ਅਮਰੀਕੀ ਡਾਲਰ ਹੋਰ ਕਰੰਸੀਆਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਕਿਉਂ ਹੈ

ਦੁਨੀਆਂ ਦੀਆਂ ਦੂਜੀਆਂ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੋ ਦਹਾਕਿਆਂ ਦੇ ਸਭ ਤੋਂ ਮਜ਼ਬੂਤ ਪੱਧਰ ਉੱਪਰ ਹੈ।

ਇਸ ਦਾ ਮਤਲਬ ਹੈ ਕਿ ਜੇ ਤੁਸੀਂ ਦੁਨੀਆਂ ਦੀਆਂ ਹੋਰ ਕਰੰਸੀਆਂ ਦੇ ਬਦਲੇ ਅਮਰੀਕੀ ਡਾਲਰ ਖਰੀਦਰਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।

ਡਾਲਰ ਸੂਚਕਅੰਕ ਜੋ ਕਿ ਦੁਨੀਆਂ ਦੀਆਂ ਛੇ ਹੋਰ ਵੱਡੀਆਂ/ਮਜ਼ਬੂਤ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਤੁਲਨਾ ਕਰਦਾ ਹੈ ਸਾਲ 2022 ਦੌਰਾਨ 15% ਚੜ੍ਹਿਆ ਹੈ। ਇਸ ਸੂਚਕਅੰਕ ਵਿੱਚ, ਯੂਰੋ, ਪੌਂਡ ਅਤੇ ਯੈਨ ਸ਼ਾਮਲ ਹਨ।

  • ਦੁਨੀਆਂ ਦੀਆਂ ਦੂਜੀਆਂ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੋ ਦਹਾਕਿਆਂ ਦੇ ਸਭ ਤੋਂ ਮਜ਼ਬੂਤ ਪੱਧਰ ਉੱਪਰ ਹੈ।
  • ਸਾਲ 2022 ਦੌਰਾਨ 15% ਚੜ੍ਹਿਆ ਹੈ।
  • ਅਮਰੀਕੀ ਆਰਥਿਕਤਾ ਬਹੁਤ ਵੱਡੀ ਹੋਣ ਕਾਰਨ ਨਿਵੇਸ਼ਕਾਂ ਵੱਲੋਂ ਸੁਰੱਖਿਅਤ ਸਮਝੀ ਜਾਂਦੀ ਹੈ।
  • ਮਜ਼ਬੂਤ ਡਾਲਰ ਦਾ ਉਨ੍ਹਾਂ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ ਜੋ ਅਮਰੀਕਾ ਤੋਂ ਬਾਹਰ ਕਾਰੋਬਾਰ ਕਰਕੇ ਕਮਾਈ ਕਰਦੀਆਂ ਹਨ।
  • ਕਮਜ਼ੋਰ ਮੁਦਰਾ ਵਾਲੇ ਦੇਸ ਡਾਲਰ ਦੀ ਇਸ ਮਜ਼ਬੂਤੀ ਤੋਂ ਫਾਇਦਾ ਲੈ ਸਕਦੇ ਹਨ।

ਡਾਲਰ ਮਜ਼ੂਬਤ ਕਿਉਂ ਹੈ?

ਮਹਿੰਗਾਈ ਨਾਲ ਨਜਿੱਠਣ ਲਈ ਅਮਰੀਕਾ ਦੇ ਕੇਂਦਰੀ ਬੈਂਕ ਨੇ ਇਸ ਸਾਲ ਵਿਆਜ ਦਰਾਂ ਕਈ ਵਾਰ ਵਧਾਈਆਂ ਹਨ। ਨਤੀਜੇ ਵਜੋਂ ਅਮਰੀਕਾ ਵਿੱਚ ਕਰਜ਼ ਲੈਣਾ ਮਹਿੰਗਾ ਹੋ ਗਿਆ ਹੈ।

