ਟਿੰਬਰ ਦੀ ਤਸਕਰੀ: ਪਾਕਿਸਤਾਨ ਦੀ ਅਦਾਲਤ ’ਚ ਜਦੋਂ ਗਧਿਆਂ ਦੀ ਹੋਈ ਜੱਜ ਸਾਹਮਣੇ ਪੇਸ਼ੀ

    • ਲੇਖਕ, ਅਜ਼ੀਜ਼ੁੱਲਾ ਖ਼ਾਨ
    • ਰੋਲ, ਬੀਬੀਸੀ ਉਰਦੂ

ਪਾਕਿਸਤਾਨ ਦੀਆਂ ਅਦਾਲਤਾਂ ਵਿੱਚ ਇਨਸਾਨਾਂ ਦੀਆਂ ਪੇਸ਼ੀਆਂ ਤਾਂ ਪੈਂਦੀਆਂ ਰਹੀਆਂ ਹਨ ਪਰ 20 ਅਕਤੂਬਰ ਨੂੰ ਗਧਿਆਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਹਨਾਂ ਗਧਿਆਂ ਉਪਰ ਕੀ ਇਲਜ਼ਾਮ ਸੀ, ਕੀ ਉਹਨਾਂ ਨੂੰ ਸਹੂਲਤ ਲਈ ਵਰਤਿਆ ਗਿਆ ਜਾਂ ਉਹ ਕੇਸ ਪ੍ਰਾਪਰਟੀ ਦਾ ਹਿੱਸਾ ਸਨ? ਇਸ ਬਾਰੇ ਵੀ ਸਵਾਲ ਉਠਾਏ ਗਏ।

ਇਹ ਪੇਸ਼ੀ ਚਿਤਰਾਲ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ (ਦਰੋਸ਼) ਦੀ ਅਦਾਲਤ ਵਿੱਚ ਹੋਈ। ਇਹ ਦੱਸਿਆ ਗਿਆ ਕਿ ਇਹਨਾਂ ਗਧਿਆਂ ਦੀ ਵਰਤੋਂ ਮੁੱਖ ਰੂਪ ਵਿੱਚ ਟਿੰਬਰ ਦੀ ਤਸਕਰੀ ਲਈ ਕੀਤੀ ਗਈ।

ਪਾਕਿਸਤਾਨ ਦੇ ਚਿਤਰਾਲ ਅਤੇ ਹੋਰ ਖੇਤਰਾਂ ਵਿੱਚੋਂ ਟਿੰਬਰ ਦੀ ਤਸਕਰੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਸਰਕਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਟਿੰਬਰ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ।

ਦਰੋਸ਼ ਦੇ ਸਹਾਇਕ ਕਮਿਸ਼ਨਰ ਤੌਸੀਫੁੱਲਾ ਦੀ ਅਦਾਲਤ ਵਿੱਚ ਪੰਜ ਗਧਿਆਂ ਨੂੰ ਪੇਸ਼ ਕੀਤਾ ਗਿਆ।

ਇਹਨਾਂ ਗਧਿਆਂ ਨੂੰ ਕੇਸ ਪ੍ਰਾਪਰਟੀ ਦੇ ਰੂਪ ਵਿੱਚ ਤਲਬ ਕੀਤਾ ਗਿਆ ਸੀ। ਪੇਸ਼ੀ ਤੋਂ ਬਾਅਦ ਉਹਨਾਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।

ਚਿਤਰਾਲ ਦੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਉਹ ਇਹ ਨਿਸਚਿਤ ਕਰਨਾ ਚਾਹੁੰਦੇ ਹਨ ਕਿ ਕਿਤੇ ਗਧਿਆਂ ਦਾ ਫਿਰ ਤੋਂ ਤਸਰਕੀ ਲਈ ਇਸਤੇਮਾਲ ਤਾਂ ਨਹੀਂ ਕੀਤਾ ਜਾ ਰਿਹਾ।

ਅਦਾਲਤ ਨੇ ਇਹ ਤਸੱਲੀ ਕੀਤੀ ਹੈ ਕਿ ਗਧੇ ਸਬੰਧਿਤ ਅਧਿਕਾਰੀਆਂ ਦੀ ਹਿਰਾਸਤ ਵਿੱਚ ਹਨ।

  • ਪਾਕਿਸਤਾਨ 'ਚ ਲੱਕੜ ਦੀ ਤਸਕਰੀ ਮਾਮਲੇ ਵਿੱਚ ਗਧਿਆਂ ਦੀ ਪੇਸ਼ੀ
  • ਗਧਿਆਂ ਨੂੰ ਕੇਸ ਪ੍ਰਾਪਰਟੀ ਦੇ ਰੂਪ ਵਿਚ ਤਲਬ ਕੀਤਾ ਗਿਆ
  • ਪੇਸ਼ੀ ਮਗਰੋ ਗਧੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪੇ ਗਏ
  • "ਗਧਿਆਂ ਨੂੰ ਰਸਤਾ ਪਤਾ ਲੱਗ ਜਾਂਦਾ ਹੈ, ਉਹ ਆਪਣੇ ਆਪ ਹੀ ਤੁਰੇ ਜਾਂਦੇ ਹਨ"
  • ਤਸਕਰੀ ਵਾਲਾ ਦਰੋਸ਼ ਇਲਾਕਾ ਪਾਕਿਸਤਾਨ-ਅਫ਼ਗਾਨ ਸਰਹੱਦ ਨੇੜੇ ਸਥਿਤ ਹੈ

