You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ : 'ਬਲੈਕ ਹਾਕ' ਲੈਕੇ ਤਾਲਿਬਾਨ ਨਾਲ ਜਾ ਰਲ਼ਣ ਵਾਲਾ ਅਫ਼ਗਾਨ ਦਾ ਇਕਲੌਤਾ ਪਾਇਲਟ
- ਲੇਖਕ, ਇਨਯਾਤੁਲਹਕ ਯਾਸਿਨੀ ਅਤੇ ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਵਰਲਡ ਸਰਵਿਸ
''ਸ਼ਾਇਦ ਕੁਝ ਲੋਕ ਮੇਰੇ ਤੋਂ ਖੁਸ਼ ਨਹੀਂ ਹੋਣਗੇ। ਲੋਕਾਂ ਦੀ ਆਪੋ ਆਪਣੀ ਰਾਇ ਹੋ ਸਕਦੀ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁਲਕ ਤੁਹਾਡੀ ਮਾਂ ਵਰਗਾ ਹੁੰਦਾ ਹੈ ਅਤੇ ਕਿਸੇ ਨੂੰ ਵੀ ਆਪਣੇ ਦੇਸ ਜਾਂ ਮੁਲਕ ਨਾਲ ਗੱਦਾਰੀ ਨਹੀਂ ਕਰਨੀ ਚਾਹੀਦੀ।''
ਇਹ ਸ਼ਬਦ ਮੁਹੰਮਦ ਇਦਰੀਸ ਮੋਮੰਦ ਦੇ ਹਨ।
ਅਫ਼ਗਾਨਿਸਤਾਨ 'ਤੇ ਤਾਲਿਬਾਨ ਦਾ ਮੁੜ ਕਬਜ਼ਾ ਹੋਣ ਤੋਂ ਪਹਿਲਾਂ ਮੋਮੰਦ ਅਫ਼ਗਾਨਿਸਤਾਨ ਦੀ ਸਾਬਕਾ ਫੌਜ ਦੇ ਉਨ੍ਹਾਂ ਕੁਝ ਪਾਇਲਟਾਂ 'ਚੋਂ ਇੱਕ ਸਨ, ਜਿਨ੍ਹਾਂ ਨੇ ਅਮਰੀਕਾ ਤੋਂ ਲੰਮੀ ਸਿਖਲਾਈ ਹਾਸਲ ਕੀਤੀ ਹੈ।
ਇਸ ਸਿਖਲਾਈ ਦਾ ਮਕਸਦ ਆਪਣੇ ਦੇਸ ਦੀ ਰੱਖਿਆ ਕਰਨ ਦੇ ਯੋਗ ਹੋਣਾ ਸੀ।
ਪਰ ਜਦੋਂ ਪਿਛਲੇ ਸਾਲ ਤਾਲਿਬਾਨ ਲੜਾਕਿਆਂ ਨੇ ਕਾਬੁਲ 'ਤੇ ਮੁੜ ਕਬਜ਼ਾ ਕੀਤਾ ਤਾਂ ਮੋਮੰਦ ਨੇ ਆਪਣੇ ਸਾਥੀਆਂ ਨੂੰ ਦਗ਼ਾ ਦਿੱਤਾ ਅਤੇ ਹੈਲੀਕਾਪਟਰ ਲੈ ਕੇ ਆਪਣੇ ਪਿੰਡ ਵੱਲ ਉਡਾਣ ਭਰੀ ਤਾਂ ਜੋ ਉਹ ਆਪਣਾ ਹੈਲੀਕਾਪਟਰ ਆਪਣੇ ਸਾਬਕਾ ਦੁਸ਼ਮਣ ਭਾਵ ਤਾਲਿਬਾਨ ਨੂੰ ਸੌਂਪ ਸਕਣ।
ਸਾਬਕਾ ਅਫ਼ਗਾਨਿਸਤਾਨ ਫੌਜ 'ਚ ਅਜਿਹਾ ਕਰਨ ਵਾਲੇ ਉਹ ਇੱਕੋ ਇੱਕ ਪਾਇਲਟ ਸਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,"ਮੇਰਾ ਮਕਸਦ ਇੱਕ ਜਾਇਜਾਦ ਨੂੰ ਬਚਾਉਣਾ ਸੀ, ਜੋ ਕਿ ਅਫ਼ਗਾਨਿਸਤਾਨ ਦੀ ਸੀ।"
ਉਨ੍ਹਾਂ ਨੇ ਇਸ ਘਟਨਾ ਤੋਂ ਲਗਭਗ ਇੱਕ ਸਾਲ ਬਾਅਦ ਆਪਣੇ ਇਸ ਕਦਮ ਦਾ ਕਾਰਨ ਦੱਸਿਆ ਹੈ।
ਅਮਰੀਕਾ 'ਚ ਚੱਲੀ ਲੰਮੀ ਸਿਖ਼ਲਾਈ
ਮੋਮੰਦ ਸਾਲ 2009 'ਚ ਅਫ਼ਗਾਨ ਫੌਜ 'ਚ ਭਰਤੀ ਹੋਏ ਸੀ। ਇਸ ਤੋਂ ਬਾਅਦ ਉਹ ਚਾਰ ਸਾਲ ਦੀ ਲੰਮੀ ਸਿਖਲਾਈ ਲਈ ਅਮਰੀਕਾ ਚਲੇ ਗਏ।
ਉਨ੍ਹਾਂ ਦੀ ਸਿਖਲਾਈ ਵੈਸਟ ਪੁਆਇੰਟ ਵਜੋਂ ਜਾਣੀ ਜਾਂਦੀ ਅਮਰੀਕਨ ਮਿਲਟਰੀ ਅਕੈਡਮੀ 'ਚ ਹੋਈ ਸੀ।
ਉਨ੍ਹਾਂ ਦੱਸਿਆ ਕਿ ਅਮਰੀਕਾ 'ਚ ਇੱਕ ਹੈਲੀਕਾਪਟਰ ਪਾਇਲਟ ਦੀ ਸਿਖਲਾਈ 'ਤੇ 6 ਮਿਲੀਅਨ ਡਾਲਰ ਦੀ ਲਾਗਤ ਆਉਂਦੀ ਹੈ।
ਮੋਮੰਦ ਉਸ ਮੌਕੇ ਦੀ ਕਦਰ ਕਰਦੇ ਹਨ ਅਤੇ ਜਿਸ ਦਿਨ ਉਨ੍ਹਾਂ ਨੇ ਅਮਰੀਕਾ 'ਚ ਆਪਣੀ ਪਹਿਲੀ ਆਪ੍ਰੇਸ਼ਨਲ ਉਡਾਣ ਭਰੀ ਸੀ, ਉਸ ਦਿਨ ਦੀ ਖੁਸ਼ੀ ਨੂੰ ਅੱਜ ਵੀ ਮਹਿਸੂਸ ਕਰਦੇ ਹਨ।
ਉਨ੍ਹਾਂ ਅੱਗੇ ਦੱਸਿਆ, "ਮੈਂ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਸੀ, ਮੈਨੂੰ ਬਿਲਕੁਲ ਵੀ ਭਰੋਸਾ ਨਹੀਂ ਸੀ ਕਿ ਇਹ ਦਿਨ ਮੇਰੀ ਵੀ ਜ਼ਿੰਦਗੀ 'ਚ ਆਵੇਗਾ।"
ਇਹ ਉਹ ਮੌਕਾ ਨਹੀਂ ਸੀ ਜਦੋਂ ਉਨ੍ਹਾਂ ਦੀ ਸਿਖਲਾਈ ਖ਼ਤਮ ਹੋ ਗਈ ਸੀ ਅਤੇ ਉਹ ਮੁੜ ਆਪਣੇ ਘਰ-ਪਰਿਵਾਰ 'ਚ ਆ ਗਏ ਸੀ।