ਇਸ ਦਾ ਮਤਲਬ ਹੈ ਕਿ ਤੁਹਾਨੂੰ ਅਮਰੀਕੀ ਸਰਕਾਰ ਦੇ ਬੌਂਡਸ ਦੇ ਬਦਲੇ ਪਹਿਲਾਂ ਨਾਲੋਂ ਘੱਟ ਪੈਸਾ ਮਿਲੇਗਾ। ਅਮਰੀਕੀ ਸਰਕਾਰ ਦੇ ਬੌਂਡਸ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਢਾਹ ਲੱਗੀ ਹੈ।

ਬੌਂਡਸ ਸਰਕਾਰਾਂ ਲਈ ਬਜ਼ਾਰ ਵਿੱਚੋਂ ਕਰਜ਼ ਚੁੱਕਣ ਦਾ ਇੱਕ ਤਰੀਕਾ ਹੈ। ਇਨ੍ਹਾਂ ਬੌਂਡਸ ਦੇ ਬਦਲੇ ਸਰਕਾਰਾਂ ਨਿਵੇਸ਼ਕਾਂ ਨੂੰ ਬਾਜ਼ਾਰ ਨਾਲੋਂ ਜ਼ਿਆਦਾ ਵਿਆਜ ਦੇਣ ਦਾ ਵਾਅਦਾ ਕਰਦੀਆਂ ਹਨ।

ਆਮ ਕਰਕੇ ਨਿਵੇਸ਼ਕ ਸਰਕਾਰੀ ਬੌਂਡਸ ਨੂੰ ਨਿਵੇਸ਼ ਦੇ ਪੱਖੋਂ ਬਹੁਤ ਸੁਰੱਖਿਅਤ ਸਮਝਦੇ ਹਨ।

ਸਾਲ 2022 ਦੇ ਸਿਰਫ਼ ਜੁਲਾਈ ਮਹੀਨੇ ਵਿੱਚ ਹੀ ਵਿਦੇਸ਼ੀ ਨਿਵੇਸ਼ਕਾਂ ਨੇ 10.2 ਬਿਲੀਅਨ ਡਾਲਰ ਦੇ ਸਰਕਾਰੀ ਬੌਂਡ ਖ਼ਰੀਦੇ ਅਤੇ ਉਨ੍ਹਾਂ ਵਿੱਚੋਂ ਸਿਰਫ਼ 7.5 ਬੀਲੀਅਨ ਦੇ ਹੀ ਉਨ੍ਹਾਂ ਕੋਲ ਹਨ।

ਨਿਵੇਸ਼ਕਾਂ ਨੂੰ ਇਹ ਬੌਂਡ ਖ਼ਰੀਦਣ ਲਈ ਡਾਲਰ ਖਰੀਦਣੇ ਪੈਂਦੇ ਹਨ। ਨਤੀਜੇ ਵਜੋਂ ਡਾਲਰ ਦਾ ਭਾਅ ਹੋਰ ਵਧ ਰਿਹਾ ਹੈ।

ਜਦੋਂ ਨਿਵੇਸ਼ਕ ਡਾਲਰ ਵੇਚਦੇ ਹਨ ਤਾਂ ਇਸ ਦਾ ਭਾਅ ਡਿੱਗ ਜਾਂਦਾ ਹੈ। ਬਿਲਕੁਲ ਉਵੇਂ ਜਿਵੇਂ ਸ਼ੇਅਰ ਬਜ਼ਾਰ ਵਿੱਚ ਹੁੰਦਾ ਹੈ।

ਜਦੋਂ ਲੋਕ ਕਿਸੇ ਕੰਪਨੀ ਦੇ ਸ਼ੇਅਰ ਖ਼ਰੀਦਣ ਲੱਗਦੇ ਹਨ ਤਾਂ ਸ਼ੇਅਰ ਦੀਆਂ ਕੀਮਤਾਂ ਵਧਣ ਲਗਦੀਆਂ ਹਨ ਤੇ ਜਦੋਂ ਵੇਚਣ ਲੱਗਦੇ ਹਨ ਤਾਂ ਕੀਮਤਾਂ ਥੱਲੇ ਆ ਜਾਂਦੀਆਂ ਹਨ।

