ਸੌਫੀ ਬੰਦੇ ਦੇ ਪੇਟ 'ਚ ਬਣਦੀ ਹੈ 'ਸ਼ਰਾਬ', ਜਾਣੋ ਇਹ ਅਨੋਖੀ ਬਿਮਾਰੀ ਦਾ ਭੇਦ

ਆਟੋ-ਬ੍ਰਿਉਰੀ ਸਿੰਡਰੋਮ

ਤਸਵੀਰ ਸਰੋਤ, Edwin Remsberg/Alamy

ਇਹ ਹਫ਼ਤੇ ਵਿੱਚ ਦੋ-ਤਿੰਨ ਵਾਰ ਹੋ ਜਾਂਦਾ ਸੀ। ਨਿਕ ਕੈਰਸਨ ਦੀ ਜ਼ੁਬਾਨ ਲੜਖੜਾਉਣ ਲਗਦੀ ਅਤੇ ਹੌਲੀ-ਹੌਲੀ ਪੈਰ ਉੱਖੜਨ ਲਗਦੇ।

ਉਹ ਇੱਧਰ-ਉਧਰ ਦੀਆਂ ਗੱਲਾਂ ਕਰਨ ਲਗਦਾ ਅਤੇ ਫਿਰ ਗੂੜ੍ਹੀ ਨੀਂਦ ਵਿੱਚ ਸੌਂ ਜਾਂਦਾ। ਦੋ ਬੱਚਿਆਂ ਦੇ ਬਾਪ ਨਿਕ ਕੈਰਸਨ ਵਿੱਚ ਸ਼ਰਾਬ ਦਾ ਸੇਵਨ ਕੀਤੇ ਬਿਨ੍ਹਾਂ ਹੀ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੇ ਸਭ ਲੱਛਣ ਸੀ।

ਨਸ਼ੇ ਦੀ ਹਾਲਤ ਦੇ ਨਾਲ ਹੋਰ ਲੱਛਣ ਵੀ ਆਉਂਦੇ ਸੀ। ਜਿਵੇਂ ਕਿ ਪੇਟ ਦਰਦ, ਪੇਟ ਵਿੱਚ ਫੁਲਾਵਟ ਅਤੇ ਥਕਾਨ।

ਉਹ ਅਕਸਰ ਬਿਮਾਰ ਪੈ ਜਾਂਦਾ ਅਤੇ ਬੇਹੋਸ਼ ਹੋ ਜਾਂਦਾ।

ਪਹਿਲੀ ਵਾਰ ਇਹ ਵੀਹ ਸਾਲ ਪਹਿਲਾਂ ਹੋਇਆ ਸੀ ਜਦੋਂ ਉਸ ਦੇ ਪਰਿਵਾਰ ਨੇ ਉਸ ਨੂੰ ਆਉਣ ਲੱਗੀਆਂ ਮਾਨਸਿਕ ਸਮੱਸਿਆਵਾਂ ਦੇਖੀਆਂ।

ਕੈਰਸਨ ਦੀ ਪਤਨੀ ਕੇਰਨ ਕਹਿੰਦੀ ਹੈ, "ਇਸ ਤੋਂ ਪਹਿਲਾਂ ਮੈਂ ਕਦੇ ਇਨ੍ਹਾਂ ਨੂੰ ਸ਼ਰਾਬ ਪੀਂਦੇ ਨਹੀਂ ਦੇਖਿਆ।"

ਪਰ ਅਗਲੇ ਦਿਨ ਤੱਕ ਕੈਰਸਨ ਨੂੰ ਖੁਦ ਸਿਰਫ਼ ਧੁੰਦਲਾ-ਧੁੰਦਲਾਂ ਹੀ ਯਾਦ ਰਹਿੰਦਾ।

ਆਟੋ-ਬ੍ਰਿਉਰੀ ਸਿੰਡਰੋਮ

ਤਸਵੀਰ ਸਰੋਤ, Nick and Karen Carson

ਤਸਵੀਰ ਕੈਪਸ਼ਨ, ਨਿਕ ਕੈਰਸਨ ਆਪਣੀ ਪਤਨੀ

ਯੂਕੇ ਦੇ ਸਫੋਲਕ ਵਿੱਚ ਰਹਿਣ ਵਾਲੇ ਨਿਕ ਕੈਰਸਨ (64) ਕਹਿੰਦੇ ਹਨ, "ਕੀ ਹੋ ਰਿਹਾ ਸੀ, ਮੈਨੂੰ ਕੁਝ ਨਹੀਂ ਪਤਾ, ਛੇ-ਅੱਠ ਘੰਟਿਆਂ ਬਾਅਦ ਮੈਂ ਇਸ ਤਰ੍ਹਾਂ ਜਾਗਦਾ ਸੀ ਜਿਵੇਂ ਮੈਨੂੰ ਕੁਝ ਨਾ ਹੋਇਆ ਹੋਵੇ, ਹੈਂਗਓਵਰ ਵੀ ਕਦੇ ਹੀ ਮਹਿਸੂਸ ਹੁੰਦਾ ਸੀ।"

ਫਿਰ ਕੈਰਸਨ ਅਤੇ ਉਨ੍ਹਾਂ ਦੀ ਪਤਨੀ ਨੂੰ ਪਤਾ ਲੱਗਿਆ ਕਿ ਨਸ਼ੇ ਵਾਲੇ ਅਤੇ ਬਾਕੀ ਲੱਛਣ ਅਜਿਹਾ ਭੋਜਨ ਖਾਣ ਤੋਂ ਬਾਅਦ ਸ਼ੁਰੂ ਹੁੰਦੇ ਸੀ, ਜਿਸ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਸੀ, ਜਿਵੇਂ ਕਿ ਆਲੂ।

ਡਾਕਟਰਾਂ ਅਤੇ ਖੁਰਾਕ ਮਾਹਿਰਾਂ ਨੂੰ ਕਈ ਵਾਰ ਮਿਲਣ ਬਾਅਦ ਪਤਾ ਲੱਗਿਆ ਕਿ ਕੈਰਸਨ 'ਆਟੋ-ਬ੍ਰਿਉਰੀ ਸਿੰਡਰੋਮ' ਨਾਮੀਂ ਇੱਕ ਅਜੀਬ ਹਾਲਤ ਨਾਲ ਪੀੜਤ ਹੈ।

