You’re viewing a text-only version of this website that uses less data. View the main version of the website including all images and videos.
ਲੋਕ 'ਬੁਰੀ ਨਜ਼ਰ' ਦੀ ਰਹੱਸਮਈ ਸ਼ਕਤੀ 'ਤੇ ਵਿਸ਼ਵਾਸ ਕਿਉਂ ਕਰਦੇ ਹਨ?
- ਲੇਖਕ, ਕੋਏਨ ਹਰਜੇਤਾਈ
- ਰੋਲ, ਬੀਬੀਸੀ ਫ਼ੀਚਰ
ਪ੍ਰਾਚੀਨ ਮਿਸਰ 'ਚ ਸੁਰੱਖਿਆ, ਸ਼ਾਹੀ ਸ਼ਕਤੀ ਅਤੇ ਚੰਗੀ ਸਿਹਤ ਦੇ ਪ੍ਰਤੀਕ ਮੰਨੇ ਜਾਂਦੇ ਘੋੜੇ ਦੀ ਅੱਖ ਤੋਂ ਲੈ ਕੇ ਅਮਰੀਕੀ ਮਾਡਲ ਜੀਜੀ ਹਦੀਦ ਤੱਕ ਅੱਖਾਂ ਨੇ ਹਜ਼ਾਰਾਂ ਸਾਲਾਂ ਤੱਕ ਮਨੁੱਖੀ ਕਲਪਨਾ 'ਤੇ ਆਪਣੀ ਪਕੜ ਬਣਾਈ ਹੋਈ ਹੈ।
ਜਦੋਂ ਦੁਨੀਆਂ ਦੀਆਂ ਰਹੱਸਮਈ ਸ਼ੈਤਾਨੀ ਤਾਕਤਾਂ ਤੋਂ ਬਚਣ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ 'ਬੁਰੀ ਨਜ਼ਰ' ਤੋਂ ਵਧੇਰੇ ਜਾਣੀ ਪਛਾਣੀ ਚੀਜ਼ ਹੋਰ ਕੋਈ ਨਹੀਂ ਹੈ, ਜਿਸ 'ਤੇ ਕਿ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕੇ।
ਬੁਰੀ ਨਜ਼ਰ ਦਾ ਪਤਾ ਲਗਾਉਣ ਅਤੇ ਇਸ ਤੋਂ ਬਚਣ ਲਈ ਇਸ ਦੇ ਲਈ ਕਾਰਗਰ ਮੰਨੇ ਜਾਂਦੇ ਟੋਟਕਿਆਂ ਦੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ।
ਨੀਲੇ ਰੰਗ ਦੀ ਅੱਖ ਦੀ ਤਸਵੀਰ ਨਾ ਸਿਰਫ ਇਸਤਾਂਬੁਲ ਦੇ ਬਾਜ਼ਾਰਾਂ 'ਚ ਵਿਖਾਈ ਦਿੰਦੀ ਹੈ ਬਲਕਿ ਹਵਾਈ ਜਹਾਜ਼ਾਂ ਤੋਂ ਲੈ ਕੇ ਕੌਮਿਕ ਕਿਤਾਬਾਂ ਦੇ ਪੰਨ੍ਹਿਆਂ ਤੱਕ ਹਰ ਜਗ੍ਹਾ ਇਸਦੀ ਮੌਜੂਦਗੀ ਦਿਖਦੀ ਹੈ।