ਸ਼ੁਰੂ-ਸ਼ੁਰੂ 'ਚ ਉਨ੍ਹਾਂ ਨੂੰ ਪੱਛਮੀ ਅਫ਼ਗਾਨਿਸਤਾਨ ਦੇ ਹੈਰਾਤ 'ਚ ਤੈਨਾਤ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਰੂਸ 'ਚ ਬਣੇ ਐਮਆਈ 17 ਹੈਲੀਕਾਪਟਰਾਂ ਨੂੰ ਉਡਾਇਆ ਸੀ। ਕੁਝ ਸਾਲਾਂ ਬਾਅਦ ਮੋਮੰਦ ਨੂੰ ਇੱਕ ਸਫਲਤਾ ਹਾਸਲ ਹੋਈ।
ਉਹ ਦੱਸਦੇ ਹਨ, "ਸਾਲ 2008 'ਚ ਹਵਾਈ ਫੌਜ ਨਾਲ ਸਬੰਧਤ ਨਵੀਨਤਮ ਤਕਨੀਕਾਂ ਦਾ ਅਧਿਐਨ ਕਰਨ ਵਾਲੇ ਕੁਝ ਨੌਜਵਾਨ ਪਾਇਲਟਾਂ ਦੀ ਚੋਣ ਬਲੈਕ ਹਾਕ ਹੈਲੀਕਾਪਟਰ ਚਲਾਉਣ ਲਈ ਹੋਈ ਸੀ। ਉਸ ਤੋਂ ਬਾਅਦ ਹੀ ਮੈਂ ਬਲੈਕ ਹਾਕ ਹੈਲੀਕਾਪਟਰ ਉਡਾ ਰਿਹਾ ਹਾਂ।"
ਇਹ ਫੌਜੀ ਹੈਲੀਕਾਪਟਰ ਸਪਲਾਈ ਅਤੇ ਟ੍ਰਾਂਸਪੋਰਟ ਦੇ ਕੰਮਾਂ ਲਈ ਵਰਤੇ ਜਾਂਦੇ ਸਨ।
ਕਈ ਸਾਲਾਂ ਤੋਂ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਇਸ ਉਮੀਦ 'ਚ ਅਫ਼ਗਾਨ ਫੌਜ ਨੂੰ ਸਿਖਲਾਈ ਦਿੱਤੀ ਅਤੇ ਹਥਿਆਰਾਂ ਨਾਲ ਲੈੱਸ ਕਰਨ ਲਈ ਅਰਬਾਂ ਹੀ ਡਾਲਰ ਖਰਚੇ ਸਨ।
ਇਸ ਦਾ ਮਕਸਦ ਸੀ ਕਿ ਜਦੋਂ ਵੀ ਵਿਦੇਸ਼ੀ ਫੌਜਾਂ ਇੱਥੋਂ ਚਲੀਆਂ ਜਾਣ ਉਸ ਤੋਂ ਬਾਅਦ ਇਹ ਫੌਜੀ ਤਾਲਿਬਾਨ ਦਾ ਟਾਕਰਾ ਕਰ ਸਕਣ। ਪਰ ਇਹ ਉਮੀਦ ਅਮਲੀ ਜਾਮਾ ਨਾ ਪਹਿਣ ਸਕੀ।
ਮੁਹੰਮਦ ਇਦਰੀਸ ਦੀ ਕਹਾਣੀ
- ਮੁਹੰਮਦ ਇਦਰੀਸ ਮੋਮੰਦ ਅਮਰੀਕਾ ਤੋਂ ਸਿਖ਼ਲਾਈ ਹਾਸਲ ਅਫਗਾਨ ਫੌਜ ਦੀ ਪਾਇਲਟ ਸੀ
- ਅਗਸਤ 2021 ਨੂੰ ਤਾਲਿਬਾਨ ਦੇ ਕਾਬੁਲ ਉੱਤੇ ਕਬਜੇ ਦੌਰਾਨ ਉਹ ਏਅਰਪੋਰਟ ਉੱਤੇ ਤੈਨਾਤ ਸੀ
- ਜਦੋਂ ਕਾਬੁਲ ਦੇ ਹਾਲਾਤ ਵਿਗੜੇ ਤਾਂ ਉਨ੍ਹਾਂ ਨੂੰ ਉਜ਼ਬੇਕਿਸਤਾਨ ਲਈ ਉਡਾਣ ਭਰਨ ਲਈ ਕਿਹਾ ਗਿਆ
- ਮੋਮੰਦ ਮੁਤਾਬਕ ਕਮਾਂਡਰ ਉਨ੍ਹਾਂ ਨੂੰ ਆਪਣੇ ਹੀ ਮੁਲਕ ਨਾਲ ਗੱਦਾਰੀ ਕਰਨ ਲਈ ਕਹਿ ਰਹੇ ਸਨ
- ਪਿਤਾ ਦੇ ਸਲਾਹ ਮੁਤਾਬਕ ਮੋਮੰਦ ਨੇ ਤਾਲਿਬਾਨ ਦੇ ਕਬਜੇ ਵਾਲੇ ਆਪਣੇ ਜੱਦੀ ਸੂਬੇ ਕੁਨਾਰ ਚਲਾ ਗਿਆ
- ਉਸ ਨੂੰ ਅਮਰੀਕੀ ਫੌਜ ਨੇ ਹੈਲੀਕਾਪਟਰ ਨਾਲ ਵਾਪਸ ਮੁੜਨ ਲਈ ਕਿਹਾ ਪਰ ਉਹ ਨਾ ਮੁੜਿਆ
- ਮੋਮੰਦ ਦਾ ਮੰਨਣਾ ਹੈ ਕਿ ਭਾਵੇਂ ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜਾ ਹੈ,ਪਰ ਇਹ ਉਸਦਾ ਮੁਲਕ ਹੈ
- ਉਹ ਆਪਣੇ ਮੁਲਕ ਨੂੰ ਕਦੇ ਨਹੀਂ ਛੱਡਣਗੇ, ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ
- ਮੋਮੰਦ ਕਹਿੰਦੇ ਹਨ ਕਿ ਉਹ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਆਪਣੇ ਮੁਲਕ ਦੀ ਸੇਵਾ 'ਚ ਲੱਗਿਆ ਰਹਾਂਗਾ।
ਬਾਇਡਨ ਨੇ ਅਮਰੀਕੀ ਫੌਜ ਨੂੰ ਵਾਪਸ ਬੁਲਾਉਣ ਦਾ ਕੀਤਾ ਐਲਾਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ 'ਚ 11 ਸਤੰਬਰ ਤੱਕ ਅਮਰੀਕੀ ਫੌਜੀਆਂ ਦੀ ਅਫ਼ਗਾਨ ਤੋਂ ਵਾਪਸੀ ਦਾ ਐਲਾਨ ਕੀਤਾ ਸੀ।
ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ 11 ਸਤੰਬਰ 2001 ਨੂੰ ਹੋਏ ਹਮਲਿਆਂ ਦੀ 20ਵੀਂ ਵਰ੍ਹੇਗੰਢ ਤੋਂ ਪਹਿਲਾਂ ਹੀ ਸਾਰੇ ਅਮਰੀਕੀ ਫੌਜੀ ਆਪਣੇ ਮੁਲਕ ਪਰਤ ਆਉਣਗੇ।
ਬਾਇਡਨ ਦੇ ਇਸ ਐਲਾਨ ਤੋਂ ਬਾਅਦ ਅਫ਼ਗਾਨ ਫੌਜ ਦਾ ਹੌਂਸਲਾ ਟੁੱਟ ਗਿਆ ਅਤੇ ਬਹੁਤ ਹੀ ਤੇਜ਼ੀ ਨਾਲ ਤਾਲਿਬਾਨ ਨੇ ਮੁਲਕ 'ਤੇ ਮੁੜ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਮੋਮੰਦ ਮਜ਼ਾਰ-ਏ-ਸ਼ਰੀਫ 'ਚ ਤੈਨਾਤ ਸਨ।
