ਨਰਸਰੀ ਸਕੂਲ 'ਚ ਗੋਲੀਬਾਰੀ, ਆਪਣਾ ਬੱਚਾ ਨਾ ਲੱਭਣ 'ਤੇ ਹਮਲਾਵਰ ਨੇ ਜਦੋਂ ਕਈ ਮਾਸੂਮਾਂ ਦੀ ਜਾਨ ਲਈ

ਥਾਈਲੈਂਡ ਵਿੱਚ ਇੱਕ ਪ੍ਰੀ-ਸਕੂਲ ਚਾਈਲਡ ਡੇ-ਕੇਅਰ ਸੈਂਟਰ ਵਿੱਚ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਗੋਲੀਬਾਰੀ ਕੀਤੀ ਹੈ।

ਇਸ ਗੋਲੀਬਾਰੀ ਵਿੱਚ ਘੱਟੋ-ਘੱਟ 38 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਹਮਲਾ ਕਰਨ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ ਹੈ।

ਸਥਾਨਕ ਮੀਡੀਆ ਮੁਤਾਬਕ ਉਸ ਦੀ ਲਾਸ਼ ਵੀ ਮਿਲ ਗਈ ਹੈ, ਪਰ ਪੁਲਿਸ ਵੱਲੋਂ ਅਜੇ ਅਜਿਹੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ 'ਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਿਲ ਹਨ। ਕੁੱਲ ਮਾਰੇ ਗਏ ਲੋਕਾਂ ਵਿੱਚੋਂ ਘੱਟੋ-ਘੱਟ 23 ਸਿਰਫ਼ ਬੱਚੇ ਹਨ।

ਇੱਕ ਸਥਾਨਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਖ਼ਬਰ ਏਜੰਸੀ ਰਾਈਟਰਜ਼ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਬੱਚਿਆਂ ਦੀ ਉਮਰ ਮਹਿਜ਼ 2 ਸਾਲ ਸੀ।

ਹਮਲੇ ਵਿੱਚ ਘੱਟੋ-ਘੱਟ 12 ਲੋਕ ਜ਼ਖ਼ਮੀ ਵੀ ਹੋਏ ਹਨ।

ਪੁਲਿਸ ਅਨੁਸਾਰ, ਹਮਲਾਵਰ ਨੇ ਬੱਚਿਆਂ ਅਤੇ ਵੱਡਿਆਂ ਨੂੰ ਗੋਲ਼ੀਆਂ ਮਾਰੀਆਂ ਤੇ ਚਾਕੂ ਨਾਲ ਹਮਲਾ ਕੀਤਾ।

ਅਧਿਕਾਰੀਆਂ ਅਨੁਸਾਰ, ਹਮਲਾਵਰ ਇੱਕ ਚਿੱਟੇ ਰੰਗ ਦੇ ਪਿਕ-ਅੱਪ ਟਰੱਕ ਵਿੱਚ ਆਇਆ ਸੀ।

ਥਾਈਲੈਂਡ ਦੇ ਪਬਲਿਕ ਬਰਾਡਕਾਸਟਰ ਦੇ ਅਨੁਸਾਰ, ਬੰਦੂਕਧਾਰੀ ਕੋਲ ਇੱਕ ਸ਼ਾਟਗਨ, ਇੱਕ ਪਿਸਤੌਲ ਅਤੇ ਇੱਕ ਚਾਕੂ ਸੀ।

ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਹਮਲਾਵਰ ਨੇ ਆਪਣੀ ਪਤਨੀ ਅਤੇ ਬੱਚਿਆਂ ਦਾ ਵੀ ਕਤਲ ਕਰ ਦਿੱਤਾ ਹੈ।

ਇਸ ਹਮਲੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ। ਇਸ ਸਮੇਂ ਸਕੂਲ ਵਿੱਚ ਭਾਰੀ ਸੁਰੱਖਿਆ ਬਲ ਮਜੂਦ ਹੈ ਬੱਚਿਆਂ ਦੇ ਮਾਪੇ ਸਕੂਲ ਪਹੁੰਚ ਰਹੇ ਹਨ।

ਹਮਲਾਵਰ ਬਾਰੇ ਕੀ ਜਾਣਕਾਰੀ

ਪੁਲਿਸ ਨੇ ਹਮਲਾਵਰ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਅਤੇ ਹਮਲਾਵਰ ਦੀ ਉਮਰ 34 ਸਾਲ ਦੱਸੀ ਗਈ ਹੈ।

ਪੁਲਿਸ ਮੁਤਾਬਕ, ਬੰਦੂਕਧਾਰੀ ਨੂੰ ਪਿਛਲੇ ਸਾਲ ਹੀ ਪੁਲਿਸ ਦੀ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਸੀ।

ਸਥਾਨਕ ਪੁਲਿਸ ਕਰਨਲ ਜੱਕਾਪਾਤ ਵਿਜੀਤਰਾਈਥਾਯਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੰਦੂਕਧਾਰੀ ਹਮਲਾਵਰ ਦਾ ਨਾਮ ਪਾਨਿਆ ਕਾਮਰਾਬ ਹੈ।

ਇਸ ਹਮਲਾਵਰ ਨੂੰ ਪਿਛਲੇ ਸਾਲ ਡਰੱਗਜ਼ ਦੀ ਵਰਤੋਂ ਕਰਨ ਕਾਰਨ ਪੁਲਿਸ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

  • ਥਾਈਲੈਂਡ ਦੇ ਇੱਕ ਨਰਸਰੀ ਸਕੂਲ ਵਿੱਚ ਸਾਬਕਾ ਪੁਲਿਸ ਅਧਿਕਾਰੀ ਨੇ ਕੀਤੀ ਗੋਲੀਬਾਰੀ
  • ਇਸ ਹਮਲੇ ਵਿੱਚ ਹੁਣ ਤੱਕ 23 ਬੱਚਿਆਂ ਸਣੇ 34 ਲੋਕਾਂ ਦੀ ਹੋਈ ਮੌਤ
  • ਹਮਲਾਵਰ ਨੇ ਹਮਲਾ ਕਰਨ ਤੋਂ ਬਾਅਦ ਆਪ ਵੀ ਖ਼ੁਦਕੁਸ਼ੀ ਕਰ ਲਈ ਹੈ
  • ਪੁਲਿਸ ਵੱਲੋਂ ਹਮਲਾਵਰ ਦੀ ਤਸਵੀਰ ਜਾਰੀ, ਪਿਛਲੇ ਸਾਲ ਹੀ ਪੁਲਿਸ ਦੀ ਨੌਕਰੀ ਤੋਂ ਹੋਇਆ ਸੀ
  • ਮ੍ਰਿਤਕਾਂ ਵਿੱਚ ਅੱਠ ਮਹੀਨਿਆਂ ਦੀ ਗਰਭਵਤੀ ਅਧਿਆਪਿਕਾ ਵੀ ਸ਼ਾਮਿਲ

ਹਮਲਾਵਰ ਨੇ ਪਹਿਲਾਂ ਸਟਾਫ਼ 'ਤੇ ਕੀਤਾ ਹਮਲਾ

ਜ਼ਿਲ੍ਹੇ ਦੇ ਇੱਕ ਅਧਿਕਾਰੀ ਜਿਡਾਪਾ ਬੂਨਸਮ ਨੇ ਖ਼ਬਰ ਏਜੰਸੀ ਰਾਈਟਰਜ਼ ਨੂੰ ਦੱਸਿਆ ਕਿ ਨਰਸਰੀ ਵਿੱਚ ਬੱਚਿਆਂ ਦੇ ਦੁਪਹਿਰ ਦੇ ਭੋਜਨ ਤੋਂ ਬਾਅਦ ਹਮਲਾਵਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਹ ਹਮਲਾ ਹੋਇਆ, ਉਸ ਸਮੇਂ ਨਰਸਰੀ ਵਿੱਚ ਲਗਭਗ 30 ਬੱਚੇ ਸਨ।