ਬੀਬੀਸੀ
  • ਆਟੋ-ਬ੍ਰਿਉਰੀ ਸਿੰਡਰੋਮ ਨੂੰ ਗੱਟ ਫਰਮੰਟੇਸ਼ਨ ਸਿੰਡਰੋਮ ਨਾਲ ਵੀ ਜਾਣਿਆ ਜਾਂਦਾ ਹੈ।
  • ਇਸ ਨਾਲ ਸਰੀਰ ਅੰਦਰ ਖੂਨ ਵਿੱਚ ਅਲਕੋਹਲ ਦੀ ਮਾਤਰਾ ਵਧ ਜਾਂਦੀ ਹੈ।
  • ਮਰੀਜ਼ ਅੰਦਰ ਨਸ਼ੇ ਵਿੱਚ ਹੋਣ ਦੇ ਲੱਛਣ ਆਉਣ ਲਗਦੇ ਹਨ।
  • ਇਸ ਦੇ ਨਵੇ ਰੂਪ ਨੂੰ 'ਯੁਰਿਨਰੀ ਆਟੋ-ਬ੍ਰਿਉਰੀ ਸਿੰਡਰੋਮ' ਜਾਂ 'ਬਲੈਡਰ ਫਰਮੰਟੇਸ਼ਨ ਸਿੰਡਰੋਮ' ਕਹਿੰਦੇ ਹਨ।
  • ਇਹ ਸਿੰਡਰੋਮ ਸਿਹਤਮੰਦ ਲੋਕਾਂ ਅੰਦਰ ਵੀ ਦੇਖਿਆ ਗਿਆ ਹੈ।
  • ਗਲਤ ਤਰ੍ਹਾਂ ਦੇ ਭੋਜਨ ਜ਼ਿਆਦਾ ਖਾਣ ਦੀ ਵੀ ਭੂਮਿਕਾ ਹੋ ਸਕਦੀ ਹੈ।
ਬੀਬੀਸੀ

ਆਟੋ-ਬ੍ਰਿਉਰੀ ਸਿੰਡਰੋਮ ਕੀ ਹੈ ?

ਆਟੋ-ਬ੍ਰਿਉਰੀ ਸਿੰਡਰੋਮ ਨੂੰ ਗੱਟ ਫਰਮਨਟੇਸ਼ਨ ਸਿੰਡਰੋਮ ਨਾਲ ਵੀ ਜਾਣਿਆ ਜਾਂਦਾ ਹੈ।

ਇਹ ਇੱਕ ਅਜਿਹੀ ਹਾਲਤ ਹੈ, ਜਿਸ ਨਾਲ ਸਰੀਰ ਅੰਦਰ ਖੂਨ ਵਿੱਚ ਅਲਕੋਹਲ ਦੀ ਮਾਤਰਾ ਵਧ ਜਾਂਦੀ ਹੈ ਤੇ ਮਰੀਜ਼ ਅੰਦਰ ਨਸ਼ੇ ਵਿੱਚ ਹੋਣ ਦੇ ਲੱਛਣ ਆਉਣ ਲਗਦੇ ਹਨ, ਭਾਵੇਂ ਉਸ ਨੇ ਨਾ-ਮਾਤਰ ਅਲਕੋਹਲ ਦਾ ਸੇਵਨ ਕੀਤਾ ਹੋਵੇ ਜਾਂ ਬਿਲਕੁਲ ਵੀ ਨਾਂ ਕੀਤਾ ਹੋਵੇ।

ਇਸ ਨਾਲ ਉਹ ਸਾਹ ਜ਼ਰੀਏ ਸ਼ਰਾਬ ਦੇ ਸੇਵਨ ਦਾ ਪਤਾ ਲਗਾਉਣ ਵਾਲੇ ਟੈਸਟ ਵਿੱਚ ਵੀ ਫ਼ੇਲ੍ਹ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਸਮਾਜਿਕ ਤੇ ਕਾਨੂੰਨੀ ਨਤੀਜੇ ਭੁਗਤਣੇ ਪੈ ਸਕਦੇ ਹਨ।

ਪਰ ਇਹ ਅਜੀਬ ਵਰਤਾਰਾ ਕਾਫ਼ੀ ਵਿਵਾਦਤ ਵੀ ਹੈ।ਇਸ ਦੇ ਅਸਲ ਕਾਰਨਾਂ ਬਾਰੇ ਜ਼ਿਆਦਾ ਸਮਝਿਆ ਨਹੀਂ ਗਿਆ ਹੈ।

ਬਾਵਜੂਦ ਇਸ ਦੇ, ਇਸ ਹਾਲਤ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਕੇਸਾਂ ਵਿੱਚ ਕਾਨੂੰਨੀ ਬਚਾਅ ਵਜੋਂ ਵੀ ਵਰਤਿਆ ਜਾ ਰਿਹਾ ਹੈ।

ਫਿਲਾਡੈਲਫੀਆ ਦੇ ਸੈਂਟਰ ਫਾਰ ਫਾਰੈਂਸਕ ਸਾਇੰਸ ਰਿਸਰਚ ਅਤੇ ਐਜੁਕੇਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਬੈਰੀ ਲੋਗਨ ਕਹਿੰਦੇ ਹਨ, "ਮੈਨੂੰ ਲਗਦਾ ਹੈ ਵਧੇਰੇ ਟੌਕਸਿਕੋਲੋਜਿਸਟ ਇਹ ਮੰਨਣਗੇ ਕਿ ਇਹ ਇੱਕ ਅਸਲ ਵਿੱਚ ਮੈਡੀਕਲ ਸਥਿਤੀ ਹੈ ਅਤੇ ਤੁਹਾਡੇ ਵਿੱਚ ਅੰਦਰੂਨੀ ਖ਼ਮੀਰਨ ਜ਼ਰੀਏ ਕਾਫ਼ੀ ਘਣਤਾ ਵਾਲਾ ਅਲਕੋਹਲ ਬਣ ਸਕਦਾ ਹੈ।"

ਆਟੋ-ਬ੍ਰਿਉਰੀ ਸਿੰਡਰੋਮ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਸਾਡੇ ਸਾਰਿਆਂ ਅੰਦਰ ਹੀ ਖਮੀਰਨ ਰਾਹੀਂ ਕੁਝ ਮਾਤਰਾ ਵਿੱਚ ਅਲਕੋਹਲ ਬਣਦਾ ਹੈ ਪਰ ਜ਼ਿਆਦਾਤਰ ਲੋਕਾਂ ਵਿੱਚ ਇਸ ਦੀ ਮਾਤਰਾ ਇੰਨੀ ਥੋੜ੍ਹੀ ਹੁੰਦੀ ਹੈ ਕਿ ਮਾਪੀ ਨਹੀਂ ਜਾ ਸਕਦੀ।"

ਆਮ ਤੌਰ 'ਤੇ ਗੱਟ ਯਾਨੀ ਅੰਤੜੀ ਅੰਦਰ ਹੋਣ ਵਾਲਾ ਖਮੀਰਨ ਖੂਨ ਵਿੱਚ ਮਿਲਣ ਤੋਂ ਪਹਿਲਾਂ ਹੀ ਬਾਹਰ ਨਿੱਕਲ ਜਾਂਦਾ ਹੈ। ਇਸ ਪ੍ਰਭਾਵ ਨੂੰ 'ਫਰਸਟ-ਪਾਸ ਮੈਟਾਬੋਲਿਜ਼ਮ' ਕਿਹਾ ਜਾਂਦਾ ਹੈ।

ਬੈਰੀ ਲੋਗਨ ਦੱਸਦੇ ਹਨ, "ਜੇ ਕਿਸੇ ਨੂੰ ਆਟੋ-ਬ੍ਰਿਉਰੀ ਸਿੰਡਰੋਮ ਹੈ, ਉਨ੍ਹਾਂ ਅੰਦਰ ਅਲਕੋਹਲ ਬਣਨ ਦੀ ਦਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਫਰਸਟ-ਪਾਸ ਜ਼ਰੀਏ ਬਾਹਰ ਨਹੀਂ ਨਿਕਲਦੀ।"