ਗਧਿਆਂ ਨੂੰ ਅਦਾਲਤ ਵਿੱਚ ਕਿਉਂ ਪੇਸ਼ ਕੀਤਾ ਗਿਆ?

ਕਹਾਣੀ ਕੁਝ ਇਸ ਤਰ੍ਹਾਂ ਦੱਸੀ ਗਈ ਕਿ ਦਰੋਸ਼ ਦੇ ਇਹਨਾਂ ਇਲਾਕਿਆਂ ਵਿੱਚ ਪ੍ਰਸ਼ਾਸ਼ਨ ਨੂੰ ਟਿੰਬਰ ਦੀ ਤਸਕਰੀ ਦੀ ਸੂਚਨਾ ਮਿਲੀ ਸੀ ਜਿਸ ਉਪਰ ਕਾਰਵਾਈ ਕੀਤੀ ਗਈ।

ਤਸਕਰੀ ਦਾ ਸਮਾਂ ਸਵੇਰ ਦਾ ਹੁੰਦਾ ਹੈ ਜਦੋਂ ਟਿੰਬਰ ਆਰੇ ਦੀ ਮਸ਼ੀਨ ਉਪਰ ਲਿਆਂਦੇ ਜਾਂਦੇ ਹਨ।

ਸਹਾਇਕ ਕਮਿਸ਼ਨਰ ਨੇ ਉਸ ਸਮੇਂ ਕਾਰਵਾਈ ਕਰਦੇ ਹੋਏ ਤਿੰਨ ਗਧਿਆਂ ਨੂੰ ਫੜਿਆ। ਇਹਨਾਂ ਨਾਲ ਟਿੰਬਰ ਦੇ ਚਾਰ ਸਲੀਪਰ ਬੰਨੇ ਹੋਏ ਸਨ।

ਉਹਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਕਾਰਵਾਈ ਦੌਰਾਨ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਦੋ ਫ਼ਰਾਰ ਹੋ ਗਏ।

ਹਾਲਾਂਕਿ ਗਧਿਆਂ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਿਆ।

ਉਹਨਾਂ ਅਨੁਸਾਰ ਉਨ੍ਹਾਂ ਨੇ ਗਧਿਆਂ ਦੀ ਇੱਕ ਸਥਾਨਕ ਵਿਅਕਤੀ ਨੂੰ ਸਪੁਰਦਗੀ ਦੇ ਦਿੱਤੀ ਸੀ ਤਾਂ ਕਿ ਉਹ ਇਹਨਾਂ ਦੀ ਦੇਖ ਭਾਲ ਕਰ ਸਕਣ।

ਇਸ ਘਟਨਾ ਦੇ ਦੋ ਦਿਨ ਬਾਅਦ ਇੱਕ ਹੋਰ ਸ਼ਿਕਾਇਤ ਮਿਲੀ ਕਿ ਤਸਕਰੀ ਹਾਲੇ ਵੀ ਚੱਲ ਰਹੀ ਹੈ। ਜਿਸ ਉਪਰ ਇੱਕ ਵਾਰ ਫ਼ਿਰ ਕਾਰਵਾਈ ਕੀਤੀ ਗਈ ਅਤੇ ਤਿੰਨ ਹੋਰ ਗਧਿਆਂ ਨੂੰ ਕਬਜ਼ੇ ਵਿੱਚ ਲਿਆ ਗਿਆ।

ਇਹਨਾਂ ਨਾਲ ਟਿੰਬਰ ਦੇ ਸਲੀਪਰ ਵੀ ਮਿਲੇ।

ਬਾਅਦ ਵਿੱਚ ਇਹ ਸੂਚਨਾ ਮਿਲੀ ਕਿ ਸ਼ਾਇਦ ਇਹ ਤਿੰਨੇ ਗਧੇ ਉਹੀ ਹਨ ਜੋ ਸਪੁਰਦਗੀ ਵਿੱਚ ਦਿੱਤੇ ਗਏ ਸਨ।

ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਵਿੱਚੋਂ ਦੋ ਗਧੇ ਨਵੇਂ ਹਨ ਅਤੇ ਇੱਕ ਗਧਾ ਉਹੀ ਹੈ।