ਜਦੋਂ ਬ੍ਰਿਟੇਨ ਦੀ ਸਰਕਾਰ ਨੇ ਟੈਕਸ ਵਿੱਚ ਵੱਡੀਆਂ ਕਟੌਤੀਆਂ ਦਾ ਐਲਾਨ ਕੀਤਾ ਤਾਂ ਪੌਂਡ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਗਿਆ ਹੈ।

ਅਮਰੀਕੀ ਆਰਥਿਕਤਾ ਬਹੁਤ ਵੱਡੀ ਹੋਣ ਕਾਰਨ ਨਿਵੇਸ਼ਕਾਂ ਵੱਲੋਂ ਸੁਰੱਖਿਅਤ ਸਮਝੀ ਜਾਂਦੀ ਹੈ।

ਜਦੋਂ ਵਿਸ਼ਵੀ ਆਰਥਿਕਤਾ ਤਣਾਅ ਵਿੱਚ ਹੁੰਦੀ ਹੈ ਤਾਂ ਨਿਵੇਸ਼ਕਾਂ ਦਾ ਝੁਕਾਅ ਡਾਲਰ ਖ਼ਰੀਦਣ ਵੱਲ ਹੋ ਜਾਂਦਾ ਹੈ।

ਨਤੀਜੇ ਵਜੋਂ ਡਾਲਰ ਦੀ ਕੀਮਤ ਉੱਪਰ ਵੱਲ ਜਾਣ ਲਗਦੀ ਹੈ।

ਯੂਕਰੇਨ ਸੰਕਟ ਕਾਰਨ ਯੂਰਪ ਅਤੇ ਏਸ਼ੀਆ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਹਨ।

ਹਾਲਾਂਕਿ ਅਮਰੀਕਾ ਉੱਪਰ ਗੈਸ ਦੀ ਮਹਿੰਗਾਈ ਦਾ ਕੋਈ ਖਾਸਾ ਅਸਰ ਨਹੀਂ ਪਿਆ ਹੈ।

ਫਿਰ ਵੀ ਇਹ ਪਿਛਲੇ ਛੇ ਮਹੀਨਿਆਂ ਦੌਰਾਨ ਸੁੰਗੜੀ ਹੈ। ਪਰ ਕਾਰੋਬਾਰ ਨਵੀਂ ਭਰਤੀ ਕਰ ਰਹੇ ਹਨ ਜੋ ਕਿ ਆਰਥਿਕਤਾ ਵਿੱਚ ਭਰੋਸੇ ਦਾ ਸੰਕੇਤ ਹੈ।

ਹਾਲਾਂਕਿ ਮਜ਼ਬੂਤ ਡਾਲਰ ਦਾ ਉਨ੍ਹਾਂ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ ਜੋ ਅਮਰੀਕਾ ਤੋਂ ਬਾਹਰ ਕਾਰੋਬਾਰ ਕਰਕੇ ਕਮਾਈ ਕਰਦੀਆਂ ਹਨ, ਜਿਵੇਂ ਕਿ ਐਪਲ ਅਤੇ ਸਟਾਰਬਕਸ।

ਇਹ ਸਮਝਿਆ ਜਾਂਦਾ ਹੈ ਕਿ ਅਮਰੀਕੀ ਕੰਪਨੀਆਂ ਜੋ ਕਿ ਸ਼ੇਅਰ ਬਜ਼ਾਰ ਦੇ ਐਸਐਂਡਪੀ 500 ਸੂਚਕਅੰਕ ਵਿੱਚ ਕਾਰੋਬਾਰ ਕਰਦੀਆਂ ਹਨ ਉਨ੍ਹਾਂ ਨੂੰ ਕੌਮਾਂਤਰੀ ਕਾਰੋਬਾਰ ਵਿੱਚ ਸੌ ਬਿਲੀਅਨ ਡਾਲਰ ਦਾ ਘਾਟਾ ਪੈ ਸਕਦਾ ਹੈ।

ਇਹ ਵੀ ਪੜ੍ਹੋ-

ਮਜ਼ਬੂਤ ਡਾਲਰ ਦਾ ਕਮਜ਼ੋਰ ਮੁਦਰਾ ਵਾਲੇ ਦੇਸਾਂ ਉੱਪਰ ਕੀ ਅਸਰ ਪੈਂਦਾ ਹੈ?