ਇਸ ਤੋਂ ਬਾਅਦ ਅਫ਼ਗਾਨਿਸਤਾਨ ਫੌਜ ਹੱਥੋਂ ਜਾਂਦੇ ਕਬਜ਼ੇ ਨੂੰ ਵੇਖਦਿਆਂ ਜੁਲਾਈ ਮਹੀਨੇ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣ ਦੀ ਮਿਤੀ ਨੂੰ ਵਧਾ ਕੇ 31 ਅਗਸਤ ਕਰ ਦਿੱਤਾ ਗਿਆ। ਪਰ ਇਸ ਨਾਲ ਵੀ ਤਾਲਿਬਾਨ ਦੀ ਕਬਜ਼ਾ ਕਰਨ ਦੀ ਰਫ਼ਤਾਰ ਪ੍ਰਭਾਵਿਤ ਨਾ ਹੋਈ।
ਇਸ ਤੋਂ ਬਾਅਦ 6 ਅਗਸਤ, 2021 ਨੂੰ ਅਫ਼ਗਾਨਿਸਤਾਨ ਦੀ ਪਹਿਲੀ ਸੂਬਾਈ ਰਾਜਧਾਨੀ 'ਤੇ ਤਾਲਿਬਾਨ ਲੜਾਕਿਆਂ ਨੇ ਆਪਣਾ ਕਬਜ਼ਾ ਕਰ ਲਿਆ।
ਇੱਕ ਤੋਂ ਬਾਅਦ ਇੱਕ, ਹੋਰ ਕਈ ਸ਼ਹਿਰਾਂ ਅਤੇ ਕਸਬਿਆਂ 'ਤੇ ਕਬਜ਼ੇ ਹੋਏ ਅਤੇ 15 ਅਗਸਤ ਨੂੰ ਤਾਲਿਬਾਨ ਨੇ ਬਿਨ੍ਹਾਂ ਕਿਸੇ ਲੜਾਈ ਦੇ ਹੀ ਕਾਬੁਲ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ।
ਵੱਡਾ ਖਰਚਾ ਕਰਕੇ ਸਿਖਲਾਈ ਹਾਸਲ ਕਰਨ ਵਾਲੀ ਅਫ਼ਗਾਨ ਫੌਜ ਢਹਿ ਢੇਰੀ ਹੋ ਗਈ ਅਤੇ ਮੁਲਕ ਦੇ ਬਹੁਤ ਸਾਰੇ ਆਗੂ, ਹਜ਼ਾਰਾਂ ਹੋਰ ਅਫ਼ਗਾਨ ਲੋਕ ਅਤੇ ਵਿਦੇਸ਼ੀ ਮੁਲਕ ਛੱਡ ਕੇ ਚਲੇ ਗਏ।
ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਦੇਸ਼ ਛੱਡ ਕੇ ਜਾਣ ਵਾਲੇ ਅਫ਼ਗਾਨ ਹਕੂਮਤ ਦੇ ਆਗੂਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਦੇਸ਼ ਦੀ ਫੌਜ ਨੇ 'ਕਈ ਵਾਰ ਲੜਨ ਦੀ ਕੋਸ਼ਿਸ਼ ਕੀਤੇ ਬਿਨ੍ਹਾਂ ਹੀ ਹਾਰ ਮੰਨ ਲਈ ਹੈ।'
ਇਸ ਤੋਂ ਬਾਅਦ ਤਾਲਿਬਾਨ ਨੇ ਕਾਬੁਲ ਦੇ ਉੱਤਰ 'ਚ ਸਥਿਤ ਪੰਜਸ਼ੀਰ ਘਾਟੀ 'ਚ ਆਪਣੇ ਖਿਲਾਫ ਚੱਲ ਰਹੇ ਵਿਦਰੋਹ ਨੂੰ ਵੀ ਕਾਬੂ 'ਚ ਕੀਤਾ।
ਮੋਮੰਦ ਨੂੰ ਸਪੱਸ਼ਟ ਹੈ ਕਿ ਉਨ੍ਹਾਂ ਦੀ ਵਫ਼ਾਦਾਰੀ ਕਿਸ ਵੱਲ ਹੈ।ਮੋਮੰਦ ਨੇ 14 ਅਗਸਤ ਨੂੰ ਕਾਬੁਲ ਏਅਰਬੇਸ 'ਤੇ ਰਿਪੋਰਟ ਕੀਤਾ ਸੀ।
ਉਹ ਉਸ ਦਿਨ ਦੀ ਹਫੜਾ-ਦਫੜੀ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਕਾਬੁਲ ਏਅਰਬੇਸ 'ਤੇ ਸਥਿਤੀ ਬਹੁਤ ਹੀ ਤਣਾਅਪੂਰਨ ਸੀ।
ਵੱਡੇ-ਵੱਡੇ ਆਗੂਆਂ ਅਤੇ ਫੌਜੀ ਅਧਿਕਾਰੀਆਂ ਦੇ ਕਾਬੁਲ ਛੱਡ ਕੇ ਜਾਣ ਦੀਆਂ ਅਫ਼ਵਾਹਾਂ ਫੈਲ ਰਹੀਆਂ ਸਨ।
ਤਾਲਿਬਾਨੀ ਲੜਾਕੇ ਦੇਸ਼ ਦੀ ਰਾਜਧਾਨੀ ਕਾਬੁਲ ਦੇ ਦਰਵਾਜ਼ੇ 'ਤੇ ਖੜ੍ਹੇ ਸਨ। ਇਸ ਸਮੇਂ ਤੱਕ ਕਾਬੁਲ ਹਵਾਈ ਅੱਡਾ ਅਮਰੀਕੀ ਫੌਜ ਦੇ ਕੰਟਰੋਲ ਹੇਠ ਸੀ। ਪਰ ਅਜਿਹਾ ਕਦੋਂ ਤੱਕ ਰਹੇਗਾ, ਇਸ ਬਾਰੇ ਸਪੱਸ਼ਟ ਨਹੀਂ ਸੀ।
'ਮੁਲਕ ਨਾ ਗੱਦਾਰੀ ਦੇ ਹੁਕਮ'
ਮੋਮੰਦ ਯਾਦ ਕਰਦਿਆਂ ਦੱਸਦੇ ਹਨ, "ਸਾਡੇ ਹਵਾਈ ਫੌਜ ਦੇ ਕਮਾਂਡਰ ਨੇ ਸਾਰੇ ਹੀ ਪਾਇਲਟਾਂ ਨੂੰ ਇੱਥੋਂ ਬਾਹਰ ਨਿਕਲਣ ਦਾ ਹੁਕਮ ਦਿੱਤਾ। ਕਮਾਂਡਰ ਨੇ ਸਾਨੂੰ ਉਜ਼ਬੇਕਿਸਤਾਨ ਲਈ ਉਡਾਣ ਭਰਨ ਲਈ ਕਿਹਾ।"
ਮੋਮੰਦ ਇਸ ਹਦਾਇਤ ਤੋਂ ਖਾਸੇ ਨਾਰਾਜ਼ ਸਨ ਅਤੇ ਇਸ ਹੁਕਮ ਨੂੰ ਨਾ ਮੰਨਣ ਦਾ ਫੈਸਲਾ ਕੀਤਾ।
"ਮੇਰੇ ਕਮਾਂਡਰ ਮੈਨੂੰ ਆਪਣੇ ਹੀ ਮੁਲਕ ਨਾਲ ਗੱਦਾਰੀ ਕਰਨ ਲਈ ਕਹਿ ਰਹੇ ਸਨ। ਮੈਨੂੰ ਅਜਿਹੇ ਹੁਕਮ ਦੀ ਪਾਲਣਾ ਕਿਉਂ ਕਰਨੀ ਚਾਹੀਦੀ ਹੈ?"