ਇਸ ਸਬੰਧੀ ਅਦਾਲਤ ਨੇ ਜੰਗਲਾਤ ਅਧਿਕਾਰੀਆਂ ਨੂੰ ਸਾਰੇ ਗਧਿਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਕਿ ਜਿਹੜੇ ਗਧੇ ਫੜੇ ਗਏ ਸਨ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਤਾਂ ਜੋ ਪਤਾ ਲੱਗ ਸਕੇ ਕਿ ਕੁੱਲ ਕਿੰਨੇ ਗਧੇ ਸਨ।

ਕੀ ਅਜਿਹਾ ਤਾਂ ਨਹੀਂ ਹੈ ਕਿ ਉਹੀ ਗਧੇ ਫਿਰ ਤੋਂ ਤਸਕਰੀ ਲਈ ਵਰਤੇ ਜਾ ਰਹੇ ਹਨ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਗਧੇ ਅਦਾਲਤ ਵਿੱਚ ਦੇਖੇ ਗਏ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਗਧਾ ਵੀ ਉਹੀ ਸੀ ਪਰ ਇਹ ਗਧਾ ਗਲਤੀ ਨਾਲ ਫੜਿਆ ਗਿਆ ਸੀ। ਇਸ ਗਧੇ ਨੂੰ ਦੂਜੀ ਵਾਰ ਤਸਕਰੀ ਲਈ ਨਹੀਂ ਵਰਤਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿੱਚ ਤਸਕਰੀ ਰੋਕਣ ਲਈ ਕਾਰਵਾਈ ਕੀਤੀ ਗਈ ਸੀ, ਉਸ ਇਲਾਕੇ ਵਿੱਚ ਹਨੇਰਾ ਸੀ ਅਤੇ ਇਸੇ ਇਲਾਕੇ ਵਿੱਚ ਪਹਿਲਾਂ ਇਹ ਗਧਾ ਵੀ ਬੰਨ੍ਹਿਆ ਹੋਇਆ ਸੀ ਜਿਸ ਨੂੰ ਅਧਿਕਾਰੀ ਗਲਤੀ ਨਾਲ ਲੈ ਆਏ ਸਨ।

ਜੰਗਲਾਤ ਅਧਿਕਾਰੀਆਂ ਵੱਲੋਂ ਸਪੱਸ਼ਟੀਕਰਨ ਪੇਸ਼ ਕੀਤਾ ਗਿਆ।

ਇਸ ਉਪਰ ਅਦਾਲਤ ਨੇ ਤਸੱਲੀ ਪ੍ਰਗਟ ਕਰਦਿਆਂ ਗਧਿਆਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ।

ਗਧੇ ਹੀ ਕਿਉਂ?

ਜੰਗਲਾਤ ਵਿਭਾਗ ਵੱਲੋਂ ਜੰਗਲਾਤ ਅਧਿਕਾਰੀ ਅਤੇ ਹੋਰ ਕਰਮਚਾਰੀ ਅਦਾਲਤ ਵਿੱਚ ਪੇਸ਼ ਹੋਏ ਸਨ।

ਤੌਸੀਫੁੱਲਾ ਨੇ ਕਿਹਾ ਕਿ ਇਨ੍ਹਾਂ ਗਧਿਆਂ ਨੂੰ ਸਰਕਾਰੀ ਹਿਰਾਸਤ ਵਿੱਚ ਰੱਖਣਾ ਮੁਸ਼ਕਲ ਹੈ।

ਉਨ੍ਹਾਂ ਦੀ ਦੇਖਭਾਲ ਅਤੇ ਖੁਰਾਕ ਦਾ ਪ੍ਰਬੰਧ ਕਰਨਾ ਹੋਵੇਗਾ।

ਇਸੇ ਲਈ ਜੰਗਲਾਤ ਵਿਭਾਗ ਦੇ ਲੋਕ ਆਮ ਤੌਰ 'ਤੇ ਸਪੁਰਦਗੀ 'ਤੇ ਗਧੇ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਦਿੰਦੇ ਹਨ। ਇਸੇ ਤਰ੍ਹਾਂ ਇਹ ਗਧੇ ਸਪੁਰਦਗੀ 'ਤੇ ਆਰਾ ਮਸ਼ੀਨ ਦੇ ਮਾਲਕ ਨੂੰ ਦਿੱਤੇ ਗਏ ਸਨ|

ਇਹ ਗਧੇ ਅਤੇ ਲੱਕੜ ਦੇ ਸਲੀਪਰ ਕੇਸ ਪ੍ਰਾਪਰਟੀ ਹਨ ਅਤੇ ਕੇਸ ਦੇ ਫੈਸਲੇ ਤੱਕ ਇਹ ਹਿਰਾਸਤ ਵਿੱਚ ਰਹਿਣਗੇ।

ਜਦੋਂ ਇਸ ਕੇਸ ਦਾ ਫੈਸਲਾ ਹੋਵੇਗਾ ਤਾਂ ਕੇਸ ਪ੍ਰਾਪਰਟੀ ਦਾ ਵੀ ਫੈਸਲਾ ਉਸੇ ਹਿਸਾਬ ਨਾਲ ਕੀਤਾ ਜਾਵੇਗਾ।

ਅਸਲ ਵਿੱਚ ਇਹ ਔਖਾ ਤਰੀਕਾ ਹੈ। ਇਸ ਲੱਕੜ ਦੀ ਤਸਕਰੀ ਪਹਾੜਾਂ, ਜੰਗਲਾਂ ਅਤੇ ਦਰਿਆਵਾਂ ਤੋਂ ਕੀਤੀ ਜਾਂਦੀ ਹੈ।

ਜਦੋਂ ਇਹ ਲੱਕੜ ਪਹਾੜਾਂ ਤੋਂ ਹੇਠਾਂ ਲਿਆਂਦੀ ਜਾਂਦੀ ਹੈ ਤਾਂ ਇਸ ਦੇ ਟੁਕੜੇ ਕਰ ਦਿੱਤੇ ਜਾਂਦੇ ਹਨ।

ਇਸ ਖੇਤਰ ਵਿੱਚ ਲੱਕੜ ਦੀ ਤਸਕਰੀ ਗੱਡੀਆਂ ਨਾਲ ਮੁਸ਼ਕਲ ਹੁੰਦੀ ਹੈ। ਇਸ ਲਈ ਗਧਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਵਿੱਚ ਇੱਕ ਗੱਲ ਇਹ ਵੀ ਮਹੱਤਵਪੂਰਨ ਹੈ ਕਿ ਜਦੋਂ ਗਧਿਆਂ ਨੂੰ ਰਸਤਾ ਪਤਾ ਲੱਗ ਜਾਂਦਾ ਹੈ ਤਾਂ ਉਹ ਆਪਣੇ ਆਪ ਹੀ ਤੁਰੇ ਜਾਂਦੇ ਹਨ।

ਕਿਸੇ ਇਨਸਾਨ ਦੀ ਉਨ੍ਹਾਂ ਦੇ ਨਾਲ ਹੋਣ ਦੀ ਲੋੜ ਨਹੀਂ ਹੁੰਦੀ ਅਤੇ ਉਹ ਖੁਦ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ।

ਇਸ ਲਈ ਅਕਸਰ ਗਧਿਆਂ ਦੀ ਤਸਕਰੀ ਲਈ ਵਰਤੋਂ ਕੀਤੀ ਜਾਂਦੀ ਹੈ।

ਤਸਕਰ ਕੌਣ ਹਨ?

ਇਸ ਬਾਰੇ ਵੱਖ-ਵੱਖ ਖ਼ਬਰਾਂ ਆ ਰਹੀਆਂ ਹਨ।

ਸਰਕਾਰੀ ਪੱਧਰ 'ਤੇ ਕਿਹਾ ਜਾ ਰਿਹਾ ਹੈ ਕਿ ਇਸ ਪਿੱਛੇ ਵੱਡੇ ਤਸਕਰਾਂ ਦਾ ਹੱਥ ਹੋ ਸਕਦਾ ਹੈ।

ਉਹ ਤਸਕਰੀ ਲਈ ਗਰੀਬ ਮਜ਼ਦੂਰਾਂ ਦੀ ਵਰਤੋਂ ਕਰਦੇ ਹਨ।

ਪਰ ਦੂਜੇ ਪਾਸੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਦਰੋਸ਼ ਵਿੱਚ ਪਾਕਿਸਤਾਨ-ਅਫ਼ਗਾਨ ਸਰਹੱਦ ਦੇ ਨੇੜੇ ਸਥਿਤ ਹੈ ਅਤੇ ਇਸ ਤੋਂ ਗਰੀਬ ਲੋਕਾਂ ਨੂੰ ਕੁਝ ਆਮਦਨ ਹੁੰਦੀ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਗਧਿਆਂ 'ਤੇ ਲੱਕੜ ਦੇ ਇੱਕ-ਦੋ ਟੁਕੜੇ ਬੰਨ੍ਹੇ ਜਾਂਦੇ ਹਨ ਪਰ ਵੱਡੇ ਪੱਧਰ 'ਤੇ ਕੋਈ ਤਸਕਰੀ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਤਸਕਰੀ ਟਰੱਕਾਂ ਰਾਹੀਂ ਹੁੰਦੀ ਸੀ ਜਿਸ ਲਈ ਦੂਜੇ ਰਸਤਿਆਂ ਦੀ ਵਰਤੋਂ ਹੁੰਦੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)