ਭਾਰਤੀਆਂ ਨੂੰ ਵਿਦੇਸ਼ ਲਿਜਾ ਕੇ ਠੱਗ ਕਿਵੇਂ ਤਸੀਹੇ ਦਿੰਦੇ ਹਨ- 'ਉਹ ਪੈਰਾਂ ਦੀਆਂ ਤਲ਼ੀਆਂ ਉੱਤੇ ਕਰੰਟ ਲਾਉਂਦੇ ਸਨ'

ਤਸਵੀਰ ਸਰੋਤ, Getty Images
- ਲੇਖਕ, ਸ਼ਾਰਧਾ ਵੀ
- ਰੋਲ, ਬੀਬੀਸੀ ਤਾਮਿਲ
ਉਤਰਨ ਤੋਂ ਬਾਅਦ ਤੁਹਾਨੂੰ ਕਾਰ ਰਾਹੀਂ 600 ਕਿੱਲੋਮੀਟਰ ਲਿਜਾਇਆ ਜਾਵੇਗਾ। ਫਿਰ ਇੱਕ ਸੰਘਣਾ ਜੰਗਲ ਅਤੇ ਦਰਿਆ ਪਰ ਕਰਕੇ ਤੁਸੀਂ ਅੱਧੀ ਰਾਤ ਨੂੰ ਇੱਕ ਕੰਪਾਊਂਡ ਵਿੱਚ ਪਹੁੰਚਦੇ ਹੋ। ਇੱਥੇ ਹੱਟੇ-ਕੱਟੇ ਬਾਊਂਸਰ ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ।
ਇਹ ਕਿਸੇ ਫਿਲਮ ਦਾ ਦ੍ਰਿਸ਼ ਪ੍ਰਤੀਤ ਹੋ ਸਕਦਾ ਹੈ ਪਰ ਬਹੁਤ ਸਾਰੇ ਭਾਰਤੀਆਂ ਨੇ ਇਹ ਸਭ ਹੱਡੀਂ ਹੰਢਾਇਆ ਹੈ।
ਆਈਟੀ ਪੜ੍ਹੇ ਹੋਏ ਬੇਰੋਜ਼ਗਾਰ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵਿਦੇਸ਼ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਮਿਆਂਮਾਰ, ਥਾਈਲੈਂਡ ਅਤੇ ਕੰਬੋਡੀਆ ਵਰਗੇ ਦੇਸਾਂ ਵਿੱਚ ਲਿਜਾਇਆ ਜਾਂਦਾ ਹੈ।
ਗਰਾਫਿਕ ਡਿਜ਼ਾਈਨਿੰਗ, ਅਤੇ ਸੂਚਨਾ ਤਕਨੀਕੀ ਖੇਤਰ ਦੇ ਪੇਸ਼ੇਵਰ ਲੋਕ ਜੋ ਇੱਕ ਚੰਗੀ ਨੌਕਰੀ ਦਾ ਸੁਫ਼ਨਾ ਦੇਖਦੇ ਹਨ, ਨਕਲੀ ਸੋਸ਼ਲ ਮੀਡੀਆ ਖਾਤੇ ਬਣਾਉਂਦੇ ਹਨ ਅਤੇ ਹੋਰ ਸ਼ਿਕਾਰ ਫਸਾਉਂਦੇ ਹਨ। ਇਹੀ ਉਨ੍ਹਾਂ ਦੀ ਨੌਕਰੀ ਹੁੰਦੀ ਹੈ।
ਸਟੀਫ਼ਨ ਕੋਇੰਬਟੂਰ ਤੋਂ ਇੱਕ ਡਿਪਲੋਮਾ ਧਾਰਕ ਹਨ, ਉਨ੍ਹਾਂ ਨੂੰ ਪਿਛਲੇ ਸਾਲ ਮਿਆਂਮਾਰ ਤੋਂ ਬਚਾਇਆ ਗਿਆ।