ਕਮਜ਼ੋਰ ਮੁਦਰਾ ਵਾਲੇ ਦੇਸ ਡਾਲਰ ਦੀ ਇਸ ਮਜ਼ਬੂਤੀ ਤੋਂ ਫਾਇਦਾ ਲੈ ਸਕਦੇ ਹਨ।

ਇਸ ਨਾਲ ਜਿਨ੍ਹਾਂ ਵਸਤਾਂ ਅਤੇ ਸੇਵਾਵਾਂ ਦਾ ਵਪਾਰ ਉਹ ਕਰਦੇ ਹਨ ਉਹ ਅਮਰੀਕਾ ਲਈ ਸਸਤੀਆਂ ਹੋ ਜਾਂਦੀਆਂ ਹਨ। ਨਤੀਜੇ ਵਜੋਂ ਉਨ੍ਹਾਂ ਦੇਸਾਂ ਦੇ ਨਿਰਿਆਤ ਵਿੱਚ ਵਾਧਾ ਹੁੰਦਾ ਹੈ।

ਹਾਲਾਂਕਿ, ਇਸ ਦਾ ਦੂਜਾ ਪਹਿਲੂ ਇਹ ਹੈ ਕਿ ਇਸ ਨਾਲ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਹਨ।

ਤੇਲ ਦੀ ਕੀਮਤ ਅਮਰੀਕੀ ਡਾਲਰ ਵਿੱਚ ਤੈਅ ਕੀਤੀ ਜਾਂਦੀ ਹੈ। ਇਸ ਲਈ ਪੈਟਰੋਲ ਪੂਰੀ ਦੁਨੀਆਂ ਵਿੱਚ ਮਹਿੰਗਾ ਹੋ ਗਿਆ ਹੈ।

ਕੀਨੀਆ ਵਿੱਚ, ਮਿਸਾਲ ਵਜੋਂ ਜਿੱਥੇ ਸ਼ਿਲਿੰਗ ਡਾਲਰ ਦੇ ਮੁਕਾਬਲੇ ਸਭ ਤੋਂ ਨੀਵੇਂ ਪੱਧਰ 'ਤੇ ਡਿੱਗਿਆ ਹੋਇਆ ਹੈ। ਤੇਲ ਦੀ ਕੀਮਤ 2022 ਦੇ ਸ਼ੁਰੂ ਦੇ ਮੁਕਾਬਲੇ 40% ਵਧ ਗਈ ਹੈ।

ਸਰਕਾਰਾਂ ਅਤੇ ਕਈ ਕੰਪਨੀਆਂ ਵੀ ਘਰੇਲੂ ਮੁਦਰਾ ਨਾਲੋਂ ਡਾਲਰ ਵਿੱਚ ਕਰਜ਼ ਲੈਣਾ ਪਸੰਦ ਕਰਦੀਆਂ ਹਨ ਕਿਉਂਕਿ ਡਾਲਰ ਬਾਕੀ ਕਰੰਸੀਆਂ ਦੇ ਮੁਕਾਬਲੇ ਜ਼ਿਆਦਾ ਸਥਿਰ ਹੈ।

ਜਿਵੇਂ ਹੀ ਡਾਲਰ ਦੀ ਕੀਮਤ ਵਧਦੀ ਹੈ ਤਾਂ ਕਰਜ਼ਦਾਰਾਂ ਲਈ ਕਰਜ਼ ਮੋੜਨਾ ਮਹਿੰਗਾ ਹੋ ਜਾਂਦਾ ਹੈ।

ਮਜ਼ਬੂਤ ਡਾਲਰ ਦੀ ਸਭ ਤੋਂ ਬੁਰੀ ਮਾਰ ਅਰਜਨਟੀਨਾ ਉੱਪਰ ਪਈ ਹੈ।

ਅਰਜਨਟੀਨਾ ਨੇ ਆਰਜੀ ਤੌਰ ਉੱਪਰ ਆਪਣਾ ਵਿਦੇਸ਼ੀ ਮੁਦਰਾ ਭੰਡਾਰ ਬਚਾਉਣ ਲਈ ਬਰਾਮਦ ਕਰਨ 'ਤੇ ਰੋਕ ਲਗਾ ਦਿੱਤੀ ਹੈ। ਖਾਸ ਕਰ ਯੌਟਸ (ਕਿਸ਼ਤੀਆਂ) ਅਤੇ ਵਿਸਕੀ।