ਪਿਛਲੇ ਇੱਕ ਦਹਾਕਿਆਂ 'ਚ ਫੈਸ਼ਨ ਦੀ ਦੁਨੀਆਂ 'ਚ ਅਜਿਹੀਆਂ ਤਸਵੀਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹੀਆਂ ਹਨ।
ਅਮਰੀਕੀ ਮਾਡਲ ਕਿਮ ਕਾਰਦਾਸ਼ੀਅਨ ਨੇ ਕਈ ਮੌਕਿਆਂ 'ਤੇ ਸਪੋਰਟਸ ਬਰੈਸਲੇਟ ਅਤੇ ਹੈੱਡਪੀਸ ਪਹਿਨ ਕੇ ਫੋਟੋਆਂ ਖਿੱਚਵਾਈਆਂ ਹਨ, ਜਿਨ੍ਹਾਂ 'ਚ ਇਹ ਪ੍ਰਤੀਕ ' ਸ਼ੈਤਾਨੀ ਅੱਖ' ਮੌਜੂਦ ਹੈ।
ਜਦਕਿ ਜੀਜੀ ਹਦੀਦ ਨੇ 2017 'ਚ 'ਆਈ ਲਵ' ਨਾਮਕ ਇੱਕ ਜੁੱਤੀਆਂ ਦਾ ਬ੍ਰਾਂਡ ਪੇਸ਼ ਕਰਕੇ ਇਸ ਰੁਝਾਨ ਨੂੰ ਹੋਰ ਵਧਾਵਾ ਦਿੱਤਾ ਸੀ।
ਮਸ਼ਹੂਰ ਹਸਤੀਆਂ ਦੇ ਰੁਝਾਨਾਂ ਤੋਂ ਬਾਅਦ ਬੁਰੀ ਨਜ਼ਰ ਤੋਂ ਬਚਣ ਲਈ ਕੜੇ (ਬਰੈਸਲੇਟ), ਹਾਰ ਅਤੇ ਚਾਬੀਆਂ ਦੇ ਛੱਲੇ ਬਣਾਉਣ ਦੇ ਤਰੀਕੇ ਆਨਲਾਈਨ ਸਾਂਝੇ ਕੀਤੇ ਗਏ ਹਨ।
ਸੱਚ ਤਾਂ ਇਹ ਹੈ ਕਿ ਹਜ਼ਾਰਾਂ ਸਾਲਾਂ ਤੋਂ ਅੱਖ ਦੇ ਇਸ ਚਿੰਨ੍ਹ ਨੇ ਮਨੁੱਖੀ ਕਲਪਨਾ ਨੂੰ ਆਪਣੀ ਜਕੜ 'ਚ ਰੱਖਿਆ ਹੋਇਆ ਹੈ।
- ਹਜ਼ਾਰਾਂ ਸਾਲਾਂ ਤੋਂ ਅੱਖ ਦੇ ਚਿੰਨ੍ਹ ਨੇ ਮਨੁੱਖੀ ਕਲਪਨਾ ਨੂੰ ਆਪਣੀ ਜਕੜ 'ਚ ਰੱਖਿਆ ਹੋਇਆ ਹੈ।
- ਮੰਨਿਆ ਜਾਂਦਾ ਹੈ ਕਿ ਕਿਸੇ ਦੁਸ਼ਮਣ ਦੀ ਬੁਰੀ ਨਜ਼ਰ ਨਾਲ 'ਨਜ਼ਰ' ਲੱਗ ਸਕਦੀ ਹੈ।
- ਬੁਰੀ ਨਜ਼ਰ ਦੀ ਧਾਰਨਾ ਬਹੁਤ ਪੁਰਾਣੀ ਹੈ
- ਇਸ ਦਾ ਵਿਸ਼ਵਾਸ ਵੱਖ-ਵੱਖ ਸਭਿਆਚਾਰਾਂ ਦੇ ਨਾਲ-ਨਾਲ ਕਈ ਪੀੜ੍ਹੀਆਂ ਤੱਕ ਫੈਲਿਆ ਹੋਇਆ ਹੈ।
- "ਨੀਲੀਆਂ ਅੱਖਾਂ ਵਾਲੇ ਲੋਕਾਂ 'ਚ ਹਿਪਨੋਰਾਈਜ਼ ਕਰਨ ਦੀ ਸਮਰੱਥਾ ਹੁੰਦੀ ਹੈ।"
- ਬੁਰੀ ਨਜ਼ਰ ਨੂੰ ਦੂਰ ਕਰਨ ਲਈ ਅੱਜ ਵੀ ਤਵੀਤਾਂ ਦੀ ਵਰਤੋਂ ਹੁੰਦੀ ਹੈ।
ਬੁਰੀ ਨਜ਼ਰ ਦਾ ਆਧਾਰ ਕੀ ਹੈ ?