ਮੋਮੰਦ ਨੇ ਆਪਣੇ ਪਰਿਵਾਰ ਤੋਂ ਸਲਾਹ ਮੰਗੀ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦੇਸ ਨਾ ਛੱਡਣ ਦੀ ਸਲਾਹ ਦਿੱਤੀ।
ਮੋਮੰਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਜੇ ਤੂੰ ਅੱਜ ਦੇਸ ਛੱਡ ਕੇ ਭੱਜ ਗਿਆ ਤਾਂ ਮੈਂ ਤੈਨੂੰ ਕਦੇ ਵੀ ਮੁਆਫ ਨਹੀਂ ਕਰਾਂਗਾ। ਉਨ੍ਹਾਂ ਨੇ ਨਾਲ ਹੀ ਮੋਮੰਦ ਨੂੰ ਚਿਤਾਵਨੀ ਦਿੱਤੀ ਕਿ ''ਇਹ ਹੈਲੀਕਾਪਟਰ ਅਫ਼ਗਾਨਿਸਤਾਨ ਦਾ ਹੈ।''
ਪੂਰਬ 'ਚ ਸਥਿਤ ਮੋਮੰਦ ਦੇ ਸੂਬੇ ਕੁਨਾਰ 'ਤੇ ਤਾਲਿਬਾਨ ਨੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ।
ਮੋਮੰਦ ਦੇ ਪਿਤਾ ਨੇ ਸਥਾਨਕ ਗਵਰਨਰ ਨਾਲ ਗੱਲ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੇ ਹੈਲੀਕਾਪਟਰ ਉੱਥੇ ਲਿਆਂਦਾ ਗਿਆ ਤਾਂ ਮੋਮੰਦ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਫਿਰ ਮੋਮੰਦ ਨੇ ਕਾਬੁਲ ਏਅਰਬੇਸ ਤੋਂ ਭੱਜਣ ਦੀ ਯੋਜਨਾ ਬਣਾਈ। ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਹੈਲੀਕਾਪਟਰ ਦੇ ਚਾਲਕ ਦਲ ਤੋਂ ਛੁਟਕਾਰਾ ਪਾਉਣ ਦੀ ਲੋੜ ਸੀ।
ਮੋਮੰਦ ਨੇ ਦੱਸਿਆ, "ਹਰੇਕ ਬਲੈਕ ਹਾਕ ਦਾ ਇੱਕ ਚਾਰ ਮੈਂਬਰੀ ਅਮਲਾ ਹੁੰਦਾ ਹੈ। ਮੈਨੂੰ ਪਤਾ ਸੀ ਕਿ ਮੈਂ ਆਪਣੇ ਅਮਲੇ 'ਤੇ ਇਸ ਯੋਜਨਾ ਸਬੰਧੀ ਭਰੋਸਾ ਨਹੀਂ ਕਰ ਸਕਦਾ ਹਾਂ, ਕਿਉਂਕਿ ਮੈਨੂੰ ਪੱਕਾ ਯਕੀਨ ਸੀ ਕਿ ਉਹ ਇਸ ਸਭ ਲਈ ਸਹਿਮਤ ਨਹੀਂ ਹੋਣਗੇ। ਅਜਿਹਾ ਕਰਨ ਨਾਲ ਮੇਰੀ ਜਾਨ ਅਤੇ ਹੈਲੀਕਾਪਟਰ ਦੋਵੇਂ ਹੀ ਖਤਰੇ 'ਚ ਪੈ ਸਕਦੇ ਸਨ।"
ਇਸ ਤੋਂ ਬਾਅਦ ਮੋਮੰਦ ਨੇ ਆਪਣੇ ਸਾਥੀਆਂ ਨੂੰ ਚਕਮਾ ਦੇਣ ਦੀ ਯੋਜਨਾ ਬਣਾਈ।
ਤਾਲਿਬਾਨ ਦੇ ਕਬਜ਼ੇ ਵਾਲੇ ਕੁਨਾਰ ਲਈ ਉਡਾਨ
ਉਹ ਅੱਗੇ ਦੱਸਦੇ ਹਨ, "ਮੈਂ ਆਪਣੇ ਏਅਰਫੋਰਸ ਕਮਾਂਡਰ ਨੂੰ ਕਿਹਾ ਕਿ ਮੇਰੇ ਹੈਲੀਕਾਪਟਰ 'ਚ ਕੁਝ ਤਕਨੀਕੀ ਸਮੱਸਿਆਵਾਂ ਹਨ, ਜਿਸ ਕਰਕੇ ਮੈਂ ਅਜੇ ਉਡਾਣ ਨਹੀਂ ਭਰ ਸਕਦਾ। ਜਦੋਂ ਮੇਰੇ ਅਮਲੇ ਦੇ ਸਾਥੀਆਂ ਨੇ ਇਹ ਸੁਣਿਆ ਤਾਂ ਉਹ ਉਜ਼ਬੇਕਿਸਤਾਨ ਜਾਣ ਵਾਲੇ ਇੱਕ ਹੋਰ ਹੈਲੀਕਾਪਟਰ 'ਚ ਸਵਾਰ ਹੋ ਗਏ।''
ਜਦੋਂ ਅਫ਼ਗਾਨ ਫੌਜ ਦੇ ਸਾਰੇ ਹੈਲੀਕਾਪਟਰ ਕਾਬੁਲ ਏਅਰਬੇਸ ਤੋਂ ਰਵਾਨਾ ਹੋ ਗਏ ਤਾਂ ਮੋਮੰਦ ਨੇ ਕੁਨਾਰ ਲਈ 30 ਮਿੰਟ ਦੀ ਉਡਾਣ ਭਰਨ ਲਈ ਆਪਣੇ ਹੈਲੀਕਾਪਟਰ ਦਾ ਇੰਜਨ ਚਾਲੂ ਕੀਤਾ।
ਮੋਮੰਦ ਕਹਿੰਦੇ ਹਨ, "ਉਸ ਸਮੇਂ ਅਮਰੀਕੀ ਹਵਾਈ ਆਵਾਜਾਈ ਨੂੰ ਕੰਟਰੋਲ ਕਰ ਰਹੇ ਸਨ। ਇਸ ਲਈ ਮੈਂ ਉਨ੍ਹਾਂ ਨੂੰ ਰੇਡੀਓ 'ਤੇ ਦੱਸਿਆ ਕਿ ਮੈਂ ਉਜ਼ਬੇਕਿਸਤਾਨ ਲਈ ਉਡਾਣ ਭਰ ਰਿਹਾ ਹਾਂ। ਹਵਾਈ ਅੱਡੇ ਤੋਂ ਨਿਕਲਣ ਤੋਂ ਬਾਅਦ ਮੈਂ ਆਪਣਾ ਰਡਾਰ ਬੰਦ ਕਰ ਦਿੱਤਾ ਅਤੇ ਸਿੱਧਾ ਕੁਨਾਰ ਚਲਾ ਗਿਆ।"
"ਮੈਂ ਆਪਣੇ ਪਿੰਡ 'ਚ ਆਪਣੇ ਘਰ ਦੇ ਕੋਲ ਹੈਲੀਕਾਪਟਰ ਉਤਾਰਿਆ। ਤਾਲਿਬਾਨ ਤੋਂ ਭਰੋਸਾ ਮਿਲਣ ਤੋਂ ਬਾਅਦ ਮੈਂ ਹੈਲੀਕਾਪਟਰ ਨੂੰ ਉਸ ਥਾਂ 'ਤੇ ਲੈ ਗਿਆ ਜਿੱਥੇ ਪਹਿਲਾਂ ਕਦੇ ਹੈਲੀਕਾਪਟਰ 'ਚ ਤੇਲ ਭਰਿਆ ਜਾਂਦਾ ਸੀ।"
ਮੋਮੰਦ ਮੁਤਾਬਕ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਨੇ ਉਨ੍ਹਾਂ ਦੇ ਇਸ ਫੈਸਲੇ ਦਾ ਪੂਰਾ ਸਮਰਥਨ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੈ ਅਤੇ ਉਨ੍ਹਾਂ ਕੋਲ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਅਫ਼ਗਾਨਿਸਤਾਨ ਛੱਡਣ ਦਾ ਮੌਕਾ ਸੀ, ਪਰ ਉਨ੍ਹਾਂ ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ।
ਅਮਰੀਕੀ ਪੇਸ਼ਕਸ਼ ਰੱਦ ਕੀਤੀ
ਮੋਮੰਦ ਕਹਿੰਦੇ ਹਨ, "ਅਮਰੀਕੀ ਸਲਾਹਕਾਰਾਂ ਨੇ ਮੈਨੂੰ ਤਿੰਨ ਵਾਰ ਸੁਨੇਹੇ ਭੇਜੇ। ਉਨ੍ਹਾਂ ਨੇ ਕਿਹਾ ਜੇ ਤੁਸੀਂ ਹੈਲੀਕਾਪਟਰ ਨਹੀਂ ਵੀ ਲਿਆ ਸਕਦੇ ਹੋ ਤਾਂ ਵੀ ਤੁਸੀਂ ਆਪਣੇ ਪਰਿਵਾਰ ਨਾਲ ਸੜਕ ਰਾਹੀਂ ਆ ਜਾਓ। ਪਰ ਮੈਂ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ।"
ਅਮਰੀਕੀ ਸਥਿਤ ਸਪੈਸ਼ਲ ਇੰਸਪੈਕਟਰ ਜਨਰਲ ਫ਼ਾਰ ਅਫ਼ਗਾਨਿਸਤਾਨ ਪੁਨਰ ਨਿਰਮਾਣ 'ਸਿਗਾਰ' ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ, ਜੂਨ 2021 ਦੇ ਅੰਤ 'ਚ ਅਫ਼ਗਾਨਿਸਤਾਨ ਦੀ ਹਵਾਈ ਫੌਜ ਕੋਲ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਸਮੇਤ 167 ਹਵਾਈ ਜਹਾਜ਼ ਸਨ।
ਇਨ੍ਹਾਂ 'ਚੋਂ ਕਈ ਜਹਾਜ਼ ਮੋਮੰਦ ਦੇ ਸਾਥੀ ਉਡਾ ਕੇ ਲੈ ਗਏ ਸਨ।
ਉਜ਼ਬੇਕਿਸਤਾਨ ਦੇ ਟਰਮੇਜ਼ ਹਵਾਈ ਅੱਡੇ ਦੀਆਂ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ 16 ਅਗਸਤ ਨੂੰ ਉੱਥੇ ਦੋ ਦਰਜਨ ਤੋਂ ਵੀ ਵੱਧ ਹੈਲੀਕਾਪਟਰ ਖੜ੍ਹੇ ਸਨ।
ਜਿਨ੍ਹਾਂ 'ਚ ਐਮਆਈ 17, ਐਮਆਈ 25, ਬਲੈਕ ਹਾਕ ਅਤੇ ਕਈ ਏ 29 ਲਾਈਟ ਅਟੈਕ ਜਹਾਜ਼ ਅਤੇ ਸੀ-208 ਜਹਾਜ਼ ਸ਼ਾਮਲ ਸਨ।
ਅਮਰੀਕੀ ਫੌਜਾਂ ਨੇ ਕਾਬੁਲ 'ਚ ਪਿੱਛੇ ਰਹਿ ਗਏ ਜ਼ਿਆਦਾਤਰ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਖਰਾਬ ਕਰਨ ਲਈ ਹਰ ਯਤਨ ਕੀਤਾ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਅਫ਼ਗਾਨਿਸਤਾਨ 'ਚ ਕਿੰਨੇ ਹੈਲੀਕਾਪਟਰ ਜਾਂ ਹਵਾਈ ਜਹਾਜ਼ ਚਾਲੂ ਹਾਲਤ 'ਚ ਹਨ।
ਅਫ਼ਗਾਨਿਸਤਾਨ: ਤਾਲਿਬਾਨ ਨਾਲ ਟੱਕਰ ਲੈਣ ਵਾਲਾ 'ਬੁੱਢਾ ਸ਼ੇਰ' ਮੁਹੰਮਦ ਇਸਮਾਈਲ ਖ਼ਾਨ ਕੌਣ ਹੈ- ਵੀਡੀਓ
ਮੋਮੰਦ ਦਾ ਕਹਿਣਾ ਹੈ, "ਇਸ ਸਮੇਂ ਸਾਡੇ ਕੋਲ 7 ਬਲੈਕ ਹਾਕ ਹੈਲੀਕਾਪਟਰ ਚਾਲੂ ਹਾਲਤ 'ਚ ਹਨ, ਜਿੰਨ੍ਹਾਂ ਨੂੰ ਅਫ਼ਗਾਨ ਇੰਜੀਨਿਅਰਾਂ ਨੇ ਸੀਮਤ ਸਰੋਤਾਂ ਦੇ ਬਾਵਜੂਦ ਮੁਰੰਮਤ ਤੋਂ ਬਾਅਦ ਚਾਲੂ ਹਾਲਤ 'ਚ ਕੀਤਾ ਹੈ। ਹੌਲੀ-ਹੌਲੀ ਹੋਰ ਬਲੈਕ ਹਾਕ ਹੈਲੀਕਾਪਟਰਾਂ ਨੂੰ ਵੀ ਵਰਤਣਯੋਗ ਬਣਾ ਲਿਆ ਜਾਵੇਗਾ।"
ਆਪਣੇ ਸਾਥੀਆਂ ਨੂੰ ਛੱਡਣ ਦੀ ਗੱਲ ਉੱਤੇ ਉਹ ਆਪਣੇ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਸਾਥੀਆਂ ਨੇ ਬਿਨਾਂ ਸੋਚੇ ਸਮਝੇ ਹੀ ਅਫ਼ਗਾਨਿਸਤਾਨ ਛੱਡਣ ਦੇ ਹੁਕਮਾਂ ਨੂੰ ਮੰਨ ਕੇ ਦੇਸ਼ ਦਾ ਨੁਕਸਾਨ ਕੀਤਾ ਹੈ।
ਮੋਮੰਦ ਅੱਗੇ ਕਹਿੰਦੇ ਹਨ, "ਜੋ ਲੋਕ ਹੈਲੀਕਾਪਟਰ ਸਮੇਤ ਉਜ਼ਬੇਕਿਸਤਾਨ ਚਲੇ ਗਏ ਸਨ, ਉਨ੍ਹਾਂ ਨੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਉਹ ਹੈਲੀਕਾਪਟਰ ਦੇਸ਼ ਦੇ ਸਨ ਅਤੇ ਉਨ੍ਹਾਂ ਦੀ ਕੀਮਤ ਵੀ ਬਹੁਤ ਸੀ। ਮੈਨੂੰ ਨਹੀਂ ਲੱਗਦਾ ਕਿ ਅਸੀਂ ਹੁਣ ਕਦੇ ਉਹ ਹੈਲੀਕਾਪਟਰ ਵਾਪਸ ਮੁਲਕ 'ਚ ਲਿਆ ਪਾਵਾਂਗੇ।"
ਮੋਮੰਦ ਨੂੰ ਤਾਲਿਬਾਨ ਲਈ ਆਪਣੇ ਬਹੁ ਕੀਮਤੀ ਬਲੈਕ ਹਾਕ ਹੈਲੀਕਾਪਟਰ ਨੂੰ ਉਡਾਉਣ 'ਚ ਕੋਈ ਦੁੱਖ ਨਹੀਂ ਹੈ। ਭਾਵੇਂ ਕਿ ਉਨ੍ਹਾਂ ਨੂੰ ਸਿਖਲਾਈ ਅਮਰੀਕਾ ਵੱਲੋਂ ਹਾਸਲ ਹੋਈ ਸੀ ਪਰ ਉਹ ਆਪਣੇ ਆਪ ਨੂੰ ਅਫ਼ਗਾਨਿਸਤਾਨ ਪ੍ਰਤੀ ਵਫ਼ਾਦਾਰ ਮੰਨਦੇ ਹਨ।
ਉਹ ਕਹਿੰਦੇ ਹਨ, "ਸਰਕਾਰਾਂ ਤਾਂ ਹਮੇਸ਼ਾਂ ਬਦਲਦੀਆਂ ਰਹਿੰਦੀਆਂ ਹਨ। ਸਾਡੇ ਵਰਗੇ ਲੋਕ ਦੇਸ਼ ਦੀ ਸੇਵਾ ਲਈ ਹਨ। ਫੌਜ ਨੂੰ ਸਿਆਸੀ ਮਾਮਲਿਆਂ 'ਚ ਨਹੀਂ ਪੈਣਾ ਚਾਹੀਦਾ ਹੈ। ਇਸ ਮੁਲਕ ਨੇ ਮੇਰੇ ਵਰਗੇ ਕਈ ਲੋਕਾਂ 'ਤੇ ਨਿਵੇਸ਼ ਕੀਤਾ ਹੈ।"
ਭਾਵੇਂ ਕਿ ਤਾਲਿਬਾਨ ਪਿਛਲੇ ਇੱਕ ਸਾਲ ਤੋਂ ਅਫ਼ਗਾਨਿਸਤਾਨ 'ਤੇ ਹਕੂਮਤ ਕਰ ਰਿਹਾ ਹੈ, ਪਰ ਅਜੇ ਤੱਕ ਕਿਸੇ ਵੀ ਦੇਸ਼ ਨੇ ਉਨ੍ਹਾਂ ਦੀ ਹਕੂਮਤ ਨੂੰ ਜਾਇਜ਼ ਨਹੀਂ ਦੱਸਿਆ ਹੈ।
ਇਸ ਸਭ ਦੇ ਬਾਵਜੂਦ ਮੋਮੰਦ ਆਪਣੇ ਫੈਸਲੇ 'ਤੇ ਪੱਕੇ ਹਨ ਤੇ ਕਹਿੰਦੇ ਹਨ, "ਮੈਂ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਆਪਣੇ ਮੁਲਕ ਦੀ ਸੇਵਾ 'ਚ ਲੱਗਿਆ ਰਹਾਂਗਾ।"
ਅਫ਼ਗਾਨਿਸਤਾਨ 'ਚ ਸੰਘਰਸ਼ ਦੇ 20 ਸਾਲ - ਕਦੋਂ ਕੀ ਵਾਪਰਿਆ?
9/11 ਦੇ ਹਮਲਿਆਂ ਤੋਂ ਲੈ ਕੇ ਜ਼ਮੀਨੀ ਪੱਧਰ 'ਤੇ ਤੇਜ਼ ਲੜਾਈ ਤੱਕ ਅਤੇ ਹੁਣ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਦੀ ਪੂਰੀ ਤਰ੍ਹਾਂ ਨਾਲ ਵਾਪਸੀ ਤੱਕ ਇੱਥੇ ਕੀ-ਕੀ ਵਾਪਰਿਆ?
11 ਸਤੰਬਰ 2001 - 9/11 ਦਾ ਹਮਲਾ
ਅਫ਼ਗਾਨਿਸਤਾਨ 'ਚ ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੇ ਅਲ-ਕਾਇਦਾ ਨੇ ਅਮਰੀਕਾ ਦੀ ਸਰਜ਼ਮੀਨ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ।
ਚਾਰ ਵਪਾਰਕ ਹਵਾਈ ਜਹਾਜ਼ਾਂ ਨੂੰ ਹਾਈਜੈਕ ਕੀਤਾ ਗਿਆ। ਦੋ ਨੂੰ ਨਿਊਯਾਰਕ ਦੇ ਵਰਲਡ ਟ੍ਰੈਡ ਸੈਂਟਰ ਇਮਾਰਤ ਵੱਲ ਉਡਾਇਆ ਗਿਆ, ਜੋ ਕਿ ਢਹਿ ਢੇਰੀ ਹੋ ਗਈ। ਇੱਕ ਜਹਾਜ਼ ਵਾਸ਼ਿੰਗਟਨ 'ਚ ਪੈਂਟਾਗਨ ਦੀ ਇਮਾਰਤ ਨਾਲ ਟਕਰਾਇਆ ਅਤੇ ਇੱਕ ਪੈਨਸਿਲਵੇਨਿਆ ਦੇ ਖੇਤਾਂ 'ਚ ਹਾਦਸਾਗ੍ਰਸਤ ਹੋ ਗਿਆ। ਇਸ 'ਚ ਲਗਭਗ 3 ਹਜ਼ਾਰ ਲੋਕ ਮਾਰੇ ਗਏ।
7 ਅਕਤੂਬਰ2001 - ਪਹਿਲੇ ਹਵਾਈ ਹਮਲੇ
ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਨੇ ਅਫ਼ਗਾਨਿਸਤਾਨ 'ਚ ਤਾਲਿਬਾਨ ਅਤੇ ਅਲ-ਕਾਇਦਾ ਦੇ ਟਿਕਾਣਿਆਂ 'ਤੇ ਬੰਬ ਸੁੱਟੇ। ਉਨ੍ਹਾਂ ਦੇ ਨਿਸ਼ਾਨੇ 'ਤੇ ਕਾਬੁਲ, ਕੰਧਾਰ ਅਤੇ ਜਲਾਲਾਬਾਦ ਵੀ ਸ਼ਾਮਲ ਸਨ।
ਤਾਲਿਬਾਨ, ਜਿੰਨਾਂ ਨੇ ਤਕਰੀਬਨ ਇੱਕ ਦਹਾਕੇ ਲੰਮੇ ਸੋਵੀਅਤ ਕਬਜ਼ੇ ਤੋਂ ਬਾਅਦ ਘਰੇਲੂ ਜੰਗ ਤੋਂ ਬਾਅਦ ਸੱਤਾ ਸੰਭਾਲੀ ਸੀ, ਉਨ੍ਹਾਂ ਨੇ ਲਾਦੇਨ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਹਵਾਈ ਰੱਖਿਆ ਅਤੇ ਲੜਾਕੂ ਜਹਾਜ਼ਾਂ ਦੇ ਛੋਟੇ ਬੇੜੇ ਤਬਾਹ ਹੋ ਗਏ।
