੋਗ ਹੀ ਨਹੀਂ ਹਨ।”

ਪਛਾਣ ਕਿਵੇਂ ਕੀਤੀ ਜਾਂਦੀ ਹੈ ਅਤੇ ਇਲਾਜ ਕੀ ਹੈ?
ਕਲੀਨਿਕਲ ਮਨੋਵਿਗਿਆਨੀ ਪੂਜਾਸ਼ਿਵਮ ਜੇਤਲੀ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹਾ ਮਹਿਸੂਸ ਕਰਦਾ ਹੈ। ਉਹ ਬਚਪਨ ਤੋਂ ਹੀ ਇਸ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਨੂੰ ਕਿਸੇ ਸਿੱਖਿਅਤ ਮਨੋਵਿਗਿਆਨੀ ਦੀ ਮਦਦ ਲੈਣੀ ਚਾਹੀਦੀ ਹੈ।
ਇਸਦੇ ਲਈ ਟੈਸਟ ਵੀ ਹਨ, ਜੋ ਕਿ ਰੇਟਿੰਗ ਸਕੇਲ ਵਾਲੇ ਹੁੰਦੇ ਹਨ। ਯਾਨੀ ਸਥਿਤੀ ਦੀ ਗੰਭੀਰਤਾ ਬਾਰੇ ਦੱਸਦੇ ਹਨ।
ਉਹ ਕਹਿੰਦੇ ਹਨ ਕਿ ਇਸਦੇ ਲਈ ਦਵਾਈਆਂ ਹਨ ਪਰ ਇਸ ਸਥਿਤੀ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਵਿੱਚ ਇਹ ਸਵੀਕਾਰ ਕਰਨਾ ਹੈ।
ਜੇਤਲੀ ਕਹਿੰਦੇ ਹਨ ਕਿ ਅਕਸਰ ਅਜਿਹੇ ਲੋਕ ਕੰਮ ਵਾਲੀ ਥਾਂ 'ਤੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।
ਜੇਕਰ ਕਿਸੇ ਨੂੰ ਵੀ ਇਹ ਸਮੱਸਿਆ ਹੈ ਤਾਂ ਉਹ ਮਨੋਵਿਗਿਆਨੀ ਦੀ ਮਦਦ ਨਾਲ ਬਿਹਤਰ ਪਲਾਨਿੰਗ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਮਾਨਸਿਕ ਸਥਿਤੀ ਦਾ ਉਨ੍ਹਾਂ ਦੀ ਸਮਾਜਿਕ ਅਤੇ ਨਿੱਜੀ ਜ਼ਿੰਦਗੀ 'ਤੇ ਘੱਟ ਪ੍ਰਭਾਵ ਪਵੇ।

ਤਸਵੀਰ ਸਰੋਤ, Getty Images
ਆਲੀਆ ਭੱਟ ਨੇ ਆਪਣੇ ਵਿਆਹ ਦੇ ਮੇਕਅੱਪ ਬਾਰੇ ਕੀ ਕਿਹਾ?
ਆਲੀਆ ਭੱਟ ਨੇ ਹਾਲ ਹੀ ਵਿੱਚ ਅਮਰੀਕੀ ਮੈਗਜ਼ੀਨ ਐਲੂਰ ਨੂੰ ਇੱਕ ਇੰਟਰਵਿਊ ਦਿੱਤਾ ਹੈ।
ਇਸ 'ਚ ਉਨ੍ਹਾਂ ਨੇ ਬਚਪਨ ਤੋਂ ਲੈ ਕੇ ਆਪਣੇ ਕਰੀਅਰ ਤੱਕ ਹਰ ਵਿਸ਼ੇ ਉੱਤੇ ਗੱਲਬਾਤ ਕੀਤੀ ਹੈ।
ਇੰਟਰਵਿਊ ਵਿੱਚ ਉਨ੍ਹਾਂ ਨੇ ਮੇਕਅੱਪ ਅਤੇ ਬਿਊਟੀ ਬਾਰੇ ਗੱਲਬਾਤ ਦੌਰਾਨ ਕਿਹਾ ਕਿ ਮੇਕਅੱਪ ਉਨ੍ਹਾਂ ਲਈ ਕੁਝ ਅਜਿਹਾ ਹੈ ਜਿਸ ਬਾਰੇ ਉਹ ਮੰਨਦੇ ਹਨ ਕਿ ਜਲਦੀ ਤੋਂ ਜਲਦੀ ਹੋ ਜਾਵੇ।
ਯਾਨੀ ਇਸ ਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਦੇਣਾ ਚਾਹੁੰਦੇ।
ਉਹ ਅੱਗੇ ਕਹਿੰਦੇ ਹਨ,“ਮੈਨੂੰ ਈਡੀਡੀ ਹੈ। ਮੇਕਅੱਪ ਕਰਨ ਲਈ ਬਹੁਤ ਜ਼ਿਆਦਾ ਸਮਾਂ ਲਗਾਉਣ ਵਿੱਚ ਮੈਨੂੰ ਦਿਲਚਸਪੀ ਨਹੀਂ ਹੈ। ਜੋ ਵੀ ਕਰਨ ਦੀ ਲੋੜ ਹੈ, ਇਹ ਜਲਦੀ ਤੋਂ ਜਲਦੀ ਕੀਤਾ ਜਾਣਾ ਚਾਹੀਦਾ ਹੈ।"
ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਮੇਰੇ ਵਿਆਹ ਵਾਲੇ ਦਿਨ ਮੇਰੇ ਮੇਕਅੱਪ ਆਰਟਿਸਟ ਪੁਨੀਤ ਨੇ ਕਿਹਾ ਕਿ ਆਲੀਆ, ਇਸ ਵਾਰ ਤੁਹਾਨੂੰ ਮੈਨੂੰ ਦੋ ਘੰਟੇ ਦਾ ਸਮਾਂ ਦੇਣਾ ਪਵੇਗਾ।”
“ਮੈਂ ਉਸਨੂੰ ਕਿਹਾ- ਇਹ ਸੰਭਵ ਨਹੀਂ ਹੈ।”
“ਖ਼ਾਸ ਤੌਰ 'ਤੇ ਮੇਰੇ ਵਿਆਹ ਵਾਲੇ ਦਿਨ, ਮੈਂ ਤੁਹਾਨੂੰ ਦੋ ਘੰਟੇ ਨਹੀਂ ਦੇ ਸਕਦੀ ਕਿਉਂਕਿ ਮੈਂ ਆਨੰਦ ਮਾਣਨਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