ਉਹ ਦਸਦੇ ਹਨ,“ਤੁਸੀਂ ਦਿਨ ਵਿੱਚ 30-40 ਲੋਕਾਂ ਨਾਲ ਚੈਟ ਕਰਦੇ ਹੋ। ਜੇ ਕਿਸੇ ਨਾਲ ਧੋਖਾ ਕਰਨ ਵਿੱਚ ਕਾਮਯਾਬੀ ਮਿਲਦੀ ਹੈ ਤਾਂ 200 ਜਣਿਆਂ ਨਾਲ ਭਰੇ ਕਮਰੇ ਵਿੱਚ ਉਸ ਦੀ ਪ੍ਰਸੰਸਾ ਵਿੱਚ ਇੱਕ ਘੰਟੀ ਵਜਾਈ ਜਾਂਦੀ ਹੈ। ਇਹ ਘੰਟੀ ਹਰ 20 ਮਿੰਟ ਬਾਅਦ ਵਜਦੀ ਹੈ।”
ਸਟੀਫਨ ਨੇ ਦੱਸਿਆ,“ਹਰ ਕਿਸੇ ਨੂੰ ਇੱਕ ਲੈਪਟਾਪ ਅਤੇ ਕਈ ਆਈ ਫੋਨ ਦਿੱਤੇ ਜਾਣਗੇ। ਮੇਰੇ ਕੋਲ ਸੱਤ ਆਈ ਫੋਨ ਸਨ। ਚੋਣ ਕਰਨ ਵਿੱਚ 3-4 ਘੰਟੇ ਦਾ ਸਮਾਂ ਲਗਦਾ ਹੈ।”
ਉਹ ਅੱਗੇ ਦੱਸਦੇ ਹਨ,“ਆਮ ਕਰਕੇ ਅਸੀਂ ਫੇਸਬੁੱਕ ਅਤੇ ਇੰਸਟਾ ਉੱਤੇ ਜਾ ਕੇ ਦੇਖਦੇ ਹਾਂ ਕਿ ਸ਼ਿਕਾਰ ਕਿੱਥੇ ਛੁੱਟੀ ਮਨਾ ਰਿਹਾ ਹੈ, ਉਸ ਕੋਲ ਕਿਹੜੀ ਕਾਰ ਹੈ, ਉਹ ਕਿੱਥੇ ਜਸ਼ਨ ਮਨਾ ਰਿਹਾ ਹੈ, ਕਿਸ ਤਰ੍ਹਾਂ ਦੇ ਕੱਪੜੇ ਪਾਉਂਦਾ ਹੈ।”
“ਜੋ ਕਈ ਪਹਿਲਾਂ ਗੱਲ ਕਰੇ ਉਸ ਨਾਲ ਅਸੀਂ ਹਾਇ ਕਹਿ ਕੇ ਗੱਲ ਸ਼ੁਰੂ ਨਹੀਂ ਕਰਦੇ। ਮੈਂ ਉਸ ਪਹਾੜੀ ਸਟੇਸ਼ਨ ਉੱਤੇ ਜਾਣਾ ਚਾਹਾਂਗਾ ਅਤੇ ਉੱਥੇ ਹੋਟਲ ਦੀਆਂ ਸਹੂਲਤਾਂ ਬਾਰੇ ਗੱਲ ਕਰਾਂਗਾ। ਅਸੀਂ ਉਨ੍ਹਾਂ ਦਾ ਜਵਾਬ ਆਉਣ ਤੋਂ ਦੋ ਦਿਨ ਤੱਕ ਚੈਟ ਖੋਲ੍ਹ ਕੇ ਨਹੀਂ ਦੇਖਾਂਗੇ। ਫਿਰ ਅਸੀਂ ਉਨ੍ਹਾਂ ਨੂੰ ਟੈਲੀਗ੍ਰਾਮ ਉੱਤੇ ਲਿਆ ਕੇ ਹੌਲੀ-ਹੌਲੀ ਗੱਲਬਾਤ ਸ਼ੁਰੂ ਕਰਾਂਗੇ।”

ਬੀਬੀਸੀ ਪੰਜਾਬੀ ਦੇ ਵਟਸਐਪ ਚੈਨਲ ਨਾਲ ਜੁੜਨ ਲਈ ਇੱਥੇ ਕਲਿੱਕ ਕਰੋ।
ਦੱਖਣ-ਏਸ਼ੀਆ ਮੁਲਕਾਂ ਵਿੱਚ ਵਧਦੀ ਪੈਸੇ ਦੀ ਧੋਖਾਧੜੀ
ਭਾਰਤੀ ਅਪਰਾਧ ਸਹਿਯੋਗ ਕੇਂਦਰ ਨੇ ਦੋ ਹਫ਼ਤੇ ਪਹਿਲਾਂ ਦੱਸਿਆ ਕਿ ਭਾਰਤੀਆਂ ਨੂੰ ਸ਼ਿਕਾਰ ਬਣਾਉਣ ਵਾਲੀਆਂ ਵਿੱਤੀ ਧੋਖਾਧੜੀਆਂ ਵਿੱਚੋਂ 50 ਦੀ ਸ਼ੁਰੂਆਤ ਦੱਖਣ ਪੂਰਬ-ਏਸ਼ੀਆਈ ਮੁਲਕਾਂ, ਜਿਵੇਂ— ਮਿਆਂਮਾਰ, ਕੰਬੋਡੀਆ ਅਤੇ ਲਾਓਸ, ਤੋਂ ਹੁੰਦੀ ਹੈ।
ਕੇਂਦਰ ਦੇ ਮੁਖੀ ਜੋ ਰੱਖਿਆ ਮੰਤਰਾਲੇ ਨਾਲ ਸੰਬੰਧਿਤ ਹਨ। ਉਹ ਦੱਸਦੇ ਹਨ ਕਿ ਇਸੇ ਸਾਲ ਜਨਵਰੀ ਤੋਂ ਅਪ੍ਰੈਲ ਦੌਰਾਨ ਭਾਰਤੀਆਂ ਨਾਲ ਕਰੀਬ 1776 ਕਰੋੜ ਦੀ ਠੱਗੀ ਮਾਰੀ ਗਈ ਹੈ। ਪਿਛਲੇ ਸਾਲਾਂ ਦੌਰਾਨ ਇਨ੍ਹਾਂ ਅਪਰਾਧਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਦੱਖਣ-ਏਸ਼ੀਆਈ ਦੇਸਾਂ ਵਿੱਚ ਠੱਗਾਂ ਵੱਲੋਂ ਠੱਗੀ ਜਾਣ ਵਾਲੀ ਰਕਮ ਬਹੁਤ ਜ਼ਿਆਦਾ ਹੈ।

ਤਸਵੀਰ ਸਰੋਤ, Getty Images
ਇਸ ਸੰਬੰਧ ਵਿੱਚ ਮਿਲਣ ਵਾਲੀਆਂ ਜ਼ਿਆਦਾਤਰ ਸ਼ਿਕਾਇਤਾਂ ਕਿਸੇ ਨਾ ਕਿਸੇ ਸਕੀਮ ਵਿੱਚ ਪੈਸਾ ਲਗਾਉਣ ਨਾਲ ਜੁੜੀਆਂ ਹੋਈਆਂ ਹਨ।
ਇਸ ਸਾਲ 62,687 ਸ਼ਿਕਾਇਤਾਂ ਮਿਲੀਆਂ ਹਨ, ਪਿਛਲੇ ਸਾਲ ਇੱਕ ਲੱਖ ਤੋਂ ਜ਼ਿਆਦਾ ਸ਼ਿਕਾਇਤਾਂ ਮਿਲੀਆਂ ਸਨ 10,000 ਤੋਂ ਜ਼ਿਆਦਾ ਪੁਲਿਸ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।
ਇਹ ਸਕੈਮ ਸੋਸ਼ਲ ਮੀਡੀਆ ਤੋਂ ਸ਼ੁਰੂ ਹੁੰਦੇ ਹਨ।
ਮਨੀਕੁਮਾਰ ਇੱਕ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਮਿਆਂਮਾਰ ਤੋਂ ਬਚਾਇਆ ਗਿਆ ਸੀ।
ਉਹ ਦੱਸਦੇ ਹਨ,“ਜੇ ਕੋਈ ਵੀ ਉਨ੍ਹਾਂ ਤੋਂ ਨਿਵੇਸ਼ ਨਾ ਕਰਵਾ ਸਕੇ ਤਾਂ ਉਨ੍ਹਾਂ ਨੂੰ ਪੈਰਾਂ ਵਿੱਚ ਕਰੰਟ ਲਾਇਆ ਜਾਂਦਾ ਹੈ। ਜੇ ਤੁਸੀਂ ਕੁਝ ਕਹੋ ਜਾਂ ਕਰੋ ਜੋ ਉਨ੍ਹਾਂ ਨੂੰ ਪਸੰਦ ਨਹੀਂ ਤਾਂ ਹੱਥ ਕੜੀਆਂ ਲਗਾ ਦਿੱਤੀਆਂ ਜਾਣਗੀਆ, ਹਮੇਸ਼ਾ ਹੱਥ ਕੜੀਆਂ ਲਾ ਕੇ ਰੱਖਿਆ ਜਾਵੇਗਾ। ਰੋਟੀ ਖਾਣ ਵੇਲੇ ਵੀ। ਉਨ੍ਹਾਂ ਨੂੰ ਬੰਦ ਕਰਨ ਲਈ ਕਾਲ ਕੋਠੜੀਆਂ ਸਨ।”
ਮਨੀਕੁਮਾਰ ਨੇ ਦੱਸਿਆ,“ਮੈਨੂੰ ਆਪਣੀ ਪਿਛਲੀ ਕੰਮ ਵਾਲੀ ਥਾਂ ਦੇ ਇੱਕ ਜਾਣਕਾਰ ਰਾਹੀਂ ਮੈਂ ਥਾਈਲੈਂਡ ਵਿੱਚ ਕੰਮ ਦਵਾਉਣ ਵਾਲੇ ਇੱਕ ਏਜੰਟ ਦੇ ਸੰਪਰਕ ਵਿੱਚ ਆਇਆ ਸੀ। ਚੇਨਈ ਤੋਂ ਅਸੀਂ ਸ਼ਾਰਜਾਹ ਲਈ ਫਲਾਈਟ ਫੜੀ ਉੱਥੋਂ ਕਾਰ ਰਾਹੀਂ ਇੰਟਰਵਿਊ ਦੇਣ ਲਈ ਦੁਬਈ ਗਏ। ਦੇਖਿਆ ਗਿਆ ਕੀ ਮੈਂ ਟਾਈਪਿੰਗ ਕਰ ਸਕਦਾ ਹਾਂ ਪਰ ਇੰਟਰਵਿਊ ਦੇ ਦੌਰਾਨ ਮੈਨੂੰ ਕੁਝ ਠੀਕ ਨਹੀਂ ਲੱਗਿਆ।”
“ਉੱਥੋਂ ਅਸੀਂ ਥਾਈਲੈਂਡ ਲਈ ਜਹਾਜ਼ ਫੜਿਆ। ਉਤਰਨ ਤੋਂ ਬਾਅਦ ਸਾਨੂੰ ਪਹਿਲਾਂ ਤੋਂ ਉਡੀਕ ਕਰ ਰਹੀ ਇੱਕ ਕਾਰ ਵਿੱਚ ਦਫ਼ਤਰ ਲਿਜਾਇਆ ਗਿਆ। ਇਹ ਜੰਗਲਾਂ ਵਿਚਦੀ ਹੁੰਦੇ ਹੋਏ ਨੌਂ ਘੰਟੇ ਦਾ ਸਫਰ ਸੀ।”
“ਕਾਰ ਇੱਕ ਅਜਿਹੀ ਥਾਂ ਉੱਤੇ ਆ ਕੇ ਰੁਕੀ ਜਿੱਥੋਂ ਭੱਜਣ ਦੀ ਕੋਈ ਗੁੰਜਾਇਸ਼ ਨਹੀਂ ਸੀ। ਚੰਦ ਦੀ ਚਾਨਣੀ ਵਿੱਚ ਮੈਂ ਦੇਖਿਆ ਕਿ ਦਰਿਆ ਸ਼ਾਂਤ ਵਗ ਰਿਹਾ ਸੀ। ਉਨ੍ਹਾਂ ਨੇ ਕਿਸ਼ਤੀ ਵਿੱਚ ਦਰਿਆ ਪਾਰ ਕੀਤਾ ਅਤੇ ਫਿਰ ਕਾਰ ਵਿੱਚ ਬਿਠਾ ਕੇ ਕਿਸੇ ਥਾਂ ਲੈ ਗਏ। ਜਦੋਂ ਮੈਨੂੰ ਮੋਬਾਈਲ ਦਾ ਨੈਟਵਰਕ ਮਿਲਿਆ ਤਾਂ ਮੈਂ ਲੋਕੇਸ਼ਨ ਚਾਲੂ ਕੀਤੀ, ਇਹ ਮਿਆਂਮਾਰ ਸੀ।”
ਮੈਂ ਆਪਣੇ ਪਿਤਾ ਦੀ ਮੌਤ ਉੱਤੇ ਵੀ ਨਹੀਂ ਆ ਸਕਿਆ
ਔਰਤਾਂ ਦੇ ਨਾਮ ਉੱਤੇ ਜਾਅਲੀ ਸੋਸ਼ਲ ਮੀਡੀਆ ਖਾਤੇ ਬਣਾ ਕੇ ਮਰਦਾਂ ਨੂੰ ਸੁਨੇਹੇ ਭੇਜੇ ਜਾਂਦੇ ਹਨ।
“ਅਸੀਂ ਕੰਪਨੀ ਦੀਆਂ ਔਰਤਾਂ ਦੇ ਫੋਨ ਉੱਤੇ ਨਕਲੀ ਖਾਤੇ ਬਣਾਉਂਦੇ। ਲੋੜ ਹੁੰਦੀ ਤਾਂ ਉਹ ਗਾਹਕ ਨਾਲ ਵੀਡੀਓ ਕਾਲ ਉੱਤੇ ਗੱਲ ਕਰਦੀਆਂ ਸਨ। ਬਾਕੀ ਸਮਾਂ ਅਸੀਂ ਚੈਟ ਕਰਦੇ ਸੀ। ਮੈਂ ਇੱਕ ਥਾਂ ਪੈਸਾ ਲਾਇਆ ਹੈ, ਮੈਨੂੰ ਚੰਗਾ ਮੁਨਾਫਾ ਹੋ ਰਿਹਾ ਹੈ, ਅਸੀਂ ਕਹਾਂਗੇ ਤੁਸੀਂ ਵੀ ਪੈਸੇ ਲਾਓ। ਉਨ੍ਹਾਂ ਨੂੰ ਭਰੋਸਾ ਬਣਾਉਣ ਵਿੱਚ ਕੁਝ ਸਮਾਂ ਲਗਦਾ ਹੈ। ਸਾਡਾ ਕੰਮ ਹੈ ਉਨ੍ਹਾਂ ਦਾ ਭਰੋਸਾ ਜਿੱਤਣਾ।”

ਤਸਵੀਰ ਸਰੋਤ, Getty Images
ਮਨੀਕੁਮਾਰ ਦੱਸਦੇ ਹਨ,“ਇੱਕ ਮਹੀਨੇ ਬਾਅਦ ਅਸੀਂ ਉੱਥੋਂ ਨਿਕਲੇ ਤਾਂ ਪਹਿਲਾਂ ਮਿਆਂਮਾਰ ਦੀ ਸੈਨਾ ਦੇ ਅਧੀਨ ਰਹੇ। ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਥਾਈਲੈਂਡ ਦੀ ਜੇਲ੍ਹ ਵਿੱਚ ਰਹਿਣਾ ਪਿਆ। ਮਨੁੱਖੀ ਤਸਕਰੀ ਤੋਂ ਹੁੰਦੇ ਹੋਏ ਘਰ ਪਹੁੰਚਣ ਵਿੱਚ 45 ਦਿਨ ਲੱਗੇ। ਮੇਰੇ ਜਾਣ ਤੋਂ ਦੋ ਦਿਨ ਬਾਅਦ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮੈਂ ਉਦੋਂ ਵੀ ਨਹੀਂ ਆ ਸਕਿਆ।”
ਇੰਡੀਅਨ ਕਰਾਈਮ ਕੋਆਰਡੀਨੇਸ਼ਨ ਸੈਂਟਰ ਮੁਤਾਬਕ ਪਿਛਲੇ ਚਾਰ ਮਹੀਨਿਆਂ ਦੌਰਾਨ 360 ਭਾਰਤੀਆਂ ਨੂੰ ਅਜਿਹੀਆਂ ਥਾਵਾਂ ਤੋਂ ਛੁਡਾਇਆ ਗਿਆ ਹੈ ਅਤੇ 60 ਹੋਰ ਭਾਰਤੀ ਹਾਈ ਕਮਿਸ਼ਨ ਕੋਲ ਹਨ।
ਸਰਕਾਰੀ ਜਾਣਕਾਰੀ ਮੁਤਾਬਕ, ਇਨ੍ਹਾਂ ਸਾਰਿਆਂ ਦੇ ਨਾਮ ਉੱਤੇ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਟੂਰਿਸਟ ਵੀਜ਼ਾ ਹਾਸਲ ਕੀਤੇ ਗਏ ਸਨ। ਇਹ ਕਦੇ ਵਾਪਸ ਨਹੀਂ ਆਏ। ਜ਼ਿਆਦਾਤਰ ਦੀ ਉਮਰ 21 ਤੋਂ 30 ਸਾਲ ਦੇ ਵਿਚਕਾਰ ਹੈ।
ਹਾਲ ਹੀ ਵਿੱਚ ਗ੍ਰਹਿ ਮੰਤਰਾਲੇ ਨੇ ਦੱਖਣ-ਏਸ਼ੀਆਈ ਦੇਸਾਂ ਤੋਂ ਚੱਲਣ ਵਾਲੇ ਇਨ੍ਹਾਂ ਧੋਖਾਧੜੀ ਦੇ ਰੈਕਿਟਾਂ ਦੇ ਮੁਕਾਬਲੇ ਲਈ ਉੱਚ ਸ਼ਕਤੀ ਕਮੇਟੀ ਦਾ ਗਠਨ ਕੀਤਾ ਹੈ।
ਹਾਲ ਹੀ ਵਿੱਚ ਕੰਮ ਦੀ ਤਲਾਸ਼ ਵਿੱਚ ਥਾਈਲੈਂਡ ਅਤੇ ਕੰਬੋਡੀਆ ਪਹੁੰਚੇ ਲੋਕਾਂ ਨੂੰ ਬਚਾਇਆ ਗਿਆ ਹੈ। 60 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਅਤੇ ਤੇਲੰਗਾਨਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਕਦਾ ਉਹ ਵਿਸ਼ਾਖਾਪਟਨਮ ਪਹੁੰਚੇ ਹਨ। ਇਨ੍ਹਾਂ ਵਿੱਚੋਂ ਕਰੀਬ 30 ਜਣੇ ਉੱਤਰੀ ਸੂਬਿਆਂ ਤੋਂ ਵੀ ਹਨ।
‘ਅਜੇ ਵੀ 25 ਹਜ਼ਾਰ ਜਣੇ ਫਸੇ ਹੋਏ ਹੋ ਸਕਦੇ ਹਨ’

ਤਸਵੀਰ ਸਰੋਤ, B. KRISHNAMOORTHY, COMMISSIONER, COMMISSIONER OF OVERSEAS TAMILS WELFARE
ਓਵਰਸੀਜ਼ ਤਾਮਿਲ ਵੈਲਫੇਅਰ ਐਂਡ ਰੀਹੈਬਲੀਟੇਸ਼ਨ ਕਮਿਸ਼ਨਰੇਟ ਮੁਤਾਬਕ ਤਾਮਿਲ ਨਾਡੂ ਦੇ 83 ਲੋਕਾਂ ਨੂੰ ਬਚਾਇਆ ਗਿਆ ਹੈ, ਜੋ ਇਨ੍ਹਾਂ ਦੇਸਾਂ ਵਿੱਚ ਕੰਮ ਦੀ ਤਲਾਸ਼ ਵਿੱਚ ਗਏ ਸਨ।
ਇਸ ਲਈ, ਇਨ੍ਹਾਂ ਦੇਸਾਂ ਵਿੱਚ ਜਾਣ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਬੀ ਕ੍ਰਿਸ਼ਨਾਮੂਰਤੀ ਉਪਰੋਕਤ ਸੰਸੰਥਾ ਦੇ ਕਮਿਸ਼ਨਰ ਹਨ। ਉਹ ਦੱਸਦੇ ਹਨ, “ਹਾਲ ਹੀ ਵਿੱਚ, ਕੰਮ ਅਤੇ ਧੋਖਾਧੜੀ ਦੀਆਂ ਸਰਗਰਮੀਆਂ ਵਿੱਚ ਲਗਾਉਣ ਲਈ ਲਿਜਾਣ ਵਾਲਿਆਂ ਵਿੱਚ ਵਾਧਾ ਹੋਇਆ ਹੈ। ਜ਼ਿਆਦਾਤਰ ਪੀੜਤ ਚੇਨਈ, ਹੈਦਰਾਬਾਦ ਅਤੇ ਕਰਨਾਟਕ ਤੋਂ ਹਨ। ਥਾਈਲੈਂਡ, ਮਿਆਂਮਾਰ ਅਤੇ ਕੰਬੋਡੀਆ ਦਾ ਬਾਰਡਰ ਪਾਰ ਕਰਨਾ ਸੌਖਾ ਹੈ। ਜੇ ਅਸੀਂ ਨਦੀ ਪਾਰ ਕਰੀਏ ਤਾਂ ਅਸੀਂ ਥਾਈਲੈਂਡ ਤੋਂ ਮਿਆਂਮਾਰ ਜਾ ਸਕਦੇ ਹਾਂ।”
ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਇੱਕ ਸਰਕਾਰੀ ਅਧਿਕਾਰੀ ਨੇ ਬੀਬੀਸੀ ਤਾਮਿਲ ਨੂੰ ਦੱਸਿਆ, “ਇੱਕ ਅੰਦਾਜ਼ਾ ਹੈ ਕਿ ਇਨ੍ਹਾਂ ਦੇਸਾਂ ਵਿੱਚ ਕਰੀਬ 25 ਹਜ਼ਾਰ ਭਾਰਤੀ ਫਸੇ ਹੋਏ ਹਨ। ਅੰਬੈਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਉਹ ਅਜਿਹੀਆਂ ਥਾਵਾਂ ਉੱਤੇ ਫਸੇ ਹੋਏ ਹਨ ਤਾਂ ਉਨ੍ਹਾਂ ਨੂੰ ਬਚਾਉਣਾ ਮੁਸ਼ਕਿਲ ਹੈ। ਅਜਿਹੀ ਧੋਖਾਧੜੀ ਵਿੱਚ ਸ਼ਾਮਲ 6-7 ਕੰਪਨੀਆਂ ਫੜੀਆਂ ਜਾ ਚੁੱਕੀਆਂ ਹਨ।”