13 ਨਵੰਬਰ 2001 - ਕਾਬੁਲ ਦਾ ਪਤਨ
ਉੱਤਰੀ ਗੱਠਜੋੜ ਜੋ ਕਿ ਤਾਲਿਬਾਨ ਵਿਰੋਧੀ ਵਿਦਰੋਹੀਆਂ ਦਾ ਇੱਕ ਸਮੂਹ ਹੈ ਅਤੇ ਜਿਸ ਨੂੰ ਗਠਜੋੜ ਬਲਾਂ ਦਾ ਸਮਰਥਨ ਹਾਸਲ ਸੀ, ਕਾਬੁਲ 'ਚ ਦਾਖਲ ਹੋਇਆ, ਕਿਉਂਕਿ ਤਾਲਿਬਾਨ ਸ਼ਹਿਰ ਛੱਡ ਕੇ ਭੱਜ ਗਿਆ ਸੀ।
13 ਨਵੰਬਰ 2001 ਤੱਕ ਸਾਰੇ ਤਾਲਿਬਾਨ ਜਾਂ ਤਾਂ ਭੱਜ ਗਏ ਜਾਂ ਫਿਰ ਉਨ੍ਹਾਂ ਦਾ ਪ੍ਰਭਾਵ ਬੇਅਸਰ ਹੋ ਗਿਆ ਸੀ। ਹੋਰਨਾਂ ਸ਼ਹਿਰਾਂ 'ਚ ਵੀ ਇੰਝ ਹੀ ਹੋਇਆ।
26 ਜਨਵਰੀ 2004 - ਨਵਾਂ ਸੰਵਿਧਾਨ
ਇੱਕ 'ਲੋਇਆ ਜਿਰਗਾ' ਜਾਂ 'ਵਿਸ਼ਾਲ ਅਸੈਂਬਲੀ' 'ਚ ਲੰਮੀ ਗੱਲਬਾਤ' ਤੋਂ ਬਾਅਦ, ਨਵੇਂ ਅਫ਼ਗਾਨ ਸੰਵਿਧਾਨ 'ਤੇ ਕਾਨੂੰਨ ਅਨੁਸਾਰ ਦਸਤਖਤ ਕੀਤੇ ਗਏ। ਸੰਵਿਧਾਨ ਨੇ ਅਕਤੂਬਰ 2004 'ਚ ਰਾਸ਼ਟਰਪਤੀ ਚੋਣਾਂ ਲਈ ਰਾਹ ਪੱਧਰਾ ਕੀਤਾ।
7 ਦਸੰਬਰ 2004 - ਹਾਮਿਦ ਕਰਜ਼ਾਈ ਬਣੇ ਦੇਸ਼ ਦੇ ਰਾਸ਼ਟਰਪਤੀ
ਪੋਪਲਜ਼ਈ ਦੁਰਾਨੀ ਕਬੀਲੇ ਦੇ ਆਗੂ ਹਾਮਿਦ ਕਰਜ਼ਾਈ ਨਵੇਂ ਸੰਵਿਧਾਨ ਤਹਿਤ ਮੁਲਕ ਦੇ ਪਹਿਲੇ ਰਾਸ਼ਟਰਪਤੀ ਬਣੇ।
ਉਨ੍ਹਾਂ ਨੇ ਦੋ ਵਾਰ ਪੰਜ ਸਾਲਾਂ ਦੀ ਮਿਆਦ ਲਈ ਬਤੌਰ ਰਾਸ਼ਟਰਪਤੀ ਸੇਵਾਵਾਂ ਨਿਭਾਈਆਂ।
ਮਈ 2006 - ਹੇਲਮੰਡ 'ਚ ਯੂਕੇ ਦੀਆਂ ਫੌਜਾਂ ਤਾਇਨਾਤ
ਬਰਤਾਨਵੀ ਫੌਜਾਂ ਮੁਲਕ ਦੇ ਦੱਖਣ 'ਚ ਤਾਲਿਬਾਨ ਦੇ ਗੜ੍ਹ ਮੰਨੇ ਜਾਂਦੇ ਹੇਲਮੰਡ ਸੂਬੇ 'ਚ ਪਹੁੰਚੀਆਂ।
ਉਨ੍ਹਾਂ ਦਾ ਸ਼ੁਰੂਆਤੀ ਮਿਸ਼ਨ ਪੁਨਰ ਨਿਰਮਾਣ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨਾ ਸੀ, ਪਰ ਉਹ ਜਲਦੀ ਹੀ ਕੜਾਈ ਦੇ ਕਾਰਜਾਂ 'ਚ ਸ਼ਾਮਲ ਹੋ ਗਏ। ਅਫ਼ਗਾਨਿਸਤਾਨ 'ਚ ਸੰਘਰਸ਼ ਦੌਰਾਨ 450 ਤੋਂ ਵੱਧ ਬ੍ਰਿਟਿਸ਼ ਫੌਜੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
17 ਫਰਵਰੀ 2009 - ਓਬਾਮਾ ਮਿਸ਼ਨ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫ਼ਗਾਨਿਸਤਾਨ ਭੇਜੇ ਗਏ ਫੌਜੀਆਂ ਦੀ ਗਿਣਤੀ 'ਚ ਵੱਡੇ ਵਾਧੇ ਨੂੰ ਮਨਜ਼ੂਰੀ ਦਿੱਤੀ। ਆਪਣੇ ਸਿਖਰ 'ਤੇ ਉਨ੍ਹਾਂ ਦੀ ਗਿਣਤੀ ਤਕਰੀਬਨ 1,40,000 ਹੈ।
ਇਸ ਅਖੌਤੀ 'ਲਹਿਰ' ਨੂੰ ਇਰਾਕ 'ਚ ਅਮਰੀਕੀ ਰਣਨੀਤੀ 'ਤੇ ਤਿਆਰ ਕੀਤਾ ਗਿਆ ਸੀ, ਜਿੱਥੇ ਅਮਰੀਕੀ ਫੌਜਾਂ ਨੇ ਨਾਗਰਿਕ ਆਬਾਦੀ ਦੀ ਸੁਰੱਖਿਆ ਦੇ ਨਾਲ-ਨਾਲ ਵਿਦਰੋਹੀ ਲੜਾਕਿਆਂ ਨੂੰ ਮਾਰਨ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ।
2 ਮਈ 2011 - ਓਸਾਮਾ ਬਿਨ ਲਾਦੇਨ ਮਾਰਿਆ ਗਿਆ
ਪਾਕਿਸਤਾਨ ਦੇ ਐਬਟਾਬਾਦ 'ਚ ਇੱਕ ਅਹਾਤੇ 'ਤੇ ਅਮਰੀਕੀ ਨੇਵੀ ਦੇ ਜਵਾਨਾਂ ਵੱਲੋਂ ਕੀਤੇ ਹਮਲੇ 'ਚ ਅਲ-ਕਾਇਦਾ ਦਾ ਮੁਖੀ ਮਾਰਿਆ ਗਿਆ। ਲਾਦੇਨ ਦੀ ਲਾਸ਼ ਨੂੰ ਬਾਹਰ ਕੱਢ ਕੇ ਸਮੁੰਦਰ 'ਚ ਦਫ਼ਨਾ ਦਿੱਤਾ ਗਿਆ।
ਇਹ ਮਿਸ਼ਨ ਸੀਆਈਏ ਦੀ ਅਗਵਾਈ 'ਚ 10 ਸਾਲਾਂ ਦੀ ਖੋਜ ਨੂੰ ਖ਼ਤਮ ਕਰਦਾ ਹੈ। ਇਸ ਗੱਲ ਦੀ ਪੁਸ਼ਟੀ ਕਿ ਬਿਨ ਲਾਦੇਨ ਪਾਕਿਸਤਾਨ ਦੀ ਸਰਜ਼ਮੀਨ 'ਤੇ ਰਹਿ ਰਿਹਾ ਸੀ, ਅਮਰੀਕਾ 'ਚ ਇਹ ਇਲਜ਼ਾਮ ਲਗਾਏ ਜਾਂਦੇ ਹਨ ਕਿ ਪਾਕਿਸਤਾਨ ਅੱਤਵਾਦ ਦੇ ਖਿਲਾਫ ਜੰਗ 'ਚ ਇੱਕ ਦੋਗਲਾ ਅਤੇ ਬੇਯਕੀਨਾ ਸਹਿਯੋਗੀ ਹੈ।