ਅਧਿਕਾਰੀ ਅਨੁਸਾਰ, ਹਮਲਾਵਰ ਨੇ ਪਹਿਲਾਂ ਸਟਾਫ਼ ਦੇ 4 ਤੋਂ 5 ਮੈਂਬਰਾਂ 'ਤੇ ਹਮਲਾ ਕੀਤਾ, ਜਿਨ੍ਹਾਂ ਵਿੱਚ ਇੱਕ ਅੱਠ ਮਹੀਨਿਆਂ ਦੀ ਗਰਭਵਤੀ ਅਧਿਆਪਿਕਾ ਵੀ ਸ਼ਾਮਿਲ ਸਨ।

ਉਨ੍ਹਾਂ ਦੱਸਿਆ ਕਿ ''ਸ਼ੁਰੂ ਵਿੱਚ ਤਾਂ ਲੋਕਾਂ ਨੂੰ ਲੱਗਾ ਜਿਵੇਂ ਕੋਈ ਆਤਿਸ਼ਬਾਜ਼ੀ ਹੋ ਰਹੀ ਹੋਵੇ।''

ਇਹ ਵੀ ਪੜ੍ਹੋ-

ਪਰਿਵਾਰ ਨੂੰ ਵੀ ਕੀਤਾ ਕਤਲ

ਅਧਿਕਾਰੀਆਂ ਨੇ ਦੱਸਿਆ ਹੈ ਕਿ ਜਦੋਂ ਹਮਲਾਵਰ ਸਕੂਲ ਪਹੁੰਚਿਆ ਤਾਂ ਉਸ ਨੇ ਆਪਣੇ ਬੱਚੇ ਨੂੰ ਭਾਲਣਾ ਸ਼ੁਰੂ ਕੀਤਾ, ਪਰ ਉਸ ਦੇ ਨਾ ਮਿਲਣ 'ਤੇ ਉਹ ਭੜਕ ਗਿਆ।

ਪੁਲਿਸ ਦੇ ਬੁਲਾਰੇ ਪੈਸਨ ਲੂਈਸੋਮਬੂਨ ਨੇ ਕਿਹਾ, ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਨੇੜੇ-ਤੇੜੇ ਖੜ੍ਹੇ ਲੋਕਾਂ ਨੂੰ ਆਪਣੇ ਵਾਹਨ ਨਾਲ ਟੱਕਰ ਮਾਰੀ।

ਜਿਸ ਤੋਂ ਬਾਅਦ ਉਹ ਆਪਣੇ ਘਰ ਪਰਤ ਗਿਆ ਅਤੇ ਉੱਥੇ ਜਾ ਕੇ ਆਪਣੀ ਪਤਨੀ ਅਤੇ ਬੱਚੇ ਨੂੰ ਵੀ ਕਤਲ ਕਰ ਦਿੱਤਾ।

ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਹਮਲਾ ਕਰਨ ਤੋਂ ਪਹਿਲਾਂ ਬੰਦੂਕਧਾਰੀ ਨਸ਼ੀਲੇ ਪਦਾਰਥਾਂ ਦੇ ਦੋਸ਼ ਤਹਿਤ ਅਦਾਲਤ ਦੀ ਸੁਣਵਾਈ ਲਈ ਗਿਆ ਸੀ।

ਚਸ਼ਮਦੀਦ ਨੇ ਕੀ ਦੱਸਿਆ

ਪਾਵੀਨਾ ਪੂਰੀਚੈਨ ਦੀ ਇੱਕ 31 ਸਾਲਾ ਚਸ਼ਮਦੀਦ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਹਮਲੇ ਤੋਂ ਬਾਅਦ ਬੰਦੂਕਧਾਰੀ ਗਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ ਅਤੇ ਉਨ੍ਹਾਂ ਦਾ ਸਾਹਮਣਾ ਵੀ ਉਸ ਨਾਲ ਹੋ ਗਿਆ ਸੀ।

ਮਹਿਲਾ ਨੇ ਦੱਸਿਆ, ''ਉਹ ਸੜਕ 'ਤੇ ਹੋਰ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ ਕਰ ਰਿਹਾ ਸੀ।''

''ਹਮਲਾਵਰ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਦੋ ਲੋਕ ਜ਼ਖਮੀ ਹੋ ਗਏ। ਮੈਂ ਉਸ ਤੋਂ ਦੂਰ ਭੱਜ ਗਈ।''

ਮਹਿਲਾ ਨੇ ਇਹ ਵੀ ਦੱਸਿਆ ਹਮਲਾਵਰ ਉਸ ਇਲਾਕੇ ਵਿੱਚ ਨਸ਼ੇੜੀ ਵਜੋਂ ਜਾਣਿਆ ਜਾਂਦਾ ਹੈ।

ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਹਮਲੇ ਨੂੰ ਨਿੰਦਿਆ

ਥਾਈਲੈਂਡ ਦੇ ਪ੍ਰਧਾਨ ਮੰਤਰੀ ਪਰਾਯੂਥ ਚੈਨ-ਓਚਾ ਨੇ ਇਸ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟਾਈ ਹੈ ਅਤੇ ਇਸ ਹਮਲੇ ਨੂੰ ''ਸਦਮੇ ਵਾਲਾ'' ਕਿਹਾ ਹੈ।

ਉਨ੍ਹਾਂ ਕਿਹਾ, ''ਮੇਰੀਆਂ ਸੰਵੇਦਨਾਵਾਂ ਪੀੜਤ ਅਤੇ ਬਹਾਦੁਰ ਪਰਿਵਾਰਾਂ ਨਾਲ ਹਨ।''

ਆਪਣੀ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਹਮਲੇ ਵਾਲੀ ਥਾਂ 'ਤੇ ਪਹੁੰਚਣ ਦੀਆਂ ਹਿਦਾਇਤਾਂ ਵੀ ਦਿੱਤੀਆਂ।

ਥਾਈਲੈਂਡ ਵਿੱਚ ਆਮ ਹਨ ਗ਼ੈਰਕਾਨੂੰਨੀ ਹਥਿਆਰ

ਇਹ ਹਮਲਾ ਥਾਈਲੈਂਡ ਦੇ ਉੱਤਰ-ਪੂਰਬ 'ਚ ਨੋਂਗ ਬੁਆ ਲਾਮਫੂ 'ਚ ਹੋਇਆ ਹੈ। ਇਹ ਥਾਈਲੈਂਡ ਦਾ ਇੱਕ ਪੇਂਡੂ ਇਲਾਕਾ ਹੈ ਜੋ ਰਾਜਧਾਨੀ ਬੈਂਕਾਕ ਤੋਂ ਲਗਭਗ 500 ਕਿੱਲੋਮੀਟਰ ਦੂਰ ਹੈ।

ਖ਼ਬਰ ਏਜੰਸੀ ਰਾਈਟਰਜ਼ ਅਨੁਸਾਰ, ਥਾਈਲੈਂਡ ਵਿੱਚ ਗ਼ੈਰਕਾਨੂੰਨੀ ਹਥਿਆਰ ਆਮ ਹਨ।

ਇੱਥੇ ਲੋਕਾਂ ਕੋਲ਼ ਬੰਦੂਕਾਂ ਆਮ ਤੌਰ 'ਤੇ ਹੀ ਮਿਲ ਜਾਂਦੀਆਂ ਹਨ ਪਰ ਫਿਰ ਵੀ ਥਾਈਲੈਂਡ ਵਿੱਚ ਅਜਿਹੇ ਹਮਲੇ ਦੀਆਂ ਘਟਨਾਵਾਂ ਘੱਟ ਹੀ ਵਾਪਰਦੀਆਂ ਹਨ।

ਸਾਲ 2020 ਵਿੱਚ ਇੱਥੇ ਇੱਕ ਫੌਜੀ ਨੇ 21 ਲੋਕਾਂ ਨੂੰ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)