ਇਸ ਹਾਲਤ ਬਾਰੇ ਇੱਕ ਸੁਝਾਈ ਵਿਧੀ ਮੁਤਾਬਕ ਇਹ ਅੰਤੜੀ ਦੇ ਰੋਗਾਣੂਆਂ ਵਿੱਚ ਅਸੰਤੁਲਨ ਕਾਰਨ ਹੁੰਦਾ ਹੈ, ਜਿਸ ਨਾਲ ਇੱਕ ਖਾਸ ਤਰ੍ਹਾਂ ਦੇ ਰੋਗਾਣੂ ਵਧੇਰੇ ਮਾਤਰਾ ਵਿੱਚ ਬਣਨ ਲਗਦੇ ਹਨ ਅਤੇ ਕਿਸੇ ਖਾਸ ਹਾਲਤ ਵਿੱਚ ਉੱਚ ਕਾਰਬੋਹਾਈਡ੍ਰੇਟ ਵਾਲੇ ਭੋਜਨ ਨੂੰ ਅਲਕੋਹਲ ਵਿੱਚ ਬਦਲ ਦਿੰਦੇ ਹਨ।

ਹਾਲ ਹੀ ਵਿੱਚ ਇਸ ਦਾ ਨਵਾਂ ਰੂਪ ਮਿਲਿਆ ਹੈ ਜਿਸ ਨੂੰ 'ਯੁਰਿਨਰੀ ਆਟੋ-ਬ੍ਰਿਉਰੀ ਸਿੰਡਰੋਮ' ਜਾਂ 'ਬਲੈਡਰ ਫਰਮੰਟੇਸ਼ਨ ਸਿੰਡਰੋਮ' ਕਹਿੰਦੇ ਹਨ।

ਇਹ ਬਲੈਡਰ ਵਿੱਚ ਰੋਗਾਣੂਆਂ ਦੇ ਅਸੰਤੁਲਨ ਕਾਰਨ ਹੁੰਦਾ ਹੈ ਅਤੇ ਇਸ ਨਾਲ ਪਿਸ਼ਾਬ ਵਿੱਚ ਅਲਕੋਹਲ ਦੀ ਮਾਤਰਾ ਆ ਜਾਂਦੀ ਹੈ।

(ਇਹ ਰੂਪ ਡਾਇਬਟੀਜ਼ ਦੇ ਮਰੀਜ਼ਾਂ ਵਿੱਚ ਦੇਖੀ ਗਈ ਹੈ, ਜਿਸ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਪਿਸ਼ਾਬ ਵਿੱਚ ਸ਼ੂਗਰ ਦੀ ਮਾਤਰਾ ਪੈਦਾ ਕਰਦਾ ਹੈ ਜੋ ਕਿ ਰੋਗਾਣੂ ਖੁਰਾਕ ਵਜੋਂ ਵਰਤਣ ਲਗਦੇ ਹਨ)

ਬੀਬੀਸੀ
ਵੀਡੀਓ ਕੈਪਸ਼ਨ, ਔਰਤਾਂ ਦੀ ਮਾਨਸਿਕ ਸਿਹਤ

ਸਾਡੇ ਸਰੀਰ ਵਿੱਚ ਅਜਿਹੇ ਬਦਲਾਅ ਕਿਉਂ ਹੁੰਦੇ ਹਨ ?

ਸਾਡੇ ਸਰੀਰ ਅੰਦਰਲੇ ਸੂਖਮ ਜੀਵਾਣੂਆਂ ਵਿੱਚ ਇਹ ਅਚਾਨਕ ਤੇ ਨਾਟਕੀ ਬਦਲਾਅ ਕਿਸ ਕਾਰਨ ਹੁੰਦਾ ਹੈ ਜੋ ਆਟੋ-ਬ੍ਰਿਉਰੀ ਸਿੰਡਰੋਮ ਨੂੰ ਜਨਮ ਦਿੰਦਾ ਹੈ?

ਇਹ ਸਿੰਡਰੋਮ ਸਿਹਤਮੰਦ ਲੋਕਾਂ ਅੰਦਰ ਵੀ ਦੇਖਿਆ ਗਿਆ ਹੈ।

ਪਰ ਜ਼ਿਆਦਾਤਰ ਇਹ ਉਨ੍ਹਾਂ ਲੋਕਾਂ ਅੰਦਰ ਹੁੰਦਾ ਹੈ ਜੋ ਹੋਰ ਬਿਮਾਰੀਆਂ ਜਿਵੇਂ ਕਿ ਸ਼ੂਗਰ, ਮੋਟਾਪੇ ਨਾਲ ਸਬੰਧਤ ਲੀਵਰ ਦੇ ਰੋਗ, ਪਾਚਨ ਤੰਤਰ ਵਿੱਚ ਸੋਜ, ਅੰਤੜੀ ਦੇ ਮਲ ਤੇ ਗੈਸ ਨੂੰ ਬਾਹਰ ਕੱਢਣ ਵਿੱਚ ਮੁਸ਼ਕਿਲ, ਜਾਂ ਛੋਟੀ ਅੰਤੜੀ ਵਿੱਚ ਬੈਕਟੀਰੀਆ ਦਾ ਜ਼ਿਆਦਾ ਬਣਨਾ, ਨਾਲ ਪੀੜਤ ਹੁੰਦੇ ਹਨ।

ਇਸ ਸਿੰਡਰੋਮ ਦੇ ਕੇਸ ਸਭ ਤੋਂ ਪਹਿਲਾਂ ਜਪਾਨ ਵਿੱਚ 1950ਵਿਆਂ ਦੌਰਾਨ ਸਾਹਮਣੇ ਆਏ ਸੀ।

ਕਿਹਾ ਜਾਂਦਾ ਹੈ ਕਿ ਜਪਾਨੀ ਲੋਕਾਂ ਵਿੱਚ ਇਸ ਦੀ ਸੰਭਾਵਨਾ ਜ਼ਿਆਦਾ ਹੈ।

ਆਟੋ-ਬ੍ਰਿਉਰੀ ਸਿੰਡਰੋਮ

ਤਸਵੀਰ ਸਰੋਤ, Getty Images

ਕਈ ਖੋਜਾਰਥੀਆਂ ਨੇ ਇੱਕ ਖਾਸ ਜੈਨੇਟਿਕ ਰੂਪ ਸੁਝਾਇਆ ਹੈ ਜੋ ਲੀਵਰ ਦੀ ਈਥਾਨੋਲ ਬਣਾਉਣ ਦੀ ਯੋਗਤਾ ਨੂੰ ਘਟਾਉਂਦਾ ਹੈ ਅਤੇ ਕੁਝ ਖਾਸ ਲੋਕਾਂ ਜਿਵੇਂ ਕਿ ਜਪਾਨੀਆਂ ਅੰਦਰ ਇਸ ਸਿੰਡਰੋਮ ਨੂੰ ਜਨਮ ਦਿੰਦਾ ਹੈ।

ਇਸ ਦਾ ਮਤਲਬ ਹੈ ਕਿ ਜੋ ਲੋਕ ਇਸ ਰੂਪ ਤੋਂ ਪੀੜਤ ਹਨ ਉਨ੍ਹਾਂ ਦੇ ਸਰੀਰ ਅਲਕੋਹਲ ਬਾਹਰ ਕੱਢਣ ਵਿੱਚ ਘੱਟ ਯੋਗ ਹਨ ਅਤੇ ਅੰਤੜੀ ਅੰਦਰਲੇ ਖਮੀਰਨ ਕਾਰਨ ਈਥਾਨੋਲ ਜਮ੍ਹਾਂ ਹੋਣ ਲਗਦਾ ਹੈ।

ਖ਼ੋਜ ਰਿਪੋਰਟਾਂ ਕੀ ਕਹਿੰਦੀਆਂ ਹਨ ?

1984 ਵਿੱਚ ਸਾਹਮਣੇ ਆਏ ਦੋ ਕੇਸਾਂ ਦੀ ਮੈਡੀਕਲ ਰਿਪੋਰਟ ਨੇ ਇੱਕ ਹੋਰ ਕਾਰਨ ਬਾਰੇ ਚਾਨਣਾ ਪਾਇਆ, ਉਹ ਹੈ ਮਰੀਜ਼ਾਂ ਦੀ ਪਾਚਨ ਨਲੀ ਵਿੱਚ ਮੌਜੂਦ ਖ਼ਮੀਰ।

ਹੋਕਾਇਡੋ ਯੁਨੀਵਰਸਿਟੀ ਸਕੂਲ ਆਫ ਮੈਡੀਸਿਨ ਦੇ ਡਾਕਟਰਾਂ ਨੇ ਦੱਸਿਆ ਕਿ ਕਿਵੇਂ ਪਹਿਲਾਂ ਸਿਹਤਮੰਦ ਰਹੀ 24 ਸਾਲਾ ਨਰਸ ਨੂੰ ਪੰਜ ਮਹੀਨਿਆਂ ਅੰਦਰ ਚੱਕਰ ਆਉਣੇ, ਜੀ ਕੱਚਾ ਹੋਣਾ ਅਤੇ ਕਾਰਬੋਹਾਈਡ੍ਰੇਟ ਵਾਲੇ ਭੋਜਨ ਖਾਣ ਦੇ ਇੱਕ-ਦੋ ਘੰਟੇ ਅੰਦਰ ਉਲਟੀ ਆਉਣ ਜਿਹੇ ਲੱਛਣ ਆਉਣ ਲੱਗੇ।

ਇੱਕ ਦਿਨ, ਸੁਬਹ ਦੇ ਨਾਸ਼ਤੇ ਤੋਂ ਬਾਅਦ ਉਸ ਨੇ ਬੇਚੈਨੀ ਅਤੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ, ਫਿਰ ਬੇਹੋਸ਼ ਹੋ ਗਈ ਅਤੇ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।

ਉਸ ਦੇ ਸਾਹ ਅਤੇ ਖੂਨ ਵਿਚ ਈਥਾਨੋਲ ਦੀ ਘਣਤਾ ਬਹੁਤ ਜ਼ਿਆਦਾ ਪਾਈ ਗਈ ਸੀ, ਜਦਕਿ ਉਸ ਨੇ ਅਲਕੋਹਲ ਦਾ ਸੇਵਨ ਨਹੀਂ ਕੀਤਾ ਸੀ।

ਲੈਬ ਟੈਸਟ ਤੋਂ ਪਤਾ ਲੱਗਿਆ ਕਿ ਉਸ ਦੀ ਅੰਤੜੀ ਅੰਦਰ ਖ਼ਮੀਰ 'ਕੈਂਡੀਡਾ ਐਲਬੀਕਨਸ' ਦੀ ਮਾਤਰਾ ਕਾਫ਼ੀ ਵਧੀ ਹੋਈ ਸੀ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਹਾਲਾਂਕਿ, ਇਹ ਖ਼ਮੀਰ ਮਨੁੱਖੀ ਅੰਤੜੀ ਦੇ ਰੋਗਾਣੂਆਂ ਵਿੱਚ ਆਮ ਪਾਇਆ ਜਾਂਦਾ ਹੈ, ਪਰ ਇੱਥੇ ਸਾਫ਼ ਤੌਰ 'ਤੇ ਇਹ ਬੇਕਾਬੂ ਹੋ ਗਿਆ ਸੀ।

ਇਸੇ ਤਰ੍ਹਾਂ ਦਾ ਦੂਜਾ ਕੇਸ, ਜਿਸ ਵਿੱਚ ਇੱਕ 35 ਸਾਲਾ ਖਾਨਸਾਮੇ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਸਾਹ ਵਿੱਚੋਂ ਅਲਕੋਹਲ ਦੀ ਵਾਸ਼ਣਾ ਆ ਰਹੀ ਹੈ, ਧੁੰਦਲਾ ਦਿਸ ਰਿਹਾ ਹੈ ਅਤੇ ਤੁਰਨ ਵੇਲੇ ਲੜਖੜਾ ਰਿਹਾ ਹੈ।

ਲੈਬ ਟੈਸਟ ਵਿੱਚ ਉਸ ਦੀ ਅੰਤੜੀ ਅੰਦਰ ਵੀ ਉਸੇ ਖ਼ਮੀਰ 'ਕੈਂਡਿਡ ਐਲਬੀਕਨਸ' ਦੀ ਵਧੀ ਮਾਤਰਾ ਦੇਖੀ ਗਈ।

ਦੋਹਾਂ ਮਰੀਜ਼ਾਂ ਦੇ ਲੈਬੋਰਟਰੀ ਟੈਸਟਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਅੰਦਰ ਕਾਰਬੋਹਾਈਡ੍ਰੇਟਸ ਦਾ ਅਲਕੋਹਲ ਵਿੱਚ ਖਮੀਰਨ ਬਹੁਤ ਜ਼ਿਆਦਾ ਹੋ ਰਿਹਾ ਹੈ।

ਖੋਜਾਰਥੀਆਂ ਨੇ ਦੱਸਿਆ ਕਿ ਆਮ ਤੌਰ 'ਤੇ ਅੰਤੜੀ ਵਿੱਚ ਮੌਜੂਦ ਰਹਿਣ ਵਾਲਾ 'ਕੈਂਡਿਡਾ' ਇਨ੍ਹਾਂ ਮਰੀਜ਼ਾਂ ਅੰਦਰ ਬੇਕਾਬੂ ਹੋ ਗਿਆ ਸੀ ਅਤੇ ਕਾਰਬੋਹਾਈਡ੍ਰੇਟ ਵਾਲੇ ਭੋਜਨ ਦਾ ਖਮੀਰਨ ਕਰ ਰਿਹਾ ਸੀ।

ਜਦੋਂ ਮਰੀਜ਼ਾਂ ਨੇ ਜ਼ਿਆਦਾ ਮਾਤਰਾ ਵਿੱਚ ਕਾਰਬੋਹਾਈਡ੍ਰੇਟਸ ਖਾਧੇ, ਉਨ੍ਹਾਂ ਦੇ ਸਰੀਰ ਅੰਦਰ ਅਲਕੋਹਲ ਪੱਧਰ ਵਧਿਆ।

ਜਦੋਂ ਇਸ ਤੋਂ ਪੀੜਤ ਨਰਸ ਅਤੇ ਖ਼ਾਨਸਾਮੇ ਨੂੰ ਐਂਟੀ-ਫੰਗਲ ਦਵਾਈ ਦਿੱਤੀ ਗਈ ਅਤੇ ਭੋਜਨ ਵਿੱਚੋਂ ਕਾਰਬੋਹਾਈਡ੍ਰੇਟਸ ਦੀ ਮਾਤਰਾ ਘਟਾਈ ਗਈ ਤਾਂ ਸ਼ਰਾਬ ਪੀਤੇ ਹੋਣ ਜਿਹੇ ਲੱਛਣ ਪੂਰੀ ਤਰ੍ਹਾਂ ਗਾਇਬ ਹੋ ਗਏ।

Hands holding beer glasses

ਤਸਵੀਰ ਸਰੋਤ, Getty Images

ਹਾਲ ਹੀ ਵਿੱਚ, ਹੋਰ ਅਧਿਐਨਾਂ ਜ਼ਰੀਏ ਪਤਾ ਲੱਗਿਆ ਹੈ ਕਿ ਕਾਰਕਾਂ ਦਾ ਸੁਮੇਲ ਆਟੋ-ਬ੍ਰਿਊਰੀ ਸਿੰਡਰੋਮ ਹੋਣ ਲਈ ਜ਼ਿੰਮੇਵਾਰ ਹੈ।

ਅਲਕੋਹਲ ਪੈਦਾ ਕਰਨ ਵਾਲੀ ਉੱਲੀ ਤੇ ਬੈਕਟੀਰੀਆ ਜਾ ਦੋਹੇਂ ਅੰਤੜੀਆਂ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਪਿਸ਼ਾਬ ਨਾਲ਼ੀ ਵਿੱਚ ਹੋਣ ਨਾਲ ਅਲਕੋਹਲ ਦਾ ਬਣਨਾ ਵਧਦਾ ਹੈ।

ਜ਼ਿਆਦਾਤਰ ਜ਼ਿੰਮੇਵਾਰ ਜੀਵਾਣੂ ਹਨ ਕੈਂਡਿਡਾ ਖ਼ਮੀਰ ਜਿਸ ਵਿੱਚ ਕੈਂਡਿਡਾ ਐਲਬੀਕਨਸ, ਕੈਂਡਿਡਾ ਕਿਫਾਇਰ ਅਤੇ ਕੈਂਡਿਡਾ ਗਲਬਰਾਤਾ ਸ਼ਾਮਿਲ ਹਨ ਅਤੇ ਵਾਈਨ ਬਣਾਉਣ ਤੇ ਸ਼ਰਾਬ ਕੱਢਣ ਲਈ ਵਰਤਿਆ ਜਾਂਦਾ ਖ਼ਮੀਰ ਸਕਾਰੋਮਾਇਸਿਸ ਅਤੇ ਅੰਤੜੀ ਦਾ ਬੈਕਟਰੀਆ ਕਲੇਬਸਾਇਲਾ ਨਿਮੋਨੇ ਹਨ।

ਮਰੀਜ਼ ਦੀ ਅੰਤੜੀ ਵਿੱਚ ਸਿਰਫ਼ ਇਨ੍ਹਾਂ ਸੂਖਮ ਜੀਵਾਣੂਆਂ ਦੇ ਅਸਧਾਰਨ ਪੱਧਰ ਨਾਲ ਆਟੋ-ਬ੍ਰਿਊਰੀ ਸਿੰਡਰੋਮ ਪੈਦਾ ਨਹੀਂ ਹੁੰਦਾ।

ਕਾਰਬੋਹਾਈਡ੍ਰੇਟ ਨਾਲ ਭਰਪੂਰ ਖਾਣੇ ਨਾਲ ਜ਼ਰੂਰ ਅਸਰ ਪੈਂਦਾ ਹੈ, ਕਿਉਂਕਿ ਇਸ ਨਾਲ ਰੋਗਾਣੂਆਂ ਨੂੰ ਅਲਕੋਹਲ ਬਣਾਉਣ ਲਈ ਵੱਡੀ ਮਾਤਰਾ ਵਿੱਚ ਕੱਚੇ ਪਦਾਰਥ ਮਿਲ ਜਾਂਦੇ ਹਨ।

ਜਿਨ੍ਹਾਂ ਲੋਕਾਂ ਦੀ ਅੰਤੜੀ ਵਿੱਚ ਸਮੱਸਿਆਵਾਂ ਹੋਣ ਕਾਰਨ ਪਾਚਨ ਤੰਤਰ ਅੰਦਰ ਭੋਜਨ ਸੜਨ ਲਗਦਾ ਹੈ, ਉਨ੍ਹਾਂ ਵਿੱਚ ਵੀ ਆਟੋ-ਬ੍ਰਿਉਰੀ ਸਿੰਡਰੋਮ ਤੋਂ ਪੀੜਤ ਹੋਣ ਦੀ ਸੰਭਾਵਨਾ ਹੁੰਦੀ ਹੈ।

ਕਿਉਂਕਿ ਇਸ ਨਾਲ ਢਿੱਡ ਅੰਦਰ ਅਲਕੋਹਲ ਪੈਦਾ ਕਰਨ ਵਾਲੇ ਸੂਖਮ ਜੀਵਾਣੂਆਂ ਦੇ ਅਨੁਕੂਲ ਕਿਰਿਆਵਾਂ ਹੁੰਦੀਆਂ ਹਨ।

ਆਟੋ-ਬ੍ਰਿਉਰੀ ਸਿੰਡਰੋਮ

ਤਸਵੀਰ ਸਰੋਤ, Getty Images

ਅਲਕੋਹਲ ਨੂੰ ਝੱਲਣ ਦੀ ਘੱਟ ਸਮਰੱਥਾ ਵੀ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਮਨੁੱਖ 'ਤੇ ਰੋਗਾਣੂਆਂ ਵੱਲੋਂ ਪੈਦਾ ਅਲਕੋਹਲ ਦਾ ਪ੍ਰਭਾਵ ਵਧੇਰੇ ਹੁੰਦਾ ਹੈ।

ਟੈਕਸਾਸ ਵਿੱਚ ਪਨੋਲਾ ਕਾਲਜ ਵਿੱਚ ਖੋਜਾਰਥੀ ਬਰਬਰਾ ਕੋਰਡਿਲ ਕਹਿੰਦੇ ਹਨ, "ਆਟੋ-ਬ੍ਰਿਊਰੀ ਸਿੰਡਰੋਮ ਦੇ ਇਲਾਜ ਅਤੇ ਨਿਦਾਨ ਵਿੱਚ ਪਿਛਲੇ ਦਹਾਕੇ ਵਿੱਚ ਵਿਕਾਸ ਹੋਇਆ ਹੈ।"

ਕੋਰਡਿਲ ਆਟੋ-ਬ੍ਰਿਊਰੀ ਸਿੰਡਰੋਮ ਦਾ ਅਧਿਐਨ ਕਰ ਰਹੇ ਹਨ ਅਤੇ ਆਟੋ-ਬ੍ਰਿਊਰੀ ਇਨਫਰਮੇਸ਼ਨ ਐਂਡ ਰਿਸਰਚ ਨਾਮੀ ਐਨ.ਜੀ.ਓ ਦੇ ਪ੍ਰਧਾਨ ਹਨ।

ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਅਸਲ ਵਿੱਚ ਉਹ ਕੀ ਕਾਰਨ ਹਨ ਜਿਨ੍ਹਾਂ ਕਰਕੇ ਰੋਗਾਣੂ ਅਸੰਤੁਲਿਤ ਹੁੰਦੇ ਹਨ ਅਤੇ ਅਲਕੋਹਲ ਬਣਾਉਣ ਵਾਲੇ ਜੀਵਾਣੂਆਂ ਵਿੱਚ ਵਾਧਾ ਹੁੰਦਾ ਹੈ।

ਕੋਰਡਿਲ ਕਹਿੰਦੇ ਹਨ, "ਅਸੀਂ ਇੱਥੇ ਆਟੋ-ਬ੍ਰਿਉਰੀ ਸਿੰਡਰੋਮ ਨਾਲ ਇਨਫੈਕਸ਼ਨ ਬਾਰੇ ਗੱਲ ਕਰ ਰਹੇ ਹਾਂ ਜਿਸ ਵਿਚ ਇੱਕ ਸਿਹਤਮੰਦ ਇਨਸਾਨ ਦੇ ਮੁਕਾਬਲੇ ਕਈ ਗੁਣਾ ਖਮੀਰਨ ਅਤੇ ਬੈਕਟੀਰੀਆ ਹੁੰਦੇ ਹਨ। ਕਿਸੇ ਵੀ ਬੇਕਾਬੂ ਇਨਫੈਕਸ਼ਨ ਦੀ ਤਰ੍ਹਾਂ ਇਹ ਕਈ ਵਾਰ ਸਰੀਰਕ ਸਿਸਟਮ 'ਤੇ ਹਾਵੀ ਹੋ ਜਾਂਦੀ ਹੈ।"

ਅਕਸਰ ਜਾਂ ਲੰਬੇ ਸਮੇਂ ਤੱਕ ਐਂਟੀ-ਬਾਇਓਟਿਕਸ ਦੀ ਵਰਤੋਂ ਨੂੰ ਵੀ ਇੱਕ ਖ਼ਤਰੇ ਦਾ ਕਾਰਕ ਦੱਸਿਆ ਗਿਆ ਹੈ, ਜੋ ਕਿ ਅਕਸਰ ਮਰੀਜ਼ਾਂ ਵੱਲੋਂ ਦੱਸਿਆ ਜਾਂਦਾ ਹੈ।

ਇਸ ਨਾਲ ਸਮਝਣਾ ਅਸਾਨ ਹੋਏਗਾ ਕਿ ਐਂਟੀ-ਬਾਇਓਟਿਕ ਦਵਾਈਆਂ ਦੀ ਵਧੇਰੇ ਵਰਤੋਂ ਅੰਤੜੀਆਂ ਦੇ ਮਾਈਕਰੋਬਾਇਓਟਾ ਵਿੱਚ ਗੜਬੜੀਆਂ ਕਰਦੀ ਹੈ, ਪਰ ਕੀ ਇਹੀ ਆਟੋ-ਬ੍ਰਿਉਰੀ ਸਿੰਡਰੋਮ ਦਾ ਕਾਰਨ ਹੈ, ਇਸ ਦੀ ਪੁਸ਼ਟੀ ਲਈ ਇਸ ਬਾਰੇ ਅੱਗੇ ਖੋਜ ਦੀ ਲੋੜ ਹੈ।

ਬੀਬੀਸੀ
ਵੀਡੀਓ ਕੈਪਸ਼ਨ, ਕਸਰਤ ਤੋਂ ਪਹਿਲਾਂ ਅਤੇ ਬਾਅਦ 'ਚ ਕੀ ਖਾਣਾ ਚਾਹੀਦਾ ਹੈ

ਗਲਤ ਤਰ੍ਹਾਂ ਦੇ ਭੋਜਨ

ਗਲਤ ਤਰ੍ਹਾਂ ਦੇ ਭੋਜਨ ਜ਼ਿਆਦਾ ਖਾਣ ਦੀ ਵੀ ਭੂਮਿਕਾ ਹੋ ਸਕਦੀ ਹੈ।

ਅਲਟਰਾ-ਪ੍ਰੋਸੈਸਡ ਭੋਜਨਾਂ ਦੀ ਵਧੇਰੇ ਮਾਤਰਾ ਨੂੰ ਵੀ ਅੰਤੜੀਆਂ ਦੇ ਮਾਈਕਰੋਬਾਇਓਟਾ ਵਿੱਚ ਗੜਬੜੀਆਂ ਨਾਲ ਜੋੜਿਆ ਜਾਂਦਾ ਹੈ।

ਕੋਰਡਿਲ ਨੇ ਕਿਹਾ, "ਅਸੀਂ ਇਹ ਵੀ ਜਾਣਦੇ ਹਾਂ ਕਿ ਇਲਾਜ ਦਾ ਵੱਡਾ ਹਿੱਸਾ ਘੱਟ ਕਾਰਬੋਹਾਈਡ੍ਰੇਟ ਵਾਲੇ ਭੋਜਨ ਹੋਣੀ ਚਾਹੀਦੀ ਹੈ, ਭਾਵੇਂ ਦਵਾਈਆਂ ਲਈ ਜਾਵੇਂ ਜਾਂ ਨਾ।"

ਅੰਤੜੀਆਂ ਦੇ ਰੋਗਾਣੂ ਸੈਕਰੋਮਾਇਸਿਸ ਸਿਰਿਵੀਸਾਏ ਅਤੇ ਕੈਂਡਿਡਾ ਐਲਬਿਕਨਸ, ਮੱਧਮ ਤੇਜ਼ਾਬੀ ਹਾਲਤ (pH 5-6 ਵਿਚਕਾਰ)ਵਿੱਚ ਵਧਣ ਅਤੇ ਜ਼ਿਆਦਾ ਈਥਾਨੋਲ ਪੈਦਾ ਕਰਨ ਲਈ ਜਾਣੇ ਜਾਂਦੇ ਹਨ। ਆਮ ਤੌਰ 'ਤੇ, ਬਹੁਤ ਜ਼ਿਆਦਾ ਤੇਜ਼ਾਬੀ ਹਾਲਤ ਵਿੱਚ pH 1.5-3.5 ਹੁੰਦਾ ਹੈ, ਪੁਰਤਗਾਲ ਦੇ ਟੌਕਸਿਕੋਲੋਜਿਸਟ ਰਿਕਾਰਡੋ ਡਿਨਿਸ ਓਲੀਵੀਅਰਾ ਨੇ ਦੱਸਿਆ।

"ਜਦੋਂ ਵੀ ਭੋਜਨ ਇਸ ਅੰਦਰ ਦਾਖਲ ਹੁੰਦਾ ਹੈ, ਇਸ ਦਾ pH ਪੱਧਰ ਵਧ ਜਾਂਦਾ ਹੈ ਅਤੇ ਘੱਟ ਤੇਜ਼ਾਬੀ ਬਣ ਜਾਂਦਾ ਹੈ। ਜਿਨ੍ਹਾਂ ਲੋਕ ਅੰਦਰ ਭੋਜਨ ਸੜਨ ਦੀ ਸਮੱਸਿਆ ਹੁੰਦੀ ਹੈ, ਪੇਟ ਦਾ pH ਪੱਧਰ ਲੰਬੇ ਸਮੇਂ ਤੱਕ ਵਧਿਆ ਰਹਿੰਦਾ ਹੈ , ਜੋ ਈਥਾਨੋਲ ਬਣਾਉਣ ਲਈ ਜ਼ਿੰਮੇਵਾਰ ਜੀਵਾਣੂਆਂ ਲਈ pH ਦੀ ਮਦਦ ਕਰਦਾ ਹੈ।"

ਤਾਜ਼ਾ ਪੇਪਰ ਵਿੱਚ ਡਿਨਿਸ-ਓਲੀਵੀਅਰਾ ਨੇ ਆਪਣੀ ਥਿਊਰੀ ਦੀ ਰੂਪ-ਰੇਖਾ ਲਿਖੀ ਹੈ ਕਿ ਆਟੋ-ਬ੍ਰਿਉਰੀ ਸਿੰਡਰੋਮ ਲਈ ਅਨੁਕੂਲ ਹਾਲਾਤ ਕਿਸ ਕਾਰਨ ਬਣਦੇ ਹਨ।

ਉਹ ਇਸ ਦੀ ਵਿਆਖਿਆ 'ਪਰਫੈਕਟ ਮੈਟਾਬੋਲਿਕ ਸਟੌਰਮ' ਵਜੋਂ ਕਰਦੇ ਹਨ ਜਿੱਥੇ ਪੇਟ ਦਾ pH ਵਧਦਾ ਹੈ ਤੇ ਭੋਜਨ ਵਿੱਚ ਸੜਾਂਦ ਪੈਦਾ ਹੁੰਦੀ ਹੈ ਅਤੇ ਅੰਤੜੀ ਤੋਂ ਪੇਟ ਅੰਦਰ ਭੋਜਨ ਦਾ ਉਲਟਾ ਵਹਾਅ ਹੁੰਦਾ ਹੈ, ਜਿਵੇਂ ਕਿ ਕਈ ਮੈਡੀਕਲ ਹਾਲਾਤ ਵਿੱਚ ਦੇਖਿਆ ਗਿਆ ਹੈ।

ਸ਼ਰਾਬ

ਤਸਵੀਰ ਸਰੋਤ, Getty Images

ਯੂਕੇ ਦੇ ਰਹਿਣ ਵਾਲੇ ਆਟੋ-ਬ੍ਰਿਉਰੀ ਸਿੰਡਰੋਮ ਦੇ ਮਰੀਜ਼, 64 ਸਾਲਾ ਕੈਰਸਨ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਇੱਕ ਜੈਨਿਟਿਕ ਵਿਕਾਰ ਹੈ ਜੋ ਉਨ੍ਹਾਂ ਦੇ ਸਰੀਰ ਵਿੱਚ ਜੋੜਨ ਵਾਲੇ ਟਿਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ।

ਇਸ ਨੂੰ ਹਾਈਪਰਮੋਬਾਈਲ ਇਹਲਰਜ਼ ਡੈਨਲੋਸ ਸਿੰਡਰੋਮ(hEDS) ਕਹਿੰਦੇ ਹਨ।

ਇਹ ਜੋੜਨ ਵਾਲੇ ਟਿਸ਼ੂ ਮੁੱਖ ਰੂਪ ਵਿੱਚ ਪ੍ਰੋਟੀਨ ਕੌਲਾਜਿਨ ਦੇ ਬਣੇ ਹੁੰਦੇ ਹਨ ਅਤੇ ਚਮੜੀ , ਨਸਾਂ, ਲਿਗਾਮੈਂਟ ਤੇ ਖੂਨ ਦੀਆਂ ਨਾੜੀਆਂ ਅਤੇ ਕੁਝ ਹੋਰ ਅੰਦਰੂਨੀ ਅੰਗਾਂ ਅੰਦਰ ਟਿਸ਼ੂਆਂ ਨੂੰ ਸਹਿਯੋਗ ਦਿੰਦੇ ਹਨ।

ਅਜਿਹੇ ਮਰੀਜ਼ਾਂ ਦੇ ਜੋੜ ਬਹੁਤ ਜ਼ਿਆਦਾ ਲਚਕੀਲੇ ਹੋ ਸਕਦੇ ਹਨ, ਪਰ ਇਸ ਨਾਲ ਪਾਚਨ ਤੰਤਰ ਵੀ ਪ੍ਰਭਾਵਿਤ ਹੁੰਦਾ ਹੈ।

ਪਾਚਨ ਲਈ ਜ਼ਿੰਮੇਵਾਰ ਮਾਸਪੇਸ਼ੀਆਂ ਦੀ ਅਸਧਾਰਨ ਹਿਲ-ਜੁਲ ਹੋਣ ਲਗਦੀ ਹੈ।

ਇਸ ਨਾਲ ਮਰੀਜ਼ ਦੀ ਅੰਤੜੀ ਹੋਰ ਸੁਸਤ ਹੋ ਜਾਂਦੀ ਹੈ ਅਤੇ ਪੇਟ ਛੋਟੀ ਅੰਤੜੀ ਵਿੱਚ ਦੇਰੀ ਨਾਲ ਖਾਲੀ ਹੁੰਦਾ ਹੈ।

ਹਾਲੇ ਤੱਕ hEdS ਅਤੇ ABS ਵਿੱਚ ਆਪਸੀ ਸਬੰਧ ਬਾਰੇ ਕੁਝ ਸਾਹਮਣੇ ਨਹੀਂ ਆਇਆ ਹੈ ਪਰ ਕੈਰਸਨ ਮੰਨਦੇ ਹਨ ਕਿ ਇਸ ਤਰ੍ਹਾਂ ਦੇਰੀ ਨਾਲ ਪੇਟ ਦਾ ਖਾਲੀ ਹੋਣਾ ABS ਦੇ ਅਨੁਕੂਲ ਹੋ ਸਕਦਾ ਹੈ।

5,000-20,000 ਲੋਕਾਂ ਵਿੱਚੋਂ ਇੱਕ hEdS ਨਾਲ ਪੀੜਤ ਹੁੰਦਾ ਹੈ, ਇਸ ਲਈ ਇਨ੍ਹਾਂ ਵਿੱਚ ਸਬੰਧ ਬਾਰੇ ਹੋਰ ਖੋਜ ਦੀ ਲੋੜ ਹੈ।

ਕੋਰਡਿਲ ਮੰਨਦੇ ਹਨ ਕਿ ਇਸ ਦੇ ਹੋਰ ਕਾਰਨ ਵੀ ਹੋ ਸਕਦੇ ਹਨ।

ਅਸੀਂ ਭੋਜਨ ਨਾਲ ਸਬੰਧਤ ਕਾਰਨਾਂ ਅਤੇ ਬਾਹਰੀ ਕਾਰਨਾਂ ਜਿਵੇਂ ਕਿ ਘੋਲਣਸ਼ੀਲ, ਰਸਾਇਣਾਂ, ਪ੍ਰਦੂਸ਼ਣ, ਤਣਾਅ ਅਤੇ ਸਦਮੇ ਕਾਰਨ ਅਲਕੋਹਲ ਪੈਦਾ ਹੋਣ ਬਾਰੇ ਵੀ ਕਾਫ਼ੀ ਜਾਣਿਆ ਹੈ।

ਬੀਬੀਸੀ
ਵੀਡੀਓ ਕੈਪਸ਼ਨ, ਕਿਵੇਂ ਆਨਲਾਈਨ ਖਾਣਾ ਖਾਉਣਾ ਇਨ੍ਹਾਂ ਔਰਤਾਂ ਦੀ ਰੋਜ਼ੀ-ਰੋਟੀ ਦਾ ਜ਼ਰਿਆ ਬਣ ਰਿਹਾ ਹੈ

ਘੋਲਣਸ਼ੀਲ ਪਦਾਰਥਾਂ ਨਾਲ ਕੈਰਸਨ ਨੇ ਖੁਦ ਦੇ ABS ਨੂੰ ਜੋੜਿਆ ਹੈ।

ਸ਼ੁਰੂਆਤ ਵਿੱਚ ਇੱਕ ਵਾਰ ਅਸਥਿਰ ਜੈਵਿਕ ਮਿਸ਼ਰਣਾਂ ਨਾਲ ਬਣੇ ਉਤਪਾਦ ਨਾਲ ਲੱਕੜੀ ਦਾ ਫ਼ਰਸ਼ ਜੋੜਨ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ABS ਦਾ ਤਜ਼ਰਬਾ ਹੋਇਆ।

ਹਾਲਾਂਕਿ, ਸੌਲਵੈਂਟ ਯਾਨੀ ਘੋਲਣਸ਼ੀਲਾਂ ਨੂੰ ਸੁੰਘਣ ਨਾਲ ਹੀ ਜ਼ਹਿਰੀਲਾ ਮਹਿਸੂਸ ਹੁੰਦਾ ਹੈ, ਇਸ ਦੇ ਸਬੰਧ ਬਾਰੇ ਹੋਰ ਖੋਜ ਦੀ ਲੋੜ ਹੈ।

ਖੁਰਾਕ ਮਾਹਿਰ ਦੀ ਦੱਸੀ ਡਾਈਟ ਦੀ ਪੂਰੀ ਤਰ੍ਹਾਂ ਪਾਲਣਾ ਕਰਕੇ, ਐਂਟੀ-ਫੰਗਲ ਟਰੀਟਮੈਂਟ ਅਤੇ ਮਲਟੀਵਿਟਾਮਿਨ ਦੀ ਮਦਦ ਨਾਲ ਕੈਰਸਨ ਨੇ ਆਪਣਾ ABS ਕਾਬੂ ਵਿੱਚ ਲਿਆਂਦਾ ਹੈ।

"ਇਹ ਹਾਲੇ ਵੀ ਪਤਲੀ ਰੱਸੀ 'ਤੇ ਤੁਰਨ ਜਿਹਾ ਹੈ, ਮੈਂ ਹਮੇਸ਼ਾ ਕਹਿੰਦਾ ਰਹਿੰਦਾ ਹਾਂ- ਮੈਂ ਠੀਕ ਹਾਂ ? ਜਦੋਂ ਮੈਂ ਥੱਕਿਆ ਮਹਿਸੂਸ ਕਰਦਾ ਹਾਂ, ਬਰੈਥ-ਐਨਾਲਾਈਜ਼ਰ ਟੈਸਟ ਕਰਦੇ ਹਾਂ।"

ਕੈਰਸਨ ਲਈ ABS ਦਾ ਸਭ ਤੋਂ ਬੁਰਾ ਤਜਰਬਾ ਹੈ ਇਸ ਨਾਲ ਮਾਨਸਿਕ ਸਿਹਤ 'ਤੇ ਅਸਰ ਹੋਣਾ। ਉਹ ਟੀਵੀ ਸੀਰੀਜ਼ 'ਸ਼ੈਰਲੌਕ' ਜ਼ਰੀਏ ਮਸ਼ਹੂਰ ਹੋਈ ਯਾਦਾਸ਼ਤ ਤਕਨੀਕ ਮਾਈਂਡ ਪਲੇਸ(Mind Place) ਦਾ ਇਸਤੇਮਾਲ ਕਰਦਾ ਹੈ।

ਟੀਵੀ ਸ਼ੋਅ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਤਮਸ਼ੀਲ ਵਜੋਂ ਇੱਕ ਵੱਡੀ ਇਮਾਰਤ ਅੰਦਰ ਮਨ-ਘੜਤ ਕਮਰਿਆਂ ਵਿੱਚ ਜਾਣਕਾਰੀਆਂ ਰੱਖ ਕੇ ਯਾਦ ਕੀਤਾ ਜਾਂਦਾ ਹੈ।

"ਜਦੋਂ ਮੈਨੂੰ ਕੁਝ ਵੀ ਯਾਦ ਨਹੀਂ ਹੁੰਦਾ, ਮੈਂ ਘਟਨਾਵਾਂ ਦੇ ਮਾਨਸਿਕ ਕਮਰਿਆਂ ਤੱਕ ਵੀ ਨਹੀਂ ਜਾ ਸਕਦਾ । ਉਦੋਂ ਬਹੁਤ ਅਸ਼ਾਂਤੀ ਮਹਿਸੂਸ ਹੁੰਦੀ ਹੈ ਅਤੇ ਤੁਹਾਨੂੰ ਖੁਦ 'ਤੇ ਸ਼ੱਕ ਹੋਣ ਲਗਦਾ ਹੈ।"

ਕੈਰਸਨ ਕਹਿੰਦੇ ਹਨ ਕਿ ਇਨ੍ਹਾਂ ਘਟਨਾਵਾਂ ਨੇ ਪਰਿਵਾਰ ਬਾਰੇ ਉਸ ਦੀਆਂ ਆਪਣੀਆਂ ਯਾਦਾਂ ਨੂੰ ਪਹੁੰਚ ਤੋਂ ਦੂਰ ਕਰ ਦਿੱਤਾ ਹੈ।

ਉਹ ਕਹਿੰਦੇ ਹਨ, "ਅਜਿਹੇ ਬੜੇ ਕਮਰੇ ਹਨ ਜਿੱਥੇ ਮੈਂ ਜਾ ਨਹੀਂ ਸਕਦਾ, ਜਿਵੇਂ ਉਹ ਕਮਰੇ ਬੰਦ ਹਨ ਅਤੇ ਮੈਨੂੰ ਮੰਨਣਾ ਪਏਗਾ ਕਿ ਮੈਂ ਉੱਥੇ ਕਦੇ ਨਹੀਂ ਜਾ ਸਕਦਾ।"

"ਅਜਿਹੇ ਨਹੀਂ ਹੈ ਕਿ ਉੱਥੇ ਯਾਦਾਂ ਨਹੀਂ ਹਨ, ਬੱਸ ਚੇਤੰਨ ਅਵਸਥਾ ਵਿੱਚ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ।"

ਕੈਰਸਨ ਨੇ ਇਸ ਹਾਲਤ ਅਤੇ ਕਾਰਨਾਂ ਬਾਰੇ ਹੋਰ ਵੀ ਜਾਣਿਆ ਹੈ। ਉਹ ਅਤੇ ਉਨ੍ਹਾਂ ਦੀ ਪਤਨੀ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਘੱਟ ਕਮਰੇ ਬੰਦ ਹੋਣ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)