23 ਅਪ੍ਰੈਲ 2013 - ਮੁੱਲਾ ਉਮਰ ਦੀ ਮੌਤ
ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਨੂੰ ਦੋ ਸਾਲ ਤੋਂ ਵੀ ਵੱਧ ਸਮੇਂ ਤੱਕ ਗੁਪਤ ਰੱਖਿਆ ਗਿਆ।
ਅਫ਼ਗਾਨ ਖੁਫੀਆ ਜਾਣਕਾਰੀ ਮੁਤਾਬਕ ਮੁੱਲਾ ਉਮਰ ਦੀ ਮੌਤ ਸਿਹਤ ਸਮੱਸਿਆਵਾਂ ਕਾਰਨ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਖੇ ਇੱਕ ਹਸਪਤਾਲ 'ਚ ਹੋਈ ਸੀ। ਪਾਕਿਸਤਾਨ ਇਸ ਗੱਲ ਤੋਂ ਮੁਨਕਰ ਹੁੰਦਾ ਰਿਹਾ ਕਿ ਉਹ ਦੇਸ਼ 'ਚ ਹੀ ਸੀ।
28 ਦਸੰਬਰ 2014 - ਨਾਟੋ ਨੇ ਜੰਗੀ ਕਾਰਵਾਈਆਂ ਨੂੰ ਕੀਤਾ ਖਤਮ
ਕਾਬੁਲ 'ਚ ਇੱਕ ਸਮਾਰੋਹ 'ਚ ਨਾਟੋ ਨੇ ਅਫ਼ਗਾਨਿਸਤਾਨ 'ਚ ਆਪਣੀਆਂ ਜੰਗੀ ਕਾਰਵਾਈਆਂ ਨੂੰ ਖਤਮ ਕੀਤਾ। ਹੁਣ ਮਿਸ਼ਨ ਖਤਮ ਸੀ ਅਤੇ ਅਮਰੀਕਾ ਨੇ ਆਪਣੇ ਹਜ਼ਾਰਾਂ ਫੌਜੀਆਂ ਨੂੰ ਵਾਪਸ ਬੁਲਾਇਆ, ਜਿੰਨ੍ਹਾਂ 'ਚੋਂ ਜ਼ਿਆਦਾਤਰ ਅਫ਼ਗਾਨ ਸੁਰੱਖਿਆ ਬਲਾਂ ਨੂੰ ਸਿਖਲਾਈ ਅਤੇ ਸਮਰਥਣ ਦੇਣ ਦਾ ਕੰਮ ਕਰਦੇ ਸਨ।
2015 - ਤਾਲਿਬਾਨ ਦਾ ਪੁਨਰ ਉਭਾਰ
ਤਾਲਿਬਾਨ ਨੇ ਆਤਮਘਾਤੀ ਹਮਲਿਆਂ, ਕਾਰ ਬੰਬ ਧਮਾਕਿਆ ਅਤੇ ਹੋਰ ਹਮਲਿਆਂ ਦੀ ਇੱਕ ਲੜੀ ਦਾ ਆਗਾਜ਼ ਕੀਤਾ।
ਕਾਬੁਲ 'ਚ ਸੰਸਦ ਭਵਨ ਅਤੇ ਕੁੰਦੁਜ਼ ਸ਼ਹਿਰ 'ਤੇ ਹਮਲਾ ਹੋਇਆ। ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ 'ਚ ਕਾਰਵਾਈ ਸ਼ੁਰੂ ਕਰ ਦਿੱਤੀ।
25 ਜਨਵਰੀ 2019 - ਮੌਤਾਂ ਦੀ ਗਿਣਤੀ ਦਾ ਐਲਾਨ
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ 2014 'ਚ ਉਨ੍ਹਾਂ ਦੇ ਆਗੂ ਬਣਨ ਤੋਂ ਬਾਅਦ ਉਨ੍ਹਾਂ ਦੇ ਦੇਸ਼ ਦੇ ਸੁਰੱਖਿਆ ਬਲਾਂ ਦੇ 45,000 ਤੋਂ ਵੀ ਵੱਧ ਫੌਜੀ ਮਾਰੇ ਗਏ ਹਨ। ਇਹ ਅੰਕੜਾ ਪਹਿਲਾਂ ਸੋਚੇ ਗਏ ਅੰਕੜਿਆਂ ਤੋਂ ਕਿਤੇ ਵੱਧ ਹੈ।
29 ਫਰਵਰੀ 2020 - ਅਮਰੀਕਾ ਨੇ ਤਾਲਿਬਾਨ ਨਾਲ ਕੀਤਾ ਸਮਝੌਤਾ
ਅਮਰੀਕਾ ਅਤੇ ਤਾਲਿਬਾਨ ਨੇ ਦੋਹਾ, ਕਤਰ ਵਿਖੇ ਅਫ਼ਗਾਨਿਸਤਾਨ 'ਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ।
ਜੇ ਦਹਿਸ਼ਤਗਰਦ ਇਸ ਸਮਝੌਤੇ ਨੂੰ ਬਰਕਰਾਰ ਰੱਖਦੇ ਹਨ ਤਾਂ ਅਮਰੀਕਾ ਅਤੇ ਨਾਟੋ ਸਹਿਯੋਗੀ 14 ਮਹੀਨਿਆਂ ਦੇ ਅੰਦਰ ਆਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਸਹਿਮਤ ਹਨ।
13 ਅਪ੍ਰੈਲ 2021 - ਵਾਪਸ ਪਰਤਨ ਦੀ ਅੰਤਿਮ ਮਿਤੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ 11 ਸਤੰਬਰ 2021 ਤੱਕ ਸਾਰੇ ਅਮਰੀਕੀ ਫੌਜੀ ਅਫ਼ਗਾਨਿਸਤਾਨ ਛੱਡ ਦੇਣਗੇ।
16 ਅਗਸਤ 2021 - ਤਾਲਿਬਾਨ ਦੀ ਸੱਤਾ 'ਚ ਵਾਪਸੀ
ਸਿਰਫ ਇੱਕ ਹੀ ਮਹੀਨੇ 'ਚ ਤਾਲਿਬਾਨ ਨੇ ਪੂਰੇ ਮੁਲਕ 'ਤੇ ਆਪਣਾ ਕਬਜ਼ਾ ਕਰ ਲਿਆ।
ਕਾਬੁਲ ਸਮੇਤ ਮੁਲਕ ਭਰ ਦੇ ਕਸਬਿਆਂ ਅਤੇ ਸ਼ਹਿਰਾਂ 'ਤੇ ਆਪਣੀ ਹਕੂਮਤ ਦਰਜ ਕੀਤੀ। ਅਫ਼ਗਾਨ ਸੁਰੱਖਿਆ ਬਲ ਤਾਲਿਬਾਨ ਦੀ ਬੜ੍ਹਤ ਅੱਗੇ ਗੋਡੇ ਟੇਕ ਗਏ।
ਇਹ ਵੀ ਪੜ੍ਹੋ: