ਕੀ ਸਮੇਂ ਨਾਲ ਕੰਡੋਮ ਦੇ ਇਸ਼ਤਿਹਾਰਾਂ ਵਿੱਚ ਆਇਆ ਨਿਘਾਰ ਸਹੀ ਹੈ ?

ਕੰਡੋਮ ਦੇ ਇਸ਼ਤਿਹਾਰ

ਤਸਵੀਰ ਸਰੋਤ, YOUTUBE GRAB

    • ਲੇਖਕ, ਭੂਮਿਕਾ ਰਾਏ
    • ਰੋਲ, ਬੀਬੀਸੀ ਪੱਤਰਕਾਰ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਲਾਹ ਕਰਕੇ ਹੁਣ, ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ, ਕੰਡੋਮ ਦੀਆਂ ਮਸ਼ਹੂਰੀਆਂ ਟੀਵੀ 'ਤੇ ਨਹੀਂ ਦਿਖਾਈਆਂ ਜਾ ਸਕਣਗੀਆਂ।

ਇਹ ਰੋਕ ਬੱਚਿਆਂ ਕਰਕੇ ਲਾਈ ਗਈ ਹੈ।

ਟੈਲੀਵਿਜ਼ਨ ਚੈਨਲਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ 16 ਘੰਟਿਆਂ ਵਿਚਕਾਰ ਕੰਡੋਮ ਦੇ ਇਸ਼ਤਿਹਾਰ ਨਾ ਦਿਖਾਉਣ।

ਮੰਤਰਾਲੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਸ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।

ਸੈਕਸ ਸਿੱਖਿਆ 'ਤੇ ਇਸ ਫ਼ੈਸਲੇ ਦਾ ਕੀ ਅਸਰ ਪਵੇਗਾ?

ਇਸ਼ਤਿਹਾਰਬਾਜ਼ੀ ਦੇ ਪੱਧਰ ਬਾਰੇ ਕਾਊਂਸਲ (ਏਐਸਸੀਆਈ) ਦੀ ਜਰਨਲ ਸਕੱਤਰ ਸ਼ਵੇਤਾ ਪੁਰੰਦਰੇ ਮੁਤਾਬਕ, ਅਜਿਹੇ ਨਿਰਦੇਸ਼ ਜਾਰੀ ਕਰਨ ਦੀ ਸਲਾਹ ਵਿਭਾਗ ਨੂੰ ਉਨ੍ਹਾਂ ਨੇ ਹੀ ਦਿੱਤੀ ਸੀ।

ਸ਼ਵੇਤਾ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਦੁਨੀਆਂ ਦਾ ਇਕਲੌਤਾ ਅਜਿਹਾ ਦੇਸ ਨਹੀਂ ਹੈ। ਅਮਰੀਕਾ ਅਤੇ ਬਰਤਾਨੀਆ ਵਿੱਚ ਵੀ ਬਾਲਗਾਂ ਲਈ ਇਸ ਕਿਸਮ ਦੀ ਸਮੱਗਰੀ ਇੱਕ ਨਿਰਧਾਰਿਤ ਸਮੇਂ ਦੌਰਾਨ ਹੀ ਦਿਖਾਈ ਜਾਂਦੀ ਹੈ।

ਕੰਡੋਮ ਦੇ ਇਸ਼ਤਿਹਾਰ

ਤਸਵੀਰ ਸਰੋਤ, INDRANIL MUKHERJEE/AFP/GETTY IMAG

ਪਰ ਕੀ ਇਸ਼ਤਿਹਾਰ ਬੰਦ ਕਰਨ ਨਾਲ ਸੈਕਸ ਸਿੱਖਿਆ 'ਤੇ ਅਸਰ ਨਹੀਂ ਪਵੇਗਾ?

ਸ਼ਵੇਤਾ ਨੇ ਕਿਹਾ, ਕੰਡੋਮ ਇਸ਼ਤਿਹਾਰਾਂ ਵਿੱਚ ਕੋਈ ਸੈਕਸ ਸਿੱਖਿਆ ਨਹੀਂ ਹੁੰਦੀ ।

ਹਾਂ ਇੱਕ ਸਵਾਲ ਇਹ ਵੀ ਹੈ ਕਿ ਕਈ ਸਾਲਾਂ ਤੱਕ ਕੰਡੋਮ ਦੀ ਮਸ਼ਹੂਰੀ ਟੀਵੀ 'ਤੇ ਦਿਖਾਈ ਜਾਂਦੀ ਰਹੀ ਹੈ, ਅਤੇ ਹੁਣ ਇਹ ਕਿਉਂ ਰੋਕੀ ਜਾ ਰਹੀ ਹੈ? ਕੀ ਇਸਦੀ ਵਜ੍ਹਾ ਇਸ਼ਤਿਹਾਰਾਂ ਵਿੱਚ ਦਿਖਾਈ ਜਾਂਦੀ ਸਮੱਗਰੀ ਹੈ?

ਕੰਡੋਮ ਦੇ ਇਸ਼ਤਿਹਾਰ

ਇਸ ਦੇ ਜਵਾਬ ਵਿੱਚ, ਸ਼ਵੇਤਾ ਨੇ ਕਿਹਾ ਕਿ ਇਹ ਮਸ਼ਹੂਰੀਆਂ ਦਿਖਾਉਣਾ ਗਲਤ ਨਹੀਂ ਹੈ। ਬੱਸ ਇਹ ਬੱਚਿਆਂ ਲਈ ਸਹੀ ਨਹੀਂ ਹਨ ਅਤੇ ਸ਼ਿਕਾਇਤ ਕਰਨ ਵਾਲਿਆਂ ਦਾ ਵੀ ਇਹੀ ਕਹਿਣਾ ਹੈ।

ਕਿੰਨੇ ਕੁ ਬਦਲੇ ਹਨ ਕੰਡੋਮ ਦੇ ਇਸ਼ਤਿਹਾਰ?

ਸੁਰੱਖਿਅਤ ਸੈਕਸ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਪਹਿਲਾ ਕੰਡੋਮ ਦਾ ਇਸ਼ਤਿਹਾਰ ਸ਼ੁਰੂ ਹੋਇਆ ਸੀ।

ਸ਼ੇਖਰ ਸੁਮਨ ਦੀ ਕੰਡੋਮ ਦੀ ਮਸ਼ਹੂਰੀ ਤਾਂ ਸ਼ਾਇਦ ਹੁਣ ਤੁਹਾਨੂੰ ਯਾਦ ਨਾ ਹੋਵੇ। ਇਸ ਵਿੱਚ ਕੋਈ ਬੰਦਾ ਦੁਕਾਨਦਾਰ ਤੋਂ ਕੰਡੋਮ ਨਹੀਂ ਮੰਗ ਕਰ ਸਕਦਾ ਅਤੇ ਉਹ ਕੰਡੋਮ ਦੀ ਥਾਂ ਮਲ੍ਹਮ ਮੰਗ ਲੈਂਦਾ ਹੈ।

ਉਸ ਝਿਜਕ ਨੂੰ ਸ਼ੇਖਰ ਸੁਮਨ ਨੇ ਬਹੁਤ ਹੀ ਵਧੀਆ ਢੰਗ ਨਾਲ ਪਰਦੇ 'ਤੇ ਰੂਪਮਾਨ ਕੀਤਾ। ਇਸ ਤੋਂ ਬਾਅਦ ਦੁਕਾਨਦਾਰ ਕੰਡੋਮ ਵਰਤਣ ਦਾ ਤਰੀਕਾ ਦੱਸਦਾ ਹੈ।

ਕੰਡੋਮ ਦੇ ਇਸ਼ਤਿਹਾਰ

ਤਸਵੀਰ ਸਰੋਤ, MANFORCE CONDOMS

ਸੁਰੱਖਿਅਤ ਸੈਕਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਇਹ ਇਸ਼ਤਿਹਾਰ ਕਾਫ਼ੀ ਮਸ਼ਹੂਰ ਵੀ ਹੋਇਆ ਸੀ।

ਭਾਰਤ ਸਰਕਾਰ ਦਾ 'ਇਹੀ ਹੈ ਸਹੀ' ਦਾ ਨਾਅਰਾ ਵੀ ਕਾਫ਼ੀ ਮਸ਼ਹੂਰ ਹੋਇਆ ਸੀ। ਹਨੀਮੂਨ ਬੈੱਡ 'ਤੇ ਰੱਖੇ ਹੋਏ ਕੰਡੋਮ ਨਾਲ ਸੁਰੱਖਿਅਤ ਸੈਕਸ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।

ਪਤੀ ਅਤੇ ਪਤਨੀ ਬੈੱਡ 'ਤੇ ਬੈਠੇ ਗੱਲਾਂ ਕਰਦੇ ਹਨ ਅਤੇ ਪਤੀ ਕੰਡੋਮ ਦੇ ਪੈਕੇਟ ਵੱਲ ਵੇਖ ਕੇ ਕਹਿੰਦਾ ਹੈ ਕਿ ਦੋਸਤ, ਅੱਜ ਸਿਰਫ ਕੁਝ ਗੱਲਾਂ!

ਦੂਰਦਰਸ਼ਨ 'ਤੇ ਆਉਣ ਵਾਲੀ ਕੋਹਿਨੂਰ ਕੰਡੋਮ ਦੀ ਮਸ਼ਹੂਰੀ ਵੀ ਤੁਹਾਨੂੰ ਯਾਦ ਹੋਵੇਗੀ। 'ਇਸ ਰਾਤ ਦੀ ਕੋਈ ਸਵੇਰ ਨਹੀਂ' ਸਲੋਗਨ ਵਾਲੀ ਮਸ਼ਹੂਰੀ ਵੀ ਪਸੰਦ ਕੀਤੀ ਗਈ ਸੀ। ਬਿਨਾਂ ਕਿਸੇ ਡਾਇਲੌਗ ਅਤੇ ਐਕਸ਼ਨ ਦੇ ਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ।

ਕੰਡੋਮ ਦੇ ਇਸ਼ਤਿਹਾਰ

ਤਸਵੀਰ ਸਰੋਤ, Getty Images

ਬੀਬੀਸੀ ਦਾ 'ਜੋ ਸਮਝਿਆ ਉਹੀ ਸਿਕੰਦਰ' ਵਾਲਾ ਕੰਡੋਮ ਦਾ ਇਸ਼ਤਿਹਾਰ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ। ਸਿਰਫ਼ ਇੱਕ ਰਿੰਗਟੋਨ, ਜੋ ਇਹ ਸੁਨੇਹਾ ਦਿੰਦੀ ਹੈ ਕਿ ਇਹ ਕੰਡੋਮ ਵਰਤਣਾ ਹੀ ਅਕਲਮੰਦੀ ਹੈ। ਇਸ਼ਤਿਹਾਰ ਵਿੱਚ ਨਾ ਤਾਂ ਕੋਈ ਬੰਦ ਕਮਰਾ ਹੈ, ਨਾ ਸਿਰਫ ਮੁੰਡਾ-ਕੁੜੀ ਹਨ। ਇਹ ਮਸ਼ਹੂਰੀ ਇਸ ਵਜ੍ਹਾ ਕਰਕੇ ਵੀ ਖ਼ਾਸ ਹੈ ਕਿਉਂਕਿ ਇਸ ਵਿਚਲਾ ਸੁਨੇਹਾ ਕਿਸੇ ਇੱਕ ਲਈ ਨਹੀਂ ਹੈ।

ਸਮੇਂ ਨਾਲ ਬਦਲਿਆ ਕੰਡੋਮ ਦਾ ਇਸ਼ਤਿਹਾਰ

ਜਿਵੇਂ-ਜਿਵੇਂ ਸਮਾਂ ਬਦਲਿਆ ਹੈ ਤਿਵੇਂ-ਤਿਵੇਂ ਕੰਡੋਮ ਦੀਆਂ ਮਸ਼ਹੂਰੀਆਂ ਵਿੱਚ ਵੀ ਤਬਦੀਲੀ ਆਈ ਹੈ। 1991 ਵਿੱਚ, 'ਕਾਮਸੂਤਰ' ਕੰਡੋਮ ਦੀ ਮਸ਼ਹੂਰੀ ਵੀ ਕਾਫ਼ੀ ਚਰਚਾ ਵਿੱਚ ਆਈ ਸੀ।

ਇਨ੍ਹਾਂ ਇਸ਼ਤਿਹਾਰਾਂ ਵਿੱਚ ਕਾਮੁਕਤਾ ਦੀ ਗੱਲ ਕਰੀਏ ਤਾਂ ਪੂਜਾ ਬੇਦੀ ਦੇ ' ਕਾਮਸੂਤਰ ' ਦੇ ਇਸ਼ਤਿਹਾਰ ਨੂੰ ਹਾਲੇ ਵੀ ਯਾਦ ਕੀਤਾ ਜਾਂਦਾ ਹੈ ਜੋ ਲਗਭਗ ਸਾਰਾ ਹੀ ਗੁਸਲਖਾਨੇ ਵਿੱਚ ਫਿਲਮਾਇਆ ਗਿਆ ਸੀ।

ਕੰਡੋਮ ਦੇ ਇਸ਼ਤਿਹਾਰ

ਤਸਵੀਰ ਸਰੋਤ, YOUTUBE GRAB

ਇਸੇ ਪ੍ਰਕਾਰ ਦੀਆਂ ਹੋਰ ਵੀ ਕਈ ਮਸ਼ਹੂਰੀਆਂ ਭਾਰਤੀ ਦਰਸ਼ਕਾਂ ਦੀਆਂ ਕੰਨਸੋਆਂ ਦਾ ਧੁਰਾ ਬਣੀਆਂ।

ਜਿਵੇ ਬਿਪਾਸ਼ਾ ਬਾਸੂ ਤੇ ਉਨ੍ਹਾਂ ਦੇ ਪਤੀ ਕਰਣ ਸਿੰਘ ਗਰੋਵਰ ਉੱਪਰ ਫ਼ਿਲਮਾਇਆ ਗਿਆ ਇੱਕ ਇਸ਼ਤਿਹਾਰ। ਮਸ਼ਹੂਰੀਆਂ ਦੇ ਮਾਹਿਰ ਅਲੋਕ ਪਦਮਸੀ ਦੇ ਮੁਤਾਬਕ, ਇਸ ਇਸ਼ਤਿਹਾਰ ਬਾਰੇ ਬਾਵਰੋਲੇ ਉੱਠੇ ਸਨ ਤੇ ਐਸਸੀਆਈ ਨੂੰ ਸ਼ਿਕਾਇਤਾਂ ਵੀ ਮਿਲੀਆਂ ਸਨ।

ਸੂਚਨਾ ਮੰਤਰਾਲੇ ਦੇ ਹਾਲੀਆ ਹੁਕਮਾਂ ਬਾਰੇ ਅਲੋਕ ਪਦਮਸੀ ਨੇ ਕਿਹਾ, "ਜਦੋਂ ਬੱਚੇ ਨੂੰ ਚਾਕਲੇਟ ਖਾਣੋਂ ਰੋਕਦੇ ਹੋ, ਤਾਂ ਕੀ ਹੁੰਦਾ ਹੈ, ਉਹ ਹੋਰ ਵੱਧ ਖਾਂਦਾ ਹੈ, ਕਈ ਵਾਰ ਲਕੋ ਲਕੋ ਕੇ ਅਤੇ ਚੋਰੀਓਂ ਖਾਂਦਾ ਹੈ। ਠੀਕ ਉਸੇ ਤਰ੍ਹਾਂ ਜੇ ਤੁਸੀਂ ਬੱਚੇ ਨੂੰ ਕੰਡੋਮ ਦੀ ਮਸ਼ਹੂਰੀ ਨਹੀਂ ਦਿਖਾਉਂਗੇ ਤਾਂ ਉਹ ਇਸ ਨੂੰ ਯੂਟਿਊਬ 'ਤੇ ਦੇਖੇਗਾ। ਇਸ ਨਾਲ ਉਹ ਇਸ਼ਤਿਹਾਰ ਦੇਖਣਾ ਬੰਦ ਥੋੜੇ ਕਰ ਦੇਵੇਗਾ।"

ਕੰਡੋਮ ਦੇ ਇਸ਼ਤਿਹਾਰ꞉

ਤਸਵੀਰ ਸਰੋਤ, Getty Images

ਭਾਰਤ ਦੀ ਜਨਸੰਖਿਆ ਫਾਊਂਡੇਸ਼ਨ ਦੀ ਪੂਨਮ ਮੁਟਰੇਜਾ ਮੁਤਾਬਕ, "ਸਰਕਾਰ ਨੇ ਇਹ ਫੈਸਲਾ ਕਾਹਲੀ ਵਿੱਚ ਲਿਆ ਹੈ, ਅਸੀਂ ਇਸ ਬਾਰੇ ਉਨ੍ਹਾਂ ਨਾਲ ਗੱਲ ਕਰਾਂਗੇ। ਇੱਕ ਇਸ਼ਤਿਹਾਰ ਵਿੱਚ ਕੁਝ ਗਲਤ ਵੀ ਹੈ ਤਾਂ ਇਸਦਾ ਇਹ ਮਤਲਬ ਨਹੀਂ ਹੈ ਕਿ ਇਸ਼ਤਿਹਾਰ ਦਿਖਾਉਣੇ ਹੀ ਬੰਦ ਕਰ ਦਿਓ।"

ਪੂਨਮ ਮੁਟਰੇਜਾ ਨੇ ਕਿਹਾ, "ਕੋਂਡੋਮ ਦੀਆਂ ਮਸ਼ਹੂਰੀਆਂ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਹੈ ਕਿ ਲੋਕਾਂ ਨੂੰ ਆਬਾਦੀ ਕਾਬੂ ਕਰਨ ਅਤੇ ਏਡਜ਼ ਵਰਗੀਆਂ ਗੰਭੀਰ ਦਿੱਕਤਾਂ ਤੋਂ ਬਚਾਉਣ ਦੇ ਤਰੀਕੇ ਦੱਸਣਾ ਹੈ। ਅਜੇ ਵੀ ਭਾਰਤ ਵਿਚ 1.5 ਕਰੋੜ ਗਰਭਪਾਤ ਹੁੰਦੇ ਹਨ, ਇਨ੍ਹਾਂ ਵਿੱਚੋਂ ਬਹੁਤੇ ਅਣਚਾਹੇ ਅਤੇ ਅਣ-ਅਣਵਿਆਹੇ ਹਮਲਾਂ ਕਰਕੇ ਹੁੰਦੇ ਹਨ। ਇਨ੍ਹਾਂ ਨੂੰ ਰੋਕਣ ਵਿੱਚ ਕੰਡੋਮ ਬਹੁਤ ਅਹਿਮ ਹਨ। ਸਰਕਾਰ ਵੀ ਇਸ ਵਿੱਚ ਭਰੋਸਾ ਰੱਖਦੀ ਹੈ, ਫੇਰ ਮਸ਼ਹੂਰੀਆਂ 'ਤੇ ਪਾਬੰਦੀ ਕਿਵੇਂ ਜਾਇਜ਼ ਹੋਈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)