ਤਸਵੀਰ ਸਰੋਤ, PROFESSOR BERNARD DE SAMI
ਪ੍ਰੋਫੈਸਰ ਬਰਨਾਰਡ ਡੀ ਸੈਮੀ ਨੇ ਪਰਵਾਸ ਬਾਰੇ ਤਾਮਿਲ ਨਾਡੂ ਦੇ ਪਹਿਲੇ ਅਧਿਐਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀਆਂ ਦਾ ਪਰਵਾਸ ਪ੍ਰਤੀ ਰੁਝਾਨ ਬਦਲ ਰਿਹਾ ਹੈ ਅਤੇ ਉਸੇ ਮੁਤਾਬਕ ਕਾਨੂੰਨ ਵਿੱਚ ਵੀ ਸੋਧ ਕਰਨ ਦੀ ਲੋੜ ਹੈ।
ਉਹ ਦੱਸਦੇ ਹਨ, “ਜਾਣ ਲਈ ਤਾਮਿਲ ਲੋਕ ਲਈ ਸਿੰਗਾਪੁਰ ਅਤੇ ਮਲੇਸ਼ੀਆ ਨੂੰ ਸਭ ਤੋਂ ਜ਼ਿਆਦਾ ਪਹਿਲ ਦਿੰਦੇ ਹਨ। ਇਸ ਤੋਂ ਬਾਅਦ ਉਹ ਖਾੜੀ ਦੇਸ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਤਾਮਿਲ ਲੋਕ ਅਫੀਰੀਕੀ ਅਤੇ ਪੂਰਬ ਯੂਰਪੀ ਦੇਸਾਂ ਵਿੱਚ ਵੀ ਜਾ ਰਹੇ ਹਨ। ਭਾਰਤ ਵਿੱਚ 25 ਤੋਂ 44 ਸਾਲ ਦੇ ਲੋਕਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਹੈ। ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ਉੱਤੇ ਜਾਂਦੇ ਹਨ ਇਸ ਲਈ ਅਸੀਂ ਦੇਖਦੇ ਹਾਂ ਕਿ ਗਰੈਜੂਏਟ ਪੜ੍ਹੇ ਇਨ੍ਹਾਂ ਜਾਲਸਾਜ਼ੀਆਂ ਵਿੱਚ ਫਸ ਜਾਂਦੇ ਹਨ। 1983 ਦੇ ਪਰਵਾਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਪਰਵਾਸੀਆਂ ਦੀ ਸੰਖਿਆ ਅਤੇ ਉਨ੍ਹਾਂ ਨੂੰ ਦਰਪੇਸ਼ ਖ਼ਤਰਾ ਕਈ ਗੁਣਾਂ ਵਧ ਗਿਆ ਹੈ। ਪਰਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ।”