ਘਰਾਂ ਨੂੰ ਡਾਲਰ ਭੇਜਣ ਵਾਲੇ ਪਰਵਾਸੀਆਂ ਉੱਪਰ ਕੀ ਅਸਰ ਪਵੇਗਾ?

ਹਰ ਸਾਲ ਵਿਦੇਸ਼ਾਂ ਵਿੱਚ ਵਸਦੇ ਪਰਵਾਸੀ ਆਪੋ-ਆਪਣੇ ਘਰਾਂ ਨੂੰ ਅੰਦਾਜਨ 625 ਬਿਲੀਅਨ ਡਾਲਰ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ।

ਵਿਦੇਸ਼ਾਂ ਤੋਂ ਆਉਣ ਵਾਲਾ ਇਹ ਪੈਸਾ ਸਥਾਨਕ ਆਰਥਚਾਰਿਆਂ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ।

ਅਮਰੀਕਾ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮੇ ਹੀ ਹਰ ਸਾਲ ਲਗਭਗ 150 ਡਾਲਰ ਬਿਲੀਅਨ ਦੀ ਰਾਸ਼ੀ ਆਪਣੇ ਘਰਾਂ ਨੂੰ ਭੇਜਦੇ ਹਨ।

ਮੈਕਸੀਕੋ ਦੇ ਮਾਮਲੇ ਵਿੱਚ ਇਹ ਰਾਸ਼ੀ 30 ਬਿਲੀਅਨ ਡਾਲਰ, ਚੀਨ 16 ਬਿਲੀਅਨ ਡਾਲਰ, ਭਾਰਤ ਲਈ 11 ਬਿਲੀਅਨ ਡਾਲਰ ਅਤੇ ਇੰਨੀ ਹੀ ਰਾਸ਼ੀ ਫਿਲੀਪੀਨਜ਼ ਲਈ ਹੈ।

ਅਮਰੀਕੀ ਡਾਲਰ ਜਿੰਨਾ ਮਜ਼ਬੂਤ ਹੋਵੇਗਾ ਇਹ ਉਨੀਆਂ ਹੀ ਜ਼ਿਆਦਾ ਵਿਦੇਸ਼ੀ ਮੁਦਰਾਵਾਂ ਨੂੰ ਖ਼ਰੀਦ ਸਕੇਗਾ।

ਇਸ ਨਾਲ ਜਿਹੜੇ ਪਰਿਵਾਰਾਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਦੇ ਆਪਣੇ ਮੈਂਬਰਾਂ ਤੋਂ ਡਾਲਰ ਮਿਲਦੇ ਹਨ, ਉਨ੍ਹਾਂ ਦੀ ਸਥਿਤੀ ਜ਼ਿਆਦਾ ਵਧੀਆ ਹੋ ਜਾਂਦੀ ਹੈ।

ਮਿਸਾਲ ਵਜੋਂ ਬਰੈਂਡਿਟਾ ਕਰੂਜ਼ ਆਪਣੇ ਪਤੀ ਅਤੇ ਆਪਣੇ ਤਿੰਨ ਬੱਚਿਆਂ ਨਾਲ ਫਿਲੀਪੀਨਜ਼ ਦੇ ਸੈਨ ਜੋਸ ਸ਼ਹਿਰ ਵਿੱਚ ਰਹਿੰਦੇ ਹਨ।