ਬੁਰੀ ਨਜ਼ਰ ਦੇ ਆਧਾਰ ਨੂੰ ਸਮਝਣ ਤੋਂ ਪਹਿਲਾਂ ਤਵੀਤ ਅਤੇ ਬੁਰੀ ਨਜ਼ਰ ਵਿਚਾਲੇ ਅੰਤਰ ਨੂੰ ਸਮਝਣ ਦੀ ਲੋੜ ਹੈ।
ਨੀਲੀ ਅੱਖ ਵਾਲੇ ਤਵੀਤ ਨੂੰ ਅਕਸਰ ਹੀ 'ਸ਼ੈਤਾਨੀ ਅੱਖ' ਕਿਹਾ ਜਾਂਦਾ ਹੈ, ਪਰ ਅਸਲ 'ਚ ਇਸ ਦਾ ਉਦੇਸ਼ ਬੁਰੀ ਨਜ਼ਰ ਤੋਂ ਬਚਣਾ ਹੁੰਦਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਕਿਸੇ ਦੁਸ਼ਮਣ ਦੀ ਬੁਰੀ ਨਜ਼ਰ ਨਾਲ 'ਨਜ਼ਰ' ਲੱਗ ਸਕਦੀ ਹੈ।
ਇਹ ਤਵੀਤ ਹਜ਼ਾਰਾਂ ਸਾਲਾਂ ਤੋਂ ਵੱਖੋ ਵੱਖ ਰੂਪਾਂ 'ਚ ਮੌਜੂਦ ਰਹੇ ਹਨ ਅਤੇ ਬੁਰੀ ਨਜ਼ਰ ਦੀ ਧਾਰਨਾ ਇੰਨੀ ਪੁਰਾਣੀ ਹੈ ਕਿ ਇਸ ਦੀ ਸ਼ੁਰੂਆਤ ਦਾ ਪਤਾ ਲਗਾਉਣਾ ਇੱਕ ਮੁਸ਼ਕਲ ਕੰਮ ਹੈ।
ਸੰਖੇਪ 'ਚ ਇਹ ਹੈ ਕਿ ਬੁਰੀ ਨਜ਼ਰ ਅਤੇ ਇਸ ਦੇ ਸੰਭਾਵੀ ਪ੍ਰਭਾਵਾਂ 'ਚ ਵਿਸ਼ਵਾਸ ਰੱਖਣਾ ਕੋਈ ਬਹੁਤ ਗੁੰਝਲਦਾਰ ਧਾਰਨਾ ਨਹੀਂ ਹੈ।
ਇਹ ਇਸ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਵਿਅਕਤੀ ਵੱਡੀ ਸਫਲਤਾ ਜਾਂ ਵੱਡਾ ਨਾਮ ਜਾਂ ਮੁਕਾਮ ਹਾਸਲ ਕਰਦਾ ਹੈ ਤਾਂ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਈਰਖਾ ਨੂੰ ਵੀ ਆਕਰਸ਼ਿਤ ਕਰਦਾ ਹੈ।
ਮੰਨਿਆ ਜਾਂਦਾ ਹੈ ਕਿ ਈਰਖਾ ਕਿਸੇ ਦੀ ਵੀ ਚੰਗੀ ਕਿਸਮਤ ਲਈ ਨੁਕਸਾਨਦੇਹ ਹੁੰਦੀ ਹੈ।
ਇਸ ਧਾਰਨਾ ਦਾ ਵਰਣਨ ਪ੍ਰਾਚੀਨ ਯੂਨਾਨੀ ਰੋਮਾਂਟਿਕ ਨਾਵਲ ਏਥੀਓਪਿਕਾ 'ਚ ਹੇਲੀਓਡੋਰਸ ਆਫ਼ ਅਮੇਸਾ 'ਚ ਕੁਝ ਇਸ ਤਰ੍ਹਾਂ ਨਾਲ ਕੀਤਾ ਗਿਆ ਹੈ ਕਿ, 'ਜਦੋਂ ਕੋਈ ਵਿਅਕਤੀ ਈਰਖਾ ਦੀ ਨਜ਼ਰ ਨਾਲ ਕਿਸੇ ਚੰਗੀ ਚੀਜ਼ ਨੂੰ ਵੇਖਦਾ ਹੈ ਤਾਂ ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਇੱਕ ਹਾਨੀਕਾਰਕ ਗੰਧ ਨਾਲ ਭਰ ਦਿੰਦਾ ਹੈ ਅਤੇ ਵਾਤਾਵਰਣ 'ਚ ਆਪਣੇ ਜ਼ਹਿਰੀਲੇ ਸਾਹਾਂ ਨੂੰ ਫੈਲਾ ਦਿੰਦਾ ਹੈ।'
ਬੁਰੀ ਨਜ਼ਰ ਦਾ ਇਹ ਵਿਸ਼ਵਾਸ ਵੱਖ-ਵੱਖ ਸਭਿਆਚਾਰਾਂ ਦੇ ਨਾਲ-ਨਾਲ ਕਈ ਪੀੜ੍ਹੀਆਂ ਤੱਕ ਫੈਲਿਆ ਹੋਇਆ ਹੈ।
ਅੱਜ ਤੱਕ ਬੁਰੀ ਨਜ਼ਰ ਦੇ ਬਾਰੇ 'ਚ ਮਿਥਿਹਾਸ ਦੀ ਸਭ ਤੋਂ ਵਿਆਪਕ ਰਚਨਾਵਾਂ 'ਚੋਂ ਇੱਕ ਫਰੈਡਰਿਕ ਥਾਮਸ ਐਲਵਰਥੀ ਦੀ 'ਦ ਈਵਿਲ ਆਈ' ਹੈ।
ਇਹ ਵੀ ਪੜ੍ਹੋ-
ਇਹ ਅੰਧ ਵਿਸ਼ਵਾਸ ਦੀ ਇੱਕ ਪੁਰਾਤਨ ਕਹਾਣੀ ਹੈ। ਐਲਵਰਥੀ ਵੱਖ-ਵੱਖ ਸਭਿਆਚਾਰਾਂ 'ਚ ਪ੍ਰਤੀਕ ਦੀਆਂ ਮਿਸਾਲਾਂ ਦੀ ਭਾਲ ਕਰਦੇ ਹਨ।
ਯੂਨਾਨੀ ਗੋਰਗੁਨੋਂ ਦੀ 'ਦਿਲ ਦਹਿਲਾ ਦੇਣ ਵਾਲੀ ਨਜ਼ਰ' ਤੋਂ ਲੈ ਕੇ ਆਇਰਿਸ਼ ਲੋਕ ਕਥਾਵਾਂ ਤੱਕ, ਜਿਸ 'ਚ ਉੱਥੋਂ ਦੇ ਮਰਦ ਇੱਕ ਹੀ ਇਸ਼ਾਰੇ ਨਾਲ ਘੋੜਿਆਂ ਨੂੰ ਕਾਬੂ 'ਚ ਕਰ ਸਕਦੇ ਹਨ, ਇਸਦੇ ਨਾਲ ਹੀ ਹਰ ਸੱਭਿਆਚਾਰ 'ਚ ਮਿਸਾਲ ਦੇ ਤੌਰ 'ਤੇ 'ਬੁਰੀ ਨਜ਼ਰ' ਨਾਲ ਸਬੰਧਤ ਇੱਕ ਕਾਲਪਨਿਕ ਕਹਾਣੀ ਜ਼ਰੂਰ ਮੌਜੂਦ ਹੁੰਦੀ ਹੈ।
ਅੱਖ ਦਾ ਚਿੰਨ੍ਹ ਹਰ ਸੱਭਿਆਚਾਰ 'ਚ ਇੰਨੀ ਚੰਗੀ ਤਰ੍ਹਾਂ ਨਾਲ ਰਚ-ਮਿੱਚ ਗਿਆ ਹੈ ਕਿ ਇਸ ਦਾ ਵਰਣਨ ਬਾਈਬਲ ਅਤੇ ਕੁਰਾਨ ਸਮੇਤ ਹੋਰ ਕਈ ਧਾਰਮਿਕ ਕਿਤਾਬਾਂ 'ਚ ਵੀ ਮਿਲਦਾ ਹੈ।
ਅੱਖ ਦੇ ਬਦਲ 'ਚ ਅੱਖ
ਬੁਰੀ ਨਜ਼ਰ 'ਚ ਵਿਸ਼ਵਾਸ ਰੱਖਣਾ ਅੰਧਵਿਸ਼ਵਾਸ ਤੋਂ ਵੀ ਵੱਧ ਕੇ ਹੈ। ਕਈ ਪ੍ਰਸਿੱਧ ਚਿੰਤਕ ਇਸ ਦੀ ਸੱਚਾਈ ਦੀ ਪੁਸ਼ਟੀ ਕਰਦੇ ਹਨ।
ਸਭ ਤੋਂ ਵੱਧ ਮਸ਼ਹੂਰ ਉਦਾਹਰਣਾਂ 'ਚੋਂ ਇੱਕ ਯੂਨਾਨੀ ਦਾਰਸ਼ਨਿਕ ਪਲੂਟਾਰਕ ਸੀ, ਜਿਨ੍ਹਾਂ ਨੇ ਆਪਣੀ ਕਿਤਾਬ ਸਿਮਪੋਜ਼ਿਕਸ 'ਚ ਇੱਕ ਵਿਗਿਆਨਕ ਵਿਆਖਿਆ ਦਾ ਪ੍ਰਸਤਾਵ ਪੇਸ਼ ਕੀਤਾ ਸੀ ਕਿ ਮਨੁੱਖੀ ਅੱਖ 'ਚ ਊਰਜਾ ਦੀਆਂ ਨਾ ਵਿਖਣ ਵਾਲੀਆਂ ਕਿਰਨਾਂ ਨੂੰ ਛੱਡਣ ਦੀ ਸ਼ਕਤੀ ਹੈ ਜੋ ਕਿ ਕੁਝ ਮਾਮਲਿਆਂ 'ਚ ਬੱਚਿਆਂ ਜਾਂ ਛੋਟੇ ਜਾਨਵਰਾਂ ਨੂੰ ਮਾਰਨ ਲਈ ਕਾਫ਼ੀ ਤਾਕਤਵਰ ਹੁੰਦੀ ਹੈ।
ਪਲੂਟਾਰਕ ਇਸ ਦੀ ਮਿਸਾਲ ਦਿੰਦੇ ਹੋਏ ਕਹਿੰਦੇ ਹਨ ਕਿ ਕਾਲੇ ਸਾਗਰ ਦੇ ਦੱਖਣ 'ਚ ਕੁਝ ਗਿਰੋਹ ਬੁਰੀ ਨਜ਼ਰ ਦੀ ਵਰਤੋਂ ਕਰਦੇ ਹਨ।
ਇਹ ਵੀ ਮੰਨਿਆ ਜਾਂਦਾ ਹੈ ਕਿ ਨੀਲੀਆਂ ਅੱਖਾਂ ਵਾਲੇ ਲੋਕਾਂ 'ਚ ਹਿਪਨੋਰਾਈਜ਼ ਕਰਨ ਦੀ ਸਮਰੱਥਾ ਹੁੰਦੀ ਹੈ।
ਇਹ ਇੱਕ ਬਹੁਤ ਹੀ ਆਮ ਸਿਧਾਂਤ ਹੈ ਕਿ ਕੁਝ ਲੋਕਾਂ ਕੋਲ ਵਧੇਰੇ ਤਾਕਤਵਰ ਨਜ਼ਰ ਹੁੰਦੀ ਹੈ, ਜੋ ਕਿ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ।
ਪਰ ਇਸ 'ਚ ਇਹ ਵੀ ਜ਼ਰੂਰੀ ਨਹੀਂ ਹੈ ਕਿ ਬੁਰੀ ਨਜ਼ਰ ਦਾ ਸਬੰਧ ਕਿਸੇ ਬਾਰੇ ਬੁਰਾ ਸੋਚਣ ਨਾਲ ਹੋਵੇ।
ਕੁਝ ਸੱਭਿਆਚਾਰਾਂ 'ਚ ਇਸ ਨੂੰ ਇੱਕ ਬੋਝ ਮੰਨਿਆ ਜਾਂਦਾ ਹੈ, ਮਤਲਬ ਕਿ ਬਦਕਿਸਮਤੀ ਫੈਲਾਉਣ ਦੀ ਸਮਰੱਥਾ ਆਪਣੇ ਆਪ 'ਚ ਹੀ ਇੱਕ ਤਰ੍ਹਾਂ ਦੀ ਬਦਕਿਸਮਤੀ ਜਾਂ ਬਦਸ਼ਗੁਨੀ ਦਾ ਇੱਕ ਰੂਪ ਹੈ।
ਉਦਾਹਰਣ ਦੇ ਲਈ ਐਲਵਰਥੀ ਨੇ ਪਲੈਂਡ ਦੀ ਇੱਕ ਪ੍ਰਾਚੀਨ ਲੋਕ ਕਥਾ ਦਾ ਹਵਾਲਾ ਦਿੱਤਾ ਹੈ, ਜੋ ਕਿ ਇੱਕ ਅਜਿਹੇ ਵਿਅਕਤੀ ਬਾਰੇ ਦੱਸਦੀ ਹੈ , ਜਿਸ ਦੀ ਨਜ਼ਰ 'ਚ ਐਨੀ ਜ਼ਿਆਦਾ ਬਦਸ਼ਗੁਨੀ ਸੀ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ, ਅਜ਼ੀਜ਼ਾਂ ਨੂੰ ਬਦਕਿਸਤਮੀ ਤੋਂ ਬਚਾਉਣ ਲਈ ਆਪਣੀਆਂ ਅੱਖਾਂ ਨੂੰ ਆਪ ਹੀ ਵਿਨ੍ਹ ਦਿੱਤਾ ਸੀ।
ਇੱਕ ਵਿਆਪਕ ਵਿਸ਼ਵਾਸ ਇਹ ਵੀ ਹੈ ਕਿ ਕਿਸੇ ਦੀ ਇੱਕ ਬੁਰੀ ਨਜ਼ਰ ਤੁਹਾਨੂੰ ਬਰਬਾਦ ਕਰ ਦੇਣ ਵਾਲੀ ਬਦਕਿਸਮਤੀ ਨਾਲ ਮਿਲਾ ਸਕਦੀ ਹੈ।
ਪਰ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਨ੍ਹਾਂ ਪ੍ਰਾਚੀਨ ਸੱਭਿਆਤਾਵਾਂ ਦੇ ਲੋਕਾਂ ਨੇ ਇਸ ਦਾ ਹੱਲ ਵੀ ਲੱਭਿਆ ਹੈ , ਜਿਸ ਕਾਰਨ ਬੁਰੀ ਨਜ਼ਰ ਨੂੰ ਦੂਰ ਕਰਨ ਲਈ ਤਵੀਤਾਂ ਦੀ ਵਰਤੋਂ ਸ਼ੁਰੂ ਹੋਈ। ਲੋਕ ਅੱਜ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਤਵੀਤਾਂ ਦੀ ਵਰਤੋਂ ਕਦੋਂ ਤੋਂ ਸ਼ੁਰੂ ਹੋਈ ?
ਇਸਤਾਂਬੁਲ 'ਚ ਸਥਿਤ ਕਲਾ ਇਤਿਹਾਸ ਦੇ ਪ੍ਰੋਫੈਸਰ ਡਾਕਟਰ ਨੇਸ਼ੇ ਯਿਲਦਰਾਨ ਨੇ ਬੀਬੀਸੀ ਕਲਚਰ ਨੂੰ ਦੱਸਿਆ ਕਿ 'ਬੁਰੀ ਨਜ਼ਰ' ਤੋਂ ਬਚਣ ਲਈ ਤਵੀਤ ਦਾ ਸਭ ਤੋਂ ਪੁਰਾਣਾ ਰੂਪ 3,300 ਈਸਾ ਪੂਰਵ ਦਾ ਹੈ।
ਇਹ ਤਵੀਤ ਮੇਸੋਪੋਟਾਮੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ 'ਚੋਂ ਇੱਕ, ਤਲ ਬਰਾਕ ਦੀ ਖੁਦਾਈ ਦੌਰਾਨ ਨਿਕਲੇ ਮੌਜੂਦਾ ਸੀਰੀਆ 'ਚ ਮਿਲੇ ਸਨ। ਖੁਦਾਈ ਦੌਰਾਨ ਉੱਥੇ ਵੱਢੀਆਂ ਅੱਖਾਂ ਨਾਲ ਬਣੀਆਂ ਮੂਰਤੀਆਂ ਮਿਲੀਆਂ ਸਨ।
ਤਲ ਬਰਾਕ ਦੀ ਪ੍ਰਾਚੀਨ ਅਲਬਸਟਰ ਨਾਲ ਬਣੀਆਂ ਮੂਰਤੀਆਂ ਉਨ੍ਹਾਂ ਨੀਲੇ ਸ਼ੀਸ਼ੇ ਵਾਲੇ ਤਵੀਤਾਂ ਤੋਂ ਵੱਖ ਹਨ, ਜਿਨ੍ਹਾਂ ਨੂੰ ਅਸੀਂ ਅੱਜ ਵੇਖਦੇ ਹਾਂ।
ਇਸ ਦੇ ਸਭ ਤੋਂ ਪੁਰਾਣੇ ਰੂਪ 1500 ਈਸਾ ਪੂਰਵ ਤੱਕ ਪ੍ਰਗਟ ਨਹੀਂ ਹੋਏ ਸਨ। ਫਿਰ ਵਿਕਾਸ ਦੀ ਇਹ ਪ੍ਰਕਿਰਿਆ ਕਿਵੇਂ ਸ਼ੁਰੂ ਹੋਈ ?
'ਜਿੱਥੋਂ ਤੱਕ ਨੀਲੇ ਰੰਗ ਦਾ ਸਬੰਧ ਹੈ, ਇਹ ਨਿਸ਼ਚਤ ਤੌਰ 'ਤੇ ਸਭ ਤੋਂ ਪਹਿਲਾਂ ਮਿਸਰ ਦੀ ਮਿੱਟੀ ਤੋਂ ਆਉਂਦਾ ਹੈ। ਜਿਸ 'ਚ ਆਕਸਾਈਡ ਦੀ ਮਾਤਰਾ ਵਧੇਰੇ ਹੁੰਦੀ ਹੈ। ਜਦੋਂ ਇਸ ਨੂੰ ਪਕਾਇਆ ਜਾਂਦਾ ਹੈ ਤਾਂ ਤਾਂਬਾ ਅਤੇ ਕੋਬਾਲਟ ਇਸ ਨੂੰ ਨੀਲਾ ਰੰਗ ਦਿੰਦੇ ਹਨ'।
ਅੱਖ ਨੂੰ ਨਿਗਰਾਨੀ ਅਤੇ ਜਾਸੂਸੀ ਦੇ ਡਰ ਦਾ ਚਿੰਨ੍ਹ ਵੀ ਮੰਨਿਆ ਜਾਂਦਾ ਹੈ।
ਯਿਲਦਾਰਨ ਨੇ ਮਿਸਰ ਦੀ ਖੁਦਾਈ ਦੌਰਾਨ ਮਿਲਣ ਵਾਲੇ ਹੋਰਸ ਪੈਂਡੈਂਟਾਂ ਦੀਆਂ ਨੀਲੀਆਂ ਅੱਖਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਸ਼ੁਰੂਆਤੀ ਦੌਰ ਦੀ ਆਧੁਨਿਕ ਬੁਰੀ ਨਜ਼ਰ ਨੂੰ ਦੂਰ ਕਰਨ ਵਾਲੇ ਤਵੀਤ ਦੇ ਵਧੇਰੇ ਪ੍ਰਭਾਵਸ਼ਾਲੀ ਪੂਰਵਗਾਮੀ ਵੱਜੋਂ ਵੇਖਿਆ ਜਾ ਸਕਦਾ ਹੈ।
ਯਿਲਦਾਰਨ ਦੇ ਅਨੁਸਾਰ ਮੁੱਢਲੇ ਤੁਰਕੀ ਕਬੀਲਿਆਂ ਨੇ ਆਪਣੇ ਆਕਾਸ਼ ਦੇਵਤਾ 'ਤੰਜੇਰੀ' (ਟੇਂਗਰੀ) ਦੇ ਨਾਲ ਜੁੜੇ ਹੋਣ ਕਰਕੇ ਨੀਲੇ ਰੰਗ ਨਾਲ ਡੂੰਗੀ ਦਿਲਚਸਪੀ ਰੱਖੀ ਸੀ ਅਤੇ ਸੰਭਵ ਤੌਰ 'ਤੇ ਨਤੀਜੇ ਵਜੋਂ ਕੋਬਾਲਟ ਅਤੇ ਤਾਂਬੇ ਦੀ ਵਰਤੋਂ ਕਰਨ ਦੀ ਚੋਣ ਕਰਦੇ ਸਨ।
ਇਸ ਖੇਤਰ 'ਚ ਨੀਲੀਆਂ ਅੱਖਾਂ ਦੇ ਮੋਤੀਆਂ ਦੀ ਮਾਲਾ ਦੀ ਵਰਤੋਂ ਵਿਆਪਕ ਪੱਧਰ 'ਤੇ ਕੀਤੀ ਜਾਂਦੀ ਸੀ। ਜਿਸ ਦੀ ਵਰਤੋਂ ਫੋਨੀਸ਼ੀਅਨ ਅਸੀਰੀਅਨ, ਯੂਨਾਨੀ ਅਤੇ ਸ਼ਾਇਦ ਸਭ ਤੋਂ ਵੱਧ ਉਸਮਾਨੀ ਦੌਰ ਦੇ ਲੋਕ ਕਰਿਆ ਕਰਦੇ ਸਨ।
ਇਸ ਦੇ ਅਰਥਾਂ ਤੋਂ ਅਣਜਾਣ ?
ਨੀਲੀ ਅੱਖ ਬਾਰੇ ਜੋ ਚੀਜ਼ ਸਭ ਤੋਂ ਵੱਧ ਆਕਰਸ਼ਕ ਹੈ, ਉਹ ਨਾ ਸਿਰਫ ਇਸ ਦੀ ਲੰਮੀ ਉਮਰ ਹੈ, ਬਲਕਿ ਸੱਚਾਈ ਇਹ ਹੈ ਕਿ ਇਸ ਦੀ ਵਰਤੋਂ 'ਚ ਹਜ਼ਾਰਾਂ ਸਾਲਾਂ ਦੇ ਦੌਰਾਨ ਥੋੜ੍ਹਾ ਜਿਹਾ ਬਦਲਾਅ ਜ਼ਰੂਰ ਹੋਇਆ ਹੈ।
ਅਸੀਂ ਅੱਜ ਵੀ ਆਪਣੇ ਹਵਾਈ ਜਹਾਜ਼ਾਂ ਦੇ ਆਲੇ-ਦੁਆਲੇ ਨੀਲੀ ਅੱਖ ਉਸੇ ਤਰ੍ਹਾਂ ਲਗਾ ਰਹੇ ਹਾਂ, ਜਿਵੇਂ ਕਿ ਮਿਸਰ ਅਤੇ ਐਟਰਸਕੈਨ ਨੇ ਸੁਰੱਖਿਆ ਮਾਰਗ ਯਕੀਨੀ ਬਣਾਉਣ ਲਈ ਇਸ ਨੂੰ ਆਪਣੇ ਪਾਣੀ ਦੇ ਜਹਾਜ਼ਾਂ 'ਤੇ ਲਗਾਇਆ ਸੀ।
ਤੁਰਕੀ 'ਚ ਅੱਜ ਵੀ ਇਹ ਇੱਕ ਪਰੰਪਰਾ ਹੈ ਕਿ ਨਵਜੰਮੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਬੁਰੀ ਨਜ਼ਰ ਦਾ ਨਿਸ਼ਾਨ ਲਗਾਇਆ ਜਾਂਦਾ ਹੈ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਛੋਟੇ ਬੱਚੇ ਅਕਸਰ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ।
ਪਰ ਕੋਈ ਵੀ ਹੈਰਾਨੀ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ ਹੈ, ਕਿ ਕੀ ਆਧੁਨਿਕ ਦੁਨੀਆਂ ਦੇ ਸਾਧਨਾਂ ਦੇ ਨਾਲ ਇਸ ਦਾ ਰੂਪ ਵੀ ਬਦਲ ਰਿਹਾ ਹੈ। ਇਸ ਦੇ ਅਰਥ ਅਤੇ ਇਤਿਹਾਸ ਨਵੇਂ ਰੰਗ 'ਚ ਰੰਗੇ ਜਾ ਰਹੇ ਹਨ।
ਅੱਖ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਅਤੇ ਇਹ ਬਹੁਤ ਸਾਰੀਆਂ ਸੱਭਿਆਤਾਵਾਂ ਨਾਲ ਵੀ ਜੁੜਿਆ ਹੋਇਆ ਹੈ।
ਇਸ ਲਈ ਨੀਲੀ ਅੱਖ ਦੇ ਚਿੰਨ੍ਹ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਆਧੁਨਿਕ ਉਪਭੋਗਤਾ ਅਸਲ 'ਚ ਵਿਰਾਸਤ ਦੇ ਕਾਰਨ ਹੀ ਇਸ ਨਾਲ ਸਬੰਧ ਰੱਖਦੇ ਹਨ।
ਉਦਾਹਰਣ ਵੱਜੋਂ ਕਿਮ ਕਾਰਦਸ਼ੀਅਨ ਅਤੇ ਜੀਜੀ ਹਦੀਦ, ਦੋਵਾਂ ਦਾ ਹੀ ਸਬੰਧ ਅਜਿਹੇ ਸੱਭਿਆਚਾਰਾਂ ਨਾਲ ਹੈ, ਜਿਨ੍ਹਾਂ 'ਚ ਬੁਰੀ ਨਜ਼ਰ ਦੀ ਧਾਰਨਾ ਮੌਜੂਦ ਹੈ।
ਯਿਲਦਰਾਨ ਨਹੀਂ ਮੰਨਦੇ ਕਿ ਇਹ ਕੋਈ ਸਮੱਸਿਆ ਹੈ। "ਬੁਰੀ ਨਜ਼ਰ ਉਸ ਚਿੰਤਾ ਤੋਂ ਕਿਤੇ ਉੱਪਰ ਹੈ, ਕਿਉਂਕਿ ਇਹ ਇੱਕ ਵੱਡੇ ਭੂਗੋਲ ਦਾ ਹਿੱਸਾ ਰਹੀ ਹੈ ਅਤੇ ਅਸੀਂ ਬੁਰੀ ਨਜ਼ਰ ਤੋਂ ਪ੍ਰਾਪਤ ਤਵੀਤਾਂ ਦੇ ਵੱਖ-ਵੱਖ ਰੂਪਾਂ ਨੂੰ ਵੇਖਦੇ ਰਹਾਂਗੇ।"
ਹਾਲਾਂਕਿ ਇੱਕ ਪ੍ਰਤੀਕ 'ਚ ਸੀਮਾਵਾਂ ਨੂੰ ਪਾਰ ਕਰਨ ਦੀ ਸਮਰੱਥਾ ਹੋ ਸਕਦੀ ਹੈ, ਭਾਵੇਂ ਉਹ ਸੱਭਿਆਚਾਰਕ, ਭੂਗੋਲਿਕ ਜਾਂ ਧਾਰਮਿਕ ਹੋਵੇ, ਇਹ ਸਿਰਫ ਇੱਕ ਰੂਪ ਜਾਂ ਫ਼ੈਸ਼ਨ ਸਟੇਟਮੈਂਟ ਤੋਂ ਪਰੇ ਨਵੇਂ ਅਰਥ ਕਾਇਮ ਕਰਦਾ ਹੈ।
ਬੁਰੀ ਨਜ਼ਰ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਦੇ ਬਚੇ ਖੁਚੇ ਹਿੱਸਿਆਂ 'ਚੋਂ ਹੈ, ਜੋ ਕਿ ਮਨੁੱਖ ਦੇ ਕੁਝ ਸਭ ਤੋਂ ਸਥਾਈ ਅਤੇ ਡੂੰਘੇ ਵਿਸ਼ਵਾਸਾਂ ਵੱਲ ਇਸ਼ਾਰਾ ਕਰਦੀ ਹੈ।
ਜੇਕਰ ਇਹ ਸੱਚਮੁੱਚ ਅਜਿਹੀ ਚੀਜ਼ ਹੈ ਜਿਸ 'ਤੇ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਅਜਿਹੇ ਗਿਆਨ ਤੋਂ ਬਿਨ੍ਹਾਂ ਤਵੀਤ ਨੂੰ ਪਹਿਨਣਾ ਨਾ ਸਿਰਫ ਇਸ ਦੀ ਰੱਖਿਆਤਮਕ ਯੋਗਤਾ ਨੂੰ ਬੇਕਾਰ ਕਰ ਸਕਦਾ ਹੈ, ਬਲਕਿ ਇਸ ਤੋਂ ਵੱਧ ਤਾਕਤਵਰ ਬਦਸ਼ਗੁਨੀ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ-