ਪਰਵੇਜ਼ ਮੁਸ਼ੱਰਫ਼ : ਕਈ ਵਾਰ ਕਤਲ ਦੀਆਂ ਕੋਸ਼ਿਸ਼ਾਂ ਤੇ ਮੌਤ ਦੀ ਸਜ਼ਾ ਸਣੇ ਮੁਸ਼ੱਰਫ਼ ਦੀ ਜ਼ਿੰਦਗੀ ਦੇ ਅਹਿਮ ਪੰਨੇ

ਪਰਵੇਜ਼ ਮੁਸ਼ੱਰਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ ਹੈ।

ਪਾਕਿਸਤਾਨੀ ਫੌਜ ਨੇ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਜਨਰਲ ਪਰਵੇਜ਼ ਮੁਸ਼ੱਰਫ਼ ਦੀ ਮੌਤ ਤੋਂ ਦੁਖੀ ਹੈ।

ਪਾਕਿਸਤਾਨੀ ਫੌਜ ਨੇ ਕਿਹਾ, "ਅੱਲ੍ਹਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਵੇ।"

ਸਮਾਚਾਰ ਏਜੰਸੀ ਰਾਇਟਰਸ ਨੇ ਖ਼ਬਰ ਦਿੱਤੀ ਹੈ ਕਿ 79 ਸਾਲਾ ਮੁਸ਼ੱਰਫ ਦੀ ਲੰਬੀ ਬੀਮਾਰੀ ਤੋਂ ਬਾਅਦ ਦੁਬਈ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ।

ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਅਮਾਈਲੋਡੋਸਿਸ ਨਾਮ ਦੀ ਇੱਕ ਬਿਮਾਰੀ ਨਾਲ ਪੀੜਤ ਸਨ। ਇਸ ਬਿਮਾਰੀ ਵਿੱਚ, ਅਮਾਈਲਾਇਡ ਨਾਮ ਦਾ ਪ੍ਰੋਟੀਨ ਬਣਨ ਕਾਰਨ ਸਰੀਰ ਚੰਗੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਸਾਲ 2016 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਮੁਸ਼ੱਰਫ ਯੂਏਈ ਵਿੱਚ ਹੀ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਸਨ।

ਪਰਵੇਜ਼ ਮੁਸ਼ੱਰਫ

ਤਸਵੀਰ ਸਰੋਤ, DANIEL BEREHULAK/GETTY IMAGES

ਤਸਵੀਰ ਕੈਪਸ਼ਨ, ਮੁਸ਼ੱਰਫ਼ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਅਤੇ 1971 ਵਿਚ ਹੋਈਆਂ ਜੰਗਾਂ ਵਿਚ ਵੀ ਹਿੱਸਾ ਲਿਆ ਸੀ

ਪਰਵੇਜ਼ ਮੁਸ਼ੱਰਫ਼ ਦੀ ਨਿੱਜੀ ਜ਼ਿੰਦਗੀ

ਪਰਵੇਜ਼ ਮੁੱਸ਼ਰਫ਼ ਦਾ ਜਨਮ 11 ਅਗਸਤ ,1943 ਨੂੰ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿਚ ਹੋਇਆ ਸੀ। ਉਹ ਪਾਕਿਸਤਾਨ ਦੇ ਅਜਿਹੇ ਫੌਜੀ ਜਨਰਲ ਸਨ, ਜਿਨ੍ਹਾਂ ਨੇ 1999 ਵਿਚ ਮੁਲਕ ਦੀ ਸੱਤਾ ਦਾ ਤਖ਼ਤਾ ਪਲਟਾ ਦਿੱਤਾ ਸੀ।

ਉਹ ਆਪ ਪਾਕਿਸਤਾਨ ਦੇ ਰਾਸ਼ਟਰਪਤੀ ਬਣ ਗਏ ਸਨ ਅਤੇ ਇਸ ਅਹੁਦੇ ਉੱਤੇ 2001 ਤੋਂ 2008 ਤੱਕ ਰਹੇ।

1947 ਵਿਚ ਭਾਰਤ ਦੀ ਵੰਡ ਸਣੇ ਉਨ੍ਹਾਂ ਦਾ ਪਰਿਵਾਰ ਦਿੱਲੀ ਤੋਂ ਕਰਾਚੀ ਚਲਾ ਗਿਆ ਸੀ। ਉਨ੍ਹਾਂ ਦੇ ਪਿਤਾ ਡਿਪਲੋਮੈਟ ਸਨ ਜੋ 1949-56 ਤੱਕ ਤੁਰਕੀ ਵਿਚ ਰਹੇ ਸਨ।

ਉਨ੍ਹਾਂ ਨੇ ਕੁਇਆ ਦੇ ਆਰਮੀ ਕਮਾਂਡ ਅਤੇ ਸਟਾਫ਼ ਕਾਲਜ਼ ਤੋਂ ਪੜ੍ਹਾਈ ਕੀਤੀ ਅਤੇ 1964 ਵਿੱਚ ਪਾਕਿਸਤਾਨ ਫੌਜ ਵਿੱਤ ਭਰਤੀ ਹੋ ਗਏ। ਉਨ੍ਹਾਂ ਲੰਡਨ ਦੇ ਰਾਇਲ ਕਾਲਜ ਆਫ਼ ਡਿਫੈਂਸ ਤੋਂ ਵੀ ਪੜ੍ਹਾਈ ਕੀਤੀ ਸੀ।

ਮੁਸ਼ੱਰਫ਼ ਨੇ ਆਰਟਿਲਰੀ, ਇਨਫੈਂਟਰੀ ਅਤੇ ਕਮਾਂਡੋਂ ਯੂਨਿਟਾਂ ਵਿਚ ਕੰਮ ਕੀਤਾ ਸੀ ਅਤੇ ਨੈਸ਼ਨਲ ਡਿਫੈਂਸ਼ ਕਾਲਜ ਦੇ ਜੰਗੀ ਵਿਭਾਗ ਵਿਚ ਪੜ੍ਹਾਇਆ ਵੀ ਸੀ।

ਮੁਸ਼ੱਰਫ਼ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1965 ਅਤੇ 1971 ਵਿਚ ਹੋਈਆਂ ਜੰਗਾਂ ਵਿਚ ਵੀ ਹਿੱਸਾ ਲਿਆ ਸੀ।

ਪਰਵੇਜ਼ ਮੁਸ਼ੱਰਫ

1998 ਵਿਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦਾ ਮੁਖੀ ਨਿਯੁਕਤ ਕੀਤਾ। 1999 ਵਿਚ ਭਾਰਤ ਸਾਸ਼ਿਤ ਕਸ਼ਮੀਰ ਦੇ ਕਾਰਗਿਲ ਵਿਚ ਘੁਸਪੈਠ ਕਰਵਾਉਣ ਦੀ ਯੋਜਨਾ ਵਿਚ ਮੁਸੱਰਫ਼ ਨੇ ਹੀ ਮੋਹਰੀ ਭੂਮਿਕਾ ਨਿਭਾਈ ਸੀ।

ਇਸ ਤੋਂ ਬਾਅਦ ਭਾਰਤੀ ਫੌਜਾਂ ਨੇ ਵੀ ਇਸ ਦਾ ਜਵਾਬ ਦਿੱਤਾ ਅਤੇ ਪਾਕਿਸਤਾਨੀ ਦੀਆਂ ਫੌਜਾਂ ਨੂੰ ਪਿੱਛੇ ਹਟਣਾ ਪਿਆ ਸੀ। ਜਿਸ ਤੋਂ ਬਾਅਦ ਜਦੋਂ 12 ਅਕਤੂਬਰ 1999 ਨੂੰ ਨਵਾਜ਼ ਸਰੀਫ਼ ਦੇਸ ਤੋਂ ਬਾਹਰ ਸਨ , ਅਤੇ ਵਾਪਸ ਪਰਤ ਰਹੇ ਸਨ ਤਾਂ ਫੌਜ ਨੇ ਕਰਾਚੀ ਏਅਰਪੋਰਟ ਉੱਤੇ ਉਨ੍ਹਾਂ ਦਾ ਜਹਾਜ਼ ਉਤਰਨ ਤੋਂ ਰੋਕ ਦਿੱਤਾ।

ਫੌਜ ਨੇ ਏਅਰਪੋਰਟ ਅਤੇ ਸਰਕਾਰੀ ਅਦਾਰਿਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਅਤੇ ਮੁਸ਼ੱਰਫ਼ ਨੇ ਪਾਕਿਸਤਾਨ ਦੀ ਮਿਲਟਰੀ ਸਰਕਾਰ ਦੀ ਖੁਦ ਕਮਾਂਡ ਸੰਭਾਲ ਲ਼ਈ ਸੀ।

ਬੀਬੀਸੀ

ਕੌਣ ਹਨ ਮੁਸ਼ੱਰਫ਼?

  • ਪਰਵੇਜ਼ ਮੁਸ਼ੱਰਫ਼ ਪਾਕਿਸਤਾਨੀ ਫ਼ੌਜ ਦੇ ਸਾਬਕਾ ਮੁਖੀ ਹਨ, ਜਿੰਨ੍ਹਾਂ ਨੇ ਮੁਲਕ ਦੀ ਜਮਹੂਰੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਸੀ।
  • ਪਰਵੇਜ਼ ਦਾ ਜਨਮ ਪੁਰਾਣੀ ਦਿੱਲੀ ਵਿਚ 11 ਅਗਸਤ 1943 ਨੂੰ ਹੋਇਆ ਅਤੇ 1947 ਵਿਚ ਦੇਸ ਦੀ ਵੰਡ ਦੌਰਾਨ ਉਨ੍ਹਾਂ ਦਾ ਪਰਿਵਾਰ ਕਰਾਚੀ ਜਾ ਵੱਸਿਆ।
  • 1961 ਵਿਚ ਪਾਕਿਸਤਾਨ ਮਿਲਟਰੀ ਅਕੈਡਮੀ ਵਿਚ ਦਾਖਲ ਹੋਣ ਵਾਲੇ ਮੁਸ਼ਰੱਫ਼ ਨੂੰ 1964 ਵਿਚ ਕਮਿਸ਼ਨ ਮਿਲਿਆ।
  • ਮੁਸ਼ਰੱਫ਼ ਜਦੋਂ ਫ਼ੌਜ ਮੁਖੀ ਬਣੇ ਤਾਂ ਉਨ੍ਹਾਂ ਕਾਰਗਿਲ ਜੰਗ ਦੇ ਨਾਂ ਨਾਲ ਜਾਣੀ ਜਾਂਦੀ ਭਾਰਤ-ਪਾਕਿਸਤਾਨ ਜੰਗ ਵਿਚ ਮੁਲਕ ਦੀ ਅਗਵਾਈ ਕੀਤੀ।
  • ਅਫ਼ਗਾਨ ਸਿਵਲ ਵਾਰ ਅਤੇ ਪਾਕਿਸਤਾਨ ਦੇ ਆਰਟਿਲਟਰੀ ਸੇਵਾ ਲਈ ਮੁਸ਼ਰੱਫ਼ ਦਾ ਅਹਿਮ ਰੋਲ ਰਿਹਾ ।
  • 1999 ਵਿਚ ਇਸ ਜੰਗ ਤੋਂ ਬਾਅਦ ਮੁਸ਼ੱਰਫ਼ ਨੇ ਜਮਹੂਰੀ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦਾ ਤਖਤਾ ਪਲਟ ਦਿੱਤਾ ਅਤੇ ਸੱਤਾ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਲਈ ।
  • 2001 ਤੋਂ ਲੈਕੇ 2008 ਵਿਚ ਬਤੌਰ ਰਾਸ਼ਟਰਪਤੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੱਕ ਉਹ ਮੁਲਕ ਉੱਤੇ ਰਾਜ ਕਰਦੇ ਰਹੇ।
  • ਉਨ੍ਹਾਂ 'ਤੇ ਦੇਸ਼ ਦੇ ਸੰਵਿਧਾਨ ਨੂੰ ਗੈਰ-ਕਾਨੂੰਨੀ ਤੌਰ 'ਤੇ ਮੁਅੱਤਲ ਕਰਨ ਅਤੇ ਐਮਰਜੈਂਸੀ ਲਗਾਉਣ ਦਾ ਦੋਸ਼ ਲਗਾਇਆ ਗਿਆ।
  • 2007 ਵਿੱਚ ਜਦੋਂ ਨਵਾਜ਼ ਸ਼ਰੀਫ਼ ਜਲਾਵਤਨੀ ਤੋਂ ਵਾਪਸ ਆਏ ਤਾਂ ਇਹ ਮੁਸ਼ੱਰਫ਼ ਦੌਰ ਦੇ ਅੰਤ ਦੀ ਸ਼ੁਰੂਆਤ ਸੀ
  • ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਮੁਸ਼ੱਰਫ ਦੁਬਈ ਵਿੱਚ ਜ਼ੇਰੇ ਇਲਾਜ ਸਨ, ਜਿੱਥੇ 5 ਫ਼ਰਵਰੀ 2023 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਬੀਬੀਸੀ
ਪਰਵੇਜ਼ ਮੁਸ਼ੱਰਫ

ਤਸਵੀਰ ਸਰੋਤ, @P_Musharraf

ਤਸਵੀਰ ਕੈਪਸ਼ਨ, ਉਹ ਪਾਕਿਸਤਾਨ ਦੇ ਅਜਿਹੇ ਫੌਜੀ ਜਨਰਲ ਸਨ, ਜਿਨ੍ਹਾਂ ਨੇ 1999 ਵਿਚ ਮੁਲਕ ਦੀ ਸੱਤਾ ਦਾ ਤਖ਼ਤਾ ਪਲਟਾ ਦਿੱਤਾ ਸੀ

ਕਈ ਵਾਰ ਹੋਈ ਕਤਲ ਦੀ ਕੋਸ਼ਿਸ਼

1999 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪਰਵੇਜ਼ ਮੁਸ਼ੱਰਫ ਦੇ ਕਤਲ ਦੀਆਂ ਵੀ ਕਈ ਕੋਸ਼ਿਸ਼ਾਂ ਹੋਈਆਂ।

ਉਨ੍ਹਾਂ ਦੀ ਪਾਰਟੀ ਵੱਲੋਂ 2008 ਦੀਆਂ ਚੋਣਾਂ ਹਾਰਨ ਤੋਂ ਬਾਅਦ, ਉਨ੍ਹਾਂ 'ਤੇ ਦੇਸ਼ ਦੇ ਸੰਵਿਧਾਨ ਨੂੰ ਗੈਰ-ਕਾਨੂੰਨੀ ਤੌਰ 'ਤੇ ਮੁਅੱਤਲ ਕਰਨ ਅਤੇ ਐਮਰਜੈਂਸੀ ਲਗਾਉਣ ਦਾ ਦੋਸ਼ ਲਗਾਇਆ ਗਿਆ।

ਅਦਾਲਤ ਨੇ ਮੁਸ਼ਰੱਫ ਨੂੰ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਸੰਵਿਧਾਨ ਦੀ ਉਲੰਘਣਾ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਸੀ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਲਾਦੇਨ ਨੂੰ ਲੈ ਕੇ ਹੋਈ ਸੀ ਸਖ਼ਤ ਆਲੋਚਨਾ

ਪਰਵੇਜ਼ ਮੁਸ਼ੱਰਫ 'ਤੇ ਨਾਟੋ ਅਤੇ ਅਫਗਾਨ ਸਰਕਾਰ ਦੁਆਰਾ ਵਾਰ-ਵਾਰ ਇਲਜ਼ਾਮ ਲਗਾਏ ਗਏ ਕਿ ਉਹ ਅਫਗਾਨਿਸਤਾਨ ਵਿੱਚ ਅਲ-ਕਾਇਦਾ ਅਤੇ ਤਾਲਿਬਾਨ ਦੇ ਸਹਾਇਕਾਂ ਦੀ ਆਵਾਜਾਈ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੇ ਸਨ।

ਅਮਰੀਕਾ 'ਚ ਹੋਏ 9/11 ਦੇ ਹਮਲੇ ਤੋਂ ਬਾਅਦ ਉਹ ਅਮਰੀਕਾ ਦੇ ਨਿਸ਼ਾਨੇ 'ਤੇ ਵੀ ਰਹੇ।

ਉਸ ਸਮੇਂ ਮੁਸ਼ੱਰਫ 'ਤੇ ਮੁੜ ਸਵਾਲ ਉੱਠੇ ਜਦੋਂ ਸਾਲ 2011 ਵਿੱਚ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿੱਚ ਮਿਲਿਆ, ਜਿੱਥੇ ਉਹ ਪਾਕਿਸਤਾਨ ਮਿਲਟਰੀ ਅਕੈਡਮੀ ਦੇ ਨੇੜੇ-ਤੇੜੇ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਮੁਸ਼ੱਰਫ਼ ਨੇ ਸਾਲਾਂ ਤੋਂ ਹੀ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਨ੍ਹਾਂ ਨੂੰ ਲਾਦੇਨ ਬਾਰੇ ਕੁਝ ਦੱਸਿਆ ਗਿਆ ਸੀ।

ਪਰਵੇਜ਼ ਮੁਸ਼ੱਰਫ਼

ਸੱਤਾ ਦਾ ਪਤਨ

ਜਨਰਲ ਮੁਸ਼ੱਰਫ ਸੈਨਾ ਮੁਖੀ ਵਜੋਂ ਸੇਵਾ ਕਰਦੇ ਹੋਏ ਰਾਸ਼ਟਰਪਤੀ ਬਣੇ ਰਹਿਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੀ ਇਸ ਇੱਛਾ ਨੂੰ ਲੈ ਕੇ ਵੀ ਵਿਵਾਦ ਹੁੰਦਾ ਰਿਹਾ। ਖਾਸ ਕਰਕੇ ਪਾਕਿਸਤਾਨ ਦੀ ਨਿਆਂ ਪਾਲਿਕਾ ਨੂੰ ਇਸ ਗੱਲ ਤੋਂ ਇਤਰਾਜ਼ ਸੀ।

2007 ਵਿੱਚ, ਮੁਸ਼ੱਰਫ ਨੇ ਤਤਕਾਲੀ ਚੀਫ਼ ਜਸਟਿਸ ਇਫ਼ਤਿਖਾਰ ਮੁਹੰਮਦ ਚੌਧਰੀ ਨੂੰ ਬਰਖਾਸਤ ਕਰ ਦਿੱਤਾ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ।

ਕੁਝ ਮਹੀਨਿਆਂ ਬਾਅਦ, ਉਨ੍ਹਾਂ ਨੇ ਇਸਲਾਮਾਬਾਦ ਵਿੱਚ ਲਾਲ ਮਸਜਿਦ ਅਤੇ ਇਸ ਦੇ ਨਾਲ ਲੱਗਦੇ ਮਦਰੱਸੇ ਦੀ ਖੂਨੀ ਘੇਰਾਬੰਦੀ ਦਾ ਹੁਕਮ ਦਿੱਤਾ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ।

ਉਸ ਵੇਲੇ ਲਾਲ ਮਸਜਿਦ ਦੇ ਮੌਲਵੀਆਂ ਅਤੇ ਵਿਦਿਆਰਥੀਆਂ 'ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਖ਼ਤ ਸ਼ਰੀਆ ਕਾਨੂੰਨ ਲਾਗੂ ਕਰਨ ਲਈ ਹਮਲਾਵਰ ਮੁਹਿੰਮ ਚਲਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਇਸ ਘਟਨਾ ਦੇ ਜਵਾਬ ਵਿਚ ਪਾਕਿਸਤਾਨੀ ਤਾਲਿਬਾਨ ਦਾ ਗਠਨ ਹੋਇਆ ਅਤੇ ਹਥਿਆਰਬੰਦ ਤੇ ਬੰਬ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ।

2007 ਵਿੱਚ ਜਦੋਂ ਨਵਾਜ਼ ਸ਼ਰੀਫ਼ ਜਲਾਵਤਨੀ ਤੋਂ ਵਾਪਸ ਆਏ ਤਾਂ ਇਹ ਮੁਸ਼ੱਰਫ਼ ਦੌਰ ਦੇ ਅੰਤ ਦੀ ਸ਼ੁਰੂਆਤ ਸੀ।

ਪਰਵੇਜ਼ ਮੁਸ਼ੱਰਫ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1998 ਵਿਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦਾ ਮੁਖੀ ਨਿਯੁਕਤ ਕੀਤਾ ਸੀ

ਦੇਸ਼ ਛੱਡਿਆ ਤੇ ਮੁੜ ਵਾਪਸੀ ਵੇਲੇ ਹੋਏ ਗ੍ਰਿਫ਼ਤਾਰ

ਸੱਤਾ ਨੂੰ ਡਗਮਾਉਂਦੇ ਹੋਏ ਦੇਖਿਆ ਤਾਂ ਮੁਸ਼ੱਰਫ ਨੇ ਆਪਣੇ ਸ਼ਾਸਨ ਨੂੰ ਵਧਾਉਣ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ, ਪਰ ਉਨ੍ਹਾਂ ਪਾਰਟੀ ਫਰਵਰੀ 2008 ਦੀਆਂ ਸੰਸਦੀ ਚੋਣਾਂ ਹਾਰ ਗਈ।

ਛੇ ਮਹੀਨਿਆਂ ਬਾਅਦ, ਉਨ੍ਹਾਂ ਨੇ ਮਹਾਂਦੋਸ਼ ਤੋਂ ਬਚਣ ਲਈ ਅਸਤੀਫਾ ਦੇ ਦਿੱਤਾ ਅਤੇ ਦੇਸ਼ ਛੱਡ ਦਿੱਤਾ।

ਅਨੁਮਾਨ ਲਗਾਏ ਜਾਂਦੇ ਹਨ ਕਿ ਲੰਡਨ ਅਤੇ ਦੁਬਈ 'ਚ ਰਹਿਣ ਦੌਰਾਨ ਉਨ੍ਹਾਂ ਦੁਨੀਆ ਭਰ 'ਚ ਦਿੱਤੇ ਗਏ ਭਾਸ਼ਣਾਂ ਦੇ ਬਦਲੇ ਲੱਖਾਂ ਡਾਲਰ ਕਮਾਏ, ਪਰ ਉਨ੍ਹਾਂ ਕਦੇ ਵੀ ਇਹ ਜ਼ਾਹਿਰ ਨਹੀਂ ਕੀਤਾ ਕਿ ਉਨ੍ਹਾਂ ਇਰਾਦਾ ਸੱਤਾ ਵਿੱਚ ਵਾਪਸ ਆਉਣ ਦਾ ਸੀ।

ਮਾਰਚ 2013 ਵਿੱਚ, ਉਹ ਨਾਟਕੀ ਢੰਗ ਨਾਲ ਚੋਣਾਂ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਪਰਤੇ ਪਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਤੇ ਫਿਰ ਜਲਦੀ ਹੀ ਉਹ ਬੇਨਜ਼ੀਰ ਭੁੱਟੋ ਦੇ ਕਤਲ ਸਬੰਧੀ (ਘੱਟ ਸੁਰੱਖਿਆ) ਦੇ ਮਾਮਲਿਆਂ 'ਚ ਉਲਝ ਗਏ।

2010 ਵਿਚ, ਉਨ੍ਹਾਂ 'ਤੇ 2007 ਵਿਚ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਫੈਸਲੇ ਲਈ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ।

ਪਰ ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਸੈਨਾ ਨੇ ਲੰਬੇ ਸਮੇਂ ਤੱਕ ਰਾਜ ਕੀਤਾ ਹੈ, ਇਹ ਮੁਕੱਦਮਾ ਆਸਾਨ ਨਹੀਂ ਹੈ। ਇਸ ਲਈ, ਸਰਕਾਰ ਨੇ ਸਾਬਕਾ ਰਾਸ਼ਟਰਪਤੀ ਦੇ ਕੇਸ ਵਿਸ਼ੇਸ਼ ਅਦਾਲਤੀ ਸੁਣਵਾਈ ਦਾ ਪ੍ਰਬੰਧ ਕੀਤਾ।

ਪੰਜ ਸਾਲ ਚੱਲੇ ਕੇਸ ਦੇ ਅੰਤ ਵਿੱਚ ਤਿੰਨ ਜੱਜਾਂ ਦੀ ਅਦਾਲਤ ਨੇ ਮੁਸ਼ੱਰਫ਼ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।

ਪਰ ਇਹ ਸਜ਼ਾ ਪੂਰੀ ਨਾ ਹੋ ਸਕੀ ਅਤੇ ਪਰਵੇਜ਼ ਮੁਸ਼ੱਰਫ਼ ਬੀਮਾਰੀ ਨਾਲ ਜੂਝਦੇ ਰਹੇ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਬੀਬੀਸੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)