ਉਨ੍ਹਾਂ ਦਾ ਪਰਿਵਾਰ ਕਰੂਜ਼ ਦੇ ਪਤੀ ਫਰੈਡ ਵੱਲੋਂ ਨਿਊਯਾਰਕ ਤੋਂ ਭੇਜੇ ਪੈਸੇ ਉੱਪਰ ਨਿਰਭਰ ਹੈ ਜੋ ਕਿ ਉੱਥੇ ਪਿਛਲੇ 18 ਸਾਲ ਤੋਂ ਨਰਸ ਵਜੋਂ ਕੰਮ ਕਰ ਰਹੇ ਹਨ।

ਫਿਲੀਪੀਨਜ਼ ਦੀ ਮੁਦਰਾ ਦੇ ਮੁਕਾਬਲੇ ਡਾਲਰ 13.5% ਮਹਿੰਗਾ ਹੋ ਗਿਆ ਹੈ, "ਫਿਲੀਪੀਨਜ਼ ਵਿੱਚ ਸਾਰਾ ਕੁਝ ਮਹਿੰਗਾ ਹੋ ਰਿਹਾ ਹੈ।"

"ਪਰ ਮਹਿੰਗਾ ਡਾਲਰ ਮੇਰੀ ਇਨ੍ਹਾਂ ਚੀਜ਼ਾਂ ਨੂੰ ਆਪਣੀ ਪਹੁੰਚ ਵਿੱਚ ਲਿਆਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਜੋ ਵਾਧੂ ਪੈਸਾ ਮਿਲਦਾ ਹੈ ਉਸ ਨਾਲ ਮੇਰੇ ਪਤੀ ਦੇ ਵਿਦੇਸ਼ ਵਿੱਚ ਵਹਾਏ ਪਸੀਨੇ ਦਾ ਮੁੱਲ ਹੋਰ ਵਧ ਜਾਂਦਾ ਹੈ।"

ਦੂਜੇ ਦੇਸ ਮਜ਼ਬੂਤ ਹੁੰਦੇ ਡਾਲਰ ਪ੍ਰਤੀ ਕੀ ਕਰ ਰਹੇ ਹਨ?

ਬਹੁਤ ਸਾਰੇ ਦੇਸ ਡਾਲਰ ਦੇ ਮੁਕਾਬਲੇ ਆਪਣੀ ਡਿੱਗਦੀ ਮੁਦਰਾ ਨੂੰ ਠੱਲ੍ਹ ਪਾਉਣ ਲਈ ਵਿਆਜ ਦਰਾਂ ਵਧਾ ਰਹੇ ਹਨ।

ਅਰਜਨਟੀਨਾ ਦੇ ਕੇਂਦਰੀ ਬੈਂਕ ਦੀ ਮੁੱਖ ਵਿਆਜ ਦਰ ਫਿਲਹਾਲ 69.5%, ਚੀਨ ਵਿੱਚ 19%, ਨਾਈਜੀਰੀਆ ਵਿੱਚ 14% ਅਤੇ ਬ੍ਰਾਜ਼ੀਲ ਵਿੱਚ 13.75% ਹੈ।

ਹਾਲਾਂਕਿ ਉੱਚੀਆਂ ਵਿਆਜ ਦਰਾਂ ਦਾ ਮਤਲਬ ਹੈ ਕਿ ਕਾਰੋਬਾਰਾਂ ਅਤੇ ਆਮ ਲੋਕਾਂ ਲਈ ਉਧਾਰ ਲੈਣਾ ਹੋਰ ਮਹਿੰਗਾ ਹੋਵੇਗਾ।

ਕਾਰੋਬਾਰੀਆਂ ਨੂੰ ਕਾਰੋਬਾਰ ਦਾ ਵਾਧਾ ਕਰਨ ਵਿੱਚ ਮੁਸ਼ਕਲ ਹੁੰਦੀ ਹੈ। ਪਰਿਵਾਰਾਂ ਨੂੰ ਆਪਣੇ ਘਰੇਲੂ ਖਰਚ ਵਿੱਚ ਕਟੌਤੀ ਕਰਨੀ ਪੈਂਦੀ ਹੈ। ਇਸ ਕਾਰਨ ਦੇਸਾਂ ਦੀ ਆਰਥਿਕਤਾ ਮੰਦੀ ਵੱਲ ਜਾ ਸਕਦੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)